.

ਇੱਕ ਪ੍ਰੋ: ਜੀ ਦਾ ਵਿਗਿਆਨ!

ਡਾ. ਭਗਵੰਤ ਸਿੰਘ ਸੰਧੂ

ਇੱਕ ਵਿਗਿਆਨੀ ਜੀ ਨੇ ਬੜੀ ਮਿਹਨਤ, ਸਮਝਦਾਰੀ ਅਤੇ ਹੁਸ਼ਿਆਰੀ ਨਾਲ ਵਿਗਿਆਨ ਦੀ ਭਰਪੂਰ ਵਰਤੋਂ ਕਰਦਿਆਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਦੀ ਮਹੱਤਤਾ ਤੇ ਚਾਨਣਾ ਪਾਉਣ ਦਾ ਯਤਨ ਕੀਤਾ ਹੈ। ਕਈ ਥਾਂਵਾਂ ਤੇ ਤਾਂ ਪ੍ਰੋ. ਸਾਹਿਬ ਨੇ ਵਿਗਿਆਨੀਆਂ ਦੇ ਕਾਰਨਾਮਿਆਂ ਦੀ ਗੱਲ ਵੀ ਕੀਤੀ ਹੈ। ਪ੍ਰਸਿੱਧ ਭੌਤਿਕ ਵਿਗਿਆਨੀ ਨਿਊਟਨ ਦੇ ਹਵਾਲੇ ਕਈ ਵਾਰ ਦਿੱਤੇ ਹਨ। ਪਰ ਮੁਆਫ਼ ਕਰਨਾ, ਕੀਤੇ ਅਰਥਾਂ ਦੇ ਅਨਰਥ ਹਨ।

ਆਪਣੇ ਲੇਖ “ਸਮਾਂ” ਵਿੱਚ ਪ੍ਰੋ. ਸਾਹਿਬ ਲਿਖਦੇ ਹਨ, “ਵਿਗਿਆਨੀ ਅਜਿਹੀ ਟਾਇਮ ਮਸ਼ੀਨ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਜਿਸ ਵਿੱਚ ਬੈਠ ਕੇ ਉਹ ਆਪਣੇ ਭੂਤ ਤੇ ਭਵਿੱਖ ਦਾ ਸਫਰ ਤਹਿ ਕਰ ਸਕਣ। ਪਰ ਅਜੇ ਤੱਕ ਉਨ੍ਹਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ ਹੈ।” ਨਾਲ ਇੱਕ ਫੋਟੋ ਵੀ ਛਾਪੀ ਹੈ। ਕੀ ਪ੍ਰੋ. ਸਾਹਿਬ ਕਿਸੇ ਵਿਗਿਆਨੀ ਦਾ ਵੇਰਵਾ ਦੇ ਸਕਦੇ ਹਨ ਜਿਹੜਾ ਅਜਿਹੀ ਕੋਸ਼ਿਸ਼ ਕਰ ਰਿਹਾ ਹੈ? ਪ੍ਰੋ. ਜੀ ਇਹ ਵੀ ਦਸਣ ਕਿ ਇਹ ਫੋਟੋ ਕਿਹੜੇ ਜਰਨਲ (ਵਿਗਿਆਨਕ ਰਸਾਲੇ) `ਚੋਂ ਲਈ ਹੈ? ਸ਼ਾਇਦ ਇਹ ਨਾ ਦੱਸ ਸਕਣ, ਮੈਂ ਦੱਸਦਾ ਹਾਂ। ਇਨ੍ਹਾਂ ਦੀ ਇਹ ਜਾਣਕਾਰੀ ਇੱਕ ਹੌਲੀਵੁੱਡ ਦੀ ਸਾਇੰਸ ਫਿਕਸ਼ਨ ਫਿਲਮ `ਤੇ ਅਧਾਰਤ ਹੈ ਅਤੇ ਫੋਟੋ ਵੀ ਉਸੇ ਫਿਲਮ `ਚੋਂ ਲਈ ਗਈ ਹੈ। ਮੇਰਾ ਖਿਆਲ ਹੈ ਕਿ ਪ੍ਰੋ. ਸਾਹਿਬ ਨੂੰ ਸਾਇੰਸ ਅਤੇ ਸਾਇੰਸ ਫਿਕਸ਼ਨ ਵਿੱਚ ਕੀ ਫਰਕ ਹੈ ਇਹ ਤਾਂ ਪਤਾ ਹੀ ਹੋਵੇਗਾ ਕਿ ਸਾਇੰਸ ਅਸਲੀਅਤ ਜਾਂ ਸੱਚ ਹੈ ਅਤੇ ਸਾਇੰਸ ਫਿਕਸ਼ਨ ਮਹਿਜ ਕਲਪਨਾ। ਮਹਿਜ ਕਲਪਨਾ ਨੂੰ ਵਿਗਿਆਨ ਨਹੀਂ ਕਿਹਾ ਜਾ ਸਕਦਾ।

ਪ੍ਰੋ. ਸਾਹਿਬ ਦੀ ਲਿਖਣ ਸ਼ੈਲੀ ਬੜੀ ਕਮਾਲ ਦੀ ਹੈ! “ਅਜੋਕਾ ਅਤੇ ਭਵਿੱਖਤ ਮਨੁੱਖ ਸ਼ਕਤੀਹੀਣ ਕਿਉਂ?” ਵਿੱਚ ਲਿਖਦੇ ਹਨ, “ਜਿਵੇਂ ਕਿ ਵਿਗਿਆਨੀ ਨਿਊਟਨ ਨੇ ਦੱਸਿਆ ਹੈ ਕਿ ਤੁਹਾਡੇ ਵੱਲੋਂ ਕੀਤੇ ਹਰ ਐਕਸ਼ਨ ਦਾ ਰਿਐਕਸ਼ਨ ਨਿਸ਼ਚਿਤ ਹੈ। ਪਰ ਰਿਐਕਸ਼ਨ ਕਦੋਂ ਹੋਵੇਗਾ ਇਹ ਨਿਸ਼ਚਿਤ ਨਹੀਂ ਹੁੰਦਾ, ਇਹ ਅਗਲੇ ਪਲ ਹੋ ਸਕਦੈ, ਇਸ ਨੂੰ ਕੁੱਝ ਦਿਨ ਵੀ ਲੱਗ ਸਕਦੇ ਹਨ, ਕੁੱਝ ਸਾਲ ਵੀ ਲੱਗ ਸਕਦੇ ਹਨ ਅਤੇ ਅਨੰਤ ਸਾਲ ਵੀ ਲੱਗ ਸਕਦੇ ਹਨ।” ਜਿੱਥੋਂ ਤੱਕ ਨਿਊਟਨ ਦੇ ਗਤੀ ਦੇ ਤੀਜੇ ਨਿਯਮ ਦਾ ਸਵਾਲ ਹੈ, ਤੁਹਾਨੂੰ ਇੱਕ ਦਸਵੀਂ ਪਾਸ ਜੁਆਕ ਵੀ ਦੱਸ ਸਕਦਾ ਹੈ ਕਿ ਹਰ ਐਕਸ਼ਨ ਦਾ ਨਾ ਕੇਵਲ ਰਿਐਕਸ਼ਨ ਹੀ ਨਿਸ਼ਚਿਤ ਹੈ ਬਲਕਿ ਰਿਐਕਸ਼ਨ ਕਦੋਂ ਹੋਵੇਗਾ ਇਹ ਵੀ ਨਿਸ਼ਚਿਤ ਹੁੰਦਾ ਹੈ। ਜਿਹੜੇ ਸ਼ਬਦ ਲਾਲ ਅੱਖਰਾਂ ਵਿੱਚ ਹਨ, ਇਹ ਨਿਊਟਨ ਦੇ ਕਹੇ ਹੋਏ ਨਹੀਂ ਬਲਕਿ ਇਹ ਪ੍ਰੋ. ਤਰਲੋਚਨ ਸਿੰਘ ਮਹਾਜਨ ਦਾ ਵਿਗਿਆਨ ਕਹਿੰਦਾ ਹੈ ਅਤੇ ਇਸਦਾ ਸੱਚ ਮੁੱਚ ਦੇ ਵਿਗਿਆਨ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੈ। ਫੇਰ ਪ੍ਰੋ. ਸਾਹਿਬ ਦੀ ਕਰਮ ਥਿਊਰੀ ਦਾ ਕੀ ਬਣੇਗਾ ਜਿਹੜੀ ਪ੍ਰੋ. ਸਾਹਿਬ ਨੇ ਵਿਗਿਆਨੀ ਨਿਊਟਨ ਦੇ ਐਕਸ਼ਨ – ਰਿਐਕਸ਼ਨ ਦੇ ਸਿਧਾਂਤ ਦੇ ਅਧਾਰ `ਤੇ ਸਿੱਧ ਕੀਤੀ ਹੈ? ਪ੍ਰੋ. ਸਾਹਿਬ, ਨਿਊਟਨ ਦੇ ਵਿਗਿਆਨ ਮੁਤਾਬਿਕ ਤੁਸੀਂ ਅੱਗੇ ਚੱਲਣ ਵਾਸਤੇ ਧਰਤੀ ਨੂੰ ਪਿੱਛੇ ਵੱਲ ਧੱਕਦੇ ਹੋ (ਐਕਸ਼ਨ ਕਰਦੇ ਹੋ) ਅਤੇ ਧਰਤੀ ਉੱਨੇ ਹੀ ਜੋਰ ਨਾਲ ਤੁਹਾਨੂੰ ਅੱਗੇ ਵੱਲ ਧੱਕਦੀ ਹੈ (ਧਰਤੀ ਰਿਐਕਸ਼ਨ ਕਰਦੀ ਹੈ)। ਅਤੇ ਕਰਦੀ ਵੀ ਤੁਰੰਤ ਹੈ। ਅਜਿਹਾ ਨਹੀਂ ਹੁੰਦਾ ਕਿ ਤੁਸੀਂ ਧਰਤੀ ਨੂੰ ਪਿੱਛੇ ਵੱਲ ਅੱਜ ਧੱਕੋ ਅਤੇ ਧਰਤੀ ਤੁਹਾਨੂੰ ਅੱਗੇ ਵੱਲ ਕੱਲ੍ਹ ਨੂੰ ਧੱਕੇ। ਵਿਗਿਆਨ ਮੁਤਾਬਕ ਹਰ ਐਕਸ਼ਨ ਦਾ ਰਿਐਕਸ਼ਨ ਤੁਰੰਤ ਹੁੰਦਾ ਹੈ। ਤੁਹਾਡੀ ਕਰਮ ਥਿਊਰੀ ਮੁਤਾਬਿਕ ਹਰ ਐਕਸ਼ਨ (ਕਰਮ) ਦਾ ਰਿਐਕਸ਼ਨ (ਫਲ) ਨਿਸ਼ਚਿਤ ਹੈ। ਵਿਗਿਆਨ ਨੂੰ ਤੁਹਾਡੀ ਕਰਮ ਥਿਊਰੀ `ਤੇ ਉੱਕਾ ਹੀ ਕੋਈ ਇਤਰਾਜ ਨਹੀਂ ਹੋਵੇਗਾ ਬਸ਼ਰਤੇ ਕਿ ਹਰ ਕਰਮ ਦਾ ਫਲ ਤੁਰੰਤ ਮਿਲਦਾ ਹੋਵੇ। ਫੇਰ ਤੁਹਾਨੂੰ ਇਸ ਜਨਮ ਦਾ ਲੇਖਾ ਜੋਖਾ ਇਸੇ ਜਨਮ ਵਿੱਚ ਕਰਨਾ ਪਵੇਗਾ, ਅਗਲੇ ਜਨਮਾਂ ਵਿੱਚ ਨਹੀਂ, ਪਰੋਫੈਸਰ ਸਾਹਿਬ ਜੀ ਤੁਹਾਡੀ ਕਰਮ ਥਿਊਰੀ ਫੇਲ੍ਹ ਹੋ ਜਾਵੇਗੀ।

ਸਨ 2012 ਵਿੱਚ ਦੁਨੀਆਂ ਦਾ ਅੰਤ ਕਰਨ ਵਾਸਤੇ ਪ੍ਰੋ. ਸਾਹਿਬ ਨੇ ਜਿਹੜੇ ਹਿਸਾਬ ਦੀ ਵਰਤੋਂ ਕੀਤੀ ਹੈ ਉਹ ਕੁੱਝ ਇਸ ਤਰਾਂ ਦਾ ਹੈ ਜਿਵੇਂ ਕੋਈ ਮੈਥੇਮੈਟਿਕਸ ਦਾ ਪ੍ਰੋ. ਇਹ ਕਹੇ, ਕਿਉਂਕਿ ਨੌਂ ਦੂਣੀ ਅਠਾਰਾਂ ਹੁੰਦੇ ਹਨ, ਪੰਦਰਾਂ ਤੇ ਤਿੰਨ ਵੀ ਅਠਾਰਾਂ ਹੁੰਦੇ ਹਨ, ਪੱਚੀਆਂ `ਚੋਂ ਸੱਤ ਕੱਢਿਆਂ ਵੀ ਅਠਾਰਾਂ ਬੱਚਦੇ ਹਨ ਅਤੇ ਛੱਤੀਆਂ ਨੂੰ ਦੋ ਨਾਲ ਵੰਡਣ ਤੇ ਵੀ ਜਵਾਬ ਅਠਾਰਾਂ ਹੀ ਆਉਂਦਾ ਹੈ। ਇਸ ਕਰਕੇ ਇਨ੍ਹਾਂ ਤੱਥਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰੋ. ਤਰਲੋਚਨ ਸਿੰਘ ਨੇ ਮੇਰਾ ਅਠਾਰਾਂ ਲੱਖ ਦੇਣਾ ਹੈ। ਅਠਾਰਾਂ ਵਾਲਾ ਹਿਸਾਬ ਤਾਂ ਬਿਲਕੁਲ ਸਹੀ ਤੇ ਸਪਸ਼ਟ ਹੈ ਅਤੇ ਕਹਿ ਵੀ ਮੈਥੇਮੈਟਿਕਸ ਦਾ ਪ੍ਰੋ. ਰਿਹੈ ਫੇਰ ਭਾਈ ਗੱਲ ਤਾਂ ਠੀਕ ਹੀ ਹੋਣੀ ਐ। ਪਰ ਨਹੀਂ, ਗੱਲ ਠੀਕ ਨਹੀਂ ਹੈ ਕਿਉਂਕਿ ਅਠਾਰਾਂ ਦੇ ਹਿਸਾਬ ਕਿਤਾਬ ਦਾ ਅਤੇ ਤੁਹਾਡੇ ਲੈਣ ਦੇਣ ਦਾ ਆਪਸ ਵਿੱਚ ਕੋਈ ਸਬੰਧ ਹੀ ਨਹੀਂ ਹੈ। ਅਤੇ ਕਿਸੇ ਪੜ੍ਹੇ ਲਿਖੇ ਵਿਅਕਤੀ ਦੇ ਕਹਿਣ ਨਾਲ ਗਲਤ ਗੱਲ ਨੇ ਸਹੀ ਨਹੀਂ ਹੋ ਜਾਣਾ ਹੁੰਦਾ। ਠੀਕ ਇਸੇ ਤਰਾਂ ਪ੍ਰੋ. ਤਰਲੋਚਨ ਸਿੰਘ ਨੇ ਅਪਣੇ ਲੇਖ, “ਕੀ ਧਰਤੀ ਦੀ ਅੰਤਿਮ – ਤਾਰੀਖ (21 ਦਸੰਬਰ 2012) ਹੈ?” ਵਿੱਚ ਕੁੱਝ ਵਿਗਿਆਨਕ ਜਾਣਕਾਰੀ ਦਿੱਤੀ ਹੈ ਜਿਸ ਦਾ ਕੁੱਝ ਹਿੱਸਾ ਸਹੀ ਅਤੇ ਬਾਕੀ ਬੇਬੁਨਿਆਦ ਹੈ। ਇਸ ‘ਸਹੀ ਗਲਤ’ ਜਾਣਕਾਰੀ ਦਾ ਪਾਏ ਗਏ ਸਵਾਲ ਦੇ 2012 ਨਾਲ ਉੱਨਾ ਕੁ ਹੀ ਸਬੰਧ ਹੈ ਜਿੰਨਾ ਕੁ ‘ਅਠਾਰਾਂ’ ਦੇ ਹਿਸਾਬ ਕਿਤਾਬ ਦਾ ‘ਲੈਣ ਦੇਣ’ ਨਾਲ ਹੈ।

ਮਹਾਜਨ ਜੀ ਖੁਦ ਮੰਨਦੇ ਹਨ ਕਿ ਧਰਤੀ ਦੇ ਖਤਮ ਹੋਣ ਦੀਆਂ ਭਵਿੱਖ ਬਾਣੀਆਂ ਪਹਿਲਾਂ ਵੀ ਬੜੀ ਵਾਰ ਹੋ ਚੁੱਕੀਆਂ ਹਨ, ਜੋ ਕਿ ਗਲਤ ਸਾਬਤ ਹੋਈਆਂ। 31 ਦਸੰਬਰ 1999 ਨੂੰ ਕੰਪਿਊਟਰਾਂ ਦੇ ਫੇਲ੍ਹ ਹੋ ਜਾਣ ਕਾਰਨ ਦੁਨੀਆਂ ਦੇ ਖਤਮ ਹੋ ਜਾਣ ਦੀ ਗੱਲ ਵੀ ਕੀਤੀ ਹੈ ਅਤੇ 21 ਦਸੰਬਰ 2012 ਨੂੰ ਪਰਲੋ ਆਉਣ ਦੀ ਗੱਲ ਵੀ ਕੀਤੀ ਹੈ। ਪ੍ਰੋ. ਸਾਹਿਬ ਨੇ ਇਹ ਤਾਂ ਦੱਸਿਆ ਹੈ ਕਿ 21 ਦਸੰਬਰ 2012 ਨੂੰ ਦਿਨ ਸ਼ੁੱਕਰਵਾਰ ਹੈ ਪਰ ਇਹ ਦੱਸਣਾ ਭੁੱਲ ਗਏ ਕਿ 31 ਦਸੰਬਰ 1999 ਨੂੰ ਵੀ ਦਿਨ ਸ਼ੁੱਕਰਵਾਰ ਹੀ ਸੀ। 31 ਦਸੰਬਰ 1999 ਨੂੰ ਨਾ ਤਾਂ ਕੰਪਿਊਟਰਾਂ ਨੇ ਫੇਲ੍ਹ ਹੋਣਾ ਸੀ ਅਤੇ ਨਾ ਹੀ ਦੁਨੀਆਂ ਦੇ ਤਬਾਹ ਹੋਣ ਦਾ ਮਸਲਾ ਸੀ। ਗੱਲ ਸਿਰਫ ਏਨੀ ਸੀ ਕਿ ਕੰਪਿਊਟਰਾਂ ਨੂੰ ਦਿੱਤਾ ਗਿਆ ਕਲੰਡਰ (ਜੋ ਕਿ ਕੰਪਿਊਟਰਾਂ ਨੂੰ ਮਨੁੱਖ ਦੁਆਰਾ ਦਿੱਤਾ ਗਿਆ ਸੀ) 31 ਦਸੰਬਰ ਨੂੰ ਮੁੱਕ ਜਾਣਾ ਸੀ (ਸਿਰਫ ਕਲੰਡਰ, ਸਮਾਂ ਨਹੀਂ) ਅਤੇ ਇਹਦੇ ਨਾਲ ਦੁਨੀਆਂ ਦੇ ਖਾਤਮੇ ਦਾ ਕੀ ਸਬੰਧ ਹੋਇਆ? ਇਸੇ ਤਰਾਂ ਜੇ (ਪ੍ਰੋ. ਸਾਹਿਬ ਦੇ ਦੱਸੇ ਮੁਤਾਬਿਕ) ਕਿਸੇ ਅਲੋਪ ਹੋ ਚੁੱਕੀ ਸੱਭਿਅਤਾ ਦਾ ਕਲੰਡਰ ਅਜੋਕੇ ਕਲੰਡਰ ਦੀ 21 ਦਸੰਬਰ 2012 ਨੂੰ ਖਤਮ ਹੋ ਰਿਹਾ ਹੈ ਤਾਂ ਇਸ ਦਾ ਧਰਤੀ ਦੇ ਅੰਤ ਨਾਲ ਕੀ ਸਬੰਧ ਹੋਇਆ? ਪ੍ਰੋ. ਸਾਹਿਬ ਇਹ ਵੀ ਲਿਖਦੇ ਹਨ, “ਇਹ ਕਲੰਡਰ ਅੱਜ ਤੋਂ ਤਕਰੀਬਨ 5125 ਸਾਲ ਪਹਿਲਾਂ ਸ਼ੁਰੂ ਹੋਇਆ। ਇਸ ਕਲੰਡਰ ਦੀ ਪਹਿਲੀ ਤਰੀਕ ਸੀ 11 ਅਗਸਤ 3114 ਬੀ. ਸੀ. । ਇਸ ਦੀ ਅਖੀਰਲੀ ਤਾਰੀਖ ਹੋਵੇਗੀ 21 ਦਸੰਬਰ 2012. । ਅਜੀਬ ਸਵਾਲ ਇਹ ਹੈ ਕੇ ਮਾਇਨ ਸੱਭਿਅਤਾ ਨੇ ਇਸ ਕਲੰਡਰ ਦੀ ਸਮਾਪਤੀ 21 ਦਸੰਬਰ 2012 ਨੂੰ ਕਿਉਂ ਕੀਤੀ। ਕੀ ਉਹ ਮੰਨਦੇ ਸਨ ਕਿ ਧਰਤੀ ਤੇ ਜੀਵਨ 21 ਦਸੰਬਰ 2012 ਤੱਕ ਰਹੇਗਾ।” ਬਈ ਕਮਾਲ ਹੈ ਲਿਖਣ ਸ਼ੈਲੀ ਵਿਦਵਾਨ ਮਹਾਜਨ ਜੀ ਦੀ। ਜਦੋਂ ਸਾਲਾਂ ਦੀ ਗੱਲ ਕਰਦੇ ਹਨ ਤਾਂ ਲਿਖਦੇ ਹਨ ਤਕਰੀਬਨ 5125 ਸਾਲ, ਮਤਲਬ ਦੋ – ਚਾਰ ਸਾਲ ਵੱਧ ਘੱਟ ਹੋ ਸਕਦੇ ਹਨ। ਅਤੇ ਜਦੋਂ ਤਰੀਕਾਂ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਪੱਕਾ ਪਤਾ ਹੈ ਕਿ ਉਸ ਦਿਨ ਤਰੀਕ 11 ਅਗਸਤ ਸੀ ਅਤੇ ਕਲੰਡਰ ਦੀ ਸਮਾਪਤੀ ਦੀ ਤਰੀਕ 21 ਦਸੰਬਰ 2012. । ਪਰ ਇਸੇ ਲੇਖ ਵਿੱਚ ਕਈ ਥਾਈਂ ਇਹਨਾਂ ਨੇ 23 ਦਸੰਬਰ ਕਲੰਡਰ ਦੀ ਆਖਰੀ ਤਾਰੀਖ ਲਿਖੀ ਹੈ। ਫੇਰ 23 ਅਤੇ 21 ਵਿੱਚੋਂ 21 ਕਿਉਂ ਪ੍ਰਵਾਨ ਚੜ੍ਹੀ? ਇਸ ਕਰਕੇ ਕਿ 21 ਦਸੰਬਰ ਨੂੰ ਸ਼ੁੱਕਰਵਾਰ ਹੈ ਤੇ 23 ਨੂੰ ਐਤਵਾਰ? ਸ਼ਾਇਦ ਇਹਨਾਂ ਨੇ ਐਤਵਾਰ ਦੀ ਰੱਬ ਜੀ ਨੂੰ ਛੁੱਟੀ ਦੇ ਦਿੱਤੀ ਹੋਵੇ। ਮਹਾਜਨ ਜੀ ਨੇ ਬੜੀ ਸਮਝਦਾਰੀ ਨਾਲ ਸਵਾਲ ਉਠਾਇਆ ਹੈ ਕਿ ਕੀ ਮਾਇਨ ਸੱਭਿਅਤਾ ਵਾਲੇ ਮੰਨਦੇ ਸਨ ਕਿ ਧਰਤੀ ਤੇ ਜੀਵਨ 21 ਦਸੰਬਰ 2012 ਤੱਕ ਰਹੇਗਾ? ਪਰ ਜੇ ਇਹਨਾਂ ਦੀ ਸੋਚ ਜਰਾ ਜਿੰਨੀ ਵੀ ਵਿਗਿਆਨਕ ਹੁੰਦੀ ਤਾਂ ਇਹ ਨਾਲ ਹੀ ਇਹ ਸਵਾਲ ਵੀ ਖੜ੍ਹਾ ਕਰਦੇ ਕਿ ਕੀ ਧਰਤੀ ਤੇ ਜੀਵਨ ਦੀ ਸ਼ੁਰੂਆਤ 11 ਅਗਸਤ 3114 ਬੀ. ਸੀ ਨੂੰ ਹੋਈ ਸੀ? ਜੇ ਮਾਇਨ ਕਲੰਡਰ ਸਾਡੇ ਅੰਤ ਨਾਲ ਏਨਾ ਗੂੜ੍ਹਾ ਸਬੰਧ ਰੱਖਦਾ ਹੈ ਤਾਂ ਸਾਡੇ ਆਦਿ ਦੀ ਵੀ ਗੱਲ ਕਰਨੀ ਬਣਦੀ ਹੈ।

ਇਹ ਸ਼ਾਇਦ ਫਿਜ਼ਿਕਸ ਦੇ ਕਾਮਯਾਬ ਪ੍ਰੋਫੈਸਰ (ਲੈਕਚਰਾਰ) ਹੋਣਗੇ, ਵਿਗਿਆਨ ਦਾ ਕੁੱਝ ਗਿਆਨ ਵੀ ਹੋਵੇਗਾ ਪਰ ਇਹੋ ਜਿਹੀਆਂ ‘ਉੱਘ ਦੀਆਂ ਪਤਾਲ’ ਮਾਰਨਾ ਵਿਗਿਆਨ ਪੜ੍ਹਿਆਂ ਨੂੰ ਸੋਭਾ ਨਹੀਂ ਦਿੰਦੀਆਂ। ਇਸੇ ਤਰੀਕੇ ਨਾਲ ਮਹਾਜਨ ਜੀ ਨੇ ਅੱਗੇ ਚੱਲ ਕੇ 2012 `ਚ ਪਰਲੋ ਆਉਣ ਦੇ ਕਾਰਨਾਂ ਦੀ ਵਿਆਖਿਆ ਵੀ ਕੀਤੀ ਹੈ ਅਤੇ ਸੂਰਜੀ ਧੱਬਿਆਂ ਦੀ ਗੱਲ ਵੀ ਕੀਤੀ ਹੈ। ਆਪ ਜੀ ਆਪਣੀ ਮਰੀ ਗੱਲ ਵਿੱਚ ਜਾਨ ਫੂਕਣ ਲਈ ਅਮਰੀਕਾ ਦੀ ਸਪੇਸ ਏਜੰਸੀ ‘ਨਾਸਾ’ ਦਾ ਹਵਾਲਾ ਦਿੰਦੇ ਹਨ। ਲਿਖਦੇ ਹਨ, “ਨਾਸਾ ਸਪੇਸ ਏਜੰਸੀ ਅਨੁਸਾਰ ਸੂਰਜ ਅਜੇ ਸ਼ਾਂਤ ਹੈ ਅਤੇ ਇਹ ਸ਼ਾਂਤੀ ਅਜਿਹੀ ਹੈ ਜਿਹੜੀ ਤੂਫਾਨ ਆਉਣ ਤੋਂ ਪਹਿਲਾਂ ਹੁੰਦੀ ।” ਹੁਣ ਗੱਲ ਅਰਥਾਂ ਦੇ ਅਨਰਥਾਂ ਦੀ ਨਹੀਂ ਰਹਿ ਗਈ ਬਲਕਿ ਇਉਂ ਲਗਦਾ ਹੈ ਕਿ ਪ੍ਰੋ. ਸਾਹਿਬ ਵਿਗਿਆਨ ਦਾ ਘਾਣ ਕਰਨ ਤੇ ਉਤਾਰੂ ਹੋ ਗਏ ਹਨ। ‘ਨਾਸਾ’ ਦਾ ਬਿਆਨ ਤਾਂ ਇਹਦੇ ਵਿੱਚ ਸਿਰਫ ਇੰਨਾ ਹੈ, ‘ਸੂਰਜ ਸ਼ਾਂਤ ਹੈ’ ਬਾਕੀ ਸ਼ਬਦ (ਲਾਲ ਅੱਖਰਾਂ `ਚ) ਮਹਾਜਨ ਜੀ ਵੱਲੋਂ ਕੀਤੀ ਗਈ ਮਿਲਾਵਟ ਹਨ। ਇਸਦੀ ਤੁਲਨਾ ਕੁੱਝ ਇਵੇਂ ਕਰ ਸਕਦੇ ਹਾਂ ਕਿ ਗੁਰਚਰਨ ਸਿੰਘ ਜੀ ਲਿਖਣ ਕਿ ਦਾਦੀ ਜੀ ਠੀਕ ਹਨ, ਅਤੇ ਪ੍ਰੋ. ਸਾਹਿਬ ਅਗਾਂਹ ਲਿਖਣ ਕਿ ਗੁਰਚਰਨ ਸਿੰਘ ਕਹਿੰਦਾ ਹੈ ਕਿ ਦਾਦੀ ਜੀ ਅਜੇ ਠੀਕ ਹਨ ਪਰ ਪਤਾ ਨਹੀਂ ਕਦੋਂ ਚੜ੍ਹਾਈ ਕਰ ਜਾਣ। ਅਤੇ ਸਾਰਾ ਓੜਮਾ ਕੋੜਮਾ ਗੁਰਚਰਨ ਸਿੰਘ ਕੋਲ ਇਕੱਠਾ ਹੋਇਆ ਬੈਠਾ ਹੋਵੇ ਦਾਦੀ ਜੀ ਦੇ ਮਰਨ ਦੀ ਉਡੀਕ ਵਿੱਚ। ਅੱਗੇ ਚੱਲਕੇ ਆਪ ਜੀ ਫਰਮਾਉਂਦੇ ਹਨ ਕਿ 2012 ਵਿੱਚ ਸੂਰਜੀ ਧੱਬੇ ਆਪਣੀ ਚਰਮ ਸੀਮਾ ਤੇ ਹੋਣਗੇ, ਅਤੇ ਅਜਿਹਾ ਹਰ 11 ਸਾਲਾਂ ਬਾਅਦ ਹੁੰਦਾ ਹੈ। ਫੇਰ ਧਰਤੀ ਹਰ ਗਿਆਰਾਂ ਸਾਲਾਂ ਬਾਅਦ ਕਿਉਂ ਨਹੀਂ ਤਬਾਹ ਹੋ ਜਾਂਦੀ? ਸੋ ਸੂਰਜੀ ਧੱਬਿਆਂ ਦੇ ਵਧਣ ਨਾਲ ਜੇ ਧਰਤੀ ਨੇ ਖਤਮ ਹੋਣਾ ਹੁੰਦਾ ਤਾਂ ਧਰਤੀ ਉੱਤੇ ਜੀਵਨ ਸ਼ੁਰੂ ਹੀ ਨਹੀਂ ਸੀ ਹੋ ਸਕਣਾ। ਮੇਰਾ ਖਿਆਲ ਹੈ ਪ੍ਰੋ. ਸਾਹਿਬ ਨੂੰ ਜੇ ਸੰਤ ਜੀ ਕਹਿ ਕੇ ਮੁਖਾਤਿਬ ਹੋਇਆ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਇਹਨਾ ਦੇ ਗੁਣ ਅਜੋਕੇ ਸਾਧਾਂ - ਸੰਤਾਂ ਨਾਲ ਬਹੁਤ ਮੇਲ ਖਾਂਦੇ ਹਨ, ਜਿਹੜੇ ਲੋਕਾਂ ਨੂੰ ਪੜ੍ਹਾਉਂਦੇ ਜਾਂ ਸਮਝਾਉਂਦੇ ਨਹੀਂ ਸਿਰਫ ਡਰਾਉਂਦੇ ਹਨ।

ਅੱਗੇ ਸੰਤ ਜੀ ਲਿਖਦੇ ਹਨ ਕਿ 2012 ਵਿੱਚ ਸੂਰਜ ਅਕਾਸ਼ ਗੰਗਾ ਦੀ ਕੇਂਦਰ ਲਾਇਨ (ਵਿੱਚੋਂ ਦੀ ਲੰਘੇਗਾ) ਤੇ ਹੋਵੇਗਾ, ਜਿਹਾ ਕਿ ਹਰ 26000 ਸਾਲਾਂ ਬਾਅਦ ਵਾਪਰਦਾ ਹੈ, ਇਸ ਕਰਕੇ ਧਰਤੀ ਖਤਮ ਹੋ ਜਾਵੇਗੀ। ਸੰਤ ਜੀ, ਬੇਨਤੀ ਇਉਂ ਹੈ ਕਿ ਜਦੋਂ ਦਾ ਸੂਰਜ ਦਾ ਜਨਮ ਹੋਇਆ ਹੈ ਓਦੋਂ ਤੋਂ ਹੀ ਇਹ ਇਸੇ ਸਫਰ ਦਾ ਰਾਹੀ ਹੈ ਅਤੇ ਬਾਕੀ ਤਾਰਿਆਂ ਵਾਂਗ ਹੀ ਇਹ ਵੀ ਅਕਾਸ਼ ਗੰਗਾ ਦੇ ਗੁਰੁਤਾ ਕੇਂਦਰ ਦੁਆਲੇ ਆਪਣੇ ਨਿਸ਼ਚਿਤ ਰਾਹ `ਤੇ ਨਿਰੰਤਰ ਚੱਲਦਾ ਰਹਿੰਦਾ ਹੈ। ਫੇਰ ਇਹਦੀ ਗਤੀ ਕਾਰਨ ਧਰਤੀ ਦੇ ਅੰਤ ਦਾ ਸਵਾਲ ਕਿੱਥੋਂ ਪੈਦਾ ਹੋ ਗਿਆ? ਫੇਰ ਆਪ ਜੀ ਧਰਤੀ ਦੇ ਚੁੰਬਕੀ ਖੇਤਰ ਦੀ ਗੱਲ ਕਰਦੇ ਹਨ, “ਜੇ ਧਰਤੀ ਦੀ ਚੁੰਬਕੀ ਖੇਤਰ 2012 ਵਿੱਚ ਉਲਟਦਾ ਹੈ ਤਾਂ ਹੁਣ ਦਾ ਉਤਰੀ ਧੁਰਾ ਦਖਣੀ ਧੁਰੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਦਖਣੀ ਧੁਰਾ ਉਤਰ ਵਿਚ। ਵਿਗਿਆਨਕ ਨਜਰੀਏ ਨਾਲ ਇਹ ਤਾਂ ਹੀ ਸੰਭਵ ਹੈ ਜੇ ਧਰਤੀ ਜਿਵੇਂ ਹੁਣ ਸਪਿਨ ਕਰ ਰਹੀ ਹੈ (ਆਪਣੇ ਧੁਰੇ ਦੁਆਲੇ ਘੁੰਮ ਰਹੀ ਹੈ) ਉਸ ਤੋਂ ਉਲਟਾ ਸਪਿਨ ਕਰਨ ਲੱਗੇ”। ਪਹਿਲੀ ਗੱਲ ਤਾਂ ਇਹ ਹੈ ਕਿ ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ‘ਧੁਰਾ’ ਅਤੇ ‘ਧਰੁਵ’ ਵਿੱਚ ਫਰਕ ਹੈ। ਧਰਤੀ ਦੀ ਚੁੰਬਕ ਦਾ ਧੁਰਾ ਇੱਕ ਹੀ ਹੈ ਜਿਸ ਦੇ ਦੋ ਧਰੁਵ ਹਨ, ਉੱਤਰੀ ਤੇ ਦੱਖਣੀ। ਦੂਸਰੀ ਗੱਲ ਇਹ ਹੈ ਕਿ ਵਿਗਿਆਨ ਇਹ ਬਿਲਕੁਲ ਨਹੀਂ ਕਹਿੰਦਾ ਕਿ ਧਰਤੀ ਦੇ ਚੁੰਬਕੀ ਧਰੁਵਾਂ ਦੇ ਉਲਟਣ ਵਾਸਤੇ ਧਰਤੀ ਨੂੰ ਆਪਣੇ ਘੁੰਮਣ ਦੀ ਦਿਸ਼ਾ ਉਲਟਾਉਣੀ ਪਵੇਗੀ। ਇਹ ਸੰਤ ਜੀ ਦਾ ਵਿਗਿਆਨ ਹੈ! ਫੇਰ ਇਹ ਡਰਾਉਂਦੇ ਹਨ ਕਿ ਜਦੋਂ ਧਰੁਵ ਪਰਵਰਤਨ ਹੋਵੇਗਾ ਉਦੋਂ ਇੱਕ ਪਲ ਵਾਸਤੇ ਚੁੰਬਕੀ ਖੇਤਰ ਅਲੋਪ ਹੋ ਜਾਵੇਗਾ। ਲਗਦਾ ਹੈ ਮਹਾਜਨ ਜੀ ਨੂੰ ਵਿਗਿਆਨ ਨਾਲੋਂ ਕੋਈ ਅਲਰਜੀ ਹੈ। ਮਹਾਜਨ ਜੀ ਜੇ ਬੁਰਾ ਨਾ ਮੰਨੋਂ ਤਾਂ ਇੱਕ ਸਲਾਹ ਦੇ ਦਿਆਂ? ਕਦੀ ਕਦੀ ਵਿਗਿਆਨ ਨੂੰ ਥੋਹੜਾ ਬਹੁਤ ਪੜ੍ਹ ਵੀ ਲਿਆ ਕਰੋ, ਇਹ ਬੜੀ ਕੰਮ ਦੀ ਚੀਜ ਹੈ ਤੇ ਨੁਕਸਾਨ ਵੀ ਕੋਈ ਨਹੀਂ ਕਰਦੀ। ਅਰਜ਼ ਇਹ ਹੈ ਕਿ ਧਰੁਵ ਪਰਵਰਤਨ ਹੋਵੇਗਾ ਜ਼ਰੂਰ, ਇਹ ਵੀ ਸਹੀ ਹੈ ਕਿ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਹੋਵੇਗਾ ਕਦੋਂ। ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਧਰਤੀ ਨੂੰ ਕਿਸੇ ਤਰਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਅਜਿਹਾ ਧਰੁਵ ਪਰਵਰਤਨ ਅੱਗੇ ਵੀ ਅਨੇਕ ਵਾਰ ਹੋ ਚੁੱਕਿਆ ਹੈ।

ਮੇਰਾ ਖਿਆਲ ਹੈ ਕਿ ਪਾਠਕਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਸ੍ਰ. ਤਰਲੋਚਨ ਸਿੰਘ ਜੀ ਮਹਾਜਨ ਦੁਆਰਾ ਲਿਖਿਆ ਲੇਖ ਕਿ ਧਰਤੀ 2012 ਵਿੱਚ ਖਤਮ ਹੋ ਜਾਵੇਗੀ, ਬਿਲਕੁਲ ਅਣਵਿਗਿਆਨਕ ਅਤੇ ਬੇਬੁਨਿਆਦ ਹੈ। ਜੇਕਰ ਇਹ ਲੇਖ ਵਿਗਿਆਨ ਦੇ ਅਧਿਆਪਕ ਦੀ ਥਾਂ ਕਿਸੇ ਸਾਧ ਸੰਤ ਦਾ ਲਿਖਿਆ ਹੁੰਦਾ ਤਾਂ ਮੈਨੂੰ ਉੱਕਾ ਹੀ ਕੋਈ ਦੁੱਖ ਨਹੀਂ ਸੀ ਹੋਣਾ ਅਤੇ ਨਾ ਹੀ ਮੈਂ ਇਸ ਦਾ ਜਵਾਬ ਦੇਣਾ ਸੀ। ਇੱਕ ਵਿਗਿਆਨ ਪੜ੍ਹੇ ਵਿਅਕਤੀ ਦੀ ਕਲਮ ਅਜਿਹੇ ਅਣਵਿਗਿਆਨਕ ਲੇਖ ਲਿਖੇ, ਮੁਆਫ਼ ਕਰਨਾ ਅਜਿਹੀ ਕਲਮ ਨੂੰ ਤਾਂ ਟੁੱਟ ਫੁੱਟ ਜਾਣਾ ਚਾਹੀਦਾ ਹੈ। ਪਾਠਕਾਂ ਦੀ ਦਰਿਸ਼ਟੀ ਗੋਚਰ ਇੱਕ ਗੱਲ ਹੋਰ ਕਰਨੀ ਚਾਹੁੰਦਾ ਹਾਂ ਕਿ ਸ੍ਰ. ਤਰਲੋਚਨ ਸਿੰਘ ਮਹਾਜਨ ਖੁਦ ਹੀ ਆਪਣੇ ਨਾਂ ਨਾਲ ਅਢੁਕਵੇਂ ਵਿਸ਼ੇਸ਼ਣ ਲਾ ਕੇ ਖੁਦ ਨੂੰ ਨਿਵਾਜਣ ਦੀ ਬੇਲੋੜੀ ਕੋਸ਼ਿਸ਼ ਕਰਦੇ ਹਨ, ਜਿਵੇਂ (ਪ੍ਰੋ: ) ਤਰਲੋਚਨ ਸਿੰਘ ਮਹਾਜਨ, ਪ੍ਰੋ: ਤਰਲੋਚਨ ਸਿੰਘ (ਗੁਰਬਾਣੀ ਅਤੇ ਵਿਗਿਆਨ ਵਾਲੇ) ਅਤੇ ਤਰਲੋਚਨ ਸਿੰਘ ਮਹਾਜਨ (ਫਿਜਿਕਸ) ਵਗੈਰਾ। ਸ਼ਾਇਦ ਇਸ ਕਰਕੇ ਕਿ ਉਹ ਜਾਣਦੇ ਹਨ ਕਿ ਉਹਨਾਂ ਵਿੱਚ ਅਜਿਹਾ ਕੋਈ ਗੁਣ, ਜਾਂ ਕੁੱਝ ਚੰਗਾ ਕਰਨ ਦੀ ਸਮਰੱਥਾ ਨਹੀਂ ਕਿ ਲੋਕ ਉਹਨਾਂ ਨੂੰ ਅਜਿਹੇ ਵਿਸ਼ੇਸ਼ਣਾ ਨਾਲ ਨਿਵਾਜਣ। ਜਦੋਂ ਮੇਰੇ ਸਾਂਢੂ ਸ੍ਰ. ਗੁਰਚਰਨ ਸਿੰਘ ਨੇ ਸ੍ਰ. ਤਰਲੋਚਨ ਸਿੰਘ ਜੀ ਦੇ ਪ੍ਰੋ. ਨਾ ਹੋਣ ਬਾਰੇ ਲਿਖਿਆ ਤਾਂ ਇਹਨਾ ਨੇ ਗੁੱਸੇ ਹੁੰਦਿਆਂ ਕੁੱਝ ਇਉਂ ਗਿੱਦੜ ਭਬਕੀ ਮਾਰੀ, “ਗੁਰਚਰਨ ਸਿੰਘ ਨੂੰ ਪਹਿਲਾਂ ਵੀ ਦਸਿਆ ਸੀ ਕਿ ਹੁਣ ਸੰਨ 47 ਵਾਲਾ ਜ਼ਮਾਨਾ ਨਹੀਂ ਰਿਹਾ ਜਦੋਂ ਕਿ ਕਾਲਜਾਂ ਵਿੱਚ ਪ੍ਰੋਫੈਸਰ ਨਹੀਂ ਸਨ ਹੁੰਦੇ। ਯੂ. ਜੀ. ਸੀ ਨੇ ਜਿਹੜੇ ਨਵੇਂ ਗਰੇਡ ਕਾਲਜਾਂ ਵਿੱਚ ਦਿਤੇ ਹਨ ਉਹਨਾ ਮੁਤਾਬਿਕ ਹੁਣ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰ ਦਾ ਰੁਤਬਾ ਦਿਤਾ ਗਿਆ ਹੈ। ਗੁਰਚਰਨ ਸਿੰਘ ਜੀ ਕ੍ਰਿਪਾ ਕਰਕੇ ਆਪਣੀ ਸੀ. ਆਈ. ਡੀ ਨੂੰ ਯੂ. ਜੀ. ਸੀ ਭੇਜ ਕੇ ਪਤਾ ਕਰਵਾਉ ਕਿ ਇਹ ਠੀਕ ਹੈ ਜਾਂ ਗਲਤ ਜਾਂ ਆਪਣੇ ਸਾਂਢੂੰ ਜੀ ਨੂੰ ਕਹੋ ਜਿਹੜੇ ਖਗੋਲ ਵਿਗਿਆਨੀ ਹਨ ਤੇ ਉਤੋਂ ਪੀ. ਐਚ. ਡੀ ਵੀ ਹਨ।” ਪਹਿਲਾਂ ਤਾਂ ਮੈਂ ਇਹ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਖਾਲਸਾ ਕਾਲੇਜ ਪਟਿਆਲਾ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਪਰ ਸਾਡੇ, ਵਿਗਿਆਨ ਦੇ ਖੇਤਰ ਵਿੱਚ ਵਿਗਿਆਨੀ ਬਣਨ ਵਾਸਤੇ ਪੀ. ਐਚ. ਡੀ ਹੋਣਾ ਲਾਜ਼ਮੀ ਹੈ। ਵਿਗਿਆਨੀ ਪੀ. ਐਚ. ਡੀ ਹੀ ਹੁੰਦੇ ਹਨ, ਉਹ ਵਿਗਿਆਨੀ ਬਣਨ ਉਪਰੰਤ ਪੀ. ਐਚ. ਡੀ ਨਹੀਂ ਕਰਦੇ।

ਪ੍ਰੋਫੈਸਰ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ। ਮੇਰੀ ਜਾਣਕਾਰੀ ਅਨੁਸਾਰ ਕਾਲਜਾਂ ਵਿੱਚ ਲੈਕਚਰਾਰ ਹੁੰਦੇ ਹਨ ਜਿਹਨਾਂ ਨੂੰ ਹੁਣੇ ਜਿਹੇ ਯੁਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅਸਿਸਟੈਂਟ ਪ੍ਰੋਫੈਸਰ ਦਾ ਨਾਮ ਦੇਣ ਦੀ ਸਿਫਾਰਿਸ਼ ਕੀਤੀ ਹੈ। ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰੋਫੈਸਰ ਦੇ ਵਿਚਾਲੇ ਦਾ ਦਰਜਾ ਹੁੰਦਾ ਹੈ ਪ੍ਰਿੰਸੀਪਲਾਂ ਦਾ ਜਿਹੜਾ ਕਿ ਪਹਿਲਾਂ ਰੀਡਰ ਅਤੇ ਹੁਣ ਐਸੋਸੀਏਟ ਪ੍ਰੋਫੈਸਰ ਦੇ ਬਰਾਬਰ ਹੈ। ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਜਿੰਨੇ ਐਸੋਸੀਏਟ ਪ੍ਰੋਫੈਸਰ ਬਣਨ ਉਹਦੇ ਦਸ ਪ੍ਰਤੀਸ਼ਤ ਦੇ ਬਰਾਬਰ ਪ੍ਰੋਫੈਸਰਾਂ ਦੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ। ਅਤੇ ਪ੍ਰੋ. ਬਣਨ ਵਾਸਤੇ ਘੱਟੋ ਘੱਟ ਯੋਗਤਾ ਪੀ. ਐਚ. ਡੀ ਨਿਰਧਾਰਿਤ ਹੈ। ਕਿਉਂਕਿ ਐਮ. ਐਸ. ਸੀ ਦੀ ਡਿਗਰੀ ਦੋ ਕੁ ਹੋਰ ਡਿਪਲੋਮਿਆਂ ਦੀ ਮਦਦ ਨਾਲ ਪੀ. ਐਚ. ਡੀ ਦੇ ਬਰਾਬਰ ਨਹੀਂ ਹੋ ਸਕਦੀ ਇਸ ਕਰਕੇ ਮਹਾਜਨ ਜੀ ਦੇ ਪ੍ਰੋ. ਅਖਵਾਉਣ ਦੇ ਸੁਪਨਿਆਂ ਦੇ ਸਾਕਾਰ ਹੋਣ ਦੀ ਸੰਭਾਵਨਾ ਓਨੀ ਕੁ ਹੀ ਹੈ ਜਿੰਨੀ ਕੁ 2012 ਵਿੱਚ ਧਰਤੀ ਦੇ ਖਤਮ ਹੋਣ ਦੀ ਹੈ। ਫਿਜ਼ਿਕਸ ਤਰਲੋਚਨ ਜੀ ਨੂੰ ਇੰਨੀ ਕੁ ਹੀ ਆਉਂਦੀ ਹੈ ਕਿ ਇਹ ਨਿਊਟਨ ਦੇ ਗਤੀ ਦੇ ਤੀਜੇ ਨਿਯਮ ਦੀ ਵੀ ਗਲਤ ਵਿਆਖਿਆ ਕਰਦੇ ਹਨ ਅਤੇ ਇਹਨਾਂ ਨੂੰ ਚੁੰਬਕ ਦੇ ‘ਧੁਰੇ’ ਅਤੇ ‘ਧਰੁਵ’ ਦੇ ਫਰਕ ਦਾ ਵੀ ਨਹੀਂ ਪਤਾ ਅਤੇ ਦਸਦੇ ਹਨ ਇਹ ਆਪਣੇ ਆਪ ਨੂੰ ਗੁਰਬਾਣੀ ਅਤੇ ਵਿਗਿਆਨ ਵਾਲੇ। ਵਿਗਿਆਨ ਦੀਆਂ ਇਹਨਾਂ ਕੋਲ ਡਿਗਰੀਆਂ ਤਾਂ ਜ਼ਰੂਰ ਹੋਣਗੀਆਂ ਪਰ ਵਿਗਿਆਨ ਦੀ ਜਾਣਕਾਰੀ ਇਹਨਾਂ ਨੂੰ ਓਨੀ ਕੁ ਹੀ ਹੈ ਜਿੰਨੀ ਕੁ ਮੇਰੇ ਅਨਪੜ੍ਹ ਪਿਤਾ ਜੀ ਨੂੰ ਹੈ ਜਾਂ ਜਿੰਨੀ ਕੁ ਜਸਬੀਰ ਸਿੰਘ ਜੀ (ਕੈਲਗਰੀ) ਨੂੰ ਹੈ। ਜੇ ਤਰਲੋਚਨ ਸਿੰਘ ਜੀ ਨੂੰ ਡਿਗਰੀਆਂ ਹਾਸਲ ਕਰਕੇ ਵੀ ਵਿਗਿਆਨ ਦੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਤਾਂ ਗੁਰਬਾਣੀ ਦੀ ਇਹਨਾਂ ਨੂੰ ਕਿੰਨੀ ਕੁ ਸਮਝ ਹੋਵੇਗੀ, ਇਹ ਫੈਸਲਾ ਮੈਂ ਇਹਨਾਂ ਦੇ ਪਾਠਕਾਂ `ਤੇ ਛੱਡਦਾ ਹਾਂ।

ਜਸਬੀਰ ਸਿੰਘ ਜੀ (ਕੈਲਗਰੀ) ਬਾਰੇ ਟਿੱਪਣੀ ਕਰਨੀ ਮੈਂ ਇਸ ਕਰਕੇ ਜਰੂਰੀ ਸਮਝੀ ਕਿ ਜਦੋਂ ਗੁਰਚਰਨ ਸਿੰਘ ਜੀ ਨੇ ਮਹਾਜਨ ਜੀ ਨੂੰ ਇਹ ਲਿਖਿਆ ਕਿ, “ਤੁਹਾਡੇ ਸਾਇੰਸਫਿਕਸ਼ਨ ਨੂੰ ਸਾਇੰਸ ਬਣਾ ਕੇ ਲਿਖੇ ਲੇਖਾਂ ਦਾ ਕੋਈ Astronomy Ph.D ਮੁਆਇਨਾ ਕਰ ਰਿਹਾ ਹੈ”, ਤਾਂ ਖੁਆਜੇ ਦਾ ਇਹ ਗੁਆਹ ਛੜੱਪੇ ਮਾਰਦਾ ਇਉਂ ਕਹਿਣ ਲੱਗਾ, “ਇੱਕ ਕੰਮ ਪ੍ਰੋ. ਤਰਲੋਚਨ ਸਿੰਘ ਲਈ ਤੁਸੀਂ ਚੰਗਾ ਕੀਤਾ ਹੈ ਜਿਹੜਾ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਤੁਸੀਂ ਸੁਚੇਤ ਕਰ ਦਿੱਤਾ ਹੈ ਕਿ ਜਲਦੀ ਹੀ ਇੱਕ Phd. ਦਿਉ ਉਨ੍ਹਾਂ ਤੇ ਹਮਲਾ ਕਰਨ ਲਈ ਆ ਰਿਹਾ ਹੈ”। ਹਿੰਦੀ ਵਿੱਚ ਅਨਪੜ੍ਹਾਂ ਵਾਸਤੇ ਇੱਕ ਮੁਹਾਵਰਾ ਹੈ, ‘ਕਾਲਾ ਅਕਸ਼ਰ ਭੈਂਸ ਬਰਾਬਰ’। ਜਿਹੜੇ ਏਨਾ ਕੁ ਪੜ੍ਹੇ ਲਿਖੇ ਹੋਣ ਕਿ ਉਹਨਾਂ ਨੂੰ ਕਾਲਾ ਅੱਖਰ ਮੱਝ ਵਰਗਾ ਦਿਖੇ ਤਾਂ Ph.D ਤਾਂ ਫੇਰ ਉਹਨਾਂ ਨੂੰ ਦਿਉ ਲੱਗਣੀ ਹੀ ਹੋਈ। ਜਸਬੀਰ ਸਿੰਘ ਜੀ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਦੇ ਬਹੁਤ ਵੱਡੇ ਵਿਦਵਾਨ ਸਮਝਦੇ ਹੋ, ਮੇਰੇ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰੋਗੇ? ਕਿ ਮੈਨੂੰ ਬਿਨਾਂ ਮਿਲੇ, ਬਿਨਾਂ ਮੈਨੂੰ ਜਾਣੇ, ਤੁਸੀਂ ਮੈਨੂੰ ‘ਦਿਉ’ ਦਾ ਖਿਤਾਬ ਕਿਹੜੀ ਗੁਰਬਾਣੀ ਜਾਂ ਗੁਰਮਤਿ ਮੁਤਾਬਿਕ ਦਿੱਤਾ ਹੈ? ਜੇ ਇਹੋ ਤੁਹਾਡੀ ਵਿਦਵਤਾ ਹੈ ਅਤੇ ਇਹੋ ਤੁਹਾਡੇ ਮੁਤਾਬਿਕ ਗੁਰਮਤਿ ਹੈ ਤਾਂ ਕਿਰਪਾ ਕਰਕੇ ਇਹ ਗੁਰਮਤਿ ਆਪਣੇ ਕੋਲ ਹੀ ਰੱਖੋ ਅਤੇ ਇਹੋ ਜਿਹੀ ਗੁਰਮਤਿ ਦੂਜਿਆਂ ਨੂੰ ਪੜ੍ਹਉਣ ਦੀ ਖੇਚਲਾ ਨਾ ਕਰੋ, ਸਿੱਖਾਂ ਅਤੇ ਸਿੱਖੀ ਦੋਵਾਂ ਉੱਤੇ ਤੁਹਾਡਾ ਬੜਾ ਉਪਕਾਰ ਹੋਵੇਗਾ। ਇਹੋ ਸਲਾਹ ਮੈਂ ਤਰਲੋਚਨ ਸਿੰਘ ਜੀ ਨੂੰ ਵੀ ਦੇਣੀ ਜਰੂਰੀ ਸਮਝਦਾ ਹਾਂ ਕਿ ਜੇ ਵਿਗਿਆਨ ਜਾਂ ਗੁਰਬਾਣੀ ਬਾਰੇ ਦੂਜਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲਾਂ ਖੁਦ ਪੜ੍ਹੋ, ਨਹੀਂ ਤਾਂ ਨੀਮ ਹਕੀਮ ਖਤਰਾ-ਏ ਜਾਨ ਦੇ ਕਥਨ ਮੁਤਾਬਿਕ ਲੋਕਾਂ ਦਾ ਨੁਕਸਾਨ ਹੀ ਕਰੋਗੇ। ਉਹਨਾਂ ਨੂੰ ਵਿਗਿਆਨ ਦੀ ਰੋਸ਼ਨੀ ਦਿਖਾਉਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਪਾਉਗੇ। ਤੁਹਾਡੇ ਅਤੇ ਅਖੌਤੀ ਸਾਧਾਂ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਹਿ ਜਾਵੇਗਾ ਕਿਉਂਕਿ ਦੋਵੇਂ ਹੀ ਲੋਕਾਂ ਨੂੰ ਭਟਕੀਂ ਪਾਉਂਦੇ ਹਨ।

ਇੱਕ ਸਵਾਲ ਮੈਂ ਪਾਠਕਾਂ ਨੂੰ ਵੀ ਕਰਨਾ ਚਾਹਾਂਗਾ ਕਿ ਉਸ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਜਿਸ ਦੇ ਆਪੋ ਬਣੇ ਮੁਹਤਬਾਰ, ‘ਵਿਗਿਆਨੀਆਂ’ ਨੂੰ, ‘ਦਿਉ’ ਸਮਝਦੇ ਹੋਣ? ਅਤੇ ਇਹਨਾਂ ਮੁਹਤਬਰਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ? ਇਸ ਤੋਂ ਪਹਿਲਾਂ ਕਿ ਮੈਂ ਪਰਲੋ ਆਉਣ ਬਾਰੇ ਕੋਈ ਗੱਲ ਕਰਾਂ, ਮੈਂ ਆਪਣੀ ਜਾਣ-ਪਛਾਣ ਕਰਵਾ ਦਿਆਂ। ਮੈਂ ਇੱਕ ਅਜਿਹਾ ਮੁਸਾਫਿਰ ਹਾਂ ਜਿਹਨੇ ਨੰਗੇ ਪੈਰੀਂ ਮੱਝਾਂ ਚਾਰਨ ਤੋਂ ਲੈ ਕੇ ‘ਨਾਸਾ’ ਵੱਲੋਂ ਆਯੋਜਿਤ ਕਾਨਫਰੰਸ ਵਿਖੇ ਆਪਣਾ ਰਿਸਰਚ ਪੇਪਰ ਪੜ੍ਹਨ ਤੱਕ ਦਾ ਲੰਬਾ ਸਫਰ ਤਹਿ ਕੀਤਾ ਹੈ। ਸਿਆਣਿਆਂ ਦੇ ਕਥਨ, ‘ਆਪ ਮਰੇ ਜੱਗ ਪਰਲੋ’, ਮੁਤਾਬਿਕ ਤਕਰੀਬਨ 6 ਕੁ ਕਰੋੜ ਇਨਸਾਨਾਂ ਵਾਸਤੇ 2012 ਵਿੱਚ ਪਰਲੋ ਜਰੂਰ ਆਵੇਗੀ ਅਤੇ ਇਹ ਕੋਈ ਅਲੋਕਾਰੀ ਗੱਲ ਨਹੀਂ ਕਿਉਂਕਿ ਏਨੇ ਕੁ ਇਨਸਾਨ ਹਰ ਸਾਲ ਮਰਦੇ ਹਨ। ਸੋ ਤਕਰੀਬਨ 6 ਕੁ ਕਰੋੜ ਲੋਕਾਂ ਵਾਸਤੇ ਹਰ ਸਾਲ ਪਰਲੋ ਆਉਂਦੀ ਹੈ, ਪਰ ਧਰਤੀ ਉੱਤੇ ਜੀਵਨ ਪੂਰੀ ਸ਼ਾਨੋ ਸ਼ੌਕਤ ਨਾਲ ਜਾਰੀ ਰਹਿੰਦਾ ਹੈ।




.