.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 08)

(ਬ੍ਰਹਮਾ ਅਤੇ ਇਸ ਨਾਲ ਸਬੰਧਤ ਪੁਰਾਣ ਕਥਾਵਾਂ)

ਵੇਦ ਬਾਣੀ ਦੁਆਰਾ ਤ੍ਰਿਸ਼ਨਾ ਆਦਿ ਦੀ ਅੱਗ ਤੋਂ ਛੁਟਕਾਰਾ ਨਹੀਂ ਹੁੰਦਾ ਦਾ ਭਾਵ ਦੱਸਣ ਲਈ:-ਬ੍ਰਹਮਾ ਮੂਲੁ ਵੇਦ ਅਭਿਆਸਾ॥ ਤਿਸ ਤੇ ਉਪਜੇ ਦੇਵ ਮੋਹ ਪਿਆਸਾ॥ ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ॥ (ਪੰਨਾ 230) ਅਰਥ: (ਹੇ ਭਾਈ! ਜਿਸ) ਬ੍ਰਹਮਾ ਨੂੰ ਵੇਦ-ਅਭਿਆਸ ਦਾ ਰਸਤਾ ਚਲਾਣ ਵਾਲਾ ਮੰਨਿਆ ਜਾਂਦਾ ਹੈ (ਜੇਹੜਾ ਬ੍ਰਹਮਾ ਵੇਦ-ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ) ਉਸ ਤੋਂ (ਸਾਰੇ) ਦੇਵਤੇ ਪੈਦਾ ਹੋਏ (ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ) ਮੋਹ- (ਮਾਇਆ ਦੀ) ਤ੍ਰਿਸ਼ਨਾ ਵਿੱਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ, ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਣਾ ਨਾਹ ਮਿਲਿਆ।

(ਨੋਟ: ਵੇਦ ਕਿਸੇ ਇੱਕ ਵਿਅਕਤੀ (ਰਿਸ਼ੀ) ਦੇ ਲਿਖੇ ਹੋਏ ਨਹੀਂ ਹਨ ਅਤੇ ਨਾ ਹੀ ਇਕੋ ਸਮੇਂ ਲਿਖੇ ਗਏ ਹਨ। ਇਹ ਅਨੇਕਾਂ ਰਿਸ਼ੀਆਂ ਦੇ ਮੰਤ੍ਰਾਂ ਦਾ ਸੰਗ੍ਰਹਿ ਹਨ। ਵੇਦਾਂ ਵਿੱਚ ਬ੍ਰਹਮਾ ਦਾ ਨਾਮ ਨਹੀਂ ਹੈ। ਵੇਦਾਂ ਵਿੱਚ ਇਸ ਸ਼ਕਤੀ ਨੂੰ ਪ੍ਰਜਾਪਤਿ ਅਤੇ ਹਿਰਣਕਸ਼ਯ ਲਿਖਿਆ ਗਿਆ ਹੈ। ਬਾਣੀਕਾਰਾਂ ਨੇ ਬ੍ਰਹਮਾ ਬਾਰੇ ਆਪਣੇ ਸਮੇਂ ਜੋ ਧਾਰਨਾ ਪ੍ਰਚਲਤ ਸੀ, ਉਸ ਦਾ ਹੀ ਹਵਾਲਾ ਦੇਕੇ ਗੁਰਮਤਿ ਦਾ ਤੱਤ ਸਮਝਾਇਆ ਹੈ। ਬਾਣੀਕਾਰਾਂ ਦਾ ਮੁੱਖ ਮਨੋਰਥ ਮਨੁੱਖਤਾ ਨੂੰ ਗੁਰਮਤਿ ਦ੍ਰਿੜ ਕਰਵਾ ਕੇ ਸਚਿਆਰ ਬਣਾਉਣਾ ਹੀ ਸੀ, ਇਸ ਲਈ ਇਨ੍ਹਾਂ ਨੇ ਪ੍ਰਚਲਤ ਧਾਰਨਾਵਾਂ ਦੇ ਹੀ ਹਵਾਲੇ ਦੇ ਕੇ ਮਨੁੱਖ ਨੂੰ ਸਮਝਾਇਆ ਹੈ। ਕਈ ਥਾਈ ਬਾਣੀਕਾਰਾਂ ਨੇ ਪੁਸਤਕਾਂ ਦੀਆਂ ਲਿਖਤਾਂ ਨੂੰ ਅਧਾਰ ਬਣਾਉਣ ਦੀ ਬਜਾਏ, ਜਨ-ਸਾਧਾਰਨ ਵਿੱਚ ਪ੍ਰਚਲਤ ਧਾਰਨਾ ਦਾ ਹੀ ਹਵਾਲਾ /ਉਦਾਹਰਣ ਦਿੱਤੀ ਹੈ। ਵੇਦਾਂ ਬਾਰੇ ਵੀ ਇਹ ਪ੍ਰਚਲਤ ਸੀ ਕਿ ਇਸ ਦਾ ਰਚੇਤਾ ਬ੍ਰਹਮਾ ਹੈ ਅਥਵਾ ਇਨ੍ਹਾਂ ਦੀ ਰਚਨਾ ਬ੍ਰਹਮਾ ਦੇ ਮੁੱਖੋਂ ਹੋਈ ਹੈ। ਬਾਣੀਕਾਰਾਂ ਨੇ ਇਸ ਨੂੰ ਹੀ ਸਾਹਮਣੇ ਰੱਖ ਕੇ, ਇਸ ਦਾ ਹਵਾਲਾ ਦਿੱਤਾ ਹੈ।)

ਮਾਇਆ ਦੇ ਪ੍ਰਬਲ ਪ੍ਰਭਾਵ ਤੋਂ ਬ੍ਰਹਮਾ ਵਰਗੇ ਵੀ ਨਹੀਂ ਬਚ ਸਕੇ ਦੇ ਹਵਾਲੇ ਵਜੋਂ:- ਭਰਮੇ ਸੁਰਿ ਨਰ ਦੇਵੀ ਦੇਵਾ॥ ਭਰਮੇ ਸਿਧ ਸਾਧਿਕ ਬ੍ਰਹਮੇਵਾ॥ (ਪੰਨਾ 258) ਅਰਥ: (ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ) ਵੱਡੇ ਵੱਡੇ ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ।

ਧਰਮ ਪੁਸਤਕਾਂ ਦੇ ਕੇਵਲ ਪਠਨ-ਪਾਠ ਕਰਨਾ ਪਰੰਤੂ ਇਨ੍ਹਾਂ ਦੀ ਵਿਚਾਰ ਕਰਕੇ ਤੱਤ ਸਾਰ ਨੂੰ ਨਾ ਸਮਝਣ ਦੇ ਪ੍ਰਸੰਗ `ਚ:-ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ॥ (ਪੰਨਾ 747) ਅਰਥ: ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ।

ਗੁਰੂ ਉਪਦੇਸ਼ ਦੁਆਰਾ ਹੀ ਆਤਮਕ ਅਰੋਗਤਾ ਦਾ ਅਨੰਦ ਮਾਣ ਸਕੀਦਾ ਹੈ, ਦਾ ਭਾਵ ਦਰਸਾਉਣ ਦੇ ਪ੍ਰਕਰਣ ਵਿਚ:-ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥ (ਪੰਨਾ 735) ਅਰਥ: (ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।

ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਸਹੀ ਜੀਵਨ-ਜਾਚ ਦੀ ਸਮਝ ਨਹੀਂ ਆਉਂਦੀ ਦੇ ਪ੍ਰਸੰਗ ਵਿਚ:- ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ॥ (ਪੰਨਾ852) ਅਰਥ: (ਹੇ ਭਾਈ! ਗੁਰੂ ਦੀ ਸਰਨ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ।

ਵੇਦ ਬਾਣੀ ਨੇ ਮਾਇਆ ਦੇ ਮੋਹ ਦਾ ਪਸਾਰਾ ਹੀ ਪਸਾਰਿਆ ਹੈ, ਦੇ ਵਰਣਨ ਦੇ ਪ੍ਰਸੰਗ’ ਚ:- ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559) ਅਰਥ: (ਸਤਿਗੁਰੂ ਜੀ ਨੇ ਜੋ ਪ੍ਰਚਲਤ ਕਹਾਣੀ ਸੀ, ਉਸ ਨੂੰ ਹੀ ਦਰਸਾਇਆ ਹੈ ਕਿ) (ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।

ਗੁਰੂ ਤੋਂ ਬਿਨਾਂ ਪ੍ਰਭੂ ਨਾਲ ਸਾਂਝ ਨਹੀਂ ਪਾ ਸਕੀਦਾ ਹੈ, ਦੇ ਪ੍ਰਸੰਗ ਵਿਚ:-ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥ ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ॥ (ਪੰਨਾ 59) ਅਰਥ: ਹੇ ਭਾਈ! (ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ, ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।

ਜੇਕਰ ਮਨੁੱਖ ਕਾਮਾਦਿਕ ਵਿਕਾਰਾਂ ਤੋਂ ਬਚਣ ਲਈ ਪ੍ਰਭੂ ਦਾ ਆਸਰਾ ਨਹੀਂ ਲੈਂਦਾ ਤਾਂ ਇਹ ਵਿਕਾਰ ਮਨੁੱਖ ਨੂੰ ਆਪਣੀ ਲਪੇਟ ਵਿੱਚ ਸਹਿਜੇ ਹੀ ਲੈ ਲੈਂਦੇ ਹਨ, ਦੇ ਪ੍ਰਸੰਗ `ਚ:- ਸਨਕ ਸਨੰਦਨ ਸਿਵ ਸੁਕਾਦਿ॥ ਨਾਭਿ ਕਮਲ ਜਾਨੇ ਬ੍ਰਹਮਾਦਿ॥ ਕਬਿ ਜਨ ਜੋਗੀ ਜਟਾਧਾਰਿ॥ ਸਭ ਆਪਨ ਅਉਸਰ ਚਲੇ ਸਾਰਿ॥ (ਪੰਨਾ 1194) ਅਰਥ: ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ) ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ—ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ।

ਪ੍ਰਭੂ ਦਾ ਹੁਕਮ ਮੰਨਣ ਵਾਲਾ ਹੀ ਆਤਮਕ ਜੀਵਨ ਦਾ ਅਨੰਦ ਮਾਣਦਾ ਹੈ ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥ ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 992) ਅਰਥ: ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ, ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।

ਗੁਰੂ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਬ੍ਰਹਮਾ ਵਰਗੇ ਵੀ ਆਤਮਕ ਰੋਗ ਤੋਂ ਨਹੀਂ ਬਚ ਸਕੇ ਦੇ ਪ੍ਰਕਰਣ ਵਿਚ:- ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥ (ਪੰਨਾ 735) ਅਰਥ: ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆਂ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਨ੍ਹਾਂ ਨੇ ਭੀ) ਹਉਮੈ ਵਿੱਚ ਹੀ ਕਾਰ ਕੀਤੀ। ਜਿਸ ਪਰਮਾਤਮਾ ਨੇ ਉਨ੍ਹਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ।

ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਪ੍ਰਾਣੀ ਹੀ ਉੱਤਮ ਹਨ, ਦਾ ਭਾਵ ਦਰਸਾਉਣ ਲਈ:- ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ॥ (ਪੰਨਾ 1013) ਅਰਥ: ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿੱਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।

ਸਰਬ ਸ਼ਕਤੀਮਾਨ ਅਕਾਲ ਪੁਰਖ ਦਾ ਵਡੱਪਣ ਦਰਸਾਉਣ ਦੇ ਪ੍ਰਸੰਗ ਵਿਚ:-ਬ੍ਰਹਮਾ ਬਿਸਨੁ ਮਹੇਸੁ ਦੁਆਰੈ॥ ਊਭੇ ਸੇਵਹਿ ਅਲਖ ਅਪਾਰੈ॥ (ਪੰਨਾ 1022) ਅਰਥ: (ਵੱਡੇ ਵੱਡੇ ਦੇਵਤੇ ਭੀ) ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ—ਸਾਰੇ ਉਸ ਅਲੱਖ ਤੇ ਅਪਾਰ ਪ੍ਰਭੂ ਦੇ ਦਰ ਤੇ ਖਲੋਤੇ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ।

ਅਕਾਲ ਪੁਰਖ ਹੀ ਸਾਰਿਆਂ ਦਾ ਮੂਲ ਹੈ ਦਾ ਭਾਵ ਸਮਝਾਉਣ ਦੇ ਪ੍ਰਸੰਗ ਵਿਚ:- ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ (ਪੰਨਾ 1037) ਅਰਥ: ਬ੍ਰਹਮਾ, ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।

ਪਰਮਾਤਮਾ ਹੀ ਅਨਾਦੀ ਹੈ, ਸਾਰਿਆਂ ਦਾ ਮੁੱਢ ਹੈ ਦਾ ਭਾਵ ਦਰਸਾਉਣ ਦੇ ਪ੍ਰਸੰਗ `ਚ:-ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ (ਪੰਨਾ 1035) ਅਰਥ: ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।

ਪ੍ਰਭੂ ਦੀ ਅਟਲੱਤਾ ਦੇ ਮੁਕਾਬਲੇ `ਤੇ ਹੋਰ ਸਭ ਕੁੱਝ ਹੀ ਨਾਸਮਾਨ ਹੈ, ਦਾ ਭਾਵ ਦਰਸਾਉਣ ਦੇ ਹਵਾਲੇ ਦੇ ਰੂਪ ਵਿਚ:-ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ॥ (ਪੰਨਾ 214) ਅਰਥ: (ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।

ਅਕਾਲ ਪੁਰਖ ਬੇਅੰਤ ਹੈ, ਕਿਸੇ ਨੇ ਭੀ ਉਸ ਦਾ ਅੰਤ ਨਹੀਂ ਪਾਇਆ ਦੇ ਪ੍ਰਕਰਣ ਵਿਚ:-ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ॥ ਕਮਲਾਪਤਿ ਕਵਲਾ ਨਹੀ ਜਾਨਾਂ॥ (ਪੰਨਾ 691) ਅਰਥ: ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ- (ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।

ਇਸ ਮਲੀਣ ਸੰਸਾਰ ਵਿੱਚ ਪਰਮਾਤਮਾ ਜਾਂ ਉਸ ਨਾਲ ਸਾਂਝ ਪਾਉਣ ਵਾਲੇ ਹੀ ਪਵਿੱਤਰ ਹਨ, ਦੇ ਪ੍ਰਸੰਗ ਵਿਚ:-ਮੈਲਾ ਬ੍ਰਹਮਾ ਮੈਲਾ ਇੰਦੁ॥ (ਪੰਨਾ 1158) ਅਰਥ: ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।

ਮਨੁੱਖ ਨੂੰ ‘ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ’ ਦਾ ਭਾਵ ਦ੍ਰਿੜ ਕਰਾਉਣ ਦੇ ਪ੍ਰਸੰਗ ਵਿਚ:-ਬ੍ਰਹਮਾ ਕੋਟਿ ਬੇਦ ਉਚਰੈ॥ (ਪੰਨਾ 1162) ਅਰਥ: (ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ।

ਗੱਲ ਕੀ, ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਬ੍ਰਹਮਾ ਜਾਂ ਬ੍ਰਹਮਾ ਨਾਲ ਸਬੰਧਤ ਪੁਰਾਣ ਸਾਹਿਤ ਦੀਆਂ ਕਥਾਂਵਾਂ ਦਾ ਵਰਣਨ, ਇਨ੍ਹਾਂ ਦੀ ਇਤਿਹਾਸਕ ਪ੍ਰਮਾਣਤਾ ਨੂੰ ਸਵੀਕ੍ਰਿਤ ਦੇ ਰੂਪ ਵਿੱਚ ਨਹੀਂ, ਬਲਕਿ ਗੁਰਮਤਿ ਦਾ ਕੋਈ ਪੱਖ ਸਮਝਾਉਣ ਲੱਗਿਆਂ ਕੇਵਲ ਉਦਾਰਹਣ ਦੇ ਰੂਪ ਵਿੱਚ ਹੀ ਕੀਤਾ ਹੈ। ਚੂੰਕਿ ਇਹ ਪੁਰਾਣਿਕ ਕਥਾਵਾਂ ਆਮ ਲੋਕਾਂ ਵਿੱਚ ਪ੍ਰਚਲਤ ਸਨ ਅਤੇ ਜਨ-ਸਾਧਾਰਨ ਇਨ੍ਹਾਂ ਕਥਾਵਾਂ ਨੂੰ ਸੱਚੀਆਂ ਹੀ ਮੰਨਦੇ ਸਨ। ਇਸ ਲਈ ਹੀ ਬਾਣੀਕਾਰਾਂ ਨੇ ਤੱਤ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਚਲਤ ਧਾਰਨਾਵਾਂ ਨੂੰ ਉਦਾਹਰਣਾਂ ਦੇ ਤੌਰ ਤੇ ਵਰਤਿਆ ਹੈ। ਜੇਕਰ ਅਸੀਂ ਇਨ੍ਹਾਂ ਪੁਰਾਣਿਕ ਕਥਾਵਾਂ ਬਾਰੇ ਇਹ ਕਹਿੰਦੇ ਹਾਂ ਕਿ ਬਾਣੀਕਾਰ ਇਨ੍ਹਾਂ ਨੂੰ ਸੱਚੀਆਂ ਮੰਨਦੇ ਹਨ ਤਾਂ ਇਹ ਬਾਣੀਕਾਰਾਂ ਨਾਲ ਘੋਰ ਅਨਿਆਂ ਹੋਵੇਗਾ। ਬ੍ਰਹਮਾ ਨਾਲ ਸਬੰਧਤ ਪੁਰਾਣਿਕ ਕਥਾਵਾਂ ਕਰਤੇ ਦੀ ਕੁਦਰਤ ਦੇ ਨਿਯਮਾਂ ਦੇ ਵਿਪਰੀਤ/ਉਲਟ ਹੋਣ ਕਾਰਨ ਬਾਣੀਕਾਰ ਇਨ੍ਹਾਂ ਨੂੰ ਇਸੇ ਰੂਪ ਵਿੱਚ ਵਾਪਰੀਆਂ ਹੋਣ ਤੋਂ ਇਨਕਾਰ ਕਰਦੇ ਹਨ। ਇਹੀ ਕਾਰਨ ਹੈ ਬਾਣੀਕਾਰਾਂ ਨੇ ਪ੍ਰਭੂ ਦੀ ਕੁਦਰਤ ਦੇ ਨਿਯਮਾਂ ਦਾ ਵਰਣਨ ਕਰਨ ਲਗਿਆਂ ਸਪਸ਼ਟ ਕੀਤਾ ਹੈ ਕਿ ਕੁਦਰਤ ਦੇ ਨਿਯਮ ਅੱਟਲ ਹਨ, ਜਦੋਂ ਤੋਂ ਇਹ ਸੰਸਾਰ ਇਸ ਰੂਪ ਵਿੱਚ ਹੋਂਦ ਵਿੱਚ ਆਇਆ ਹੈ, ਇਹ ਇਸੇ ਤਰ੍ਹਾਂ ਤੁਰੇ ਆ ਰਹੇ ਹਨ ਅਤੇ ਤੁਰਦੇ ਰਹਿਣਗੇ। ਅਕਾਲ ਪੁਰਖ ਨੇ ਜਦ ਤੋਂ ਇਹ ਸੰਸਾਰ ਸਿਰਜਿਆ ਹੈ ਓਦੋਂ ਤੋਂ ਹੀ ਸੰਸਾਰ ਇੱਕ ਨਿਯਮ ਅਥਵਾ ਸੂਤ੍ਰਧਾਰ ਵਿੱਚ ਬੱਧਾ ਹੋਇਆ ਕੰਮ ਕਰ ਰਿਹਾ ਹੈ; ਕੁਦਰਤ ਦੇ ਨਿਯਮ ਸਾਰਿਆਂ ਲਈ ਇਕੋ ਜੇਹੇ ਹਨ, ਇਹ ਕਿਸੇ ਨਾਲ ਰਿਆਇਤ ਜਾਂ ਪੱਖ ਪਾਤ ਨਹੀਂ ਕਰਦੇ। ਇਨ੍ਹਾਂ ਪੁਰਾਣਿਕ ਕਥਾਵਾਂ ਨੂੰ ਗੁਰਮਤਿ ਦਾ ਅੰਗ ਮੰਨ ਕੇ ਅਸੀਂ ਜਾਣੇ –ਅਣਜਾਣੇ ਬਾਣੀਕਾਰਾਂ ਉੱਤੇ ਆਪਾ-ਵਿਰੋਧ ਦਾ ਦੋਸ਼ ਲਾਉਣ ਦੇ ਭਾਗੀ ਬਣਦੇ ਹਾਂ। ਚੂੰਕਿ ਬਾਣੀਕਾਰਾਂ ਨੇ ਆਪਣੀ ਬਾਣੀ ਵਿੱਚ ਆਪ ਹੀ ਇਨ੍ਹਾਂ ਕਥਾਵਾਂ ਦੀ ਸਚਾਈ ਉੱਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਪੁਰਾਣ ਸਾਹਿਤ ਦੀਆਂ ਕਈ ਕਥਾਵਾਂ ਦੁਆਰਾ ਜੋ ਕੁੱਝ ਦਰਸਾਇਆ ਗਿਆ ਹੈ ਉਹ ਕੁਦਰਤ ਦੇ ਨਿਯਮਾਂ ਦੇ ਬਿਲਕੁਲ ਹੀ ਵਿਪਰੀਤ/ਉਲਟ ਹੈ। ਬਾਣੀਕਾਰਾਂ ਦਾ ਇਹ ਮੰਨਣਾ ਹੈ ਕਿ ਕਰਤੇ ਦੀ ਕੁਦਰਤ ਦੇ ਨਿਯਮ ਅਟੱਲ ਹਨ। ਇਸ ਲਈ ਇਨ੍ਹਾਂ ਹਵਾਲਿਆਂ ਦੁਆਰਾ ਬਾਣੀਕਾਰਾਂ ਨੇ ਮਨੁੱਖ ਨੂੰ ਜੋ ਸਮਝਾਉਣ ਦਾ ਜਤਨ ਕੀਤਾ ਹੈ, ਕੇਵਲ ਉਹ ਹੀ ਗੁਰਬਾਣੀ ਦਾ ਸੱਚ ਹੈ। ਇਸ ਸੱਚ ਨੂੰ ਹੀ ਅਪਣਾਉਣ ਅਤੇ ਪ੍ਰਚਾਰਨ ਦੀ ਲੋੜ ਹੈ। ਇਹ ਸੱਚ ਹੀ ਸਿੱਖੀ ਜੀਵਨ ਦਾ ਅੰਗ ਹੈ।

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 350) ਅਰਥ: ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।

ਜਸਬੀਰ ਸਿੰਘ ਵੈਨਕੂਵਰ




.