.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਅਸਲ ਗਧਾ

ਸਕੂਲਾਂ ਵਿੱਚ ਅਕਸਰ ਅਧਿਆਪਕ ਬੱਚਿਆਂ ਨੂੰ ਗਧੇ ਸ਼ਬਦ ਨਾਲ ਸੰਬੋਧਨ ਕਰਦੇ ਰਹਿੰਦੇ ਹਨ। ਕਿਉਂਕਿ ਜਦੋਂ ਵੀ ਕਿਸੇ ਬੱਚੇ ਨੂੰ ਅਧਿਆਪਕ ਸੁਆਲ ਪੁੱਛਦਾ ਹੈ ਤੇ ਬੱਚਾ ਉਸ ਦਾ ਸਹੀ ਜੁਆਬ ਨਹੀਂ ਦੇਂਦਾ, ਤਾਂ ਅਧਿਆਪਕ ਕਹਿ ਦੇਂਦਾ ਹੈ, ਕਿ ਤੂੰ ਤੇ ਨਿਰਾ ਗਧਾ ਈ ਏਂ। ਅਧਿਆਪਕ ਨੇ ਗਧਾ ਇੱਕ ਪ੍ਰਤੀਕ ਵਜੋਂ ਵਰਤਿਆ ਹੈ। ਜਿਸ ਤਰ੍ਹਾਂ ਕਿਸੇ ਗਧੇ ਤੇ ਮਣ ਪੱਕੀਆਂ ਕਿਤਾਬਾਂ ਲੱਦ ਦਿੱਤੀਆਂ ਜਾਣ ਪਰ ਗੱਧੇ ਨੂੰ ਉਹਨਾਂ ਪੁਸਤਕਾਂ ਬਾਰੇ ਕੋਈ ਗਿਆਨ ਨਹੀਂ ਹੈ, ਏਸੇ ਤਰ੍ਹਾਂ ਹੀ ਤੁਸੀਂ ਵਿਦਿਆਰਥੀ ਵੀ ਉਸ ਗਧੇ ਵਰਗੇ ਹੀ ਹੋ ਜੋ ਕੇਵਲ ਭਾਰ ਹੀ ਢੋਅ ਰਹੇ ਹੋ।

ਨੌਕਰ ਕੋਲੋਂ ਕਿਸੇ ਕੰਮ ਵਿੱਚ ਕੋਈ ਵਿਗਾੜ ਪੈ ਜਾਏ ਤਾਂ ਮਾਲਕ ਫੱਟ ਕਹਿ ਦੇਂਦਾ ਹੈ ਤੂੰ ਨਿਰਾ ਗਧਾ ਈਂ ਏਂ। ਮਨੁੱਖ ਗਧੇ ਪਾਸੋਂ ਭਾਰ ਢੋਣ ਦਾ ਕੰਮ ਲੈਂਦਾ ਹੈ। ਕਹਿੰਦੇ ਨੇ ਇੱਕ ਦਿਨ ਕਿਸੇ ਗਧੇ ਨੇ ਆਪਣੇ ਮਾਲਕ ਪਾਸੋਂ ਪੁੱਛਿਆ ਕੇ ਐ ਮਾਲਕ! ‘ਸਕੂਲ ਵਿੱਚ ਕੀ ਹੁੰਦਾ ਹੈ, ਤਾਂ ਮਾਲਕ ਨੇ ਕਿਹਾ ਬੇਟਾ ਏੱਥੇ ਬੱਚਿਆਂ ਨੂੰ ਗਿਆਨ ਦਿੱਤਾ ਜਾਂਦਾ ਹੈ’। ਗਧਾ ਪੁੱਛਦਾ ਹੈ, ‘ਕਿ ਹੇ ਮਾਲਕ! ਇਸ ਗਿਆਨ ਨਾਲ ਹੁੰਦਾ ਕੀ ਹੈ’ ? ਮਾਲਕ ਕਹਿੰਦਾ ਹੈ, ਕਿ ‘ਗਿਆਨ ਦੁਆਰਾ ਮਨੁੱਖ ਨੂੰ ਮੁਕਤੀ ਮਿਲੀ ਹੈ, ਕਿ ਦੂਸਰੇ ਪਾਸੋਂ ਕਿੰਝ ਕੰਮ ਲਈਦਾ ਹੈ, ਜਿਸ ਤਰ੍ਹਾਂ ਮੈਨੂੰ ਗਿਆਨ ਹੈ ਮੈਂ ਤੇਰੇ ਪਾਸੋਂ ਕੰਮ ਲੈ ਰਿਹਾ ਹਾਂ। ਇਹ ਸਾਰਾ ਕੁੱਝ ਸਕੂਲ ਦੀ ਵਿਦਿਆ ਵਿਚੋਂ ਪ੍ਰਾਪਤ ਹੁੰਦਾ ਹੈ’। ਗਧਾ ਬਹੁਤ ਹੀ ਨਿਮਾਣੀ ਜੇਹੀ ਅਵਸਥਾ ਵਾਲਾ ਮੂੰਹ ਬਣਾ ਕੇ ਕਹਿੰਦਾ ਹੈ, ਕਿ ‘ਹੇ ਮਾਲਕ! ‘ਤੁਸੀਂ ਵੀ ਮੈਨੂੰ ਇਸ ਸਕੂਲ ਵਿੱਚ ਦਾਖਲ ਕਰਾ ਦਿਓਗੇ ਤਾਂ ਕਿ ਮੈਂ ਵੀ ਥੋੜੀ ਬਹੁਤੀ ਅਕਲ ਲੈ ਕੇ ਇਸ ਭਾਰ ਥੱਲਿਓਂ ਮੁਕਤੀ ਹਾਸਲ ਕਰ ਲਵਾਂ’। ਮਾਲਕ ਕਸੈਲ਼ਾ ਜੇਹਾ ਮੂੰਹ ਬਣਾ ਕੇ ਕਹਿੰਦਾ, ‘ਬੇਟੇ ਗਧੇ! ਜੇ ਮੈਂ ਤੈਨੂੰ ਸਕੂਲ ਵਿੱਚ ਦਾਖਲ ਕਰਾ ਦਿਆਂ, ਤਾਂ ਤੂੰ ਹੀ ਦੱਸ, ਮੇਰਾ ਭਾਰ ਕੌਣ ਢੋਇਆ ਕਰੇਗਾ’। ਜਿੰਨਾਂ ਚਿਰ ਸੰਸਾਰ ਵਿਦਿਆ ਤੋਂ ਹੀਣ ਰਹੇਗਾ ਉਤਨਾ ਚਿਰ ਚਲਾਕ ਪੁਜਾਰੀ, ਸ਼ਾਤਰ ਰਾਜਨੀਤਿਕ ਲੋਕ ਇਸ ਭੋਲੀ ਦੁਨੀਆਂ ਨੂੰ ਲੁੱਟਦੇ ਹੀ ਰਹਿਣਗੇ।

ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਮ ਲੋਕਾਂ ਦੀ ਬਰਤੀ ਨੂੰ ਬਹੁਤ ਹੀ ਨੇੜਿਓਂ ਹੋ ਕੇ ਤੱਕਿਆ ਤੇ ਕਿਹਾ ਇਹ ਤਾਂ ਆਪਣੇ ਫ਼ਰਜ਼ਾਂ ਦੀ ਪਹਿਛਾਣ ਹੀ ਭੁੱਲ ਗਏ ਹਨ। ਦੇਖਣ ਨੂੰ ਤਾਂ ਇਹ ਮਨੁੱਖ ਲੱਗਦੇ ਹਨ ਪਰ ਅੰਦਰੋਂ ਅਸਲ ਇਹ ਖੋਤੇ ਹਨ। ਅਜੇਹੀ ਬਿਰਤੀ ਵਾਲੇ ਲੋਕਾਂ ਦੇ ਲੱਛਣ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਲੋਕ ਰਾਂਹੀ ਦਰਸਾਏ ਹਨ—

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ॥

ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ॥

ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ॥

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ, ਰਸੁ ਕਸੁ ਨ ਜਾਣੰਤਿ॥

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ, ਅਖਰ ਕਾ ਭੇਉ ਨ ਲਹੰਤਿ॥

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥ 15॥

ਸਲੋਕ ਮ: ੧ ਪੰਨਾ ੧੪੧੧

ਕਿਸੇ ਮਨੁੱਖ ਨੂੰ ਉਸ ਦੀ ਜ਼ਿੰਮੇਵਾਰੀ ਸਮਝਾ ਦਿੱਤੀ ਜਾਏ ਪਰ ਉਹ ਫਿਰ ਵੀ ਆਪਣੇ ਫ਼ਰਜ਼ ਵਿੱਚ ਜਾਣ ਬੁਝ ਕੇ ਕੁਤਾਹੀ ਕਰੇ ਤਾਂ ਗੁਰੂ ਸਾਹਿਬ ਕਹਿੰਦੇ ਹਨ ਦੇਖਣ ਨੂੰ ਮਨੁੱਖ ਲੱਗਦਾ ਹੈ ਪਰ ਅਸਲ ਨਿਸ਼ਾਨੀ ਗਧੇ ਦੀ ਹੈ। ਪਹਿਲੀ ਤੁਕ ਵਿੱਚ ਸਮਝਾਇਆ ਗਿਆ ਹੈ ਕਿ ਮਨੁੱਖ ਨੂੰ ਸਮਝਾਉਣ ਦੇ ਬਾਵਜੂਦ ਵੀ ਗਲਤੀਆਂ ਕਰ ਰਿਹਾ ਹੈ ‘ਕਹਿਆ ਬਿਰਦੁ ਨ ਜਾਣਨੀ’ ਤਾਂ ਫਿਰ ਅਜੇਹੇ ਬਿਰਤੀ ਵਾਲੇ ਪਹਿਲਵਾਨ ਨੂੰ ਪੁੱਜ ਕੇ ਮਹਾਂਮੂਰਖ ਆਖਿਆ ਗਿਆ ਹੈ। ‘ਮਨਹੁ ਜਿ ਅੰਧੇ ਘੂਪ’ ਕਹਿੰਦੇ ਨੇ ਇੱਕ ਰਾਜਾ ਆਪਣੇ ਵਜ਼ੀਰ ਨੂੰ ਪੁੱਛਦਾ ਹੈ, ‘ਕਿ ਦੁਨੀਆਂ ਵਿੱਚ ਅੰਨ੍ਹੇ ਕਿੰਨੇ ਕੁ ਹੋਣਗੇ’ ? ਵਜ਼ੀਰ ਕਹਿੰਦਾ ਆਪਾਂ ਅੱਜ ਹੀ ਗਿਣਤੀ ਕਰ ਲੈਂਦੇ ਹਾਂ। ਥੋੜੀ ਦੂਰ ਗਿਆਂ ਹੀ ਅੱਗੇ ਕਿਰਸਾਨ ਹੱਲ਼ ਵਹੁੰਦਾ ਦਿਸਿਆ, ਰਾਜਾ ਕਿਰਸਾਨ ਨੂੰ ਪੁੱਛਦਾ ‘ਕਿਉਂ ਭਈ ਹਲ਼ ਵਾਹ ਰਿਆਂ ਏਂ’ ? ਵਜ਼ੀਰ ਨੇ ਫਟ ਕਿਹਾ, ਕਿ ਬਾਦਸ਼ਾਹ ਸਲਾਮਤ ਅੰਨ੍ਹਾ ਨੰਬਰ ਇੱਕ ਲਿਖੋ’। ਰਾਜਾ ਕਹਿੰਦਾ, ‘ਉਹ ਕੌਣ? ਵਜ਼ੀਰ ਕਹਿੰਦਾ ‘ਜਹਾਂ ਪਨਾਹ’ ਤੁਸੀਂ ਹੋ। ਕਿਉਂ ਕਿ ਤੁਸੀਂ ਦੇਖਦੇ ਹੋਏ ਵੀ ਪੁੱਛ ਰਹੇ ਹੋ ਕਿ ਕੀ ਕਰ ਰਿਹਾ ਏਂ? ਅਸੀਂ ਜਾਣਦੇ ਹੋਏ ਵੀ ਮੰਨਣ ਲਈ ਤਿਆਰ ਨਹੀਂ ਹਾਂ।

ਲੁਧਿਆਣੇ ਸ਼ਹਿਰ ਦੇ ਰੰਗਾਈ ਵਾਲੇ ਕਾਰਖਾਨੇ ਵਾਲਿਆਂ ਨੂੰ ਹਾਈ ਕੋਰਟ ਨੇ ਕਿਹਾ ਹੈ ਆਪਣੀ ਫੈਕਟਰੀ ਦਾ ਗੰਦਾ ਪਾਣੀ ਸੋਧ ਕੇ ਹੀ ਬੁੱਢੇ ਨਾਲੇ ਵਿੱਚ ਪਾਓ। ਪਰ ਮਜਾਲ ਹੈ ਜੇ ਇਹ ਕਾਰਖਾਨੇ ਵਾਲੇ ਗੱਲ ਮੰਨ ਜਾਣ। ਪਤਾ ਹੈ ਕਿ ਸਾਡੇ ਕਾਰਖਾਨੇ ਦਾ ਗੰਦਾ ਪਾਣੀ ਮਨੁੱਖਤਾ ਦੇ ਜੀਵਨ ਲਈ ਮਾਰੂ ਹੈ ਪਰ ਮੰਨਣ ਲਈ ਤਿਆਰ ਨਹੀਂ ਹਨ। ਅਖੰਡਪਾਠ, ਲੰਗਰ ਜਾਂ ਧਰਮ ਦੇ ਨਾਂ `ਤੇ ਜਗਰਾਤੇ ਕਰਾਉਣ ਵਾਲਿਆਂ ਦੀ ਉਗਰਾਈ ਵਿੱਚ ਸਭ ਤੋਂ ਪਹਿਲਾਂ ਇਹਨਾਂ ਦਾ ਨਾਂ ਲਿਖਿਆ ਹੁੰਦਾ ਹੈ। ਇਸ ਲਈ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਆਪਣੇ ਫ਼ਰਜ਼ ਦੀ ਪਹਿਛਾਣ ਵਿੱਚ ਕੁਤਾਹੀ ਕੀਤੀ ਜਾਏਗੀ ਤਾਂ ਗਧਿਆਂ ਦੀ ਕਤਾਰ ਵਿੱਚ ਲਾਜ਼ਮੀ ਗਿਣੇ ਜਾਣਗੇ।

ਪਾਣੀ ਦੀ ਚੱਲ ਰਹੀ ਟੂਟੀ ਦੇ ਥੱਲੇ ਬਾਲਟੀ ਪੁੱਠੀ ਕਰਕੇ ਰੱਖ ਦਿਓ ਉਹ ਕਦੇ ਵੀ ਨਹੀਂ ਭਰੇਗੀ। ਏਸੇ ਤਰ੍ਹਾਂ ਸਾਡਾ ਮਨ ਵੀ ਅਗਿਆਨਤਾ ਦੇ ਭਰਮ ਭੁਲੇਖਿਆਂ ਵਿੱਚ ਪਿਆ ਹੋਣ ਕਰਕੇ ਪੁੱਠਾ ਹੋਇਆ ਪਿਆ ਹੈ। ਤਾਂ ਕੀ ਸਾਡੇ ਮਨ ਵਿੱਚ ਗੁਰ-ਉਪਦੇਸ਼ ਆ ਸਕੇਗਾ? ‘ਮਨਿ ਅੰਧੈ ਊਂਧੈ ਕਵਲ’ ਇਸ ਲਈ ਸਾਡੇ ਸੁਭਾਅ ਵਿੱਚ ਕਰੂਪਤਾ ਭਾਵ ਅੰਦਰੋਂ ਬਾਹਰੋਂ ਕੋਝੇ ਦਿਸਦੇ ਹਨ-- ਦਿਸਨਿ ਖਰੇ ਕਰੂਪ ਜਿਸ ਤਰ੍ਹਾਂ ਮਿਸਾਲ ਦਿੱਤੀ ਹੈ ਰੰਗਾਈ ਵਾਲੇ ਕਾਰਖਾਨੇ ਦੀ। ਫੈਕਟਰੀ ਦੇ ਮਾਲਕਾਂ ਦੇ ਕੱਪੜੇ ਆਮ ਮਨੁੱਖਾਂ ਨਾਲੋਂ ਸੋਹਣੇ ਹਨ। ਰਹਿਣ ਸਹਿਣ ਦਾ ਢੰਗ ਤਰੀਕਾ ਵੀ ਆਮ ਲੋਕਾਂ ਨਾਲੋਂ ਵਧੀਆ ਦਿਸਦਾ ਹੈ, ਕਾਰ ਮਕਾਨ ਵੀ ਸੁੰਦਰ ਹੈ ਪਰ ਕਰੂਪ ਕਿਉਂ? ਜਦੋਂ ਉਹ ਲੋਕ ਆਪਣੀ ਫੈਕਟਰੀ ਦੇ ਗੰਦੇ ਪਾਣੀ ਦੀ ਸ਼ੁਧਦਾ ਵਲ ਧਿਆਨ ਨਹੀਂ ਦੇਂਦੇ, ਪਰ ਜਦੋਂ ਮਹਿਕਮਾ ਥੋੜੀ ਜੇਹੀ ਵੀ ਸਖਤੀ ਕਰਦਾ ਹੈ ਤਾਂ ੳਦੋਂ ਆਪਣੀ ਗਲਤੀ ਸੁਧਾਰਨ ਦੀ ਬਜਾਏ ਹੜਤਾਲ ਕਰਦੇ ਹਨ ਤੇ ਕਹਿੰਦੇ ਹਨ ਕਿ ਦੇਖੋ ਜੀ ਸਰਾਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਹੈ। ਗੰਦੇ ਪਾਣੀ ਨੂੰ ਠੀਕ ਨਹੀਂ ਕਰਨ ਦੀ ਬਜਾਏ ਟ੍ਰੈਫਿਕ ਜਾਮ ਕਰ ਦੇਂਦੇ ਹਨ। ਓਦੋਂ ਉਹਨਾ ਦਾ ਕਰੂਪ ਚੇਹਰਾ ਸਭ ਦੇ ਸਹਮਣੇ ਹੁੰਦਾ ਹੈ। ਹੋਰ ਕਰੂਪ ਚਿਹਰਾ ਕੋਈ ਚੇਚਕ ਦੇ ਦਾਗਾਂ ਵਾਲਾਂ ਨਹੀਂ ਹੈ।

ਤੀਸਰੀ ਕਿਸਮ ਦੇ ਗਧੇ ਉਹ ਹਨ ਜਿਹਨਾਂ ਨੂੰ ਕਿਸੇ ਵੀ ਕੋਮਲ ਹੁਨਰ ਨਾਲ ਕੋਈ ਲਗਾਓ ਨਹੀਂ ਹੈ। ਸੰਗੀਤ ਦੀ ਕਲਾ ਨਾਲ ਕੋਈ ਸ਼ੋਕ ਨਹੀਂ ਹੈ, ਕੋਈ ਵੀ ਪੁਸਤਕ ਅਖ਼ਬਾਰ ਪੜ੍ਹਨ ਦਾ ਸ਼ੋਕ ਨਹੀਂ ਹੈ ਤੇ ਨਾ ਹੀ ਕਿਸੇ ਚੰਗੇ ਉਪਦੇਸ਼ ਨਾਲ ਵਾਹ ਵਾਸਤਾ ਹੈ। ਏੱਥੋਂ ਤੀਕ ਕਿ ਸਿਹਤ ਲਈ ਕੀ ਮਾੜਾ ਤੇ ਕੀ ਚੰਗਾ ਏ ਕੋਈ ਪਹਿਛਾਣ ਨਹੀਂ ਰੱਖਣੀ। ਗਧੇ ਨੇੜੇ ਬੀਨ ਵਜਾਈ ਜਾਏ ਉਸ ਨੂੰ ਬੀਨ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਗਧਾ ਰੂੜੀਆਂ `ਤੇ ਚੁਗਦਾ ਤੇ ਲੇਟਦਾ ਰਹਿੰਦਾ ਹੈ ---

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ, ਰਸੁ ਕਸੁ ਨ ਜਾਣੰਤਿ॥

ਮਨੁੱਖੀ ਜੀਵਨ ਦੀ ਸਫਲਤਾ ਲਈ ਪਹਿਲਾਂ ਸਿੱਖਣਾ, ਫਿਰ ਉਸ ਦੀ ਵਰਤੋਂ ਕਰਦਿਆਂ ਮੰਜ਼ਿਲ ਦੀ ਪ੍ਰਪਾਤੀ ਕਰਕੇ ਸਫਲ ਹੋਣਾ ਹੈ। ਜੇ ਕਿਸੇ ਮਨੁੱਖ ਨੇ ਨਾ ਕੋਈ ਅੱਖਰ ਪੜ੍ਹਿਆ, ਨਾ ਕੋਈ ਅਕਲ ਵਾਲੀ ਗੱਲ ਕੀਤੀ ਤੇ ਨਾ ਹੀ ਕਿਸੇ ਸਫਲਤਾ ਤੇ ਅਪੜਿਆ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਮਨੁੱਖ ਵੀ ਗਧਿਆਂ ਵਾਲੀ ਕਤਾਰ ਵਿੱਚ ਖੜਾ ਹੁੰਦਾ ਹੈ— ‘ਇਕਨਾ ਸਿਧਿ ਨ ਬੁਧਿ ਨ ਅਕਲਿ ਸਰ, ਅਖਰ ਕਾ ਭੇਉ ਨ ਲਹੰਤਿ’॥

ਗੱਲ ਨੂੰ ਸਮਝਣ ਲਈ ਤਿਆਰ ਨਾ ਹੋਣ ਵਾਲਾ ਅਕਲੋਂ ਅੰਨ੍ਹਾ ਤੇ ਮਹਾਂਮੂਰਖ ਹੈ। ਦੇਖਣ ਨੂੰ ਜ਼ਰੂਰ ਸੋਹਣੇ ਲੱਗਦੇ ਹਨ ਪਰ ਇਹਨਾਂ ਦਾ ਵਰਤੋਂ ਵਿਹਾਰ ਕਰੂਪਤਾ ਵਾਲਾ ਹੈ। ਕਿਸੇ ਕੋਮਲ ਕਲਾ ਲਈ ਕੋਈ ਪਿਆਰ ਨਹੀਂ ਹੈ ਤੇ ਨਾ ਹੀ ਸੁਭਾਅ ਵਿਚੋਂ ਕੋਈ ਰਸ ਪ੍ਰਗਟ ਹੁੰਦਾ ਹੈ। ਆਪਣੇ ਜੀਵਨ ਵਿੱਚ ਅਕਲ ਨਾਲ ਕੋਈ ਵਾਹ ਵਾਸਤਾ ਨਾ ਰੱਖਣ ਤੇ ਨਾ ਹੀ ਕੁੱਝ ਸਿੱਖਣ ਲਈ ਤਿਆਰ ਹੋਣਾ। ਇੰਜ ਕਹਿ ਲਿਆ ਜਾਏ ਕਿ ਕਿਸੇ ਗੁਣ ਨਾਲ ਕੋਈ ਸਾਂਝ ਨਹੀਂ ਹੈ ਪਰ ਹੰਕਾਰ ਦੀ ਟੀਸੀ ਤੇ ਬੈਠਾ ਹੋਵੇ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਅਜੇਹੇ ਲੋਕ ਗਧਿਆਂ ਵਾਂਗ ਜੀਊ ਰਹੇ ਹਨ—ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥

ਏਸੇ ਸਲੋਕ ਦੀ ਤੀਸਰੀ ਤੁਕ ਵਿੱਚ ਸੁਚੱਜੇ ਮਨੁਖਾਂ ਦੀ ਵੀ ਵਿਆਖਿਆ ਕੀਤੀ ਹੈ ਕਿ ਜੋ ਆਪਣੀ ਗੱਲ ਨੂੰ ਸਮਝਾ ਸਕਦੇ ਹੋਣ ਤੇ ਕਿਸੇ ਦੀ ਆਖੀ ਨੂੰ ਸਮਝ ਸਕਦੇ ਹੋਣ ਉਹ ਸਚੁੱਜੇ ਤੇ ਸੋਹਣੇ ਹੁੰਦੇ ਹਨ—ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ॥

ਸਿਆਣੇ ਲੋਕ ਕੋਈ ਮੀਟਿੰਗ ਕਰਦੇ ਹੋਣ ਤਾਂ ਵਾਰੀ ਵਾਰੀ ਇੱਕ ਦੁਜੇ ਦੀ ਗੱਲ ਨੂੰ ਸੁਣਦੇ ਹਨ ਤੇ ਸਣਾਉਂਦੇ ਹਨ। ਪਰ ਆਮ ਕਰਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਜਦੋਂ ਕਦੇ ਕੋਈ ਇਕੱਤ੍ਰਤਾ ਹੁੰਦੀ ਹੈ ਤਾਂ ਓਥੇ ਕਿਸੇ ਦੀ ਕੋਈ ਨਹੀਂ ਸੁਣਦਾ ਸਭ ਆਪੋ-ਆਪਣੀ ਹੀ ਸਣਾਉਂਦੇ ਹਨ।

ਆਪਣੀ ਗੱਲ ਸਮਝਾ ਸਕਣੀ ਤੇ ਦੂਜੇ ਦੀ ਗੱਲ ਸਮਝ ਸਕਣ ਵਾਲਾ ਮਨੁੱਖ ਹੀ ਸਿਆਣਾ ਸੋਹਣਾ ਤੇ ਸਮਝਦਾਰ ਮੰਨਿਆਂ ਗਿਆ ਹੈ।
.