.

ਬਿਰਥਾ ਜਨਮੁ ਗਵਾਇਆ ਕਪਟੀ

ਦਸਮੇਸ਼ ਪਿਤਾ ਨੀਲੇ ਦੇ ਸ਼ਾਹਸਵਾਰ, ਸਰਬੰਸਦਾਨੀ ਖੰਡੇ ਬਾਟੇ ਦੀ ਪਹੁਲ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਪਸ਼ਟ ਹੁਕਮ ਗੁਰੂ ਮਾਨਿਓ ਗ੍ਰੰਥ ਦੇ ਬਾਵਜੂਦ ਕਈ ਸਜਣ ਸਮੇਤ ਮੌਜੂਦਾ ਜਥੇਦਾਰਾਂ ਦੇ ਅਖੌਤੀ ਦਸਮ ਗ੍ਰੰਥ ਨੂੰ ਜੁਗੋ ਜੁਗ ਅਟੱਲ ਸ਼ਬਦ ਗੁਰੂ ਗ੍ਰੰਥ ਸਹਿਬ ਜੀ ਵਾਂਗ ਪ੍ਰਕਾਸ਼ ਕਰਕੇ ਅਖੰਡ ਪਾਠ ਕਰਨ ਦੀ ਪ੍ਰੰਪਰਾ ਚਾਲੂ ਕਰਨ ਦੇ ਜ਼ਿੰਮੇਵਾਰ ਹਨ। ਪਟਨਾ ਅਤੇ ਨੰਦੇੜ ਵਿੱਚ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਇਸ ਲੱਚਰ ਪੁਸਤਕ ਦਾ ਪ੍ਰਕਾਸ਼ ਕਰਕੇ ਅਨੇਕਾਂ ਕਰਮ ਕਾਂਡ ਕਰਨ ਤੋਂ ਬਾਅਦ ਪਿੰਡ ਭਾਈ ਦਿਆਲਕੇ (ਪੰਜਾਬ) ਵਿੱਚ ਏਥੇ ਦੇ ਸਾਰੇ ਮੁਖੀ ਪੁਜਾਰੀਆਂ ਨੇ ਓਹੀਓ ਕੁਕਰਮ ਕਰਨ ਵਿੱਚ ਸ਼ਮੂਲੀਅਤ ਕਰਕੇ ਗੁਰੂ ਹੁਕਮਾਂ ਦੀ ਘੋਰ ਉਲੰਘਣਾ ਕੀਤੀ ਹੈ। ਇਸ ਕਪਟੀ ਕਾਰੇ ਕਾਰਨ ਇਹਨਾਂ ਪੁਜਾਰੀਆਂ ਗੁਰੂ ਗ੍ਰੰਥ ਜੀ ਦਾ ਘੋਰ ਅਪਮਾਨ ਕਰਕੇ ਆਪਣਾ ਮਨੁੱਖੀ ਜਨਮ ਬਿਰਥਾ ਗੁਆ ਲਿਆ ਹੈ।

ਯਾਦ ਰਹੇ ਇਸ ਕਿਤਾਬ ਦਾ ਮੁਢਲਾ ਨਾਮ ਬਚਿਤ੍ਰ ਨਾਟਕ ਸੀ ਜੋ ਗੁਰੂ ਸਾਹਿਬ ਦੇ ਜੋਤੀ ਜੋਤ ਸਮੌਣ ਤੋਂ ਕਾਫੀ ਸਮਾਂ ਬਾਅਦ ਹੋਂਦ ਵਿੱਚ ਆਇਆ। ਸਰਦਾਰ ਦਲਬੀਰ ਸਿੰਘ ਜੀ ਵਲੋਂ ਲਿਖੀ ਪੁਸਤਕ ਦਸਮ ਗ੍ਰੰਥ ਦੀ ਅਸਲੀਅਤ ਮੁਤਾਬਿਕ ਇਹ ਪੁਸਤਕ ਕੋਈ ੧੭੨੫ ਸਨ ਦੇ ਕਰੀਬ ਲਿਖੀ ਗਈ। ਇਸ ਕਿਤਾਬ ਵਿੱਚ ਕੁੱਝ ਹੋਰ ਕਵੀ-ਰਚਨਾਂਵਾਂ ਅਤੇ ਬਚਿਤ੍ਰ ਨਾਟਕ (ਜੈਸਾ ਕਿ ਕਈ ਪ੍ਰਸੰਗਾਂ ਦੇ ਅੰਤ ਵਿੱਚ ਲਿਖੇ ਸਮਾਪਤੀ-ਸੰਕੇਤਾਂ ਤੋਂ ਸਿਧ ਹੁੰਦਾ ਹੈ) ਦੀਆਂ ਕੁੱਝ ਰਚਨਾਵਾਂ ਦਾ ਸੰਗ੍ਰਹਿ ਹੈ। ਉਹਨਾਂ ਅਨੁਸਾਰ ਬਚਿਤ੍ਰ ਨਾਟਕ ਗ੍ਰੰਥ ਇਹਨਾਂ ਤਿੰਨਾਂ ਪੁਰਾਣਿਕ ਲਿਖਤਾਂ ਉੱਪਰ ਅਧਾਰਤ ਹੈ:

੧) ਮਾਰਕੰਡੇ ਪੁਰਾਣ

੨) ਸ਼ਿਵ ਪੁਰਾਣ

੩) ਸ੍ਰੀਮਦ ਭਾਗਵਤ ਪੁਰਾਣ

ਪੂਰੇ ਵੇਰਵੇ ਲਈ ਸੁਜਾਨ ਪਾਠਕਾਂ ਨੂੰ ਦਸਮ ਗ੍ਰੰਥ ਦੀ ਅਸਲੀਅਤ ਨਾਮਕ ਪੁਸਤਕ ਪੜ੍ਹਨ ਦੀ ਕੋਸ਼ਿਸ਼ ਕਰਨ ਲਈ ਨਿਮਰਤਾ ਭਰੀ ਬੇਨਤੀ ਹੈ ਜੀ।

ਇਹ ਸਿੱਖ ਕੌਮ ਦੀ ਤਰਾਸਦੀ ਹੈ ਕਿ ਇਸਨੇ ਪਿਛਲੇ ਸਮੇਂ ਵਿੱਚ ਘਟੀਆਂ ਦੁਖਦਾਈ ਘਟਨਾਵਾਂ ਦੇ ਵਾਪਰਨ ਦਾ ਕਦੀ ਵਿਸ਼ਲੇਸ਼ਣ ਨਹੀਂ ਕੀਤਾ। ਜਿਸ ਤੋਂ ਇਹ ਪਤਾ ਲੱਗ ਸਕਦਾ ਕਿ ਪੰਥ ਨੂੰ ਮੌਜੂਦਾ ਵਾਪਰੇ ਘਲੂਕਾਰਿਆਂ ਵਿੱਚ ਧੱਕਣ ਵਾਲੇ ਕਿਹੜੇ ਲੋਕ ਜ਼ਿੰਮੇਵਾਰ ਹਨ ਅਤੇ ਉਹ ਕਿਸ ਧਿਰ ਦੇ ਇਸ਼ਾਰੇ ਉੱਤੇ ਚਲ ਰਹੇ ਹਨ। ਭਾਵੇਂ ਪਿਛਲੇ ਦਹਾਕੇ ਦੀਆਂ ਘਟਨਾਵਾਂ ਨੇ ਕਾਫੀ ਹੱਦ ਤਿੱਕਰ ਇਹ ਧੁੰਦ ਸਾਫ ਕਰ ਦਿੱਤੀ ਹੈ ਕਿ ਸਿੱਖ ਕੌਮ ਦੇ ਸਿਆਸੀ ਆਗੂ ਆਰ ਐਸ ਐਸ ਦੇ ਥੱਲੇ ਲੱਗੇ ਹੋਏ ਹਨ ਅਤੇ ਅੱਗੋਂ ਧਾਰਮਿਕ ਮੋਹਰੀ ਉਹਨਾਂ ਗ਼ੁਲਾਮ ਸਿਆਸਤਦਾਨਾਂ ਦੇ ਗ਼ੁਲਾਮ ਹਨ। ਬੇਨਤੀ ਹੈ ਕਿ ਸਾਡੇ ਸਿੱਖ ਲੀਡਰਾਂ ਦੇ ਮਾਲਕਾਂ ਬਾਰੇ ਸਹੀ ਤਸਵੀਰ ਪੇਸ਼ ਕਰਦਾ ਇਹ ਲੇਖ:

http://www.indiaawareness.com/archives/nov09/role_of_rss_in_84_massacre.htm

ਜੋ ਇੰਡੀਆ ਅਵੇਅਰਨੈਸ ਵਿੱਚ ਇਸੇ ਮਹੀਨੇ ਛਪਿਆ ਹੈ ਪੜ੍ਹ ਕੇ ਸੂਝਵਾਨ ਪਾਠਕ ਖ਼ਦੁ ਅੰਦਾਜ਼ਾ ਲਗਾਉਣ ਕਿ ਜਿਹਨਾਂ ਲੋਕਾਂ ਦੇ ਹੱਥ ਸਿੱਖਾਂ ਨੇ ਆਪਣੀ ਸਿਆਸੀ ਅਤੇ ਧਾਰਮਿਕ ਕਿਸਮਤ ਘੜਨ ਦਾ ਜ਼ਿੰਮਾ ਸੌਂਪਿਆ ਹੋਇਆ ਹੈ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਹੈ! ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ (ਪੰਨਾ ੪੮੮)। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਐਸੇ ਲੋਕਾਂ ਤੋਂ ਕੌਮ ਦੇ ਖਾਤਮੇ ਦੀ ਹੀ ਆਸ ਕੀਤੀ ਜਾ ਸਕਦੀ ਹੈ, ਜੋ ਸਿੱਖ ਕੌਮ ਦੇ ਦੋਖੀਆਂ ਦੇ ਪਿੱਛੇ ਲੱਗ ਕੇ ਕੌਮ ਨੂੰ ਗੂਰੂ ਗ੍ਰੰਥ ਸਹਿਬ ਨਾਲੋਂ ਤੋੜ ਕੇ ਗੁਰੂ ਨਿੰਦਕ ਕਿਤਾਬ ਅਖੌਤੀ ਦਸਮ ਗ੍ਰੰਥ ਦੇ ਪੁਜਾਰੀ ਬਣੌਨ ਉੱਤੇ ਤੁਲੇ ਹੋਏ ਹਨ।

ਭਾਵੇਂ ਸਿੱਖਾਂ ਨੂੰ ਅਖੌਤੀ ਦਸਮ ਗ੍ਰੰਥ ਵਿਚਲੀ ਗੰਦਗੀ ਬਾਰੇ ਕਈ ਸੁਹਿਰਦ ਗੁਰਸਿੱਖ ਜਥੇਬੰਦਕ ਜਾਂ ਸਖਸ਼ੀ ਤੌਰ ਉੱਪਰ ਜਾਗਰਿਤ ਕਰਨ ਲਈ ਉਪਰਾਲੇ ਕਰ ਰਹੇ ਹਨ। ਪਰ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਸਹਿਬ ਦੇ ਸਾਬਕਾ ਜਥੇਦਾਰ ਹੋਣ ਕਾਰਨ ਵਿਰੋਧੀਆਂ ਦੀ ਬਦੌਲਤ ਕੁੱਝ ਜ਼ਿਆਦਾ ਚਰਚਾ ਵਿੱਚ ਆ ਗਏ ਹਨ। ਪਿਛਲੇ ਹਫਤੇ ਦਸਮ ਗ੍ਰੰਥ ਪੱਖੀ ਲਾਬੀ, ਜਿਹਨਾਂ ਦੇ ਨਾਂਮ ਆਰ ਐਸ ਐਸ ਨਾਲ ਜੁੜੇ ਹੋਏ ਹੋਣ ਬਾਰੇ ਅਕਸਰ ਖਬਰਾਂ ਵਿੱਚ ਜ਼ਿਕਰ ਆਉਂਦਾ ਰਿਹਾ ਹੈ, ਵਲੋਂ ਉਹਨਾਂ ਨੂੰ ਘੇਰਨ ਦੀ ਸਾਜਿਸ਼ ਤਹਿਤ ਪਹਿਲਾਂ ਲੰਡਨ ਤੋਂ ਪੰਜਾਬ ਰੇਡੀਓ ਦੁਆਰਾ ਉਹਨਾਂ ਨਾਲ ਇੰਟਰਵਿਊ ਕੀਤੀ ਗਈ ਅਤੇ ਉਸੇ ਦਿਨ ਸ਼ਾਮ ਨੂੰ ਇਸੇ ਰੇਡੀਓ ਨੇ ਨਿਊਯਾਰਕ ਤੋਂ ਸ਼ਾਇਦ ਜਸ ਟੀਵੀ ਵਲੋਂ ਫੋਨ ਰਾਹੀਂ ਪ੍ਰੋ: ਹੋਰਾਂ ਨਾਲ ਕੀਤੀ ਇੰਟਰਵਿਊ ਦਾ ਰਕਿਾਰਡ ਕੀਤਾ ਹੋਇਆ ਰੂਪ ਦੁਬਾਰਾ ਸੁਣਾਇਆ ਗਿਆ। ਇਸ ਦੁਰਾਨ ਸ੍ਰੀ ਲਾਂਬਾ ਨੇ ਬੜੀ ਚਲਾਕੀ ਨਾਲ ਅਪਣੇ ਮਤਲਬ ਦੀਆਂ ਲਾਈਨਾਂ ਪੜ੍ਹ ਕੇ ਪਬਲਿਕ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਝੁਠਲਾਉਣ ਦੀ ਚਾਲ ਚੱਲੀ ਸੀ। ਇਸ ਰੀਕਾਰਡ ਕੀਤੀ ਹੋਈ ਵਾਰਤਾਲਾਪ ਤੋਂ ਬਾਅਦ ਕੈਲੀਫੋਰਨੀਆਂ ਤੋਂ ਸ੍ਰ: ਸਰਬਜੀਤ ਸਿੰਘ ਨੇ ਲਾਂਬਾ ਜੀ ਵਲੋਂ ਰਚੀ ਗਈ ਸਾਜਿਸ਼ ਦਾ ਪਰਦਾ ਫਾਸ਼ ਕਰ ਦਿੱਤਾ ਕਿ ਕਿਵੇਂ ਉਸਨੇ ਵਿੱਚੋਂ ਵਿੱਚੋਂ ਪੰਕਤੀਆਂ ਛੱਡ ਛੱਡ ਕੇ ਪੜ੍ਹੀਆਂ ਤਾਂ ਕਿ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਜੀ ਦਾ ਨਿਰਾਦਰ ਕਰਨ ਵਾਲਾ ਸਿਧ ਕੀਤਾ ਜਾ ਸਕੇ। ਇਸ ਤੋਂ ਪੰਥ ਦੋਖੀਆਂ ਦੀ ਮਣਸ਼ਾ ਸਹਿਜੇ ਉਜਾਗਰ ਹੋ ਜਾਂਦੀ ਹੈ। ਖੈਰ ਪ੍ਰੋ: ਦਰਸ਼ਨ ਸਿੰਘ ਵਲੋਂ ਜੋ ਐਲਾਨ ਕੀਤਾ ਗਿਆ ਹੈ ਕਿ ਉਹ ਉੱਪਰ ਵਰਣਤ ਉੱਪਦਰ ਕਰਨ ਵਾਲੇ ਅਖੌਤੀ ਜਥੇਦਾਰਾਂ ਮੂਹਰੇ ਪੇਸ਼ ਹੋਣਗੇ ਇਸ ਨਾਲ ਪ੍ਰੋ: ਜੀ ਇੱਕ ਤਰਾਂ ਨਾਲ ਗੁਰੂ ਜੀ ਦੇ ਹੁਕਮਾਂ ਦਾ ਨਿਰਾਦਰ ਕਰਨ ਵਾਲੇ ਕੁਰਹਿਤੀਆਂ ਨੂੰ ਮਾਣਤਾ ਹੀ ਦੇ ਰਹੇ ਹੋਣਗੇ! ਦੂਸਰੇ ਜਦੋਂ ਪ੍ਰੋ; ਜੀ ਆਪਣੇ ਸਮਰੱਥਕਾਂ ਨਾਲ ਦਰਬਾਰ ਸਹਿਬ ਜਾਣਗੇ ਤਾਂ ਇਸ ਨਾਲ ਸਿੱਖਾਂ ਵਿੱਚ ਆਪਸੀ ਟਕਰਾਅ ਵੀ ਹੋ ਸਕਦਾ ਹੈ ਜਿਸਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ ਇਸ ਲਈ ਅਸੀਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਫੈਸਲੇ ਉੱਪਰ ਦੁਬਾਰਾ ਗ਼ੌਰ ਫੁਰਮਾਉਣ। ਆਸ ਕਰਦੇ ਹਾਂ ਕਿ ਉਹ ਦੂਰਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਹੀ ਕੋਈ ਅੰਤਮ ਨਿਰਣਾ ਲੈਣਗੇ।

ਬਾਦਲ ਪੱਖੀ ਮਹਿਤਾ ਅਖੌਤੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪ੍ਰੋ: ਦਰਸ਼ਨ ਸਿੰਘ ਦਾ ਪੁਤਲਾ ਫੂਕਣ ਦੀ ਅਫਸੋਸਨਾਕ ਖ਼ਬਰ ਆਈ ਹੈ। ਕੀ ਇਹ ਓਹੀ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਹੈ ਜਿਸ ਦਾ ਪ੍ਰਧਾਨ ਕਿਸੇ ਵੇਲੇ ਸ਼ਹੀਦ ਭਾਈ ਅਮਰੀਕ ਸਿੰਘ ਸੀ? ਹਾਂ ਇਹ ਸਿਰਫ ਇੱਕ ਉਹ ਟੁਕੜੀ ਹੈ ਜਿਸਦਾ ਮਕਸਦ ਸਿਰਫ ਪੈਸਾ ਕਮਾਉਣਾ ਅਤੇ ਨਾਮ ਚਮਕਾਉਣਾ ਹੈ। ਇਸ ਦੀ ਤਸਦੀਕ ਇਸ ਤੱਥ ਤੋਂ ਹੁੰਦੀ ਹੈ – ਸਾਡੇ ਏਥੇ ਇੱਕ ਮਹਿਤੇ ਦਾ ਜ੍ਹੇਲੀ ਜੋੜੀਦਾਰ ਰਹਿੰਦਾ ਹੈ ਜਿਸਨੂੰ ਮਹਿਤਾ ਕਈ ਵੇਰ ਫੋਨ ਰਾਹੀਂ ਆਖ ਚੁੱਕਾ ਹੈ ਕਿ ਵਾਪਿਸ ਇੰਡੀਆ ਆ ਜਾ ਏਥੇ ਬਹੁਤ ਪੈਸਾ ਹੈ ਜਿਨਾਂ ਕਹੇਂ ਓਨਾ ਥੋੜਾ ਕਿਸੇ ਗੱਲੋਂ ਫਿਕਰ ਦੀ ਕੋਈ ਗੁੰਜਾਇਸ਼ ਨਹੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਵਾਲੀ ਫੈਡਰੇਸ਼ਨ ਦਾ ਕੀ ਏਜੰਡਾ ਹੈ। ਸਿੱਖੀ ਵਾਲੀ ਕੋਈ ਗਲ ਨਹੀਂ ਐਸ਼ੋ-ਇਸ਼ਰਤ, ਪੈਸਾ ਅਤੇ ਤਾਕਤ ਦਾ ਨਸ਼ਾ ਹਾਂ ਦੂਜੇ ਨਸ਼ਿਆਂ ਦੇ ਨਾਲ ਨਾਲ – ਜਾਣੀ ਹਉਮੈ ਨੂੰ ਪੱਠੇ ਪਾਉਣੇ ਬਸ ਹੋਰ ਕੋਈ ਮਕਸਦ ਨਹੀਂ।

ਸਿੱਖ ਕੌਮ ਨੂੰ ਧਾਰਮਿਕ ਸੇਧ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਤਾਂ ਸਿਆਸੀ ਦਖਲ ਕਰਕੇ ਨਿਰਾਸ਼ਾਜਨਕ ਹੈ ਹੀ, ਆਓ ਦੇਖਦੇ ਹਾਂ ਹੋਰ ਅਖੌਤੀ ਧਾਰਮਿਕ ਅਖਵਾਉਂਦੇ ਅਦਾਰਿਆਂ ਦਾ ਕੀ ਰੋਲ ਹੈ! ਇਸ ਵਿੱਚ ਅਨੇਕਾਂ ਸਾਧ ਟੋਲਿਆਂ ਦੇ ਡੇਰੇ, ਟਕਸਾਲੀ ਡੇਰੇ, ਨਿਹੰਗ ਸਿੰਘਾਂ ਦੀਆਂ ਛਾਉਣੀਆਂ ਅਤੇ ਹੋਰ ਜਥੇ ਜੋ ਪੰਥ ਵਲੋਂ ਪ੍ਰਵਾਨ ਕੀਤੀ ਹੋਈ ਮਰਿਯਾਦਾ ਨੂੰ ਟਿੱਚ ਸਮਝਦੇ ਹੋਏ ਆਪਣੀ ਆਪਣੀ ਮਰਿਯਾਦਾ ਚਲਾਈ ਫਿਰਦੇ ਹਨ। ਇਹ ਉਹ ਵ੍ਹੇਲੜ ਲਾਣਾ ਹੈ ਜੋ ਸਿੱਖੀ ਦੇ ਮੁਢਲੇ ਅਸੂਲਾਂ ਤੋਂ ਭਗੌੜਾ ਹੈ ਅਤੇ ਲੋਕਾਂ ਦੇ ਟੁਕੜਿਆਂ ਉੱਤੇ ਪਲਣ ਵਾਲਾ ਹੈ। ਨਾਂਹ ਤਾਂ ਇਹ ਹੱਥੀਂ ਕਿਰਤ ਕਰਦੇ ਹਨ, ਨਾਂਹ ਨਾਮ ਜਪਦੇ ਹਨ ਹਾਂ ਲੋਕਾਂ ਨੂੰ ਜਪਾਉਣ ਦਾ ਢਕਵੰਜ ਜ਼ਰੂਰ ਕਰਦੇ ਹਨ ਅਤੇ ਨਾਂਹ ਹੀ ਵੰਡ ਕੇ ਛਕਦੇ ਹਨ ਸਿਰਫ ਆਪਣੇ ਨਾਮ ਉੱਪਰ ਹੀ ਨਿਜੀ ਸ਼ਾਹਾਨਾਂ ਡੇਰੇ ਬਣਾਉਨ ਵਿੱਚ ਰੁਝੇ ਹੋਏ ਹਨ ਜੋ ਗ਼ਰੀਬ ਮਨੁੱਖਾਂ ਦੀ ਕਿਰਤ ਕਮਾਈ ਦੀ ਲੁੱਟ ਜਾਂ ਜ਼ਬਰਦਸਤੀ ਲੋਕਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਹੋਂਦ ਵਿੱਚ ਆ ਰਹੇ ਹਨ। ਇਹਨਾਂ ਡੇਰਿਆਂ ਦੇ ਆਗੂ ਆਪਣੇ ਆਪ ਨੂੰ ਸੰਤ, ਮਹਾਂਪੁਰਸ਼, ਬ੍ਰਹਮਗਿਆਨੀ ਅਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਆਪੂ ਘੜੇ ਲਕਬਾਂ ਨਾਲ ਲੱਦੀ ਫਿਰਦੇ ਹਨ! ਇਹ ਸਾਰੇ ਹੀ ਅਖੌਤੀ ਦਸਮ ਗ੍ਰੰਥ ਨੂੰ (ਜੋ ਇਸ ਵਿੱਚ ਦਰਜ਼ ਕਾਮੁ ਉਕਸਾਊ ਨੁਸਕਿਆਂ ਅਤੇ ਲੁੱਚਪੁਣੇ ਕਾਰਨ ਕੰਜਰ ਕਵਿਤਾ ਵਜੋਂ ਜਾਣੀ ਜਾਣ ਲੱਗੀ ਹੈ) ਖਾਸ ਮੱਹਤਵ ਦਿੰਦੇ ਹਨ। ਸ਼ਾਇਦ ਇਸੇ ਕਾਰਨ ਇਹਨਾਂ ਡੇਰਿਆਂ ਵਿੱਚ ਵਾਪਰ ਰਹੇ ਬਲਾਤਕਾਰਾਂ ਦੇ ਕਿੱਸੇ ਅਕਸਰ ਅਖਬਾਰਾਂ ਵਿੱਚ ਨਸ਼ਰ ਹੁੰਦੇ ਰਹਿੰਦੇ ਹਨ। ਇਹਨਾਂ ਡੇਰਿਆਂ ਵਿੱਚੋਂ ਸਿਖਲਾਈ ਯਾਫਤਾ ਹੀ ਪਾਠਾਂ ਦੀ ਰੌਲ੍ਹ ਵੇਲੇ ਮੋਬਾਈਲ ਉੱਪਰ ਕਾਮੁਕ ਤਸਵੀਰਾਂ ਵੇਖਦੇ ਹੋਏ ਜਾਂ ਹੋਰ ਅਸ਼ਲੀਲ ਹਰਕਤਾਂ ਕਰਦੇ ਫੜੇ ਜਾਂਦੇ ਹਨ। ਟਕਸਾਲ ਦਾ ਸਿੱਖਿਆ ਹੋਇਆ ਇੱਕ ਐਸਾ ਹੀ ਵ੍ਹੇਲੜ ਵਲੈਤ ਵਿੱਚ ਕੁਕਰਮ ਦੇ ਇਲਜ਼ਾਂਮ ਹੇਠ ਸਜ਼ਾ ਪਾ ਚੁੱਕਾ ਹੈ। ਇਸ ਤਰਾਂ ਦੇ ਕਈ ਲੋਕ ਬਚੇ ਫਿਰ ਰਹੇ ਹਨ ਕਿਉਂ ਕਿ ਭਲੇਮਾਣਸ ਲੋਕ ਆਪਣੀ ਇਜ਼ਤ ਦੀ ਖਿੱਲੀ ਉਡਣ ਦੇ ਡਰੋਂ ਇਹਨਾਂ ਕੁਕਰਮੀਆਂ ਵਿਰੁਧ ਜਨਤਕ ਤੌਰ ਤੇ ਕੁੱਝ ਨਹੀਂ ਕਰਦੇ। ਇਹ ਕੋਈ ਅਣਹੋਣੀ ਨਹੀਂ, ਜਿਸ ਤਰਾਂ ਦੀ ਕੋਈ ਸਿੱਖਿਆ ਪ੍ਰਾਪਤ ਕਰੇਗਾ ਜਾਂ ਜਿਸ ਮਹੌਲ ਵਿੱਚ ਕੋਈ ਸਿੱਖੇਗਾ ਉਹੋ ਜਿਹੇ ਕਾਰੇ ਤਾਂ ਕਰੇਗਾ ਹੀ। ਜਿਸ ਨੂੰ ਇਹ ਪੜ੍ਹਾਇਆ ਜਾਏ ਕਿ ਅੰਮ੍ਰਿਤਧਾਰੀ (ਦਰਅਸਲ ਪਹੁਲਧਾਰੀ) ਅਗਰ ਕੋਈ ਗ਼ਲਤੀ ਕਰੇਗਾ ਤਾਂ ਭੁਲ ਭਖ਼ਸ਼ਾਕੇ ਦੁਬਾਰਾ ਅੰਮ੍ਰਿਤ ਛਕ ਸਕਦਾ ਹੈ ਅਤੇ ਦਸ ਹਜ਼ਾਰ ਸਾਲ ਤੱਕ ਗੁਰੂ ਜੀ ਉਸ ਦੀ ਭੁਲ ਨੂੰ ਬਖਸ਼ਦੇ ਰਹਿਣਗੇ। ਕੀ ਐਸੀ ਸਿੱਖਿਆ ਸਿੱਖਿਆਰਥੀ ਜਾਂ ਅਖੌਤੀ ਅੰਮ੍ਰਿਤ ਅਭਿਲਾਖੀ ਨੂੰ ਕੁਕਰਮ ਕਰਨ ਲਈ ਉਤਸ਼ਾਹਿਤ ਨਹੀਂ ਕਰਦੀ? ਇਹ ਭੀ ਸੱਚ ਹੈ ਕਿ ਇਹਨਾਂ ਡੇਰਿਆਂ ਵਿੱਚ ਪੂਰਨ ਤੌਰ ਉੱਪਰ ਬ੍ਰਾਹਮਣੀ ਕਰਮ ਕਾਂਡ ਕੀਤੇ ਜਾਂਦੇ ਹਨ, ਚਲੀਹੇ ਕੱਟੇ ਜਾਂਦੇ ਹਨ, ਪਾਠਾਂ ਵੇਲੇ ਪਾਣੀ ਦੇ ਘੜੇ ਭਰ ਕੇ ਲਾਲ ਕਪੜੇ ਨਾਲ ਢਕੇ ਜਾਂਦੇ ਹਨ (ਇਸ ਪਾਣੀ ਨੂੰ ਬਾਅਦ ਵਿੱਚ ਅੰਮ੍ਰਿਤ ਦੇ ਤੌਰ ਤੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ), ਨਾਰੀਅਲ ਨੂੰ ਲਾਲ ਕਪੜੇ ਵਿੱਚ ਬੰਨ ਕੇ ਰੱਖਿਆ ਜਾਂਦਾ ਹੈ, ਭਾਂਤ ਭਾਂਤ ਦੀ ਸਮਗਰੀ ਨਾਲ ਧੂਪ ਧੁਖਾਈ ਜਾਂਦੀ ਹੈ, ਥਾਲਾਂ ਵਿੱਚ ਦੀਵੇ ਜਗਾ ਕੇ ਆਰਤੀ ਕੀਤੀ ਜਾਂਦੀ ਹੈ ਅਤੇ ਹੋਰ ਕਿੰਨਾ ਕੁਝ।

ਅੱਜਕਲ ਯੂਕੇ ਤੋਂ ਸਿੱਖ ਚੈਨਲ ਚਾਲੂ ਹੋਇਆ ਹੈ ਇਸ ਦੇ ਇੱਕ ਪ੍ਰੋਗਰਾਮ ਵਿੱਚ ਇੱਕ ਸਜਣ ਕਥਾ ਕਰ ਰਹੇ ਕਹਿ ਰਹੇ ਸਨ ਕਿ ਲੋਕ ਕਹਿੰਦੇ ਹਨ ਟਕਸਾਲ ਦਾ ਅੰਮ੍ਰਿਤ ਕਰੜਾ ਹੈ ਇਸ ਕਰਕੇ ਘਟ ਲੋਕ ਇਹਨਾਂ ਤੋਂ ਅੰਮ੍ਰਿਤ ਛਕਦੇ ਹਨ। ਪਹਿਲੀ ਗਲ ਅੰਮ੍ਰਿਤ ਛਕਣ ਛਕਾਉਣ ਦੀ ਹੀ ਗ਼ਲਤ ਹੈ ਕਿਉਂ ਕਿ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ (ਪੰਨਾ ੧੨੩੮) ਅੰਮ੍ਰਿਤ ਤਾਂ ਬਾਣੀ ਵਿੱਚ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ (ਪੰਨਾ ੯੮੨)। ਦਰਅਸਲ ਜਿਸ ਨੂੰ ਇਹ ਭਾਈ ਜੀ ਅੰਮ੍ਰਿਤ ਆਖ ਰਹੇ ਹਨ ਉਸ ਨੂੰ ਖੰਡੇ ਬਾਟੇ ਕੀ ਪਹੁਲ ਦਾ ਨਾਮ ਗੁਰੂ ਸਹਿਬਾਂ ਆਪ ਦਿੱਤਾ ਸੀ ਨਾਂਹ ਕਿ ਅੰਮ੍ਰਿਤ ਦਾ। ਦੂਸਰੇ ਟਕਸਾਲ ਦਾ ਅੰਮ੍ਰਿਤ ਕਰੜੇ ਵਾਲੀ ਗਲ ਵੀ ਯੋਗ ਨਹੀਂ ਕਿਉਂ ਕਿ ਗੁਰੂ ਸਾਹਿਬਾਂ ਖੰਡੇ ਬਾਟੇ ਦੀ ਪਹੁਲ ਦੀ ਸਿਰਫ ਇੱਕੋ ਪ੍ਰੰਪਰਾ ਚਲਾਈ ਸੀ ਕੋਈ ਵੱਖਰੀ ਵੱਖਰੀ ਨਹੀਂ ਨਾਂਹ ਕੋਈ ਕਰੜੀ ਤੇ ਨਾਂਹ ਕੋਈ ਨਰਮ। ਇਸ ਤਰਾਂ ਇਹ ਲੋਕ ਆਪਣੇ ਵਲੋਂ ਕੀਤੇ ਜਾ ਰਹੇ ਕੰਮ ਨੂੰ ਸ੍ਰੇਸ਼ਟ ਦਰਸਾਉਣ ਦੀ ਕੁਚੇਸ਼ਟਾ ਕਰ ਰਹੇ ਹਨ ਨਤੀਜਨ ਕੌਮ ਵਿੱਚ ਵੰਡੀਆਂ ਪੈ ਰਹੀਆਂ ਹਨ। ਟਕਸਾਲ ਦੇ ਇੱਕ ਧੜੇ ਦਾ ਮੁਖੀ (ਜੋ ਹਾਲੇ ਪਿੱਛੇ ਜਹੇ ਚਲੀਹਾ ਕੱਟਣ ਦੀ ਕੁਰਹਿਤ ਕਰਨ ਕਰਕੇ ਖ਼ਬਰਾਂ ਵਿੱਚ ਆ ਚੁੱਕਾ ਹੈ) ਹੋਰ ਸਾਧਾਂ ਨਾਲ ਰਲਕੇ ਨਾਨਕਸ਼ਾਹੀ ਕਲੰਡਰ ਦਾ ਸਿਰਤੋੜ ਵਿਰੋਧ ਕਰ ਰਿਹਾ ਹੈ। ਕੀ ਉਸ ਨੂੰ ਇਹ ਨਹੀਂ ਪਤਾ ਕਿ ਨਾਨਕਸ਼ਾਹੀ ਕੈਲੰਡਰ, ਜੋ ਸਿੱਖੀ ਵਿਲਖਣਤਾ ਦਾ ਪ੍ਰਤੀਕ ਹੈ, ਤੋਂ ਮੋੜਕੇ ਸਿੱਖਾਂ ਨੂੰ ਮੁੜ ਬਿਕਰਮੀ ਕੈਲੰਡਰ ਨਾਲ ਜੋੜਨਾ ਆਰ ਐਸ ਐਸ ਅਤੇ ਹੋਰ ਹਿੰਦੂਤਵੀ ਸੋਚ ਰੱਖਣ ਵਾਲਿਆਂ ਦਾ ਏਜੰਡਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਹੋਣ? ਸਾਰੇ ਹਿੰਦੂਤਵੀ ਸਿੱਖੀ ਸਰੂਪ ਨੂੰ ਦੇਖਣਾ ਨਹੀਂ ਚਾਹੁੰਦੇ ਇਹ ਭੀ ਕੋਈ ਲੁਕੀ ਛਿਪੀ ਗਲ ਨਹੀਂ, ਕੀ ਉਹ ਇਸ ਤੋਂ ਵੀ ਬੇਖ਼ਬਰ ਹੈ? ਖੈਰ ਜੋ ਕੁੱਝ ਉਹ ਕਰ ਰਿਹਾ ਹੈ ਆਪਣੀ ਅਕਲ ਦਾ ਜਨਾਜ਼ਾ ਕਢ ਰਿਹਾ ਹੈ ਅਤੇ ਆਪਣੀ ਗੁਰਮਤਿ ਵਿਰੋਧੀ ਸੋਚ ਦਾ ਹੀ ਪ੍ਰਗਟਾਵਾ ਕਰ ਰਿਹਾ ਹੈ।

ਯਾਦ ਰਹੇ ਇਸੇ ਟਕਸਾਲ ਦਾ ਮੁਖੀ ਜੋ ਕੁੱਝ ਸਮਾਂ ਦਰਬਾਰ ਸਹਿਬ ਵਿੱਚ ਰਹਿਣ ਕਰਕੇ ਬ੍ਰਾਹਮਣੀ ਕਰਮ ਕਾਂਡਾਂ ਤੋਂ ਸੁਖਰੂ ਹੋਣ ਕਰਕੇ ਖ਼ਾਲਸਾ ਹੋ ਨਿਬੜਿਆ ਸੀ। ਜਿਸ ਮਰਦ ਸੂਰਮੇ ਨੇ ਸਿੱਖਾਂ ਨਾਲ ਹੁੰਦੀ ਬੇਇੰਨਸਾਫੀ, ਤੇਰ-ਮੇਰ, ਭੇਦਭਾਵ ਅਤੇ ਹੋ ਰਹੇ ਜ਼ੁਲਮ ਵਿਰੁਧ ਐਸੀ ਆਵਾਜ਼ ਉਠਾਈ ਕਿ ਸਿੱਖਾਂ ਵਿੱਚ ਅਣਖ ਤੇ ਗ਼ੈਰਤ ਦੀ ਚੰਗਿਆੜੀ ਸੁਲਗ ਪਈ ਅਤੇ ਕੌਮ ਦਾ ਵਡਾ ਹਿਸਾ ਉਸ ਨਾਲ ਹੋ ਤੁਰਿਆ ਸੀ। ਜਿਸ ਤੋਂ ਹਿੰਦੂਤਵੀ ਸੋਚ ਵਾਲਾ ਤੁਅਸਬੀ ਹਿੰਦੂ ਫਿਰਕਾ ਅਤੇ ਸਰਕਾਰ ਤਿਲਮਲਾ ਉੱਠੇ ਸਨ ਅਤੇ ਸੱਚ ਹੱਕ ਦੀ ਆਵਾਜ਼ ਨੂੰ ਬੰਦ ਕਰਨ ਲਈ ਉਸਨੇ ਦਰਬਾਰ ਸਹਿਬ ਉੱਤੇ ਆਪਣੀ ਪੂਰੀ ਫੌਜੀ ਸ਼ਕਤੀ ਝੋਕ ਦਿੱਤੀ ਸੀ। ਮੁਠੀ ਭਰ ਸਿੱਘਾਂ ਨੇ ਉਸ ਜਾਂਬਾਜ਼ ਬਾਬਾ ਜਰਨੈਲ ਸਿੱਘ ਖ਼ਾਲਸਾ ਦੀ ਅਗਵਾਈ ਵਿੱਚ ਦੁਨੀਆਂ ਦੀ ਚੌਥੀ ਵਡੀ ਫੌਜੀ ਸ਼ਕਤੀ ਨੂੰ ਤਿੰਨ ਦਿਨ ਨੇੜੇ ਨਹੀਂ ਸੀ ਲੱਗਣ ਦਿੱਤਾ ਸੁਰਤ ਰਹਿੰਦੇ ਆਖਰੀ ਦਮ ਤਿੱਕਰ ਜੂਝਦੇ ਰਹੇ ਆਖਿਰ ਜਾਮੇ ਸ਼ਹਾਦਤ ਪੀ ਕੇ ਚਮਕੌਰ ਦੀ ਨਾ-ਜੋੜ ਇਤਹਾਸਿਕ ਜੰਗ ਨੂੰ ਮੁੜ ਦੁਹਰਾ ਕੇ ਸਿੱਖ ਤਵਾਰੀਖ ਵਿੱਚ ਆਪਣਾ ਤੇ ਆਪਣੇ ਸ਼ਹੀਦ ਸਾਥੀ ਸਿੰਘਾਂ ਦਾ ਨਾਮ ਰੌਸ਼ਨ ਕਰ ਗਏ। ਕੀ ਮੌਜੂਦਾ ਟਕਸਾਲ ਦੇ ਮੁਖੀ ਉਸ ਮਰਦੇ-ਮੁਜਾਹਿਦ ਤੋਂ ਕੋਈ ਸਬਕ ਸਿੱਖਣਗੇ? ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ੧੯੮੪ ਦੇ ਵਾਪਰੇ ਇਤਹਾਸਿਕ ਕਾਰਨਾਮੇ ਤੋਂ ਸੇਧ ਲੈਣ ਲਈ ਪ੍ਰੇਰਨਗੇ? ਜਾਂ ਉਹ ਪਿਛਲੇ ਇੱਕੀ ਸਾਲ ਝੂਠ ਬੋਲਣ ਵਾਲੇ ਕੰਮ ਚਲਾਊ ਮੁਖੀ, ਜਿਸ ਦੇ ਸਮੇਂ ਦੁਰਾਂਨ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਲੇ ਬੁੱਚੜ ਕੇ ਪੀ ਗਿਲ ਨੂੰ ਟਕਸਾਲ ਵਿੱਚ ਸਨਮਾਨਤ ਕੀਤਾ ਗਿਆ ਸੀ, ਵਾਂਗ ਛਲ ਕਪਟ ਦਾ ਪੱਲਾ ਹੀ ਫੜੀ ਰਖਣਗੇ ਤੇ ਆਪਣਾ ਜੀਵਨ, ਜੀਵਨ ਮਕਸਦ ਬੁਝੇ ਵਗੈਰ ਹੀ ਕਪਟੀ ਜਿੰਦਗੀ ਨੂੰ ਧੱਕਾ ਅਤੇ ਸਿੱਖਾਂ ਨੂੰ ਧੋਖਾ ਹੀ ਦਿੰਦੇ ਰਹਿਣਗੇ? ਜਾਂ ਗ਼ਰੀਬ ਸਿੱਖਾਂ ਦੀ ਮੇਹਨਤ ਦੀ ਲੁੱਟ ਕਰਨ ਵਾਲੇ ਅਨੇਕਾਂ ਹੋਰਨਾਂ ਸਾਧਾਂ ਦੀ ਭੀੜ ਵਿੱਚ ਗੁਆਚ ਜਾਣਗੇ? ਜਾਂ ਫਿਰ ਮਰਦੇ- ਮੁਜਾਹਿਦ ਵਾਂਗ ਸੱਚ ਕੀ ਬਾਣੀ ਭਾਵ ਸਿਰਫ ਗੁਰੂ ਗ੍ਰੰਥ ਸਹਿਬ ਜੀ ਦੇ ਲੜ ਲੱਗ ਕੇ ਅਤੇ ਅਣਧਰਮੀ ਕਿਤਾਬਾਂ ਦਾ ਉਲੱਥਾ ਭਾਵ ਅਖੌਤੀ ਦਸਮ ਗ੍ਰੰਥ ਨੂੰ ਨਕਾਰ ਕੇ ਸਿੱਖ ਕੌਮ ਦੀ ਵਿਲੱਖਣਤਾ ਲਈ ਜੂਝਣਗੇ? ਆਸ ਕਰਦੇ ਹਾਂ ਕਿ ਗੁਰੂਬਾਣੀ ਦੇ ਇਸ ਸੁਨੇਹੇ ਜੇਹਾ ਕੋ ਬੀਜੇ ਤੇਹਾ ਫਲੁ ਪਾਏ॥ (ਪੰਨਾ ੩੦੨) ਨੂੰ ਮੁੱਖ ਰਖਦੇ ਹੋਏ ਸਿੱਖਾਂ ਦੇ ਉੱਜਲੇ ਭਵਿਖ ਅਤੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣ ਲਈ ਬਿਰਥਾ ਜਨਮੁ ਗਵਾਇਆ ਕਪਟੀ ਵਾਲੀ ਸੁਰਤੀ ਨੂੰ ਤਿਆਗ ਕੇ ਸਾਰਥਿਕ ਕੰਮ ਕਰਨ ਦੀ ਪ੍ਰੰਪਰਾ ਨੂੰ ਸਰਅੰਜਾਮ ਕਰਨਗੇ!

ਅਕਾਲ ਪੁਰਖ ਭਲੀ ਕਰਨ!

ਨਿਰਭੈ ਸਿੰਘ




.