“ਜਾਗ ਲੇਹੁ ਰੇ ਮਨਾ ਜਾਗ ਲੇਹੁ”
ਅਗੇ ਹੈ, “ਕਹਾਂ ਗਾਫ਼ਲ ਸੋਇਆ”॥
ਸੌਣਾ ਇਕੱਲਾ ਰਾਤ ਨੂੰ ਹੀ ਤੇ ਨਹੀਂ ਹੁੰਦਾ ਦਿਨੇ ਵੀ ਸੁੱਤਾ ਜਾ ਸਕਦਾ ਹੈ ਕਿੰਨੀ ਮਨੁੱਖਤਾ ਹੈ ਜੋ
ਤੁਰੀ ਫਿਰਦੀ ਹੀ ਸੁੱਤੀ ਪਈ ਹੈ। ਓਸ ਮਨੁੱਖਤਾ ਵਿਚੋਂ ਅਗੇ ਇੱਕ ਹੋਰ ਮੱਨੁਖਤਾ ਜਿਹੜੀ ਨਿਜੀ ਪੱਧਰ
ਤੋਂ ਹੋਰ ਪਰ੍ਹੇ ਕੌਮੀ ਪੱਧਰ ਤੇ ਵੀ ਇੰਨੀ ਆਲਸੀ, ਸੁਸਤ ਤੇ ਨਿਕੰਮੀ ਹੋ ਚੁੱਕੀ ਹੈ ਕਿ ਉਸ ਦੀਆਂ
ਗੱਲਾਂ ਸੁਣ ਸੁਣ ਹੀ ਕਈ ਵਾਰ ਹਾਸਾ ਆਉਂਦਾ ਹੈ। ਮਸਲਨ ਮੇਰਾ ਸ਼ਹਿਨਸ਼ਾਹ, ਮੇਰਾ ਕਲਗੀਆਂ ਵਾਲਾ, ਮੇਰਾ
ਬਾਜਾਂ ਵਾਲਾ, ਮੇਰਾ ਅੰਮ੍ਰਤਿ ਦਾ ਦਾਤਾ, ਜਿਸ ਲਾਲ ਵਾਰੇ ਦਿੱਤੇ, ਜਿਸ ਸਾਰਾ ਪ੍ਰੀਵਾਰ ਵਾਰ
ਦਿੱਤਾ, ਜਿਸ ਛੋਟੀ ਉਮਰੇ ਅਪਣਾ ਪਿਤਾ ਵੀ ਵਾਰ ਦਿੱਤਾ, ਜਿਸ ਵੱਸਦਾ ਅਪਣਾ ਅਨੰਦਪੁਰ ਉਜਾੜ ਛੱਡਿਆ,
ਜਿਹੜਾ ਮੇਰੀ ਖਾਤਰ ਮਾਛੀਵਾੜੇ ਦੇ ਕੰਡਿਆਂ ਤੇ ਤੁਰਿਆ ਆਦਿ। ਪਤਾ ਨਹੀ ਕਿੰਨਾ ਕੁੱਝ ਹੈ ਜਿਸ ਨਾਲ
ਮੈ ਉਸ ਨੂੰ ਯਾਦ ਕਰਦਾ ਹਾਂ ਪਰ ਜਦ ਉਸ ਪ੍ਰਤੀ ਮੇਰੀ ਕਿਸੇ ਜਿੰਮੇਵਾਰੀ ਦਾ ਸਮਾ ਆਵੇ ਤਾਂ ਮੇਰਾ
ਸਾਰਾ ਨਜਲਾ ਇਹ ਹੁੰਦਾ, ਫਲਾਂ ਵਿੱਕਿਆ ਹੋਇਆ, ਸ਼੍ਰੋਮਣੀ ਕਮੇਟੀ ਨੇ ਗੰਦ ਪਾਇਆ ਵਿਆ, ਪ੍ਰਚਾਰ ਨਹੀ
ਹੋ ਰਿਹਾ, ਕਲਯੁੱਗ ਦਾ ਪਹਿਰਾ ਹੈ, ਸਭ ਗੁਰੂ ਦੇ ਹੁਕਮ ਵਿੱਚ ਹੋ ਰਿਹਾ, ਆਪੇ ਗੁਰੂ ਭਲੀ ਕਰੂ,
ਅਪਣੀ ਕੌਮ ਦਾ ਉਹ ਆਪ ਹੀ ਰਾਖਾ, ਇਥੇ ਵੱਡੇ ਵੱਡੇ ਖੱਬੀਖਾਂਨ ਆਏ ਇਸ ਕੌਮ ਦਾ ਵਾਲ ਵਿੰਗਾ ਨਹੀ ਕਰ
ਸਕੇ, ਕੁੱਝ ਨਹੀ ਹੋਣ ਵਾਲਾ, ਪੰਥ ਆਪੇ ਚੜ੍ਹਦੀਆਂ ਕਲ੍ਹਾ ਵਿੱਚ ਜਾਵੇਗਾ!
ਉਪਰਲੀਆਂ ਸਾਰੀਆਂ ਗੱਲਾਂ ਮੇਰੀ ਸੁਸਤੀ ਤੇ ਨਿਕੰਮੇਪਨ ਦੀਆਂ ਨਿਸ਼ਾਨੀਆਂ ਹਨ। ਘੋੜਿਆਂ ਦੀਆਂ ਕਾਠੀਆਂ
ਤੇ ਸਾਉਂਣ ਵਾਲਿਆਂ ਨੂੰ ਪਤਾ ਹੀ ਨਹੀ ਲਗਾ ਕਿ ਪੰਥ ਆਪੇ ਹੀ ਚੜ੍ਹਦੀਆਂ ਕਲ੍ਹਾ ਵਿੱਚ ਚਲੇ ਜਾਂਦਾ
ਹੈ, ਚਰਖੜੀਆਂ ਤੇ ਚੜ੍ਹਨ ਵਾਲਿਆਂ ਸੋਚਿਆ ਹੀ ਨਾ ਕਿ ਇਹ ਖੱਬੀਖਾਨ ਆਪੇ ਆ ਕੇ ਤੁਰ ਜਾਣਗੇ ਮੇਰੀ
ਕੌਮ ਦਾ ਵਾਲ ਵਿੰਗਾ ਨਹੀ ਕਰ ਸਕਦੇ। ਖ਼ੈਬਰਾਂ ਤੱਕ ਜਾ ਕੇ ਲਹੂ ਲੁਹਾਨ ਹੋਣ ਵਾਲਿਆਂ ਦੇ ਗੱਲ ਕੋਲੋਂ
ਹੀ ਨਾ ਲੰਘੀ ਕਿ ਸਭ ਗੁਰੂ ਦੇ ਹੁਕਮ ਵਿੱਚ ਹੀ ਹੋਣਾ ਹੈ ਕੀ ਲੋੜ ਹੈ ਤੋਪਾਂ ਹੇਠ ਮੋਢੇ ਦੇਣ ਦੀ।
…. ਹੁਣ ਮੇਰੀ ਗੱਲ ਕਰਦੇ ਹਾਂ। ਮੇਰੇ ਕੋਲੇ ਦੋ ਰਾਹ ਨੇ ਇੱਕ ਰਾਹ ਬਾਬਿਆਂ ਦੇ ਪ੍ਰਚਾਰ ਵਾਲਾ ਕਿ
ਖਾਲਸਾ ਜੀ ਫਿਕਰ ਨਾ ਕਰੋ ਦੇਖਣਾ ਤੁਸੀਂ ਖਾਲਸਾ ਦਿੱਲੀ ਤੀਕ ਮਾਰਾਂ-ਮਾਰੇਗਾ। ਤੁਸੀਂ ਬੇਫਿਕਰ ਰਹੋ
ਗੁਰੂ ਆਪੇ ਬਹੁੜੀ ਕਰੇਗਾ ਅਪਣੇ ਪੰਥ ਦੀ। ਏਸ ਕੌਮ ਤੇ ਸ਼ਹੀਦੀ ਪਹਿਰਾ ਹੈ ਜਿਹੜਾ ਇਸ ਉਪਰ ਚੜ੍ਹ ਕੇ
ਆਇਆ ਉਹ ਮੂੰਹ ਦੀ ਖਾ ਕੇ ਗਿਆ। ਕਈ ਉਦਰਾਹਣਾ ਹਨ, ਅਬਦਾਲੀ ਆਇਆ, ਮੱਸਾ ਆਇਆ, ਅੰਗਰੇਜ ਆਇਆ, ਇੰਦਰਾ
ਆਈ ਆਦਿ। ਪਰ ਬਾਬਾ ਜੀ ਇਹ ਨਹੀ ਦੱਸਦਾ ਕਿ ਉਹ ਆਇਆ ਪਰ ਗਿਆ ਕਿਵੇਂ? ਮਾਲਾ ਫੇਰਨ ਨਾਲ? ਸੰਪਟ ਪਾਠ
ਨਾਲ ਜਾਂ ਕੋਤਰੀ ਨਾਲ? ਇਹ ਅੱਡ ਵਿਸ਼ਾ ਹੈ।
ਪਰ ਇਹ ਸੁਣਨਾ ਮੈਨੂੰ ਚੰਗਾ ਲੱਗਦਾ। ਇਸ ਦੇ ਸੁਣਨ ਵਿੱਚ ਰਸ ਹੈ ਪਰ ਕਰਨਾ ਕੁੱਝ ਨਹੀ ਪੈਂਦਾ।
ਕਿੰਨਾ ਚੰਗਾ ਲੱਗਦਾ ਇਹ ਸੁਣਨਾ ਕਿ ਕੋਈ ਆਵੇਗਾ ਤੇ ਰਾਤੋ ਰਾਤ ਕਿਸੇ ਜਾਦੂ ਦੀ ਛੜੀ ਨਾਲ ਮੇਰੀ ਕੌਮ
ਦੀ ਤਕਦੀਰ ਬਦਲ ਦਏਗਾ। ਜਾਂ ਗੁਰੂ ਜੀ ਤੁਸੀਂ ਹੀ ਆ ਕੇ ਕੌਮ ਦੀ ਬਹੁੜੀ ਕਰੋ। ਗੁਰੂ ਤਾਂ ਬਹੁੜੀ ਕਰ
ਰਿਹੈ। ਸ੍ਰੀ ਗੁਰੂ ਗਰੰਥ ਸਾਹਿਬ ਗੁਰੂ ਮੈਨੂੰ ਰੋਜ ਅਵਾਜਾਂ ਮਾਰਦਾ ਕਿ ‘ਕਹਾਂ ਗਾਫ਼ਲ ਸੋਇਆ’। ਪਰ
ਉਹ ਮੈਨੂੰ ਸੁਣਦਾ ਨਹੀ ਮੈ ਤਾਂ ਚਹੁੰਦਾਂ ਕਿ ਗੁਰੂ ਫਿਰ ਅਪਣੇ ਪੁੱਤਰਾਂ ਸਮੇਤ ਆਏ ਤੇ ਫਿਰ ਉਂਝ ਹੀ
ਅਪਣੇ ਪਰੀਵਾਰ ਦੇ ਆਹੂ ਲੁਹਾਏ ਤੇ ਮੈਂ ਇੰਝ ਹੀ ਗੁਣ ਗਾਇਨ ਕਰਕੇ ਸਾਰਦਾ ਰਹਾਂ!
ਬਿਨਾ ਗੁਰੂ ਦੇ ਅਮਲਾਂ ਤੇ ਅਮਲ ਕੀਤਿਆਂ ਬੈਠਿਆਂ ਬੈਠਾਇਆਂ ਕੁੱਝ ਨਹੀ ਹੋਇਆ। ਹੋ ਸਕਦਾ ਹੀ ਨਹੀ।
ਗੁਰੂ ਸਾਹਿਬਾਨਾ ਨੂੰ ਖੁਦ ਵੀ ਜਾਲਮ ਨਾਲ ਲੋਹਾ ਖੜਕਾਉਂਣਾ ਪਿਆ। ਫਸਵੀਂ ਟੱਕਰ ਦੇਣੀ ਪਈ, ਅਪਣੇ
ਪੁੱਤ ਮਰਵਾਉਂਣੇ ਪਏ, ਪਿਤਾ ਤੋਰਨਾ ਪਿਆ ਉਪਰੰਤ ਚਰਖੜੀਆਂ ਆਰਿਆਂ ਦਾ ਤਾਂ ਬਹੁਤ ਲੰਮਾ ਇਤਿਹਾਸ ਹੈ
ਤਦ ਜਾ ਕੇ ਸੰਸਾਰ ਨੇ ਲੋਹਾ ਮੰਨਿਆ ਕਿ ਸਿੱਖ ਕੌਮ ਨਾਂ ਦੀ ਕੋਈ ਗੱਲ ਵੀ ਇਸ ਧਰਤੀ ਤੇ ਹੈ।
ਜੇ ਅੱਜ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਬੂਤੇ ਹਨ ਤਾਂ ਇਸ ਕਰਕੇ ਕਿ ਇਸ ਦੇ ਦੁਆਲੇ ਤਲਵਾਰਾਂ
ਦੀ ਵਾੜ ਸੀ, ਸੂਰਬੀਰਾਂ ਦੇ ਨੁਚੜਦੇ ਲਹੂਆਂ ਦੀਆਂ ਲਕੀਰਾਂ ਸਨ ਇਸ ਦੁਆਲੇ, ਇਸ ਵਲ ਕੈਰੀ ਅੱਖ ਦੇਖਣ
ਵਾਲੇ ਦੀ ਅੱਖ ਨਹੀ ਸੀ ਕੱਢ ਦਿੰਦੇ ਅਗਲੇ? ਇੰਨਾ ਸਖਤ ਪਹਿਰਾ ਸੀ ਕਿ ਕਿਸੇ ਦੀ ਜੁਅਰਤ ਨਹੀ ਪਈ ਕਿ
ਇਸ ਨਾਲ ਛੇੜ-ਛਾੜ ਕਰ ਸਕੇ ਨਹੀ ਤਾਂ ਬ੍ਰਹਾਮਣ ਤਾਂ ਸੁੰਘਦਾ ਫਿਰਦਾ ਸੀ ਕਿ ਕੋਈ ਰਾਹ ਲੱਭੇ।
ਅੰਗਰੇਜ ਦਾ ਸਿਰ ਕੰਮ ਕਰ ਗਿਆ ਉਸ ਫੌਜ ਚੋਂ ਕੱਢ ਕੱਢ ਇਸ ਚੰਦਨ ਦੇ ਬੂਟੇ ਦੁਆਲੇ ਲਿਆ ਕੇ ਸੱਪ
ਛੱਡਣੇ ਸ਼ੁਰੂ ਕਰ ਦਿੱਤੇ। ਬਅੱਸ! !
ਤੇ ਉਹਨਾਂ ਕੀ ਕੀਤਾ ਚੰਦਨ ਦੇ ਨਾਲ ਹੀ ਇੱਕ ਹੋਰ ਬੂਟਾ ਲਿਆ ਗੱਡਿਆ! ਜਿਸਦਾ ਨਾਮ ਰੱਖ ਦਿੱਤਾ ‘ਦਸਮ
ਸ੍ਰੀ ਗੁਰੂ ਗਰੰਥ ਸਾਹਿਬ’ ? ਸੁੱਤੀ ਪਈ ਕੌਮ ਚੰਦਨ ਦੀ ਬਜਾਇ ਹੁਣ ਉਸ ਨੂੰ ਮੱਥੇ ਟੇਕੀ ਜਾ ਰਹੀ
ਹੈ। ਗੁਰਦੁਆਰਿਆਂ ਵਿੱਚ ਅੱਧਿਉਂ ਜਿਆਦਾ ‘ਬਾਣੀ’ ਉਸ ਦੀ ਪੜੀ ਜਾਂਦੀ।
ਚਿਰ ਦੀ ਗੱਲ ਹੈ ਇੱਕ ਗੁਰਦੁਆਰਾ ਸਾਹਿਬ ਬੱਚਿਆਂ ਦਾ ਕੀਰਤਨ ਦਰਬਾਰ ਹੋਇਆ ਓਸ ਕੀਰਤਨ ਦਰਬਾਰ ਵਿੱਚ
70 ਫੀਸਦੀ ‘ਕੀਰਤਨ’ ‘ਦਸਮ ਗਰੰਥ’ ਵਿਚੋਂ ਹੋਇਆ! ! ਇੱਕ ਗੁਰਦੁਆਰੇ ਦਾ ਆਗੂ ਕੀਰਤਨ ਸਿਖਾਉਂਣ ਵਾਲੇ
ਨੂੰ ਹਦਾਇਤ ਕਰ ਰਿਹੈ ਕਿ ਭਾਈ ਸਾਹਬ ਬੱਚੇ ਅਪਣੇ ‘ਦਸਮ ਬਾਣੀ’ ਤੋਂ ਦੂਰ ਹੋ ਰਹੇ ਹਨ ਥੋੜਾ ਇਧਰ
ਜਿਆਦਾ ਧਿਆਨ ਦਿਆ ਕਰੋ।
ਮੈ ਗੁਰੂ ਕੋਲੋਂ ਅਪਣੇ ਪ੍ਰੀਵਾਰ ਦੀ ਸੁੱਖ ਮੰਗਦਾ ਹਾਂ, ਸੁੱਖਾਂ ਸੁੱਖਦਾ ਹਾਂ, ਅਪਣੇ ਰੋਣੇ
ਧੋਣੇ ਗੁਰੂ ਕੋਲੇ ਲੈ ਕੇ ਜਾਂਦਾ ਹਾਂ, ਬੱਚਿਆਂ ਦੀ ਤੰਦਰੁਸਤੀ ਮੰਗਦਾ ਹਾਂ ਪਰ ਮੇਰੇ ਉਸ ਪ੍ਰਤੀ
ਕੋਈ ਫਰਜ ਵੀ ਹਨ? ਮੈਂ ਕੀ ਉਸ ਦੀ ਅਵਾਜ ਪਛਾਣਦਾ ਹਾਂ ਕਿ ਆਹ ਬਾਣੀ ਮੇਰੇ ਗੁਰੂ ਦੀ ਹੈ ਤੇ ਆਹ
ਕਿਸੇ ਰਾਮ, ਸਿਯਾਮ ਜਾਂ ਕਲਿ ਕਵੀ ਦੀਆਂ ਕਵਿਤਾਵਾਂ ਹਨ? ਮੈ ਅਪਣੇ ਗੁਰੂ ਦੇ ਦਰ ਦਾ ਕਿਹੋ ਜਿਹਾ
ਕੁੱਤਾ ਹਾਂ ਕਿ ਜਿਹੜਾ ਅਪਣੇ ਮਾਲਕ ਦੀ ਅਵਾਜ ਹੀ ਨਹੀ ਪਛਾਣਦਾ ਤੇ ਹੋਰਨਾ ਲਈ ਹੀ ਭੌਕੀਂ ਜਾ ਰਿਹਾ
ਹਾਂ! ਜਾਂ ਫਿਰ ਮੈ ਉਨ੍ਹਾਂ ਸੜਕ ਉਪਰ ਮੰਗਣ ਵਾਲਿਆਂ ਵਰਗਾ ਇੱਕ ਉਹ ਮੰਗਤਾ ਹਾਂ ਕਿ ਮੰਗ ਪੂਰੀ
ਹੋਈ, ਪੈਸੇ ਜ੍ਹੇਬ ਵਿੱਚ ਪਾਏ ਤੇ ਅਗੇ ਚਲਦਾ ਬਣਿਆ ਦੇਣ ਵਾਲੇ ਵਲ ਮੂੰਹ ਵੀ ਨਾ ਕੀਤਾ! !
ਮੈ ਕਿਹੋ ਜਿਹੀ ਨਿਕੰਮੀ ਉਲਾਦ ਹਾਂ ਜਿਸਦੀਆਂ ਅੱਖਾਂ ਸਾਹਵੇਂ ਉਸ ਦੇ ਪਿਓ ਦੀ ਇੱਜਤ ਉਪਰ ਇਹ
ਮਿੱਟੀ ਘੱਟਾ ਉੱਡ ਰਿਹਾ ਪਰ ਮੈ ਤਮਾਸ਼ਾ ਦੇਖ ਰਿਹਾਂ। ਕਦੋਂ ਦਾ ‘ਦਸਮ ਗਰਥ’ ਦਾ ਕਲੇਸ਼ ਮੇਰੇ ਸਾਹਵੇਂ
ਚਲ ਰਿਹੈ ਪਰ ਮੈ ਕਦੇ ਇੰਨਾ ਵੀ ਤੱਰਦਦ ਕੀਤਾ ਕਿ ਓਸ ‘ਗਰੰਥ’ ਉਪਰ ਖੁਦ ਨਜਰ ਮਾਰ ਕੇ ਦੇਖਾਂ ਤਾਂ
ਸਹੀਂ ਕਿ ਇਹ ਰੌਲਾ ਕਾਹਦਾ ਹੈ। ਉਹ ਕਿਤਿਓਂ ਚੰਨ ਉਪਰੋਂ ਨਹੀ ਲੈਣ ਜਾਣਾ ਪੈਂਣਾ ਇਸੇ ਧਰਤੀ ਤੇ ਹੀ
ਮਿਲਦਾ ਹੈ ਕੋਈ ਹਿਲਜੁੱਲ ਤਾਂ ਕਰੋ! ਅਪਣੀਆਂ ਅੱਖਾਂ ਤਾਂ ਖੋਲ੍ਹੋ! !
ਕੋਈ ਤਲਵਾਰ ਨਹੀ ਚੁੱਕਣੀ, ਕੋਈ ਲੜਾਈ ਨਹੀ ਲੜਨੀ, ਗੁਰੂ ਕੋਈ ਮੇਰੇ ਤੋਂ ਸਿਰ ਨਹੀ ਮੰਗ ਰਿਹੈ।
ਹਾਂਅ! ਉਹ ਸਿਰ ਵਰਤਣ ਦੀ ਮੰਗ ਜਰੂਰ ਕਰ ਰਿਹੈ। ਤੇ ਉਹ ਵੀ ਮੈ ਅਪਣਾ ਵਰਤਣ ਤੋਂ ਬਾਗੀ ਹਾਂ ਤਾਂ
ਮੇਰਾ ਰਿਸ਼ਤਾ ਕਾਹਦਾ ਗੁਰੂ ਨਾਲ? ਅੱਜ ਦਾ ਜੁੱਗ ਅੱਖਰਾਂ ਦਾ ਜੁੱਗ ਹੈ। ਇਹ ਲੜਾਈ ਅੱਖਰਾਂ ਦੀ ਲੜਾਈ
ਹੈ। ਇਹ ਕਿਸੇ ਮੈਦਾਨ ਵਿੱਚ ਜਾ ਕੇ ਲੜਨ ਵਾਲੀ ਨਹੀ, ਘਰਘਾਟ ਛੱਡਕੇ ਲਹੂ-ਲੁਹਾਨ ਹੋਣ ਵਾਲੀ ਲੜਾਈ
ਨਹੀ ਇਹ ਘਰ ਬੈਠਿਆਂ ਹੀ ਲੜੀ ਜਾ ਸਕਦੀ ਹੈ। ਸਿਰਫ ਤੁਸੀਂ ਜਾਨਣਾ ਹੈ, ਜਾਣ ਕੇ ਉਨ੍ਹਾਂ ਲੋਕਾਂ ਨੂੰ
ਪਛਾਨਣਾ ਹੈ ਜਿਹੜੇ ਗੁਰਬਾਣੀ ਦੇ ਬਰਾਬਰ ਹੋਰ ਅਸ਼ਲੀਲ ਅਵਾਜਾਂ ਕੱਢ ਰਹੇ ਹਨ। ਉਨ੍ਹਾਂ ਬਾਰੇ,
ਉਨ੍ਹਾਂ ਦੇ ਡੇਰਿਆਂ ਬਾਰੇ, ਲੋਕਾਂ ਨੂੰ ਦੱਸਣਾ ਹੈ, ਆਂਢ-ਗੁਆਂਢ ਨੂੰ ਦੱਸਣਾ ਹੈ, ਮਿੱਤਰਾਂ
ਦੋਸਤਾਂ ਨੂੰ ਦੱਸਣਾ ਹੈ, ਰਿਸ਼ਤੇਦਾਰਾਂ ਨੂੰ ਦੱਸਣਾ ਹੈ ਤੇ ਫਤਹਿ ਬੁਲਾ ਦੇਣੀ ਹੈ ਕਲੇਸ਼ ਵਾਲਾ ਤਾਂ
ਕੰਮ ਹੀ ਕੋਈ ਨਹੀ। ਕੌਮ ਵਿੱਚ ਦੁਫਾੜ ਪੈਣ ਦਾ ਮੱਤਲਬ ਹੀ ਕੋਈ ਨਹੀ। ਤੁਸੀਂ ਚੁੱਪ ਚਾਪ ਇਨ੍ਹਾਂ
ਨੂੰ ‘ਮੱਥਾ ਟੇਕੋ’ ਤੇ ਬੱਅਸ! ਜਦ ਮੇਰੇ ਗੁਰੂ ਦੀ ਅਵਾਜ ਹੀ ਨਹੀ ਤਾਂ ਮੇ ਕਰਨਾ ਕੀ ਉਥੇ। ਇਨ੍ਹਾਂ
ਦੀਆਂ ‘ਹੱਟੀਆਂ’ ਬੰਦ ਹੋਣਗੀਆਂ ਜਿਹੜੀਆਂ ਤੁਹਾਡੇ ਸਿਰਾਂ ਤੇ ਚਲਦੀਆਂ ਹਨ ਤਾਂ ਤੁਸੀਂ ਖੁਦ ਦੇਖਣਾ
‘ਦਸਮ ਸ੍ਰੀ ਗੁਰੂ ਗਰੰਥ ਸਾਹਿਬ’ ਦੇ ਪਾਠ ਬੋਧ ਕਿਧਰ ਜਾਂਦੇ ਹਨ। ਪਰ ਤੁਸੀਂ ਕਿਸੇ ਦੇ ਕਹੇ ਕੁੱਝ
ਨਹੀ ਕਰਨਾ ਜੋ ਕਰਨਾ ਖੁਦ ਪੜ੍ਹਕੇ, ਖੁਦ ਪਛਾਣਕੇ, ਖੁਦ ਜਾਣਕੇ ਕਰਨਾ ਹੈ। ਕਹੇ ਕਹਾਏ ਕੀਤਾ ਕਦੇ ਵੀ
ਧੋਖਾ ਹੋ ਸਕਦਾ ਹੈ ਜਿਹੜਾ ਅਸੀਂ ਵਾਰ ਵਾਰ ਖਾਧਾ, ਹਰੇਕ ਮੋੜ ਤੇ ਖਾਧਾ ਹੈ ਇਸੇ ਲਈ ਗੁਰੂ ਮੈਨੂੰ
ਕਹਿ ਰਹੇ ਹਨ ਕਿ ‘ਜਾਗ ਲੇਹੁ ਰੇ ਮਨਾ ਜਗ ਲੇਹੁ, ਕਹਾਂ ਗਾਫ਼ਲ ਸੋਇਆ’॥ ਭਾਵ ਜਾਗ ਕੇ ਦੇਖ ਤੇਰਾ ਘਰ
ਕੋਈ ਰਾਮ-ਸਿਯਾਮ ਤਾਂ ਨਹੀ ਲੁੱਟ ਰਿਹੈ?
ਗੁਰਦੇਵ ਸਿੰਘ ਸੱਧੇਵਾਲੀਆ