.

ਦੂਧੁ ਕਟੋਰੈ ਗਡਵੈ ਪਾਨੀ

ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥ 2॥
ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥ 3॥
ਦੂਧੁ ਪੀਆਇ ਭਗਤ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ॥ 4॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1163

ਗੁਰਬਾਣੀ ਉੱਪਰ ਸਭ ਤੋਂ ਪਹਿਲਾਂ ਇਹ ਵਿਸ਼ਵਾਸ ਦ੍ਰਿੜ ਕਰਨਾ ਚਾਹੀਦਾ ਹੈ ਕਿ ਗੁਰਬਾਣੀ ਆਤਮਿਕ ਅੰਤਰੀਵ ਗਿਆਨ ਦਾ ਚਸ਼ਮਾਂ ਹੈ। ਗੁਰਬਾਣੀ ਨੂੰ ਰਚਣ ਵਾਲਿਆ ਨੇ ਕਰਮਕਾਂਡੀ ਕਹਾਣੀਆਂ ਨਹੀਂ ਰਚੀਆਂ; ਇਸ ਦੇ ਉਲਟ ਕਰਮਕਾਂਡੀ ਕਹਾਣੀਆਂ ਦਾ ਖੰਡਣ ਜ਼ਰੂਰ ਕੀਤਾ ਹੈ।
ਇਸ ਆਤਮਿਕ ਗਿਆਨ ਦੇ ਸਮੁੰਦਰ ਵਿੱਚੋਂ ਨਾਮ ਰੂਪੀ ਸੁੱਚਾ ਰਤਨ ਲੱਭਣਾ ਹੈ ਅਤੇ ਸੁੱਚੇ ਰਤਨ ਮੋਤੀ ਭਾਲਣ ਲਈ ਸਮੁੰਦਰ ਵਲ ਆਉਣਾ ਪਵੇਗਾ। ਕਦੇ ਵੀ ਛੱਪੜੀਆਂ ਵਿੱਚੋਂ ਸੁੱਚੇ ਰਤਨ ਮੋਤੀ ਪ੍ਰਾਪਤ ਨਹੀਂ ਹੋ ਸਕਦੇ, ਪਰ ਅਫ਼ਸੋਸ ਇਹ ਹੈ ਕਿ ਅਸੀਂ ਆਤਮਿਕ ਗਿਆਨ ਰੂਪੀ ਸਮੁੰਦਰ ਛੱਡ ਕੇ ਭਗਤਮਾਲ ਵਰਗੀਆਂ ਅਨੇਕਾਂ ਹੋਰ ਛੱਪੜੀਆਂ ਦੇ ਕਿਨਾਰੇ ਮੱਲ ਕੇ ਉਨ੍ਹਾਂ ਵਿੱਚੋਂ ਸੱਚ ਢੂੰਢਣ ਲੱਗੇ ਆਪ ਹੀ ਕਰਮਕਾਂਡੀ ਦਲਦਲ ਵਿੱਚ ਜਾ ਧਸੇ ਹਾਂ। ਇਹ ਉਹੀ ਕਰਮਕਾਂਡੀ ਦਲਦਲ ਹੈ ਜਿਸ ਵਿੱਚੋਂ ਗੁਰਬਾਣੀ ਸਾਨੂੰ ਬਾਹਰ ਨਿਕਲਣ ਲਈ ਕਹਿ ਰਹੀ ਹੈ।
ਪਰ ਇਸ ਦੇ ਉਲਟ, ਅਸੀਂ ਗੁਰਬਾਣੀ ਉਚਾਰਨ ਕਰਨ ਵਾਲਿਆਂ ਨੂੰ ਵੀ ਪ੍ਰਭੂ ਪ੍ਰਾਪਤੀ, ਪੱਥਰਾਂ ਨੂੰ ਦੁੱਧ ਪਿਲਾਉਣ ਰਾਹੀਂ ਹੋਈ ਦਰਸਾ ਰਹੇ ਹਾਂ। ਅਸੀਂ ਕਿਸ ਤਰ੍ਹਾਂ ਭਗਤ ਨਾਮਦੇਵ ਜੀ ਵਲੋਂ ਠਾਕੁਰ ਨੂੰ ਦੁੱਧ ਪਿਆਉਣ ਵਾਲੀ ਕਰਮਕਾਂਡੀ ਕਹਾਣੀ ਨਾਲ ਜੋੜਕੇ ਗੁਰਬਾਣੀ ਵਿਆਖਿਆ ਕਰਨ ਨਾਲ ਉਨ੍ਹਾਂ ਵਲੋਂ ਬਖ਼ਸ਼ੀ ਆਤਮਿਕ ਗਿਆਨ ਦੀ ਸੂਝ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਬਦਲਕੇ ਪੇਸ਼ ਕਰਨ ਉੱਤੇ ਤੁਲੇ ਹੋਏ ਹਾਂ। ਜਦੋਂ ਕਿ ਇਸ ਦੇ ਉਲਟ ਨਾਮਦੇਵ ਜੀ ਨੇ ਇਸ ਸ਼ਬਦ ਦਾ ਉਚਾਰਨ ਮਨੁਖੀ ਹਿਰਦੇ ਵਿੱਚੋਂ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਕੇ ਗਿਆਨ ਰੂਪੀ ਪ੍ਰਕਾਸ਼ ਕਰਨ ਦੇ ਉਦੇਸ਼ ਨਾਲ ਕੀਤਾ ਹੈ।
ਸ਼੍ਰੋਮਣੀ ਭਗਤ ਨਾਮਦੇਵ ਜੀ ਤਾਂ ਬਾਣੀ ਰਾਹੀਂ ਠਾਕੁਰਾਂ ਨੂੰ ਦੁੱਧ ਪਿਲਾਉਣਾ, ਇਸ਼ਨਾਨ ਕਰਵਾਉਣਾ, ਫੁੱਲ ਚੜਾਉਣੇ, ਆਦਿ ਅਜਿਹੇ ਕਰਮਕਾਂਡਾਂ ਦਾ ਖੰਡਣ ਕਰਦੇ ਹਨ।
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ 1॥
ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥ 1॥ ਰਹਾਉ॥
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ॥ 2॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 485

ਪੱਥਰ ਦੇ ਠਾਕੁਰਾਂ ਨੂੰ ਦੁੱਧ ਪਿਲਾਉਣ ਵਰਗੇ ਕਰਮਕਾਂਡਾਂ ਦਾ ਉੱਪਰ ਲਿਖੇ ਸ਼ਬਦ ਅੰਦਰ ਨਾਮਦੇਵ ਜੀ ਵਲੋਂ ਡਟ ਕੇ ਵਿਰੋਧ ਕੀਤਾ ਗਿਆ ਹੈ।
ਅਗਰ ਨਾਮਦੇਵ ਜੀ ਦਾ ਭੇਟਾ ਕੀਤਾ ਦੁੱਧ ਮੂਰਤੀ ਨੇ ਪੀਤਾ ਹੁੰਦਾ ਤਾਂ ਨਾਮਦੇਵ ਜੀ ਆਪ ਅਜਿਹੇ ਵਤੀਰੇ ਨੂੰ ਕਰਮਕਾਂਡ ਨਾਂ ਦਰਸਾਉਂਦੇ ਅਤੇ ਨਾਂਹ ਹੀ ਉਨ੍ਹਾਂ ਦੀ ਲਿਖਤ ਨੂੰ ਗੁਰਬਾਣੀ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਿਲਦਾ।
ਕਈ ਸੱਜਣ ਇਸ ਗੱਲ ਉੱਪਰ ਬਜ਼ਿਦ ਹਨ ਕਿ ਨਾਮਦੇਵ ਜੀ ਨੇ ਬਾਲ ਉਮਰੇ ਦੁੱਧ ਪਿਲਾਇਆ ਸੀ ਅਤੇ ਨਾਲ ਹੀ ਇਹ ਕਹਿ ਦਿੰਦੇ ਹਨ ਕਿ ਪ੍ਰਭੂ ਪ੍ਰਾਪਤੀ ਤੋਂ ਪਹਿਲਾਂ ਦੀ ਘਟਨਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕਰ ਪ੍ਰਭੂ ਨੇ ਪਰਗਟ ਹੋ ਕੇ ਦੁੱਧ ਪੀ ਹੀ ਲਿਆ ਤਾਂ ਫਿਰ ਇਹ ਪ੍ਰਭੂ ਪ੍ਰਾਪਤੀ ਤੋਂ ਪਹਿਲਾਂ ਦੀ ਗੱਲ ਕਿਵੇਂ ਹੋਈ। ਇਨ੍ਹਾਂ ਕਹਾਣੀਆਂ ਦਾ ਉਨ੍ਹਾਂ ਵਲੋਂ ਪ੍ਰਗਟ ਕੀਤੇ ਸਿਧਾਂਤ ਸਾਹਮਣੇ ਕੋਈ ਆਧਾਰ ਨਹੀਂ ਹੈ ਕਿਉਕਿ ਇਹ ਆਪਣੇ ਆਪ ਵਿੱਚ ਆਪ ਹੀ ਰੱਦ ਹਨ।
ਇਹ ਲੋਕ ਇਸ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਵਲੋਂ ਉਚਾਰਨ ਕੀਤੀ 10ਵੀਂ ਵਾਰ ਦੀ 11ਵੀਂ ਪਉੜੀ ਨੂੰ ਸਾਹਮਣੇ ਰੱਖ ਕੇ ਅਤੇ ਉਸ ਦੀ ਕਰਮਕਾਂਡੀ ਵਿਆਖਿਆ ਕਰ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਦੇ ਹਨ। ਇਹ ਵਿਆਖਿਆ ਸਹੀ ਨਹੀਂ ਹੈ ਕਿਉਕਿ ਭਾਈ ਗੁਰਦਾਸ ਜੀ ਕਰਮਕਾਂਡੀ ਕਹਾਣੀਆਂ ਦਾ ਖੰਡਨ ਕਰਦੇ ਹਨ ਨਾਂਹ ਕਿ ਮੰਡਨ।
ਕੰਮ ਕਿਤੈ ਪਿਉ ਚਲਿਆ ਨਾਮਦੇਵ ਨੋਂ ਆਖ ਸਿਧਾਯਾ॥
ਭਾਈ ਗੁਰਦਾਸ, ਵਾਰ 10
ਅਖੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਨਾਮਦੇਵ ਜੀ ਦਾ ਪਿਤਾ ਕਿਤੇ ਕੰਮ ਚੱਲਿਆ ਸੀ ਤਾਂ ਨਾਮਦੇਵ ਜੀ ਨੂੰ ਠਾਕੁਰ ਦੀ ਮੂਰਤੀ ਨੂੰ ਦੁੱਧ ਪਿਆਉਣ ਵਾਸਤੇ ਕਹਿ ਗਿਆ ਸੀ ਅਤੇ ਨਾਮਦੇਵ ਜੀ ਦੀ ਉਮਰ ਵੀ 5-6 ਸਾਲ ਦੀ ਕਹਿ ਦਿੰਦੇ ਹਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾਮਦੇਵ ਜੀ ਦੇ ਪਿਤਾ ਜੀ ਆਪਣੀ ਧਰਮ ਪਤਨੀ (ਨਾਮਦੇਵ ਜੀ ਦੀ ਮਾਤਾ ਜੀ) ਨੂੰ ਕਿਉਂ ਨਹੀਂ ਕਹਿ ਕੇ ਗਏ? ਪੰਜ ਸਾਲ ਦੇ ਬੱਚੇ ਨੂੰ ਕਿਉਂ ਕਿਹਾ? ਇਸ ਕਰਕੇ ਇਹ ਸਭ ਥੋਥੀਆਂ ਗੱਲਾਂ ਹਨ ਕਿ ਭਗਤ ਜੀ ਦੇ ਪਿਤਾ ਜੀ ਮੂਰਤੀ ਨੂੰ ਦੁੱਧ ਪਿਲਾਉਣ ਲਈ ਕਹਿ ਕੇ ਗਏ ਸਨ।
ਸਾਨੂੰ ਸੱਚ ਜਾਨਣ ਦੀ ਲੋੜ ਹੈ। ਭਾਈ ਗੁਰਦਾਸ ਜੀ ਦੀ ਵਾਰ ਗੁਰਮਤਿ ਦੀ ਪ੍ਰੋੜਤਾ ਕਰਦੀ ਹੈ – ਵਿਰੋਧਤਾ ਨਹੀਂ। ਭਾਈ ਗੁਰਦਾਸ ਜੀ ਗੁਰਮਤਿ ਦੇ ਗਿਆਨਵਾਨ ਸਿੱਖ ਸਨ।
ਕੇਵਲ ਗੁਰਮਤਿ ਅਤੇ ਮਨਮਤਿ ਅੰਦਰ ਫਰਕ ਸਮਝਣ ਦੀ ਲੋੜ ਹੈ। ਜਿਵੇਂ ਪਿੱਛੇ ਜ਼ਿਕਰ ਕੀਤਾ ਹੈ ਕਿ ਭਗਤਾਂ ਦਾ ਰਾਮ ਹੋਰ ਅਤੇ ਕਰਮਕਾਂਡੀਆਂ ਦਾ ਹੋਰ। ਭਗਤ ਜਨਾਂ ਦੀ ਕਪਲ ਗਾਂਇ ਹੋਰ ਅਤੇ ਕਰਮਕਾਂਡੀਆਂ ਦੀ ਕਪਲ ਗਾਂ ਹੋਰ। ਭਗਤ ਜਨਾਂ ਲਈ ਕਪਲ ਕੀ ਹੈ? ਕਪਲ ਦੇ ਅਰਥ ਮਹਾਨ ਕੋਸ਼ ਵਿੱਚ ਦੇਖੀਦੇ ਹਨ ਤਾਂ ਅਰਥ ਸ਼ਿਵ ਹਨ। ਫਿਰ ਜਦੋਂ ਸ਼ਿਵ ਦੇ ਅਰਥ ਦੇਖੀਦੇ ਹਨ ਤਾਂ ਸ਼ਿਵ ਦੇ ਅਰਥ ਆਤਮਿਕ ਗਿਆਨ ਹਨ।
ਗਾਇ ਦੇ ਅਰਥ ਆਤਮਿਕ ਗਿਆਨ ਹਨ। ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ।
ਕਪਲ ਗਾਇ ਹੈ – ਆਤਮਿਕ ਗਿਆਨ
ਦਰਅਸਲ ਅਸੀਂ ਗੁਰਬਾਣੀ ਨੂੰ ਗੁਰਮਤਿ ਦੀ ਕਸਵੱਟੀ ਅਨੁਸਾਰ ਨਹੀਂ ਵੀਚਾਰਿਆ। ਇਹੀ ਕਾਰਣ ਹੈ ਕਿ ਅਸੀਂ ਮੁੜ ਮੁੜ ਕਰਮਕਾਂਡਾਂ ਨੂੰ ਉਭਾਰਿਆ ਹੈ। ਗੁਰਮਤਿ ਅਨੁਸਾਰ ਠਾਕੁਰ ਪਰਮੇਸ਼ਰ ਦੀ ਸੇਵਾ ਕੀ ਹੈ? ਕਿਵੇਂ ਸਹਿਜ ਉਪਜਦਾ ਹੈ? ਜਦੋਂ ਗੁਰਮਤਿ ਅਨੁਸਾਰ ਹਰੇਕ ਸ਼ਬਦ ਨੂੰ ਦੇਖਾਂਗੇ ਤਾਂ ਆਪਣੇ ਆਪ ਹੀ ਗੁਰਮਤਿ ਸੱਚ ਉਜਾਗਰ ਹੋ ਜਾਵੇਗਾ।
ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ॥
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ॥ 5॥
ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ॥
ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ॥ 6॥
ਗੁਰੂ ਗ੍ਰੰਥ ਸਾਹਿਬ, ਪੰਨਾ 638

ਆਤਮਿਕ ਗਿਆਨ ਦੀ ਪ੍ਰਾਪਤੀ ਤੋਂ ਬਗ਼ੈਰ ਸਹਿਜ ਉਤਪੰਨ ਨਹੀਂ ਹੁੰਦਾ ਅਤੇ ਆਪਾ ਗਵਾਇ ਬਿਨਾ ਸੱਚੇ ਪ੍ਰਭੂ ਸਤਿਗੁਰੂ ਨੂੰ ਸੇਵਾ ਪ੍ਰਵਾਨ ਨਹੀਂ। ਗੁਰਮਤਿ ਰਾਹੀਂ ਭਉ ਉਪਜਦਾ ਹੈ ਅਤੇ ਭਉ ਰਾਹੀਂ ਨਿੱਤ ਪ੍ਰਤੀ ਦੀ ਕਰਨੀ ਵਿੱਚ ਸੱਚ ਪ੍ਰਵੇਸ਼ ਕਰਦਾ ਹੈ। ਨਿੱਤ ਦੀ ਕਰਨੀ ਅੰਦਰ ਸੱਚ ਆ ਜਾਣ ਤੋਂ ਬਾਅਦ ਪ੍ਰੇਮ ਰੂਪੀ ਪਦਾਰਥ, ਸੱਚ ਰੂਪੀ ਨਾਮ ਅਧਾਰ ਬਨਾਉਣ ਨਾਲ ਹੀ ਪ੍ਰਾਪਤੀ ਹੈ। ਗੱਲ ਕੀ ਗੁਰਮਤਿ ਅਨੁਸਾਰ ਰਸਤਾ ਇਕੋ ਇੱਕ ਹੀ ਹੈ। ਪ੍ਰਭੂ ਵੀ ਇੱਕ ਹੈ ਅਤੇ ਪ੍ਰਭੂ ਨੂੰ ਮਿਲਣ ਦਾ ਰਸਤਾ ਵੀ ਇੱਕ ਹੀ ਹੈ।
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਕਹੁ ਕਬੀਰ ਭਗਤਿ ਕਰਿ ਪਾਇਆ॥
ਭੋਲੇ ਭਾਇ ਮਿਲੇ ਰਘੁਰਾਇਆ॥ 4॥ 6॥
ਗੁਰੂ ਗ੍ਰੰਥ ਸਾਹਿਬ, ਪੰਨਾ 324

ਪ੍ਰਭੂ ਦੀ ਪ੍ਰਾਪਤੀ ਭਗਤੀ ਕਰਨ ਤੋਂ ਬਗ਼ੈਰ ਨਹੀਂ ਹੋ ਸਕਦੀ। ਇਸ ਬਾਰੇ ਗੁਰਮਤਿ ਸਿਧਾਂਤ ਸਾਫ਼ ਅਤੇ ਸਪਸ਼ਟ ਹੈ। ਨਾਮਦੇਵ ਜੀ ਨੇ ਆਪ ਗੁਰਬਾਣੀ ਅੰਦਰ ਵਾਹਿਗੁਰੂ ਦੀ ਬਖ਼ਸ਼ਿਸ਼ ਰਾਹੀਂ ਹੀ ਪ੍ਰਾਪਤੀ ਦਰਸਾਈ ਹੈ।
ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ॥
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ 486

ਸੰਤਹ ਕੈ ਪ੍ਰਸਾਦਿ – ਆਤਮਿਕ ਗਿਆਨ ਦੀ ਬਖਸ਼ਿਸ਼ ਰਾਹੀਂ ਹੀ ਪ੍ਰਭੂ ਪ੍ਰਾਪਤੀ ਦਰਸਾਈ ਹੈ ਪਰ ਸਵਾਰਥੀ ਲੋਕ ਇਥੇ ਫਿਰ ਇੱਕ ਆਸਾ ਰਾਗ ਅੰਦਰ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਸ਼ਬਦ ਅੱਗੇ ਲਿਆ ਰੱਖਦੇ ਹਨ।
ਨਿਮਤ ਨਾਮਦੇਉ ਦੂਧੁ ਪੀਆਇਆ॥
ਤਉ ਜਗ ਜਨਮ ਸੰਕਟ ਨਹੀ ਆਇਆ॥ 2॥
ਜਨ ਰਵਿਦਾਸ ਰਾਮ ਰੰਗਿ ਰਾਤਾ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥ 3॥ 5॥
ਗੁਰੂ ਗ੍ਰੰਥ ਸਾਹਿਬ, ਪੰਨਾ 487

ਜੇਕਰ ਇਸ ਸ਼ਬਦ ਦੀ ਪਰਚੱਲਤ ਵਿਆਰਿਆ ਪੜੀਏ ਤਾਂ ਸਵਾਰਥੀ ਲੋਕਾਂ ਦਾ ਮਨੋਰਥ ਪੂਰਾ ਹੁੰਦਾ ਹੈ। ਜੇਕਰ ਜ਼ਰਾ ਗੁਰਮਤਿ ਦ੍ਰਿਸਟੀ ਤੋਂ ਵੀਚਾਰੀਏ ਤਾਂ ਇਹ ਸਿੱਧ ਹੁੰਦਾ ਹੈ ਕਿ ਨਾਮਦੇਵ ਜੀ ਨੂੰ ਅਕਾਲ ਪੁਰਖ ਨੇ ਆਤਮਿਕ ਗਿਆਨ ਦਾ ਅੰਮ੍ਰਿਤ ਰੂਪੀ ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਨਾਮ ਰੂਪੀ ਦੁੱਧ ਪਿਲਾਇਆ ਭਾਵ ਬਖਸ਼ਿਸ਼ ਕੀਤਾ ਸੀ। ਫਿਰ ਨਾਮਦੇਵ ਜੀ ਨੇ ਇਹ ਸੱਚ ਜਾਣਿਆਂ। ਸਿੱਖ ਹਰ ਰੋਜ਼ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ ਅਤੇ ਪੜਦਾ ਹੈ:-
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ॥
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ॥ 2॥
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 13

ਇਥੇ ਵਿਚਾਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਪਿਆਸੇ ਨੂੰ ਕੋਈ ਤਰਲ ਪਦਾਰਥ ਪਿਆਇਆ ਜਾਂਦਾ ਹੈ। ਜਿਸ ਨੂੰ ਪਿਆਈਏ, ਪਿਆਸ ਵੀ ਉਸ ਦੀ ਹੀ ਬੁਝਦੀ ਹੈ। ਇਹ ਕਦੀ ਹੋਇਆ ਹੈ ਕਿ ਪਿਆਸ ਕਿਸੇ ਨੂੰ ਲੱਗੀ ਹੋਵੇ ਅਤੇ ਪਾਣੀ ਕਿਸੇ ਹੋਰ ਨੂੰ ਪਿਲਾ ਦੇਈਏ ਤਾਂ ਪਿਆਸੇ ਦੀ ਪਿਆਸ ਬੁਝ ਜਾਵੇ? ਪੀਣ ਵਾਲੇ ਦੀ ਹੀ ਪਿਆਸ ਬੁਝੇਗੀ, ਦੂਸਰੇ ਦੀ ਨਹੀਂ।
ਸੋ ਇਸ ਸ਼ਬਦ ਅੰਦਰ ਇਹ ਸਪਸ਼ਟ ਹੈ ਕਿ ਆਪਣੀ ਸ਼ਰਨ ਆਉਣ ਵਾਲੇ ਨੂੰ ਵਾਹਿਗੁਰੂ ਆਪ ਬਖ਼ਸ਼ਿਸ਼ ਕਰਕੇ ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਇਹ ਆਤਮਿਕ ਰਸ ਪਿਲਾ ਦੇਵੇ, ਤਾਂ ਉਹ ਆਤਮਿਕ ਤੌਰ ਤੇ ਬਲਵਾਨ ਹੁੰਦਾ ਹੈ। ਉਹੀ ਇਸ ਅਕੱਥ ਕਥਾ ਨੂੰ ਜਾਣ ਸਕਦਾ ਹੈ। ਸੋ ਅਸਲੀਅਤ ਇਹ ਹੈ ਕਿ ਨਾਮਦੇਵ ਜੀ ਵਾਹਿਗੁਰੂ ਦੀ ਸ਼ਰਨ ਆਏ, ਅਤੇ ਵਾਹਿਗੁਰੂ ਨੇ ਆਤਮਿਕ ਗਿਆਨ ਰੂਪੀ ਰਸ ਨਾਮਦੇਵ ਜੀ ਨੂੰ ਪਿਲਾ ਦਿੱਤਾ, ਭਾਵ ਬਖਸ਼ਿਸ਼ ਕੀਤਾ ਨਾਂਹ ਕਿ ਨਾਮਦੇਵ ਜੀ ਨੇ ਪ੍ਰਭੂ ਨੂੰ ਦੁੱਧ ਪਿਆਇਆ।
ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥ 2॥
ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥ 3॥
ਦੂਧੁ ਪੀਆਇ ਭਗਤ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ॥ 4॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1163

ਪਦ ਅਰਥ
ਦੂਧੁ – ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਨਾਮ ਰੂਪੀ ਦੁੱਧ
ਕਟੋਰੈ – ਹਿਰਦੇ ਰੂਪੀ ਕਟੋਰੇ ਵਿੱਚ
ਗਡਵੈ – ਗਡ ਤੋਂ ਗਡਵੈ ਹੈ – ਗਡ ਦਾ ਅਰਥ ਹੈ ਗਿਆਨ – ਗਿਆਨ ਦੇ ਰਾਹੀ
ਪਾਨੀ – ਪਾਨ ਤੋਂ ਹੈ - ਪਾਨ ਦਾ ਮਤਲਬ ਜਿੱਤ, ਫ਼ਤਿਹ – ਫ਼ਤਿਹ ਪ੍ਰਾਪਤ ਕਰਨੀ, ਪ੍ਰਾਪਤ ਕੀਤੀ
ਕਪਲ – ਆਤਮਿਕ
ਗਾਇ – ਗਿਆਨ
ਕਪਲ ਗਾਇ – ਆਤਮਿਕ ਗਿਆਨ
ਨਾਮੈ – ਨਾਮ ਦੀ ਬਖ਼ਸ਼ਿਸ਼ ਦੁਆਰਾ
ਦੁਹਿ – ਦੋਹਣ ਕਿਰਿਆ ਭਾਵ ਪ੍ਰਾਪਤੀ
ਗੋਬਿੰਦੇ ਰਾਇ – ਪਾਲਕ ਅਤੇ ਰੱਖਿਅਕ
ਨਾਮੈ ਦੁਹਿ – ਨਾਮ ਦੁਆਰਾ ਪ੍ਰਾਪਤੀ
ਪਤੀਆਇ – ਤ੍ਰਿਪਤ ਹੋ ਜਾਣਾ
ਆਨੀ – ਆਨ ਤੋਂ ਹੈ (ਸਵਾਦ, ਲੱਜਤ, ਸੁੰਦਰਤਾ)
ਘਰ ਕੋ ਬਾਪੁ – ਹਿਰਦੇ ਰੂਪੀ ਘਰ ਦਾ ਮਾਲਕ
ਰਿਸਾਇ – ਨਰਾਜ ਕਰਨਾ
ਸ+ਇਨ ਕਟੋਰੀ – ਹਿਰਦੇ ਰੂਪੀ ਪਵਿੱਤਰ ਕਟੋਰੀ
ਅੰਮ੍ਰਿਤ ਭਰੀ – ਅੰਮ੍ਰਿਤ ਨਾਲ ਭਰਪੂਰ
ਏਕੁ ਭਗਤੁ – ਇਕੁ ਦੀ ਬੰਦਗੀ, ਸਿਮਰਨ
ਬਸੈ – ਵਸ ਜਾਣਾ
ਨਰਾਇਨੁ ਹਸੈ – ਪ੍ਰਭੂ ਦਾ ਪ੍ਰਸੰਨ ਹੋਣਾ
ਪ੍ਰਭ ਹਸਿ ਬੋਲੇ ਕੀਏ ਨਿਆਂਏਂ
ਗੁਰੂ ਗ੍ਰੰਥ ਸਾਹਿਬ, ਪੰਨਾ 1347
ਭਗਤ – ਸਿਮਰਨ
ਘਰਿ ਆਇਆ – ਹਿਰਦੇ ਰੂਪੀ ਘਰ ਵਿੱਚ ਟਿਕ ਗਿਆ
ਪੀਆਇ – ਅਰਥ ਬਖ਼ਸ਼ਿਸ਼ ਰੂਪ ਲੈਣੇ ਹਨ ਕਿਉਂਕਿ ਨਾਮ ਰੂਪੀ ਦੁੱਧ ਬਖ਼ਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਪੀਤਾ ਜਾ ਸਕਦਾ ਹੈ।
ਅਰਥ
ਹਿਰਦੇ ਰੂਪੀ ਕਟੋਰੇ ਵਿੱਚ ਜੋ ਆਤਮਿਕ ਗਿਆਨ ਰੂਪੀ ਦੁੱਧ ਹੈ, ਆਤਮਿਕ ਗਿਆਨ ਰਾਹੀਂ ਹੀ ਇਸ ਦੀ ਪ੍ਰਾਪਤੀ ਹੋ ਸਕਦੀ ਹੈ। ਆਤਮਿਕ ਗਿਆਨ ਰਾਹੀਂ ਹੀ ਇਹ ਸਵਾਦ, ਨਾਮ ਦੀ ਬਖ਼ਸ਼ਿਸ਼ ਦੁਆਰਾ ਚੱਖਿਆ ਜਾ ਸਕਦਾ ਹੈ। ਇਸ ਕਰਕੇ ਨਾਮਦੇਵ ਤਾਂ ਇਹੀ ਪ੍ਰੇਰਨਾ ਹੋਰਨਾਂ ਨੂੰ ਵੀ ਕਰਦੇ ਹਨ ਕਿ ਪਾਲਕ, ਰੱਖਿਅਕ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਬਖ਼ਸ਼ਿਸ਼ ਰੂਪੀ ਦੁੱਧ ਪੀਉ। ਉਸ ਪਾਲਕ, ਰੱਖਿਅਕ ਦੀ ਬਖ਼ਸ਼ਿਸ਼ ਦੇ ਨਾਮ ਰੂਪੀ ਦੁੱਧ ਪੀਣ ਨਾਲ ਮੇਰਾ ਮਨ ਤ੍ਰਿਪਤ ਹੋ ਗਿਆ ਹੈ। ਅਜਿਹਾ ਨਾਂਹ ਕਰਨ ਤੋਂ ਬਗ਼ੈਰ ਉਸ ਹਿਰਦੇ ਰੂਪੀ ਘਰ ਦੇ ਮਾਲਕ ਬਾਪੁ ਬੀਠੁਲ ਸੁਆਮੀ ਦੀ ਨਰਾਜ਼ਗੀ ਸਹੇੜਨ ਦੇ ਬਰਾਬਰ ਹੈ। ਨਾਮਦੇਵ ਨੇਂ ਤਾਂ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਆਤਮਿਕ ਗਿਆਨ ਰਾਹੀਂ ਪ੍ਰਾਪਤ ਕਰਕੇ ਵਾਹਿਗੁਰੂ ਨਰਾਇਣ ਅੱਗੇ ਆਪਾ ਭੇਟ ਕਰਕੇ ਅਰਦਾਸ ਕੀਤੀ ਕਿ ਤੇਰੀ ਇਕੁ ਦੀ ਬੰਦਗੀ ਸਿਮਰਨ ਮੇਰੇ ਹਿਰਦੇ ਰੂਪੀ ਕਟੋਰੀ ਵਿੱਚ ਟਿਕ ਜਾਵੇ। ਫਿਰ ਨਾਮਦੇਵ ਦੀ ਇਹ ਅਰਦਾਸ ਦੇਖ ਕੇ ਨਾਰਾਇਣ ਨਾਮਦੇਵ ਤੇ ਪ੍ਰਸੰਨ ਹੋਇਆ ਅਤੇ ਉਸ ਦੀ ਪ੍ਰਸੰਨਤਾ ਨਾਲ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਵਿੱਚ ਸਿਮਰਨ ਟਿਕ ਗਿਆ। ਇਸ ਤਰਾਂ ਨਾਮਦੇਵ ਜੀ ਨੂੰ ਹਰੀ ਦਰਸ਼ਨ ਹੋਏ ਭਾਵ ਨਾਮਦੇਵ ਜੀ ਨੇ ਸੱਚ ਨੂੰ ਜਾਣ ਲਿਆ।
ਨੋਟ – ਨਾਮਦੇਵ ਜੀ ਵਲੋਂ ਪ੍ਰੇਰਨਾ ਹੈ ਕਿ ਜੇਕਰ ਇਹ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਅਸੀਂ ਪ੍ਰਾਪਤ ਨਹੀਂ ਕਰਦੇ ਤਾਂ ਉਹ ਨਰਾਜ਼ ਹਨ। ਜੇਕਰ ਅਤਾਮਿਕ ਗਿਆਨ ਦਾ ਬਖ਼ਸ਼ਿਸ਼ ਰੂਪੀ ਦੁੱਧ ਤੁਸੀ ਪੀਉਗੇ ਤਾਂ ਉਹ ਪ੍ਰਸੰਨ ਹਨ।
ਬਲਦੇਵ ਸਿੰਘ ਟੋਰਾਂਟੋ




.