.

ਕਰਿ ਅਬਦਾਲੀ ਭੇਸਵਾ
ਆਉ ਕਲੰਦਰ ਕੇਸਵਾ॥
ਕਰਿ ਅਬਦਾਲੀ ਭੇਸਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1167

ਇਹ ਸ਼ਬਦ ਵੀ ਮਹਾਨ ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਰਚੱਲਤ ਵਿਆਖਿਆ ਰਾਹੀਂ ਭਗਤ ਜੀ ਵਲੋਂ ਪ੍ਰਭੂ ਦਾ ਸਰੂਪ ਅਬਦਾਲੀ ਭੇਸ ਅੰਦਰ ਦਰਸਾਇਆ ਹੈ। ਜਦੋਂ ਕਿ ਸੱਚ ਇਹ ਹੈ ਕਿ ਨਾਮਦੇਵ ਜੀ ਇਸ ਸ਼ਬਦ ਅੰਦਰ ਅਕਾਲ ਪੁਰਖੁ ਦਾ ਕੋਈ ਸਰੂਪ ਨਹੀਂ ਬਿਆਨ ਕਰ ਰਹੇ ਸਗੋਂ ਇਸ ਸਿਧਾਂਤ ਦੀ ਪ੍ਰੋੜਤਾ ਕਰਦੇ ਹਨ ਕਿ ਵਾਹਿਗੁਰੂ ਨਿਰੰਕਾਰ ਹੈ। ਉਸ ਦਾ ਕੋਈ ਅਕਾਰ ਨਹੀਂ ਹੈ। ਵਾਹਿਗੁਰੂ ਦਾ ਕੋਈ ਖ਼ਾਸ ਸਰੂਪ ਨਹੀਂ ਬਿਆਨ ਕੀਤਾ ਜਾ ਸਕਦਾ ਅਤੇ ਉਸ ਨੂੰ ਅਕਾਰ ਤੋਂ ਰਹਿਤ ਦਰਸਾਇਆ ਹੈ।
ਨਾਮਦੇਵ ਜੀ ਤਾਂ ਆਪਣੇ ਸੁਆਮੀ ਨੂੰ ਇਸੇ ਸ਼ਬਦ ਅੰਦਰ
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1167
ਭਾਵ ਸਰਬਵਿਆਪਕ ਕਹਿ ਰਹੇ ਹਨ।
ਇਹ ਕਿਵੇਂ ਹੋ ਸਕਦਾ ਹੈ ਕਿ ਨਾਮਦੇਵ ਜੀ ਕਿਸੇ ਅਬਦਾਲੀ ਫ਼ਕੀਰ ਨੂੰ ਵੇਖ ਕੇ ਅਬਦਾਲੀ ਭੇਸ ਅੰਦਰ ਪ੍ਰਮਾਤਮਾ ਦਾ ਸਰੂਪ ਬਿਆਨ ਕਰਨ? ਇਸ ਨਾਲ ਗੁਰਮਤਿ ਸਿਧਾਂਤ ਦਾ ਖੰਡਨ ਹੋ ਜਾਂਦਾ ਹੈ। ਪਰਚਾਰਿਆ ਇਹ ਜਾ ਰਿਹਾ ਹੈ ਕਿ ਜੇਕਰ ਮੁਸਲਮਾਨ ਬਾਦਸ਼ਾਹ ਨਾਮਦੇਵ ਜੀ ਨੂੰ ਡਰਾਵੇ ਤਾਂ ਨਾਮਦੇਵ ਜੀ ਹਿੰਦੂ ਪੁਰਾਣਾ ਵਾਲਾ ਵਿਸ਼ਨੂੰ ਰੂਪ ਰੱਬ ਦਾ ਸਰੂਪ ਬਣਾ ਕੇ ਪੇਸ਼ ਕਰ ਦਿੰਦੇ ਹਨ ਅਤੇ ਜੇਕਰ ਹਿੰਦੂ ਡਰਾਵੇ ਤਾਂ ਨਾਮਦੇਵ ਜੀ ਹਿੰਦੂਆਂ ਸਾਹਮਣੇ ਮੁਸਲਮਾਨਾਂ ਵਾਲਾ ਅਬਦਾਲੀ ਭੇਸ ਬਿਆਨ ਕਰ ਦਿੰਦੇ ਹਨ। ਅਕਾਲ ਪੁਰਖ ਦੇ ਲਈ ਇਨ੍ਹਾਂ ਦੇਹਧਾਰੀ ਰੂਪਾਂ ਨੂੰ ਵਰਤੋਂ ਵਿੱਚ ਲਿਆ ਕੇ ਦੋਹਾਂ ਸਰੂਪਾਂ ਉੱਪਰ ਮੋਹਰ ਲਾਈ ਜਾ ਰਹੀ ਹੈ, ਜੋ ਕਿ ਗੁਰਮਤਿ ਅਨੁਸਾਰ ਠੀਕ ਨਹੀਂ ਹੈ। ਇਹ ਗੁਰਮਤਿ ਵਿਰੋਧੀ ਕਹਾਣੀਆਂ ਗੁਰਬਾਣੀ ਦੇ ਸਿਰਜੇ ਸਿਧਾਂਤ ਉੱਪਰ ਸਵਾਲੀਆ ਚਿੰਨ ਬਣਦੀਆਂ ਹਨ। ਅਸਲੀਅਤ ਇਹ ਹੈ ਕਿ ਮਨੋਕਲਪਿਤ ਕਹਾਣੀਆਂ ਦਾ ਕੋਈ ਅਧਾਰ ਹੀ ਨਹੀਂ ਹੈ, ਅਤੇ ਗੁਰਮਤਿ ਅੰਦਰ ਇਨ੍ਹਾਂ ਲਈ ਕੋਈ ਸਥਾਨ ਨਹੀਂ ਹੈ।
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ॥
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1090

ਕਈ ਵਾਰ ਅਜਿਹੀਆਂ ਕਹਾਣੀਆਂ ਨੂੰ ਇਤਿਹਾਸ ਕਹਿ ਕੇ ਗੁਰਮਤਿ ਬਰਾਬਰ ਤੋਲਣ ਦਾ ਯਤਨ ਕੀਤਾ ਜਾਂਦਾ ਹੈ। ਸੱਚਾਈ ਇਹ ਹੈ ਕਿ ਜਿਸ ਦਿਨ ਦਾ ੴ ਦਾ ਸਿਧਾਂਤ ਸਾਡੀ ਝੋਲੀ ਪਿਆ ਹੈ, ਉਸ ਦਿਨ ਦਾ ਮਨੋਕਲਪਿਤ ਕਹਾਣੀਆਂ ਦਾ ਆਪਣੇ ਆਪ ਵਿੱਚ ਹੀ ਗੁਰਮੀਤ ਮੋਹਰੇ ਕੋਈ ਅਧਾਰ ਨਹੀਂ ਰਿਹਾ।
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1159

ਸੋ ਅਸੀਂ ਮਨੋਕਲਪਤ ਕਹਾਣਅਿਾਂ ਨਾਲ ਨਾਤਾ ਨਹੀਂ ਜੋੜਨਾ ਬਲਕਿ ਇਨ੍ਹਾਂ ਨਾਲੋ ਨਾਤਾ ਤੋੜਨਾ ਹੈ ਅਤੇ ਗੁਰਮਤਿ ਨਾਲ ਜੋੜਨਾ ਹੈ। ਸੱਚ ਇਹ ਹੈ ਕਿ ਇਸ ਸ਼ਬਦ ਅੰਦਰ ਅਬਦਾਲ ਫਿਰਕੇ ਦੇ ਮੁਸਲਮਾਨਾ ਵਲੋਂ ਰੱਬ ਦਾ ਅਬਦਾਲੀ ਭੇਸ ਦਰਸਾਇਆ ਜਾ ਰਿਹਾ ਹੈ ਅਤੇ ਨਾਮਦੇਵ ਜੀ ਇਸ ਗੱਲਬਾਤ
(discussion) ਅੰਦਰ ਪ੍ਰਭੂ ਦਾ ਜੋ ਅਬਦਾਲੀ ਭੇਸ ਦਰਸਾਇਆ ਜਾ ਰਿਹਾ ਹੈ ਉਸ ਦਾ ਖੰਡਨ ਕਰਦੇ ਹਨ।
ਆਉ ਕਲੰਦਰ ਕੇਸਵਾ॥ ਕਰਿ ਅਬਦਾਲੀ ਭੇਸਵਾ॥ ਰਹਾਉ॥
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ॥
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ॥ 1॥
ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ॥
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ॥ 2॥
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ॥
ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ॥ 3॥
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ॥
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ॥ 4॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1167

ਪਦ ਅਰਥ
ਆਕਾਸ – ਸਰਬ-ਵਿਆਪਕ ਕਰਤਾਰ (ਮਹਾਨ ਕੋਸ਼)
ਜਿਨਿ – ਜਿਸ ਨੇ
ਜਿਨਿ ਏਹੁ ਜਗਤੁ ਉਪਾਇਆ
ਗੁਰੂ ਗ੍ਰੰਥ ਸਾਹਿਬ, ਪੰਨਾ 20
ਸਿਰਿ –
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ 355
ਸਿਰਿ ਕੀਨੀ – ਸਿਰਜਣਾ ਕੀਤੀ
ਕਉਸੈ – ਖੜਾਵਾਂ, ਜੁੱਤੀ
ਸਪਤ – ਸੌਂਹ, ਕਸਮ, ਭਾਵ ਪ੍ਰਣ ਕਰਨਾ
ਪੋਸ – ਖੱਲ
ਸਿਰ ਪਗ ਸਗਲ ਪੋਸ ਉਤਰਾਇ (ਗੁਰ. ਪ੍ਰ. ਸੂ.) – ਸਿਰ ਤੋਂ ਪੈਰਾ ਤੱਕ ਖੱਲ ਉਤਰਵਾਕੇ
ਮੰਦਰੁ – ਸਰੀਰ ਰੂਪੀ ਮੰਦਰ
ਬਿਧਿ – ਬਿਧੀ
ਬਨੈ – ਬਣਦਾ ਹੈ, ਬਣ ਸਕਦਾ ਹੈ
ਇਜਾਰਾ – ਮੁਕਤ ਕਰ ਦੇਣਾ (ਪੰਜਾਬੀ ਫ਼ਾਰਸੀ ਕੋਸ਼, ਪੰਨਾ 19)
ਪੇਹਨੁ – ਲਿਬਾਸ
ਛਪਨ ਕੋਟਿ – ਮੁਸਲਮਾਨੀ ਖ਼ਿਆਲ ਅਨੁਸਾਰ 56 ਕਰੋੜ ਦਾ ਮੇਘ ਮਾਲਾ
ਸੋਲਹ ਸਹਸ – 16 ਹਜ਼ਾਰ ਆਲਮ ਮੁਸਲਮਾਨ ਵੀਚਾਰਧਾਰਾ ਅਨੁਸਾਰ
ਭਾਰ – ਬੋਝ
ਭਾਰ ਅਠਾਰਹ – ਸਾਰੀ ਬਨਸਪਤੀ ਦਾ ਭਾਰ, ਅਠਾਰਹ ਭਰੀਆਂ ਜਿੰਨਾ
ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ 1292
ਸਹਨਕ – ਰਕੇਬੀ, ਥਾਲੀ, ਹਿਰਦੇ ਰੂਪੀ ਥਾਲੀ
ਸਭ ਸੰਸਾਰਾ – ਸਾਰਾ ਸੰਸਾਰ
ਮੁਦਗਰੁ – ਫ਼ਾਰਸੀ ਦੇ ਸ਼ਬਦ ਮੁਦਬਰਿ ਤੋ
ਮੁਦਬਰਿ – ਪ੍ਰਬੰਧਕ
ਮੁਦਗਰੁ ਤੇਰਾ – ਤੇਰਾ ਪ੍ਰਬੰਧ ਹੈ
ਬੀਬੀ ਕਉਲਾ – ਮਾਇਆ ਰੂਪੀ ਲੱਛਮੀ (ਅਗਿਆਨਤਾ)
ਕਾਇਨੁ – ਨਿਕਾਹ, ਵਿਆਹ, ਸਬੰਧ
ਆਕਾਰੈ – ਅਕਾਰ ਸਰੂਪ
ਭਗਤਿ – ਬੰਦਗੀ ਕਰਨ ਨਾਲ
ਕਰਤ – ਸੰ: ਗਰਤ, ਖੱਡ, ਚਿੱਕੜ
ਥਾਲ – ਜਿੰਦਰਾ, ਤਾਲਾ, ਭਰਮ ਰੂਪੀ ਤਾਲਾ
ਛਿਨਾਏ – ਸੰਸਕ੍ਰਿਤ ਦੇ ਸ਼ਬਦ ਛਿਨ ਤੋਂ ਹੈ, ਕੱਟਿਆ ਜਾਣਾ
ਤਾ ੜਿਨਾਏ – ਭਰਮ ਰੂਪੀ ਤਾਲਾ ਕੱਟਿਆ ਜਾਣਾ
ਕਿਹ ਪਹਿ – ਇਸ ਰਸਤੇ ਤੇ (ਪਹਿ – ਰਸਤਾ, ਮਾਰਗ)
ਪੁਕਾਰਾ – ਅਰਦਾਸ
ਸਗਲ ਬੇਦੇਸਵਾ – ਸਰਬਵਿਆਪਕ ਹੈ
ਨਾਮੇ ਕਾ ਸੁਆਮੀ – ਨਾਮਦੇਵ ਦਾ ਸੁਆਮੀ
ਅਰਥ
ਅਬਦਾਲੀ ਭੇਸ ਬਣਾਕੇ ਆਏ ਅਤੇ ਪ੍ਰਭੂ ਦੀ ਰਜ਼ਾ ਤੋਂ ਟੁਟੇ ਹੋਏ ਕਲੰਦਰ ਜੀ!
ਜਿਸ ਸਰਬਵਿਆਪਕ ਪ੍ਰਕਾਸ਼ ਰੂਪ ਨੇ ਸੰਮੂਹ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਆਪਣੇ ਸਰੀਰ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੀ ਜੁੱਤੀ ਬਣਾ ਭਾਵ ਉਸ ਦੇ ਚਰਨਾ ਨਾਲ ਜੁੜ। ਉਸ ਦੇ ਆਤਮਿਕ ਗਿਆਨ ਰੂਪੀ ਚਰਨ ਆਪਣੇ ਹਿਰਦੇ ਅੰਦਰ ਵਸਾਉਣ ਨਾਲ ਤੇਰਾ ਇਹ ਚਮਰ-ਪੋਸ਼ ਦਾ ਮੰਦਰ ਉਸ ਨੂੰ ਮਿਲਣ ਦੀ ਬਿਧ ਬਣ ਸਕਦਾ ਹੈ। ਆਪਣੇ ਵਰਗਾ ਵਾਹਿਗੁਰੂ ਨੂੰ ਬਣਾ ਕੇ ਉਸਦਾ ਮਨੋਕਲਪਿਤ ਸਰੂਪ ਬਿਆਨ ਨਾਂਹ ਕਰ। ਤੂੰ ਇਹ ਨਹੀਂ ਕਹਿ ਸਕਦਾ ਕਿ ਅਬਦਾਲੀ ਉਸਦਾ ਭੇਸ ਹੈ।
ਤੇਰਾ ਮਨੋਕਲਪਿਤ 56 ਕਰੋੜ ਦਾ ਮੇਘਮਾਲਾ, 16 ਹਜ਼ਾਰ ਦਾ ਆਲਮ, ਜੋ ਤੂੰ ਆਪਣਾ ਬਾਹਰੀ ਭੇਸ, ਲਿਬਾਸ ਦੱਸਦਾ ਹੈਂ, ਜਿਹੜਾ ਤੂੰ ਸਾਰੀ ਬਨਸਪਤੀ ਦੇ ਪ੍ਰਬੰਧ ਦਾ ਬੋਝ ਆਪਣੀ ਹਿਰਦੇ ਰੂਪੀ ਥਾਲੀ ਵਿੱਚ ਚੁੱਕੀ ਫਿਰਦਾ ਹੈਂ, ਉਸ ਸਰੱਬਵਿਆਪਕ ਪ੍ਰਭੂ ਦੀ ਰਜ਼ਾ ਵਿੱਚ ਆਉਣ ਨਾਲ ਤੇਰਾ ਇਹ ਬੋਝ ਵਾਹਿਗੁਰੂ ਖ਼ਤਮ ਕਰ ਦੇਵੇਗਾ।
ਇਹ ਸਾਰਾ ਬੋਝ ਤੇਰਾ ਮਾਇਆ ਨਾਲ ਸਬੰਧ ਜੁੜਿਆ ਹੋਣ ਕਰਕੇ ਹੈ। ਤਾਂ ਹੀ ਤੂੰ ਨਿਰੰਕਾਰ ਨੂੰ ‘ਆਕਾਰੈ’ ਭਾਵ ਉਸ ਦਾ ਆਪਣੇ ਵਰਗਾ ਸਰੂਪ ਦੱਸ ਰਿਹਾ ਹੈਂ। ਦੇਹੀ ਨੂੰ ਮਸਜਿਦ, ਮਨ ਨੂੰ ਮਉਲਾਨਾ ਬਣਾ, ਅਤੇ ਸਹਿਜ ਦੀ ਨਮਾਜ਼ ਅਦਾ ਕਰ, ਤਾਂ ਇਹ ਤੇਰਾ ਚਿੱਕੜ ਰੂਪੀ ਭਰਮ ਦਾ ਤਾਲਾ ਕੱਟਿਆ ਜਾਵੇਗਾ ਕਿ ਸ੍ਰਿਸ਼ਟੀ ਦਾ ਬੋਝ ਤੇਰੇ ਤੇ ਹੈ।
ਜਿਵੇਂ ਨਾਮਦੇਵ ਦਾ ਭਗਤਿ, ਬੰਦਗੀ ਕਰਨ ਨਾਲ ਭਰਮ ਦਾ ਅਗਿਆਨਤਾ ਰੂਪੀ ਚਿੱਕੜ ਦਾ ਤਾਲਾ ਕੱਟਿਆ ਗਿਆ ਹੈ, ਇਸੇ ਤਰ੍ਹਾਂ ਖ਼ੁਦਾ ਦੀ ਬੰਦਗੀ ਦੇ ਮਾਰਗ ਤੇ ਤੂੰ ਵੀ ਚੱਲਣਾ ਕਰ। ਉਸ ਸਰਬਵਿਆਪਕ ਅੱਗੇ ਅਰਦਾਸ ਕਰ, ਅਤੇ ਤੇਰਾ ਵੀ ਅਗਿਆਨਤਾ ਦਾ ਇਹ ਭਰਮ ਰੂਪੀ ਤਾਲਾ ਕੱਟਿਆ ਜਾਵੇਗਾ।
ਨਾਮਦੇਵ ਦਾ ਸੁਆਮੀ ਤਾਂ ਅੰਤਰਜਾਮੀ ਹੈ। ਘਟ ਘਟ ਵਿੱਚ ਰਮਿਆ ਹੋਇਆ ਹੈ ਅਤੇ ਉਸ ਰਮੇ ਹੋਏ ਦੀ ਸ਼ਕਤੀ ਦੇ ਆਸਰੇ ਦੁਨੀਆਂ, ਸ੍ਰਿਸਟੀ ਕਾਇਮ ਹੈ, ਤੇਰੀ ਸ਼ਕਤੀ ਨਾਲ ਨਹੀਂ। ਉਹ ਸਗਲ ਬੇਦੇਸਵਾ ਹੈ, ਸਰਬਵਿਆਪਕ ਹੈ। ਕੋਈ ਇੱਕ ਉਸ ਦਾ ਦੇਸ ਨਹੀਂ ਹੈ, ਅਤੇ ਅਬਦਾਲੀ ਉਸ ਦਾ ਭੇਸ ਨਹੀਂ ਹੈ।
ਬਲਦੇਵ ਸਿੰਘ ਟੋਰਾਂਟੋ
.