.

ਅਰਥ ਨਿਖਾਰ

ਅੰਤਿ ਕਾਲਿ ਜੋ……

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪੰਨਾ ਨੰਬਰ ੫੨੬ ਉਪਰ ਰਾਗ ਗੂਜਰੀ `ਚ ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਆਇਆ ਹੈ ਜੋ ਇਸ ਤਰ੍ਹਾਂ ਹੈ:-

ਗੂਜਰੀ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ ੨॥

ਦੇਖਣ `ਚ ਆਉਂਦਾ ਹੈ ਕਿ ਆਮ ਤੌਰ `ਤੇ ਇਸ ਸ਼ਬਦ ਦੇ ਅਰਥ ਗੁਰਬਾਣੀ ਸਿਧਾਂਤ ਅਨੁਸਾਰ ਜਾਂ ਤਾਂ ਹੋ ਹੀ ਨਹੀਂ ਰਹੇ ਅਤੇ ਜੇ ਕਿਸੇ ਵਿਦਵਾਨ ਨੇ ਇਸ ਦੇ ਸਿਧਾਂਤਕ ਅਰਥ ਕੀਤੇ ਵੀ ਹਨ ਤਾਂ ਉਥੇ ਵੀ ਪੂਰੀ ਤਰ੍ਹਾਂ ਨਹੀਂ ਖੁੱਲ ਸਕੇ। ਇਸ ਤੋਂ ਵਧੇਰੇ ਦੁਖ ਉਸ ਸਮੇਂ ਹੁੰਦਾ ਹੈ ਜਦੋਂ ਸਾਡੇ ਬਹੁਤੇ ਨਾਮਵਰ ਪ੍ਰਚਾਰਕ ਵੀ ਇਸ ਸ਼ਬਦ ਦੀ ਕਥਾ-ਵਿਆਖਿਆ ਕਰਦੇ ਸਮੇਂ, ਇਸ ਦੇ ਅਰਥ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਕਰਦੇ ਸੁਣੇ ਜਾਂਦੇ ਹਨ। ਬਲਕਿ ਇਥੋਂ ਤੀਕ ਹੱਠ ਕਰਦੇ ਹਨ ਕਿ ਇਹ ਗੁਰਬਾਣੀ ਦਾ ਫ਼ੈਸਲਾ ਹੈ ਕਿ ਇਹਨਾ ਬੰਦਾ ਅਨੁਸਾਰ ਹੀ ਅੰਤਕਾਲ ਭਾਵ ਸਰੀਰ ਤਿਆਗਣ ਸਮੇਂ ਮਨੁੱਖ ਦੀ ਜੋ ਸੋਚਣੀ ਹੁੰਦੀ ਹੈ, ਅਗਲੀਆਂ ਜੂਨੀਆਂ ਉਸੇ `ਤੇ ਆਧਾਰਤ ਹੁੰਦੀਆਂ ਹਨ। ਇਥੇ ਹੀ ਬੱਸ ਨਹੀਂ ਕਈ ਵਾਰ ਤਾਂ ਉਸੇ ਆਧਾਰ `ਤੇ ਲੰਮੀ ਚੌੜੀ ਵਿਆਖਿਆ ਵੀ ਕਰਣ ਲਗ ਜਾਂਦੇ ਹਨ। ਇਸ ਤਰ੍ਹਾਂ ਇੱਕ ਤਰੀਕੇ ਅਜਿਹੇ ਪ੍ਰਚਾਰਕ, ਸੰਚਾਰ ਦੇ ਅਜੋਕੇ ਮੀਡੀਏ ਕਾਰਨ, ਦੂਰ-ਦੁਰੇਡੇ, ਦੇਸ਼-ਵਿਦੇਸ਼ਾਂ `ਚ ਬੈਠੀਆਂ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਦਾ ਅੰਮ੍ਰਿਤ ਪਿਲਾਉਣ ਦੀ ਬਜਾਏ, ਜ਼ਹਿਰ ਪਿਲਾਉਣ ਦਾ ਕਾਰਨ ਬਣੇ ਹੁੰਦੇ ਹਨ।

ਇਸ ਸਾਰੇ ਦੇ ਬਾਵਜੂਦ, ਇਹ ਦਾਅਵਾ ਤਾਂ ਕੀਤਾ ਹੀ ਨਹੀਂ ਜਾ ਸਕਦਾ ਕਿ ਇਸ ਦੇ ਜੋ ਅਰਥ ਅਸੀਂ ਕਰ ਰਹੇ ਹਾਂ, ਇਹੀ ਅੰਤਮ ਤੇ ਆਖਿਰੀ ਹਨ ਅਤੇ ਅਰਥਾਂ `ਚ ਹੋਰ ਖਿਲਾਵਟ ਨਹੀਂ ਆ ਸਕਦੀ। ਉਸ ਦਾ ਮੁੱਖ ਕਾਰਨ ਹੈ ਕਿ ਗੁਰਬਾਣੀ ਦਾ ਅਗਲਾ ਸਿਰਾ ਉਸ ਕਰਤੇ ਨਾਲ ਜੁੜਿਆ ਹੈ ਜੋ ਖੁਦ ਅਸੀਮ ਤੇ ਅਨੰਤ ਹੈ। ਇਸੇ ਕਾਰਨ ਗੁਰਬਾਣੀ ਦੀਆਂ ਗਹਿਰਾਈਆਂ ਦੀ ਵੀ ਕੋਈ ਸੀਮਾ ਨਹੀਂ। ਫ਼ਿਰ ਵੀ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਾਡੇ ਇਥੇ ਕੀਤੇ ਜਾ ਰਹੇ ਅਰਥ ਗੁਰਬਾਣੀ ਸਿਧਾਂਤਾਂ `ਤੇ ਪੂਰੀ ਤਰ੍ਹਾਂ ਆਧਾਰਤ ਹਨ। ਉਪ੍ਰੰਤ ਹੱਥਲੇ ਸ਼ਬਦ ਸਬੰਧੀ ਜੋ ਗੁਰਬਾਣੀ ਦੇ ਸਿਧਾਂਤ ਲਾਗੂ ਹੁੰਦੇ ਹਨ ਉਹ ਕੁੱਝ ਇਸ ਪ੍ਰਕਾਰ ਹਨ:-

੧. “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ” (ਪੰ: ੬੪੬) ਭਾਵ ਛੇ ਗੁਰੂ ਪਾਤਸ਼ਾਹੀਆਂ, ੧੫ ਭਗਤ ਜਨ, ੧੧ ਭੱਟ ਤੇ ਤਿੰਨਾਂ ਸਿੱਖ ਭਾਵ ਗੁਰਬਾਣੀ ਵਿਚਲੇ ਪੈਂਤੀ ਲਿਖਾਰੀਆਂ `ਚੋਂ ਚਾਹੇ ਕੋਈ ਰਚਨਾ ਕਿਸੇ ਲਿਖਾਰੀ ਦੀ ਵੀ ਕਿਉਂ ਨਾ ਹੋਵੇ; ੴ ਤੋਂ “ਤਨੁ ਮਨੁ ਥੀਵੈ ਹਰਿਆ” ਤੀਕ ਸੰਪੂਰਣ ਗੁਰਬਾਣੀ `ਚ ਇਕੋ ਜੀਵਨ ਸੇਧ, ਇਕੋ ਇਲਾਹੀ ਆਤਮਿਕ ਗੁਰੂ ਤੇ ਇਕੋ ਅਕਾਲਪੁਰਖ ਨਾਲ ਮਿਲਾਉਣ ਵਾਲੀ ਸੇਧ ਹੈ। ਇਸ ਲਈ ਇਹ ਸੰਭਵ ਹੀ ਨਹੀਂ ਕਿ ਗੁਰਬਾਣੀ `ਚ ਕਿਧਰੇ ਵੀ ਅਜਿਹੀ ਕੋਈ ਸਵੈ-ਵਿਰੋਧੀ ਰਚਨਾ ਅੰਕਿਤ ਹੋਈ ਹੋਵੇ ਜੋ ਗੁਰਬਾਣੀ ਸਿਧਾਂਤ ਤੋਂ ਬਾਹਿਰ ਜਾਂਦੀ ਹੋਵੇ, ਬੇਸ਼ਕ ਉਹ ਰਚਨਾ ਕਿਸੇ ਭਗਤ ਦੀ ਵੀ ਕਿਉਂ ਨਾ ਹੋਵੇ।

੨. ਜਨਮ-ਮਰਨ ਬਾਰੇ ਗੁਰਮਤਿ ਦਾ ਸਿਧਾਂਤ-ਬਿਲਕੁਲ ਨਿਵੇਕਲਾ ਤੇ ਨਰੋਆ ਹੈ। ਗੁਰਮਤਿ ਅਨੁਸਾਰ ਮਨੁੱਖਾ ਜਨਮ ਦਾ ਸਬੰਧ ਜੀਵਨ ਦੇ ਕੇਵਲ ਦੋ ਪੱਖਾਂ ਤੀਕ ਹੀ ਸੀਮਤ ਹੈ। ਇਹ ਪੱਖ ਹਨ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਇਸੇ ਤਰ੍ਹਾਂ “ਤੇਰੈ ਨਾਇ ਰਤੇ ਸੇ ਜਿਣਿ ਗਏ, ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩)। ਇਹੀ ਨਹੀਂ, ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦੇ ਇਹਨਾ ਪੱਖਾਂ ਨੂੰ ਸਪਸ਼ਟ ਕਰਣ ਲਈ ਗੁਰਬਾਣੀ `ਚ ਇਹਨਾ ਦੋਨਾਂ ਪੱਖਾਂ ਲਈ ਵੱਖੋ ਵੱਖਰੇ ਵੀ ਅਨੇਕਾਂ ਪ੍ਰਮਾਣ ਹਨ ਜਿਵੇਂ “ਆਵਹਿ ਸਚੇ ਜਾਵਹਿ ਸਚੇ, ਫਿਰਿ ਜੂਨੀ ਮੂਲਿ ਨ ਪਾਹਿ॥ ਗੁਰਮੁਖਿ ਦਰਿ ਸਾਚੈ ਸਚਿਆਰ ਹਹਿ, ਸਾਚੇ ਮਾਹਿ ਸਮਾਹਿ” (ਪੰ: ੫੬੫) ਨਹੀਂ ਤਾਂ ਦੂਜੇ ਪਾਸੇ “ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ” (ਪੰ: ੨੨੮)। ਇਸ ਲਈ ਗੁਰਮਤਿ ਅਨੁਸਾਰ ਇਸ ਮਨੁੱਖਾ ਜਨਮ ਦੇ ਕੇਵਲ ਦੋ ਹੀ ਪੱਖ ਹਨ ਸਫ਼ਲ ਤੇ ਅਸਫ਼ਲ ਜੀਵਨ। ਸਫ਼ਲ ਭਾਵ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਣਾ ਤੇ ਮੁੜ ਜਨਮ-ਮਰਨ `ਚ ਨਾ ਆਉਣਾ। ਦੂਜਾ ਹੈ, ਮਨੁੱਖਾ ਜਨਮ ਦੀ ਅਸਫ਼ਲਤਾ ਬਾਅਦ ਮੁੜ ਜੂਨਾਂ ਦੇ ਗੇੜ੍ਹ `ਚ ਪੈਣਾ। ਉਹ ਜੂਨਾਂ ਜੋ ਮਨੁੱਖਾ ਜੂਨੀ ਸਮੇਤ ਪਸ਼ੂ, ਪੰਛੀ, ਕੀੜੇ, ਮਕੌੜੇ, ਫੁਲ-ਬਨਸਪਤੀ, ਪਾਣੀ-ਹਵਾ ਦੇ ਜੀਵ ਆਦਿ ਅਨੰਤ ਜੂਨੀਆਂ ਜੋ ਅਸੀਂ ਆਪਣੇ ਆਸ ਪਾਸ ਨਿੱਤ ਦੇਖ ਰਹੇ ਹਾਂ। ਗੁਰਬਾਣੀ `ਚ ਇਸੇ ਸਫ਼ਲ ਤੇ ਅਸਫ਼ਲ ਜੀਵਨ ਵਾਲੀ ਵੰਡ ਲਈ ਗੁਰਮੁਖ-ਮਨਮੁਖ, ਵਡਭਾਗੀ-ਭਾਗਹੀਨ, ਸਚਿਆਰਾ ਜਾਂ ਬਿਰਥਾ ਜਨਮ ਜਾਂ ਜਨਮ ਗਵਾਇਆ ਆਦਿ ਪਦ ਵੀ ਆਏ ਹਨ।

ਇਸ ਦੇ ਉਲਟ ਮਰਨ ਤੋਂ ਬਾਅਦ ਗੁਰਮਤਿ `ਚ ਲੇਸ਼ ਮਾਤ੍ਰ ਵੀ ਕਿਸੇ ਬ੍ਰਾਹਮਣੀ ਜੂਨਾਂ ਵਾਲੇ ਚੱਕਰ, ਉਸ ਦੇ ਨਰਕ-ਸੁਰਗ, ਭੂਤ-ਪ੍ਰੇਤ, ਰੂਹਾਂ-ਬਦਰੂਹਾਂ, ਇੰਦ੍ਰ ਲੋਕ, ਦੇਵ ਲੋਕ, ਸ਼ਿਵ ਪੁਰੀ, ਬਿਸ਼ਨ ਪੁਰੀ, ਬ੍ਰਹਮ ਪੁਰੀ, ਜਮ ਰਾਜ, ਧਰਮਰਾਜ, ਜਮ ਲੋਕ, ਪਿਤ੍ਰ ਲੋਕ ਆਦਿ ਵਾਲੇ ਵਿਚਾਰਾਂ ਨੂੰ ਪ੍ਰਵਾਣ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਇਸ ਸਬੰਧ `ਚ ਗੁਰੁੜ ਪੁਰਾਨ ਸਮੇਤ ਸੰਸਾਰ ਭਰ ਦੇ ਦੂਜੇ ਕਿਸੇ ਵੀ ਵਿਸ਼ਵਾਸ਼ਾਂ ਨੂੰ ਗੁਰਮਤਿ `ਚ ਕੋਈ ਜਗ੍ਹਾ ਨਹੀਂ।

੩. ਗੁਰਬਾਣੀ ਅਨੁਸਾਰ “ਨਾਨਕ ਏਵ ਨ ਜਾਪਈ, ਕਿਥੈ ਜਾਇ ਸਮਾਹਿ” (ਪੰ: ੬੪੮) ਅਥਵਾ “ਨਾਨਕ ਜਿਨਿ ਕਰਤੈ ਕਾਰਣੁ ਕੀਆ, ਸੋ ਜਾਣੈ ਕਰਤਾਰੁ” (ਪੰ: ੪੬੬) ਅਨੁਸਾਰ ਇਹ ਫ਼ੈਸਲਾ ਤਾਂ ਮਨੁੱਖ ਕਰ ਹੀ ਨਹੀਂ ਸਕਦਾ ਕਿ ਸਰੀਰ ਤਿਆਗਣ ਬਾਅਦ ਪ੍ਰਭੂ ਦੇ ਨਿਆਂ `ਚ ਜੀਵ ਦਾ ਨਿਬੇੜਾ ਕੀ ਹੋਇਆ ਹੈ ਤੇ ਕਿਥੇ ਗਿਆ ਹੈ। ਜੀਵ ਪ੍ਰਭੂ `ਚ ਅਭੇਦ ਹੋਇਆ ਹੈ ਜਾਂ ਮੁੜ ਜੂਨਾਂ ਦੇ ਗੇੜ੍ਹ `ਚ ਪਾ ਦਿੱਤਾ ਗਿਆ ਹੈ। ਕਿਉਂਕਿ ਇਹ ਵਿਸ਼ਾ ਹੀ “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਪ੍ਰਭੂ ਦੇ ਆਪਣੇ ਨਿਆਂ ਦਾ ਹੈ। ਇਸ ਲਈ ਇਹ ਕਿਵੇਂ ਸੰਭਵ ਹੈ ਕਿ ਗੁਰਬਾਣੀ `ਚ ਪ੍ਰਵਾਣਤ ਕਿਸੇ ਵੀ ਭਗਤ ਦੀ ਰਚਨਾ `ਚ ਗੁਰਬਾਣੀ ਸਿਧਾਂਤ ਦੇ ਵਿਰੁਧ ਵਿਚਾਰਧਾਰਾ ਹੋਵੇ ਤੇ ਦਸਿਆ ਹੋਵੇ ਕਿ ਕੋਈ ਜੀਵ ਮਰਨ ਤੋਂ ਬਾਅਦ ਕਦੋਂ ਤੇ ਕਿੱਥੇ ਜਾਂਦਾ ਹੈ। ਅਜਿਹਾ ਹੋਣਾ ਤਿੰਨ ਕਾਲ ਸੰਭਵ ਨਹੀਂ ਇਸ ਲਈ ਲੋੜ ਹੈ ਤਾਂ ਸਾਨੂੰ ਅਜਿਹੇ ਬ੍ਰਾਹਮਣੀ ਆਧਾਰ `ਤੇ ਕੀਤੇ ਜਾ ਰਹੇ ਅਰਥਾਂ ਨੂੰ ਘੋਖਣ ਅਤੇ ਉਹਨਾਂ ਤੋਂ ਸੁਚੇਤ ਹੋਣ ਦੀ।

੪. ਅੰਤ ਸਮੇਂ ਮਨੁੱਖ ਦੀ ਸੋਚ ਕੀ ਹੈ ਅਤੇ ਉਸ ਨਾਲ ਅਗਲੀਆਂ ਜੂਨਾ ਕਿਹੜੀਆਂ ਹੋਣੀਆਂ ਹਨ। ਇਹੋ ਜਿਹੇ ਫ਼ੈਸਲੇ ਨਿਰੋਲ ਬ੍ਰਾਹਮਣੀ ਸੋਚ ਅਤੇ ਬ੍ਰਾਹਮਣੀ ਵਿਚਾਰਧਾਰਾ ਹਨ, ਗੁਰਮਤਿ ਨਾਲ ਇਹਨਾ ਦਾ ਦੂਰ ਦਾ ਵੀ ਵਾਸਤਾ ਨਹੀਂ। ਗੁਰਮਤਿ ਅਨੁਸਾਰ ਤਾਂ ਮਨੁੱਖਾ ਜਨਮ ਪਾਉਣ ਬਾਅਦ ਇੱਕ ਇੱਕ ਸੁਆਸ ਪ੍ਰਭੂ ਮਿਲਾਪ ਲਈ ਜੀਵ ਪਾਸ ਪੂੰਜੀ ਹੈ। ਇਥੇ ਤਾਂ “ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ, ਸੰਤ ਸੰਗਿ ਨਿਤ ਰਹੀਐ” (ਪੰ: ੫੩੩) ਵਾਲੀ ਪ੍ਰੇਰਣਾ ਹੈ। ਇਸੇ ਤਰ੍ਹਾਂ “ਜਾ ਕੋ ਨਾਮੁ ਲੈਤ ਤੂ ਸੁਖੀ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ, ਮਨ ਤਨ ਜੀਅਰੇ ਮੁਖੀ” (ਪੰ: ੬੧੭) ਬਲਕਿ ਅਰਦਾਸ ਹੈ “ਸਾ ਬੁਧਿ ਦੀਜੈ, ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥ ਸਾਸ ਸਾਸ ਤੇਰੇ ਗੁਣ ਗਾਵਾ, ਓਟ ਨਾਨਕ ਗੁਰ ਚਰਣਾ ਜੀਉ” (ਪੰ: ੧੦੦)। ਗੁਰਦੇਵ ਤਾਂ ਪੱਕਾ ਕਰ ਰਹੇ ਹਨ “ਦਮਿ ਦਮਿ ਸਦਾ ਸਮਾਲਦਾ, ਦੰਮੁ ਨ ਬਿਰਥਾ ਜਾਇ” ਅਤੇ ਉਸੇ ਦਾ ਨਤੀਜਾ ਹੋਵੇ ਗਾ “ਜਨਮ ਮਰਨ ਕਾ ਭਉ ਗਇਆ, ਜੀਵਨ ਪਦਵੀ ਪਾਇ” (ਪੰ: ੫੫੬)। ਇਸ ਤਰ੍ਹਾਂ ਗੁਰਬਾਣੀ `ਚ ਇੱਕ ਵੀ ਸ਼ਬਦ ਨਹੀਂ ਮਿਲੇਗਾ ਜਿੱਥੇ ਸਿਧਾਂਤਕ ਤੌਰ ਤੇ ਕਿਹਾ ਹੋਵੇ ਕਿ ਮਨੁੱਖ ਦੇ ਅੰਤ ਸਮੇਂ ਦੀ ਸੋਚ ਨਾਲ ਹੀ ਉਸ ਦੀ ਅਗਲੀ ਜੂਨ ਨਿਰਧਾਰਿਤ ਹੁੰਦੀ ਹੈ। ਅਜਿਹੀ ਵਿਚਾਰਧਾਰਾ ਤੇ ਫ਼ੈਸਲੇ ਕੇਵਲ ਬ੍ਰਾਹਮਣੀ ਅਤੇ ਗਰੁੜ ਪੁਰਾਨ ਆਦਿ ਜਾਂ ਅਨਮਤੀ ਹੀ ਹਨ। ਇਸ ਲਈ ਇਹ ਕਿਵੇਂ ਸੰਭਵ ਹੈ ਕਿ ਕਿਸੇ ਵੀ ਪ੍ਰਵਾਣਿਤ ਬਾਣੀ ਜਾਂ ਗੁਰੂ ਸਾਹਿਬਾਨ ਰਾਹੀਂ ਰਚੇ ਕਿਸੇ ਵੀ ਸ਼ਬਦ ਜਾਂ ਰਚਨਾ `ਚ ਅਜਿਹੀ ਜ਼ਿੰਮੇਵਾਰੀ ਲਈ ਹੋਵੇ।

੫. ਇਸ ਦੇ ਉਲਟ ਗੁਰਬਾਣੀ `ਚ ਅਜਿਹੀ ਵਿਚਾਰ ਤਾਂ ਹੈ ਜਿਵੇਂ “ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥ ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥ ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ (ਪੰ: ੨੭੮) ਪਰ ਉਸ ਦਾ ਸਬੰਧ ਵੀ ਜੀਵਨ ਰਹਿਣੀ ਨਾਲ ਹੈ “ਅੰਤ ਕਾਲ” ਜਾਂ ਸਰੀਰ ਤਿਆਗਣ ਵਾਲੇ ਸਮੇਂ ਨਾਲ ਨਹੀਂ ਅਤੇ ਉਹ ਵੀ ਸਿਧਾਂਤਕ ਤੌਰ `ਤੇ, ਫ਼ੈਸਲਾ ਨਹੀਂ।

“ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” - ਇਸੇ ਗੱਲ ਨੂੰ ਹੋਰ ਸਮਝਣ ਲਈ ਅਸੀਂ ਸੂਹੀ ਰਾਗ ਵਿਚਲੇ ਦੋ ਸ਼ਬਦ ਲੈਣੇ ਚਾਹਾਂਗੇ। ਇੱਕ ਸ਼ਬਦ ਹੈ ਫ਼ਰੀਦ ਸਾਹਿਬ ਦਾ ਤੇ ਦੂਜਾ ਪਹਿਲੀ ਪਾਤਸ਼ਾਹੀ ਦਾ। ਸ਼ਬਦ ਹਨ-” ਸੂਹੀ ਲਲਿਤ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ ੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ ੧॥ ਰਹਾਉ॥ ਇੱਕ ਆਪੀਨੈੑ ਪਤਲੀ ਸਹ ਕੇਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥ ੨॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ ੩॥ ੨॥” (ਪੰ: ੭੯੪) ਅਤੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ:-

“ਸੂਹੀ ਮਹਲਾ ੧॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥ ੧॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧॥ ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥ ੨॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥ ੩॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥ ੪॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥ ੫॥ ੨॥ ੪॥ (ਪੰ: ੭੨੯)

ਦੇਖਣ ਦੀ ਗੱਲ ਹੈ ਕਿ ਇਥੇ ਫ਼ਰੀਦ ਸਾਹਿਬ ਤਾਂ ਉਸ ਮਨੁੱਖ ਨੂੰ, ਜਿਹੜਾ ਜੁਆਨੀ ਬਿਰਥਾ ਗੁਆ ਰਿਹਾ ਹੈ, ਚੇਤਾਵਨੀ ਦਿੰਦੇ ਹਨ, ਐ ਭਾਈ! ਜੀਵਨ ਦਾ ਇਹੀ ਸਮਾਂ ਹੈ ਜੇਕਰ ਤੂੰ ਆਪਣੀ ਸੰਭਾਲ ਕਰ ਲਵੇਂ ਤਾਂ। ਜੁਆਨੀ ਵਾਲਾ ਇਹ ਵੱਕਤ ਫ਼ਿਰ ਹੱਥ ਨਹੀਂ ਆਉਂਦਾ। ਇਸ ਤੋਂ ਅੱਗੇ ਤਾਂ ਤੇਰਾ ਬੁਢਾਪਾ ਹੀ ਆ ਰਿਹਾ ਹੈ। ਜਦੋਂ ਤੇਰੀ ਸੁਨਣ ਸ਼ਕਤੀ, ਦੇਖਣ ਸ਼ਕਤੀ, ਬੋਲੀ `ਚ ਉਖਾੜ, ਗਲਾ ਬਲਗਮ ਦਾ ਭਰਿਆ, ਕਮਰ ਝੁਕੀ ਹੋਈ ਭਾਵ ਸਰੀਰ ਦੇ ਸਾਰੇ ਅੰਗ ਤੇ ਸ਼ਕਤੀਆਂ ਕਮਜ਼ੋਰ ਪੈ ਚੁੱਕੀਆਂ ਹੋਣ ਗੀਆਂ। ਇਥੋਂ ਤੀਕ ਕਿ ਤੇਰੀ ਸੋਚ ਤੇ ਯਾਦ ਸ਼ਕਤੀ ਵੀ ਤੈਨੂੰ ਅੱਜ ਵਾਲਾ ਸਾਥ ਨਹੀਂ ਦੇਣ ਗੀਆਂ। ਵਿਚਾਰ ਇਨੇਂ ਵਧ ਪੱਕੇ ਹੋ ਚੁੱਕੇ ਹੋਣ ਗੇ ਕਿ ਮਨ `ਤੇ ਪ੍ਰਭੂ ਦਾ ਰੰਗ ਚੜ੍ਹਣਾ ਹੀ ਸੌਖਾ ਨਹੀਂ ਰਹਿ ਜਾਵੇਗਾ। ਤਾਂ ਤੇ ਲਾਪਰਵਾਹੀ ਨਾਲ ਇਸ ਤਰ੍ਹਾਂ ਬਿਤਾਇਆ ਜਾ ਚੁੱਕਾ ਕੀਮਤੀ ਜੀਵਨ ਤੈਨੂੰ ਫ਼ਿਰ ਤੋਂ ਜੂਨਾਂ ਦੇ ਗੇੜ੍ਹ `ਚ ਪਾਉਣ ਦਾ ਕਾਰਨ ਬਣ ਜਾਵੇਗਾ। ਇਹ ਗੱਲ ਇਸ ਤਰ੍ਹਾਂ ਹੋਵੇਗੀ ਜਿਵੇਂ “ਮਨਿ ਅੰਧੈ ਜਨਮੁ ਗਵਾਇਆ” (ਪੰ: 464) ਅਤੇ “ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) ਭਾਵ ਇਸ ਅਮੁਲੇ ਮਨੁੱਖਾ ਜਨਮ ਦੀ ਪਹਿਚਾਣ ਕੀਤੇ ਬਿਨਾ ਇਸ ਨੂੰ ਜ਼ਾਇਆ ਕਰਕੇ ਹੀ ਚਲਾ ਜਾਵੇਂਗਾ।

ਸਮਝਣਾ ਹੈ ਕਿ ਸਾਰੀ ਭਗਤ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ। ਇਸ ਲਈ ਗੁਰਦੇਵ ਕੋਲ ਫ਼ਰੀਦ ਸਾਹਿਬ ਦਾ ਇਹ ਸ਼ਬਦ ਵੀ ਮੌਜੂਦ ਸੀ। ਆਪ ਨੇ ਦੇਖਿਆ ਸ਼ਬਦ `ਚ ਦੂਜਾ ਪੱਖ ਨਹੀਂ ਖੁੱਲਿਆ। ਜੇ ਮਨੁੱਖ ਨੇ ਜੁਆਨੀ ਗੁਆ ਹੀ ਲਈ ਤੇ ਬੁਢਾਪੇ `ਚ ਪੁੱਜ ਕੇ ਹੀ ਸੋਝੀ ਆਈ ਤਾਂ ਉਸ ਦੀ ਸੋਚ ਕੀ ਹੋਵੇਗੀ? ਤਾਂ ਗੁਰਦੇਵ ਨੇ ਬਖ਼ਸ਼ਿਸ਼ ਕਰਕੇ ਉਸੇ ਹੀ ਰਾਗ ਤੇ ਉਸੇ ਹੀ ਸ਼ਬਦਾਵਲੀ `ਚ ਇਸੇ ਸ਼ਬਦ ਦਾ ਦੂਜਾ ਪੱਖ ਵੀ ਸਪਸ਼ਟ ਕਰ ਦਿੱਤਾ। ਫ਼ੁਰਮਾਇਆ, ਅਜਿਹੀ ਹਾਲਤ `ਚ ਜਦੋਂ ਜੁਆਨੀ ਦਾ ਸਮਾਂ ਜ਼ਾਇਆ ਕਰ ਹੀ ਦਿੱਤਾ ਹੋਵੇ ਤਾਂ ਵੀ ਮਨੁੱਖ ਨੂੰ ਆਪਣੇ ਬਾਕੀ ਸੁਆਸ ਗੁਆਉਣ ਜਾਂ ਜਨਮ ਦੀ ਸਫ਼ਲਤਾ ਵਲੋਂ ਨਾ-ਉਮੀਦ ਹੋਣ ਦੀ ਲੋੜ ਨਹੀਂ। ਬੇਸ਼ਕ ਸਾਰੇ ਜੀਵਨ ਦੀ ਸੰਭਾਲ ਜ਼ਰੂਰੀ ਹੈ ਫ਼ਿਰ ਵੀ ਜੀਵਨ ਦੇ ਕਿਸੇ ਪੜਾਅ `ਚ ਜਦੋਂ ਵੀ ਸੋਝੀ ਆ ਜਾਵੇ ਤਾਂ ਬਾਕੀ ਸਮੇਂ ਨੂੰ ਸੰਭਾਲਣ ਦੀ ਲੋੜ ਹੈ, ਨਾ-ਉਮੀਦ ਹੋਣ ਦੀ ਨਹੀਂ। ਇਤਿਹਾਸ ਗੁਆਹ ਹੈ, ਤੀਜੇ ਪਾਤਸ਼ਾਹ ਤਾਂ ਗੁਰੂਦਰ `ਤੇ ਪੁੱਜੇ ਹੀ ਬਾਹਠ ਸਾਲ ਦੀ ਉਮਰ `ਚ ਸਨ। ਉਪ੍ਰੰਤ ਬਾਰ੍ਹਾਂ ਸਾਲ ਕਮਾਈ ਕੀਤੀ ਤਾਂ ਉਹ ਵੀ ਬੁਢਾਪੇ `ਚ। ਇਥੇ ਹੀ ਬੱਸ ਨਹੀਂ, ਗੁਰਗੱਦੀ ਵਾਲੀ ਜ਼ਿੰਮੇਵਾਰੀ ਨਿਭਾਈ ਤਾਂ ਉਹ ਵੀ ਚੋਹਤੱਰ ਤੋਂ ਛਿਆਨਵੇਂ ਸਾਲ ਦੀ ਸੰਸਾਰਿਕ ਉਮਰ `ਚ। ਇਹ ਆਪਣੇ ਆਪ `ਚ ਸਬੂਤ ਹੈ ਕਿ ਪਤਾ ਨਹੀਂ, ਜ਼ਿੰਦਗੀ ਦੇ ਕਿਹੜੇ ਪੜਾਅ `ਚ ਕਰਤੇ ਦੀ ਬਖ਼ਸ਼ਿਸ਼ ਹੋ ਜਾਵੇ, ਕੋਈ ਨਹੀਂ ਜਾਣਦਾ। ਇਥੇ ਵੀ ਦੇਖਣ ਦੀ ਗੱਲ ਹੈ ਕਿ ਉਪ੍ਰੋਕਤ ਦੋਨਾਂ ਸ਼ਬਦਾਂ `ਚ ਵੀ ਪੂਰੇ ਜੀਵਨ ਦੀ ਸੰਭਾਲ ਲਈ ਸੇਧ ਹੈ ਨਾ ਕਿ ਅੰਤ ਸਮੇਂ ਦੀ ਗੱਲ ਹੈ।

ਹੁਣ ਤੀਕ ਦੀ ਵਿਚਾਰ ਦਾ ਸਿੱਟਾ- ਇਸ ਤਰ੍ਹਾਂ ਹੁਣ ਤੀਕ ਦੀ ਸਾਰੀ ਵਿਚਾਰ ਦਾ ਸਿੱਟਾ ਹੈ ਕਿ ਮਨੁੱਖਾ ਜੀਵਨ ਕੀਮਤੀ ਤੇ ਵਿਸ਼ੇਸ਼ ਜੀਵਨ ਹੈ। ਇਹ ਇਕੋ-ਇਕ ਜੂਨੀ ਹੈ ਜਦੋਂ ਜੀਊਂਦੇ ਜੀਅ, ਜੀਵ ਆਪਣੇ ਅਸਲੇ ਪ੍ਰਭੂ `ਚ ਇੱਕ-ਮਿਕ ਹੋ ਸਕਦਾ ਹੈ ਤੇ ਉਸ `ਚ ਸਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਇਕੋ ਜੂਨੀ ਹੈ ਜਦੋਂ ਬਾਰ ਬਾਰ ਦੇ ਜੂਨਾਂ ਤੇ ਜਨਮਾਂ ਦੇ ਗੇੜ੍ਹ ਤੋਂ ਸੁਰਖਰੂ ਹੋਇਆ ਜਾ ਸਕਦਾ ਹੈ। ਗੁਰਬਾਣੀ ਕਿਧਰੇ ਗਵਾਹੀ ਨਹੀਂ ਭਰਦੀ ਕਿ ਸਰੀਰ ਤਿਆਗਣ ਬਾਅਦ ਜੀਵ ਦਾ ਕੀ ਨਿਬੇੜਾ ਹੁੰਦਾ ਹੈ ਜੋ ਇਸ ਬਾਰੇ ਮਨੁੱਖ ਨੂੰ ਵੀ ਪਤਾ ਲਗ ਸਕਦਾ ਹੈ ਜਾਂ ਉਸ ਦਾ ਫ਼ੈਸਲਾ ਮਨੁੱਖ ਵੀ ਦੇ ਸਕਦਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਤਾਂ “ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ” ਅਤੇ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਇਹ ਵਿਸ਼ਾ ਹੈ ਹੀ ਅਕਾਲਪੁਰਖ ਦੀ ਸੀਮਾ `ਚ। ਇਹ ਵੀ ਸੰਭਵ ਨਹੀਂ ਭਗਤ ਜਾਂ ਭਗਤਾਂ ਦੇ ਕਿਸੇ ਵੀ ਸ਼ਬਦ ਜਾਂ ਰਚਨਾ `ਚ ਕੋਈ ਅਜਿਹੀ ਰਚਨਾ ਹੋਵੇ ਜੋ “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ” (ਪੰ: ੬੪੬) ਦੇ ਸਿਧਾਂਤ `ਤੇ ਪੂਰੀ ਨਾ ਉਤਰਦੀ ਹੋਵੇ।

ਤਾਂ ਫ਼ਿਰ ਫ਼ਰਕ ਕਿੱਥੇ ਹੈ? - ਇਹ ਫ਼ਰਕ ਹੈ ਸਾਡੇ ਸਮਝਣ `ਚ। ਗੁਰਬਾਣੀ `ਚ ਭਗਤ ਜੀ ਦੇ ਚਾਰ ਸ਼ਬਦ ਆਏ ਹਨ। ੧. ਸਿਰੀਰਾਗੁ `ਚ “ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ, ਜਰਾ ਮਰਣੁ ਭਉ ਵਿਸਰਿ ਗਇਆ. .” (ਪੰ: ੯੨) ਦੂਜਾ ਰਾਗ ਗੂਜਰੀ `ਚ “ਅੰਤਰੁ ਮਲਿ ਨਿਰਮਲੁ ਨਹੀਂ ਕੀਨਾ, ਬਾਹਰਿ ਭੇਖ ਉਦਾਸੀ. .” (ਪੰ: ੫੨੫) ਤੀਜਾ ਵੀ ਰਾਗ ਗੂਜਰੀ `ਚ “ਅੰਤਿ ਕਾਲਿ ਜੋ ਲਛਮੀ ਸਿਮਰੈ…” (ਪੰ: ੫੨੬)। ਅਤੇ ਚੌਥਾ ਰਾਗ ਧਨਾਸਰੀ `ਚ “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ…” (ਪੰ: ੬੯੫)। ਧਿਆਣ ਦੇਣ ਦੀ ਲੋੜ ਹੈ ਕਿ ਭਗਤ ਤ੍ਰਿਲੋਚਨ ਬੰਗਾਲ ਨਿਵਾਸੀ ਅਤੇ ਜਨਮ ਦੇ ਬ੍ਰਾਹਮਣ ਸਨ। ਇਹੀ ਕਾਰਨ ਹੈ ਕਿ ਉਹ ਬ੍ਰਾਹਮਣੀ ਵਿਸ਼ਵਾਸਾਂ ਤੇ ਕਰਮਕਾਂਡਾਂ ਤੋਂ ਭਲੀ ਪ੍ਰਕਾਰ ਜਾਨੂੰ ਸਨ। ਇਸ ਤਰ੍ਹਾਂ ਆਪ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਅਨੁਸਾਰ ਜਦੋਂ ਜੀਵਨ ਦੀ ਸਫ਼ਲ ਅਵਸਥਾ `ਚ ਪੁੱਜੇ ਤਾਂ ਆਪ ਨੇ ਉਹਨਾਂ ਹੀ ਬ੍ਰਾਹਮਣੀ ਵਿਸ਼ਵਾਸਾਂ ਤੇ ਕਰਮਕਾਂਡਾ ਦੀ ਕਲਈ ਖੋਲੀ। ਗੁਰਬਾਣੀ `ਚ ਦਰਜ ਉਹਨਾਂ ਦੇ ਕੁਲ ਚਾਰ ਸ਼ਬਦਾਂ `ਚੋਂ ਤਿੰਨ ਸ਼ਬਦ ਸਿਧੇ ਇਸੇ ਵਿਸ਼ੇ ਨਾਲ ਸਬੰਧਤ ਹਨ। ਇਹ ਤਿੰਨ ਸ਼ਬਦ ਹਨ “ਅੰਤਰੁ ਮਲਿ ਨਿਰਮਲੁ ਨਹੀਂ ਕੀਨਾ ਬਾਹਰਿ ਭੇਖ ਉਦਾਸੀ. .” ਉਪ੍ਰੰਤ ਹੱਥਲਾ ਸ਼ਬਦ “ਅੰਤਿ ਕਾਲਿ ਜੋ ਲਛਮੀ ਸਿਮਰੈ….” ਅਤੇ “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ…”। ਇਸ ਲਈ ਜੇ ਵਿਚਾਰ ਅਧੀਨ ਸ਼ਬਦ ਨੂੰ ਧਿਆਨ ਦੇ ਕੇ ਸਮਝਣ ਦਾ ਜੱਤਨ ਕਰਾਂਗੇ ਤਾਂ ਇਥੇ ਵੀ ਭਗਤ ਜੀ ਇਹ ਗਵਾਹੀ ਨਹੀਂ ਭਰ ਰਹੇ ਕਿ ਅੰਤ ਸਮੇਂ ਕਿਸੇ ਦੇ ਮਨ `ਚ ਲਛਮੀ, ਇਸਤ੍ਰੀ, ਲੜਿਕੇ, ਮੰਦਰ (ਇਮਾਰਤਾਂ, ਜਾਇਦਾਦਾਂ) ਵਾਲੀ ਸੋਚ ਹੋਵੇ ਤਾਂ ਇਹ-ਇਹ ਜੂਨਾਂ ਮਿਲਦੀਆਂ ਹਨ ਜਿਨ੍ਹਾਂ ਦਾ ਵਰਨਣ ਸ਼ਬਦ `ਚ ਕੀਤਾ ਗਿਆ ਹੈ। ਆਪ ਜੀ ਤਾਂ ਇਥੇ ਉਹਨਾਂ ਬ੍ਰਾਹਮਣੀ ਵਿਸ਼ਵਾਸਾਂ ਦਾ ਹਵਾਲਾ ਤੇ ਮਿਸਾਲ ਦੇ ਕੇ ਰਹਾਉ ਦੇ ਬੰਦ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ” ਉਪ੍ਰੰਤ ਸਮਾਪਤੀ `ਤੇ “…ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਵਾਲੇ ਗੁਰਮਤਿ ਸਿਧਾਂਤ ਨੂੰ ਹੀ ਪ੍ਰਕਟ ਕਰ ਰਹੇ ਹਨ।

“ਅੰਤਿ ਕਾਲਿ ਜੋ ਲੜਿਕੇ ਸਿਮਰੈ” - ਸ਼ਬਦ ਦੇ ਉਪਰਲੇ ਚਾਰ ਬੰਦਾ `ਚ ਪ੍ਰਗਟਾਏ ਵਿਸ਼ਵਾਸ, ਨਿਰੋਲ ਬ੍ਰਾਹਮਣੀ ਹਨ, ਇਸ ਦਾ ਇੱਕ ਹੋਰ ਸਬੂਤ ਵੀ ਹੈ। ਅੰਤਿ ਕਾਲਿ ਜੋ ਲੜਿਕੇ ਸਿਮਰੈ” ਨੂੰ ਧਿਆਣ ਦੇ ਕੇ ਪੜ੍ਹਿਆ ਜਾਵੇ। ਇਥੇ ਤਾਂ ਅੰਤ ਸਮੇਂ ਨਾਲ ਸਬੰਧਤ ਗੱਲ ਵੀ ਕੀਤੀ ਹੈ ਤਾਂ ਕੇਵਲ ਲੜਕੇ ਦੀ, ਲੜਕੀ ਦੀ ਨਹੀਂ। ਕਿਉਂਕਿ ਬ੍ਰਾਹਮਣ ਮੱਤ ਅਨੁਸਾਰ ਪ੍ਰਵਾਰ `ਚ ਜੋ ਦਰਜਾ ਲੜਕੇ ਦਾ ਹੈ, ਲੜਕੀ ਜਾਂ ਬੇਟੀ ਦਾ ਨਹੀਂ। ਬੇਟੀ ਤਾਂ ਕੇਵਨ ਦਾਨ ਦੀ ਵਸਤੂ ਹੈ ਉਸ ਦਾ ਤਾਂ ਵਿਆਹ ਵੀ ਨਹੀਂ ਬਲਕਿ ‘ਕਨਿਆਂ ਦਾਨ’ ਹੀ ਹੁੰਦਾ ਹੈ। ਜੰਜੂ ਪਾਉਣ ਦਾ ਹੱਕ ਵੀ ਕੇਵਲ ਲੜਕੇ ਨੂੰ ਹੈ, ਲੜਕੀ ਜਾਂ ਅਖਉਤੀ ਸ਼ੂਦਰ ਨੂੰ ਨਹੀਂ। ਭੇਈਆ ਦੂਜ ਤੇ ਕਰਵਾਚੌਥ ਆਦਿ ਤਿਉਹਾਰਾਂ ਰਾਹੀਂ, ਕਾਮਨਾ ਪੁਰਸ਼ ਵਰਗ ਦੀ ਲੰਮੀ ਉਮਰ ਦੀ ਹੀ ਕੀਤੀ ਜਾਂਦੀ ਹੈ। ਇੱਕ ਵੀ ਤਿਉਹਾਰ ਨਹੀਂ ਜਦੋਂ ਇਸਤ੍ਰੀ ਵਰਗ ਭਾਵ ਭੈਣ, ਬੇਟੀ, ਪਤਨੀ ਆਦਿ ਕਿਸੇ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੋਵੇ। ਵਿਧਵਾ ਢੋਂਗ, ਸਤੀ ਪ੍ਰਥਾ, ਦੇਵ ਦਾਸੀ ਤੇ ਦਹੇਜ ਪ੍ਰਥਾ ਆਦਿ ਕੇਵਲ ਲੜਕੀਆਂ ਲਈ ਹੀ ਹਨ। ਪੁੱਤਰ ਦੀ ਪੈਦਾਇਸ਼ ਲਈ ਨਿਯੋਗ ਵਰਗੇ ਵਿਭਚਾਰ ਭਰਪੂਰ ਪ੍ਰਬੰਧ ਵੀ ਇਥੇ ਹੀ ਹਨ।

ਇਸਤ੍ਰੀ ਪੁਤ੍ਰੀ ਹੋਵੇ, ਪੁਤ੍ਰ ਵਧੁ ਜਾਂ ਮਾਂ ਦੇ ਰੂਪ `ਚ, ਉਸ ਨੂੰ ਹੱਕ ਨਹੀਂ; ਅਰਥੀ ਨੂੰ ਮੋਂਡਾ ਕੇਵਲ ਪੁਰਸ਼ ਵਰਗ ਹੀ ਦੇ ਸਕਦਾ ਹੈ। ਦੀਵਾ-ਵੱਟੀ ਤੇ ਹੋਰ ਨੀਯਤ ਪਿਤ੍ਰੀ ਕਰਮ ਕਰਣ ਦਾ ਹੱਕ ਵੀ ਕੇਵਲ ਪੁਤ੍ਰ ਜਾਂ ਪੌਤ੍ਰ ਨੂੰ ਹੈ ਨੂੰਹ, ਧੀ ਜਾਂ ਪੱਤਨੀ ਨੂੰ ਨਹੀਂ। ਅਬਲਾ ਤੇ ਅਰਧੰਗਣੀ ਆਦਿ ‘ਵਧੀਆ’ ਸ਼ਬਦਾਵਲੀਆਂ ਵੀ ਇਸਤ੍ਰੀ ਵਰਗ ਲਈ ਹੀ ਹਨ। ਭੈਣ-ਭਾਈ ਦੇ ਪਿਆਰ ਦੇ ਲੇਬਲ ਹੇਠ ਰਖੜੀ ਦੇ ਤਿਉਹਾਰ ਰਾਹੀਂ ਹਰ ਸਾਲ ਭੈਣ ਨੂੰ ਹੀ ਸਮਝਾਇਆ ਜਾਂਦਾ ਹੈ ਕਿ ਉਹ ਆਪਣੀ ਰਖਿਆ ਦੇ ਕਾਬਿਲ ਨਹੀਂ। ਸਪਸ਼ਟ ਹੈ ਕਿ ਇਥੇ “ਅੰਤਿ ਕਾਲਿ ਜੋ ਲੜਿਕੇ ਸਿਮਰੈ” ਵਾਲੀ ਸ਼ਬਦਾਵਲੀ ਵੀ ਇਸੇ ਆਧਾਰ `ਤੇ ਹੈ। ਠੀਕ ਇਸੇ ਤਰ੍ਹਾਂ ਜਿਵੇਂ ਕਰਵਾਚੌਥ ਦੇ ਵਰਤ ਸਮੇਂ, ਭਾਵੇਂ ਉਮਰ ਦੇ ਆਖਿਰੀ ਸੁਆਸ ਹੀ ਕਿਉਂ ਨਾ ਗਿਣ ਰਹੀ ਹੋਵੇ, ਪਰ ਉਸ ਸੁਹਾਗਣ ਨੂੰ ਵੀ” … ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀ ਨਾ; ਵਾਹਣ ਪੈਰ ਪਾਈਂ ਨਾ, ਸੁੱਤੇ ਨੂੰ ਜਗਾਈਂ ਨਾ; ਰੁੱਸੇ ਨੂੰ ਮਨਾਈ ਨਾ, ਪਾਟੜਾ ਸੀਵੀਂ ਨਾ… ਕਰਵੜਾ ਵਟਾਇਆ, ਜਵੰਦਾ ਝੋਲੀ ਪਾਇਆ” ਵਾਲੇ ਬਿਆ ਵਟਾਉਣ ਸਮੇਂ ਬ੍ਰਾਹਮਣੀ ਵਲੋਂ ਇਸ ਗੀਤ `ਚ ਵੀ ਪੱਤਨੀ ਨੂੰ ‘ਪਤੀ ਪ੍ਰਮੇਸ਼ਵਰ’ ਦੀ ਪੂਰੀ ਤਰ੍ਹਾਂ, ਦਾਸੀ ਬਨਾਉਣ ਬਾਅਦ “ਜਵੰਦਾ ਭਾਵ ਲੜਕਾ ਝੋਲੀ ਪਾਇਆ” ਦਾ ਵਰ ਤੇ ਅਸੀਸ ਹੀ ਦਿੱਤੀ ਜਾਂਦੀ ਹੈ ਜਵੰਦੀ ਭਾਵ ਲੜਕੀ ਲਈ ਨਹੀਂ। ਇਸੇ ਤਰ੍ਹਾਂ ਹੋਰ ਬਹੁਤ ਕੁਝ। ਇਹ ਆਪਣੇ ਆਪ `ਚ ਸਬੂਤ ਹੈ ਕਿ ਜਦੋਂ ਭਗਤ ਜੀ ਇਸ ਸ਼ਬਦ `ਚ ਵੀ “ਅੰਤਿ ਕਾਲਿ ਜੋ ਲੜਿਕੇ ਸਿਮਰੈ” ਗੱਲ ਕਰਦੇ ਹਨ ਤਾਂ ਕਿਸ ਦੀ ਵਿਚਾਰਧਾਰ ਪੇਸ਼ ਕਰ ਰਹੇ ਹਨ-ਗੁਰਮਤਿ ਦੀ ਜਾਂ ਬ੍ਰਾਹਮਣੀ?

“ਪੀਤੰਬਰੁ ਵਾ ਕੇ ਰਿਦੈ ਬਸੈ” -ਹੁਣ ਦੇਖਣਾ ਇਹੀ ਹੈ ਕਿ ਆਖਿਰ ਭਗਤ ਜੀ ਇਸ ਸ਼ਬਦ ਰਾਹੀਂ ਕਿਸ ਪ੍ਰਕਾਰ ਗੁਰਮਤਿ ਸਿਧਾਂਤ ਨੂੰ ਪ੍ਰਕਟ ਕਰ ਰਹੇ ਹਨ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਪ੍ਰਮਾਣ ਵਜੋਂ ਵਰਤੇ ਸੂਹੀ ਰਾਗ ਵਿਚਲੇ ਫ਼ਰੀਦ ਜੀ ਦੇ ਸ਼ਬਦ `ਚ ਫ਼ਰੀਦ ਜੀ ਚੇਤਾਵਣੀ ਦੇ ਰਹੇ ਹਨ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ” ਕਿ ਐ ਭਾਈ! ਪ੍ਰਭੂ ਨੇ ਜੋ ਤੈਨੂੰ ਮਨੁੱਖਾ ਜਨਮ ਬਖਸ਼ਿਆ ਹੈ, ਜੇ ਇਸ ਦੀ ਸੰਭਾਲ ਨਾ ਕੀਤੀ ਤਾਂ ਚੇਤੇ ਰਖ! ਵੇਲਾ ਵਿਹਾਜਣ ਬਾਅਦ ਕੁੱਝ ਨਹੀਂ ਕਰ ਸਕੇਂਗਾ, ਇਸ ਲਈ ਉਸ ਵੇਲੇ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ। “ਜਰੁ ਆਈ ਜੋਬਨਿ ਹਾਰਿਆ” (ਪੰ: ੪੭੨) ਇਤਿਆਦ ਹਜ਼ਾਰਾਂ ਪ੍ਰਮਾਣ ਹਨ ਜੋ ਸਾਬਤ ਕਰ ਰਹੇ ਹਨ ਕਿ ਅੰਤ ਸਮੇਂ ਤਾਂ ਮਨੁੱਖ ਅੰਦਰ ਉਹੀ ਸੰਸਕਾਰ ਭਾਰੂ ਹੁੰਦੇ ਹਨ ਜਿਹੜੀ ਤਿਆਰੀ ਮਨੁੱਖ ਨੇ ਜੀਵਨ ਭਰ ਕੀਤੀ ਹੁੰਦੀ ਹੈ। ਦੂਜੇ ਪਾਸੇ, ਅੱਜ ਵੀ ਬਹੁਤੇ ਲੋਕਾਂ ਦੇ ਮਨ `ਚ ਇਹੀ ਬ੍ਰਾਹਮਣੀ ਵਿਸ਼ਵਾਸ ਭਾਰੂ ਹੈ ਕਿ ਮਨੁੱਖ ਨੂੰ ਮਰਨ ਤੋਂ ਬਾਅਦ ਉਸੇ ਤਰ੍ਹਾਂ ਦੀ ਜੂਨ ਮਿਲਦੀ ਹੈ ਜਿਸ ਤਰ੍ਹਾਂ ਕਿ ਉਸ ਦੀ ਅੰਤਮ ਸੋਚਣੀ ਹੁੰਦੀ ਹੈ ਪਰ ਗੁਰਮਤਿ ਇਸ ਵਿਸ਼ਵਾਸ ਨਾਲ ਉੱਕਾ ਸਹਿਮਤ ਨਹੀਂ ਤੇ ਨਾ ਹੀ ਭਗਤ ਜੀ ਇਥੇ ਉਸ ਦੀ ਗਵਾਹੀ ਭਰ ਰਹੇ ਹਨ। ਇਸ ਸ਼ਬਦ `ਚ ਭਗਤ ਜੀ ਤਾਂ ਇਥੇ ਲੋਕਾਈ ਦੇ ਮਨਾਂ ਅੰਦਰ ਹਜ਼ਾਰਾਂ ਸਾਲਾਂ ਤੋਂ ਬਿਠਾਏ ਗਏ ਇਹਨਾ ਵਿਸ਼ਵਾਸਾਂ ਨੂੰ ਕੇਵਲ ਆਧਾਰ ਬਨਾ ਕੇ ਸਮਝਾਉਂਦੇ ਹਨ। ਐ ਭਾਈ! ਜਦੋਂ ਤੂੰ ਆਪ ਮੰਣਦਾ ਹੈ ਕਿ ਮਰਨ ਤੋਂ ਬਾਅਦ ਮਨੁੱਖ ਨੂੰ ਉਸੇ ਤਰ੍ਹਾਂ ਦਾ ਜੂਨੀ ਮਿਲਦੀ ਹੈ ਜਿਸ ਤਰ੍ਹਾਂ ਦੀ ਅੰਤ ਸਮੇਂ ਸੋਚਣੀ ਹੁੰਦੀ ਹੈ ਤਾਂ ਚੇਤੇ ਰਖ! ਉਸ ਸਮੇਂ ਸੋਚਣੀ ਵੀ ਉਹੀ ਹੋਵੇਗੀ, ਜਿਸ ਤਰ੍ਹਾਂ ਦੇ ਸੰਸਕਾਰ ਤੂੰ ਜੀਵਨ ਭਰ ਤਿਆਰ ਕੀਤੇ ਹੋਣ ਗੇ। ਤਾਂ ਤੇ ਤੇਰੇ ਵਿਸ਼ਵਾਸ ਮੁਤਾਬਕ ਵੀ ਇਹੀ ਗੱਲ ਬਣਦੀ ਹੈ “ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਭਾਵ ਜੇ ਕਰ ਤੂੰ ਜਨਮ-ਮਰਨ ਦੇ ਗੇੜ੍ਹ ਤੋਂ ਮੁਕਤ ਹੋਣਾ ਚਾਹੁੰਦਾ ਹੈਂ ਤਾਂ ਇਹ ਤਾਂ ਹੀ ਸੰਭਵ ਹੈ, ਜੇਕਰ ਤੂੰ ਜੀਵਨ ਭਰ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥” ਆਪਣੀ ਸੰਭਾਲ ਤੇ ਇਸ ਦੀ ਤਿਆਰੀ ਕਰੇਂ, ਉਂਝ ਨਹੀਂ। #180s09.02s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 180

ਅਰਥ ਨਿਖਾਰ ਅੰਤਿ ਕਾਲਿ ਜੋ……

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.