.

੧੯੩੬ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਤੇ ਖੰਡੇ ਦੀ ਪਹੁਲ

(ਇਸ ਲੇਖ ਵਿੱਚ ਸਰਦਾਰ ਹਰਮਨਜੀਤ ਸਿੰਘ ਦੇ ਪੱਤਰ ਵਿੱਚ ਉਠਾਏ ਸ਼ੰਕਿਆਂ ਦਾ ਉਤਰ ਹੈ) ਸਭ ਗੁਰਸਿੱਖਾਂ ਅੱਗੇ ਬੇਨਤੀ ਹੈ ਕਿ ਉਹ ਇਸ ਲੇਖ ਨੂੰ ਪੜ੍ਹਨ ਤੇ ਆਪਣੀ ਰਾਏ ਦੇਣ।

ਦਾਸ ਨੇ ਮਾਰਚ ੨੦੦੮ ਵਿੱਚ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਾਰ ਤੇ ਦਸਮ ਗ੍ਰੰਥ ਦੀ ਵਿਚਾਰ, ਸਿਖ ਅਦਾਰਿਆਂ ਤੇ ਸੰਗਤਾਂ ਦੇ ਵਿਚਾਰ ਤੇ ਨਿਰਣੇ ਕਰਨ ਲਈ ਪੇਸ਼ ਕੀਤੀ ਸੀ। ਇਹ ਪੁਸਤਕ Website sikhpanth.org ਤੇ sikhmarg ਤੇ ਉਪਲਬਧ ਹੈ। ਇਸ ਤੋਂ ਬਾਦ ਇੱਕ ਆਡੀਓ ਬੁਕ ਵੀ ਇਸੇ ਵੈਬਸਾਈਟ ਤੇ ਰੱਖੀ ਗਈ।

ਸਿਖ ਵਿਦਵਾਨਾਂ ਦੇ ਬਹੁਤ ਲੇਖ sikhmarg.com ਤੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਬੇਦ ਬਾਣੀ ਦੇ ਗ੍ਰੰਥਾਂ ਦਾ ਅਨੁਵਾਦ ਹਨ। ਅਖੌਤੀ ਦਸਮ ਗ੍ਰੰਥ ਪਾ: ੧੦ ਕ੍ਰਿਤ ਨਹੀਂ। ਸਾਡੇ ਰਹਿਤਨਾਮੇ ਦੇ ਸ੍ਰੋਤਾਂ ਵਿੱਚ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਅਨੇਕਾਂ ਰਹਿਤਨਾਮੇ ਤੇ ਪੁਰਾਤਨ ਜਨਮ ਸਾਖੀਆਂ ਹਨ। ਇਹਨਾਂ ਸਭ ਨੂੰ ਪੜ੍ਹ, ਵਿਚਾਰ ਕੇ ਅਸੀਂ ਨਿਰਣਾ ਕਰਨਾ ਹੈ ਕਿ ਇਹ ਗ੍ਰੰਥ ਤੇ ਪੁਸਤਕਾਂ ਪਾਂ: ੧੦ ਕ੍ਰਿਤ ਹਨ, ਗੁਰਸਿੱਖਾਂ ਦੀਆਂ ਲਿਖੀਆਂ ਹਨ ਜਾਂ ਇਹਨਾਂ ਸਭ ਦੇ ਕਰਤਾ ਬ੍ਰਾਹਮਣ ਜਾਂ ਸਿੱਖੀ ਭੇਸ ਵਿੱਚ ਬ੍ਰਾਹਮਣ ਸਨ। ਕਿਧਰੇ ਇਹ ਵਿਸ਼ਾਲ ਇਤਿਹਾਸ ਹਿੰਦੂ ਧਰਮ ਦੇ ਮੰਨਣ ਵਾਲਿਆਂ ਨੇ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਾਉਣ ਲਈ ਤਾਂ ਨਹੀਂ ਲਿਖਿਆ?

ਇਸ ਸਮੇਂ ਖੰਡੇ ਦੀ ਪਹੁਲ਼ ਤੇ ੧੯੩੬ ਦੀ ਰਹਿਤ ਮਰਯਾਦਾ ਬਹੁਤ ਚਰਚਾ ਵਿੱਚ ਹਨ। ੯੯ਵੇਂ ਫੀ ਸਦੀ ਤੋਂ ਵਧ ਸਿਖ ਅਜੇ ਤਕ ਦਸਮ ਗ੍ਰੰਥ ਨੂੰ ਪਾ ੧੦ ਕ੍ਰਿਤ ਮੰਨਦੇ ਹਨ ਤੇ ਸਮਝਦੇ ਹਨ ਕਿ ੧੯੩੬ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਵਿੱਚ ਪਾ ੧੦ ਤੇ ਸਿਖ ਗੁਰੂਆਂ ਦੇ ਹੁਕਮ ਹਨ। ਇਸ ਲਈ ਇਸ ਰਹਿਤ ਮਰਯਾਦਾ ਤੇ ਚਲਣਾਂ ਸਾਡਾ ਧਰਮ ਹੈ। ਗੁਰੂ ਜੀ ਦੀ ਕਿਰਪਾ ਨਾਲ ਜਿਉਂ ਜਿਉਂ ਗੁਰਸਿੱਖ ਨਵੀਂ ਖੋਜ ਤੇ ਵਿਚਾਰ ਕਰਦੇ ਹਨ ਉਹ ਭੀ ਨਵੀਂ ਵਿਚਾਰਧਾਰਾ ਵਿੱਚ ਸ਼ਾਮਲ ਹੋ ਕੇ ਅਪਣਾ ਸਹਿਯੋਗ ਦੇ ਰਹੇ ਹਨ।

ਅਸਲੀਅਤ ਇਹ ਹੈ ਕਿ ੧੯੩੬ ਵਾਲੀ ਰਹਿਤ ਮਰਯਾਦਾ ਸਾਡੇ ਬਜ਼ੁਰਗ ਬੁੱਧੀ ਜੀਵਿਆਂ ਨੇ ਇਸ ਗਲਤ ਵਿਸ਼ਵਾਸ ਵਿੱਚ ਬਣਾਈ ਕਿ ਉਪਰ ਲਿਖੇ ਗ੍ਰੰਥ ਤੇ ਪੁਸਤਕਾਂ ਪਾ: ੧੦ ਕ੍ਰਿਤ ਹਨ ਜਾਂ ਗੁਰਸਿੱਖਾਂ ਨੇ ਲਿਖੇ ਹਨ। ਇਸ ਰਹਿਤ ਮਰਯਾਦਾ ਸਦਕਾ ਅੱਜ ਗੁਰਸਿੱਖ ਪ੍ਰਿਥਮ ਭਗਉਤੀ ਸਿਮਰ ਕੈ ਵਾਲੀ ਅਰਦਾਸ ਕਰਦੇ ਹਨ, ਨਿਤ ਨੇਮ ਦੀਆ ਬਾਣੀਆਂ ਤੇ ਕੀਰਤਨੀ ਪੋਥੀਆਂ ਰਾਹੀਂ ਗੁਰਬਾਣੀ ਹੁਕਮਾਂ ਵਿਰੁਧ, ਦੇਵੀ ਦੇਵਤਿਆਂ ਦੀ ਉਸਤਤ ਤੇ ਆਰਾਧਨਾ ਕਰ ਰਹੇ ਹਨ।

੧੯੩੬ ਵਿੱਚ ਬਣੀ ਰਹਿਤ ਮਰਯਾਦਾ ਦੇ ਸ੍ਰੋਤ, ਬੇਦ ਬਾਣੀ ਦੇ ਦੇਵੀ ਦੇਵਤਿਆਂ ਦੀ ਉਸਤਤ ਤੇ ਅਰਾਧਨਾ ਕਰਦੇ ਹਨ। ਇਹਨਾਂ ਲਿਖਤਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ, ਕਾਲ, ਮਹਾਂਕਾਲ, ਭਗਉਤੀ, ਦੁਰਗਾ, ਚੰਡੀ, ਤੇ ਦੇਵੀ ਦੇਵਤਿਆਂ ਦੇ ਹੋਰ ਰੂਪਾਂ ਖੰਡਾ, ਕਿਰਪਾਨ, ਤੇ ਅਸਤਰਾਂ ਸ਼ਸਤਰਾਂ ਦੀ ਪੂਜਾ ਅਰਾਧਨਾ, ਗੁਰੂ ਪੀਰ ਸਮਝ ਕੇ ਕਰਦੇ ਸਨ। ਅਸੀਂ ਵਿਚਾਰ ਕਰਨੀ ਹੈ, ਕੀ ਸਾਡੇ ਸੱਚੇ ਪਾਤਸ਼ਾਹ ਨੇ ਪਹਿਲੀਆਂ ਨੌਂ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੇ ਵਿਰੁਧ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਸੀ? ਕੀ ਪਾ: ਦਸਵੀਂ ਦੇ ਜੋਤੀ ਜੋਤਿ ਸਮਾਉਣ ਤੋਂ ੬੦/੭੦ ਸਾਲ ਬਾਦ ਲਿਖਿਆ ਇਹ ਵਿਸ਼ਾਲ ਇਤਿਹਾਸ ਗੁਰਸਿੱਖਾਂ ਨਾਲ ਧੋਖਾ ਹੈ?

ਖੰਡਾ ਜੰਗ ਲਈ ਹਥਿਆਰ ਹੈ ਪਰ ਪੂਜਣ ਯੋਗ ਗੁਰੂ ਪੀਰ ਨਹੀਂ। ਬੇਦ ਬਾਣੀ ਅਨੁਸਾਰ ਖੰਡਾ ਦੇਵੀ ਦਾ ਰੂਪ ਹੈ।

ਸਿਖ ਧਰਮ ਦੀ ਵੱਖਰੀ ਪਛਾਣ ਕਾਇਮ ਰਖਨ ਲਈ ਤੇ ਗੁਰਬਾਣੀ ਦੇ ਹੁਕਮ ਮੰਨ ਕੇ ਸਿੱਖੀ ਜੀਵਨ ਬਣਾਉਣ ਲਈ ਇਹ ਇੱਕ ਅਹਿਮ ਮਸਲਾ ਹੈ। ਜੇ ਗੁਰਸਿੱਖਾਂ ਦੀਆਂ ਆਪਸ ਵਿਰੋਧੀ ਧਿਰਾਂ ਵਿਚਾਰ ਗੋਸ਼ਟੀ ਵਿੱਚ ਸ਼ਾਮਲ ਹੋ ਕੇ ਤੱਥਾਂ ਦੇ ਅਧਾਰ ਤੇ ਵਿਚਾਰ ਕਰਨ ਤੇ ਨਿਰਣੇ ਲੈਣ ਤਾਂ ਸਹੀ ਫੈਸਲੇ ਕੀਤੇ ਜਾ ਸਕਦੇ ਹਨ।

ਦਾਸ ਦੀ ਕੋਸ਼ਿਸ਼ ਹੈ ਕਿ ਐਸੇ ਤੱਥ ਸਿਖ ਅਦਾਰਿਆਂ ਤੇ ਸੰਗਤਾਂ ਦੇ ਸਾਹਮਣੇ ਰੱਖਾਂ ਜੋ ਸਾਨੂੰ ਸਹੀ ਨਿਰਣੇ ਲੈਣ ਵਿੱਚ ਸਹਾਈ ਹੋਣ। ਇਸ ਵਿਸ਼ੇ ਉੱਤੇ, ਹੋਰ ਖੋਜੀ ਗੁਰਸਿੱਖਾਂ ਦੇ ਲੇਖਾਂ ਦਾ ਸੰਖੇਪ ਵੀ ਨਾਲ ਜੋੜ ਕੇ ਛਾਪ ਦਿੱਤਾ ਜਾਵੇ ਤਾਂ ਕਿ ਇੱਕ ਸੰਯੁਕਤ ਪੁਸਤਕ ਜਾਂ ਪੇਸ਼ਕਾਰੀ ਬਣ ਸਕਦੀ ਹੈ।

ਦਸ ਪਾਤਸ਼ਾਹੀਆਂ ਦੇ ਸਮੇਂ ਸਿਖ ਰਹਿਤ ਮਰਯਾਦਾ ਲਿਖਤ ਰੂਪ ਵਿੱਚ ਨਹੀਂ ਸੀ। ਸਿਖ ਰਹਿਤ ਮਰਯਾਦਾ ਦਾ ਇਕੋ ਹੀ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀ ਤੇ ਗੁਰਸਿੱਖ ਸੱਚੇ ਸੁੱਚੇ ਆਚਰਣ ਵਾਲੇ ਸਿਖ ਮਤ ਦੇ ਧਾਰਨੀ ਸਨ।

੧੯੩੬ ਵਿੱਚ ਬਣੀਂ ਸਿਖ ਰਹਿਤ ਮਰਯਾਦਾ ਦੇ ਸ੍ਰੋਤਾਂ ਵਿੱਚ ਹੇਠ ਲਿਖੇ ਗ੍ਰੰਥ ਤੇ ਪੁਸਤਕਾਂ ਸ਼ਾਮਲ ਸਨ।

ਦਸਮ ਗ੍ਰੰਥ

ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦

ਅਨੇਕਾਂ ਰਹਿਤ ਨਾਮੇ ਤੇ

ਪੁਰਾਤਨ ਜਨਮ ਸਾਖੀਆਂ

ਇਹ ਸਭ ਪੁਸਤਕਾਂ ਪਾ ੧੦: ਦੇ ਜੋਤੀ ਜੋਤਿ ਸਮਾਉਣ ਤੋਂ ੬੦/੭੦ ਸਾਲ ਬਾਦ ਵਜੂਦ ਵਿੱਚ ਆਈਆਂ। ਖੋਜ ਅਨੁਸਾਰ ਇਹਨਾਂ ਪੁਸਤਕਾਂ ਦੇ ਲਿਖਾਰੀ ਪਾ: ੧੦ ਜਾਂ ਕੋਈ ਗੁਰਸਿੱਖ ਨਹੀਂ ਸਨ।

ਖੰਡੇ ਦੀ ਪਹੁਲ਼ ਦਾ ਪਿਛੋਕੜ ਤੇ ਬ੍ਰਿਤਾਂਤ ਅਸੀਂ ਰਹਿਤ ਨਾਮਾ ਭਾਈ ਦਯਾ ਸਿੰਘ ਤੇ ਸਰਬ ਲੋਹ ਗ੍ਰੰਥ ਤੋਂ ਲੈਂਦੇ ਹਾਂ।

ਰਹਿਤਨਾਮਾ ਭਾਈ ਦਯਾ ਸਿੰਘ

ਲਿਖਣ ਵਾਲਾ ਭਾਈ ਦਯਾ ਸਿੰਘ ਦੀ ਥਾਂ ਕੋਈ ਬੇ ਨਾਮ ਲਿਖਾਰੀ ਸੀ।

ਲਿਖਣ ਵਾਲਾ ਕਵੀ ਖੰਡੇ ਦੀ ਪਹੁਲ਼ ਤਿਆਰ ਕਰਨ ਦਾ ਬ੍ਰਿਤਾਂਤ ਸੁਣਾਉਂਦਾ ਹੈ।

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਪ੍ਰਸ਼ਨ ਕੀਆ ਜੁ ਮਹਾਰਾਜ ਜੀ, ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤਿ ਹੋਇ।

ਪਾ: ੧੦, ਦਾ ਉਤਰ - – ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਿਆਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ੴ ਸਤ ਨਾਮ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ ਅਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦ੍ਰਿੜਤਾ ਦੇ ਦੀਆ, ਮਿਸ਼ਟਾਨ ਇੰਦਰ ਨੇ ਦੀਆ ਬੁਧੀ ਮੀਠੀ ਰਹਨ ਨਮਿਤ, ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕਛ ਹਨੂ ਜੀ ਦਈ, ਜਪੁਜੀ ਮੁਕਤਿ ਕੋ ਪਾਠ ਦੀਆ, ਅਨੰਦ, ਚਿਤ ਸ਼ਾਤ ਲੀਏ ਗੁਰੂ ਅਮਰ ਜੀ ਦੀਨਾ, ਅਕਾਲ ਪੁਰਖ ਕਾ ਅਵਤਾਰ ਪ੍ਰਗਟ ਕੀਆ ਖਾਲਸਾ। ਪੰਜ ਭੁਜੰਗੀ ਹੈ ਮਹਾ ਮੁਕਤੇ ਨਾਮ- ਰਾਮ ਸਿੰਘ, ਫਤਿਹ ਸਿੰਘ ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਇਨਹੋਂ ਪਾਂਚੋਂ ਸਿੰਘੋਂ ਨੇ ਹਾਥ ਸੇ ਅੰਮ੍ਰਿਤ ਛਕਾ ਥਾ। ਜੋ ਗੁਰਦੇਵ ਅਮ੍ਰਿਤ ਛਕਾਨੇ ਵਾਲਾ ੧ ਸਤਗੁਣੀ ਨਿਰਲੋਭੀ ਸੁਕਦੇਵ ਹੈ, ਤਮਗੁਣੀ ਦੁਰਬਾਸਾ ਸਮ, ਕਾਮੀ ਰਾਜਨੀਤੀ ਕ੍ਰਿਸ਼ਨ ਤੁਲ਼, ੪ ਮੋਹ ਜੁਗ ਕਰ ਵਸ਼ਿਸ਼ਟ ਸਰੂਪ, ਹੰਕਾਰੀ ਵਿਸ਼ਵਾ ਮਿਤ੍ਰ ੬, ਆਚਾਰੀ ਬਿਆਸ, ੭ ਸਮਾਧਿ ਸਿਥਿਤ ਕਪਿਲ ੮ ਭਿਖੁਯਕ ਜਾਗਵਲਿਕ, ੯ ਕਰਮਕਾਂਡੀ ਜੈਮਨਿ ਤੁਲ ੧੦, ਪਾਤੰਜਲੀ ਸ਼ੇਸ਼ ਤੁਲ।

ਇਸੀ ਰਹਿਤਨਾਮੇ ਵਿੱਚ ਅੰਮ੍ਰਿਤ ਛਕਾਉਨ ਦੀ ਵਿਧੀ ਲਿਖੀ ਹੈ। -- ਪੁਨਹ ਏਕ ਸਿੰਘ ਸਰਬਤ੍ਰ ਆਗਿਆ ਲੈ, ਹਥਿ ਮੈ ਕਟੋਰਾ, ਬਾਂਏਂ ਹਾਥ ਪਰ ਦਾਇਆਂ ਰਖ ਕੈ ਛਕੈ। ਵਹ ਕਹੈ- ਬੋਲੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ। ਗੁਰਮੰਤ੍ਰ ਸਤਨਾਮ ਦੇ, ਰਹਿਤ ਦਸਨੀ ਨਾਮ ਰਖਨਾ (੧) ਸਵਾ ਰੁਪਯਾ ਤਨਖਾਹ, ਅਰਦਾਸ ਕਰਨੀ, ਉਸ ਕਾਲ ਸਭ ਰਲ ਕਰਿ ਛਕੈ ਪ੍ਰਸਾਦ ਕੜਾਹ, ਪੀਛੈ ਅਪਨੇ ਅਪਨੇ ਬਰਤਨ ਮੈਂ ਛਕੈ, ਅੰਮ੍ਰਿਤ ਛਕਾਵਨ ਵਾਲੇ ਗੁਰਦੇਵ ਕੋ ਬਸਤਰ ਸ਼ਸਤਰ ਕਰ ਪੂਜੇ। (ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿਖਾਂ ਨੂੰ ਕੇਸ ਅਕਾਲ ਪੁਰਖ ਦੀ ਦੇਨ ਹਨ ਸਿਖਾਂ ਨੂੰ ਕੇਸ ਚੰਡੀ ਨੇ ਨਹੀਂ ਦਿਤੇ।)

ਗੁਰੂ ਗ੍ਰੰਥ ਸਾਹਿਬ ਵਿੱਚ ਖਾਲਸਾ ਅਖਰ ਸਿਰਫ ਇੱਕ ਬਾਰ ਭਗਤ ਕਬੀਰ ਨੇਂ ਪ੍ਰੇਮਾ ਭਗਤੀ ਕਰਕੇ ਮੁਕਤਿ ਹੋਇ ਗੁਰਸਿੱਖ ਲਈ ਵਰਤਿਆ ਹੈ।

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ੬੫੪

ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮਨਨ ਵਾਲੇ, ਪੂਰੇ ਗੁਰੂ ਤੇ ਅਕਾਲ ਪੁਰਖ ਪਾਰਬ੍ਰਹਮ ਦੀ ਅਰਾਧਨਾ ਕਰਨ ਵਾਲੇ ਗੁਰਸਿੱਖ, ਰਹਿਤ ਨਾਮਿਆਂ ਨੂੰ ਪਾ ੧੦ ਦੇ ਹੁਕਮ ਮੰਨਣਗੇ। ਕੀ ਗੁਰਸਿੱਖ ਇਹਨਾਂ ਸ੍ਰੋਤਾਂ ਤੋਂ ਬੰਨੀ ਰਹਿਤ ਮਰਯਾਦਾ ਦੇ ਧਾਰਨੀ ਰਹਿਣਗੇ? । ਫੈਸਲਾ ਸਿਖ ਜਥੇ ਬੰਦੀਆਂ ਤੇ ਗੁਰਸਿੱਖਾਂ ਨੇ ਕਰਨਾਂ ਹੈ। ਦਾਸ ਸਿਰਫ਼ ਪੁਸਤਕਾਂ ਦੇ ਤੱਥ ਤੇ ਅਸਲੀਅਤ ਪੇਸ਼ ਕਰ ਰਿਹਾ ਹੈ।

ਇਸ ਸਮੇਂ ਤਕ ਬੁੱਧੀ ਜੀਵਿਆਂ ਦੀ ਇਹ ਵਿਚਾਰ ਕਾਇਮ ਹੈ ਕਿ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਖੰਡੇ ਦੀ ਪਹੁਲ਼ ਬਣਾਉਣ ਦਾ ਵਿਧਾਨ ਕਾਇਮ ਰਖਿਆ ਜਾਵੇ ਪਰ ਪਹੁਲ਼ ਤਿਆਰ ਕਰਨ ਸਮੇਂ ਪੜ੍ਹਨ ਵਾਲੀਆਂ ਬਾਣੀਆਂ ਸਿਰਫ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਆਂ ਜਾਣ। ਇਸ ਸੰਦਰਭ ਵਿੱਚ ਦਾਸ ਵਿਦਵਾਨਾਂ ਦਾ ਧਿਆਨ ਹੇਠ ਲਿਖੇ ਤੱਥਾਂ ਵਲ ਦੁਆਉਣਾ ਚਾਹੁੰਦਾ ਹੈ।

ਖੰਡੇ ਦੀ ਪਹੁਲ਼ ਦਾ ਪਿਛੋਕੜ ਪੂਰੀ ਤਰਾਂ ਸਮਝਣ ਲਈ ਸਾਨੂੰ, ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਪੁਰਾਤਨ ਰਹਿਤਨਾਮਿਆਂ ਤੇ ਜਨਮ ਸਾਖੀਆਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹਨਾਂ ਪੁਸਤਕਾਂ ਨੂੰ ਲਿਖਣ ਵਾਲੇ ਗੁਰਸਿੱਖ ਨਹੀਂ ਸਨ। ਇਹ, ਨਿਰਮਲੇ; ਉਦਾਸੀ ਤੇ ਹਿੰਦੂ ਸੰਸਥਾਵਾਂ ਦੇ ਇਸ਼ਾਰੇ ਤੇ ਲਿਖਣ ਵਾਲੇ ਸਨ ਜਿਨ੍ਹਾਂ ਨੇ ਕਿਹਾ ਗੁਰਬਾਣੀ ਦਾ ਮੂਲ ਬੇਦ ਬਾਣੀ ਹੈ। ਸਾਡੀ ਅਜੋਕੀ ਰਹਿਤ ਮਰਯਾਦਾ ਦੇ ਸਰੋਤਾਂ ਵਿਚੋਂ ਇਹ ਉਪਰ ਲਿਖੀਆਂ ਪੁਸਤਕਾਂ ਸਨ। ਬ੍ਰਾਹਮਣ ਗੁਰੂ ਸ਼ੁਰੂ ਤੋਂ ਹੀ ਸਿਖ ਮਤ ਦਾ ਵਿਰੋਧੀ ਸੀ ਤੇ ਚਾਹੁੰਦਾ ਸੀ ਕਿ ਸਿਖ ਮਤ ਨੂੰ ਵੇਦ ਮਤ ਵਿੱਚ ਰਲਾ ਕੇ ਸਿੱਖੀ ਦਾ ਸੁਤੰਤਰ ਵਜੂਦ ਮਿਟਾ ਦਿੱਤਾ ਜਾਵੇ। ਹਿੰਦੂ ਸੰਸਥਾਵਾਂ ਅੱਜ ਵੀ ਸਿਖ ਧਰਮ ਨੂੰ ਹਿੰਦੂ ਧਰਮ ਵਿੱਚ ਰਲਾਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ।

ਆਪਣੇ ਨੀਚ ਤੇ ਸ਼ਰਾਰਤੀ ਮਨਸੂਬਿਆਂ ਨੂੰ ਸਰੰਜਾਮ ਦੇਣ ਲਈ ਬ੍ਰਾਹਮਣ ਲਿਖਾਰੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਦੇਵੀ ਦੇਵਤਿਆਂ ਨੂੰ ਆਰਾਧਨ ਵਾਲਾ ਝੂਠਾ ਵਜੂਦ ਘੜਿਆ। ਐਸੇ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੇਵਤਿਆਂ ਨੂੰ ਮਨਾ ਕੇ ਤੇ ਉਨ੍ਹਾਂ ਤੋਂ ਅਭੈ ਦਾਨ ਲ਼ੈਕੇ ਖੰਡੇ ਦੀ ਪਹੁਲ ਬਣਾਈ, ਸਿੱਖਾਂ ਵਿੱਚ ਖਾਲਸਾ ਸਾਜਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਿੱਖਾਂ ਲਈ ਜੰਗੀ ਨਾਹਰਾ ਘੜਿਆ, ਸਿੱਖਾਂ ਨੂੰ ਕਾਲ ਉਪਾਸ਼ਕ ਬਣਾਇਆ, ਸਿੱਖਾਂ ਦਾ ਛਤਰੀ ਧਰਮ ਬਣਾਇਆ, ਮਾਤ ਭਗਉਤੀ ਨੂੰ ਸਿੱਖਾਂ ਦੀ ਮਾਤਾ ਬਣਾਇਆ ਆਦਿ। ਇਸ ਦੀ ਪ੍ਰੋੜ੍ਹਤਾ ਲਈ ਅਸੀਂ ਸਰਬ ਲੋਹ ਗ੍ਰੰਥ ਵਿਚੋਂ ਕੁੱਝ ਉਧਾਰਨ ਹੇਠਾਂ ਦਿੱਤੇ ਹਨ।

ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦ ਵਿਚੋਂ ਉਧਾਰਨ।

ਇਸ ਗ੍ਰੰਥ ਨੂੰ ਪਾ: ੧੦ ਕ੍ਰਿਤ ਮੰਨਿਆ ਜਾਂਦਾ ਹੈ। ਇਸ ਗ੍ਰੰਥ ਵਿੱਚ ਗੁਰੂ ਜੀ ਨੂੰ ਦੇਵੀ ਦੇਵਤਿਆਂ ਦਾ ਉਪਾਸ਼ਕ ਜਨਾਇਆ ਗਿਆ ਹੈ। ਇਸ ਵੱਡੇ ਆਕਾਰ ਦੇ ਗ੍ਰੰਥ ਵਿੱਚ ਦੇਵੀ ਦੇਵਤਿਆਂ ਦੀ ਉਸਤਤ, ਤੇ ਦੈਂਤਾਂ ਨਾਲ ਯੁੱਧਾਂ ਦਾ ਵਰਣਨ ਹੈ। ਅਸੀਂ ਗ੍ਰੰਥ ਦੇ ਮੰਗਲਾਚਰਣ ਤੋਂ ਸ਼ੁਰੂ ਕਰਦੇ ਹਾਂ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆਂ ਦੀ ਆਰਾਧਨਾ ਕਰ ਰਹੇ ਹਨ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ॥

ਸ੍ਰੀ ਭਵਾਨੀ ਜੀ ਸਹਾਇ, ਸ੍ਰੀ ਮਾਯਾ ਲਛਮੀ ਜੀ ਸਹਾਇ॥

ਉਸਤਤਿ ਸ੍ਰੀ ਮਾਇਆ ਲਛਮੀ ਜੀ ਕੀ॥

ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦॥

ਦੋਹਿਰਾ॥ ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ, ਜਉ ਜੰਤੁ ਪ੍ਰਤਿਪਾਲ॥ ਸ੍ਰੀ ਮਾਇਆ ਮੁਖ ਕਰੋ ਉਚਾਰ॥ ਦਰਿਦਰ ਸਗਲ ਤੇ ਲੇਹੁ ਉਬਾਰਿ॥

(ਪਾ: ੧੦ ਦੇ ਮੁਖ ਤੋਂ ਅਖਵਾਇਆ ਗਿਆ ਹੈ ਮੈ ਸ੍ਰੀ ਮਾਯਾ ਦਾ ਨਾਮ ਮੁਖ ਤੋਂ ਉਚਾਰਦਾ ਹਾਂ, ਤੁਸੀਂ ਅਪਨੇ ਸੇਵਕਾਂ ਨੂੰ ਸਭ ਦੁਖਾਂ ਤੋਂ ਉਬਾਰਿ ਲੈਂਦੇ ਹੋ।)

ਦੋਹਿਰਾ॥ ਆਦਿ ਭਵਾਨੀ ਈਸੁਰੀ ਮਾਯਾ ਜਾ ਕੋ ਨਾਮ॥

ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ॥

ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ॥

ਸੁਬੁਧਿ ਦੈਨ ਜੈ ਜੈ ਕਰਨਿ ਮਾਯਾ ਸ੍ਰੀ ਜਗਮਾਤਿ॥

(ਆਦਿ ਭਵਾਨੀ ਈਸਰੀ ਦਾ ਨਾਮ ਮਾਯਾ ਹੈ। ਇਸ ਤੋਂ ਬਿਨਾ ਮੈ ਇੱਕ ਛਿਨ ਨਹੀ ਰਹਿ ਸਕਦਾ ਤੇ ਕੋਈ ਕਮ ਪੂਰਾ ਨਹੀਂ ਹੁੰਦਾ। ਤੁਸੀਂ ਸੁਖ ਦਿੰਦੇ ਹੋ, ਹਰ ਤਰਾਂ ਪ੍ਰਤਿਪਾਲਨਾ ਕਰਦੇ ਹੋ ਤੁਹਾਡੀ ਜੈ ਜੈ ਕਾਰ ਹੋਵੇ, ਤੁਸੀਂ ਜਗਤ ਦੀ ਮਾਤਾ ਹੋ।)

ਛਮੋ ਨਾਥ ਹਮਰੀ ਢੀਠਾਈ॥ ਹਮ ਲਹੁਰੇ ਤੁਮ ਅਤਿ ਗੁਰੂਆਈ॥

ਜੰਹ ਬਿਧਿ ਰਖਯਾ ਦੇਵਨ ਕਰੇ॥ ਅਭਯ ਦਾਨ ਦੇ ਅਸੁਰਨ ਮਰੇ॥

ਤਿਮ ਮੁਰ ਰਖਯਾ ਕਰਹੁ ਗੁਸਾਈਂ। ਮੈਂ ਆਯੋ ਤੁਮਰੀ ਸਰਨਾਈ॥

ਦਾਸ ਗੁਬਿੰਦ ਫਤਹ ਨਰਹਰੀ॥ ਸਰਬ ਲੋਹ ਉਚਰਹੁ ਪਲ ਘਰੀ॥

(ਪਾ; ੧੦ ਦੇ ਮੁਖੋਂ ਸਰਬਲੋਹ ਦੇਵਤਾ ਨੂੰ ਕਿਹਾ ਜਾ ਰਿਹਾ ਹੈ ਮੈਂ ਛੋਟਾ ਹਾਂ ਤੁਸੀਂ ਵਡੇ ਉਚੇ ਹੋ ਜਿਸਤਰਾਂ ਤੁਸੀਂ ਦੇਵਤਿਆਂ ਦੀ ਰਖਿਆ ਕੀਤੀ ਉਹਨਾਂ ਨੂੰ ਅਭਯ ਦਾਨ ਦਿਤਾ, ਜਿਸ ਨਿਡਰਤਾ ਕਰ ਕੇ ਦੇਵਤਿਆਂ ਨੇ ਅਸੁਰ ਮਾਰ ਦਿਤੇ, ਇਸ ਤਰਾਂ ਤੁਸੀਂ ਮੇਰੀ ਰਖਿਆ ਵੀ ਕਰੋ, ਮੈਨੂੰ ਅਭਯ ਦਾਨ ਦਿਉ, ਮੈ ਤੁਹਾਡੀ ਸਰਨ ਆਇਆ ਹਾਂ। ਦਾਸ ਗੁਬਿੰਦ ਨਰਹਰੀ ਦੀ ਫਤਹ ਕਹਿੰਦਾ ਹੈ ਸਰਬ ਲੋਹ ਦਾ ਨਾਮ ਹਰ ਵੇਲੇ ਉਚਾਰੋ।)

ਇਸ ਰਚਨਾਂ ਅਨੁਸਾਰ ਤਤ ਖਾਲਸੇ ਦੀ ਸਾਜਨਾਂ ਕਿਵੇਂ ਹੋਈ?

ਜੇ ਜੇ ਅਸੁਰ ਪ੍ਰਭੁ ਸੰਤਨ ਦ੍ਰੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ॥

ਤੇ ਤੇ ਦੁਸਟ ਪਛਾਰੇ ਸਤਿਗੁਰ, ਮਨਾਇ ਭਗਵਤੀ ਅਰੁ ਭਗਵੰਤੇ॥

ਭੂਸਰ ਗੋ ਦ੍ਰੋਹੀ ਜੇ ਦੁਸਟਨ ਧਰਮ ਜੁਧ ਕਰ ਅਸੁਰ ਦਲ਼ੰਤੇ॥

ਸੋਧ ਸੁਧਾਰ ਬਰਣ ਆਸਰਮ ਕਓ, ਮਥ ਕਰਿ ਤਤ ਖਾਲਸੇ ਮੰਤੇ॥

(ਜੋ ਜੋ ਅਸੁਰ ਭਾਵ ਮੁਸਲਮਾਨ ਸੰਤਾਂ ਦੇ ਦ੍ਰੋਹੀ ਸਨ, ਜੋ ਭਗਤੀ ਵਿੱਚ ਵਿਘਨ ਪਾਉਂਦੇ ਸਨ ਸਤਿਗੁਰ ਨੇ ਭਗਵਤੀ ਨੂੰ ਮਨਾ ਕੇ ਜਾਨੀ ਆਰਾਧਨਾਂ ਕਰਕੇ ਤੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਦੁਸਟ ਮੁਗਲਾਂ ਨੂੰ ਹਰਾ ਦਿਤਾ। ਸਤਿਗੁਰ ਨੇ ਗਊਆਂ ਦੇ ਦ੍ਰੋਹੀ ਅਸੁਰਾਂ ਨੂੰ ਧਰਮ ਯੁਧ ਕਰ ਕੇ ਦਲ ਦਿਤਾ। ਇਸਤਰਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤਤ ਖਾਲਸਾ ਸਾਜਿਆ। ਤਤ ਖਾਲਸਾ ਹਿੰਦੂਆਂ ਦਾ ਖਤਰੀ ਵਰਗ ਹੈ)

ਪੰਥ ਖਾਲਸਾ ਭਯੋ ਪੁਨੀਤਾ, ਪ੍ਰਭ ਆਗਯਾ ਕਰਿ ਉਦਿਤ ਭਏ॥

ਮਿਟਯੋ ਦਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ॥

ਧਰਮ ਪੰਥ ਖਾਲਸ ਪ੍ਰਚੁਰ ਭਯੋ, ਸਤਿ ਸਿਵੰ ਪੁਨਯ ਰੂਪ ਜਏ॥

ਕਛ ਕੇਸ ਕ੍ਰਿਪਾਨਨ ਮੁਦ੍ਰਿਤ ਗੁਰ ਭਗਤਾ ਰਾਮਦਾਸ ਭਏ॥

ਕਾਲ ਉਪਾਸਕ ਛਤ੍ਰਿਯ ਧਰਮਾ, ਰਣ ਕਟਿ ਕਰਿ ਪ੍ਰਦਾਨ ਅਏ॥

ਤਾ ਮਹਿ ਪੰਚ ਚਾਲਿਸ ਪ੍ਰਵਾਨਾਂ ਪੰਚ ਪ੍ਰਧਾਨ ਖਾਲਸਹਿ ਠਏ॥

ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਹ ਸਿੰਘ ਜੋਰਾਵਰ ਸਿੰਘ ਪ੍ਰਿਏ॥

ਪੰਚਮ ਖਾਲਸਹ ਸਤਿਗੁਰ ਪੂਰਾ ਜਿਨ ਏ ਪੰਥ ਸੁਪੰਕ ਪ੍ਰਟਗਏ॥

ਚਾਲਿਸ ਲਰ ਏ ਬੀਜ ਖਾਲ਼ਸਹ, ਮੁਕਤੇ ਪਾਵਨ ਸਿੰਘ ਬਲੀ॥

ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਯੋ ਦੈ ਖਾਲ਼ ਪਲੀ॥

(ਸਿਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, (ਰਹਿਤ ਨਾਮਾ ਭਾਈ ਦਯਾ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇ; ਹਾਜ਼ਰ ਦੇਵੀ ਦੇਵਤਿਆਂ ਨੇ ਸਿਖਾਂ ਨੂੰ ਕਕਾਰ ਦਿਤੇ ਸਨ), ਖਾਲਸਾ ਕਾਲ/ਮਹਾਕਾਲ ਉਪਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ।)

ਜੋ ਗੁਰਸਿਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਉਹਨਾਂ ਲਈ ਜ਼ਰੂਰੀ ਹੈ ਸਾਰੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਣ। ਇਸ ਸਮੇ ਗੁਰਸਿਖ ਬੇਦ ਬਾਣੀ ਦੇਵੀ ਦੇਵਤਿਆਂ ਤੇ, ਹਿੰਦੂ ਸੰਸਕ੍ਰਿਤੀ ਦੀ ਦਲਦਲ ਵਿੱਚ ਧਸੇ ਹਨ। ਸਿਖੀ ਦਾ ਪੁਨਰਨਿਰਮਾਣ ਕੇਵਲ ਗੁਰੂ ਗ੍ਰੰਥ ਸਾਹਿਬ ਉਤੇ ਪੂਰਨ ਵਿਸ਼ਵਾਸ ਲਿਆ ਕੀ ਹੀ ਹੋ ਸਕਦਾ ਹੈ। ਅਸੀਂ ਗੁਰਸਿਖ ਹੀ ਰਹੀਏ ਤਾਂ ਅਸੀਂ ਸਿਖ ਮਤ ਵਿੱਚ ਜੀਉਂ ਸਕਦੇ ਹਾਂ। ਸਿਖਾਂ ਵਿੱਚ ਖਾਲਸਾ ਕੂੜੇ ਅਖੌਤੀ ਸਿਖ ਇਤਹਾਸ ਦੀ ਦੇਣ ਹੈ।

ਇਹਨਾਂ ਸਿਖ ਮਤ ਵਿਰੋਧੀ ਇਤਿਹਾਸਕ ਪੁਸਤਕਾਂ ਤੋਂ ਖੰਡੇ ਦੀ ਪਹੁਲ਼ ਦਾ ਬ੍ਰਿਤਾਂਤ ਅਸੀਂ ਮੁੜ ਲਿਖਦੇ ਹਾਂ।

ਗੁਰੂ ਗੋਬਿੰਦ ਸਿੰਘ ਨੇ ਨੈਨਾ ਦੇਵੀ ਦੇ ਮੰਦਰ ਵਿੱਚ ਦੇਵੀ ਪੂਜਾ ਕਰਕੇ, ਦੇਵੀ ਤੋਂ ਅਭਯ ਦਾਨ ਲਿਆ ਤੇ ਸ਼ਕਤੀ ਪ੍ਰਾਪਤ ਕੀਤੀ। ਇਸ ਤੋਂ ਬਾਦ ਹੁਕਮ ਨਾਮੇ ਭੇਜ ਕੇ ਸਿੱਖਾਂ ਨੂੰ ਭਾਰਤ ਦੇ ਕੋਨੇ ਕੋਨੇ ਤੋਂ ਵਿਸਾਖੀ ੧੬੯੯ ਵਾਲੇ ਦਿਨ ਪੂਜਣ ਦਾ ਆਦੇਸ਼ ਦਿੱਤਾ। ਉੱਚੀ ਥਾਂ ਤੇ ਸ਼ਾਹਾਨਾਂ ਤੰਬੂ ਸਜਾਇਆ ਗਿਆ, ਨਾਲ ਹੀ ਬੜੀ ਸੁੰਦਰ ਸਟੇਜ ਸਜ ਰਹੀ ਸੀ। ੮੦, ੦੦੦ ਤੋਂ ਵਧ ਸਿਖ ਗੁਰੂ ਜੀ ਦੇ ਦਰਸ਼ਨ ਲਈ ਬੇਤਾਬ ਸਨ। ਅਚਾਨਕ ਨੰਗੀ ਤਲਵਾਰ ਲੈ ਕੇ ਗੁਰੂ ਜੀ ਸਟੇਜ ਤੇ ਆਏ ਤੇ ਇੱਕ ਸਿਰ ਦੀ ਮੰਗ ਕੀਤੀ। ਇੱਕ ਸਿਖ ਨੇ ਗੁਰੂ ਜੀ ਵਿੱਚ ਸ਼ਰਧਾ ਤੇ ਹੁਕਮ ਮੰਨਣ ਦਾ ਸਬੂਤ ਦਿੱਤਾ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ, ਤੇ ਮੁੜ ਲਹੂ ਨਾਲ ਲਿਬੜੀ ਤਲਵਾਰ ਲਿਸ਼ਕਾਉਂਦੇ ਹੋਏ ਆ ਕੇ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਜੀ ਨੇ ਸਿੱਖਾਂ ਦੇ ਸਿਰ ਕੱਟ ਕੇ ਉਹਨਾਂ ਨੂੰ ਦੁਰਗਾ ਦੀ ਸ਼ਕਤੀ ਨਾਲ ਜਾਂ ਅਪਨੀਂ ਸ਼ਕਤੀ ਨਾਲ ਮੁੜ ਜਿਵਾਇਆ ਜਾਂ ਉਹਨਾਂ ਨੇ ਪੰਜ ਬਕਰੇ ਝਟਕਾਏ। (ਬਲੀਆਂ ਦੇਨਾਂ ਸਨਾਤਨ ਧਰਮ ਦਾ ਅੰਗ ਹੈ, ਇਸ ਸਮੇਂ ਵਿੱਚ ਵੀ ਦੇਵੀ ਦੇ ਮੰਦਰਾਂ ਤੇ ਜਾਨਵਰਾਂ ਜਾਂ ਮਨੁਖ ਦੀਆਂ ਬਲੀਆਂ ਦਿਤੀਆਂ ਜਾਂਦੀਆਂ ਹਨ।) ਪੁਸਤਕਾਂ ਤੋਂ ਉਪਜੇ ਗੁਰੂ ਗੋਬਿੰਦ ਸਿੰਘ ਬਲੀਆਂ ਦੇਨਾ ਧਰਮ ਦਾ ਅੰਗ ਮੰਨਦੇ ਸਨ। ਜ਼ਾਹਰ ਹੈ ਬ੍ਰਾਹਮਨ ਚਾਹੁੰਦਾ ਸੀ ਕਿ ਗੁਰਸਿਖ ਵੀ ਹਿੰਦੂਆਂ ਵਰਗੇ ਕਰਮ ਕਰਨ ਤੇ ਸਨਾਤਨ ਸੰਸਕ੍ਰਿਤੀ ਵਿੱਚ ਸ਼ਾਮਲ ਹੋ ਜਾਨ।।

ਅਸੀਂ ਹੁਣ ਪੂਰਨ ਵਿਸ਼ਵਾਸ਼ ਨਾਲ ਕਹ ਸਕਦੇ ਹਾਂ ਕਿ ਸਾਡੇ ਸਚੇ ਗੁਰੂ ਗੋਬਿੰਦ ਸਿੰਘ ਨੇ ਪਹਿਲੀਆਂ ਨੋਂ ਪਾਤਸ਼ਾਹੀਆਂ ਤੇ ਗੁਰੂ ਗ੍ਰੁੰਥ ਸਾਹਿਬ ਦੇ ਹੁਕਮਾਂ ਵਿਰੁਧ ਕੋਈ ਨਵੀਂ ਰਹਿਤ ਮਰਯਾਦਾ ਨਹੀਂ ਬਨਾਈ।

ਖੰਡੇ ਦੀ ਪਹੁਲ, ਕਕਾਰ, ਪੰਜ ਪਿਆਰੇ, ਇਹਨਾਂ ਨੂੰ ਗੁਰੂ ਰੂਪ ਜਾਨ ਕੇ ਪੂਜਨਾਂ ਇਹਨਾਂ ਨੂੰ ਮਥੇ ਟੇਕਨਾਂ ਤੇ ਇਹਨਾਂ ਨੂੰ ਬਸਤਰ ਅਸਤਰ ਦੇ ਨਿਵਾਜਨਾਂ ਇਸ ਝੂਠੇ ਬ੍ਰਾਹਮਨੀ ਇਤਹਾਸ ਦੀ ਦੇਨ ਹੈ। ਇਹ ਸਭ ਗੁਰਮਤਿ ਵਿਰੁਧ ਕਮ ਅਜ ਸਿਖ ਕਰ ਰਹੇ ਹਨ। ਕੀ ਇਸ ਕੂੜੇ ਇਤਿਹਾਸ ਦੀ ਅਸਲ਼ੀਅਤ ਨੂੰ ਗੁਰਸਿਖ ਸਮਝਨਗੇ?

ਗੁਰਸਿਖ ਕੈਸੇ ਹਨ।

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੁ ਡਿਠਾ ਰਾਮ ਰਾਜੇ॥

ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ॥

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨਾ ਮੇਰਾ ਸਤਿਗੁਰੁ ਤੁਠਾ॥

ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ॥ ਪੰਨਾ ੪੫੧

Dr Gurmukh Singh, B-6/58. Safdarjang Enclave New Delhi Tel- 26102376

(ਨੋਟ:- ਡਾ: ਗੁਰਮੁਖ ਸਿੰਘ ਜੀ ਤੁਹਾਡੇ ਇਸ ਲੇਖ ਤੋਂ ਬਾਅਦ ਵੀ ਕੁੱਝ ਸਵਾਲ ਜਿਉਂ ਦੀ ਤਿਉਂ ਹੀ ਖੜੇ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਨੇ 1469 ਦੀ ਵਿਸਾਖੀ ਨੂੰ ਕੋਈ ਵੀ ਇਮਤਿਹਾਨ ਨਹੀ ਲਿਆ? ਸਿੰਘ ਸ਼ਬਦਾਵਲੀ ਭਾਵੇਂ ਪਹਿਲਾਂ ਹੀ ਮੌਜੂਦ ਸੀ ਪਰ ਸਿੱਖਾਂ ਦੇ ਨਾਵਾਂ ਨਾਲ ਇੱਕ ਦਮ ਸਿੰਘ ਅਤੇ ਕੌਰ ਕਿਉਂ ਅਤੇ ਕਦੋਂ ਲਿਖਣੇ ਸ਼ੁਰੂ ਹੋ ਗਏ? ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਕਦੋਂ ਬਣੇ? ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਕਦੋਂ ਬਣਿਆਂ? ਇਹ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਹੋਰ ਸਵਾਲ ਮੂੰਹ ਅੱਡੀ ਖਲੋਤੇ ਹਨ ਜਿਹਨਾ ਦੇ ਤਸੱਲੀ ਬਖ਼ਸ਼ ਜਵਾਬ ਮਿਲਣੇ ਚਾਹੀਦੇ ਹਨ-ਸੰਪਾਦਕ)




.