.

ਜਬ ਲਗ ਦੁਨੀਆਂ ਰਹੀਐ

ਉਪਰ ਦਿੱਤੇ ਪਾਵਨ ਬੋਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚੋਂ ਹਨ ਕਿ ਜਦ ਤਕ ਤੁਸੀਂ ਦੁਨੀਆਂ ਵਿੱਚ ਰਹਿਣਾ ਹੈ ਤਾਂ ਕੁੱਝ ਸੁਣਦੇ ਕਹਿੰਦੇ ਰਹਿਣਾ ਚਾਹੀਦਾ ਹੈ ਨਾ ਕਿ ਸਾਰੇ ਦਰਵਾਜੇ ਬੰਦ ਕਰਕੇ ਕਿਸੇ ਭੋਰੇ ਜਾਂ ਜੰਗਲ ਵਿੱਚ ਬੈਠ ਦੁਨੀਆਂ ਤੋਂ ਦੌੜਨਾ ਹੈ। ਤੁਸੀਂ ਮਨੁੱਖ ਹੋ ਅਕਾਲ ਪੁਰਖ ਨੇ ਤੁਹਾਨੂੰ ਸੋਝੀ ਦਿੱਤੀ ਹੈ ਮੱਤ ਦਿੱਤੀ ਹੈ ਜੇ ਤੁਸੀਂ ਅਪਣੇ ਦਰਵਾਜੇ ਹੀ ਸਾਰੇ ਬੰਦ ਕਰ ਲਏ, ਸਿਰ ਵਿੱਚ ਕੋਈ ਬਾਹਰ ਦੀ ਹਵਾ ਜਾਣ ਹੀ ਨਾ ਦਿੱਤੀ ਤਾਂ ਤੁਹਾਡੇ ਅਤੇ ਪਸ਼ੂਆਂ ਦੀ ਜਿੰਦਗੀ ਵਿੱਚ ਕੋਈ ਫਰਕ ਨਹੀ ਰਹਿ ਜਾਂਦਾ। ਮੱਨੁਖ ਪਸ਼ੂਆਂ ਨਾਲੋਂ ਤਾਕਤਵਰ ਨਹੀ ਪਰ ਕਿਉਂਕਿ ਮਨੁੱਖ ਕੋਲੇ ਸਿਰ ਹੈ ਪਸ਼ੂ ਕੋਲੇ ਨਹੀ ਇਸੇ ਲਈ ਉਹ ਪਸ਼ੂਆਂ ਤੋਂ ਅਪਣੀ ਮਰਜੀ ਨਾਲ ਕੰਮ ਲੈਂਦਾ ਹੈ ਅਤੇ ਖੂੰਖਾਰ ਜਾਨਵਰਾਂ ਨੂੰ ਉਹ ਅਪਣੇ ਇਸ਼ਾਰਿਆਂ ਤੇ ਨਚਾਉਂਦਾ ਹੈ।
ਇਹੀ ਹਾਲ ਕੌਮਾ ਦਾ ਹੈ। ਅੱਖਰਾਂ ਨੂੰ ਸਮਝਣ ਵਾਲੀਆਂ ਮਾੜੀਆਂ ਕੌਮਾਂ ਵੀ ਬਲਵਾਨ ਕੌਮਾ ਤੇ ਰਾਜ ਕਰਦੀਆਂ ਹਨ। ਸਿੱਖ ਕੌਮ ਅਪਣੇ ਵਲ ਵੇਖੇ। ਬ੍ਰਹਾਮਣ ਇਕੱਲੇ ਸਿੱਖਾਂ ਤੇ ਹੀ ਨਹੀ ਸਾਰੇ ਲੋਕਾਂ ਤੇ ਰਾਜ ਕਰ ਰਿਹੈ। ਕਾਹਦੇ ਨਾਲ? ਤਾਕਤ ਨਾਲ? ਨਹੀ! ਸਿਰ ਨਾਲ! ਪਿੰਡਾਂ ਵਿੱਚ ਜਿਸਨੂੰ ਡਰਪੋਕ ਕਹਿਣਾ ਹੁੰਦਾ ਸੀ ਉਸਨੂੰ ਗਿਦੜ ਜਾਂ ਬਾਣੀਏ ਨਾਲ ਤੁਲਨਾ ਦਿੱਤੀ ਜਾਂਦੀ ਸੀ ਪਰ ਹੈਰਾਨੀ ਕਿ ਉਹ ਰਾਜ ਕਰ ਰਿਹੈ! ਉਹ ਵੀ ਇੱਕ ਅਰਬ ਅਬਾਦੀ ਉਪਰ! ! ਜੀਹਨਾ ਕੌਮਾ ਵਿਚੋਂ ਪੜ੍ਹਨ ਦੀ ਆਦਤ ਖਤਮ ਹੋ ਜਾਏ ਉਨ੍ਹਾਂ ਉਪਰ ਜਿਹੜਾ ਵੀ ਮਰਜੀ ਰਾਜ ਕਰ ਸਕਦਾ ਹੈ। ਅਸੀਂ ਕਿਉਂ ਕਹਿੰਨੇ ਕਿ ਸਿੱਖ ਲੜ ਸਕਦੇ ਕੁੱਝ ਲੈ ਨਹੀ ਸਕਦੇ। ਕਿਉਂ? ਕਿਉਂਕਿ ਇਹ ਟੇਬਲ ਤੇ ਜਾ ਕੇ ਫੇਹਲ ਹੋ ਜਾਂਦਾ। ਰਾਜੀਵ ਲੌਗੋਵਾਲ ਸਮਝੌਤੇ ਵੇਲੇ ਕੀ ਹੋਇਆ? ਪੰਜਾਬੀ ਸੂਬੇ ਵੇਲੇ ਕੀ ਹੋਇਆ? 1947 ਵੇਲੇ ਕੀ ਹੋਇਆ? ਜਿਨਾਹ ਦੇ ਕੀ ਦੋ ਸਿਰ ਲੱਗੇ ਸਨ ਕਿ ਉਹ ਮੁਸਲਮਾਨਾ ਲਈ ਵੱਖਰਾ ਮੁੱਲਖ ਲੈ ਗਿਆ ਪਰ ਇਧਰ ਜੰਗਜੂ ਕੌਮ ਬਾਣੀਏ ਦੀ ਗੁਲਾਮ ਹੋ ਕੇ ਰਹਿ ਗਈ!
ਸਾਡੇ ‘ਮਹਾਂਪੁਰਖ ਜਾਂ ਬ੍ਰਹਗਿਆਂਨੀ’ ਤਾ ਪ੍ਰਚਾਰ ਹੀ ਇਹੀ ਕਰਦੇ ਕਿ ਕਿਤਾਬਾਂ ਪੜਨ ਵਾਲੇ ਕਿਤਾਬੀ ਕੀੜੇ ਹੁੰਦੇ ਕਿਤਾਬ ਬੰਦੇ ਨੂੰ ਨਾਸਤਿਕ ਕਰ ਦਿੰਦੀ ਹੈ ਵੇਖਿਓ ਕਿਤੇ ਕਿਤਾਬ ਦੇ ਨੇੜੇ ਨਾ ਜਾਇਓ ਭਿੱਟੇ ਜਾਉਂਗੇ। ਜਿਹੜੀ ਕੌਮ ਨੂੰ ਕਿਤਾਬ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੋਵੇ ਉਹ ਕੌਮ ਦੇ ਬੱਚੇ ਡਾਕਟਰ, ਵਕੀਲ, ਇੰਨਜੀਨੀਅਰ ਕਿਵੇਂ ਬਣਨਗੇ? ਕਿਵੇਂ ਤਰੱਕੀ ਕਰੇਗੀ ਉਹ ਕੌਮ? ਕੀ ਇਹ ਕੌਮ ਨੂੰ ਅਨੱਪੜ੍ਹ ਰੱਖਣਾ ਪਸੰਦ ਕਰਦੇ ਹਨ? ਕਿਉਂਕਿ ਇਹ ਖੁਦ ਭਗੌੜੇ ਨੇ ਪੜ੍ਹਨ ਤੋਂ?
ਗੁਰੂ ਸਾਹਿਬਾਨਾ ਦੇ ਬੱਚਨ ਹਨ ਕਿ ਜਦ ਤੱਕ ਦੁਨੀਆਂ ਵਿੱਚ ਰਹਿਣਾ ਹੈ ਗਿਆਨ ਹਾਸਲ ਕਰਦੇ ਰਹਿਣਾ ਹੈ ਪਰ ਤੇਰਾ ਗਿਆਨ ਪੰਡਤੀ ਨਾ ਹੋਵੇ ਕਿ ਕੇਵਲ ਦੂਜਿਆਂ ਨੂੰ ਖੁੱਡੇ ਲਾਉਂਣ ਲਈ ਹੋਵੇ ਪਰ ਤੂੰ ਨਿਰਾ ਲੋਹਲਾ ਵੀ ਨਾ ਹੋਵੇਂ ਕਿ ਜਿਹੜਾ ਮਰਜੀ ਢੋਲਕੀ ਕੁੱਟ ਜਾਂ ਲੂੰਗੀ ਵਾਲਾ ਤੈਨੂੰ ਮਗਰ ਲਾ ਕੇ ਲੈ ਜਾਏ। ਪਰ ਤੁਸੀਂ ਅਪਣੇ ਆਪ ਨੂੰ ਇੰਨੇ ਕਮਜੋਰ ਵੀ ਨਾ ਸਮਝੋ ਕਿ ਪੜ੍ਹਨ ਨਾਲ ਨਾਸਤਿਕ ਹੋ ਜਾਈਦਾ। ਜਿਸਨੂੰ ਮਰਜੀ ਪੜੋ ਪਰ ਇੱਕ ਗੱਲ ਜ਼ਿਹਨ ਵਿੱਚ ਰੱਖ ਕੇ ਕਿ ਮੇਰੇ ਗੁਰੂ ਵਰਗਾ ਕੋਈ ਗਿਆਨੀ ਨਹੀ, ਕੋਈ ਮਹਾਨ ਨਹੀ, ਕੋਈ ਉਸ ਦਾ ਸਾਨੀ ਨਹੀ ਨਾ ਹੋ ਸਕਦਾ। ਇਹ ਦ੍ਰਿੜ ਵਿਸਵਾਸ਼ ਨਾਲ ਤੁਸੀਂ ਚਾਹੇ ਸਾਰੀ ਦੁਨੀਆਂ ਗਾਹ ਆਓ ਕੌਣ ਥਿੜਕਾ ਦਊ ਤੁਹਾਨੂੰ ਅਪਣੇ ਨਿਸ਼ਾਨੇ ਤੋਂ? ਇਹ ਕਮਜੋਰਾਂ ਦੀਆਂ ਗੱਲਾਂ ਹਨ ਕਿ ਬਹੁਤੀਆਂ ਕਿਤਾਬਾਂ ਪੜ੍ਹਨ ਨਾਲ ਬੰਦਾ ਗੁਰੂ ਨਾਲੋਂ ਟੁੱਟ ਜਾਂਦਾ ਹੈ। ਤੁਸੀਂ ਬਾਈਬਲ ਪੜ੍ਹੋ, ਕੁਰਾਨ ਪੜ੍ਹੋ, ਬੇਦ ਪੜ੍ਹੋ, ਪੁਰਾਣ ਪੜ੍ਹੋ, ਤੁਹਾਡੀ ਇਸ ਛੋਟੀ ਜਿਹੀ ਧਰਤੀ ਉਪਰ ਕੀ ਵਾਪਰਿਆ ਉਸ ਨੂੰ ਜਾਣੋ, ਰੱਬ ਨੇ ਜੇ ਸੋਝੀ ਦਿੱਤੀ ਹੈ ਤਾਂ ਉਹ ਜਾਨਣ ਵਾਸਤੇ ਹੈ। ਕੁੱਝ ਵੀ ਜਾਨਣ ਨਾਲ ਤੁਸੀਂ ਰੱਬ ਨਾਲੋਂ ਕਿਵੇਂ ਟੁੱਟ ਜਾਉਂਗੇ। ਇਸ ਦਾ ਮੱਤਲਬ ਜਿਹੜਾ ਰੱਬ ਤੁਸੀਂ ਸਿਰਜਿਆ ਉਹ ਕਮਜੋਰ ਰੱਬ ਹੈ ਜਿਸ ਨਾਲੋਂ ਕੋਈ ਵੀ ਤੁਹਾਡਾ ਵਿਸਵਾਸ਼ ਤੋੜ ਸਕਦਾ ਹੈ?
ਸੁਣਨਾ, ਪੜਨਾ ਜਾਂ ਕਹਿਣਾ ਇਹ ਸਾਰਾ ਕੁੱਝ ਤੁਹਾਡੇ ਗਿਆਨ ਵਿੱਚ ਵਾਧਾ ਕਰਦਾ ਹੈ। ਗਿਆਨ ਦਾ ਮਾਧਿਅਮ ਕੀ ਹੈ? ਕਿਤਾਬ। ਵੈਸੇ ਵੀ ਆਮ ਜਿੰਦਗੀ ਵਿੱਚ ਤੁਸੀਂ ਇੱਕਲੇ ਹੋ ਹੀ ਨਹੀ ਸਕਦੇ ਜੇ ਤੁਹਾਨੂੰ ਪੜ੍ਹਨ ਦੀ ਆਦਤ ਪੈ ਜਾਏ। ਕਿਤਾਬ ਪੜ੍ਹਨ ਵਾਲਾ ਕਦੇ ਇਕੱਲਾ ਨਹੀ ਰਹਿ ਸਕਦਾ। ਕਿਤਾਬ ਨਾਲ ਪਿਆਰ ਕਰਨ ਵਾਲੇ ਦੀ ਜਿੰਦਗੀ ਵਿੱਚ ‘ਬੋਰ’ ਲਫਜ ਕਦੇ ਨਹੀ ਉਤਰਦਾ। ਕਿਤਾਬ ਤੁਹਾਡੇ ਸਿਰ ਦੀ ਖਿੜਕੀ ਨੂੰ ਵਿਸ਼ਾਲ ਕਰ ਦਿੰਦੀ ਹੈ। ਪੜ੍ਹਨ ਦੀ ਆਦਤ ਤੁਹਾਡੀ ਜਿੰਦਗੀ ਦੇ ਕਈ ਦਰਵਾਜੇ ਖ੍ਹੋਲ ਦਿੰਦੀ ਹੈ ਜਿਹੜੇ ਬੰਦ ਹੋ ਕੇ ਜੰਗਾਲੇ ਜਾ ਚੁੱਕੇ ਹੁੰਦੇ ਹਨ। ਤੁਹਾਨੂੰ ਪੜ੍ਹਨ ਦਾ ਸ਼ੌਕ ਪੈ ਜਾਏ ਤਾਂ ਤੁਸੀਂ ਦੇਖੋਂਗੇ ਕਿ ਦੁਨੀਆਂ ਕਿੰਨੀ ਮੋਕਲੀ ਹੋ ਗਈ ਹੈ। ਤੁਸੀਂ ਛੱਪੜ ਦੇ ਡੱਡੂ ਨਾ ਰਹਿ ਵਿਸ਼ਾਲ ਸਮੁੰਦਰ ਵਿੱਚ ਤਾਰੀਆਂ ਲਾਉਂਣ ਲਗ ਜਾਂਦੇ ਹੋ।
ਦੁਨੀਆਂ ਦਾ ਇਤਿਹਾਸ ਵੇਖੋ ਜਦ ਵੀ ਇੱਕ ਤਾਕਤ ਦੂਜੀ ਨੂੰ ਕੁਚਲਦੀ ਰਹੀ ਹੈ ਉਹ ਨਾਲ ਹੀ ਉਸ ਦੀਆਂ ਲਾਇਬ੍ਰੇਰੀਆਂ, ਸਕੂਲ ਅਤੇ ਹਰੇਕ ਗਿਆਨ ਦੇ ਸਾਧਨ ਨੂੰ ਤਹਿਸ ਨਹਿਸ ਕਰਦੀ ਹੈ। ਕਿਉਂ? ਕਿਉਕਿ ਰਾਜ ਤੁਹਾਡੇ ਤੇ ਕੀਤਾ ਹੀ ਤਾਂ ਜਾ ਸਕਦਾ ਜੇ ਉਹ ਤੁਹਾਨੂੰ ਮੂਰਖ ਬਣਾਈ ਰੱਖਣ ਵਿੱਚ ਸਫਲ ਹੋ ਸਕੇ। ਬ੍ਰਹਾਮਣ ਕੀ ਕਰਦਾ ਸੀ? ਉਹ ਪੜਨ ਵਾਲੇ ਦੀਆਂ ਅੱਖਾਂ ਕੱਢ ਦਿੰਦਾ ਸੀ, ਸੁਣਨ ਵਾਲੇ ਦੇ ਕੰਨਾ ਵਿੱਚ ਸਿੱਕਾ ਡਾਲ ਕੇ ਪਾ ਦਿੰਦਾ ਸੀ। ਮੱਕਸਦ ਲੁਕਾਈ ਨੂੰ ਮੂਰਖ ਬਣਾਈ ਰੱਖਣਾ ਤੇ ਚੰਮ ਦੀਆਂ ਚਲਾਉਣੀਆਂ। ਪਿੰਡਾਂ ਵਿੱਚ ਮਰੂ ਜਿਹਾ ਬਾਣੀਆਂ ਤਗੜੇ ਜੱਟ ਦੀਆਂ ਸਾਰੀ ਉਮਰ ਕਰਜਾਈ ਕਰਕੇ ਗੋਡੀਆਂ ਲੁਵਾਈ ਰੱਖਦਾ ਸੀ। ਕਾਹਦੇ ਨਾਲ? ਅੱਖਰਾਂ ਨਾਲ!
ਸਾਰੇ ਗੁਰੂ ਗਰੰਥ ਸਾਹਿਬ ਵਿੱਚ ਕੀ ਹੈ? ਅੱਖਰ ਯਾਨੀ ਗਿਆਨ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਲੋਕਾਂ ਦੀ ਬੋਲੀ ਵਿੱਚ ਜਦ ਵੰਡਣਾ ਸ਼ੁਰੂ ਕੀਤਾ ਤਾਂ ਪੰਡਤ ਪਿੱਟ ਉੱਠਿਆ ਕਿ ਬਾਬਾ ਜੀ ਲੋਕ ਸਾਨੂੰ ਕਿਉਂ ਪੁੱਛਣਗੇ ਜੇ ਅਕਲ ਉਨ੍ਹਾਂ ਨੂੰ ਸਿੱਧੀ ਦੇ ਦਿੱਤੀ। ਬਾਬਾ ਜੀ ਹੱਸ ਪਏ ਤੇ ਕਹਿਣ ਲੱਗੇ ਪੰਡਤ ਮੇਰਾ ਮੱਕਸਦ ਲੋਕਾਂ ਨੂੰ ਲੁੱਟਣਾ ਨਹੀ ਬਲਕਿ ਜਗਾਉਂਣਾ ਹੈ ਉਹ ਖੁਦ ਪੜਨ, ਖੁਦ ਗਿਆਨ ਹਾਸਲ ਕਰਨ, ਖੁਦ ਸਿੱਖਣ ਜੋਗ ਹੋਣ ਤੇ ਜਿੰਦਗੀ ਨੂੰ ਭਲੇ ਪਾਸੇ ਤੋਰਨ।
ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਹੁੱਤ ਖੁਲ੍ਹ ਕੇ ਮਨੁੱਖਤਾ ਨਾਲ ਬੱਚਨ ਕੀਤੇ ਹਨ ਕਿ ਤੁਸੀਂ ਜਿਸ ਧਰਤੀ ਉਪਰ ਰਹਿ ਰਹੇ ਹੋ ਉਸ ਬਾਰੇ ਜਾਣੋ, ਬ੍ਰਹਮੰਡ ਬਾਰੇ ਸੋਚੋ, ਕੁਦਰਤ ਨੂੰ ਦੇਖੋ, ਅਪਣੀ ਚਲ ਰਹੀ ਦੇਹ ਬਾਰੇ ਵਿਚਾਰ ਕਰੋ, ਸੰਸਾਰ ਅੰਦਰ ਹੋ ਚੁੱਕੇ ਚੰਗੇ-ਮੰਦਿਆਂ ਬਾਰੇ ਪੜੋ, ਰਾਜਿਆਂ-ਫਕੀਰਾਂ ਬਾਰੇ ਸੋਚ ਕੇ ਦੇਖੋ, ਤੁਸੀਂ ਅਪਣੀ ਹਸਤੀ ਬਾਰੇ ਜਾਣ ਕੇ ਖੁਦ ਹੀ ਹੈਰਾਨ ਹੋਵੋਂਗੇ। ਰਾਵਣ ਦੀ, ਰਾਮ ਦੀ, ਬ੍ਰਹਮੇ ਬਿਸ਼ਨੂਆਂ ਦੀਆਂ ਮਿਸਾਲਾਂ ਦਾ ਮੱਤਲਬ ਹੀ ਇਹ ਸੀ ਕਿ ਦੁਨੀਆਂ ਵਿੱਚ ਜਾਣੇ ਜਾਂਦੇ ਵੱਡੇ ਵੱਡੇ ਇਥੇ ਖੱਪ ਗਏ ਤੂੰ ਦੇਖ ਖੜਾ ਕਿਥੇ ਹੈਂ?
ਵੈਸੇ ਵੀ ਸਿੱਖ ਦੀ ਜੋ ਅੱਜ ਦੀ ਲੜਾਈ ਹੈ ਉਹ ਅੱਖਰਾਂ ਦਾ ਹੀ ਹੇਰ ਫੇਰ ਹੈ। ਸਿੱਖ ਦੀਆਂ ਵੰਡੀਆਂ ਕਾਹਦੀਆਂ ਵੰਡੀਆਂ ਹਨ? ਅੱਖਰਾਂ ਦੀਆਂ ਹੀ! ਕਿਸੇ ਨੂੰ ਕੋਈ ਅੱਖਰ ਨਹੀ ਮਾਫਕ ਕਿਸੇ ਨੂੰ ਕੋਈ। ਬ੍ਰਹਾਮਣ ਨੇ ਬੜੀ ਸ਼ੈਤਾਨੀ ਨਾਲ ਅੱਖਰਾਂ ਵਿੱਚ ਹੇਰ ਫੇਰ ਕੀਤੇ ਹਨ ਕਿ ਉਸ ਨੂੰ ਹੁਣ ਵਿੱਚ ਆਉਂਣ ਦੀ ਲੋੜ ਹੀ ਨਹੀ। ਸਿੱਖ ਆਪ ਹੀ ਅਪਣਾ ਜਲੂਸ ਕੱਢੀ ਜਾ ਰਿਹੈ। ਨਹੀ ਤਾਂ ਕੀ ਕਾਰਨ ਹੈ ਕਿ ਇਹ ਸਾਰਾ ਜੋਰ ਅਪਣਾ ‘ਦਸਮ ਗਰੰਥ’ ਨੂੰ ਬਚਾਉਂਣ ਲਈ ਹੀ ਲਾਈ ਜਾ ਰਿਹਾ ਹੈ ਜਿਹੜਾ ਕੁੱਝ ਪੰਨਿਆਂ ਨੂੰ ਛੱਡ ਗੱਪਾਂ ਅਤੇ ਅਸ਼ਲੀਲਤਾ ਨਾਲ ਲਬਾ ਲਬ ਹੈ। ਤੇ ਬਹੁਤੇ ਇਸ ਨੂੰ ਪੜਨ ਤੋਂ ਬਿਨਾ ਹੀ ਲਾ-ਲਾ-ਲਾ-ਲਾ ਕਰੀ ਜਾ ਰਹੇ ਹਨ। ਹੈਰਾਨਗੀ ਦੀ ਹੱਦ ਹੈ ਇਸ ਕੌਮ ਦੀ ਕਿ ਇੰਨਾ ਅਹਿਮ ਮਸਲਾ 30 ਡਾਲਰ ਦਾ ‘ਦਸਮ ਗਰੰਥ’ ਨਹੀ ਲਿਆ ਕੇ ਪੜ੍ਹ ਸਕੇ ਸੁਣੀਆਂ ਸੁਣਾਈਆਂ ਗੱਲਾਂ ਤੇ ਹੀ ਤੱਤੇ ਹੋ ਕੇ ਇੱਕ ਦੂਜੇ ਦੇ ਆਹੂ ਲਾਹੁਣ ਤੁਰੇ ਹੋਏ ਨੇ।
ਮੇਰੀ ਮਾਸੀ ਦਾ ਪੁੱਤਰ ਸੀ। ਉਸਨੂੰ ਮੈ ਕਈ ਕਿਤਾਬਾਂ ਇਤਿਹਾਸ ਬਾਰੇ, ਗੁਰਬਾਣੀ ਬਾਰੇ ਤੇ ਹੋਰ ਵਿਸ਼ਿਆਂ ਬਾਰੇ ਦੇਣੀਆਂ ਚਾਹੀਆਂ। ਉਹ ਕਹਿਣ ਲੱਗਾ ਛੱਡ! ਇਨ੍ਹਾਂ ਨਾਲ ਮੱਥਾ ਮਾਰਨ ਨਾਲੋਂ ਤਾਂ ਇੱਕ ਪਾਠ ਸੁਖਮਨੀ ਸਾਹਿਬ ਦਾ ਹੋਰ ਕਰ ਲੈਣਾ ਚੰਗਾ। ਮੈ ਉਸ ਨੂੰ ਕਿਹਾ ਕਿ ਗੁਰਬਾਣੀ ਜਿੰਨੀ ਜਿਆਦਾ ਪੜੀ ਜਾਏ ਧੰਨਭਾਗ ਪਰ ਇਨ੍ਹਾਂ ਦੋਵਾਂ ਵਿਸ਼ਿਆਂ ਨੂੰ ਰਲਗੱਡ ਨਾ ਕਰ। ਪਰ ਉਸ ਕਿਤਾਬ ਕੋਈ ਨਹੀ ਲਈ। ਥੋੜੇ ਚਿਰ ਬਾਅਦ ਉਸ ਦੇ ਲੜਕੇ ਦਾ ਵਿਆਹ ਹੋਇਆ। ਕੁਦਰਤੀ ਨੂੰਹ ਰਾਧਾ-ਸੁਆਮੀਆਂ ਦੀ ਸ਼ਰਧਾਲੂ ਨਿਕਲ ਆਈ। ਉਹ ਮੁੰਡੇ ਨੂੰ ਵੀ ਲੈ ਤੁਰੀ। ਉਸਦਾ ਫੋਨ ਆਇਆ ਕਿ ਮੁੰਡਾ ਗਿਆ! ਮੈ ਉਹੀ ਕਿਤਾਬਾਂ ਤੇ ਨਾਲ ਗੁਰੂ ਡੰਮ੍ਹ ਬਾਰੇ ਕਾਫੀ ਕੁੱਝ ਉਸ ਨੂੰ ਭੇਜਿਆ ਮੁੰਡਾ ਸਿਆਣਾ ਸੀ ਉਸ ਨੂੰ ਪੜ੍ਹਨ ਦੀ ਆਦਤ ਸੀ ਉਸ ਪੜਿਆ ਤੇ ਛੇਤੀ ਮੁੜ ਆਇਆ। ਹੁਣ ਘਰਵਾਲੀ ਵੀ ਜਾਣੋ ਹਟ ਗਈ ਨਹੀ ਤਾਂ ਕਹਾਣੀ ਜਾਂ ਤਲਾਕ ਤੇ ਨਿਬੜਦੀ ਜਾਂ ਦੋਵੇਂ ਰਾਧਾ-ਸੁਆਮੀ ਹੁੰਦੇ। ਇਹ ਹੋਇਆ ਕਿਉਂ? ਕਿਉਂਕਿ ਅਸੀਂ ਨਾ ਆਪ ਤੇ ਨਾ ਅਗੇ ਅਪਣੇ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾ ਰਹੇ ਹਾਂ। ਯਾਦ ਰਹੇ ਕਿ ਉਹੀ ਕੌਮਾ ਵਿਕਾਸ ਕਰ ਸਕਦੀਆਂ ਹਨ ਜੀਨ੍ਹਾ ਦਾ ਕਿਤਾਬ ਨਾਲ ਪਿਆਰ ਪੈ ਜਾਏ ਯਾਨੀ ਜਿਹੜੀਆਂ ਪੜ੍ਹਨ ਵਿੱਚ ਰੁਚੀ ਰੱਖਣ ਲੱਗ ਜਾਣ। ਦੁਨੀਆਂ ਵਿੱਚ ਰਹਿਣ ਲਈ ਦੁਨੀਆਂ ਬਾਰੇ, ਧਰਤੀ ਤੇ ਰਹਿਣ ਲਈ ਧਰਤੀ ਬਾਰੇ, ਮਨੁੱਖਾਂ ਵਿੱਚ ਰਹਿਣ ਲਈ ਮੱਨੁਖਤਾ ਬਾਰੇ ਤੇ ਰੱਬ ਨੂੰ ਪਾਉਣ ਲਈ ਰੱਬ ਬਾਰੇ ਜਾਨਣਾ ਬੇਹੱਦ ਜਰੂਰੀ ਹੈ ਇਹੀ ਗੁਰੂ ਪਾਤਸ਼ਾਹ ਦਾ ਵੀ ਬੱਚਨ ਹੈ ਕਿ ਜਦ ਤੱਕ ਰਹਿ ਗੂੰਗਾ ਬਣ ਕੇ ਨਾ ਰਹਿ।
ਗੁਰਦੇਵ ਸਿੰਘ ਸੱਧੇਵਾਲੀਆ




.