.

ਧਨਿ ਧੰਨਿ ਓ ਰਾਮ ਬੇਨੁ ਬਾਜੈ
ੴਸਤਿਗੁਰ ਪ੍ਰਸਾਦਿ॥
ਧਨਿ ਧੰਨਿ ਓ ਰਾਮ ਬੇਨੁ ਬਾਜੈ॥
ਮਧੁਰ ਮਧੁਰ ਧੁਨਿ ਅਨਹਤ ਗਾਜੈ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 988

ਇਸ ਸ਼ਬਦ ਅੰਦਰ ਵੀ ਜੋ ਸਚਿ ਨਾਮਦੇਵ ਜੀ ਨੇ ਬਿਆਨ ਕੀਤਾ ਹੈ, ਉਹ ਇਹ ਹੈ ਕਿ ਉਨ੍ਹਾਂ ਦਾ ਜੋ ਅਗਾਧ ਬੋਧ ਕ੍ਰਿਸ਼ਨ ਹੈ, ਉਹ ਸ੍ਵੈ-ਪ੍ਰਕਾਸ਼ਮਾਨ ਹੈ। ਜਿਸ ਤਰ੍ਹਾਂ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਹੈ। ਭਗਤ ਜਨਾਂ ਦਾ ਕ੍ਰਿਸ਼ਨ ਹੋਰ ਅਤੇ ਕਰਮਕਾਂਡੀਆਂ ਦਾ ਹੋਰ। ਭਗਤ ਜਨਾਂ ਦਾ ਕ੍ਰਿਸ਼ਨ ਉਹ ਹੈ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ।
ਧੰਨਿ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ, ਜਿਸ ਦਾ ਕੋਈ ਬਦਲ ਨਾਂਹ ਹੋਵੇ, ਜਿਵੇਂ ਉਸ ਅਕਾਲ ਪੁਰਖੁ ਵਾਹਿਗੁਰੂ ਦਾ ਕੋਈ ਬਦਲ ਨਹੀਂ ਹੈ। ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੱਚ ਦੇ ਵਿੱਚ ਝੂਠ ਨਾਂਹ ਰਲਣ ਦੇਣ ਦੀ ਖ਼ਾਤਰ ਆਪਣੇ ਆਪ ਨੂੰ ਤੱਤੀ ਤਵੀ ਤੇ ਬਿਠਾ ਕੇ ਇੱਕ ਸੁਨਿਹਰੀ ਇਤਿਹਾਸ ਸਿਰਜਿਆ। ਗੁਰੂ ਜੀ ਨੇ ਸਾਰੀ ਬਾਣੀ ਆਪ ਸੰਭਾਲ ਕੇ ਆਪਣੇ ਹੱਥੀਂ ਐਡਿਟ ਕਰਕੇ ਸਾਹਿਬ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਅੰਦਰ ਰਾਗਾਂ ਦੀ ਤਰਤੀਬ ਅਨੁਸਾਰ ਕਲਮਬੰਦ ਕੀਤੀ। ਫਿਰ ਸੰਪੂਰਨਤਾ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਕੇ ਆਪਣੇ ਹੱਥੀਂ ਸੰਪੂਰਨਤਾ ਕਰਕੇ ਗੁਰਿਆਈ ਬਖ਼ਸ਼ੀ। ਇਸ ਕਰਕੇ ਗੁਰਮਤਿ ਸਿਧਾਂਤ ਆਪਣੇ ਆਪ ਵਿੱਚ ਸਾਫ਼ ਅਤੇ ਸਪਸ਼ਟ ਹੈ।
ੴਸਤਿਗੁਰ ਪ੍ਰਸਾਦਿ॥ ਜੋ ਇਸ ਸ਼ਬਦ ਦਾ ਸਿਰਲੇਖ ਹੈ, ੴ, ਅਕਾਰ ਤੋਂ ਰਹਿਤ ਹੈ। ਇਹੀ ਸਿਧਾਂਤ ਇਸ ਸਬਦ ਦੇ ਅੰਦਰ ਮੌਜੂਦ ਹੈ। ਪਰ ਅਸੀਂ ਇਥੇ ਭੁਲੇਖਾ ਖਾ ਜਾਂਦੇ ਹਾਂ। ਭਗਤ ਜਨਾਂ ਦਾ ਸਿਧਾਂਤ ਵੀ ਉਹੀ ਹੈ ਜੋ ਗੁਰੂ ਸਾਹਿਬਾਨ ਦਾ ਹੈ।
ਪਉੜੀ॥ ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 463

ਅਗੇ ਸਾਰਾ ਸ਼ਬਦ ਪੜ੍ਹਦੇ ਜਾਉ ਅਤੇ ਗੁਰੂ ਜੀ ਦਾ ਫੈਸਲਾ ਪੜ੍ਹੋ: -
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
ਨਾਨਕ ਸਚੁ ਧਿਆਇਨਿ ਸਚੁ॥
ਜੋ ਮਰਿ ਜੰਮੇ ਸੁ ਕਚੁ ਨਿਕਚੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 463

ਗੁਰੂ ਪਾਤਿਸਾਹ ਜੀ ਕਹਿੰਦੇ ਹਨ ਕਿ ਮੈਂ ਉਸ ਦਾ ਪੁਜਾਰੀ ਹਾਂ, ਜਿਸ ਨੇ ਆਪਣੇ ਆਪ ਨੂੰ ਆਪ ਸਾਜਿਆ ਹੈ। ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਵਾਹਿਗੁਰੂ ਨੇ ਕੁਦਰਤ ਰਚੀ ਅਤੇ ਕੁਦਰਤ ਦੇ ਜ਼ੱਰੇ-ਜ਼ੱਰੇ ਵਿੱਚ ਆਪ ਹੀ ਰਮਿਆ ਹੋਇਆ ਹੈ। ਕੁਦਰਤ ਅੰਦਰ ਹੀ ਉਸ ਦਾ ਆਸਣ ਹੈ।
ਅਗੇ ਸਾਹਿਬ ਕਹਿੰਦੇ ਹਨ ਕਿ ਤੂੰ ਦਾਤਾ ਵੀ ਆਪ ਹੀ ਹੈਂ ਅਤੇ ਕਰਤਾ ਵੀ ਤੂੰ ਖੁਦ ਆਪ ਹੀ। ਤੂੰ ਹੀ ਤੁੱਠ ਕੇ ਦਾਤਾਂ ਬਖ਼ਸ਼ਦਾ ਹੈਂ ਅਤੇ ਖ਼ੁਦ ਹੀ ਕਿਸੇ ਜੀਵ ਨੂੰ ਸਵਾਸ ਬਖ਼ਸ਼ਦਾ ਹੈ। ਆਪ ਹੀ ਸਵਾਸ ਬਖ਼ਸ਼ਣ ਵਾਲਾ ਹੈਂ ਅਤੇ ਖ਼ੁਦ ਹੀ ਜਿੰਦ ਲੈਣ ਵਾਲਾ ਭਾਵ ਸਵਾਸ ਵਾਪਸ ਲੈਣ ਵਾਲਾ ਹੈਂ। ਤੇਰੀ ਬਖ਼ਸ਼ਿਸ਼ ਤੇਰੀ ਆਪਣੀ ਪ੍ਰਸੰਨਤਾ ਹੈ, ਕਿ ਤੂੰ ਕਿਸ ਉੱਪਰ ਕਿੰਨੀ ਬਖ਼ਸ਼ਿਸ਼ ਕਰਨੀ ਹੈ ਤੇਰੀ ਬਖ਼ਸ਼ਿਸ਼ ਦਾ ਕੋਈ ਕਿੰਨਾ ਹੱਕਦਾਰ ਹੈ।
ਤੇਰੀ ਸਿਫ਼ਤ ਸੱਚੀ ਹੈ ਅਤੇ ਤੇਰੀ ਸਿਫ਼ਤ-ਸਲਾਹ ਕਰਨ ਨਾਲ ਹੀ ਤੇਰੀ ਸੱਚੀ ਕੁਦਰਤ ਦਾ ਪਤਾ ਚੱਲਦਾ ਹੈ। ਨਾਨਕ ਸੱਚੇ ਦੇ ਸੱਚ ਨੂੰ ਸਿਮਰਦਾ ਹੈ। ਜੋ ਜੰਮ ਕੇ ਮਰ ਜਾਣ ਵਾਲੇ ਹਨ, ਅਤੇ ਆਪਣੇ ਆਪ ਨੂੰ ਖ਼ੁਦਾ ਅਖਵਾਉਣ ਵਾਲੇ ਹਨ, ਉਨ੍ਹਾਂ ਦਾ ਭਾਂਡਾ ਕੱਚ ਵਾਂਗ ਚਿਕਨਾਚੂਰ ਹੋ ਜਾਣ ਵਾਲਾ ਹੈ। (ਕੋਰਾ ਝੂਠ ਹੈ ਜੇ ਕੋਈ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਸਮਝਦਾ ਹੈ।)
ਇਹ ਆਤਮਿਕ ਗਿਆਨ ਰੂਪੀ ਸੱਚ ਉਸ ਨੂੰ ਪ੍ਰਾਪਤ ਹੈ ਜੋ ਉਸ ਸੱਚੇ ਵਾਹਿਗੁਰੂ ਦੀ ਸਿਫ਼ਤੋ ਸਲਾਹ ਕਰਦੇ ਹਨ। ਜਿਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਸ ਸੱਚੇ ਦੀ ਸਿਫ਼ਤੋ ਸਲਾਹ ਕਰਨ ਵਾਲਾ ਹੀ ਉਸ ਸਚੇ ਦੀ ਬਖ਼ਸ਼ਿਸ਼ ਦਾ ਪਾਤਰ ਬਣਦਾ ਹੈ। ਉਸ ਨੂੰ ਜੰਮ ਕੇ ਮਰ ਜਾਣ ਵਾਲੇ ਕੱਚੇ, ਕੱਚ ਨਿਕੱਚੁ ਨਜ਼ਰ ਆਉਂਦੇ ਹਨ।
ਇਸੇ ਸਿਧਾਂਤ ਨੂੰ ਨਾਮਦੇਵ ਜੀ ਨੇ ਪਰਚਾਰਿਆ ਹੈ। ਇਸ ਸ਼ਬਦ ਅੰਦਰ ਨਾਮਦੇਵ ਜੀ ਨੇ ਵੀ ਸ੍ਵੈ - ਪ੍ਰਕਾਸ਼ਮਾਨ ਕ੍ਰਿਸ਼ਨ ਅਕਾਲਪੁਰਖ ਨੂੰ ਹੀ ਆਪਣਾ ਇਸ਼ਟ ਮੰਨਿਆ ਹੈ। ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ; ਕੱਚ ਵਾਂਗ ਟੁੱਟ ਜਾਣ ਵਾਲੇ ਨੂੰ ਨਹੀਂ।
ਧਨਿ ਧੰਨਿ ਓ ਰਾਮ ਬੇਨੁ ਬਾਜੈ॥
ਮਧੁਰ ਮਧੁਰ ਧੁਨਿ ਅਨਹਤ ਗਾਜੈ॥ 1॥ ਰਹਾਉ॥
ਧਨਿ ਧਨਿ ਮੇਘਾ ਰੋਮਾਵਲੀ॥
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ॥ 1॥
ਧਨਿ ਧਨਿ ਤੂ ਮਾਤਾ ਦੇਵਕੀ॥
ਜਿਹ ਗ੍ਰਿਹ ਰਮਈਆ ਕਵਲਾਪਤੀ॥ 2॥
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ॥
ਜਹ ਖੇਲੈ ਸ੍ਰੀ ਨਾਰਾਇਨਾ॥ 3॥
ਬੇਨੁ ਬਜਾਵੈ ਗੋਧਨੁ ਚਰੈ॥
ਨਾਮੇ ਕਾ ਸੁਆਮੀ ਆਨਦ ਕਰੈ॥ 4॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 988

ਪਦ ਅਰਥ
ਧੰਨਿ – ਸਲਾਹੁਣ ਯੋਗ, ਜਿਸ ਦਾ ਕੋਈ ਬਦਲ ਨਹੀਂ
ਓ ਰਾਮ – ਸ੍ਵੈ-ਪ੍ਰਕਾਸ਼ਮਾਨ ਵਾਹਿਗੁਰੂ
ਬੇਨੁ – ਨਾਦ, ਬੰਸੁਰੀ, ਗੁਰਮਤਿ ਅਨੁਸਾਰ ਆਤਮਿਕ ਮੰਡਲ ਦਾ ਸੰਗੀਤ ਜੋ ਕੰਨਾ ਦੇ ਸੁਣਨ ਦਾ ਵਿਸ਼ਾ ਨਹੀਂ
ਮਧੁਰ – ਮਿੱਠੀ
ਮਧੁਰ ਧੁਨਿ – ਅਨੰਦ ਦਾਇਕ ਧੁਨਿ
ਅਨਹਤ – ਜੋ ਚੋਟ ਲਾਏ ਬਗ਼ੈਰ ਵੱਜੇ, ਭਾਵ ਬਗ਼ੈਰ ਤਰਬਾ ਚੋਟ ਦੇ ਆਤਮਿਕ ਧੁਨਿ
ਅਨਹਤ ਗਾਐ – ਜੋ ਚੋਟ ਲਾਏ ਬਗ਼ੈਰ ਲਗਾਤਾਰ ਇਕਸਾਰ ਵੱਜਣ ਵਾਲੀ ਮਿੱਠੀ ਅਤੇ ਪਿਆਰੀ ਧੁਨਿ
ਮੇਘਾ – ਮੀਂਹ, ਬਰਖਾ * ਉਸ ਕਰਤਾਰ ਦੀ ਬਖਸ਼ਿਸ਼ ਰੂਪ ਬਰਖਾ
ਰੋਮਾਵਲੀ – ਸ੍ਰਿਸ਼ਟੀ ਦਾ ਜ਼ੱਰਾ-ਜ਼ੱਰਾ ਭਾਵ ਰੋਮ ਰੋਮ
ਉਸ ਦੀ ਬਖ਼ਸ਼ਿਸ਼ ਦਾ ਮੇਘ ਭਾਵ ਸਤਿਗੁਰ ਦੇ ਉਪਦੇਸ਼ ਦੀ ਵਰਖਾ
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ॥
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1284
ਧਨਿ – ਸਲਾਹਣ ਯੋਗ, ਤਾਰੀਫ਼ ਲਾਇਕ
ਤੂ – ਫ਼ਾਰਸੀ ਦਾ ਸ਼ਬਦ ਜਿਸ ਦੇ ਅਰਥ ਹਨ ਤੂੰ ਖ਼ੁਦ ਆਪ; ਅਕਾਲ ਪੁਰਖੁ ਨੂੰ ਸੰਬੋਧਨ ਹੈ
ਤੂ ਮਾਤਾ ਦੇਵਕੀ – ਤੂੰ ਖੁਦ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ * ਤੂੰ ਖ਼ੁਦ ਆਪਣੀ ਦੇਵਕੀ ਹੈ ਭਾਵ ਆਪਣੇ ਆਪ ਨੂੰ ਪ੍ਰਕਾਸ਼ ਕਰਨ ਵਾਲਾ ਹੈ
ਜਿਹ – ਜਿਸ ਦੇ, ਜਿਸ ਨੇ
ਗ੍ਰਿਹ – ਜਗਾ, ਰਹਿਣ ਦੀ ਥਾਂ, ਆਸਣੁ
ਪਉੜੀ॥ ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥ 1॥

ਗੁਰੂ ਗ੍ਰੰਥ ਸਾਹਿਬ, ਪੰਨਾ 463
ਰਮਈਆ – ਰਮਿਆ ਹੋਇਆ
ਕਵਲਾਪਤੀ – ਸ੍ਰਿਸ਼ਟੀ ਦਾ ਮਾਲਕ
ਬਨ – ਸਮੁੰਦਰ
ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ॥
ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 534
ਬਿਖੈ ਬਨੁ – ਵਿਸ਼ੇ ਵਿਕਾਰਾਂ ਦੇ ਜ਼ਹਿਰ ਦਾ ਸਮੁੰਦਰ
ਖੰਡ – ਖੰਡਨ
ਭਵਰੁ ਵਸੈ ਭੈ ਖੰਡਿ॥
ਗੁਰੂ ਗ੍ਰੰਥ ਸਾਹਿਬ, ਪੰਨਾ 1089
ਜਗਿਆਸੂ ਰੂਪ ਭਰਮ ਭੈ ਮਿਟਾਂਦਾ ਹੈ, ਭਾਵ ਖੰਡਨ ਕਰਕੇ ਵਸਦਾ ਹੈ
ਨੋਟ – ਇਥੇ ਵੀਚਾਰਨ ਵਾਲੀ ਗੱਲ ਹੈ ਕਿ ਜਗਿਆਸੂ ਕੀ ਹੈ? ਉਹ ਹੈ ਸਰੀਰ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਬਾਣੀ ਦਾ ਹਵਾਲਾ ਦੇ ਕੇ ਸਾਫ਼ ਅਤੇ ਸਪਸ਼ਟ ਕੀਤਾ ਹੈ ਕਿ ਸਰੀਰ ਬਿੰਦ੍ਰਾਬਨ ਹੈ। ਬਨਾਰਸ ਸ਼ਬਦ ਨੂੰ ਮਹਾਨ ਕੋਸ਼ ਵਿੱਚ ਦੇਖੋ ਤਾਂ ਇਹ ਪੜ੍ਹਨ ਨੂੰ ਮਿਲੇਗਾ: -
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸਿ ਗਾਊਂ ਰੇ॥
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ॥ 1॥
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ॥
ਸੋ ਮਿਲੈ ਜੋ ਬਡਭਾਗੋ॥ 1॥ ਰਹਾਉ॥
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ॥ 2॥ 2॥ 15॥ 66॥
ਗੁਰੂ ਗ੍ਰੰਥ ਸਾਹਿਬ, ਪੰਨਾ 338
ਇਸ ਸ਼ਬਦ ਵਿੱਚ ਗੋਪੀ ਜਗਿਆਸੂ ਹੈ, ਕ੍ਰਿਸਨ ਕਰਤਾਰ ਹੈ, ਬਨਾਰਸਿ॥ ਅੰਤਹਕਰਣ ਅਤੇ ਬਿੰਦ੍ਰਾਬਨ ਸਰੀਰ ਹੈ। -ਮਹਾਨ ਕੋਸ਼, ਪੰਨਾ 838
ਜਹ – ਫ਼ਾਰਸੀ ਦੇ ਜਹਾਂ ਤੋਂ ਹੈ ਜਿਸ ਦਾ ਮਤਲਬ ਸੰਸਾਰ ਹੈ
ਗੋ – ਸੂਰਜ
ਧਨੁ – ਗਿਆਨ
ਚਰੈ – ਚੜਨਾ
ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ॥
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1273
ਜਦੋਂ ਗਿਆਨ ਦਾ ਸੂਰਜ ਚੜ੍ਹੇ ਤਾਂ ਫਿਰ ਉਹ ਪ੍ਰਿਉ ਨਜ਼ਰ ਆਉਂਦਾ ਹੈ।
ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ॥
ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ॥ 89॥
ਗੁਰੂ ਗ੍ਰੰਥ ਸਾਹਿਬ, 1369

ਗੋਧਨ ਚਰੈ – ਗਿਆਨ ਦਾ ਸੂਰਜ ਚੜੈ
ਸੋ ਧਨ ਸ਼ਬਦ ਉਸ ਲਈ ਵਰਤਿਆ ਜਾਂਦਾ ਹੈ ਜਿਸ ਦਾ ਕੋਈ ਸਾਨੀ ਨਾਂ ਹੋਵੇ।
ਅਰਥ
ਉਹ ਰਾਮ ਜੋ ਸ੍ਵੈ-ਪ੍ਰਕਾਸ਼ਮਾਨ ਹੈ, ਉਸ ਦਾ ਕੋਈ ਸਾਨੀ ਨਹੀਂ ਹੈ। ਜਿਸ ਦੀ ਮਿਠੀ ਬੇਨ ਜੋ ਆਤਮਿਕ ਮੰਡਲ ਦੀ ਅਨਹਤ ਧੁਨਿ ਹੈ, ਜੋ ਬਗ਼ੈਰ ਚੋਟ ਕਰਨ ਦੇ (ਅਨਹਤ) ਇਕਸਾਰ ਵੱਜ ਰਹੀ ਹੈ, ਸਲਾਹਣ ਯੋਗ ਹੈ ਅਤੇ ਤਾਰੀਫ਼ ਲਾਇਕ ਹੈ। ਜਿਸ ਦਾ ਕੋਈ ਬਦਲ ਨਹੀਂ ਅਤੇ ਜਿਸ ਦਾ ਕੋਈ ਸਾਨੀ ਨਹੀਂ।
ਉਹ ਕ੍ਰਿਸ਼ਨ ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ, ਜਿਸ ਦਾ ਕੋਈ ਬਦਲ ਨਹੀਂ, ਜਿਸ ਦੀ ਓਢੈ ਕਾਂਬਲੀ ਸਾਰੇ ਬ੍ਰਹਮੰਡ ਉੱਪਰ ਪਹਿਰੀ ਹੋਈ ਹੈ। ਉਸ ਦੀ ਬਖ਼ਸ਼ਿਸ਼ ਦੇ ਦਇਆ ਰੂਪੀ ਮੇਘ ਦੀ ਜ਼ੱਰੇ-ਜ਼ੱਰੇ ਵਿੱਚ, ਕਣ-ਕਣ ਵਿੱਚ ਬਰਖ਼ਾ ਹੋ ਰਹੀ ਹੈ। ਹੇ ਅਕਾਲ ਪੁਰਖੁ, ਉਹ ਤੂੰ ਹੈਂ ਜੋ ਤੂੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈਂ।
“ਤੂ ਮਾਤਾ ਦੇਵਕੀ” ਭਾਵ ਤੂੰ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈਂ। ਤੂੰ ਆਪਣੀ ਦੇਵਕੀ, ਆਪਣੇ ਆਪ ਨੂੰ ਆਪ ਪ੍ਰਕਾਸ਼ਮਾਨ ਕਰਨ ਵਾਲਾ ਆਪ ਹੈਂ।
ਸਾਰੀ ਸ੍ਰਿਸਟੀ ਹੀ ਤੇਰਾ ਆਸਣੁ ਹੈ, ਤੂੰ ਕਣ-ਕਣ ਵਿੱਚ ਰਮਿਆ ਹੋਇਆ ਹੈਂ ਅਤੇ ਸ੍ਰਿਸਟੀ ਦਾ ਮਾਲਕ (ਕਮਲਾਪਤੀ) ਵੀ ਤੂੰ ਖ਼ੁਦ ਆਪ ਹੀ ਹੈਂ।
ਉਹ ਜਗਿਆਸੂ ਰੂਪ ਭਾਵ ਸਰੀਰ ਰੂਪੀ ਬਿੰਦ੍ਰਾਬਨ ਵਿੱਚ ਨਹੀਂ ਖੇਡਦਾ ਅਤੇ ਉਹ ਧੰਨ ਹੈ, ਤਾਰੀਫ਼ ਲਾਇਕ ਹੈ। ਉਹ ਬਨਖੰਡ ਵਿਕਾਰਾਂ ਰੂਪੀ ਜੰਗਲ ਖੰਡ ਨੂੰ ਖੰਡਨ ਕਰਨ ਵਾਲਾ ਹੈ। ਸਾਰੇ ਸੰਸਾਰ ਵਿੱਚ ਉਸ ਦਾ ਖੇਲ ਹੈ, ਅਤੇ ਜੋ ਰਮਿਆ ਹੋਇਆ ਹੈ। ਜਿਸ ਦੀ ਮਿੱਠੀ ਆਤਮਿਕ ਗਿਆਨ ਮੰਡਲ ਦੇ ਸੰਗੀਤ ਦੀ ਧੁਨਿ ਰੂਪੀ ਬੇਨ ਨਾਲ ਗਿਆਨ ਪ੍ਰਕਾਸ਼ ਹੁੰਦਾ ਹੈ, ਭਾਵ ਆਤਮਕ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹੁੰਦਾ ਹੈ।
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1273
ਸੂਰਜ ਚਰ੍ਹੈ ਭਾਵ ਜਿਸ ਨੂੰ ਉਸ ਪ੍ਰਿਉ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਦੇ ਆਤਮਿਕ ਗਿਆਨ ਦੇ ਸੰਗੀਤ ਮੰਡਲ ਦੀ ਬੇਨ ਦੀ ਧੁਨਿ ਸੁਣਾਈ ਦੇਵੇ, ਉਸ ਨੂੰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਉਸ ਨੂੰ ਆਪਣੇ ਆਪ ਤੋਂ ਜੋ। ਪ੍ਰਕਾਸ਼ਮਾਨ ਵਾਹਿਗੁਰੂ ਹੈ, ਨਜ਼ਰ ਆਉਂਦਾ ਹੈ।
ਉਹੀ ਨਾਮਦੇਵ ਦਾ ਸਵਾਮੀ ਹੈ, ਉਹ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜੋ ‘ਅਨੰਦ ਕਰੈ’ ਭਾਵ ਬਖ਼ਸ਼ਿਸ਼ ਕਰਨ ਵਾਲਾ ਹੈ ਅਤੇ ਕਿਸੇ ਜ਼ਾਤ-ਪਾਤ, ਰੰਗ-ਨਸਲ, ਊਚ-ਨੀਚ ਦੇ ਭੇਦ ਭਾਵ ਬਗ਼ੈਰ, ਸਭ ਉਸ ਦੀ ਬਖ਼ਸ਼ਿਸ਼ ਦੇ ਪਾਤਰ ਬਣ ਸਕਦੇ ਹਨ।
ਜਉ ਗੁਰਦੇਉ ਤ ਛਾਪਰਿ ਛਾਈ॥
ਜਉ ਗੁਰਦੇਉ ਸਿਹਜ ਨਿਕਸਾਈ॥ 6॥
ਗੁਰੂ ਗ੍ਰੰਥ ਸਾਹਿਬ, ਪੰਨਾ 1167

“ਸੁਲਤਾਨੁ ਪੂਛੈ ਸੁਨੁ ਬੇਨਾਮਾ॥” ਵਾਲੇ ਸਬਦ ਦੀ ਵੀਚਾਰ ਤੋਂ ਬਾਅਦ ਜੇਕਰ “ਜਉ ਗੁਰਦੇਉ ਸਿਹਜ ਨਿਕਸਾਈ॥ 6॥” ਵਾਲੇ ਸ਼ਬਦ ਉੱਪਰ ਵੀ ਗੁਰਮਤਿ ਦ੍ਰਿਸਟੀਕੋਣ ਅਨੁਸਾਰ ਵੀਚਾਰ ਨਹੀਂ ਕਰਦੇ ਤਾਂ ਉਥੇ ਫਿਰ ਕਰਮਕਾਂਡੀ ਵੀਚਾਰਧਾਰਾ ਪਿੱਛਾ ਨਹੀਂ ਛੱਡਦੀ। ਇਸ ਸ਼ਬਦ ਉੱਪਰ ਵੀ ਆਉ ਗੁਰਮਤਿ ਵੀਚਾਰਧਾਰਾ ਅਨੁਸਾਰ ਵੀਚਾਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਕਰਮਕਾਂਡੀ ਵੀਚਾਰਧਾਰਾ ਤੋਂ ਮੁਕਤ ਹੋ ਸਕੀਏ। ਗੁਰਮਤਿ ਦਾ ਅੰਸ ਸਾਹਮਣੇ ਆਉਣ ਤੇ ਹੀ ਅਜਿਹਾ ਸੰਭਵ ਹੈ।
“ਸੁਲਤਾਨੁ ਪੂਛੈ ਸੁਨੁ ਬੇਨਾਮਾ॥” ਨਾਮਦੇਵ ਜੀ ਹੋਰਾ ਵਲੋਂ ਉਚਾਰਨ ਜੋ ਸ਼ਬਦ ਹੈ, ਉਸ ਵਿੱਚ ਮਹੁੰਮਦ ਬਿਨ ਤੁਗ਼ਲਕ ਦਾ ਜੋ ਕਰਮਕਾਂਡੀ ਕਿੱਸਾ ਜੋੜਿਆ ਗਿਆ ਸੀ, ਉਸ ਦੀ ਅਸਲੀਅਤ ਆਪਾਂ ਗੁਰਮਤਿ ਕਸਵੱਟੀ ਉੱਪਰ ਬਿਆਨ ਕਰ ਚੁੱਕੇ ਹਾਂ। “ਜਉ ਗੁਰਦੇਉ ਸਿਹਜ ਨਿਕਸਾਈ॥ 6॥” ਵਾਲੇ ਸ਼ਬਦ ਨਾਲ ਇਹ ਕਰਮਕਾਂਡੀ ਕਹਾਣੀ ਜੋੜੀ ਜਾਂਦੀ ਹੈ ਕਿ ਗਊ ਜੀਵਾਲਣ ਤੋਂ ਬਾਅਦ ਨਾਮਦੇਵ ਜੀ ਨੂੰ ਮੁਹੰਮਦ ਬਿਨ ਤੁਗ਼ਲਕ ਵਲੋਂ ਮੰਜੀ ਤੋਹਫ਼ੇ ਵਜੋਂ ਦਿੱਤੀ ਗਈ ਸੀ, ਅਤੇ ਨਾਮਦੇਵ ਜੀ ਨੇ ਉਹ ਮੰਜੀ ਦਰਿਆ ਵਿੱਚ ਸੁੱਟ ਦਿਤੀ। ਬਾਦਸ਼ਾਹ ਨੂੰ ਖ਼ਬਰ ਮਿਲਣ ਤੇ ਬਾਦਸ਼ਾਹ ਨੇ ਆਪਣੀ ਤੌਹੀਨ ਸਮਝ ਕੇ ਮੰਜੀ ਵਾਪਸ ਮੰਗ ਲਈ ਅਤੇ ਨਾਮਦੇਵ ਜੀ ਨੇ ਬਾਦਸਾਹ ਦੇ ਡਰ ਦੇਣ ਕਰਕੇ ਮੰਜੀ ਦਰਿਆ ਵਿੱਚੋਂ ਕੱਢ ਦਿੱਤੀ। ਇਥੇ ਭਗਤ ਨਾਮਦੇਵ ਜੀ ਨੂੰ ਕਰਮਕਾਂਡੀ ਵਿਚਾਰਧਾਰਾ ਵਾਲਿਆਂ ਵਲੋਂ ਡਰਪੋਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲੇ ਹੋਰ ਗੱਲ ਇਹ ਹੈ ਕਿ ਇਨ੍ਹਾਂ ਕਰਮਕਾਂਡੀ ਕਹਾਣੀਆਂ ਦੀ ਆਪਸ ਵਿੱਚ ਗੱਲ ਨਹੀਂ ਰਲਦੀ। “ਸੁਲਤਾਨੁ ਪੂਛੈ” ਵਾਲੇ ਸ਼ਬਦ ਅੰਦਰ ਆਪਾਂ ਪਰਚੱਲਤ ਵਿਆਖਿਆ ਵਾਲੀ ਕਹਾਣੀ ਵਿੱਚ ਇਹ ਕਿਤੇ ਨਹੀਂ ਪੜ੍ਹਿਆ ਕਿ ਭਗਤ ਨਾਮਦੇਵ ਜੀ ਨੂੰ ਮੰਜੀ ਤੋਹਫ਼ੇ ਵਜੋਂ ਮਿਲੀ ਹੋਵੇ ਜਾਂ ਮਿਲੀ ਸੀ। ਦੂਸਰੀ ਗੱਲ ਇਹ ਹੈ ਕਿ ਪਹਿਲਾਂ ਤੁਗ਼ਲਕ ਡਰ ਗਿਆ ਪਰ ਫਿਰ ਸ਼ੇਰ ਬਣ ਗਿਆ? ਤੀਜੀ ਗੱਲ ਇਹ ਹੈ ਕਿ ਨਾਮਦੇਵ ਜੀ ਇਤਨੇ ਵੱਡੇ ਤੇ ਮਹਾਨ ਕ੍ਰਾਂਤੀਕਾਰੀ ਹੋਏ ਹਨ, ਉਨ੍ਹਾਂ ਨੇ ਕਦੇ ਅਕਾਲ ਪੁਰਖੁ ਤੋਂ ਬਗ਼ੈਰ ਹੋਰ ਕਿਸੇ ਦਾ ਭੈ ਨਹੀਂ ਮੰਨਿਆ। ਉਨ੍ਹਾਂ ਨੇ ਲਲਕਾਰ ਕੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਿਹਾ ਹੈ।
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ ਰਹਾਉ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥ 1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥ 2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥ 3॥
ਹਿੰਦੂ ਅੰਨਾੑ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ 4॥ 3॥ 7॥
ਗੁਰੂ ਗ੍ਰੰਥ ਸਾਹਿਬ, ਪੰਨਾ 874

ਕੀ ਨਾਮਦੇਵ ਜੀ ਕਿਸੇ ਦਾ ਭੈ ਮੰਨਣ ਵਾਲੇ ਹਨ ਜਾਂ ਸਿਰਫ ਵਾਹਿਗੁਰੂ ਦਾ ਭੈ ਮੰਨਣ ਵਾਲੇ ਹਨ, ਉੱਪਰਲੇ ਸ਼ਬਦ ਤੋਂ ਸਪਸ਼ਟ ਹੋ ਜਾਂਦਾ ਹੈ। ਇਸ ਕਰਕੇ ਕਰਮਕਾਂਡੀ ਕਹਾਣੀਆਂ ਦਾ ਗੁਰਮਤਿ ਮੋਹਰੇ ਕੋਈ ਵਜੂਦ ਨਹੀਂ ਹੈ।
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1159
ਪੱਥਰ ਉੱਪਰ ਲਕੀਰ ਭਾਵ ਨਾਂ ਮਿਟਣ ਵਾਲੀ ਲੀਕ ਖਿੱਚੀ ਹੈ ਗੁਰਮਤਿ ਨੇ। ਕਰਮਕਾਂਡੀ ਕਹਾਣੀਆਂ ਨੂੰ ਨਿਖੇੜਨ ਲਈ ਉੱਪਰ ਲਿਖੀ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਪੰਗਤੀ ਸਾਰਾ ਕੂੜ ਕਬਾੜ ਰੱਦ ਕਰਦੀ ਹੈ। ਸੋ ਇਸ ਸ਼ਬਦ ਨੂੰ ਗੁਰਮਤਿ ਅਨੁਸਾਰ ਸਮਝਣ ਦੀ ਲੋੜ ਹੈ, ਆਓ ਕੋਸ਼ਿਸ਼ ਕਰੀਏ।
ਬਲਦੇਵ ਸਿੰਘ ਟੋਰਾਂਟੋ
.