.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 09)

ਗੁਰਬਾਣੀ ਦਾ ਸੱਚ (ਸ਼ਿਵ ਅਤੇ ਇਸ ਨਾਲ ਸਬੰਧਤ ਹਵਾਲੇ)

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ ਅਤੇ ਇਨ੍ਹਾਂ ਨਾਲ ਸਬੰਧਤ ਅਨੇਕਾਂ ਕਥਾਵਾਂ ਵਿਚੋਂ ਕੁੱਝ ਕੁ ਕਥਾਵਾਂ ਦਾ ਵਰਣਨ ਮਿਲਦਾ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਾਣ ਸਾਹਿਤ ਦੀਆਂ ਹੋਰ ਕਥਾਵਾਂ ਦੇ ਹਵਾਲਿਆਂ ਦਾਮਨੋਰਥ ਹੈ, ਉਸੇ ਤਰ੍ਹਾਂ ਸ਼ਿਵ ਨਾਲ ਸਬੰਧਤ ਕਥਾਵਾਂ ਦਾ ਵੀ ਹੈ। ਇਸ ਲਈ ਇਨ੍ਹਾਂ ਕਥਾਵਾਂ ਦਾ ਵਰਣਨ ਹਵਾਲਿਆਂ ਦੇ ਰੂਪ ਵਿੱਚ ਹੀ ਆਇਆ ਹੈ ਨਾ ਕਿ ਸ਼ਿਵ ਨਾਲ ਪ੍ਰਚਲਤ ਕਥਾਵਾਂ ਦੀ ਸਵੀਕ੍ਰਿਤੀ ਦੇ ਰੂਪ ਵਿਚ। ਬਾਣੀਕਾਰਾਂ ਨੇ ਇਨ੍ਹਾਂ ਕਥਾਵਾਂ ਦੇ ਕਿਸ ਪ੍ਰਕਰਣ ਵਿੱਚ ਹਵਾਲੇ ਦਿੱਤੇ ਹਨ, ਇਸ ਨੂੰ ਦੇਖਣ ਤੋਂ ਪਹਿਲਾਂ ਪੁਰਾਣ ਸਾਹਿਤ ਵਿੱਚ ਸ਼ਿਵ ਬਾਰੇ ਜੋ ਕੁੱਝ ਲਿਖਿਆ ਮਿਲਦਾ ਹੈ, ਉਸ ਦਾ ਸੰਖੇਪ ਵਿੱਚ ਵਰਣਨ ਕਰ ਰਹੇ ਹਾਂ।

ਪੁਰਾਣਾਂ ਵਿੱਚ ਸ਼ਿਵ ਨੂੰ ਸੰਘਾਰ ਕਰਤਾ ਮੰਨਿਆ ਗਿਆ ਹੈ। ਇਨ੍ਹਾਂ ਦਾ ਨਿਵਾਸ ਕੈਲਾਸ਼ ਪਰਬਤ `ਚ ਮੰਨਿਆ ਗਿਆ ਹੈ। ਗੰਗਾ ਇਨ੍ਹਾਂ ਦੀਆਂ ਜਟਾਵਾਂ ਵਿਚੋਂ ਨਿਕਲਦੀ ਮੰਨੀ ਜਾਂਦੀ ਹੈ। ਚੰਦ੍ਰਮਾ ਦਾ ਨਿਵਾਸ ਇਨ੍ਹਾਂ ਦੇ ਮੱਥੇ ਪੁਰ ਦੱਸਿਆ ਜਾਂਦਾ ਹੈ। ਵੇਦਾਂ ਵਿੱਚ ਸ਼ਿਵ ਦਾ ਨਾਮ ਰੁਦ੍ਰ ਆਇਆ ਹੈ। ਕਈ ਵਿਦਵਾਨ ਸ਼ਿਵ ਨੂੰ ਅਨ-ਆਰੀਆ ਦੇਵਤਾ ਮੰਨਦੇ ਹਨ ਪਰ ਕਈਆਂ ਦਾ ਵਿਚਾਰ ਹੈ ਕਿ ਇਹ ਅਗਨੀ ਦੇ ਹੀ ਪ੍ਰਤੀਕ ਹਨ। ਉਪਨਿਸ਼ਦਾਂ ਵਿੱਚ ਰੁਦ੍ਰ ਦਾ ਨਾਮ ਹੀ ਸ਼ਿਵ ਹੈ। ਸ਼ਿਵ ਬਾਰੇ ਇਹ ਪ੍ਰਚਲਤ ਹੈ ਕਿ ਜਦੋਂ ਇਹ ਆਪਣਾ ਤੀਜਾ ਨੇਤ੍ਰ ਖੋਲਦੇ ਹਨ ਤਾਂ ਪ੍ਰਲਯ ਆ ਜਾਂਦੀ ਹੈ। ਸ਼੍ਰੀ ਸ਼ਿਵ ਮਹਾਪੁਰਾਣ ਵਿੱਚ ਵਿਸ਼ਨੂੰ ਦੇ ਮੂੰਹੋਂ ਇਹ ਅਖਵਾਇਆ ਹੈ ਕਿ, “ਉਨ੍ਹਾਂ (ਸ਼ਿਵ) ਤੋਂ ਹੀ ਮੈਂ (ਵਿਸ਼ਨੂੰ) ਤਥਾ ਬ੍ਰਹਮਾ ਦੋਵੇਂ ਉਤਪਨ ਹੋਏ ਹਾਂ।” (42ਵਾਂ ਅਧਿਆਏ) ਪੁਰਾਣ ਦੇ ਇਸੇ ਹੀ ਅਧਿਆਏ ਵਿੱਚ ਸ਼ਿਵ ਨੂੰ “ਸਾਰਿਆਂ ਦੇ ਪਾਲਕ, ਦੇਵਗਣਾਂ ਦੇ ਪੂਜ, ਸਰਬ –ਸਮਰਥ, ਸ੍ਰਿਸ਼ਟੀ ਪਾਲਕ ਅਤੇ ਸੰਘਾਰ ਕਰਤਾ” ਕਿਹਾ ਹੈ। ਪੁਰਾਣ ਲੇਖਕਾਂ ਵਿੱਚ ਆਪਣੇ ਮਨ-ਭਾਉਂਦੇ (ਸ਼ਿਵ, ਵਿਸ਼ਨੂੰ ਆਦਿ) ਦੇਵਤੇ ਨੂੰ ਦੂਜਿਆਂ ਨਾਲੋਂ ਵਡਾ ਦਰਸਾਉਣ ਦੀ ਰੁਚੀ ਕਾਰਨ ਇਨ੍ਹਾਂ ਦੇਵਤਿਆਂ ਬਾਰੇ ਪੁਰਾਣਾਂ ਵਿੱਚ ਭਿੰਨ ਭਿੰਨ ਕਹਾਣੀਆਂ ਪ੍ਰਚਲਤ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਸੰਸਾਰ ਦੀ ਰਚਨਾ ਕਰਨ ਵਾਲਾ, ਪਾਲਣ ਵਾਲਾ ਅਤੇ ਸੰਘਾਰਣ ਵਾਲਾ ਅਕਾਲ ਪੁਰਖ ਨੂੰ ਹੀ ਮੰਨਿਆ ਗਿਆ ਹੈ। ਜੇਕਰ ਕਿਧਰੇ ਸ਼ਿਵਜੀ ਨੂੰ ਜਗਤ ਦਾ ਸੁਆਮੀ ਆਖਿਆ ਗਿਆ ਹੈ ਤਾਂ ਉਹ ਕੇਵਲ ਪੁਰਾਣਿਕ ਵਿਸ਼ਵਾਸ ਦੇ ਪ੍ਰਸੰਗ ਵਿੱਚ ਹੀ ਕਿਹਾ ਗਿਆ ਹੈ। ਉਦਾਹਰਣ ਵਜੋਂ ਹੇਠ ਲਿਖੀ ਪੰਗਤੀ ਵਿੱਚ ਸ਼ਿਵ ਲਈ ਤ੍ਰਿਭਵਣ ਨਾਥ ਸ਼ਬਦ ਵਰਤਿਆ ਗਿਆ ਹੈ:- ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ॥ ਕਰਮ ਕਰਿ ਕਪਾਲੁ ਮਫੀਟਸਿ ਰੀ॥ (ਪੰਨਾ 695) ਅਰਥ: (ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ, ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।

ਇਨ੍ਹਾਂ ਪੰਗਤੀਆਂ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਸ ਨੂੰ ਜਗਤ ਦਾ ਮਾਲਕ ਆਖਿਆ/ਸਮਝਿਆ ਜਾ ਰਿਹਾ ਹੈ, ਉਹ ਆਪ ਆਤੁਰ ਹੋਇਆ ਤੀਰਥਾਂ ਉੱਤੇ ਭਟਕਦਾ ਰਿਹਾ, ਪਰ ਉਸ ਦਾ ਖੋਪਰੀ ਤੋਂ ਛੁਟਕਾਰਾ ਨਾ ਹੋਇਆ। ਧੁਨੀ ਇਹ ਹੈ ਕਿ ਜੇਹੜਾ ਆਪ ਦੁੱਖੀ ਹੈ, ਉਹ ਆਪਣੀ ਪੂਜਾ ਕਰਨ ਵਾਲਿਆਂ ਦੇ ਦੁੱਖਾਂ ਨੂੰ ਕਿਵੇਂ ਦੂਰ ਕਰ ਸਕਦਾ ਹੈ।

ਇਸੇ ਤਰ੍ਹਾਂ ਜੇਕਰ ਕਿਧਰੇ ਸ਼ਿਵ ਨੂੰ ਜੀਵਾਂ ਦੇ ਸੰਘਾਰਣ ਵਾਲਾ ਕਿਹਾ ਹੈ ਤਾਂ ਉਹ ਕੇਵਲ ਪੁਰਾਣਿਕ ਖ਼ਿਆਲ ਦੇ ਵਰਣਨ ਵਿੱਚ ਹੀ ਆਖਿਆ ਹੈ। ਪੁਰਾਣਿਕ ਵਿਸ਼ਵਾਸ ਦਾ ਹਵਾਲਾ ਦੇ ਕੇ ਬਾਣੀਕਾਰਾਂ ਨੇ ਪ੍ਰਚਲਤ ਵਿਸ਼ਵਾਸ ਨੂੰ ਸੱਚ ਨਹੀਂ ਮੰਨਿਆ ਹੈ, ਬਲਕਿ ਇਨ੍ਹਾਂ ਪ੍ਰਚਲਤ ਕਥਾਵਾਂ ਤੋਂ ਮਨੁੱਖ ਨੂੰ ਉਪਰ ਉਠਾਇਆ ਹੈ। ਉਦਾਹਰਣ ਵਜੋਂ ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ: ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ (ਪੰਨਾ 7) ਅਰਥ: ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)। (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ।)

ਧਿਆਨ ਰਹੇ ਕਿ ਇਸ ਪਉੜੀ ਦੀਆਂ ਪਹਿਲੀਆਂ ਪੰਗਤੀਆਂ (ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥) ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਨਹੀਂ ਕਰ ਰਹੇ ਹਨ ਬਲਕਿ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰ ਰਹੇ ਹਨ। ਆਪਣਾ ਮਤ ਹਜ਼ੂਰ ਇਸ ਪਉੜੀ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਸੰਸਾਰ ਦੀ ਪਾਲਣਾ ਅਤੇ ਸੰਘਾਰ ਕਰਨ ਵਾਲਾ ਉਹ ਨਿਰੰਕਾਰ ਆਪ ਹੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ ਅਤੇ ਇਨ੍ਹਾਂ ਨਾਲ ਸਬੰਧਤ ਹਵਾਲਿਆਂ ਵਿਚੋਂ ਕੁੱਝ ਕੁ ਦਾ ਵਰਣਨ ਕਰ ਰਹੇ ਹਾਂ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਬਾਣੀਕਾਰਾਂ ਨੇ ਇਨ੍ਹਾਂ ਮਿਥਾਂ ਦੀ ਵਰਤੋਂ (ਹਵਾਲੇ) ਕਿਸ ਮਨੋਰਥ ਨਾਲ ਕੀਤੀ ਹੈ।

ਵਿਕਾਰਾਂ ਦੀ ਲਪੇਟ ਵਿੱਚ ਵਿਕਾਰਾਂ ਦੀ ਮਾਰ ਤੋਂ ਸ਼ਿਵ ਜੀ ਵਰਗੇ ਵੀ ਆਪਣਾ ਬਚਾਓ ਨਹੀਂ ਕਰ ਸਕੇ ਦੇ ਪ੍ਰਕਰਣ ਵਿਚ:-ਗੋਤਮ ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ ਗਾਂਮੀ॥ (ਪੰਨਾ 710) ਅਰਥ: ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ, ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ- (ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ।

ਮਨੁੱਖ ਨੂੰ ਕੀਤੇ ਕਰਮਾਂ ਦੇ ਸੰਸਕਾਰਾਂ ਤੋਂ ਖ਼ਲਾਸੀ ਪ੍ਰਭੂ ਸਿਮਰਨ ਸਦਕਾ ਹੀ ਸੰਭਵ ਹੈ, ਕਿਸੇ ਹੋਰ ਸ਼ਕਤੀ ਦੁਆਰਾ ਇਹ ਸੰਭਵ ਨਹੀਂ ਹੈ, ਦੇ ਪ੍ਰਸੰਗ `ਚ:-ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ॥ ਕੁਲ ਜਨ ਮਧੇ ਮਿਲਿ੍ਯ੍ਯੋ ਸਾਰਗ ਪਾਨ ਰੇ॥ ਕਰਮ ਕਰਿ ਕਲੰਕੁ ਮਫੀਟਸਿ ਰੀ॥ (ਪੰਨਾ 695) ਅਰਥ: {ਪੁਰਾਣਾਂ ਅਨੁਸਾਰ} (ਹੇ ਮੇਰੀ ਜਿੰਦੇ!) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।

ਗੁਰੂ ਦੀ ਸ਼ਰਨ `ਚ ਆ ਕੇ ਪ੍ਰਭੂ ਨਾਮ ਨੂੰ ਸਿਮਰਿਆਂ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਹੁੰਦੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਇਆ ਸ਼ਿਵਜੀ ਵਰਗਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ, ਦੇ ਪ੍ਰਕਰਣ ਵਿਚ:-ਪਾਇ ਠਗਉਲੀ ਸਭੁ ਜਗੁ ਜੋਹਿਆ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ॥ ਗੁਰਮੁਖਿ ਨਾਮਿ ਲਗੇ ਸੇ ਸੋਹਿਆ॥ (ਪੰਨਾ 394) ਅਰਥ: (ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ (ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿੱਚ ਫਸਾਇਆ ਹੋਇਆ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ।

ਮਾਇਆ ਬੜੀ ਸ਼ਕਤੀਸ਼ਾਲੀ ਹੈ ਦੇ ਪ੍ਰਸੰਗ ਵਿਚ:- ਸਰਪਨੀ ਤੇ ਊਪਰਿ ਨਹੀ ਬਲੀਆ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ॥ (ਪੰਨਾ 480) ਅਰਥ: ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ, ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿੱਚ ਹੋਰ ਕੋਈ) ਨਹੀਂ ਹੈ।

ਆਤਮਕ ਸੂਝ ਵਾਲੇ ਕ੍ਰੋਧ ਅਤੇ ਹੰਕਾਰ ਤੋਂ ਰਹਿਤ ਹੁੰਦੇ ਹਨ ਦੇ ਪ੍ਰਸੰਗ ਵਿਚ:-ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥ (ਪੰਨਾ 559) ਅਰਥ: (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ।

ਪਰਮਾਤਮਾ ਦੀ ਸੂਝ ਗੁਰੂ ਦੁਆਰਾ ਹੀ ਸੰਭਵ ਹੈ, ਦੇ ਪ੍ਰਕਰਣ ਵਿਚ:-ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥ (ਪੰਨਾ 735) ਅਰਥ: (ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।

ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਦੇ ਤਿੰਨ ਗੁਣਾਂ ਦੀ ਲਪੇਟ ਵਿੱਚ ਆ ਕੇ ਮਨੁੱਖ ਅਸਲ ਰਸਤੇ ਤੋਂ ਭਟਕ ਜਾਂਦਾ ਹੈ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ॥ (ਪੰਨਾ 852) ਅਰਥ: (ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ।

ਅਕਾਲ ਪੁਰਖ ਦੀ ਜੋਤ ਦਾ ਹੀ ਹਰ ਥਾਂ ਪ੍ਰਕਾਸ਼ ਹੈ, ਦਾ ਭਾਵ ਦਰਸਾਉਣ ਦੇ ਪ੍ਰਕਰਣ ਵਿਚ:-ਸੰਕਰੁ ਮਉਲਿਓ ਜੋਗ ਧਿਆਨ॥ ਕਬੀਰ ਕੋ ਸੁਆਮੀ ਸਭ ਸਮਾਨ॥ (ਪੰਨਾ 1193) ਅਰਥ: ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ। (ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ।

ਪ੍ਰਭੂ ਸਿਮਰਨ ਦੀ ਬਰਕਤ ਨਾਲ ਹੀ ਮਾਇਆ ਦੇ ਮੋਹ ਦੀ ਨੀਂਦ `ਚੋਂ ਜਾਗ ਸਕੀਦਾ ਹੈ ਦੇ ਪ੍ਰਸੰਗ ਵਿਚ:- ਸੰਕਰੁ ਜਾਗੈ ਚਰਨ ਸੇਵ॥ (ਪੰਨਾ 1194) ਅਰਥ: ਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।

ਆਤਮਕ ਸੂਝ ਵਾਲੇ ਮਨੁੱਖ ਮਾਇਕ ਸੁਖਾਂ ਤੋਂ ਉੱਪਰ ਉੱਠ ਜਾਂਦੇ ਹਨ, ਦੇ ਪ੍ਰਕਰਣ ਵਿਚ:-ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ॥ (ਪੰਨਾ 330) ਅਰਥ: ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ; (ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ।

ਪ੍ਰਭੂ ਦੇ ਸਰੂਪ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਦੇ ਪ੍ਰਸੰਗ `ਚ:-ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ॥ ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ॥ (ਪੰਨਾ 498) ਅਰਥ: ਹੇ ਭਾਈ! ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ। ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ।

ਅਕਾਲ ਪੁਰਖ ਦੀ ਬੇਅੰਤਤਾ ਦਾ ਪਾਰਾਵਾਰ ਪਾਉਣਾ ਸੰਭਵ ਨਹੀਂ ਹੈ:-ਕਰਣ ਪਲਾਹ ਕਰਹਿ ਸਿਵ ਦੇਵ॥ ਤਿਲੁ ਨਹੀ ਬੂਝਹਿ ਅਲਖ ਅਭੇਵ॥ (ਪੰਨਾ 867) ਅਰਥ: ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ, ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ।

ਪ੍ਰਭੂ ਨਾਲ ਜੁੜਨ ਦੀ ਤਾਂਘ ਰੱਖਣ ਵਾਲਾ ਹਰੇਕ ਵਿਅਕਤੀ ਸਤਿਗੁਰੂ ਦੇ ਚਰਨਾਂ ਦੀ ਧੂੜ (ਭਾਵ ਗੁਰੂ ਦੇ ਉਪਦੇਸ਼) ਦੀ ਲੋਚਾ ਕਰਦਾ ਹੈ:-ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ॥ ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ॥ (ਪੰਨਾ 1326) ਅਰਥ: ਹੇ ਭਾਈ! ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ। ਹੇ ਭਾਈ! ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ।

ਪ੍ਰਭੂ ਦਰ ਤੇ ਉਹੀ ਸ਼ੋਭਾ ਪਾਉਂਦਾ ਹੈ ਜੋ ਉਸ ਦੀ ਰਜ਼ਾ ਨੂੰ ਸਮਝਦਾ ਹੈ, ਦੇ ਪ੍ਰਕਰਣ ਵਿਚ:-ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥ ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 992) ਅਰਥ: ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ, ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਨੂੰ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।

ਮਾਇਆ ਦੇ ਕਾਮਾਦਿਕਾਂ ਸੂਰਬੀਰਾਂ ਤੋਂ ਬਚਣ ਲਈ ਇੱਕੋ-ਇੱਕ ਰਸਤਾ ਹੈ; ਉਹ ਇਹ ਕਿ ਪ੍ਰਭੂ ਦੇ ਦਰ ਤੇ ਡਿੱਗ ਕੇ ਉਸ ਪਾਸੋਂ ਉਸ ਦੇ ਸਿਮਰਨ ਦੀ ਦਾਤਿ ਮੰਗੀਏ, ਦੇ ਪ੍ਰਸੰਗ `ਚ:--ਸਨਕ ਸਨੰਦਨ ਸਿਵ ਸੁਕਾਦਿ॥ ਨਾਭਿ ਕਮਲ ਜਾਨੇ ਬ੍ਰਹਮਾਦਿ॥ ਕਬਿ ਜਨ ਜੋਗੀ ਜਟਾਧਾਰਿ॥ ਸਭ ਆਪਨ ਅਉਸਰ ਚਲੇ ਸਾਰਿ॥ (ਪੰਨਾ 1194) ਅਰਥ: ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ) ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ—ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ।

ਪ੍ਰਭੂ ਨਾਮ ਨੂੰ ਸਿਮਰ ਕੇ ਸ਼ਾਂਤ ਹੋ ਸਕੀਦਾ ਹੈ ਦੇ ਪ੍ਰਕਰਣ ਵਿਚ:-ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ॥ ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ॥ (ਪੰਨਾ 1219) ਅਰਥ: ਹੇ ਭਾਈ! ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ—ਇਹਨਾਂ (ਲੋਕਾਂ) ਵਿੱਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੀ ਫਿਰਦਾ ਹੈ। ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ।

ਪ੍ਰਭੂ ਦੀ ਅਟਲੱਤਾ ਦੇ ਮੁਕਾਬਲੇ `ਤੇ ਹੋਰ ਸਭ ਕੁੱਝ ਹੀ ਨਾਸਮਾਨ ਹੈ, ਦਾ ਭਾਵ ਦਰਸਾਉਂਣ ਦੇ ਹਵਾਲੇ ਦੇ ਰੂਪ ਵਿਚ:-ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ॥ (ਪੰਨਾ 214) ਅਰਥ: (ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।

‘ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ’ ਦਾ ਸੱਚ ਦ੍ਰਿੜ ਕਰਾਉਣ ਦੇ ਪ੍ਰਕਰਣ ਵਿਚ:-ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ (ਪੰਨਾ 874) ਅਰਥ: ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।

ਪ੍ਰਭੂ ਦਰਸ਼ਨਾ ਦੀ ਚਾਹਤ ਦੇ ਪ੍ਰਸੰਗ ਵਿਚ:-ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ॥ (ਪੰਨਾ 534) ਅਰਥ: (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ।

ਵਾਹਿਗੁਰੂ ਆਪ ਹੀ ਇੱਕ ਤੋਂ ਅਨੇਕ ਹੋ ਕੇ ਵਿਚਰ ਰਿਹਾ ਹੈ, ਦੇ ਪ੍ਰਸੰਗ ਵਿਚ:-ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ (ਪੰਨਾ 553) ਅਰਥ: ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)।

ਅਕਾਲ ਪੁਰਖ ਦਾ ਭੇਦ ਪਾਉਣਾ ਸੰਭਵ ਨਹੀਂ ਹੈ, ਦੇ ਪ੍ਰਕਰਣ ਵਿਚ:-ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ॥ (ਪੰਨਾ 822) ਅਰਥ: ਹੇ ਮੇਰੇ ਮਾਲਕ! (ਅਸੀ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ) ਅਸਾਂ ਵਿਚਾਰੇ ਜੀਵਾਂ ਦੀ ਕੋਈ ਪਾਂਇਆਂ ਹੀ ਨਹੀਂ ਕਿ ਤੇਰੀ ਬਾਬਤ ਇਕ ਰੋਮ ਜਿਤਨਾ ਭੀ ਕੁਝ ਕਹਿ ਸਕੀਏ। (ਅਸੀਂ ਸਾਧਾਰਨ ਜੀਵ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ) ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ (ਆਦਿਕ ਵਰਗੇ) ਬੇਅੰਤ ਇਹ ਨਹੀਂ ਸਮਝ ਸਕੇ ਕਿ ਤੂੰ ਕਿਹੋ ਜਿਹਾ ਹੈਂ।

ਅਕਾਲ ਪੁਰਖ ਦੀ ਉਤਪਤ, ਪਾਲਕ ਅਤੇ ਸੰਘਾਰ ਸ਼ਕਤੀ ਹੈ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹੇਸ ਇੱਕ ਮੂਰਤਿ ਆਪੇ ਕਰਤਾ ਕਾਰੀ॥ (ਪੰਨਾ 908) ਅਰਥ: (ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇੱਕ ਪਰਮਾਤਮਾ (ਦੀ ਇੱਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ।

ਪਰਮਾਤਮਾ ਹੀ ਸਾਰਿਆਂ ਦਾ ਮੂਲ ਹੈ ਦੇ ਪ੍ਰਕਰਣ ਵਿਚ:-ਕੋਟਿ ਮਹੇਸ ਉਪਾਇ ਸਮਾਏ॥ (ਪੰਨਾ1156) ਅਰਥ: ਹੇ ਭਾਈ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ,

ਮੈਲੇ ਸਿਵ ਸੰਕਰਾ ਮਹੇਸ॥ (ਪੰਨਾ 1158) ਅਰਥ: ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।

ਪ੍ਰਭੂ ਤੋਂ ਹੀ ਸਾਰੇ ਭਗਤੀ ਦਾ ਦਾਨ ਮੰਗਦੇ ਹਨ, ਦੇ ਪ੍ਰਸੰਗ ਵਿਚ:-ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ॥ (ਪੰਨਾ 1322) ਅਰਥ: ਹੇ ਭਾਈ! ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ) —ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮੰਗਦੇ ਰਹਿੰਦੇ ਹਨ।

ਨਾਮ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤਿਆਂ ਦੀਆਂ ਕਥਾ ਕਹਾਣੀਆਂ ਸੁਣਨ ਦਾ ਕੋਈ ਆਤਮਕ ਲਾਭ ਨਹੀਂ ਹੈ, ਦੇ ਪ੍ਰਸੰਗ ਵਿਚ:-ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ॥ ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥ (ਪੰਨਾ 873) ਅਰਥ: ਰਾਮਾਇਣ (ਆਦਿਕ) ਦਾ ਪਾਠ-ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ। ਨੋਟ: ਸਿਵਾ ਸਕਤਿ ਸੰਬਾਦ—ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ—ਬਾਤ, ਰਾਮਾਇਣ। ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ।

ਅਕਾਲ ਪੁਰਖ ਦੀ ਸਿਰਜਣਾ, ਪਾਲਕ ਅਤੇ ਵਿਨਾਸ਼ ਸ਼ਕਤੀ ਨੂੰ ਹੀ ਭਿੰਨ ਭਿੰਨ ਨਾਮ ਦਿੱਤੇ ਹੋਏ ਹਨ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹੇਸ ਇੱਕ ਮੂਰਤਿ ਆਪੇ ਕਰਤਾ ਕਾਰੀ॥ (ਪੰਨਾ 908) ਅਰਥ: (ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇੱਕ ਪਰਮਾਤਮਾ (ਦੀ ਇੱਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ।

ਪ੍ਰਭੂ ਦੇ ਨਾਮ ਦੀ ਬਰਕਤ ਨਾਲ ਆਤਮਕ ਸੁੰਦਰਤਾ ਨੂੰ ਮਾਣਨ ਵਾਲੇ ਹੀ ਸ੍ਰੇਸ਼ਟ ਹਨ, ਦੇ ਕਥਨ ਵਿਚ:-ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ॥ (ਪੰਨਾ 1013) ਅਰਥ: ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿੱਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।

ਅਕਾਲ ਪੁਰਖ ਦੀ ਮਹਿਮਾ ਦਾ ਗੁਣ-ਗਾਣ ਕਰਨ ਵਾਲਿਆਂ ਦੇ ਵਰਣਨ ਦੇ ਪ੍ਰਸੰਗ’ ਚ:-ਬ੍ਰਹਮਾ ਬਿਸਨੁ ਮਹੇਸੁ ਦੁਆਰੈ॥ ਊਭੇ ਸੇਵਹਿ ਅਲਖ ਅਪਾਰੈ॥ (ਪੰਨਾ 1022) ਅਰਥ: ਵੱਡੇ ਵੱਡੇ ਦੇਵਤੇ ਭੀ) ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ—ਸਾਰੇ ਉਸ ਅਲੱਖ ਤੇ ਅਪਾਰ ਪ੍ਰਭੂ ਦੇ ਦਰ ਤੇ ਖਲੋਤੇ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ।

ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਸ਼ਕਤੀ ਅਨਾਦੀ ਨਹੀਂ ਹੈ, ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ (ਪੰਨਾ1035) ਅਰਥ: ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਈ ਥਾਈਂ ਸਪਸ਼ਟ ਕੀਤਾ ਗਿਆ ਹੈ ਕਿ ਆਦਿ ਸ਼ਕਤੀ ਪ੍ਰਭੂ ਆਪ ਹੀ ਹੈ, ਜਿਸ ਦੀ ਹੋਂਦ ਹਮੇਸ਼ਾਂ ਹੀ ਸੀ। ਜਦੋਂ ਕੁਛ ਵੀ ਨਹੀਂ ਸੀ ਓਦੋਂ ਕਰਤਾ ਆਪਣੇ ਆਪ ਵਿੱਚ ਹੀ ਸਥਿਤ ਸੀ। ਪ੍ਰਭੂ ਨੇ ਆਪਣੀ ਰਜ਼ਾ ਵਿੱਚ ਹੀ ਇਹ ਬਹੁ-ਭਾਂਤੀ ਸੰਸਾਰ ਦੀ ਰਚਨਾ ਕੀਤੀ ਹੈ। ਪ੍ਰਚਲਤ ਮਿਥ ਦਾ ਵਰਣਨ ਕਰਦਿਆਂ ਹੋਇਆਂ ਇਹ ਦਰਸਾਇਆ ਹੈ ਕਿ ਉਸ ਸਮੇਂ ਸ਼ਿਵ ਆਦਿ ਦੀ ਵੀ ਹੋਂਦ ਨਹੀ ਸੀ।

ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਿਆਂ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕੀਦਾ ਹੈ, ਦੇ ਪ੍ਰਕਰਣ ਵਿਚ:-ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ॥ ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ॥ ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ॥ (ਪੰਨਾ 1257) ਅਰਥ: (ਪਰ, ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ। ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ। ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇੱਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ।

ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਸੰਸਾਰ ਦਾ ਰਚੇਤਾ, ਪਾਲਣਹਾਰ ਅਤੇ ਸੰਘਾਰ ਸ਼ਕਤੀ ਦੇ ਰੂਪ ਵਿੱਚ ਮੰਨਣ ਵਾਲਿਆਂ ਨੂੰ ਪ੍ਰਭੂ ਦੀ ਮਹੱਤਾ ਦਰਸਾ ਕੇ, ਉਸ ਨੂੰ ਸਾਰਿਆਂ ਦਾ ਕਰਤਾ ਦਰਸਾਉਣ ਦੇ ਪ੍ਰਸੰਗ ਵਿਚ:- ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ (ਪੰਨਾ 1037) ਅਰਥ: ਬ੍ਰਹਮਾ, ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।

ਪ੍ਰਚਲਤ ਮਿਥ ਦਾ ਵਰਣਨ ਕਰਦਿਆਂ ਗੁਰਮਤਿ ਦਾ ਇਹ ਸੱਚ ਦ੍ਰਿੜ ਕਰਵਾਇਆ ਹੈ ਕਿ ਸੰਸਾਰ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰਨ ਵਾਲੀਆਂ ਇਹ ਹਸਤੀਆਂ ਕਾਲ ਦੇ ਅਧੀਨ ਹਨ। ਇਨ੍ਹਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੈ ਜੋ ਕਾਲ ਤੋਂ ਉਪਰ ਹੈ। ਕਾਲ ਰਹਿਤ ਪ੍ਰਭੂ ਨੇ ਜੋ ਕੁਛ ਪੈਦਾ ਕੀਤਾ ਹੈ ਉਹ ਹਮੇਸ਼ਾਂ ਇੱਕ ਸਾਰ ਰਹਿਣ ਵਾਲਾ ਨਹੀਂ ਹੈ।

ਸੋ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ ਅਤੇ ਇਨ੍ਹਾਂ ਨਾਲ ਸਬੰਧਤ ਘਟਨਾਵਾਂ ਦੇ ਹਵਾਲੇ ਪੁਰਾਣਿਕ ਵਿਸ਼ਵਾਸ ਨੂੰ ਸਵੀਕਾਰ ਦਾ ਪ੍ਰਤੀਕ ਨਹੀਂ ਹਨ। ਬਾਣੀਕਾਰਾਂ ਨੇ ਸ਼ਿਵਜੀ ਨੂੰ ਸੰਘਾਰ ਸ਼ਕਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਹੈ। ਬਾਣੀਕਾਰ ਪੁਰਾਣਾਂ ਦੀ ਇਸ ਧਾਰਨਾ ਨਾਲ ਵੀ ਸਹਿਮਤ ਨਹੀਂ ਹਨ ਕਿ ਜਦ ਸ਼ਿਵ ਜੀ ਆਪਣਾ ਤੀਜਾ ਨੇਤ੍ਰ ਖੋਲਦੇ ਹਨ ਤਾਂ ਪ੍ਰਲਯ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਤਪੱਤੀ ਅਤੇ ਵਿਨਾਸ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੁੰਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ ਜੀ ਨਾਲ ਸਬੰਧਤ ਹਵਾਲੇ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਹਨ। ਇਨ੍ਹਾਂ ਹਵਾਲਿਆਂ ਦੁਆਰਾ ਜੋ ਗੱਲ ਬਾਣੀਕਾਰਾਂ ਨੇ ਸਮਝਾਉਣਾ ਚਾਹੀ ਹੈ, ਉਹੀ ਗੁਰਬਾਣੀ ਦਾ ਸੱਚ ਹੈ। ਇਸ ਸੱਚ ਨੂੰ ਹੀ ਬਾਣੀ ਦਾ ਸੱਚ ਮੰਨ ਕੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ।

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥ (ਪੰਨਾ 875) ਅਰਥ: ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ।

ਜਸਬੀਰ ਸਿੰਘ ਵੈਨਕੂਵਰ
.