.

ੴ ਸਤਿ ਗੁਰ ਪ੍ਰਸਾਦਿ
* ਭਗਉਤੀ *

ਅਖੌਤੀ ਦਸਮ ਗ੍ਰੰਥ ਵਿੱਚ ਇੱਕ ਰਚਨਾ ਹੈ, ਉਪਰ ਵੱਡਾ ਸਿਰਲੇਖ ਹੈ, (ਵਾਰ ਸ੍ਰੀ ਭਗਉਤੀ ਜੀ ਕੀ), ਹੇਠਾਂ ਛੋਟਾ ਸਿਰਲੇਖ ਹੈ, (ਚੰਡੀ ਦੀ ਵਾਰ) ਇਸ ਪਿਛੋਂ ਇੱਕ ਲਾਈਨ ਹੈ, (ਸ੍ਰੀ ਭਗਉਤੀ ਜੀ ਸਹਾਇ) ਅਤੇ ਆਖਰ ਵਿੱਚ ਹੈ (ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਿਸ਼ਾਹੀ ੧੦॥) ਫਿਰ ਸ਼ੁਰੂ ਹੁੰਦੀ ਹੈ ਵਾਰ।
ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਭਗਉਤੀ ਦਾ ਅਰਥ, ਕਰਤਾਰ ਦਾ ਉਪਾਸ਼ਕ, ਦੁਰਗਾ ਦੇਵੀ, ਸ੍ਰੀ ਸਾਹਿਬ, ਖੜਗ, ਤਲਵਾਰ, ਮਹਾਂ ਕਾਲ ਅਤੇ ਇੱਕ ਛੰਦ ਵਜੋਂ ਹੈ।
ਵਿਚਾਰ ਦਾ ਵਿਸ਼ਾ ਹੈ ਕਿ ਇਸ, ਵਾਰ ਸ੍ਰੀ ਭਗਉਤੀ ਜੀ ਕੀ, ਵਿੱਚ ਜਿਸ ਭਗਉਤੀ ਨੂੰ ਸਹਾਇਤਾ ਲਈ ਅਰਜ਼ੋਈ ਕੀਤੀ ਗਈ ਹੈ, (ਸ੍ਰੀ ਭਗਉਤੀ ਜੀ ਸਹਾਇ) ਉਹ ਕੀ ਹੈ? ਵੈਸੇ ਤਾਂ ਛੋਟਾ ਸਿਰਲੇਖ (ਚੰਡੀ ਦੀ ਵਾਰ) ਕਾਫੀ ਕੁੱਝ ਇਸ਼ਾਰਾ ਕਰਦਾ ਹੈ, ਪਰ ਸਿੱਖੀ ਨੂੰ ਪੁਜਾਰੀਵਾਦ ਦਾ ਦੁਬੇਲ ਬਨਾਉਣ ਦੇ ਚਾਹਵਾਨ, ਜੋ ਭਗਉਤੀ ਨੂੰ ਹੀ ਵਾਹਿਗੁਰੂ ਬਣਾ ਰਹੇ ਹਨ, ਅਤੇ ਝੂਠ ਦੀ ਪੰਡ ਨੂੰ ਲੁਕੋਣ ਲਈ, ਦਸਮ ਪਾਤਸ਼ਾਹ, ਦਸਵੇਂ ਨਾਨਕ ਜੀ ਨਾਲ ਵੀ ਦਗਾ ਕਰ ਰਹੇ ਹਨ, ਮਾਰਕੰਡਯ ਪੁਰਾਣ ਦੀ ਰਚਨਾ ਨੂੰ ਪਾਤਿਸ਼ਾਹੀ ੧੦ ਦੇ ਲਫਜ਼ਾਂ ਵਿੱਚ ਲਪੇਟ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਝੂਠ ਦਾ ਏਡਾ ਵੱਡਾ ਅਡੰਬਰ ਖੜਾ ਕੀਤਾ ਹੋਇਆ ਹੈ ਕਿ ਆਮ ਸਿੱਖ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਕਿ ਕੀ ਕਰਨ, ਇਸ ਲਈ ਵਿਚਾਰ ਪੂਰੀ ਤਸੱਲੀ ਨਾਲ ਕੀਤਾ ਜਾਵੇਗਾ, ਅਸਲ ਨਿਰਣਾ ਰਚਨਾ ਦੇ ਆਧਾਰ ਤੇ ਕਰਨਾ ਬਣਦਾ ਹੈ, ਤਾਂ ਜੋ ਆਮ ਸਿੱਖ ਦੀ ਸਮਝ ਵਿੱਚ ਗੱਲ ਆ ਸਕੇ। ਆਉ ਵਿਚਾਰ ਵੇਖੀਏ:
ਪਹਿਲਾਂ, ਕਵੀ, ਪ੍ਰਭੂ ਦੀ ਮਹਿਮਾ ਕਰ ਕੇ ਵਾਰ ਦਾ ਆਰੰਭ ਕਰਦਾ ਹੈ,
ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ।
ਖੰਡੇ ਦਾ ਅਰਥ ਹੈ ਖੰਡ ਖੰਡ ਕਰਨ ਵਾਲਾ, ਟੀਕਾ ਕਾਰ ਅਨੁਸਾਰ ਖੰਡੇ ਦਾ ਅਰਥ ਹੈ ਮਾਇਆ, ਕਿਉਂਕਿ ਸ੍ਰਿਸ਼ਟੀ ਵਿੱਚ ਮਾਇਆ ਦਾ ਕੰਮ ਵੀ ਖੰਡ ਖੰਡ ਕਰਨਾ ਹੈ। ਫਿਰ ਪਰਮਾਤਮਾ ਨੇ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ (ਸ਼ਿਵ ਜੀ) ਬਣਾ ਕੇ ਕੁਦਰਤ ਦੀ ਖੇਡ ਸ਼ੁਰੂ ਕੀਤੀ। (ਜੋ ਕਿ ਸਰਾਸਰ ਹਿੰਦੂ ਮਤ ਦਾ ਸਿਧਾਂਤ ਹੈ) ਗੁਰਮਤ ਦਾ ਸਿਧਾਂਤ ਹੈ:
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ॥ (੪੭੫)
ਇਸ ਮਗਰੋਂ ਸਮੁੰਦਰ, ਪਹਾੜ, ਧਰਤੀ ਆਦਿ ਉਤਪੰਨ ਕੀਤੇ, ਫਿਰ ਦੇਵਤੇ ਅਤੇ ਦੈਂਤ ਬਣਾਏ। ਉਨ੍ਹਾਂ ਵਿੱਚ ਲੜਾਈ ਝਗੜਾ ਖੜਾ ਕਰ ਦਿੱਤਾ। ਫਿਰ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਵਾਇਆ। ਇਹ ਵੀ ਸਾਰਾ ਹਿੰਦੂ ਮਤ ਦਾ ਸਿਧਾਂਤ ਹੈ ਗੁਰਮਤ ਸਿਧਾਂਤ ਅਨੁਸਾਰ ਤਾਂ:
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (੩)
ਇਵੇਂ ਸਤਿਯੁਗ ਬੀਤ ਗਇਆ ਅਤੇ ਤ੍ਰੇਤਾ ਯੁਗ ਆ ਗਇਆ। ਇਹ ਵੀ ਹਿੰਦੁ ਮਤ ਦਾ ਸਿਧਾਂਤ ਹੈ। ਗੁਰਮਤ ਤਾਂ ਸੇਧ ਦਿੰਦੀ ਹੈ:
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ (੯੦੨)

ਇਸ ਰਚਨਾ ਅਨੁਸਾਰ:
ਨੱਚੀ ਕਲ ਸਰੋ ਸਰੀ ਕਲ ਨਾਰਦ ਡਉਰੂ ਵਾਇਆ।
ਟੀਕਾ ਕਾਰ ਅਨੁਸਾਰ, ਨਾਰਦ ਮੁਨੀ ਦੀ ਇਸਤ੍ਰੀ ਕਲ, ਸਭ ਦੇ ਸਿਰ ਚੜ੍ਹ ਕੇ ਨੱਚਣ ਲੱਗੀ, ਅਤੇ ਨਾਰਦ ਮੁਨੀ ਨੇ, ਇਸ ਨਾਚ ਨੂੰ ਤੇਜ ਕਰਨ ਲਈ, ਅਪਣਾ ਡਉਰੂ ਵਜਾਇਆ। ਇਸ ਪਿਛੋਂ ਪਰਮਾਤਮਾ ਨੈ ਦੇਵਤਿਆਂ ਦਾ ਹੰਕਾਰ ਦੂਰ ਕਰਨ ਲਈ, ਮਹਿਖਾਸੁਰ ਨਾਮ ਦਾ ਦੈਂਤ ਪੈਦਾ ਕੀਤਾ, ਜਿਸ ਨੇ ਦੇਵਤਿਆਂ ਨੂੰ ਜਿੱਤ ਕੇ, ਤਿੰਨਾਂ ਲੋਕਾਂ ਤੇ ਰਾਜ ਕੀਤਾ। ਉਸ ਨੇ ਇੰਦਰ ਨੂੰ ਸਵਰਗ ਵਿਚੋਂ ਕੱਢ ਦਿੱਤਾ, ਇੰਦਰ ਭੱਜ ਕੇ, ਸ਼ਿਵ ਜੀ ਦੇ ਨਿਵਾਸ ਅਸਥਾਨ, ਕੈਲਾਸ਼ ਪਰਬਤ ਤੇ ਜਾ ਕੇ ਦਿਨ ਗੁਜ਼ਾਰਨ ਲੱਗਾ। (ਇਸ ਵਿੱਚ ਕੁੱਝ ਵੀ ਗੁਰਮਤ ਅਨੁਸਾਰ ਨਹੀਂ ਹੈ)
ਇੱਕ ਦਿਨ ਜਦ ਦੁਰਗਾ ਦੇਵੀ, ਨਦੀ ਤੇ ਅਸ਼ਨਾਨ ਕਰਨ ਆਈ ਤਾਂ, ਇੰਦਰ ਨੇ ਚੰਗਾ ਸਮਾ ਜਾਣ ਕੇ, ਅਪਣਾ ਦੁੱਖ ਦੁਰਗਾ ਦੇਵੀ ਨੂੰ ਸੁਣਾਇਆ। ਦੁਰਗਾ ਦੇਵੀ ਨੇ ਅਪਣਾ, ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾਇਆ, ਅਤੇ ਉਸ ਤੇ ਸਵਾਰ ਹੋ ਕੇ ਦੈਂਤਾਂ ਨੂੰ ਮਾਰਨ ਤੁਰ ਪਈ। ਇਸ ਪਿਛੋਂ ਇਹ ਸਾਰੀ ਵਾਰ, ਸਪੱਸ਼ਟ ਤੌਰ ਤੇ ਦੁਰਗਾ ਦੇਵੀ ਦੀ ਹੈ, ਜਿਸ ਵਿੱਚ ਉਸ ਨੂੰ ਕਿਤੇ ਚੰਡਕਾ, ਕਿਤੇ ਚੰਡ, ਕਿਤੇ ਚੰਡਿ, ਕਿਤੇ ਭਵਾਨੀ, ਕਿਤੇ ਰਣ ਚੰਡੀ, ਕਿਤੇ ਕਾਲੀ ਦੇਵੀ, ਕਿਤੇ ਦੇਵਤਾ, ਕਿਤੇ ਕਾਲਕਾ, ਕਿਤੇ ਨੰਦਾ, ਕਿਤੇ ਦੁਰਗਸ਼ਾਹ, ਪਰ ਬਹੁਤੀ ਵਾਰੀ ਦੁਰਗਾ ਹੀ ਲਿਖਿਆ ਹੈ।
ਇਸ ਵਾਰ ਵਿਚੋਂ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ।
੧. ਇਕ ਪਾਤ੍ਰ ਸਿਰਜਿਆ ਗਇਆ ਹੈ, ਸ੍ਰਣਵਤ ਬੀਜ। ਜਿਸ ਦੇ ਲੜਾਈ ਵਿੱਚ ਜਿੰਨੇ ਵੀ ਤੁਪਕੇ ਲਹੂ ਦੇ ਧਰਤੀ ਤੇ ਡਿਗਦੇ ਹਨ, ਉਤਨੇ ਹੀ ਹੋਰ ਸ੍ਰਣਵਤ ਬੀਜ, ਜਵਾਨ ਹੋ ਕੇ, ਲੜਨ ਲਈ ਖੜੇ ਹੋ ਜਾਂਦੇ ਹਨ। ਜੋ ਗਪੌੜੇ ਤੋਂ ਵੱਧ ਕੁੱਝ ਵੀ ਨਹੀਂ ਹੋ ਸਕਦਾ, ਪਰ ਹਿੰਦੂ ਮਿਥਿਹਾਸ ਵਿੱਚ ਅਜਿਹੇ ਹੋਰ ਬਹੁਤ ਸਾਰੇ, ਕਲਪਨਾ ਤੋਂ ਪਰੇ ਦੇ ਪਾਤ੍ਰ ਮਿਲ ਜਾਂਦੇ ਹਨ।
੨. ਇੱਕ ਥਾਂ ਜ਼ਿਕਰ ਹੈ ਕਿ, ਲੜਾਈ ਵਿਚ, ਦੁਰਗਾ ਨੇ ਮਹਿਖੇ ਦੈਂਤ ਦੇ ਸਿਰ ਵਿੱਚ ਤਲਵਾਰ ਮਾਰੀ, ਜੋ ਮਹਿਖੇ ਦੈਂਤ ਨੂੰ ਚੀਰਦੀ ਘੋੜੇ, ਕਾਠੀ ਅਤੇ ਤਾਹਰੂ ਨੂੰ ਕੱਟਦੀ, ਧਰਤੀ ਨਾਲ ਟਕਰਾਈ, ਧਰਤੀ ਨੂੰ ਚੀਰਦੀ ਹੋਈ, ਧਰਤੀ ਨੂੰ ਚੁਕਣ ਵਾਲੇ ਬਲਦ ਦੇ ਸਿੰਗਾਂ ਵਿੱਚ ਵੱਜੀ, ਉਸ ਨੂੰ ਚੀਰਦੀ ਹੋਈ ਕੱਛੂ ਦੇ ਸਿਰ ਤੇ ਜਾ ਲੱਗੀ।
ਕੀ ਇਸ ਵਿੱਚ ਕੁੱਝ ਵੀ ਸਿੱਖੀ ਸਿਧਾਂਤ ਅਨੁਸਾਰ ਹੈ? ਇਸੇ ਵਾਰ ਦੀ ਵਕਾਲਤ ਕਰਨ ਵਾਲੇ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸਿੰਘਾਂ ਵਿੱਚ ਜੋਸ਼ ਭਰਨ ਲਈ, ਇਸ ਵਾਰ ਦੀ ਰਚਨਾ ਕੀਤੀ। ਕੀ ਅਜਿਹੇ, ਬਿਨਾ ਸਿਰ ਪੈਰ ਦੇ ਗਪੌੜਿਆਂ ਨਾਲ ਯੋਧਿਆਂ ਵਿੱਚ ਅਣਖ ਪੈਦਾ ਹੁੰਦੀ ਹੈ? ਜੇ ਅਜਿਹਾ ਹੈ ਤਾਂ ਅੱਜ ਕਲ ਦੀਆਂ ਸਟੰਟ ਫਿਲਮਾਂ, ਇਸ ਨਾਲੋਂ ਬਹੁਤ ਵਧੀਆ ਕੰਮ ਕਰ ਸਕਦੀਆਂ ਹਨ, ਪਰ ਅਣਖ, ਸਵੈਮਾਨ ਦਾ ਸਬੰਧ ਸੱਚ ਨਾਲ ਹੁੰਦਾ ਹੈ, ਨਾਟਕ ਬਾਜੀਆਂ ਨਾਲ ਨਹੀਂ। ਇਹ ਕੇਵਲ਼ ਬੇਵਕੂਫ ਬਨਣ ਦਾ ਸਾਧਨ ਹੈ? ਸਾਰੀ ਵਾਰ ਵਿੱਚ ਸਿਰਫ ਇੱਕ ਵਾਰੀ ਲਫਜ਼ ਭਗਉਤੀ ਆਇਆ ਹੈ, ਪਰ ਉਹ ਤਲਵਾਰ ਲਈ ਵਰਤਿਆ ਗਇਆ ਹੈ:
ਲਈ ਭਗਉਤੀ ਦੁਰਗਸ਼ਾਹ ਵਰ ਜਾਗਣ ਭਾਰੀ।
ਇਸ ਵਾਰ ਦੀ ਆਰੰਭਤਾ (ਵਾਰ ਸ੍ਰੀ ਭਗਉਤੀ ਜੀ ਕੀ) ਤੋਂ ਹੁੰਦੀ ਹੈ, ਅਤੇ ਅੰਤ ਇਨ੍ਹਾਂ ਲਫਜ਼ਾਂ ਨਾਲ ਹੁੰਦਾ ਹੈ:
ਦੁਰਗਾ ਪਾਠ ਬਣਾਇਆ ਸਭੈ ਪੌੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।
ਮਤਲਬ ਸਾਫ ਹੈ, ਪਰ ਫਿਰ ਵੀ ਟੀਕਾ ਕਾਰ ਵੀਰ ਦੇ ਲਫਜ਼ ਇਹ ਹਨ, ਦੁਰਗਾ ਦੀ ਇਸ ਜਿੱਤ ਦਾ ਜੱਸ ਅਸੀਂ ਪੌੜੀਆਂ ਵਿੱਚ ਰਚਿਆ ਹੈ, ਜਿਸ ਮਨੁੱਖ ਨੇ ਇਸ ਜੱਸ ਮਈ ਵਾਰ ਨੂੰ ਗਾਇਆ ਹੈ, ਉਹ ਫਿਰ ਜਨਮ ਵਿੱਚ ਨਹੀਂ ਆਇਆ, ਭਾਵ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਗਇਆ। (ਜੇ ਇਹ ਵਾਰ ਦਸਵੇਂ ਨਾਨਕ ਜੀ ਦੀ ਲਿਖੀ ਹੋਈ ਹੈ, ਅਤੇ ਇਸ ਦੇ ਗਾਉਣ ਮਾਤ੍ਰ ਨਾਲ ਬੰਦਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ, ਤਾਂ ਦਸਵੇਂ ਨਾਨਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਕੀ ਲੋੜ ਸੀ? ਇਸ ਵਾਰ ਨੂੰ ਗੁਰਤਾ ਗੱਦੀ ਦਿੰਦੇ, ਪੁਜਾਰੀ ਵੀ ਖੁਸ਼ ਹੋ ਜਾਂਦੇ ਅਤੇ ਉਨ੍ਹਾਂ ਦੇ ਪਿਛਲੱਗ ਵੀ।)
ਇਸ ਵਿਚਾਰ ਦਾ ਸਪੱਸ਼ਟ ਸਿੱਟਾ ਨਿਕਲਦਾ ਹੈ ਕਿ ਜਿਸ ਭਗਉਤੀ ਦੀ ਇਹ ਵਾਰ ਹੈ, ਜਿਸ ਕੋਲੋਂ ਸਹਾਇਤਾ ਮੰਗੀ ਗਈ ਹੈ, ਉਹ ਹੋਰ ਕੋਈ ਨਹੀਂ, ਸਿਰਫ ਤੇ ਸਿਰਫ ਦੇਵੀ ਦੁਰਗਾ ਹੀ ਹੈ। ਉਸਦੇ ਹੀ ਨਾਮ ਭਗਉਤੀ, ਚੰਡੀ, ਕਾਲੀ, ਭਵਾਨੀ, ਸ਼ਿਵਾ, ਨੰਦਾ, ਕਾਲਕਾ ਆਦਿ ਵੀ ਹਨ।
ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ, ਭਗਉਤੀ, ਇੱਕ ਫਿਰਕਾ ਹੈ। ਇਹ ਲੋਕ ਵਿਸ਼ਨੂ ਦੇ ਅਵਤਾਰ ਕ੍ਰਿਸ਼ਨ ਆਦਿ ਦੀ ਪੂਜਾ ਵਿੱਚ ਲੱਗੇ ਰਹਿੰਦੇ ਹਨ, ਰਾਸਾਂ ਪਾਉਣੀਆਂ ਅਤੇ ਨੱਚਣ ਕੁੱਦਣ ਨੂੰ ਹੀ ਭਗਤੀ ਦਾ ਸਰਵੋਤਮ ਸਾਧਨ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਬਾਰੇ ਦੱਸਿਆ ਹੈ,
ਭਗਉਤੀ ਰਹਤ ਜੁਗਤਾ॥ (੭੧)
ਵੈਸ਼ਨਵ ਭਗਤ, ਭਗਉਤੀ, ਵਰਤ, ਤੁਲਸੀ ਮਾਲਾ ਆਦਿ ਸੰਜਮ ਦੀ ਜੁਗਤ ਵਿੱਚ ਹੀ ਲੱਗੇ ਰਹਿੰਦੇ ਹਨ। ਅਤੇ
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥ ਪੂਜਾ ਕਰਹਿ ਬਹੁਤੁ ਬਿਸਥਾਰਾ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ॥ ਅੰਤਰ ਕੀ ਮਲੁ ਕਬ ਹੀ ਨ ਜਾਏ॥ ੧॥
ਇਤੁ ਸੰਜਮਿ ਪ੍ਰਭੁ ਕਿਨ ਹੀ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ ੧॥ ਰਹਾਉ॥
ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥
ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ ੨॥
ਘੂਘਰ ਬਾਧਿ ਬਜਾਵਹਿ ਤਾਲਾ॥ ਅੰਤਰਿ ਕਪਟੁ ਫਿਰਹਿ ਬੇਤਾਲਾ॥
ਵਰਮੀ ਮਾਰੀ ਸਾਪੁ ਨ ਮੂਆ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ॥ ੩॥

ਹੇ ਭਾਈ ਜੇ ਲੋਕਾਂ ਦੇ ਮਨ ਵਿੱਚ ਤਾਂ ਕ੍ਰੋਧ ਟਿਕਿਆਂ ਰਹੇ, ਬਲੀ ਅਹੰਕਾਰ ਵੱਸਿਆ ਰਹੇ, ਪਰ ਉਹ ਧਾਰਮਿਕ ਰਸਮਾਂ ਦੇ ਬਹੁਤ ਖਿਲਾਰੇ ਖਿਲਾਰ ਕੈ ਪੂਜਾ ਕਰਦੇ ਰਹਿਣ, ਤੀਰਥਾਂ ਤੇ ਇਸ਼ਨਾਨ ਕਰ ਕੇ ਸਰੀਰ ਉੱਤੇ, ਧਾਰਮਿਕ ਨਿਸ਼ਾਨ ਵੀ ਬਨਾਉਣ, ਪਰ ਇਸ ਤਰ੍ਹਾਂ ਮਨ ਦੀ ਮੈਲ਼ ਕਦੀ ਵੀ ਦੂਰ ਨਹੀਂ ਹੁੰਦੀ।
ਜੇ ਮਨ ਤਾਂ ਮਾਇਆ ਦੇ ਮੋਹ ਵਿੱਚ ਫਸਿਆ ਹੈ, ਪਰ ਵਿਸ਼ਨੂ ਭਗਤੀ ਦੇ ਨਿਸ਼ਾਨ ਸਰੀਰ ਤੇ ਬਣਾ ਲਏ ਜਾਣ ਤਾਂ ਪ੍ਰਭੂ ਦੇ ਮਿਲਾਪ ਦਾ ਇਹ ਠੀਕ ਢੰਗ ਨਹੀਂ ਹੈ, ਇਸ ਢੰਗ ਨਾਲ ਕਿਸੇ ਨੇ ਪ੍ਰਭੂ ਮਿਲਾਪ ਹਾਸਿਲ ਨਹੀਂ ਕੀਤਾ।
ਜਿਹੜੇ ਮਨੂੱਖ, ਪੰਜਾਂ ਦੇ ਵੱਸ ਵਿੱਚ ਰਹਿ ਕੇ ਪਾਪ ਕਰਦੇ ਰਹਿੰਦੇ ਹਨ, ਫਿਰ ਕਿਸੇ ਤੀਰਥ ਉਤੇ ਇਸ਼ਨਾਨ ਕਰ ਕੇ ਸੋਚਦੇ ਹਨ ਕਿ ਪਿਛਲੇ ਸਾਰੇ ਪਾਪ ਲਹਿ ਗਏ ਹਨ, ਅਤੇ ਨਿਸ਼ੰਗ ਹੋ, ਬੇਝਿਜਕ ਉਹੀ ਪਾਪ ਫਿਰ ਕਰਦੇ ਰਹਿੰਦੇ ਹਨ, ਤੀਰਥ ਇਸ਼ਨਾਨ ਉਨ੍ਹਾਂ ਨੂੰ ਲੇਖਾ ਦੇਣ ਤੋਂ ਬਚਾ ਨਹੀਂ ਸਕਦਾ। ਕੀਤੇ ਪਾਪਾਂ ਕਾਰਨ ਉਨ੍ਹਾਂ ਨੂੰ ਜਮਾਂ (ਲੇਖਾ ਲੈਣ ਵਾਲਿਆਂ) ਦੇ ਪੇਸ਼ ਕੀਤਾ ਜਾਂਦਾ ਹੈ।
ਜੋ ਘੁੰਗਰੂ ਬੰਨ੍ਹ ਕੇ ਰਾਸਾਂ ਵਿੱਚ ਜਾਂ ਮੂਰਤੀਆਂ ਅੱਗੇ ਤਾਂ ਤਾਲ ਨਾਲ ਨੱਚਦੇ ਹਨ, ਪਰ ਮਨ ਵਿਚਲੇ ਠੱਗੀ ਫਰੇਬ ਕਾਰਨ ਜਿਨ੍ਹਾਂ ਦਾ ਅਪਣਾ ਜੀਵਨ ਬੇਤਾਲਾ, ਬਿਨਾ ਸੁਰ ਦੇ ਹੋ ਰਿਹਾ ਹੈ। ਜਿਵੇਂ ਸੱਪ ਦੀ ਖੁੱਡ ਬੰਦ ਕਰ ਦੇਣ ਨਾਲ, ਉਸ ਵਿੱਚ ਰਹਿਣ ਵਾਲਾ ਸੱਪ ਨਹੀਂ ਮਰ ਜਾਂਦਾ, ਉਸੇ ਤਰ੍ਹਾਂ ਵਿਖਾਵੇ ਕਰਨ ਨਾਲ, ਮਨ ਵਿਚਲੀਆਂ ਤ੍ਰਿਸ਼ਨਾਵਾਂ ਨਹੀਂ ਮਰਦੀਆਂ, ਅਤੇ ਉਹ ਪਰਮਾਤਮਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਹ ਤੇਰੇ ਅੰਦਰ ਦੀ ਹਰੇਕ ਗੱਲ ਜਾਣਦਾ ਹੈ, ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਫਿਰ ਕੀ ਭਗਉਤੀ ਦੀ ਗੱਤ ਨਹੀਂ ਹੋ ਸਕਦੀ? ਅਜਿਹਾ ਨਹੀਂ ਹੈ ਗੁਰੂ ਸਾਹਿਬ ਕੋਲ ਸਭ ਆਤਮਿਕ ਬਿਮਾਰੀਆਂ ਦਾ ਇਲਾਜ ਹੈ। ਗੁਰੂ ਸਾਹਿਬ ਦਸਦੇ ਹਨ:
ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥
ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥
ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ (੮੮)

ਅਸਲੀ ਭਗਉਤੀ, ਸੱਚਾ ਭਗਤ ਉਹ ਹੈ, ਜੋ ਕਰਤਾਰ ਨੂੰ ਜਾਣਦਾ ਹੈ, ਅਤੇ ਸ਼ਬਦ ਗੁਰੂ ਤੋਂ ਗਿਆਨ ਲੈ ਕੇ ਅਪਣੇ ਆਪ ਨੂੰ ਪਛਾਣਦਾ ਹੈ। ਵਾਸ਼ਨਾਵਾਂ ਵਲ ਦੌੜਦੇ ਮਨ ਨੂੰ ਸੰਭਾਲ ਕੇ, ਉਸ ਦੇ ਅਸਲੀ ਘਰ ਵਲ ਲਿਆਉਂਦਾ ਹੈ, ਅਤੇ ਜ਼ਿੰਦਗੀ ਭੋਗਦਾ ਹੀ ਮਾਇਆ ਵਲੋਂ ਮਰਿਆ ਰਹਿੰਦਾ ਹੈ, ਅਜਿਹਾ ਭਗਉਤੀ ਹੀ ਉੱਤਮ ਭਗਤ ਹੁੰਦਾ ਹੈ। ਹੇ ਨਾਨਕ ਉਹ, ਹਮੇਸ਼ਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ। ਅਤੇ:
ਭਗਉਤੀ ਭਗਵੰਤ ਭਗਤਿ ਕਾ ਰੰਗੁ॥ ਸਗਲ ਤਿਆਗੈ ਦੁਸਟ ਕਾ ਸੰਗੁ॥
ਮਨ ਤੇ ਬਿਨਸੈ ਗਲਾ ਭਰਮੁ॥ ਕਰਿ ਪੂਜੈ ਸਗਲ ਪਾਰਬ੍ਰਹਮੁ॥
ਸਾਧਸੰਗਿ ਪਾਪਾ ਮਲੁ ਖੋਵੈ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ॥ ਮਨੁ ਤਨੁ ਅਰਪੈ ਬਿਸਨ ਪਰੀਤਿ॥
ਹਰਿ ਕੈ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ (੨੭੪)

ਭਗਵਾਨ ਦਾ ਅਸਲੀ ਭਗਤ ਉਹ ਹੈ, ਜਿਸ ਦੇ ਹਿਰਦੇ ਵਿੱਚ ਭਗਵਾਨ ਦੀ ਭਗਤੀ ਲਈ ਪਿਆਰ ਹੈ, ਅਤੇ ਜੋ ਸਾਰੇ ਮੰਦ ਕਰਮੀਆਂ ਦੀ ਸੁਹਬਤ ਨੂੰ ਤਿਆਗ ਦੇਂਦਾ ਹੈ।
ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਭਰਮ ਮਿਟ ਜਾਂਦਾ ਹੈ। ਜੋ ਕਰਤਾਰ ਨੂੰ ਹਰ ਥਾਂ, ਹਰ ਰੂਪ ਵਿਚ, ਸਮਝ ਕੇ ਪੂਜਦਾ ਹੈ।
ਉਸ ਭਗਉਤੀ ਦੀ ਮੱਤ, ਬੁੱਧ ਉਚੀ, ਵਿਵੇਕ ਵਾਲੀ ਹੁੰਦੀ ਹੈ, ਜੋ ਗੁਮੁਖਾਂ ਦੀ ਸੰਗਤ ਵਿੱਚ ਰਹਿ ਕੇ, ਮਨੋਂ ਬੁਰੇ ਕਰਮ ਕਰਨ ਦੀ ਆਦਤ ਛੱਡ ਦਿੰਦਾ ਹੈ।
ਜੋ ਹਰ ਵੇਲੇ ਅਕਾਲ ਦਾ ਸਿਮਰਨ ਕਰਦਾ ਹੇ, ਜੋ ਪ੍ਰਭੂ ਪਿਆਰ ਤੋਂ ਅਪਣਾ ਮਨ ਤੇ ਤਨ (ਸਭ ਕੁਝ) ਵਾਰ ਦਿੰਦਾ ਹੈ।
ਜੋ ਪ੍ਰਭੂ ਦੇ ਚਰਨ, ਪ੍ਰਭੂ ਦੀ ਯਾਦ, ਅਪਣੇ ਹਿਰਦੇ ਵਿੱਚ ਵਸਾਉਂਦਾ ਹੈ। ਹੇ ਨਾਨਕ, ਅਜਿਹਾ ਭਗਉਤੀ, ਪਰਮਾਤਮਾ ਨੂੰ ਪਾ ਲੈਂਦਾ ਹੈ, ਉਸ ਨਾਲ ਇੱਕ ਮਿਕ ਹੋ ਜਾਂਦਾ ਹੈ।
ਇਹ ਸੀ ਗੁਰੂ ਗ੍ਰੰਥ ਵਿਚਲਾ ਭਗਉਤੀ, ਜਿਸ ਦਾ, ਵਾਰ ਸ੍ਰੀ ਭਗਉਤੀ ਜੀ ਕੀ, ਵਾਲੀ ਭਗਉਤੀ ਨਾਲ ਕੋਈ ਮੇਲ ਨਹੀਂ।
ਪਰ ਪਤਾ ਨਹੀਂ ਕਿਸ ਅਧਾਰ ਤੇ, ਹਰ ਗੁਰਦਵਾਰੇ, ਹਰ ਡੇਰੇ, ਹਰ ਟਕਸਾਲ, ਹਰ ਤਖਤ ਤੇ ਦਿਨ ਵਿੱਚ ਕਈ ਕਈ ਵਾਰ, ਵਾਰ ਸ੍ਰੀ ਭਗਉਤੀ ਜੀ ਕੀ, ਵਾਲੀ ਭਗਉਤੀ (ਦੇਵੀ ਦੁਰਗਾ) ਨੂੰ ਅਕਾਲ ਪੁਰਖ, ਗੁਰੂਆਂ ਅਤੇ ਪੰਥ ਲਈ ਆਪਣਾ ਸਭ ਕੁਛ ਨਿਛਾਵਰ ਕਰਨ ਵਾਲਿਆਂ ਤੋਂ ਪਹਿਲਾਂ ਸਿਮਰਿਆ ਜਾਂਦਾ ਹੈ, ਉਸ ਤੋਂ ਸਹਾਇਤਾ ਮੰਗੀ ਜਾਂਦੀ ਹੈ? ਕੀ ਪੁਜਾਰੀ ਲਾਣੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਬਦਲ ਕੇ, ਗੁਰਦਵਾਰਿਆਂ ਨੂੰ, ਜਿਥੋਂ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਦੇ ਅਧਾਰ ਤੇ, ਅਕਾਲਪੁਰਖ ਨਾਲ ਪਿਆਰ ਪਾਉਣ ਦੇ ਢੰਗ ਦਾ ਗਿਆਨ ਹੋਣਾ ਸੀ, ਉਸ ਅਸਥਾਨ ਨੂੰ ਹੀ, ਦੇਵੀ ਦੇਵਤਿਆਂ ਦੀ ਪੂਜਾ ਦਾ ਅਸਥਾਨ ਨਹੀਂ ਬਣਾ ਲਿਆ?
ਗੁਰੂ ਸਾਹਿਬ ਨੇ ਪੰਜ ਸੌ ਸਾਲ ਪਹਿਲਾਂ ਸੁਚੇਤ ਕੀਤਾ ਸੀ,
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ ੧॥
ਕਲ ਮਹਿ ਰਾਮ ਨਾਮੁ ਸਾਰੁ॥
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ ੧॥ ਰਹਾਉ॥
ਆਂਟ ਸੇਤੀ ਨਾਕ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ ੨॥
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ॥ ੩॥
ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬਾਦ ਅਭਿਆਸੁ॥
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ॥ ੪॥ (੬੬੨)

ਰਹਾਉ ਦੀ ਤੁਕ ਵਿੱਚ ਸਮਝਾਇਆ ਹੈ ਕਿ ਜਿਹੜੇ ਲੋਕ (ਪੁਜਾਰੀ) ਅੱਖਾਂ ਮੀਟ ਕੇ, ਭੋਰਿਆਂ ਵਿੱਚ ਵੜ ਕੇ ਭਗਤੀ ਕਰਨ ਦਾ ਅਡੰਬਰ ਰਚਦੇ ਹਨ, ਉਂਗਲੀਆਂ ਨਾਲ ਨੱਕ ਵੀ ਫੜਦੇ ਹਨ, ਅਲੱਗ ਅਲੱਗ ਢੰਗ ਦੇ ਮਿਥੇ ਹੋਏ ਕਰਮ ਕਰ ਕੇ, ਧਰਮੀ ਹੋਣ ਦਾ ਵਿਖਾਵਾ ਵੀ ਕਰਦੇ ਹਨ, ਇਹ ਲੋਕ ਭਗਤ ਨਹੀਂ ਹਨ, ਨਾ ਹੀ ਧਰਮੀ ਹਨ, ਇਹ ਤਾਂ ਦੁਨੀਆ ਨੂੰ ਠੱਗਣ ਦਾ ਤਰੀਕਾ ਹੈ। ਜਿਸ ਨੂੰ ਬ੍ਰਾਹਮਣ ਕਲਜੁਗ ਕਹਿ ਕੇ ਬੁਰਾ ਸਮਾ ਦਰਸਾਉਂਦੇ ਹਨ, ਉਸ ਵਿੱਚ ਰਾਮ ਦੇ ਨਾਮ ਦਾ ਸਿਮਰਨ ਕਰਨਾ, ਪਰਮਾਤਮਾ ਦੀ ਰਜ਼ਾ ਵਿੱਚ ਚਲਣਾ ਹੀ ਸ੍ਰੇਸ਼ਟ ਕੰਮ ਹੈ।
ਪਹਿਲੀ ਤੁਕ ਵਿੱਚ ਦੱਸਿਆ ਹੈ ਕਿ ਮਨੁੱਖਾ ਜਨਮ ਦਾ ਸਮਾ ਅੱਖਾਂ ਮੀਟਣ, ਨੱਕ ਫੜਨ (ਕਰਮ ਕਾਂਡ ਕਰਨ) ਦਾ ਸਮਾ ਨਹੀਂ ਹੈ, ਬੰਦੇ ਕੋਲ ਇਹੀ ਇਕੋ ਇੱਕ ਵੇਲਾ, ਕਰਤਾਰ ਨੂੰ ਮਿਲਣ ਦਾ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ (੧੨)

ਹੇ ਭਾਈ, ਤੈਨੂੰ ਸੋਹਣਾ, ਮਨੁਖਾ ਸਰੀਰ ਮਿਲਿਆ ਹੈ, ਪਰਮਾਤਮਾ ਨੂੰ ਮਿਲਣ ਦਾ ਤੇਰੇ ਕੋਲ ਇਹੀ ਇਕੋ ਇੱਕ ਮੌਕਾ ਹੈ। ਇਸ ਵਿੱਚ ਕੀਤੇ ਕਰਮ ਕਾਂਡ, ਵਿਖਾਵੇ ਦੇ ਕੰਮ, ਤੇਰੇ ਕਿਸੇ ਕੰਮ ਨਹੀਂ ਆਉਣੇ। ਤੇਰਾ ਸਤਸੰਗੀਆਂ ਵਿੱਚ ਜੁੜ ਕੇ ਕੀਤਾ, ਪ੍ਰਭੂ ਦੇ ਨਾਮ ਦਾ ਸਿਮਰਨ ਹੀ, ਅੰਤ ਵੇਲੇ ਤੇਰੇ ਕੰਮ ਆਵੇਗਾ। ਇਸ ਲਈ ਤੂੰ ਵਿਖਾਵੇ ਦੇ ਕੰਮ ਛੱਡ ਕੇ ਕਰਤਾਰ ਦੇ ਨਾਮ ਦਾ ਸਿਮਰਨ ਕਰਿਆ ਕਰ।) ਇਨ੍ਹਾਂ ਤਰੀਕਿਆਂ ਨਾਲ ਨਾ ਤਾਂ, ਪਰਮਾਤਮਾ ਨਾਲ ਮੇਲ ਹੁੰਦਾ ਹੈ ਅਤੇ ਨਾ ਹੀ ਆਚਰਣ, ਉੱਚਾ ਹੁੰਦਾ ਹੈ।
ਜਦ ਇਨ੍ਹਾਂ ਕਰਮ ਕਾਂਡਾਂ ਵਿੱਚ ਫਸੇ ਪੁਜਾਰੀ, ਧਰਮ ਅਸਥਾਨਾਂ ਤੇ ਕਾਬਜ਼ ਹੋ ਜਾਂਦੇ ਹਨ, ਤਾਂ ਜਗਤ, ਆਤਮਕ ਪੱਖੋਂ, ਵਿਕਾਰਾਂ ਵਿੱਚ ਡੁੱਬਣ ਲਗ ਪੈਂਦਾ ਹੈ। (ਇਸੇ ਕਾਰਨ ਗੁਰੂ ਸਾਹਿਬ ਨੇ, ਗੁਰਮਤ ਵਿਚੋਂ, ਪੁਜਾਰੀ ਲਾਣੇ ਨੂੰ ਬਿਲਕੁਲ ਰੱਦ ਕੀਤਾ ਹੈ।)
ਦੂਸਰੀ ਤੁਕ ਵਿੱਚ ਸਮਝਾਇਆ ਹੈ ਕਿ, ਇਹ ਪਖੰਡੀ ਲੋਕ, ਹੱਥ ਦੇ ਅੰਗੂਠੇ ਅਤੇ ਉਸ ਦੇ ਨਾਲ ਦੀਆਂ ਦੋ ਉਂਗਲੀਆਂ ਨਾਲ, ਅਪਣਾ ਨੱਕ ਫੜਦੇ ਹਨ, ਸਮਾਧੀ ਦੀ ਸ਼ਕਲ ਵਿੱਚ ਬੈਠ ਕੇ ਮੂੰਹੋਂ ਕਹਿੰਦੇ ਹਨ ਕਿ, ਉਨ੍ਹਾਂ ਨੂੰ ਤਿੰਨੇ ਲੋਕ ਦਿਸ ਰਹੇ ਹਨ, ਪਰ ਅਪਣੇ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿਸਦੀ। ਇਹ ਬੜਾ ਅਸਚਰਜ ਪਦਮ ਆਸਣ ਹੈ।
ਤੀਸਰੀ ਤੁਕ ਵਿੱਚ ਸੇਧ ਦਿੰਦੇ ਹਨ ਕਿ, ਅਪਣੇ ਆਪ ਨੂੰ ਹਿੰਦੂ ਧਰਮ ਦਾ ਰਾਖਾ ਕਹਿਣ ਵਾਲੇ, ਖਤ੍ਰੀਆਂ ਨੇ ਅਪਣਾ ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਆਖਦੇ ਹਨ, ਰੋਜ਼ੀ ਰੋਟੀ ਖਾਤਰ, ਉਨ੍ਹਾਂ ਦੀ ਹੀ ਬੋਲੀ ਬੋਲਦੇ ਹਨ, ਧਰਮ ਦੀ ਮਰਯਾਦਾ ਖਤਮ ਹੋ ਚੁੱਕੀ ਹੈ। ਸਾਰੀ ਦੁਨੀਆ ਵਿੱਚ ਇਕੋ ਧਰਮ, (ਅਧਰਮ) ਹੀ ਪ੍ਰਧਾਨ ਹੋ ਗਿਆ ਹੈ।
ਚੌਥੀ ਤੁਕ ਵਿੱਚ ਦੱਸਿਆ ਹੈ ਕਿ, ਬ੍ਰਾਹਮਣ ਲੋਕ (ਪੁਜਾਰੀ) ਅਸ਼ਾਧਿਆਈ ਆਦਿਕ ਵਿਆਕਰਨਿਕ ਗ੍ਰੰਥ ਰਚ ਕੇ, ਉਨ੍ਹਾਂ ਅਨੁਸਾਰ, ਪੁਰਾਣਾਂ ਨੂੰ ਵਿਚਾਰਦੇ ਹਨ, ਵੇਦਾਂ ਦਾ ਅਭਿਆਸ ਕਰ ਕੇ, ਇਸ ਨੂੰ ਹੀ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ।
ਦਾਸ ਨਾਨਕ ਆਖਦਾ ਹੈ ਕਿ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਗੈਰ, ਰਜ਼ਾ ਦੇ ਮਾਲਿਕ ਦੇ ਹੁਕਮ ਵਿੱਚ ਚਲੇ ਬਗੈਰ, ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ, ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ ਕਰਮ ਹੈ।
(ਕੀ ਅੱਜ ਸਿੱਖੀ ਦੀ ਹਾਲਤ ਇਸ ਤੋਂ ਕੁਛ ਵੱਖਰੀ ਹੈ? ਵਿਚਾਰਨ ਦੀ ਲੋੜ ਹੈ।)
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨ ੬੪੬੨੧.




.