.

ਸਿੱਖੀ ਭੇਖ ਵਿੱਚ ਪਾਖੰਡੀ ਸਾਧਾਂ ਦੇ ਵੱਗ

“ਸੰਤ ਕਾ ਨਿੰਦਕ ਮਹਾਂ ਅਤਤਾਈ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਸੰਤ ਕਾ ਨਿੰਦਕ ਮਹਾਂ ਹਤਿਆਰਾ। ਸੰਤ ਕਾ ਨਿੰਦਕ ਪ੍ਰਮੇਸਰ ਮਾਰਾ।” ਗੁ. ਗ੍ਰੰ. ਸਾ. ਪੰਨਾ - 280
ਗੁਰਬਾਣੀ ਦੀਆਂ ਉਕਤ ਤੁਕਾਂ ਅਜੋਕੇ ਅਖੌਤੀ, ਪਖੰਡੀ ਸਾਧਾਂ ਸੰਤਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਲੁੱਟਣ ਲਈ ਕਾਫੀ ਹਨ। ਗੋਲ ਪੱਗਾਂ, ਲੰਬੇ ਰੰਗ ਬਿਰੰਗੇ ਚੋਲੇ ਅਤੇ ਨੰਗੀਆਂ ਲੱਤਾਂ ਵਾਲੇ ਪਾਖੰਡੀ ਸਾਧ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦੇ ਅਰਥ ਇਉਂ ਕਰਦੇ ਹਨ ਕਿ ਦੇਖੋ ਸਾਧ ਸੰਗਤ ਜੀ ਸੰਤ ਨੂੰ ਨਿੰਦਣ ਵਾਲਾ ਮਹਾਂ ਅੱਤਤਾਈ (ਅਤਵਾਦੀ) ਹੈ, ਸੰਤ ਦੇ ਨਿੰਦਕ ਨੂੰ ਇੱਕ ਪਲ ਵੀ ਟਿਕਾਅ ਨਹੀਂ ਮਿਲਦਾ, ਸੰਤ ਨੂੰ ਨਿੰਦਣ ਵਾਲਾ ਮਹਾਂ ਹਤਿਆਰਾ (ਖੂਨ ਖਰਾਬਾ ਕਰਨ ਵਾਲਾ) ਅਤੇ ਸੰਤ ਨੂੰ ਨਿੰਦਣ ਵਾਲੇ ਨੂੰ ਪ੍ਰਮਾਤਮਾ ਬੁਰੀ ਤਰ੍ਹਾਂ ਮਾਰਦਾ ਹੈ। ਸਦਕੇ ਜਾਈਏ ਇਨ੍ਹਾਂ ਖਾਖੰਡੀ ਲੋਟੂ ਸਾਧਾਂ ਦੇ ਜੋ ਗੁਰਬਾਣੀ ਦੇ ਅਨਰਥ ਕਰਕੇ ਹੀ ਲੋਕਾਂ ਨੂੰ ਲੁੱਟ ਕੇ ਆਪਣਾ ਢਿੱਡ ਗੁਬਾਰੇ ਵਾਂਗੂੰ ਫੈਲਾਈ ਫਿਰਦੇ ਹਨ। ਗੁਰਬਾਣੀ ਵਿੱਚ ਸੰਤ ਦਾ ਅਰਥ ਗੁਰੂ, ਅਬਿਨਾਸੀ, ਨਿਰਵੈਰ, ਨਿਰਭਉ ਅਕਾਲ ਪੁਰਖ ਹੈ ਨਾ ਕਿ ਦੇਹਧਾਰੀ ਆਪੇ ਬਣੇ ਗੁਰੂ। ਦਾਸ ਦੀ ਮਨਸ਼ਾ ਕਿਸੇ ਵਿਅਕਤੀ ਵਿਸ਼ੇਸ਼ ਜਾਤੀ ਧਰਮ ਦੇ ਖਿਲਾਫ ਕੋਈ ਟਿੱਪਣੀ ਕਰਨੀ ਨਹੀਂ ਬਲਿਕ ਗੁਰਬਾਣੀ ਦੇ ਆਧਾਰ ਤੇ ਉਨ੍ਹਾਂ ਪਾਖੰਡੀ ਸਾਧਾਂ ਦੇ ਵੱਗ ਨੂੰ ਬੇਨਤੀ ਕਰਨਾ ਹੈ ਕਿ ਉਹ ਸਿੱਖੀ ਭੇਸ ਵਿੱਚ ਗੁਰਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਆਪਣੇ ਤੋਰੀ ਫੁਲਕੇ ਲਈ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਖੁਰਾਂ ਨਾਲ ਨਾ ਜੋੜਨ।
ਜਿਵੇਂ ਉਪਰ ਬੇਨਤੀ ਕੀਤੀ ਹੈ ਕਿ ਦਾਸ ਦਾ ਮਕਸਦ ਕਿਸੇ ਵਿਅਕਤੀ ਵਿਸ਼ੇਸ਼, ਜਾਤੀ, ਧਰਮ, ਸਭਾ, ਸੋਸਾਇਟੀ ਜਾਂ ਸੰਸਥਾ ਦਾ ਵਿਰੋਧ ਕਰਨਾ ਨਹੀਂ ਪਰ ਗੁਰਬਾਣੀ ਦੀ ਆੜ ਵਿੱਚ ਬਣਾਏ ਭੇਖੀ ਡੇਰੇਦਾਰਾਂ, ਸੰਪਰਦਾਵਾਂ, ਸਭਾਵਾਂ ਮੱਤ ਆਦਿ ਨੂੰ ਬੇਨਤੀ ਕਰਨਾ ਹੈ ਕਿ ਜਿਹੜੇ ਅਖੌਤੀ ਸਾਧ, ਸੰਤ, ਬਾਬੇ, ਡੇਰੇਦਾਰ, ਬ੍ਰਹਮਗਿਆਨੀ, 108 ਜਾਂ 1008 ਗੁਰਮਤਿ ਮਾਰਤੰਡ ਡਿਗਰੀ ਹੋਲਡਰ, ਬ੍ਰਹਮਲੀਨ ਤੇ ਹੋਰ ਪਤਾ ਨਹੀਂ ਕਿਹੜੇ-2 ਵਿਸ਼ੇਸ਼ਣ ਲਗਵਾਈ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇਨਸਾਨੀਅਤ ਦੀ ਲੁੱਟ ਨੂੰ ਰੋਕਣ ਦਾ ਉਪਾਅ ਮਾਤਰ ਹੈ (ਜੋ ਕਿ ਅਜੋਕੇ ਸਮੇਂ ਵਿੱਚ ਅਸੰਭਵ ਹੈ), ਜਦੋਂ ਕਿ ਉਪਰ ਦਿਤੇ ਵਿਸ਼ੇਸ਼ਣ ਧਾਰਕਾਂ ਦੇ ਸਿੱਖੀ ਭੇਸ ਵਿੱਚ ਸੱਭ ਤੋਂ ਜਿਆਦਾ ਭੇਡਾਂ ਬਕਰੀਆਂ ਵਾਂਗੂੰ ਵੱਗ ਪੰਜਾਬ ਵਿੱਚ ਹਰਲ ਹਰਲ ਕਰਦੇ ਫਿਰਦੇ ਹਨ। ਇਹ ਅਖਾਉਤੀ ਸਾਧ ਗੁਰਬਾਣੀ ਨੂੰ ਰਿੜਕ ਕੇ ਉਸ ਵਿੱਚੋਂ ਮੱਖਣ (ਸੁਖਮਨੀ) ਕੱਢ ਕੇ ਲੋਕਾਂ ਨੂੰ ਇਸ ਬਾਣੀ ਦਾ ਤੋਤਾ ਰਟਣ ਪਾਠ ਜਾਂ ਅਖੰਡਪਾਠ ਕਰਾਉਣ ਲਈ ਪ੍ਰੇਰਦੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਸੁਖਮਨੀ (ਸੁਖਾਂ ਦੀ ਮਣੀ) ਹੈ। ਇਸ ਵਿੱਚ ਦੇਖੋ ਸਾਧ ਸੰਤ ਦੀ ਕਿੰਨੀ ਉਪਮਾ ਕੀਤੀ ਹੋਈ ਹੈ। ਇਹ ਸਾਧ ਸੰਤ ਹੀ ਤੁਹਾਨੂੰ ਪ੍ਰਮਾਤਮਾ ਨਾਲ ਮੇਲ ਸਕਦੇ ਹਨ, ਤੁਹਾਨੂੰ ਮਰਨ ਜੰਮਣ ਤੋਂ ਛੁਟਕਾਰਾ ਕਰਾ ਕੇ ਅਗਾਂਹ ਭਵ ਸਾਗਰ ਤੋਂ ਪਾਰ ਲੰਘਾ ਸਕਦੇ ਹਨ (ਆਪ ਭਾਵੇਂ ਲੋਕਾਂ ਨੂੰ ਲੁੱਟ ਕੇ ਬਣਾਏ ਵੱਡੇ-ਵੱਡੇ ਡੇਰਿਆਂ ਵਿੱਚ ਹੀ ਬੀਮਾਰੀ ਨਾਲ ਮਰਨ) ਇਸੇ ਹੀ ਆੜ ਵਿੱਚ ਗੁਰਬਾਣੀ ਵਿੱਚ ਵੰਡੀਆਂ ਪਾ ਕੇ ਇੰਨ੍ਹਾਂ ਨੇ ਇਸ ਬਾਣੀ ਦੇ ਆਧਾਰ ਤੇ ਸੁਖਮਨੀ ਸਾਹਿਬ ਸੁਸਾਇਟੀਆਂ ਬਣਾਈਆਂ ਹੋਈਆਂ ਹਨ। ਮਰਨ ਜੰਮਣ ਤੇ ਘਰਾਂ, ਗੁਰਦੁਆਰਿਆਂ ਵਿੱਚ ਸੁਖਮਨੀ ਸਾਹਿਬ ਦਾ ਹੀ ਪਾਠ ਕਰਵਾਉਂਦੇ ਹਨ ਅਤੇ ਸੰਗਤ ਨੂੰ ਦਸਦੇ ਹਨ ਕਿ ਸੁਖਮਨੀ (ਸੁੱਖਾਂ ਦੀ ਮਣੀ) ਹੀ ਸਭ ਦੁੱਖਾਂ ਦੀ ਦਾਰੂ ਹੈ। ਇਸਦੇ ਪਾਠ ਨਾਲ ਹੀ ਸੁੱਖਾਂ ਦਾ ਘਰ ਬਣਦਾ ਹੈ ਕਿਉਂਕਿ ਇਸ ਵਿੱਚ ਸੰਤ (ਰੱਬ ਨੂੰ ਮਿਲਾਉਣ ਵਾਲੇ) ਦੀ ਉਪਮਾ ਕੀਤੀ ਹੋਈ ਹੈ। ਇਨ੍ਹਾਂ ਪਾਖੰਡੀਆਂ ਨੂੰ ਪੁੱਛੇ ਕਿ ਸਿਰਫ ਸੁਖਮਨੀ ਹੀ ਜੇ ਸੁੱਖਾਂ ਦੀ ਮਣੀ ਹੈ ਤਾਂ ਬਾਕੀ ਬਾਣੀ ਕੀ ਤੁਹਾਨੂੰ ਦੁੱਖ ਪਹੁੰਚਾਉਂਦੀ ਹੈ? ਇਹ ਆਸਾ ਦੀ ਵਾਰ ਜਿਸ ਵਿੱਚ ਇਨ੍ਹਾਂ ਪਾਖੰਡੀਆਂ ਦੇ ਖਿਲਾਫ ਵਰਣਨ ਮਿਲਦਾ ਹੈ, ਦਾ ਪਾਠ ਕਿਉਂ ਨਹੀਂ ਕਰਵਾਉਂਦੇ। ਇਹ ਭੁੱਲ ਜਾਂਦੇ ਹਨ ਕਿ ਗੁਰਬਾਣੀ ਫਰਮਾਉਂਦੀ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ,
ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ। ਗੁ. ਗ੍ਰੰ. ਸਾ. - 982
ਅਰਥਾਤ ਗੁਰਬਾਣੀ ਹੀ ਗੁਰੂ ਹੈ ਨਾ ਕਿ ਇਹ ਦੇਹਧਾਰੀ ਪਾਖੰਡੀ ਸਾਧ ਬਾਬੇ। ਇਨ੍ਹਾਂ ਬਾਬਿਆਂ ਦੇ ਗਲਤ ਪ੍ਰਚਾਰ ਵਿੱਚ ਫੱਸਕੇ ਅੱਜ ਸਿੱਖ ਖਾਸ ਕਰਕੇ ਸਿੱਖ ਬੀਬੀਆਂ ਵਲੋਂ ਸੁਖਮਨੀ ਸੁਸਾਇਟੀ ਬਣਾ ਕੇ ਗੁਰਦੁਆਰਿਆਂ ਵਿੱਚ ਘਟੋ-ਘੱਟ ਐਤਵਾਰ ਨੂੰ ਸਿਰਫ ਸੁਖਮਨੀ ਦਾ ਗਾਇਨ ਕੀਤਾ ਜਾਂਦਾ ਹੈ ਅਤੇ ਬੀਬੀਆਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਹੈ। ਇਹ ਗਾਤਰੇਧਾਰੀ ਬੀਬੀਆਂ ਜੋ ਐਤਵਾਰ ਨੂੰ ਤਾਂ ਸੁਖਮਨੀ ਦਾ ਗਾਇਨ ਕਰਦੀਆਂ ਹਨ ਕਈ ਵਾਰੀ ਇੰਨ੍ਹਾਂ ਤੇਜ਼ ਕਰਦੀਆਂ ਹਨ ਕਿ ਸਮਝ ਹੀ ਨਹੀਂ ਲੱਗਦੀ। ਸ਼ਨੀਵਾਰ ਨੂੰ ਗੁਰਦੁਆਰੇ ਵਿੱਚ ਸ਼ਨੀ ਗ੍ਰਹਿ ਦਾ ਛੋਲਿਆਂ ਦਾ ਪ੍ਰਸ਼ਾਦ ਚੜ੍ਹਾਉਂਦੀਆਂ ਅਤੇ ਵੰਢਦੀਆਂ ਹਨ, ਸ਼ਾਮ ਨੂੰ ਦੀਵਾ ਵੀ ਜੋਤ ਵਜੋਂ ਜਗਾਉਂਦੀਆਂ ਹਨ। ਵੀਰਵਾਰ ਨੂੰ ਹਰੀਆਂ ਚਾਦਰਾਂ ਵਾਲੇ ਮਜ਼ਾਰਾਂ ਉਪਰ ਬਲਦੇ ਚਿਰਾਗਾਂ ਵਿੱਚ ਤੇਲ ਪਾਉਂਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ ਜਾਂ ਹਨੂੰਮਾਨ ਦੇ ਮੰਦਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਦੀਆਂ ਹਨ।
ਆਪਣੇ ਆਪ ਨੂੰ ਸਿੱਖ ਪ੍ਰਚਾਰਕ ਕਹਾਉਣ ਵਾਲੇ ਇਨ੍ਹਾਂ ਅਖਾਉਤੀ ਸਾਧਾਂ ਸੰਤਾਂ ਦੇ ਕਾਰਨਾਮੇ ਅਰਥਾਤ ਕਾਲੀਆਂ ਕਰਤੂਤਾਂ ਹਰ ਰੋਜ਼ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦੀਆਂ ਸੁਰਖੀਆਂ ਵਿੱਚ ਰਹਿੰਦੀਆਂ ਹਨ। ਕੋਈ ਕਿਸੇ ਦੀ ਨਿਜੀ ਜਾਇਦਾਦ ਉਪਰ ਕਬਜਾ ਕਰਨਾ, ਕਬੂਤਰਬਾਜੀ, ਬਲਾਤਕਾਰ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਈ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਜੇ ਕੋਈ ਇਨ੍ਹਾਂ ਵਿਹਲੜ ਅਤੇ ਅਨਪੜ੍ਹ ਸਾਧਾਂ ਦੇ ਕਾਲੇ ਕਾਰਨਾਮੇ ਜੱਗ ਜਾਹਿਰ ਕਰਦਾ ਹੈ ਤਾਂ ਇਹ ਸਾਧ ਰੋਸ ਨਾ ਕੀਜੈ ਉਤਰ ਦੀਜੈ ਦੀ ਬਜਾਏ ਉਸਨੂੰ ਆਪਣਾ ਦੁਸ਼ਮਣ ਸਮਝ ਕੇ ਧਮਕੀਆਂ ਦਿੰਦੇ ਹਨ ਅਜਿਹਾ ਹੀ ਇੱਕ ਪੰਜਾਬੀ ਗਾਇਕ ਨੇ ਪੰਜਾਬ ਦੇ ਮਾਡਰਨ ਸਾਧ ਸਿਸਟਮ ਤੇ ਕਰਾਰੀ ਚੋਟ ਕਰਦਿਆਂ ਇੱਕ ਗੀਤ ਗਾਇਆ ਜਿਸ ਦੇ ਬੋਲ ਹਨ - “ਇੱਕ ਬਾਬਾ ਨਾਨਕ ਸੀ, ਬਈ ਜਿਹਨੇ ਤੁਰ ਕੇ ਦੁਨੀਆ ਗਾਹਤੀ। ਅੱਜਕਲ੍ਹ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।” ਬਸ ਫਿਰ ਕੀ ਸੀ। ਬੱਤੀ ਵਾਲੀ ਗੱਡੀ ਦੇ ਮਾਲਕ ਨਕਲੀ ਸਾਧ ਨੂੰ ਕੌੜਾ ਸੱਚ ਹਜ਼ਮ ਨਾ ਹੋਇਆ ਤੇ ਉਸਨੇ ਝੱਟ ਕਹਿ ਦਿਤਾ ਕਿ ਇਹ ਘੋਨ ਮੋਨ ਬੰਦਾ ਸਾਡੀ ਸਿੱਖੀ ਦੇ ਪ੍ਰਚਾਰ ਵਿੱਚ ਬੋਲਣ ਵਾਲਾ ਹੁੰਦਾ ਕੌਣ ਹੈ। ਇਹ ਆਪ ਸਿੰਘ ਸਜੇ ਤੇ ਮੇਰੇ ਕੋਲ ਜਿੰਨੀਆਂ ਗੱਡੀਆਂ ਹਨ ਮੈਂ ਸਾਰੀਆਂ ਉਸਨੂੰ ਦੇਵਾਂਗਾ ਤੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰਬਾਣੀ ਦਾ ਪ੍ਰਚਾਰ ਕਰੇ ਅੰਮ੍ਰਿਤਧਾਰੀ ਬਣੇ। ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਜੀਹਦੇ ਵਿੱਚ ਛੱਤੀ ਸੌ ਛੇਕ। ਮੈਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਪਰ ਇਹ ਗਾਇਕ ਨੌਜ਼ਵਾਨਾਂ ਨੂੰ ਸਭਿਆਚਾਰ ਦੇ ਨਾਂ ਤੇ ਗੁਮਰਾਹ ਕਰ ਰਿਹਾ ਹੈ। ਇਸ ਸਾਧ ਦੇ ਪੱਖ ਵਿੱਚ, ਇੱਕ ਢਾਡੀ ਜੋ ਆਪਣੇ ਆਪ ਨੂੰ ਗੁਰਬਾਣੀ ਦਾ ਵੱਡਾ ਪ੍ਰਚਾਰਕ ਸਮਝਦਾ ਹੈ, ਆ ਨਿਤਰਿਆ ਤੇ ਕਹਿਣ ਲੱਗਾ ਕਿ ਉਸ ਗੀਤ ਦੀ ਸ਼ਬਦਾਵਲੀ ਗਲਤ ਹੈ ਉਸਨੇ ਸਾਰਿਆਂ ਨੂੰ ਇੱਕ ਰੱਸੇ ਬੰਨ ਦਿੱਤਾ ਹੈ। ਗੀਤ ਮੁਤਾਬਕ ਇੱਕ ਬਾਬਾ ਨਾਨਕ ਸੀ (ਹੁੰਦਾ ਸੀ) ਪਰ ਬਾਬਾ ਨਾਨਕ ਤਾਂ ਅੱਜ ਵੀ ਹੈ ਤੇ ਉਹ ਸਰਬਵਿਆਪਕ ਹੈ। ਦੂਜੀ ਗੱਲ ਜੋ ਉਸ ਢਾਡੀ ਨੇ ਕਹੀ ਕਿ ਗਾਹਤੀ ਸ਼ਬਦ ਦਾ ਅਰਥ ਹੈ ਪੁਰਾਣੇ ਸਮੇਂ ਵਿੱਚ ਕਣਕ ਵੱਡ ਕੇ ਉਸਨੂੰ ਪਸ਼ੂਆਂ ਨਾਲ ਗਾਹਿਆ ਜਾਂਦਾ ਸੀ ਤੇ ਦਾਣੇ ਕੱਢੇ ਜਾਂਦੇ ਸਨ। ਮੇਰੇ ਮੁਤਾਬਿਕ ਉਸ ਗਾਇਕ ਨੇ ਮਾਡਰਨ ਵਿਗੜੇ ਸਾਧਾਂ ਦੇ ਸਿਸਟਮ ਤੇ ਕਰਾਰੀ ਚੋਟ ਮਾਰੀ ਹੈ। ਜਿਸਨੂੰ ਸੁਧਾਰਨ ਦੀ ਲੋੜ ਹੈ। ਸਾਧਾਂ ਦੇ ਅਜਿਹੇ ਸਿਸਟਮ ਨੇ ਸਿੱਖੀ ਦਾ ਜਿੰਨਾ ਰੱਜ ਕੇ ਘਾਣ ਕੀਤਾ ਹੈ ਸ਼ਾਇਦ ਬ੍ਰਾਹਮਣਵਾਦ ਨੇ ਵੀ ਨਹੀਂ ਕੀਤਾ। ਪਹਿਲੀ ਗੱਲ ਉਸ ਬੱਤੀ ਵਾਲੀ ਗੱਡੀ ਦੇ ਮਾਲਕ ਸਾਧ ਬਾਬਤ ਹੀ ਕਰਦੇ ਹਾਂ ਕਿ ਗਾਇਕ ਨੂੰ ਆਪ ਅਮ੍ਰਿਤ ਛੱਕ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਮੈਂ ਲੱਖਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾ ਚੁਕਾ ਹਾਂ ਤੇ ਗੁਰੂ ਮਾਨਿਓ ਗ੍ਰੰਥ ਦਾ ਉਪਦੇਸ਼ ਦੇ ਕੇ ਗੁਰੂ ਗ੍ਰੰਥ ਦੇ ਲੜ ਲਾਇਆ ਹੈ। ਜਿਥੋਂ ਤੱਕ ਅਮ੍ਰਿਤ ਛੱਕਣ ਦੀ ਗੱਲ ਹੈ ਇਨ੍ਹਾਂ ਦੋਹਾਂ ਪ੍ਰਚਾਰਕਾਂ-ਸਾਧ ਅਤੇ ਢਾਡੀ ਨੇ ਅੰਮ੍ਰਿਤ ਛਕਿਆ ਹੋਇਆ ਹੈ। ਸਿੱਖੀ ਬਾਣੇ ਵਿੱਚ ਦੋਵੇਂ ਹੀ ਹਨ। ਚੋਲੇ ਵੀ ਪਾਏ ਹਨ, ਗਾਤਰੇ ਵੀ ਪਾਏ ਹਨ ਪਰ ਆਪਣੀਆਂ ਪੱਗਾਂ ਅਤੇ ਬਾਹਾਂ ਵਿੱਚ ਕੀਮਤੀ ਮਾਲਾਂ ਪਹਿਨੀਆਂ ਹੋਈਆਂ ਹਨ। ਇਨ੍ਹਾਂ ਨੂੰ ਪੁਛਿਆ ਜਾ ਸਕਦਾ ਹੈ ਕਿ ਮਾਲਾ ਪਾਉਣੀ (ਬ੍ਰਾਹਮਣੀ ਕਰਮਕਾਂਡ) ਗੁਰੂ ਗ੍ਰੰਥ ਸਾਹਿਬ ਦੇ ਕਿਸ ਪੰਨੇ ਉਤੇ ਲਿਖਿਆ ਹੋਇਆ ਹੈ? ਇਨ੍ਹਾਂ ਦੋਹਾਂ ਨੂੰ ਨਾਨਕ ਪਾਤਸ਼ਾਹ ਸਾਹਿਬ ਦੇ ਫੁਰਮਾਨ ਕਿ
ਗਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨ ਤਗ॥
ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸਿ ਕੇ ਠਗ॥ ਗੁ. ਗ੍ਰੰ. ਸਾ. ਪੰਨਾ - 476
ਵੱਲ ਧਿਆਨ ਦਿੱਤਾ ਹੈ ਜਾਂ ਇਸ ਦੇ ਅਰਥ ਕਰਕੇ ਲੋਕਾਂ ਨੂੰ ਸੁਣਾਏ ਹਨ ਕਿ ਗੁਰਬਾਣੀ ਕਿਵੇਂ ਮਾਲਾਧਾਰੀਆਂ ਨੂੰ ਸੰਤ ਨਹੀਂ ਬਲਕਿ ਬਾਨਾਰਸ ਦੇ ਠੱਗ ਦਸਦੀ ਹੈ। ਫਿਰ ਇਹ ਸਾਧ ਕਿਹੜੀ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਸੰਪਾਦਿਤ ਹੈ। ਇਹ ਸਾਧ ਆਪਣੇ ਕੀਰਤਨ ਦਰਬਾਰ ਵਿੱਚ ਕਦੇ ਵੀ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕਰਦਾ ਨਹੀਂ ਸੁਣਿਆ ਕਿਉਂਕਿ ਰਾਗ ਤਾਂ ਇਸਨੇ ਸਿਖਿਆ ਹੀ ਨਹੀਂ। ਇਹ ਵੀ ਪੰਜਾਬੀ ਗਾਇਕਾਂ ਵਾਗੂੰ ਆਪਣੇ ਹੀ ਬਣਾਏ ਗੁਰਬਾਣੀ ਤੋਂ ਬਾਹਰਲੇ ਗੀਤ ਗਾ ਕੇ ਹੀ ਆਪਣਾ ਤੋਰੀ ਫੁਲਕਾ ਤੋਰ ਰਿਹਾ ਹੈ। ਬਾਬੇ ਨਾਨਕ ਨੇ ਤਾਂ ਮਰਦਾਨੇ ਦੀ ਰਬਾਬ ਨਾਲ ਹੀ ਗੁਰਬਾਣੀ ਦਾ ਕੀਰਤਨ ਕਰਕੇ ਭੁਲੇ ਭਟਕੇ ਲੋਕਾਂ ਨੂੰ ਇੱਕ ਰਬ ਦਾ ਰਾਹ ਦੱਸਿਆ ਤੇ ਰਬ ਨਾਲ ਜੋੜਿਆ। ਉਸ ਦੇ ਕੋਲ ਹੋਰ ਕੋਈ ਸਾਜ ਹੀ ਨਹੀਂ ਸੀ। ਪਰ ਇਸ ਬਾਬੇ ਨੇ 25-26 ਢੋਲਕ ਅਤੇ ਚਿਮਟੇ ਕੁੱਟਣ ਵਾਲੇ ਬੰਦੇ ਰਖੇ ਹੋਏ ਹਨ ਜੋ ਸਿਰਾਂ ਉਪਰ ਦੀ ਚਿਮਟੇ ਉਲਾਰ ਉਲਾਰ ਕੇ ਪੰਜਾਬੀ ਗੀਤਾਂ ਦਾ ਚੰਗਾ ਖੌਰੂ ਪਾਉਂਦੇ ਹਨ। ਜਿਵੇਂ ਸਕੂਲਵਿੱਚ ਸਵੇਰ ਦੇ ਟਾਇਮ ਪੀ. ਟੀ. ਮਾਸਟਰ ਲਾਈਨਾਂ ਬਣਾ ਕੇ ਪੀ. ਟੀ. ਕਰਾਉਂਦਾ ਹੈ ਤੇ ਆਪ ਸੰਤ ਬਾਬਾ ਖੁਦ ਕੱਚ ਘਰੜ ਕਹਾਣੀਆਂ ਜੋ ਕਿ ਆਮ ਤੌਰ ਤੇ ਪੰਜਵੀਂ ਕਲਾਸ ਦੀਆਂ ਕਿਤਾਬਾਂ ਵਿੱਚ ਲਿਖੀਆਂ ਆਮ ਮਿਲਦੀਆਂ ਹਨ, ਸੁਣਾ ਕੇ ਟਾਈਮ ਪਾਸ ਕਰਦਾ ਹੈ। ਇਸ ਦੀਆਂ ਗੁਰਬਾਣੀ ਤੋਂ ਬਾਹਰ ਆਪੇ ਬਣਾਈਆਂ ਧੁਨਾਂ ਜਿਵੇਂ:
“ਮਾਵਾਂ ਜਗ ਉਤੇ ਦੇਖੀਆਂ ਬਥੇਰੀਆਂ, ਲਭਣੀ ਨਹੀਂ ਮਾਂ ਗੁਜਰੀ” ਅਤੇ “ਰੂਹਾਂ ਕਿੱਥੇ ਵਸਦੀਆਂ ਜੋ ਰਬ ਦਾ ਰਸਤਾ ਦਸਦੀਆਂ” ਅਤੇ ਹੋਰ ਬੇਅੰਤ ਧਾਰਨਾਵਾਂ ਹਨ ਜਾਂ ਇਨ੍ਹਾਂ ਸਾਧਾਂ ਦੇ ਚੇਲੇ ਧਾਰਮਿਕ ਦੀਵਾਨ ਵਿੱਚ ਆਮ ਗਾਉਂਦੇ ਹਨ ਕਿ “ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆ ਜਾਉ ਜਿਹਨੇ ਪਾਰ ਲੰਘਣਾ”। ਇਨ੍ਹਾਂ ਮੁਤਾਬਕ ਗੁਰੂ ਇੰਜ਼ੀਨੀਅਰ ਸਨ ਜਿਨ੍ਹਾਂ ਨੇ ਪਾਰ ਲੰਘਾਉਣ ਲਈ ਜਹਾਜ਼ ਬਣਾਇਆ ਹੈ। ਆਪ ਗੁਰੂ ਇੱਥੇ ਹੀ ਬੈਠਾ ਫੁਲਕੇ ਛੱਕ ਰਿਹਾ ਹੈ। ਕੀ ਇਹ ਸਾਧ ਆਪ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਿਆ ਹੈ? ਇਸਨੇ ਆਪਣੇ ਜਨਮ ਦਿਨ ਤੇ ਗੁਰੂ ਗੋਬਿੰਦ ਸਿੰਘ ਵਾਂਗੂੰ ਕਲਗੀ ਸਜਾ ਕੇ ਜਨਮ ਦਿਨ ਮਨਾਇਆ। ਬੱਚੇ, ਬੀਬੀਆਂ ਅਤੇ ਬੁਢਿਆਂ, ਅੰਮ੍ਰਿਤਧਾਰੀਆਂ ਤੋਂ ਸੋਨੇ ਦੇ ਗਹਿਣਿਆਂ ਦੇ ਤੋਹਫੇ ਲੈ ਕੇ ਪੈਰਾਂ ਤੇ ਮੱਥੇ ਟਿਕਵਾਏ ਅਤੇ ਬੀਬੀਆਂ ਨੂੰ ਅਸ਼ੀਰਵਾਦ ਵੀ ਦਿੱਤੇ। ਸਬੂਤ ਲਈ ਸੀ. ਡੀ. ਉਪਲਬਧ ਹੈ। ਕੀ ਇਹ ਸਿੱਖ ਦਾ ਕੰਮ ਹੈ? ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ -
ਕੂੜਿ ਰਾਜਾ ਕੂੜਿ ਪਰਜਾ ਕੂੜਿ ਸਭ ਸੰਸਾਰ। ਕੂੜਿ ਮੰਡਪ ਕੂੜਿ ਮਾੜੀ ਕੂੜਿ ਬੈਸਣਹਾਰ।
ਕੂੜਿ ਸੋਇਨਾ ਕੂੜਿ ਰੁਪਾ ਕੂੜਿ ਪੈਨਣਹਾਰ। ਕੂੜਿ ਕਾਇਆ ਕੂੜਿ ਕੱਪੜ ਕੂੜਿ ਰੂਪ ਅਪਾਰ। ਪੰ: - 468
ਇਸ ਤੋਂ ਵੀ ਜਿਆਦਾ ਨਿੰਦਣਯੋਗ ਇਹ ਹੈ ਕਿ ਗੁਰਬਾਣੀ ਨੂੰ ਛੱਡ ਕੇ ਜੋ ਕੱਚੀ ਬਾਣੀ ਲੋਕਾਂ ਨੂੰ ਸੁਣਾਉਂਦਾ ਹੈ ਉਹ ਕਿੰਨਾ ਕੁ ਗੁਰੂ ਵਾਲਾ ਹੈ। ਕਿਉਂਕਿ ਗੁਰਬਾਣੀ ਫੁਰਮਾਉਂਦੀ ਹੈ -
ਸਤਿਗੁਰ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤਾਂ ਕੱਚੀ ਸਤਿਗੁਰ ਬਾਝਹੁ ਹੋਰ ਕੱਚੀ ਬਾਣੀ।
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਿਖਾਣੀ॥ ਗੁ. ਗ੍ਰੰ. ਸਾ. ਪੰ: - 917
ਜੇ ਇਹ ਕੱਚੀ ਬਾਣੀ ਗਾਉਂਦੇ ਹਨ ਤਾਂ ਇਹ ਗੁਰੂ ਦੇ ਸਿੱਖ ਨਹੀਂ। ਕਿਉਂਕਿ ਕਹਿਣ ਵਾਲੇ ਅਤੇ ਸੁਣਨ ਵਾਲੇ ਸਾਰੇ ਕੱਚੇ ਹਨ। ਪੱਕੇ ਸਿੱਖ ਨਹੀਂ।
ਇਸ ਬਾਬੇ ਦੇ ਹੱਕ ਵਿੱਚ ਨਿਤਰੇ ਦੂਜੇ ਢਾਡੀ ਦੀ ਗੱਲ ਕਰਦੇ ਹਾਂ ਜੋ ਕਹਿੰਦਾ ਹੈ ਕਿ ਗੀਤ ਦੀ ਸ਼ਬਦਾਵਲੀ ਇਤਰਾਜ਼ਯੋਗ ਹੈ। ਦਾਸ ਦੇ ਮੁਤਾਬਕ ਗੀਤ ਦੇ ਸ਼ਬਦੀ ਅਰਥਾਂ ਨੂੰ ਛੱਡ ਕੇ ਉਸਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ ਕਿ ਬਾਬੇ ਨਾਨਕ ਨੇ ਪੈਦਲ ਤੁਰ ਕੇ ਹੀ ਸਾਰੀ ਦੁਨੀਆਂ ਦਾ ਭ੍ਰਮਣ ਕੀਤਾ। ਉਸ ਵੇਲੇ ਤਾਂ ਘੋੜੇ, ਬਗੀਆਂ, ਹਾਥੀ ਅਤੇ ਹੋਰ ਅਨੇਕਾਂ ਯਾਤਰਾ ਦੇ ਸਾਧਨ ਸਨ। ਪਰ ਬਾਬੇ ਨਾਨਕ ਨੇ ਸਾਦਗੀ ਦਾ ਸਬੂਤ ਦੇ ਕੇ ਪੈਦਲ ਤੁਰ ਕੇ ਹੀ ਦੁਨੀਆਂ ਦਾ ਭ੍ਰਮਣ ਕੀਤਾ। ਦੂਜਾ ਉਸ ਢਾਡੀ ਨੇ ਕਿਹਾ ਕਿ ਗੀਤ ਮੁਤਾਬਕ ਬਾਬਾ ਨਾਨਕ ਸੀ (ਹੁੰਦਾ ਸੀ)। ਪਰ ਉਹ ਹੁਣ ਵੀ ਹੈ ਤੇ ਸਰਬ ਵਿਆਪਕ ਹੈ। ਪਰ ਇਹੀ ਢਾਡੀ ਜਦ ਗਾਉਂਦੇ ਹਨ ਕਿ ਫਲਾਨੇ ਮਹਾਂਪੁਰਸ਼ ਨੇ ਇਉਂ ਕਿਹਾ ਪਰ ਇਹ ਉਸਨੂੰ ਹੁਣ ਵੀ ਹਾਜ਼ਰ ਜਾਣ ਕੇ ਇਉਂ ਕਿਓ ਨਹੀਂ ਕਹਿੰਦੇ ਕਿ ਬਾਬਾ ਨਾਨਕ ਜਾਂ ਹੋਰ ਗੁਰੂ ਮਹਾਂਪੁਰਸ਼ ਇੱਥੇ ਹੁਣ ਕਹਿ ਰਹੇ ਹਨ। ਮੇਰਾ ਖਿਆਲ ਹੈ ਕਿ ਉਸ ਢਾਡੀ ਨੂੰ ਇਨ੍ਹਾਂ ਗੱਲਾਂ ਦਾ ਜਬਾਬ ਮਿਲ ਗਿਆ ਹੋਵੇਗਾ। ਮੇਰੀ ਬੇਨਤੀ ਹੈ ਕਿ ਇਹ ਅੱਜਕਲ੍ਹ ਦੇ ਪ੍ਰਚਾਰਕ ਗੁਰਬਾਣੀ ਦੇ ਸ਼ਬਦੀ ਅਰਥ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਦੇ ਇਹ ਅੱਧਪੜ੍ਹ ਢਾਡੀ ਅਤੇ ਅਖੌਤੀ ਸੰਤ ਬਾਬੇ ਕੀ ਅਰਥ ਕਰਨਗੇ?
ਅਜੁ ਨਾ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ।
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥ ਗੁ. ਗ੍ਰੰ. ਸਾ. ਪੰਨਾ - 1379
ਕਾਲੀ ਕੋਇਲ ਤੂ ਕਿਤ ਗੁਨ ਕਾਲੀ। ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥ ਗੁ. ਗ੍ਰੰ. ਸਾ. ਪੰਨਾ - 794
ਜਾਂ ਜੈਸੀ ਮੈਂ ਆਵਹਿ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਗੁ. ਗ੍ਰੰ. ਸਾ. ਪੰਨਾ - 722
ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦੇ ਸ਼ਬਦੀ ਅਤੇ ਭਾਵਨਾਤਮਕ ਅਰਥਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ।
ਇਹੀ ਢਾਡੀ ਗੀਤ ਗਾਉਂਦਾ ਹੈ:-
ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥
ਅਤੇ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਇ।
ਇਨ੍ਹਾਂ ਗੀਤਾਂ ਨੂੰ ਕਿਲ੍ਹ ਕਿਲ੍ਹ ਕੇ ਗਾਉਣ ਵਾਲਾ ਢਾਡੀ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨੇ ਤੇ ਦਰਜ਼ ਹੈ ਤਾਂ ਜੋ ਸੰਗਤਾਂ ਨੂੰ ਇਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਦਾ ਸਹੀ ਪਤਾ ਲੱਗ ਸਕੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸੱਚ ਨੂੰ ਹਜ਼ਮ ਕਰਨਾ ਚਾਹੀਦਾ ਹੈ ਅਤੇ “ਰੋਸ ਨਾ ਕੀਜੈ ਉਤਰ ਦੀਜੈ” ਮੁਤਾਬਿਕ ਗੀਤਾਂ ਅਤੇ ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਨਕਾਰ ਕੇ ਉਸਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਸਿਖੀ ਦੀ ਬੇੜੀ ਨੂੰ ਹੋਰ ਡੂੰਘਾ ਡੁਬਣ ਤੋਂ ਬਚਾਇਆ ਜਾ ਸਕੇ।
ਅਜਿਹੀ ਹੀ ਇੱਕ ਹੋਰ ਦੁੱਖਦਾਈ ਘਟਨਾ ਸਾਹਮਣੇ ਆਈ ਜੋ ਕਿ ਸ਼ਾਇਦ 14 ਅਕਤੂਬਰ 2009 ਦੀ ਹੈ। ਉਸ ਦਿਨ ਕੁਦਰਤੀ ਹੀ ਟੀ. ਵੀ. ਆਨ ਕੀਤਾ ਤਾਂ ਸਾਹਮਣੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਵੱਡੀ ਸਾਰੀ ਸਟੇਜ ਲਗੀ ਹੋਈ ਸੀ। ਸਟੇਜ ਦੇ ਪਿਛਲੇ ਪਾਸੇ ਇੱਕ ਵੱਡਾ ਸਾਰਾ ਪੋਸਟਰ ਲੱਗਾ ਹੋਇਆ ਸੀ। ਜਿਸ ਵਿੱਚ ਇੱਕ ਦਾਹੜੀ ਕਟੇ ਬਾਬੇ ਦੀ ਫੋਟੋ, ਜਿਸਦਾ ਨਾਂ ਸ਼ਾਇਦ ਟੀ. ਵੀ. ਸਕਰੀਨ ਦੇ ਹੇਠਾਂ ਚਲ ਰਹੀ ਲਾਈਨ ਮੁਤਾਬਕ “ਤੁਸੀਂ ਵੇਖ ਰਹੇ ਹੋ ਸ਼੍ਰੀਮਾਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਰਾਜ ਘੁੰਮਣਾ ਵਾਲੇ ਦੀ ਬਰਸੀ ਸੰਬੰਧੀ ਪ੍ਰੋਗਰਾਮ,” ਹਜ਼ਾਰਾ ਸਿੰਘ ਸੀ। ਮੁਆਫ ਕਰਨਾ ਉਸ ਦਾਹੜੀ ਕਟੇ ਬਾਬੇ ਨੂੰ ਪੂਰਨ ਬ੍ਰਹਮ ਗਿਆਨੀ ਸਿੱਧ ਕਰਨ ਲਈ ਸਿੱਖਾਂ ਦੇ ਸਰਬਉਚ ਤੱਖਤਾਂ ਦੇ ਜੱਥੇਦਾਰ ਸਿੰਘ ਸਹਿਬਾਨ - ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖਤ, ਗਿਆਨੀ ਜਸਵਿੰਦਰ ਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ, ਗਿਆਨੀ ਤਰਲੋਚਨ ਸਿੰਘ ਜੀ ਤਖਤ ਕੇਸਗੜ੍ਹ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਤਖਤ ਪਟਨਾ ਸਾਹਿਬ, ਮੀਤ ਜੱਥੇਦਾਰ ਗਿਆਨੀ ਜੋਤ ਇੰਦਰ ਸਿੰਘ ਜੀ ਤਖਤ ਹਜ਼ੂਰ ਸਾਹਿਬ, ਪਹੁੰਚੇ ਹੋਏ ਸਨ। ਇਨ੍ਹਾਂ ਸਾਰਿਆਂ ਨੇ ਹੀ ਹਜ਼ਾਰਾ ਸਿੰਘ ਨੂੰ ਬ੍ਰਹਮਗਿਆਨੀ ਕਹਿਣ ਵਿੱਚ ਵੱਡਾ ਮਾਣ ਸਮਝਿਆ ਅਤੇ ਉਥੋਂ ਦੇ ਗੱਦੀ ਨਸ਼ੀਨ ਤੋਂ ਦਾਹੜੀ ਕੱਟੇ ਬਾਬੇ ਦੀ ਫੋਟੋ ਵਾਲਾ ਫੱਟਾ (ਮੋਮੈਂਟੋ) ਅਤੇ ਸਿਰਾਪਾਉ ਲੈਂਦਿਆਂ ਰਤਾ ਝਿਜਕ ਨਾ ਕੀਤੀ। ਇਨ੍ਹਾਂ ਸਭ ਜੱਥੇਦਾਰਾਂ ਨੇ ਕਿਹਾ ਕਿ ਬ੍ਰਹਮਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਸਦਾ ਹੀ ਅਕਾਲ ਤੱਖਤ ਦੀ ਰਹਿਤ ਮਰਿਆਦਾ ਦਾ ਪਾਲਣ ਕਰਦੇ ਹਨ। ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਅਤੇ ਅੰਮ੍ਰਿਤ ਛਕਣ ਲਈ ਪ੍ਰੇਰਦੇ ਰਹੇ। ਨਿਮਰਤਾ ਸਹਿਤ ਦਾਸ ਬੇਨਤੀ ਕਰਦਾ ਹੈ ਕਿ ਬਾਬਾ ਹਜ਼ਾਰਾ ਸਿੰਘ ਨੇ ਸਾਰੀ ਉਮਰ ਆਪ ਅੰਮ੍ਰਿਤ ਨਹੀਂ ਛਕਿਆ। ਉਸਦਾ ਪੁਤਰ ਅਤੇ ਪੋਤਾ ਜਿਸਨੇ ਦਾੜੀ ਕੋਟੀ ਹੋਈ ਸੀ ਲੋਕਾਂ ਨੂੰ ਅਮ੍ਰਿਤ ਛਕਣ ਲਈ ਕਹਿ ਰਹੇ ਸਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰਦੇ ਸਨ, ਪਰ ਆਪ ਦੋਵੇਂ ਅੰਮ੍ਰਿਤਧਾਰੀ ਨਹੀਂ ਸਨ ਅਤੇ ਹਜ਼ਾਰਾ ਸਿੰਘ ਨੂੰ ਵੀ ਬ੍ਰਹਮਗਿਆਨੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਹੇ ਸਨ। ਕਿਉਂਕਿ ਉਹ ਤਾਂ ਇਹ ਵੀ ਭੁਲ ਗਏ ਸਨ ਕਿ ਗੁਰਬਾਣੀ ਫਰਮਾਉਂਦੀ ਹੈ -
“ਬ੍ਰਹਮ ਗਿਆਨੀ ਸਭ ਸ੍ਰਿਸ਼ਟਿ ਕਾ ਕਰਤਾ। ਬ੍ਰਹਮਗਿਆਨੀ ਸਦ ਜੀਵੈ ਨਹੀਂ ਮਰਤਾ॥”
ਅਤੇ “ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ। ਨਾਨਕ ਬ੍ਰਹਮ ਗਿਆਨੀ ਆਪ ਪ੍ਰਮੇਸੁਰ॥”ਗੁ. ਗ੍ਰੰ. ਸਾ. ਪੰਨਾ - 273
ਇਹ ਅਖਾਉਤੀ ਬ੍ਰਹਮ ਗਿਆਨੀ ਸਾਧ ਸੰਤ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ
ਪਰਮੇਸ਼ਰ ਦੇ ਭੁਲਿਆਂ ਵਿਆਪਣ ਸਭੈ ਰੋਗ। ਗੁ. ਗ੍ਰੰ. ਸਾ. ਪੰਨਾ - 135
ਇਸਦੇ ਨਾਲ ਹੀ ਲੋਕਾਂ ਨੂੰ ਸਾਦਗੀ ਵਿੱਚ ਰਹਿਣ ਲਈ ਆਖਦੇ ਹਨ। ਬਾਬੇ ਨਾਨਕ ਦਾ ਨਾਅਰਾ “ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ” ਸੰਘ ਪਾੜ ਪਾੜ ਕੇ ਰਟਾਉਂਦੇ ਹਨ ਪਰ ਆਪ ਇਸ ਤੇ ਅਮਲ ਇਉਂ ਕਰਦੇ ਹਨ। ਪਹਿਲਾ ਕ੍ਰਿਤ ਕਰੋ ਅਨੁਸਾਰ ਇਹ ਲੋਕਾਂ ਨੂੰ ਕ੍ਰਿਤ ਕਰਨ ਲਈ ਆਖਦੇ ਹਨ ਪਰ ਆਪ ਵਿਹਲੜ ਉਨ੍ਹਾਂ ਦੀ ਕ੍ਰਿਤ ਕਮਾਈ ਖਾ-ਖਾ ਕੇ ਗੁਬਾਰੇ ਵਾਂਗੂੰ ਪੇਟ ਫੁਲਾਈ ਫਿਰਦੇ ਹਨ। ਦੂਸਰਾ ਨਾਮ ਜਪੋ ਅਨੁਸਾਰ ਆਪਣੇ ਵਲੋਂ ਦਾਨ ਕੀਤਾ (ਨਾਮ ਦਾਨ) ਨਾਮ ਅਜਿਹਾ ਜਪਣ ਲਈ ਕਹਿੰਦੇ ਹਨ। ਕਈਆਂ ਤੋਂ ਮੈਂ ਆਪ ਸੁਣਿਆ ਕਿ ਫਲਾਣੇ ਸੰਤ ਬਾਬਾ ਮਹਾਰਾਜ ਤੋਂ ਨਾਮ ਦਾਨ ਲਿਆ ਹੋਇਆ ਹੈ। ਉਸ ਦਾ ਹੀ ਜਾਪ ਕਰੀਦਾ ਹੈ। ਇਸ ਨਾਲ ਹੀ ਅਸੀਂ ਭਵ ਸਾਗਰ ਤੋਂ ਤਰ ਜਾਣਾ ਹੈ। ਨਾਮ ਦਾਨ ਜਿਵੇਂ ਕਣਕ ਮਕੀ ਹੋਵੇ ਜਿਸਦੀ ਬੋਰੀ ਵਿੱਚੋਂ ਦੋ ਚਾਰ ਕਿਲੋ ਆਟਾ ਦਾਣਾ ਦਾਨ ਕੀਤਾ ਜਾ ਸਕਦਾ ਹੋਵੇ। ਨਾਲ ਇਹ ਵੀ ਕਹਿੰਦੇ ਹਨ ਕਿ ਇਹ ਪ੍ਰਮਾਤਮਾ ਦਾ ਨਾਮ ਦੂਜੇ ਬੰਦੇ ਨੂੰ ਦਸੱਣ ਤੇ ਮਹਾਰਾਜ ਨੇ ਪਾਬੰਦੀ ਲਾਈ ਹੋਈ ਹੈ। ਇਨ੍ਹਾਂ ਨੂੰ ਪੁੱਛੇ ਕਿ ਪ੍ਰਮਾਤਮਾ ਦਾ ਨਾਮ ਇੰਨਾ ਮਾੜਾ ਹੈ ਜੋ ਗੁਪਤ ਰੱਖਿਆ ਜਾਂਦਾ ਹੈ ਤੇ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਸਾਧ ਜਾਪ ਇਉਂ ਕਰਦੇ ਸੁਣੇ ਹਨ। ਜਿਵੇਂ ਜਪੋ - ਵਾਹਿਗੁਰੂ, ਵਾਹਿਗੁਰੂ … … … …. ਵਾਹਿਗੁਰੂ ਆਖੀਰ ਇੰਨੀ ਤੇਜ਼ ਰਫਤਾਰ ਹੋ ਜਾਂਦੀ ਹੈ ਕਿ ਇਹ ਬਹੂੰ ਬਹੂੰ ਕਹਿੰਦੇ ਹੀ ਸਮਝ ਲਗਦੇ ਹਨ। ਇਹ ਨਾਮ ਜਪਣ ਦਾ ਪਤਾ ਨਹੀਂ ਕਿਹੜਾ ਤਰੀਕਾ ਹੈ। ਤੀਜਾ ਵੰਡ ਛਕੋ ਇਨ੍ਹਾਂ ਦੇ ਵਿਧਾਂਨ ਵਿੱਚ ਨਹੀਂ ਲਿਖਿਆ। ਜਪਣ ਤੱਪਣ ਬਾਰੇ ਬਾਣੀ ਦਾ ਫੁਰਮਾਨ ਹੈ:
ਜਪੁ ਤਪੁ ਸੰਜਮੁ ਧਰਮੁ ਨਾ ਕਮਾਇਆ,
ਸੇਵਾ ਸਾਧ ਨ ਜਾਨਿਆ ਹਰਿ ਗਇਆ। ਗੁ. ਗ੍ਰੰ. ਸਾ. ਪੰਨਾ - 12
ਜਪ ਤੱਪ ਦੇ ਆਧਾਰ ਤੇ ਇਨ੍ਹਾਂ ਸਾਧਾਂ ਨੇ ਗੁਰਦੁਆਰਾ ਜਪ ਅਸਥਾਨ, ਗੁਰਦੁਆਰਾ ਤਪ ਅਸਥਾਨ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਜਾਂ ਡੇਰਾ ਸੱਚ ਖੰਡ, ਗੁਰਦੁਆਰਾ ਪ੍ਰਮੇਸ਼ਰ ਦੁਆਰ, ਗੁਰਦੁਆਰਾ ਰਵੀਦਾਸ ਤੀਰਥ, ਗੁਰਦੁਆਰਾ ਨਿਰਮਲ ਕੁਟੀਆ ਆਦਿ ਪਤਾ ਨਹੀਂ ਲੋਕਾਂ ਨੂੰ ਗੁਮਰਾਹ ਕਰਨ ਲਈ ਗੁਰੂ (ਗੁਰੂ ਗ੍ਰੰਥ) - ਦੁਆਰਾ ਭਾਵ ਜਿਥੇ ਗੁਰੂ ਦਾ ਘਰ ਅਰਥਾਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਤਾਂ ਗੁਰਦੁਆਰਾ ਤੇ ਸਿਰਫ ਗੁਰਦੁਆਰਾ ਹੈ। ਉਸਦੇ ਵੱਖਰੇ-ਵੱਖਰੇ ਨਾਮ ਕਿਉਂ ਰੱਖੇ ਗਏ ਹਨ। ਇਹ ਹੀ ਨਹੀਂ ਜਾਤ-ਪਾਤ ਦੇ ਨਾਮ ਤੇ ਗੁਰਦੁਆਰੇ ਉਸਾਰੇ ਗਏ ਹਨ। ਬਾਬੇ ਨਾਨਕ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ (ਇੱਥੇ ਮੈਂ ਇਹ ਗੱਲ ਕਹਿਣੋਂ ਵੀ ਨਹੀਂ ਝਿਜਕਾਂਗਾ ਕਿ ਸਿੱਖ ਸਿਧਾਂਤਾਂ ਦਾ ਮੁੱਢ ਉਨ੍ਹਾਂ, ਅਖੌਤੀ ਨੀਵੀਂ ਜਾਤ ਵਿੱਚ ਪੈਦਾ ਹੋਏ ਮਰਜੀਵੜਿਆਂ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਪਰਮ ਸਤਿਕਾਰ ਯੋਗ ਸ਼ਬਦ ਭਗਤ ਕਹਿ ਕੇ ਸਨਮਾਨਿਤ ਕੀਤਾ, ਕਿਉਂਕਿ ਉਸ ਵੇਲੇ ਇਸ ਤੋਂ ਆਦਰਯੋਗ ਕੋਈ ਸ਼ਬਦ ਹੀ ਨਹੀਂ ਸੀ ਜਿਹੜਾ ਕਿ ਉਨ੍ਹਾਂ ਨੂੰ ਦਿਤਾ ਜਾਂਦਾ, ਨੇ ਹੀ ਬੰਨ ਦਿੱਤਾ ਸੀ, ਉਨ੍ਹਾਂ ਨੇ ਜਾਤਪਾਤ ਨੂੰ ਨਿਕਾਰਿਆ, ਸਮਾਜਿਕ ਬਰਾਬਰੀ ਦਾ ਸੰਦੇਸ਼ ਘਰ ਘਰ ਪੁਚਾਇਆ।) ਉਨ੍ਹਾਂ ਭਗਤਾਂ ਦੀ ਬਾਣੀ ਨੂੰ ਹੀ ਆਧਾਰ ਬਣਾ ਕੇ ਬਾਬੇ ਨਾਨਕ ਨੇ ਸਿਖੀ ਸਿਧਾਂਤਾਂ ਦਾ ਵਿਕਾਸ ਕੀਤਾ ਅਤੇ ਉਨ੍ਹਾਂ ਦੇ ਹੀ ਮਿਸ਼ਨ ਨੂੰ ਅਗਾਂਹ ਹੋ ਤੋਰਿਆ। ਅੱਜ ਭਗਤ ਅਤੇ ਗੁਰੂ ਵਿੱਚ ਪਾੜਾ ਪਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਕਿਉਂਕਿ ਭਗਤਬਾਣੀ ਜੋ ਕਿ ਗੁਰਬਾਣੀ ਤੋਂ ਪਹਿਲਾਂ ਹੀ ਲਿਖੀ ਗਈ ਹੈ। ਬਹੁਤ ਸਾਰੀ ਭਗਤ ਬਾਣੀ ਦਾ ਅਸਰ ਗੁਰਬਾਣੀ ਤੇ ਪ੍ਰਤੱਖ ਦਿਖਾਈ ਦਿੰਦਾ ਹੈ। ਇਸ ਬਾਰੇ ਵਿਚਾਰ ਫਿਰ ਕਿਸੇ ਵੇਲੇ ਕਰਾਂਗੇ। ਅੱਜ ਸਾਧ ਬਾਬਿਆਂ ਨੇ ਲੋਕਾਂ ਵਿੱਚ ਪਾੜਾ ਵਧਾਉਣ ਲਈ ਹੀ ਜਾਤ ਪਾਤ ਦੇ ਕੋਹੜ ਨੂੰ ਜੜੋਂ ਪੁਟਣ ਦੀ ਵਜਾਏ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਅਤੇ ਹੋਰ ਧਾਰਮਿਕ ਅਸਥਾਨ ਆਪਣੇ ਤੋਰੀ ਫੁਲਕੇ ਲਈ ਉਸਾਰ ਕੇ ਮਾਨਵਤਾ ਵਿੱਚ ਵੰਡ ਪਾਈ ਹੋਈ ਹੈ। ਇਸ ਨੂੰ ਸੋਚਣ ਲਈ ਸਾਨੂੰ ਮਜ਼ਬੂਰ ਹੋਣਾ ਪਵੇਗਾ। (ਬੇ) ਕਾਰ ਸੇਵਾ ਵਾਲੇ ਬਾਬਿਆਂ ਨੇ ਤਾਂ ਹੱਦ ਹੀ ਟੱਪ ਦਿਤੀ ਹੈ। ਕਾਰ ਸੇਵਾ ਦੇ ਨਾਂ ਥੱਲੇ ਸਿੱਖ ਇਤਿਹਾਸ ਦੀਆਂ ਕੀਮਤੀ ਨਿਸ਼ਾਨੀਆਂ ਤਬਾਹ ਕਰਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਗੁਰਦੁਆਰੇ ਤੇ ਹੋਰ ਧਾਰਮਿਕ ਬਿਲਡਿੰਗਾਂ ਤਿਆਰ ਕਰ ਦਿਤੀਆਂ ਹਨ ਪਰ ਸਿੱਖੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਨਕਲੀ ਬਾਬੇ ਸੰਤ ਲੱਖਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾਉਣ ਦਾ ਦਾਅਵਾ ਸਟੇਜਾਂ ਧਾਰਮਿਕ ਦੀਵਾਨਾਂ, ਕੀਰਤਨ ਦਰਬਾਰਾਂ (ਜਿਸ ਵਿੱਚ ਗੁਰਬਾਣੀ ਕੀਰਤਨ ਦਾ ਨਾਮ ਨਿਸ਼ਾਨ ਨਹੀਂ ਹੁੰਦਾ), ਨਗਰ ਕੀਰਤਨ (ਸਿਰਫ ਢੋਲਕੀਆਂ ਚਿਮਟੇ ਕੁੱਟਣ ਵਾਲੇ) ਵਿੱਚ ਠੋਕ ਵਜਾ ਕੇ ਕਰਦੇ ਹਨ ਪਰ ਇਨ੍ਹਾਂ ਨੂੰ ਕੋਈ ਪੁਛੇ ਕਿ ਉਹ ਲੱਖਾਂ ਅੰਮ੍ਰਿਤਧਾਰੀ ਹਨ ਕਿੱਥੇ? ਸਾਰਾ ਪੰਜਾਬ ਤਾਂ ਘੋਨਮੋਨ ਹੋਇਆ ਫਿਰਦਾ ਹੈ, ਨਸ਼ਿਆਂ ਵਿੱਚ ਜਵਾਨੀ ਤਬਾਹ ਹੋ ਰਹੀ ਹੈ। ਤੰਬਾਕੂ ਖਾਣ ਵਾਲਿਆਂ ਨੇ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਥੁੱਕ-ਥੁੱਕ ਕੇ ਗੰਦਾ ਕਰ ਛਡਿਆ ਹੈ, ਤੁਹਾਡੇ ਸਿੱਖ ਕਿੱਥੇ ਹਨ? ਆਪ ਵੀ ਸਿੱਖੀ ਬਾਣੇ ਵਿੱਚ ਬ੍ਰਾਹਮਣੀ ਕਰਮਕਾਂਡ ਕਰਦੇ ਹੀ ਦਿਖਾਈ ਦਿੰਦੇ ਹਨ।
ਇਨ੍ਹਾਂ ਸਭ ਨਕਲੀ ਸਾਧਾਂ ਨੇ ਸਰਕਾਰ ਤੋਂ ਨਿਜੀ ਸਕਿਉਰਟੀ ਲਈ ਹੋਈ ਹੈ, ਸਿਰਫ ਆਪਣੀ ਸ਼ਾਨ ਸ਼ੌਕਤ ਲਈ। ਲੋਕਾਂ ਨੂੰ ਸਾਦਗੀ ਦਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦੇ ਹਨ। ਆਪਣੇ ਨਲਾਇਕ ਪੁੱਤਰਾਂ ਲਈ ਵਿਦੇਸ਼ੀ ਕੁੜੀਆਂ ਲੱਭਦੇ ਹਨ ਤੇ ਆਪ ਵਿਦੇਸ਼ੀ ਕਮਾਈ ਕਰਨ ਲਈ ਉਨ੍ਹਾਂ ਦੇ ਵਿਦੇਸ਼ਾਂ ਵਿੱਚ ਵਿਆਹ ਕਰਦੇ ਹਨ। ਪ੍ਰਚਾਰ ਦੇ ਨਾਂ ਤੇ ਹਰ ਸਾਲ ਵਿਦੇਸ਼ਾਂ ਵਿੱਚ ਗੇੜਾ ਮਾਰਦੇ ਹਨ ਅਤੇ ਬੇਅੰਤ ਡਾਲਰ ਪੌਂਡ, ਸੋਨਾ, ਧੰਨ, ਵਿਦੇਸ਼ੀ ਗੱਡੀਆਂ ਦਾ ਡਕਾਰ ਮਾਰ ਕੇ ਵਾਪਸ ਆਉਂਦੇ ਹਨ। ਇਧਰ ਅਰਬਾਂ ਰੁਪਏ ਦੀ ਨਿਜੀ ਜਾਇਦਾਦਾਂ ਖਰੀਦੀਆਂ ਹੋਈਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜੀਹੇ ਸਾਧਾਂ ਨੂੰ ਵੀ ਇਨਕਮ ਟੈਕਸ ਦੇ ਘੇਰੇ ਵਿੱਚ ਲਿਆਂਦਾ ਜਾਵੇ ਪਰ ਇਹ ਕੰਮ ਕਰੂ ਕੌਣ? ਸਰਕਾਰੀ ਆਦਮੀ ਤਾਂ ਆਪ ਵੋਟਾਂ ਅਤੇ ਨੋਟਾਂ ਖਾਤਰ ਇਨ੍ਹਾਂ ਦੀਆਂ ਤਲੀਆਂ ਚੱਟਦੇ ਹਨ।
ਮੁਆਫੀ ਚਾਹੁੰਦਾ ਹਾਂ ਜੇ ਬਰਸਾਤੀ ਡੱਡੂਆਂ ਵਾਂਗ ਪੈਦਾ ਹੋਏ ਇਨ੍ਹਾਂ ਨਕਲੀ ਸੰਤਾਂ, ਬਾਬਿਆਂ, ਬ੍ਰਹਮ ਗਿਆਨੀਆਂ, 108 ਜਾਂ 1008 ਦੀਆਂ ਡਿਗਰੀ ਹੋਲਡਰਾਂ ਦੀਆਂ ਕਾਲੀਆਂ ਕਰਤੂਤਾਂ ਜਾਹਰ ਕਰਨੀਆਂ ਹੋਣ ਤਾਂ ਬਹੁਤ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ। ਸਿੱਖ ਧਰਮ ਵਿੱਚ ਇਨ੍ਹਾਂ ਦੇਹਧਾਰੀ ਪਾਖੰਡੀਆਂ ਦੀ ਕੋਈ ਥਾਂ ਨਹੀਂ। ਇਨ੍ਹਾਂ ਦੀਆਂ ਮੂੰਹ ਚੋਪੜਵੀਆਂ ਅਤੇ ਮਨਘੜ੍ਹਤ ਕਹਾਣੀਆਂ ਨੂੰ ਨਿਕਾਰ ਕੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੀ ਝੂਠ ਬੋਲਦੇ ਹਨ। ਗੁਰਬਾਣੀ ਹੀ ਇਨ੍ਹਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਦੀ ਹੈ:-
ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਭੀ ਅੰਧੈ ਕਰਮ ਕਰੇਨਿ।
ਉਇ ਭਾਣੈ ਚਲਨਿ ਆਪਣੈ ਨਿੱਤ ਝੂਠੇ ਝੂਠ ਲੋਲੇਨਿ। ਪੰ: 951
ਦਸ਼ਮ ਪਾਤਸ਼ਾਹ ਜੀ ਨੇ ਇਨ੍ਹਾਂ ਦੀ ਪਨੀਰੀ ਖਤਮ ਕਰਨ ਲਈ ਖਾਲਸਾ ਪੰਥ (ਖਾਲਸ ਰਾਹ) ਭਾਵ ਖਾਲਸਾ ਫੋਜ ਬਣਾਈ ਸੀ, ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ, ਉਨ੍ਹਾਂ ਨੇ ਸਿੱਖ ਸਜਾਏ ਸਨ ਨਾ ਕਿ ਕੋਈ ਸੰਤ, ਬਾਬੇ, ਬ੍ਰਹਮ ਗਿਆਨੀਆਂ ਦੀ ਪਨੀਰੀ ਬੀਜੀ ਸੀ।
ਗੁਰਬਾਣੀ ਵੀ ਸੰਤ ਜਨਾਂ ਬਾਰੇ ਫਰਮਾਉਂਦੀ ਹੈ: -
ਜਿੰਨਾ ਸਾਸਿ ਗਿਰਾਸਿ ਨਾ ਵਿਸਰੈ ਹਰਿ ਨਾਮਾ ਮਨਿ ਮੰਤ।
ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥ 1॥ ਗੁ. ਗ੍ਰੰ. ਸਾ. ਪੰਨਾ - 319
ਇਹ ਗੱਲ ਇਨ੍ਹਾਂ ਸਾਧਾਂ ਤੇ ਬਿਲਕੁੱਲ ਨਹੀਂ ਢੁਕਦੀ। ਗੁਰਬਾਣੀ ਮੁਤਾਬਕ ਇਹ ਸੰਤ ਹੈ ਹੀ ਨਹੀਂ। ਸਾਨੂੰ ਇਸ ਕੌੜੇ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ:-
ਦਸ਼ਮ ਪਾਤਸ਼ਾਹ ਨੇ ਖਾਲਸ ਫੌਜ ਖਾਲਸਾ ਪੰਥ ਬਣਾਈ।
ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਦਿਤੀ ਗੁਰਿਆਈ।
ਨਕਲੀ ਸੰਤ ਬਾਬੇ, ਬ੍ਰਹਮ ਗਿਆਨੀਆਂ ਦੀ ਪਨੀਰੀ ਨਾ ਉਗਾਈ।
ਇਨ੍ਹਾ ਨੂੰ ਡਿਗਰੀਆਂ ਦੇਣ ਲਈ ਨਾ ਕੋਈ ਯੂਨੀਵਰਸਿਟੀ ਬਣਾਈ।
ਆਪਣੇ ਆਪ ਡਿਗਰੀ ਹੋਲਡਰ ਬਣਕੇ ਵੰਡਣ ਮੂਰਖਤਾਈ।
ਗੁਰੂ ਗ੍ਰੰਥ ਸਾਹਿਬ ਲੜ ਲੱਗ ਕੇ ਕਰੋ ਇਨ੍ਹਾਂ ਦੀ ਜੜੋਂ ਪੁਟਾਈ।
ਜੋਗਿੰਦਰ ਸਿੰਘ ਤੱਖਰ, ਫਗਵਾੜਾ




.