.

ਪ੍ਰੋ: ਦਰਸ਼ਨ ਸਿਂਘ ਜੀ ਦੇ ਪੁਤਲੇ ਸਾੜਨ ਵਾਲਿਆਂ ਦੇ ਵਿਚਾਰਨ ਦੀ ਗੱਲ

ਪਿਆਰੇ ਬਚਿਉ, ਪ੍ਰੋ: ਦਰਸ਼ਨ ਸਿੰਘ ਜੀ ਦੇ ਪੁਤਲੇ ਸਾੜਨ ਅਤੇ ਮੁਰਦਾਬਾਦ ਦੇ ਨਾਅਰੇ ਲਾਉਣ ਨਾਲ ਇੱਕ ਗੱਲ ਤਾਂ ਸਾਫ ਮਹਿਸੂਸ ਹੁੰਦੀ ਹੈ ਕਿ ਤੁਸਾਂ ਨੂੰ ਦਸਵੇਂ ਨਾਨਕ ਨਾਲ ਏਨਾ ਪਿਆਰ ਹੈ ਕਿ ਤੁਸੀਂ ਉਨ੍ਹਾਂ ਬਾਰੇ ਨਿੱਕੀ ਜਿਹੀ ਬੁਰੀ ਗੱਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਸ਼ਰਧਾ ਦੇ ਨਾਲ ਜੇ ਤੁਸੀਂ ਥੋੜ੍ਹੀ ਜਿਹੀ ਵਿਚਾਰ ਦੀ ਗੱਲ ਵੀ ਜੋੜ ਲਵੋ ਤਾਂ ਪੰਥ ਦੀ ਵਿਗੜਦੀ ਹਾਲਤ ਸੁਧਰ ਸਕਦੀ ਹੈ। ਤੁਹਾਡੇ ਸਾਮ੍ਹਣੇ ਇਹੀ ਕੁੱਝ ਆਇਆ ਹੈ ਕਿ ਪ੍ਰੋ, ਸਾਹਿਬ ਨੇ ਅਮਰੀਕਾ ਵਿੱਚ ਕੀਰਤਨ ਦੌਰਾਨ, (ਅਖੌਤੀ) ਦਸਮ ਗ੍ਰੰਥ ਦੀ ਇੱਕ ਰਚਨਾ ਬਾਰੇ ਜ਼ਿਕਰ ਕੀਤਾ ਹੈ, ਕਿ ਕਪਾਲ ਮੋਚਨ ਵਿਖੇ ਦਸਵੇਂ ਨਾਨਕ ਨੇ ਪਿਸ਼ਾਬ ਕਰ ਰਹੇ ਲੋਕਾਂ ਦੀਆਂ, ਅੱਠ ਸੌ ਕਰੀਬ ਪੱਗਾਂ, ਲੁਹਾ ਲਈਆਂ, ਕੁੱਝ ਸਿੱਖਾਂ ਨੂੰ ਸਰੋਪੇ ਦੇ ਦਿਤੇ, ਕੁੱਝ ਵੇਚ ਲਈਆਂ, ਬਾਕੀ ਬਚੀਆਂ ਸਿਪਾਹੀਆਂ ਨੂੰ ਦੇ ਦਿਤੀਆਂ।
ਤੁਹਾਨੂੰ ਠਰਮੇ ਨਾਲ (ਅਖੌਤੀ) ਦਸਮ ਗ੍ਰੰਥ ਨੂੰ ਫ੍ਰੋਲਣਾ ਚਾਹੀਦਾ ਸੀ, ਜੇ ਉਸ ਵਿੱਚ ਅਜਿਹੀ ਕੋਈ ਰਚਨਾ ਹੈ ਤਾਂ ਤੁਹਾਡਾ ਗੁੱਸਾ (ਅਖੌਤੀ) ਦਸਮ ਗ੍ਰੰਥ ਨੂੰ ਮਾਨਤਾ ਦੇਣ ਵਾਲਿਆਂ ਤੇ ਹੋਣਾ ਚਾਹੀਦਾ ਸੀ। ਜੇ ਨਹੀਂ ਹੈ ਤਾਂ ਇਹ ਗੁੱਸਾ ਪ੍ਰੋ: ਸਾਹਿਬ ਤੇ ਕੱਢਣਾ ਜਾਇਜ਼ ਸੀ ਪਰ ਤੁਸੀਂ ਅਜਿਹਾ ਨਹੀਂ ਕੀਤਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਕਿਸੇ ਨੇ ਵੀ (ਅਖੌਤੀ) ਦਸਮ ਗ੍ਰੰਥ ਦੇਖਿਆ ਵੀ ਨਹੀਂ ਹੋਣਾ। ਮੈਂ ਤੁਹਾਡੇ ਸਾਮ੍ਹਣੇ (ਅਖੌਤੀ) ਦਸਮ ਗ੍ਰੰਥ ਦੀ ਇੱਕ ਹੋਰ ਰਚਨਾ ਰੱਖਣ ਜਾ ਰਿਹਾ ਹਾਂ (ਵੈਸੇ ਮੈਂ ਇਹ ਚਾਹਾਂਗਾ ਕਿ ਤੁਸੀਂ ਮੇਰਾ ਲੇਖ ਪੜ੍ਹਨ ਤੋਂ ਪਹਿਲਾਂ ਅਗਰ ਇੱਕ ਵਾਰ (ਅਖੌਤੀ) ਦਸਮ ਗ੍ਰੰਥ ਵਿਚਲੇ ਚ੍ਰਿਤ੍ਰਾਂ ਵਿਚੋਂ, ੨੧, ੨੨ ਅਤੇ ੨੩ ਨੰਬਰ ਦੇ ਚ੍ਰਿਤ੍ਰ ਆਪ ਵੇਖ ਲਵੋ ਤਾਂ ਮੇਰਾ ਲੇਖ ਤੁਹਾਨੂੰ ਆਰਾਮ ਨਾਲ ਸਮਝ ਆ ਜਾਵੇਗਾ) ਜਿਸ ਨਾਲ ਤੁਹਾਨੂੰ ਸਮਝ ਆ ਜਾਵੇਗੀ ਕਿ ਤਖਤਾਂ ਦੇ ਅਖੌਤੀ ਜਥੇਦਾਰ, ਟਕਸਾਲੀਏ, ਡੇਰਦਾਰ, ਤੁਹਾਨੂੰ ਵਰਤਣ ਵਾਲੇ ਪੁਜਾਰੀ ਕਿੱਥੇ ਖੜੇ ਹਨ?
ਚ੍ਰਿਤ੍ਰ ਨੰ, ੨੧,
(ਇਹ ਲੇਖ ਮੁੱਖ ਤੌਰ ਤੇ ਪ੍ਰੋ, ਜੋਧ ਸਿੰਘ ਦੇ (ਅਖੌਤੀ) ਸ੍ਰੀ ਦਸਮ ਗੁਰੁ ਗ੍ਰੰਥ ਸਾਹਿਬ ਦੇ ਟੀਕੇ ਤੇ ਅਧਾਰਤ ਹੈ)
ਸਤਲੁਜ ਨਦੀ ਦੇ ਕੰਢੇ, ਆਨੰਦਪੁਰ ਨਾਮ ਦਾ ਇੱਕ ਪਿੰਡ ਸੀ, ਜੋ ਕਹਿਲੂਰ ਦੇ ਨੇੜੇ ਹੈ। ਉਸ ਥਾਂ ਸਿੱਖ, ਬੜੀ ਖੁਸ਼ੀ ਪੂਰਵਕ ਆਉਂਦੇ, ਅਤੇ ਅਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਕੇ ਸੁਖ ਪੂਰਵਕ ਆਪਣੇ ਘਰਾਂ ਨੂੰ ਜਾਂਦੇ ਸਨ। ਇੱਕ ਅਮੀਰ ਦੀ ਕੁੜੀ ਉਸ ਪਿੰਡ ਦੇ ਰਾਜਾ ਤੇ ਮੋਹਤ ਹੋ ਗਈ। ਉਸ ਦਾ ਇੱਕ ਸੇਵਕ ਸੀ ਮਗਨ ਦਾਸ, ਲੜਕੀ ਨੇ ਉਸ ਨੂੰ ਕਿਹਾ, ਤੂੰ ਮੈਨੂੰ ਪਿੰਡ ਦੇ ਰਾਜੇ ਨਾਲ ਮਿਲਾ ਦੇਹ, ਉਸ ਨਾਲ ਮਿਲਾਪ ਹੋਣ ਤੇ ਮੈਂ ਤੈਨੂੰ ਬਹੁਤ ਸਾਰਾ ਧਨ ਦਿਆਂਗੀ।
ਮਗਨ ਦਾਸ ਰਾਜੇ ਕੋਲ ਗਿਆ, ਉਸ ਦੇ ਚਰਨਾਂ ਤੇ ਡਿਗ ਕੇ ਬੇਨਤੀ ਕੀਤੀ, ਤੁਸੀਂ ਜੋ ਮੰਤ੍ਰ ਸਿੱਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ, ਉਸ ਨੂੰ ਜਾਨਣ ਲਈ, ਮੈਂ ਜਿਵੇਂ ਕਹਾਂ ਤੁਸੀਂ ਓਵੇਂ ਹੀ ਕਰੋ। ਰਾਜਾ ਤਪਸਵੀ ਦਾ ਭੇਖ ਬਣਾ ਕੇ, ਮਨ ਵਿੱਚ ਭਗਉਤੀ ਨੂੰ ਯਾਦ ਕਰਦਾ, ਉਸ ਕੁੜੀ ਦੇ ਘਰ ਪਹੁੰਚ ਗਿਆ। ਰਾਜੇ ਨੂੰ ਵੇਖ ਕੇ ਕੁੜੀ ਬਹੁਤ ਖੁਸ਼ ਹੋਈ, ਅਤੇ ਰਾਜੇ ਨੂੰ ਅੱਗਲਵਾਂਢੀ ਲੈਣ ਗਈ। ਕੁੜੀ ਨੇ ਰਾਜੇ ਲਈ ਫੁੱਲ, ਪਾਨ, ਸ਼ਰਾਬ ਆਦਿ ਮੰਗਵਾਈ। ਰਾਜਾ ਨੇ ਤਪਸਵੀ ਦਾ ਭੇਖ ਉਤਾਰ ਕੇ, ਕੀਮਤੀ ਕਪੜੇ ਪਾਏ ਅਤੇ ਕੁੜੀ ਦੀ ਸੇਜ ਨੂੰ ਸੋਭਾ ਯੁਕਤ ਬਣਾਇਆ।
ਕੁੜੀ ਨੇ ਕਿਹਾ, ਮੈਂ ਕਾਮ ਤੋਂ ਦੁਖੀ ਤੁਹਾਡੇ ਹੱਥ ਵਿਕ ਚੁਕੀ ਹਾਂ, ਤੁਸੀਂ ਮੇਰੇ ਨਾਲ ਸੰਭੋਗ ਕਰੋ। ਰਾਜੇ ਨੇ ਮਨ ਵਿੱਚ ਸੋਚਿਆ, ਮੈਂ ਤਾਂ ਮੰਤ੍ਰ ਸਿੱਖਣ ਆਇਆ ਸੀ, ਏਥੇ ਤਾਂ ਹੋਰ ਹੀ ਗੱਲ ਬਣ ਗਈ ਹੈ।
(ਅੱਗੇ ਆਨੰਦਪੁਰ ਦੇ ਰਾਜੇ ਅਤੇ ਕੁੜੀ ਦਾ ਵਾਰਤਾਲਾਪ ਹੈ।)
ਰਾਜਾ, ਜੇ ਪੂਜੇ ਜਾਣ ਜੋਗ ਬਣ ਜਾਵੋ ਤਾਂ ਮਨ ਵਿੱਚ ਅਭਿਮਾਨ ਨਹੀਂ ਹੋਣਾ ਚਾਹੀਦਾ, ਸੁੰਦਰ ਹੋਕੇ ਆਕੜਨਾ ਨਹੀਂ ਚਾਹੀਦਾ, ਧਨ ਅਤੇ ਸੁੰਦਰਤਾ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਸਮਝਣਾ ਚਾਹੀਦਾ ਹੈ, ਇਸ ਜਨਮ ਵਿੱਚ ਧਰਮ ਦੇ ਕੰਮ ਕਰਨ ਨਾਲ ਸੁੰਦਰ ਦੇਹ ਮਿਲਦੀ ਹੈ, ਧਰਮ ਨਾਲ ਹੀ ਧਨ, ਮਹਲ ਅਤੇ ਰਾਜ ਸੋਭਾ ਪਾਉਂਦੇ ਹਨ। ਤੇਰਾ ਕਿਹਾ ਮੰਨ ਕੇ ਮੈਂ ਕਿਵੇਂ ਧਰਮ ਨੂੰ ਛੱਡ ਦੇਵਾਂ? ਅਤੇ ਅਪਣੇ ਸਰੀਰ ਨੂੰ ਮਹਾਂ ਨਰਕ ਵਿੱਚ ਡੋਬ ਦੇਵਾਂ। ਤੇਰਾ ਕਿਹਾ ਮੰਨ ਕੇ ਮੈਂ ਤੇਰੇ ਨਾਲ ਸੰਭੋਗ ਨਹੀਂ ਕਰਾਂਗਾ, ਤੇ ਅਪਣੀ ਕੁਲ ਨੂੰ ਕਲੰਕਤ ਕਰਨ ਤੋਂ ਜ਼ਰੂਰ ਡਰਾਂਗਾ।
ਅਪਣੀ ਵਿਆਹੀ ਹੋਈ ਜਨਾਨੀ ਨੂੰ ਛੱਡ ਕੇ ਮੈਂ ਤੇਰੇ ਨਾਲ ਰਤੀ ਕਿਰਿਆ ਨਹੀ ਕਰਾਂਗਾ। ਜੇ ਮੈਂ ਅਜਿਹਾ ਕਰਾਂਗਾ ਤਾਂ ਮੈਨੂੰ ਧਰਮਰਾਜ ਦੀ ਸਭਾ ਵਿੱਚ ਕਿਵੇਂ ਥਾਂ ਮਿਲੇਗੀ?
ਕੁੜੀ, ਕਾਮ ਵੱਸ ਹੋਈ ਇਸਤ੍ਰੀ ਜਦੋਂ ਪੁਰਸ਼ ਕੋਲ ਆਉਂਦੀ ਹੈ, ਜੇ ਪੁਰਸ਼ ਉਸ ਨੂੰ ਨਿਰਾਸ਼ ਕਰ ਕੇ ਭੇਜਦਾ ਹੈ ਤਾਂ ਉਸ ਪੁਰਸ਼ ਨੂੰ ਮਹਾਂ ਨਰਕ ਵਿੱਚ ਪਾਇਆ ਜਾਂਦਾ ਹੈ।
ਰਾਜਾ, ਲੋਕ ਮੇਰੇ ਚਰਨਾਂ ਵਿੱਚ ਡਿਗਦੇ ਹਨ, ਮੇਰੀ ਪੂਜਾ ਕਰਦੇ ਹਨ। ਮੈਂ ਤੇਰੇ ਤੇ ਮੋਹਤ ਹੋ ਕੇ ਤੇਰੇ ਨਾਲ ਸੰਭੋਗ ਕਰਾਂ, ਕੀ ਤੈਨੂੰ ਅਜਿਹਾ ਕਹਿੰਦਿਆਂ ਸ਼ਰਮ ਨਹੀਂ ਆਉਂਦੀ?
ਕੁੜੀ, ਕ੍ਰਿਸ਼ਨ ਵੀ ਜਗਤ ਲਈ ਪੂਜਣ ਯੋਗ ਸੀ, ਪਰ ਉਨ੍ਹਾਂ ਨੇ ਰਾਸਲੀਲਾਵਾਂ ਕੀਤੀਆਂ, ਉਨ੍ਹਾਂ ਨੇ ਰਾਧਾ ਨਾਲ ਸੰਭੋਗ ਕੀਤਾ, ਪਰ ਉਹ ਤਾਂ ਨਰਕ ਵਿੱਚ ਨਹੀਂ ਗਏ। ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਤੋਂ ਪੁਰਸ਼ ਦੀ ਦੇਹ ਬਣਾਈ ਹੈ, ਆਪ ਹੀ ਇਸਤ੍ਰੀ ਪੁਰਸ਼ ਦੀ ਆਪਸੀ ਖਿੱਚ ਪੈਦਾ ਕੀਤੀ ਹੈ। ਹੁਣ ਮੇਰੇ ਸਰੀਰ ਵਿੱਚ ਕਾਮ ਬਹੁਤ ਵੱਧ ਗਿਆ ਹੈ ਇਸ ਲਈ ਮੇਰੇ ਨਾਲ ਰਮਣ ਕਰੋ। ਅੱਜ ਮੈਂ ਤੁਹਾਡੇ ਨਾਲ ਸੰਭੋਗ ਕੀਤੇ ਬਗੈਰ, ਬਿਰਹਾ ਦੀ ਅੱਗ ਵਿੱਚ ਸੜ ਕੇ ਮਰ ਜਾਵਾਂਗੀ। ਹੁਣ ਮੇਰਾ ਅੰਗ, ਦੂਸਰੇ ਅੰਗ ਤੋਂ ਬਗੈਰ ਮੈਨੂੰ ਦੁਖੀ ਕਰ ਰਿਹਾ ਹੈ, ਸ਼ਾਇਦ ਏਸੇ ਲਈ ਸ਼ਿਵਜੀ ਨੇ ਇਸ ਨੂੰ ਸਾੜ ਦਿੱਤਾ ਸੀ।
ਰਾਜਾ, ਹੇ ਸੁੰਦਰੀ ਤੂੰ ਮਨ ਵਿੱਚ ਧੀਰਜ ਰੱਖ, ਕਾਮਦੇਵ ਤੇਰਾ ਕੁੱਝ ਨਹੀਂ ਕਰ ਸਕੇਗਾ। ਮਹਾਂਕਾਲ ਦਾ ਮਨ ਵਿੱਚ ਧਿਆਨ ਧਰ, ਇਹ ਆਪੇ ਡਰ ਜਾਵੇਗਾ। ਮੈਂ ਤੇਰੇ ਨਾਲ ਸੰਭੋਗ ਨਹੀਂ ਕਰਾਂਗਾ, ਅਪਣੀ ਪਤਨੀ ਨੂੰ ਛੱਡ ਕੇ ਤੈਨੂੰ ਨਹੀਂ ਅਪਨਾਵਾਂਗਾ। ਤੇਰਾ ਕਿਹਾ ਮੰਨ ਕੇ ਮੈਂ ਤੇਰੇ ਨਾਲ ਸੰਭੋਗ ਕਿਉਂ ਕਰਾਂ? ਮੈਨੂੰ ਘੋਰ ਨਰਕ ਵਿੱਚ ਪੈਣੋਂ ਡਰਨਾ ਚਾਹੀਦਾ ਹੈ। ਤੇਰੇ ਨਾਲ ਆਲਿੰਗਨ ਕਰਨਾ (ਜੱਫੀ ਪਾਉਣੀ) ਧਰਮ ਨੂੰ ਦੁਸ਼ਮਣ ਸਮਝਣ ਸਮਾਨ ਹੋਵੇਗਾ, ਜਿਸ ਕਾਰਨ ਮੇਰੀ ਬਦਨਾਮੀ ਸੰਸਾਰ ਵਿੱਚ ਹਮੇਸ਼ਾ ਹੁੰਦੀ ਰਹੇਗੀ। ਨਿੰਦਾ ਹੋਣ ਨਾਲ ਮੈਂ ਸੰਸਾਰ ਨੂੰ ਕੀ ਮੂੰਹ ਵਿਖਾਵਾਂਗਾ? ਇਸ ਕਰਕੇ ਹੇ ਸੁੰਦਰੀ ਤੂੰ ਮੇਰੇ ਨਾਲ ਅਪਣੀ ਦੋਸਤੀ ਦਾ ਖਿਆਲ ਛੱਡ ਦੇਹ। ਹੁਣ ਤਕ ਜੋ ਤੂੰ ਮੈਨੂੰ ਕਿਹਾ ਹੈ, ਉਸ ਬਾਰੇ ਹੋਰ ਕੁੱਝ ਨਾ ਆਖੀਂ।
ਉਸ ਕੁੜੀ, ਅਨੂਪ ਕੁੰਵਰ ਨੇ ਕਿਹਾ, ਹੇ ਪਿਆਰੇ ਤੂੰ ਮੇਰੇ ਨਾਲ ਭੋਗ ਕਰ, ਤੂੰ ਇਸ ਗੱਲ ਤੋਂ ਨਾ ਡਰ ਕਿ ਤੂੰ ਨਰਕ ਨੂੰ ਜਾਵੇਂਗਾ।
ਲੋਕ ਤੇਰਾ ਡਰ ਮੰਨਦੇ ਹਨ, ਉਹ ਕਿਵੇਂ ਤੇਰੀ ਨਿੰਦਾ ਕਰਨਗੇ? ਫਿਰ ਤੇਰੀ ਨਿੰਦਾ ਤਾਂ ਕੋਈ ਤਦ ਹੀ ਕਰੇਗਾ, ਜੇ ਉਹ ਤੇਰਾ ਭੇਦ ਜਾਣੇਗਾ। ਜੇ ਕੋਈ ਜਾਣ ਵੀ ਲਵੇਗਾ, ਉਹ ਤੇਰੇ ਡਰ ਦੇ ਮਾਰੇ ਚੁੱਪ ਰਹੇਗਾ। ਹੇ ਮਿਤ੍ਰ ਤੂੰ ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ ਕ੍ਰੀੜਾ ਕਰ, ਨਹੀਂ ਤਾਂ ਮੇਰੀ ਟੰਗ ਥਲਿਉਂ ਦੀ ਨਿਕਲ ਜਾ।
ਰਾਜਾ, ਟੰਗ ਥਲਿਉਂ ਦੀ ਉਹ ਨਿਕਲੇ, ਜੋ ਨਾਮਰਦ ਹੋਵੇ, ਜਿਸ ਨੂੰ ਰਤੀ ਕ੍ਰੀੜਾ ਨਾ ਕਰਨੀ ਆਉਂਦੀ ਹੋਵੇ, ਰਾਤ ਭਰ ਬੈਠ ਕੇ ਰਾਤ ਦਾ ਉਪਯੋਗ ਨਾ ਕਰਨਾ ਆਉਂਦਾ ਹੋਵੇ। ਮੈਂ ਤਾਂ ਧਰਮ ਦਾ ਬੱਧਾ ਤੇਰੇ ਨਾਲ ਭੋਗ ਨਹੀਂ ਕਰ ਰਿਹਾ। ਮੈਂ ਤਾਂ ਨੇਕਨਾਮੀ-ਬਦਨਾਮੀ ਤੋਂ ਬਹੁਤ ਡਰ ਰਿਹਾ ਹਾਂ।
ਕੁੜੀ, ਤੂੰ ਅਨੇਕਾਂ ਯਤਨ ਕਰ ਲਾ, ਮੈਂ ਅੱਜ ਤੈਨੂੰ ਭੋਗੇ ਬਗੈਰ ਨਹੀਂ ਛੱਡਾਂ ਗੀ। ਅੱਜ ਮੈਂ ਅਪਣੇ ਹੱਥਾਂ ਨਾਲ ਫੜ ਕੇ ਤੈਨੂੰ ਚੂਰ-ਚੂਰ ਕਰਾਂਗੀ। ਹੇ ਮਿਤ੍ਰ ਮੈਂ ਤੇਰੇ ਲਈ ਕਾਸ਼ੀ ਵਾਲੇ ਆਰੇ ਥੱਲੇ ਚਿਰ ਜਾਵਾਂਗੀ। ਧਰਮਰਾਜ ਦੀ ਕਚਹਰੀ ਵਿੱਚ ਖੜੇ ਹੋ ਕੇ ਜਵਾਬ ਦੇਵਾਂਗੀ। ਹੇ ਪ੍ਰੀਤਮ ਅੱਜ ਤਾਂ ਮੈਂ ਤੇਰੇ ਨਾਲ ਰੁਚੀ ਪੂਰਵਕ ਹਮਬਿਸਤ੍ਰ ਹੋਵਾਂਗੀ, ਅਤੇ ਮਨ ਦੀ ਇੱਛਾ ਅਨੁਸਾਰ ਭੋਗ ਭੋਗਾਂਗੀ। ਅੱਜ ਰਾਤ ਤੇਰੇ ਨਾਲ ਸੰਭੋਗ ਕਰ ਕੇ, ਤੇਰੀ ਸੁੰਦਰਤਾ ਹੋਰ ਵਧਾ ਦੇਵਾਂਗੀ। ਤੇਰੇ ਨਾਲ ਮਿਲ ਕੇ ਕਾਮਦੇਵ ਦਾ ਹੰਕਾਰ ਤੋੜ ਦੇਵਾਂਗੀ।
ਰਾਜਾ, ਪਹਿਲਾਂ ਤਾਂ ਪਰਮਾਤਮਾ ਨੇ ਮੈਨੂੰ ਛੱਤ੍ਰੀ ਕੁਲ ਵਿੱਚ ਜਨਮ ਦਿੱਤਾ ਹੈ, ਫਿਰ ਸਾਡੀ ਕੁਲ ਦਾ ਸੰਸਾਰ ਵਿੱਚ ਬਹੁਤ ਆਦਰ ਹੈ। ਮੈਂ ਸਾਰਿਆਂ ਵਿੱਚ ਬੈਠ ਕੇ ਅਪਣੇ ਆਪ ਨੂੰ, ਪੂਜਣ ਯੋਗ ਕਹਾਉਂਦਾ ਹਾਂ। ਜੇ ਮੈਂ ਤੇਰੇ ਨਾਲ ਭੋਗ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਨਮ ਲਵਾਂਗਾ।
ਕੁੜੀ, ਜਨਮ ਦੀ ਗੱਲ ਕਰਦੇ ਹੋ, ਇਹ ਤਾਂ ਸਾਰੇ ਤੁਹਾਡੇ ਹੀ ਬਣਾਏ ਹੋਏ ਹਨ। ਜੇ ਤੂੰ ਅੱਜ ਮੇਰੇ ਨਾਲ ਰਮਣ ਨਹੀਂ ਕਰੇਂਗਾ ਤਾਂ ਇਹ ਮੇਰੀ ਬਦਕਿਸਮਤੀ ਹੋਵੇਗੀ, ਮੈਂ ਤੇਰੇ ਵਿਛੋੜੇ ਵਿਚ, ਜ਼ਹਰ ਪੀ ਕੇ, ਜਾਂ ਅੱਗ ਵਿੱਚ ਸੜ ਕੇ ਮਰ ਜਾਵਾਂਗੀ
ਰਾਜਾ ਡਰ ਗਿਆ ਅਤੇ ਮਨ ਵਿੱਚ ਸੋਚਣ ਲੱਗਾ, ਜੇ ਇਸ ਨੇ ਮੈਨੂੰ ਭਗੌਤੀ ਦੀ ਸੌਂਹ ਦੇ ਦਿਤੀ ਤਾਂ ਮੈਨੂੰ ਇਸ ਨਾਲ ਭੋਗ ਕਰਨਾ ਹੀ ਪਵੇਗਾ, ਅਤੇ ਮੈਂ ਨਰਕ ਨੂੰ ਜਾਵਾਂ ਗਾ।
………………………………………………………………………. .
ਇਵੇਂ ਹੀ ਗੱਲਾਂ ਕਰਦਿਆਂ ਰਾਜੇ ਨੇ ਕਿਹਾ, ਹੇ ਸੁੰਦਰੀ, ਸਾਨੂੰ ਪੂਜਣ ਯੋਗ ਜਾਣ ਕੇ, ਜੋ ਕੁੜੀ ਸਾਡੇ ਕੋਲ ਆਉਂਦੀ ਹੈ ਉਹ ਗੁਰੂ ਦੀ ਪੁਤ੍ਰੀ ਦੇ ਸਮਾਨ ਮੰਨੀ ਜਾਂਦੀ ਹੈ। ਕੁੜੀਆਂ ਦੇ ਪਿਆਰ ਦਾ ਕੀ ਕਹਣਾ, ਉਹ ਕਦੀ ਵੀ ਪਿਆਰ ਨਹੀਂ ਨਿਭਾਂਉਂਦੀਆਂ, ਇੱਕ ਪੁਰਸ਼ ਨੂੰ ਛੱਡ ਕੇ ਦੂਸਰੇ ਦੀ ਕਾਮਨਾ ਕਰਨ ਲਗਦੀਆਂ ਹਨ। ਕਿਸੇ ਵੀ ਨੌਜਵਾਨ ਨਾਲ ਜਦ ਕੋਈ ਕੁੜੀ ਜ਼ਿਆਦਾ ਪਿਆਰ ਦਿਖਾਉਂਦੀ ਹੈ, ਤੁਰੰਤ ਨੰਗੀ ਹੋ ਕੇ ਉਸ ਦੇ ਸਾਮ੍ਹਣੇ ਪੇਸ਼ ਹੋ ਜਾਂਦੀ ਹੈ (ਅਰਥਾਤ ਇਸਤ੍ਰੀ ਨੂੰ ਕੋਈ ਸ਼ਰਮ ਨਹੀਂ ਹੁੰਦੀ)
ਰਾਜਾ ਨੇ ਮਨ ਚਿ ਸੋਚਿਆ, ਏਥੇ ਮੇਰਾ ਸਿੱਖ ਵੀ ਕੋਈ ਨਹੀਂ, ਜੇ ਮੈਂ ਇਸ ਨਾਲ ਭੋਗ ਕਰਦਾ ਹਾਂ ਤਾਂ ਧਰਮ ਜਾਂਦਾ ਹੈ, ਏਥੌਂ ਦੌੜਦਾ ਹਾਂ ਤਾਂ ਇਹ ਰੌਲਾ ਪਾ ਕੇ ਫੜਵਾ ਦੇਵੇਗੀ। ………………………………………………………………
ਕੁੜੀ ਪ੍ਰੀਤਮ ਨਾਲ ਮਿਲਣ ਲਈ ਉਤਸੁਕ ਹੋਣ ਲੱਗੀ, ਕਿਉਂਕਿ ਕਾਮ ਦੇ ਕਾਰਨ ਉਸ ਦਾ ਅੰਗ ਅੰਗ ਵਿਆਕੁਲ ਸੀ।
ਰਾਜਾ, ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ, ਮੈਨੂੰ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ,
ਸੁਧ ਜਬ ਤੇ ਹਮ ਧਰੀ ਬਚਨ ਗੁਿਰ ਦਏ ਹਮਾਰੇ। ਪੂਤ ਇਹੈ ਪ੍ਰਣ ਤੋਹਿ ਪਰਾਣ ਜਬ ਲਗ ਘਟਿ ਥਾਰੇ।
ਨਿਜ ਨਾਰੀ ਕੇ ਸੰਗ ਨੇਹੁ ਤੁਮ ਨਿਤ ਬੜੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨਾ ਜਯੀਹੁ।
ਹੇ ਸੁੰਦਰੀ ਮੇਰੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਇਸਤ੍ਰੀਆਂ ਆਉਂਦੀਆਂ ਹਨ, ਮਨ ਚਾਹੇ ਵਰਦਾਨ ਲੈ ਕੇ, ਮੈਨੂੰ ਗੁਰੂ ਮੰਨ ਕੇ ਸਿਰ ਝੁਕਾ ਕੇ ਜਾਂਦੀਆਂ ਹਨ। ਸਿੱਖ ਨੂੰ ਪੁਤ੍ਰ, ਇਸਤ੍ਰੀ ਨੂੰ ਪੁਤ੍ਰੀ ਸਮਝਣਾ ਚਾਹੀਦਾ ਹੈ। ਹੇ ਸੁੰਦਰੀ ਤੂੰ ਹੀ ਦੱਸ, ਉਨ੍ਹਾਂ ਨਾਲ ਭੋਗ ਕਿਵੇਂ ਕੀਤਾ ਜਾ ਸਕਦਾ ਹੈ?
……………………………………………………………………………………………
ਰਾਜੇ ਦੇ ਬਚਨ ਸੁਣ ਕੇ ਇਸਤ੍ਰੀ ਮਨ ਵਿੱਚ ਕ੍ਰੋਧ ਨਾਲ ਭਰ ਗਈ, ਅਤੇ ਚੋਰ-ਚੋਰ ਦਾ ਰੌਲਾ ਪਾ ਕੇ ਸਿੱਖਾਂ ਨੂੰ ਜਗਾ ਦਿੱਤਾ। ਉਹ ਰਾਜਾ ਚੋਰ-ਚੋਰ ਦੀ ਗੱਲ ਸੁਣ ਕੇ ਬਹੁਤ ਡਰ ਗਿਆ, ਅਤੇ ਜੁੱਤੀ ਓਥੇ ਹੀ ਛੱਡ ਕੇ ਭੱਜਾ।
ਚ੍ਰਿਤ੍ਰ ੨੨,
ਚੋਰ-ਚੋਰ ਦੀ ਗੱਲ ਸੁਣ ਕੇ ਰਾਜਾ ਡਰ ਕੇ ਜੁੱਤੀ ਓਥੇ ਹੀ ਛੱਡ ਕੇ ਭੱਜਿਆ। ਚੋਰ-ਚੋਰ ਦਾ ਰੌਲਾ ਸੁਣ ਕੇ ਸਾਰੇ ਭੱਜੇ, ਅਤੇ ਰਾਜੇ ਨੂੰ ਭੱਜਣ ਨਾ ਦਿੱਤਾ, ਪੰਜ-ਸੱਤ ਕਰਮਾਂ ਤੇ ਹੀ ਉਸ ਨੂੰ ਫੜ ਲਿਆ। ਚੋਰ-ਚੋਰ ਦੀ ਗੱਲ ਸੁਣ ਕੇ ਸਭ ਨੇ ਤਲਵਾਰਾਂ ਕੱਢ ਲਈਆਂ, ਅਤੇ ਰੌਲਾ ਪਾਉਣ ਲੱਗੇ ਕਿ, ਹੇ ਚੋਰ ਤੈਨੂੰ ਜਾਣ ਨਹੀਂ ਦਿਆਂਗੇ, ਤੈਨੂੰ ਜਮ ਲੋਕ ਭੇਜ ਦਿਆਂਗੇ। ਅਤੇ ਰਾਜੇ ਨੂੰ ਚਾਰੇ ਪਾਸਿਉਂ ਘੇਰ ਲਿਆ, ਬਥੇਰੀ ਕੋਸ਼ਿਸ਼ ਕਰਨ ਤੇ ਵੀ ਰਾਜਾ ਭੱਜ ਨਾ ਸਕਿਆ। ਲੋਕਾਂ ਨੇ ਉਸ ਦੀ ਦਾੜ੍ਹੀ ਫੜ ਲਈ, ਉਸ ਦੀ ਪੱਗ ਲਾਹ ਦਿੱਤੀ। ਚੋਰ ਚੋਰ ਕਹਿ ਕੇ ਉਸ ਦੇ ਦੋ ਤਿਨ ਡੰਡੇ ਵੀ ਮਾਰ ਦਿੱਤੇ। ਡੰਡੇ ਲਗਣ ਨਾਲ ਰਾਜਾ ਧਰਤੀ ਤੇ ਡਿਗ ਕੇ ਬੇਹੋਸ਼ ਹੋ ਗਿਆ। ਲੋਕਾਂ ਵਿਚੋਂ ਕੋਈ ਵੀ ਇਸ ਭੇਦ ਨੂੰ ਨਾ ਜਾਣ ਸਕਿਆ, ਉਨ੍ਹਾਂ ਨੇ ਰਾਜਾ ਦੇ ਹੱਥ ਬੰਨ੍ਹ ਲਏ। ਇਸ ਤੋਂ ਅੱਗੇ ਮੂਲ ਰਚਨਾ ਇਵੇਂ ਹੈ,
ਲਾਤ ਮੁਸਟ ਬਾਜਨ ਲਗੀ ਸਿੱਖ ਪਹੁੰਚੇ ਆਇ।
ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਉ ਛੁੜਾਇ। ੭।
ਜੂਤੀ ਬਹੁ ਤਿਹ ਮੂੰਡ ਲਗਾਈ। ਮੁਸਕੈਂ ਤਾ ਕੀ ਏਂਠ ਚੜ੍ਹਾਈ।
ਬੰਦਸਾਲ ਤਿਹ ਦੀਆ ਪਠਾਈ। ਆਨ ਅਪਨੀ ਸੇਜ ਸਹਾਈ। ੮।
ਇਹ ਛਲ ਖੇਲ ਰਾਇ ਭਜ ਆਯੋ। ਬੰਦਸਾਲ ਤ੍ਰਿਯ ਭ੍ਰਾਤ ਪਠਾਯੋ।
ਸਿੱਖਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ ਠਹਿਰਾਯੋ। ੯।
ਚ੍ਰਿਤ੍ਰ ੨੩
ਸਵੇਰੇ ਸਾਰੇ ਜਾਗੇ ਅਤੇ ਅਪਣੇ ਅਪਣੇ ਕੰਮਾਂ ਵਿੱਚ ਲਗ ਗਏ। ਰਾਜਾ ਵੀ ਅਪਣੇ ਭਵਨ ਤੋਂ ਬਾਹਰ ਆਇਆ ਅਤੇ ਸਭਾ ਵਿੱਚ ਬੈਠ ਕੇ ਦੀਵਾਨ ਲਗਾਇਆ। ਸਵੇਰੇ ਉਸ ਇਸਤ੍ਰੀ ਨੇ ਵੀ ਪ੍ਰੇਮ ਤਿਆਗ ਕੇ, ਕ੍ਰੋਧ ਵਸ ਜੁੱਤੀ ਸਾਰਿਆਂ ਨੂੰ ਵਿਖਾ ਦਿੱਤੀ। ਇਧਰ ਰਾਜਾ ਨੇ ਸਭਾ ਵਿੱਚ ਆਖਿਆ ਕਿ ਕੋਈ ਮੇਰੀ ਜੁੱਤੀ ਚੋਰੀ ਕਰ ਕੇ ਲੈ ਗਿਆ ਹੈ। ਜੋ ਸਿੱਖ ਉਸ ਬੰਦੇ ਬਾਰੇ ਦੱਸੇਗਾ, ਮੌਤ ਉਸ ਦੇ ਨੇੜੇ ਨਹੀਂ ਆਵੇਗੀ। ਗੁਰੂ ਦੇ ਮੂੰਹ ਤੋਂ ਇਹ ਬਚਨ ਸੁਣ ਕੇ ਸਿੱਖ ਛੁਪਾ ਨ ਸਕੇ ਅਤੇ ਜੁੱਤੀ ਕੰਬਲ ਸਮੇਤ ਉਸ ਜਨਾਨੀ ਦਾ ਪਤਾ ਦੱਸ ਦਿੱਤਾ।
ਤਦ ਰਾਜਾ ਨੇ ਇਵੇਂ ਕਿਹਾ, ਉਸ ਨੂੰ ਫੜ ਕੇ ਸਾਡੇ ਕੋਲ ਲੈ ਆਉ, ਕੰਬਲ ਅਤੇ ਜੁੱਤੀ ਨਾਲ ਲੈ ਆਉਣਾ। ਸਾਡੇ ਕਹੇ ਬਗੈਰ ਉਸ ਨੂੰ ਡਰਾਉਣਾ-ਧਮਕਾਉਣਾ ਨਹੀਂ।
ਰਾਜੇ ਦੇ ਬਚਨ ਸੁਣ ਕੇ ਲੋਕ ਟੁੱਟ ਕੇ ਪੈ ਗਏ ੳਤੇ ਕੰਬਲ ਜੁੱਤੀ ਸਮੇਤ ਉਸ ਜਨਾਨੀ ਨੂੰ ਫੜ ਕੇ ਲੈ ਆਏ।
ਰਾਜਾ, ਹੇ ਸੁੰਦਰੀ, ਤੂੰ ਮੇਰੇ ਵਸਤ੍ਰ ਕਿਉਂ ਚੋਰੀ ਕੀਤੇ ਹਨ? ਇਨ੍ਹਾਂ ਪਹਿਰੇਦਾਰਾਂ ਨੂੰ ਵੇਖ ਕੇ ਵੀ ਤੈਨੂੰ ਡਰ ਨਹੀਂ ਲੱਗਾ? ਜਿਹੜਾ ਚੋਰੀ ਕਰੇ ਉਸ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ? ਤੈਨੂੰ ਇਸਤ੍ਰੀ ਜਾਣ ਕੇ ਛੱਡ ਦਿੰਦਾ ਹਾਂ, ਨਹੀਂ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਇਹ ਸੁਣ ਕੇ ਉਸ ਦਾ ਰੰਗ ਪੀਲਾ ਪੈ ਗਿਆ, ਉਹ ਅੱਖਾਂ ਪਾੜ ਪਾੜ ਕੇ ਵੇਖਣ ਲੱਗੀ, ਉਸ ਦੀ ਛਾਤੀ ਧੜਕਣ ਲੱਗੀ ਅਤੇ ਉਸ ਦੇ ਮੂੰਹ ਤੋਂ ਬੋਲ ਨਹੀਂ ਨਿਕਲ ਰਹੇ ਸਨ। ਰਾਜਾ ਨੇ ਫਿਰ ਕਿਹਾ, ਅਸੀਂ ਤੇਰੇ ਕੋਲੋਂ ਪੁੱਛ ਰਹੇ ਹਾਂ ਪਰ ਤੂੰ ਬੋਲ ਨਹੀਂ ਰਹੀ। ਠੀਕ ਹੈ ਤੇਰਾ ਫੈਸਲਾ ਇਕਾਂਤ ਵਿੱਚ ਕੀਤਾ ਜਾਵੇਗਾ ਅਤੇ ਤੈਨੁੰ, ਬਿਨਾ ਕਿਸੇ ਕਸ਼ਟ ਦੇ ਜਾਣ ਦਿੱਤਾ ਜਾਵੇਗਾ।
ਦੂਸਰੇ ਦਿਨ ਉਸ ਇਸਤ੍ਰੀ ਨੂੰ ਫਿਰ ਬੁਲਾਇਆ, ਉਸ ਨੂੰ ਸਭ ਕੁੱਝ ਦੱਸਿਆ। ਤੂੰ ਸਾਨੂੰ ਜਾਲ ਵਿੱਚ ਫਸਾਇਆ ਸੀ, ਅਸੀਂ ਤੈਨੂੰ ਚੱਕਰ ਵਿੱਚ ਪਾ ਦਿੱਤਾ। ਤਦ ਉਸ ਦਾ ਭਰਾ ਵੀ, ਕੈਦਖਾਨੇ ਵਿਚੋਂ ਛੱਡ ਦਿੱਤਾ। ਉਸ ਨੂੰ ਕਈ ਤਰੀਕਿਆਂ ਨਾਲ ਸਮਝਾਇਆ। ਉਸ ਨੂੰ ਰਾਜਾ ਨੇ ਕਿਹਾ, ਕਿ ਮੇਰਾ ਅਪਰਾਧ ਮੁਆਫ ਕਰੋ ਅਤੇ ਦੁਬਾਰਾ ਐਸਾ ਵਿਚਾਰ ਕਦੀ ਮਨ ਵਿੱਚ ਨਾ ਲਿਆਈਂ। ਹੇ ਇਸਤ੍ਰੀ ਹੁਣ ਤੂੰ ਮੈਨੂੰ ਮੁਆਫ ਕਰ, ਮੈਂ ਵੀ ਇਸ ਝਗੜੇ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਇਸ ਮਗਰੋਂ ਉਸ ਜਨਾਨੀ ਦਾ ਵਜ਼ੀਫਾ, ਛੇ ਮਹੀਨੇ ਦਾ ਵੀਹ ਹਜ਼ਾਰ (੨੦, ੦੦੦) ਰੁਪਏ ਬੰਨ੍ਹ ਦਿੱਤਾ ਗਿਆ।
ਮੈਂ ਤਾਂ ਇਹ ਮੰਨ ਕੇ ਚਲਦਾ ਹਾਂ ਕਿ ਇਹ ਰਚਨਾ ਕਿਸੇ ਗੁਰਨਿੰਦਕ ਦੀ ਹੈ। ਜੇ ਤੁਸੀਂ ਵੀ ਇਸ ਲੇਖ ਨੂੰ ਪੜ੍ਹ ਕੇ ਇਸ ਸਿੱਟੇ ਤੇ ਪੁੱਜ ਜਾਵੋ, ਫਿਰ ਤਾਂ ਇਹੀ ਬਾਕੀ ਰਹਿ ਜਾਂਦਾ ਹੈ ਕਿ ਪ੍ਰੋ, ਦਰਸ਼ਨ ਸਿੰਘ ਨੇ ਤਾਂ ਸਿਰਫ ਇੱਕ ਚ੍ਰਿਤ੍ਰ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੇ ਤੁਹਾਨੂੰ ਏਨਾ ਬੁਰਾ ਲੱਗਾ ਸੀ। ਜੋ ਪੁਜਾਰੀ ਇਨ੍ਹਾਂ ਲਿਖਤਾਂ ਨੂੰ, ਦਸਵੇਂ ਨਾਨਕ ਦੀਆਂ ਪਰਚਾਰ ਕੇ, ਗੁਰੂ ਸਾਹਿਬ ਦਾ ਘੋਰ ਅਪਮਾਨ ਕਰਦੇ ਹਨ। ਰਹਿਤ ਮਰਯਾਦਾ ਦੀ ਉਲੰਘਣਾ ਕਰਦੇ ਅਜਿਹੀ ਲਿਖਤ ਦਾ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਰਕਾਸ਼ ਕਰਦੇ ਹਨ, ਤੁਹਾਨੂੰ ਗਲਤ ਭੜਕਾ ਕੇ, ਪੰਥ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ, ਉਨ੍ਹਾਂ ਨਾਲ ਤੁਹਾਡਾ ਕੀ ਵਿਹਾਰ ਹੋਣਾ ਚਾਹੀਦਾ ਹੈ? ਇਸ ਦਾ ਫੈਸਲਾ ਤੁਸੀਂ ਕਰਨਾ ਹੈ। ਜੇ ਕੋਈ ਅਜੇ ਵੀ ਇਹ ਸਮਝਦਾ ਹੋਵੇ ਕਿ ਇਹ ਰਚਨਾ ਦਸਵੇਂ ਨਾਨਕ ਦੀ ਹੈ, ਤਾਂ ਉਸ ਨੂੰ ਮੇਰੇ ਹੇਠ ਲਿਖੇ ਸਵਾਲਾਂ ਬਾਰੇ ਵਿਚਾਰ ਕਰਨਾ ਬਣਦਾ ਹੈ।
੧. ਕਹਿਲੂਰ ਦੇ ਕੋਲ ਆਨੰਦਪੁਰ ਦਾ ਰਾਜਾ, ਜਿਸ ਕੋਲ ਸਿੱਖ ਖੁਸ਼ੀ ਪੂਰਵਕ ਆਉਂਦੇ ਸਨ, ਅਪਣੀਆਂ ਮੁਰਾਦਾਂ ਪੂਰੀਆਂ ਕਰ ਕੇ, ਖੁਸ਼ੀ ਪੂਰਵਕ ਘਰਾਂ ਨੂੰ ਵਾਪਸ ਜਾਂਦੇ ਸਨ, ਉਹ ਰਾਜਾ ਕੌਣ ਸੀ?
੨. ਆਨੰਦਪੁਰ ਸਾਹਿਬ ਦੇ ਕਿਸ ਰਾਜੇ ਨੂੰ ਲੋਕ ਪੂਜਦੇ ਸਨ, ਉਸ ਦੇ ਚਰਨਾਂ ਵਿੱਚ ਡਿਗਦੇ ਸਨ?
੩. ਆਨੰਦਪੁਰ ਸਾਹਿਬ ਦੇ ਕਿਸ ਰਾਜੇ ਦਾ ਜਨਮ ਖੱਤ੍ਰੀ ਕੁਲ ਵਿੱਚ ਹੋਇਆ ਸੀ? ਕਿਸ ਦੀ ਕੁਲ ਦਾ ਸੰਸਾਰ ਵਿੱਚ ਬਹੁਤ ਆਦਰ ਸੀ? ਕੌਣ ਸਾਰਿਆਂ ਵਿੱਚ ਪੂਜਣ ਯੋਗ ਕਹਾਉਂਦਾ ਸੀ?
੪. ਕਿਸ ਰਾਜੇ ਨਾਲ ਜੁੜੇ ਲੋਕ ਸਿੱਖ ਅਖਵਾਉਂਦੇ ਸਨ?
੫. ਕਿਸ ਰਾਜੇ ਕੋਲ ਆਉਣ ਵਾਲੇ ਸਿੱਖ ਗੁਰੂ ਦੇ ਪੁਤ੍ਰ ਅਤੇ ਇਸਤ੍ਰੀਆਂ ਗੁਰੂ ਦੀਆਂ ਪੁਤ੍ਰੀਆਂ ਕਹਾਉਂਦੀਆਂ ਸਨ?
੬. ਇਹ ਦੋਹਰਾ ਕਿਸ ਨਾਲ ਸਬੰਧਤ ਸਮਝਿਆ ਜਾਂਦਾ ਹੈ?
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਣ ਤੋਹਿ ਪ੍ਰਾਨ ਜਬ ਲਗ ਘਟਿ ਥਾਰੇ।
ਨਿਜ ਨਾਰੀ ਕੈ ਸੰਗ ਨੇਹ ਤੁਮ ਨਿੱਤ ਬੜੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ।
(ਨਿਸਚਿਤ ਰੂਪ ਵਿੱਚ ਇਹ ਦਸਵੇਂ ਨਾਨਕ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ।)
ਜੇ ਅਜੇ ਵੀ ਤੁਸੀਂ ਇਹ ਕਹਿੰਦੇ ਹੋ ਕਿ ਇਹ ਦਸਵੇਂ ਨਾਨਕ ਨੇ ਅਪਣੀ ਆਪ ਬੀਤੀ ਲਿਖੀ ਹੈ, ਤਾਂ ਯਕੀਨਨ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ,

੧. ਦਸਵੇਂ ਨਾਨਕ, ਡਰਦੇ ਮਾਰੇ ਉਸ ਕੁੜੀ ਕੋਲ, ਜੁੱਤੀ ਛੱਡ ਕੇ ਭੱਜੇ ਸਨ।
੨. ਰਾਹ ਵਿੱਚ ਘੇਰ ਕੇ ਲੋਕਾਂ ਨੇ ਉਨ੍ਹਾਂ ਦੇ ਡੰਡੇ ਮਾਰੇ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਗਏ ਸਨ।
੩. ਲੋਕਾਂ ਨੇ ਉਨ੍ਹਾਂ ਦੀ ਦਾੜ੍ਹੀ ਵੀ ਫੜੀ ਸੀ ਅਤੇ ਪੱਗ ਵੀ ਲਾਹੀ ਸੀ।
੪. ਇਹ ਵੀ ਮੰਨਣਾ ਪਵੇਗਾ ਕਿ ਉਨ੍ਹਾਂ ਤੇ ਲੋਕਾਂ ਨੇ ਲੱਤਾਂ ਮੁੱਕਿਆਂ ਦੀ ਬਾਰਸ਼ ਵੀ ਕੀਤੀ ਸੀ। (ਉਹ ਵੀ ਆਨੰਦਪੁਰ ਸਾਹਿਬ ਵਿਚ)
ਜੇ ਤੁਸੀਂ ਅਜੇ ਵੀ ਇਹੀ ਮੰਨਦੇ ਹੋ ਕਿ ਇਹ ਦਸਵੇਂ ਨਾਨਕ ਦੀ ਆਤਮ ਕਥਾ ਹੈ, ਤਾਂ ਫਿਰ ਉਸ ਨੂੰ ਵੀ ਫਰੋਲ ਵੇਖੋ, ਜਿਸ ਨੂੰ ਮੰਨਣ ਤੋਂ ਪਹਿਲਾਂ ਹੀ ਗੁਰਸਿੱਖ ਨੂੰ ਮਰ ਜਾਣਾ ਚਾਹੀਦਾ ਹੈ। ਜਿਸ ਨੂੰ ਮੈ, ਮੂਲ ਰਚਨਾ ਵਜੋਂ ਲਿਖ ਕੇ ਛੱਡ ਦਿੱਤਾ ਹੈ।
ਇਹ ਆਮ ਸਿੱਖ ਦੇ ਸਮਝਣ ਦੀ ਗੱਲ ਹੇ ਕਿ ਏਨਾ ਕੁੱਝ ਮੰਨਣ ਵਾਲਿਆਂ ਦਾ, ਦਸਵੇਂ ਨਾਨਕ ਦੇ ਨਾਲ ਕਿਨਾ ਕੁ ਹਿੱਤ ਹੋ ਸਕਦਾ ਹੈ? ਉਹ ਇਸ ਗੰਦ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਆਸ਼ੇ ਨਾਲ ਪਰਕਾਸ਼ ਕਰ ਰਹੇ ਹਨ?
ਹੁਣ ਮੈਂ ਉਨ੍ਹਾਂ ਵੱਲ ਮੁੜਦਾ ਹਾਂ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਇਹ ਲੇਖ ਸ਼ੁਰੂ ਕੀਤਾ ਸੀ:
ਹਵਾਲਾ ਮਾਤ੍ਰ ਦੇਣ ਵਾਲੇ ਦੀ ਗੱਲ ਸੁਣ ਕੇ ਤੁਹਾਡਾ ਖੂਨ ਖੌਲ ਗਿਆ ਸੀ। ਇਹ ਸਮਾ ਹੀ ਦੱਸੇਗਾ ਕਿ ਉਪਰ ਲਿਖਿਆ ਪੜ੍ਹ ਕੇ, ਤੁਹਾਡਾ ਖੂਨ ਕਿਨਾ ਕੁ ਖੌਲਦਾ ਹੈ? ਜੇ ਤਾਂ ਹੁਣ ਵੀ ਤੁਹਾਡਾ ਖੂਨ ਉਸੇ ਹਿਸਾਬ ਨਾਲ ਖੌਲਿਆ, ਫਿਰ ਤਾਂ ਯਕੀਨਨ ਪੰਥ ਦੇ ਗਲ ਪਿਆ ਇਹ ਮੁਰਦਾ ਸੱਪ, ਹਮੇਸ਼ਾ ਲਈ ਲੱਥ ਜਾਵੇਗਾ।
ਜੇ ਏਨਾ ਕੁੱਝ ਜਾਣ ਕੇ ਵੀ ਤੁਸੀਂ, ਸ੍ਰੀ ਦਸਮ ਗ੍ਰੰਥ ਦੇ ਹੱਕ ਵਿੱਚ ਖੜੇ ਹੁੰਦੇ ਹੋ ਤਾਂ ਯਕੀਨਨ ਨਾ ਤਾਂ ਤੁਹਾਨੂੰ ਦਸਵੇਂ ਨਾਨਕ ਨਾਲ ਕੋਈ ਪਿਆਰ ਹੈ, ਨਾ ਹੀ ਪੰਥ ਨਾਲ।
ਇਹੀ ਮੰਨਿਆ ਜਾਵੇਗਾ ਕਿ ਤੁਸੀਂ ਪੁਜਾਰੀਆਂ, ਡੇਰੇਦਾਰਾਂ, ਬਾਦਲ ਸਰਕਾਰ ਦੇ ਹੱਥ ਠੋਕੇ ਹੋ ਕੇ, ਆਰ, . ਐਸ, ਐਸ, ਦੇ ਕਾਲੇ ਕਾਰਨਾਮਿਆਂ ਨੂੰ ਪੰਥ ਸਾਹਵੇਂ ਉਜਾਗਰ ਕਰਨ ਵਾਲਿਆਂ ਦਾ ਮੂੰਹ ਬੰਦ ਕਰ ਕੇ, ਸਿੱਖੀ ਨੂੰ ਬ੍ਰਾਹਮਣਵਾਦੀ ਖਾਰੇ ਸਮੁੰਦਰ ਵਿੱਚ ਡੋਬਣ ਦੇ ਚਾਹਵਾਨ, ਪੰਥ ਦੀ ਬੁੱਕਲ ਵਿਚਲੇ ਸੱਪ, ਪੰਥ ਦੇ ਵੇਹੜੇ ਦੀਆਂ ਕਾਲੀਆਂ ਭੇਡਾਂ ਹੋ।

ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.




.