ੴ ਸਤਿ ਗੁਰ
ਪ੍ਰਸਾਦਿ॥
ਅਧਿਕਾਰ ਅਤੇ ਫਰਜ਼
ਕੀ
ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰਾਂ ਨੂੰ, ਸਿੱਖੀ ਬਾਰੇ ਫੈਸਲੇ ਲੈਣ ਦਾ ਕੋਈ ਅਧਿਕਾਰ ਹੈ?
ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਇਸ ਵਿਸ਼ੇ ਬਾਰੇ ਕੁੱਝ ਤੱਥਾਂ ਦੀ ਜਾਣਕਾਰੀ ਹਾਸਲ
ਕਰ ਲੈਣੀ ਲਾਹੇਵੰਦ ਹੋਵੇਗੀ।
ਇਹ ਗਾਥਾ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੁੰਦੀ ਹੈ, (ਜਿਸ ਬਾਰੇ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਦੀ
ਨੀਂਹ ਪੰਜਵੇ ਨਾਨਕ ਜੀ ਨੇ ਰੱਖੀ ਸੀ ਅਤੇ ਇਸ ਦੀ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ
ਕੀਤੀ ਸੀ) ਗੁਰਬਾਣੀ ਅਨੁਸਾਰ ਅਕਾਲ ਤਖਤ ਦੀ ਨੀਂਹ ਪਹਿਲੇ ਨਾਨਕ ਜੀ ਨੇ ਰੱਖੀ ਸੀ, ਗੁਰਬਾਣੀ
ਫੁਰਮਾਨ ਹੈ,
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੇ॥ (੯੬੬)
ਬਾਬਾ ਨਾਨਕ ਜੀ ਨੇ ਸੱਚ ਦਾ, ਕਰਤਾਰ ਦਾ ਰਾਜ ਚਲਾਇਆ, ਇਸ ਸੱਚ ਦੇ ਰਾਜ ਦਾ ਕਿਲ੍ਹਾ ਬਹੁਤ ਮਜ਼ਬੂਤ
ਨੀਂਹ ਤੇ ਉਸਾਰਿਅ ਗਿਆ। ਬਾਬੇ ਨਾਨਕ ਤੋਂ ਪਹਿਲਾਂ ਦੇ ਸਾਰੇ ਧਾਰਮਿਕ ਰਹਿਬਰਾਂ ਨੇ, ਪਰਮਾਤਮਾ ਦੀ
ਗੱਲ ਤਾਂ ਕੀਤੀ ਪਰ ਸਾਰੇ ਕੰਮ ਖਾਲਕ ਦੀ ਪੈਦਾ ਕੀਤੀ ਖਲਕਤ ਵਿੱਚ ਵੰਡੀਆਂ ਪਾਉਣ ਦੇ ਕੀਤੇ। ਬਾਬਾ
ਨਾਨਕ ਜੀ ਨੇ ਦੁਨੀਆ ਵਿਚਲੀਆਂ ਸਾਰੀਆਂ ਵੰਡੀਆਂ ਖਤਮ ਕਰਨ ਲਈ, ਦੁਨੀਆ ਨੂੰ ਇੱਕ ਨਵਾਂ ਰਾਹ
ਵਿਖਾਇਆ, ਜਿਸ ਨੂੰ ਖਾਲਸਾ ਪੰਥ, ਖਾਲੀ ਇੱਕ ਵਾਹਿਗੁਰੂ ਨਾਲ ਜੁੜੇ ਲੋਕਾਂ ਦੇ ਚਲਣ ਦਾ ਪੰਧ, ਮਾਰਗ,
ਰਸਤਾ ਕਿਹਾ ਜਾਂਦਾ ਹੈ।
ਇਸੇ ਰਾਜ ਦੀ ਵਿਸ਼ਾਲਤਾ ਸਮਝਾਉਂਦਿਆਂ ਬਾਬਰ ਨੂੰ, ਉਸ ਅਕਾਲ ਦੇ ਹੁਕਮ ਅੰਦਰ ਨਿਆਂ ਦਾ ਰਾਜ ਚਲਾਉਣ
ਲਈ ਪਰੇਰਿਆ, ਇਸੇ ਰਾਜ ਦੀ ਤਾਕਤ ਵਿਖਾਉਂਦਿਆਂ ਹਮਾਇਊਂ ਨੂੰ ਉਸ ਦੀ ਔਕਾਤ ਸਮਝਾਈ। ਸਮੇ ਦੇ ਨਾਲ
ਬਦਲਦੇ ਹਾਲਾਤ ਅਨੁਸਾਰ, ਇਹ ਮਹਿਸੂਸ ਕਰਦਿਆਂ ਕਿ ਆਉਣ ਵਾਲੇ ਨਿਕਟ ਭਵਿੱਖ ਵਿਚ, ਪਿਆਰ ਅਤੇ ਭਗਤੀ
ਦੇ ਇਸ ਰਾਹ ਦੇ ਪਾਂਧੀਆਂ ਲਈ ਖਤਰਾ ਪੈਦਾ ਹੋ ਗਿਆ ਹੈ। ਅਕਾਲ ਪੁਰਖ ਦੀ ਫੌਜ ਦਾ ਨਿਰਮਾਣ ਕੀਤਾ, ਉਸ
ਵਕਤ ਹੀ ਛੇਵੇਂ ਨਾਨਕ ਨੇ ਅਕਾਲ ਤਖਤ ਨੂੰ ਪ੍ਰਗਟ ਕੀਤਾ। ਕਿਸੇ ਬਿਲਡਿੰਗ ਦੇ ਰੂਪ ਵਿੱਚ ਨਹੀਂ,
ਕਿਸੇ ਤਖਤ ਦੇ ਰੂਪ ਵਿੱਚ ਨਹੀਂ, ਇੱਕ ਸਿਧਾਂਤ ਦੇ ਰੂਪ ਵਿਚ, ਜਿਸ ਦਾ ਪਰਤੀਕ ਇੱਕ ਉੱਚੀ ਥਾਂ ਸੀ।
ਇਹ ਗੱਲ ਵੱਖਰੀ ਹੈ ਕਿ ਇਹ ਉੱਚੀ ਥਾਂ ਵੀ ਬ੍ਰਾਹਮਣ ਦੀ ਮਾਰ ਤੋਂ ਨਹੀਂ ਬਚ ਸਕੀ। ਸਮੇ ਦੇ ਨਾਲ ਉਸ
ਦਾ ਨਾਮ ਥੜਾ ਸਾਹਿਬ ਹੋ ਗਿਆ, ਬ੍ਰਾਹਮਣ ਦੀ ਨੀਤੀ ਅਨੁਸਾਰ ਉਸ ਥੜਾ ਸਾਹਿਬ ਦੀ ਨੀਂਹ ਛੇਵੇਂ ਨਾਨਕ
ਨੇ ਰੱਖੀ, ਅਤੇ ਉਸਾਰੀ, ਸਿਰਫ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਪਵਿੱਤਰ ਕਰ ਕਮਲਾਂ ਨਾਲ
ਹੋਈ। ਬਾਬਾ ਨਾਨਕ ਦੇ ਸੰਗੀ ਸਾਥੀਆਂ, ਨੀਵੀਂ ਜਾਤ ਵਾਲਿਆਂ ਦਾ ਹੱਥ ਵੀ ਨਹੀਂ ਲੱਗਣ ਦਿੱਤਾ। ਆਖਰ
ਅਕਾਲ ਪੁਰਖ ਦਾ ਤਖਤ ਸੀ, ਜਦ ਸ਼ੂਦਰ ਅਕਾਲ ਦੀ ਪੂਜਾ ਹੀ ਨਹੀਂ ਕਰ ਸਕਦਾ ਤਾਂ ਅਕਾਲ ਦੇ ਤਖਤ ਨੂੰ ਉਸ
ਦੇ ਅਪਵਿਤ੍ਰ ਹੱਥ ਕਿਵੇਂ ਲੱਗਣ ਦਿੱਤੇ ਜਾ ਸਕਦੇ ਸਨ?
ਉਸ ਬ੍ਰਾਹਮਣ ਦੇ ਵੰਸ਼ਜ, ਜੋ ਅੱਜ ਸਿੱਖਾਂ ਦੇ ਮਾਲਕ, ਸਿੰਘ ਸਾਹਿਬ ਬਣੇ ਬੈਠੇ ਹਨ, ਅਕਸਰ ਸਵਾਲ
ਕਰਦੇ ਹਨ ਕਿ, ਤੁਸੀਂ ਹੀ ਵੱਡੇ ਸਿਆਣੇ ਬਣ ਗਏ ਹੋ, ਤੁਹਾਡੇ ਵਡੇਰੇ ਕੀ ਬੇਵਕੂਫ ਸਨ? ਗੱਲ ਕਿਸੇ ਦੇ
ਬੇਵਕੂਫ ਜਾਂ ਸਿਆਣੇ ਹੋਣ ਦੀ ਨਹੀਂ, ਗੱਲ ਗੁਰਮਤ ਦੇ ਸਿਧਾਂਤ ਦੀ ਹੈ, ਜੇ ਸਾਡੇ ਬਜ਼ੁਰਗਾਂ ਨੂੰ ਵੀ
ਅਮਨ ਦਾ (ਗੁਰਬਾਣੀ ਵਿਚਾਰਨ ਦਾ) ਸਮਾ ਮਿਲਿਆ ਹੁੰਦਾ ਤਾਂ ਤੁਸੀਂ ਅੱਜ ਸਿੰਘ ਸਾਹਿਬ ਨਾ ਹੁੰਦੇ।
ਤੁਸੀਂ ਸਾਡੇ ਵਲੋਂ ਉਠਾਏ ਜਾਂਦੇ ਕਿਸੇ ਵੀ ਸਵਾਲ ਦਾ ਤਰਕ ਸੰਗਤ, ਗੁਰਬਾਣੀ ਅਧਾਰਤ ਜਵਾਬ ਤਾਂ ਦਿਉ।
ਦਰਬਾਰ ਸਾਹਿਬ ਨੂੰ ਹਰਿਮੰਦਰ ਬਣਾ ਕੇ ਪੀਰੀ ਦੇ ਸਿਧਾਂਤ ਦਾ ਸਫਾਇਆ ਕਰਨ ਮਗਰੋਂ, ਮੀਰੀ ਦੇ ਸਿਧਾਂਤ
ਦੇ ਸਫਾਏ ਲਈ ਇਹ ਇੱਕ ਅਜਿਹਾ ਵਾਰ ਸੀ, ਜਿਸ ਤੇ ਅੱਜ ਤਕ ਕਿਸੇ ਨੇ ਕਿੰਤੂ ਨਹੀਂ ਕੀਤਾ।
ਇਸ ਮਗਰੋਂ ਇਸ ਥਾਂ ਤੇ ਭੋਲੇ ਭਾਲੇ ਸਿੱਖਾਂ ਨੇ ਅਕਾਲ ਬੁੰਗਾ ਬਣਾਇਆ, ਮਗਰੋਂ ਉਹ ਹੀ ਅਕਾਲ ਤਖਤ
ਬਣਿਆ। ਅਕਾਲ ਤਖਤ ਕਈ ਵਾਰ ਢੱਠਾ, ਕਈ ਵਾਰ ਬਣਿਆ, ਪਰ ਬ੍ਰਾਹਮਣ ਵੱਲੋਂ, ਬਾਬੇ ਨਾਨਕ ਦੇ ਸੰਗੀ
ਸਾਥੀਆਂ ਨੂੰ ਇਸ ਦੀ ਉਸਾਰੀ ਤੋਂ ਦੂਰ ਰੱਖਣ ਦਾ, ਗੁਰਮਤ ਸਿਧਾਂਤਾਂ ਤੇ ਲਗੇ ਕਲੰਕ ਦਾ ਪਰਚਾਰ
ਨਿਰੰਤਰ ਚਲਦਾ ਰਿਹਾ ਅਤੇ ਚਲ ਰਿਹਾ ਹੈ।
ਜੇ ਬ੍ਰਾਹਮਣ, ਪਗੜੀਧਾਰੀ ਬ੍ਰਾਹਮਣਾਂ, ਗੋਲ ਪੱਗਿਆਂ ਨੂੰ ਛੱਡ ਦੇਈਏ ਤਾਂ, ਸਿੱਖਾਂ ਨੇ, ਅਕਾਲ
ਪੁਰਖ ਦੀ ਫੌਜ ਨੇ ਇਸ ਨੂੰ ਹਮੇਸ਼ਾ ਅਕਾਲ ਦੇ ਤਖਤ ਵਜੋਂ ਸਤਿਕਾਰਿਆ, ਮਾਨਤਾ ਦਿੱਤੀ। ਏਥੇ ਆਏ ਹਰ
ਫਰਿਆਦੀ ਦੀ, ਜਾਨਾਂ ਦੇ ਕੇ ਵੀ ਮਦਦ ਕੀਤੀ ਹੈ। ਇਸ ਦਾ ਸਿਧਾਂਤ, ੩੦੦ ਸਾਲਾਂ ਵਿੱਚ ਖੂਨ ਦੇ ਕੇ
ਸਿਰੇ ਚਾੜ੍ਹਿਆ। ਪਰ ਅਖੌਤੀ ਸਿੱਖ ਰਾਜ ਸ਼ੁਰੂ ਹੁੰਦਿਆਂ ਹੀ ਇਸ ਦੇ ਸਿਧਾਂਤ ਦਾ ਗਲਾ, ਪਗੜੀ ਧਾਰੀ
ਸਿੱਖਾਂ ਨੇ ਹੀ ਘੁੱਟ ਦਿੱਤਾ। ਇਸ ਦੀ ਸ਼ਾਨ, ਇਸ ਦੇ ਹਰ ਫੈਸਲੇ ਵਿਚ, ਹਰ ਸਿੱਖ ਦੀ ਭਾਗੀਦਾਰੀ
(ਸਰਬੱਤ ਖਾਲਸਾ) ਤੇ ਰੋਕ ਲਗਾ ਦਿੱਤੀ। ਫਿਰ ਤਾਂ ਇਸ ਦੇ ਸਿਧਾਂਤ ਨੂੰ ਰੋਲਣ ਦਾ ਕੋਈ ਮੌਕਾ, ਸਿੱਖੀ
ਭੇਸ ਵਿਚਲੇ ਉਦਾਸੀਆਂ, ਨਿਰਮਲਿਆਂ ਨੇ ਹੱਥੋਂ ਨਹੀਂ ਜਾਣ ਦਿੱਤਾ। ਇਸ ਦੀ ਬਰਾਬਰੀ ਤੇ ਇੱਕ ਤਖਤ
ਹੋਰ, ਫਿਰ ਇੱਕ ਹੋਰ, ਫਿਰ ਇੱਕ ਹੋਰ ਅਤੇ ਫਿਰ ਇੱਕ ਹੋਰ। ਸਿੱਖਾਂ ਦੇ ਪੰਜ ਤਖਤ ਹੋ ਗਏ, ਜਿਨ੍ਹਾਂ
ਵਿੱਚ ਅਕਾਲ ਦਾ ਤਖਤ ਗੁਆਚ ਕੇ ਰਹਿ ਗਿਆ।
ਹੁਣ ਜਥੇਦਾਰਾਂ, ਸਿੰਘ ਸਾਹਿਬਾਂ ਬਾਰੇ ਵੀ ਥੋੜ੍ਹੀ ਜਾਣਕਾਰੀ ਹਾਸਲ ਕਰ ਲਈਏ। ਅਕਾਲ ਤਖਤ ਤੇ
ਪਹਿਲੋਂ ਪਹਲ, ਭਾਈ ਮਨੀ ਸਿੰਘ ਜੀ ਦੀ ਨਿਯੁਕਤੀ ਬਾਰੇ ਇਤਿਹਾਸ ਗਵਾਹੀ ਭਰਦਾ ਹੋਇਆ, ਭਾਈ ਮਨੀ ਸਿੰਘ
ਜੀ ਨੂੰ ‘ਪੁਜਾਰਨ ਸਿਉਂ ਵਡੋ ਪੁਜਾਰੀ ‘ਬਣਾ ਦਿੰਦਾ ਹੈ। ਜਿਸ ਪੁਜਾਰੀ ਤੋਂ, ਬਾਬਾ ਨਾਨਕ ਜੀ ਨੇ
ਸਿੱਖੀ ਦਾ ਖਹੜਾ ਛੁਡਾਇਆ ਸੀ, ਉਸ ਪੁਜਾਰੀ ਨੇ, ਸਿੱਖੀ ਲਈ ਸਭ ਤੋਂ ਵੱਧ, ੩੭ ਜੀਆਂ ਦੀ ਕੁਰਬਾਨੀ
ਦੇਣ ਵਾਲੇ ਮਹਾਨਤਮ ਸ਼ਹੀਦ ਨੂੰ ਹੀ, ਅਪਣਾ ਵੱਡਾ ਪੁਜਾਰੀ ਬਣਾ ਧਰਿਆ ਅਤੇ ਕਿਸੇ ਸਿੱਖ ਨੇ ਚੂੰ ਵੀ
ਨਾ ਕੀਤੀ।
ਉਸ ਮਗਰੋਂ ਅਕਾਲ ਤਖਤ ਦੀ ਸੇਵਾ ਸੰਭਾਲ ਕਰਨ ਵਾਲਿਆਂ (ਦੋ, ਤਿੰਨ ਨੂੰ ਛੱਡ ਕੇ) ਨੇ ਪੂਰੀ ਤਨਦੇਹੀ
ਨਾਲ ਪੁਜਾਰੀ ਦਾ ਕੰਮ ਕੀਤਾ। ਭਾਵੇਂ ਉਨ੍ਹਾਂ ਨੂੰ ਸੇਵਾਦਾਰ, ਸਰਬਰਾਹ, ਜਥੇਦਾਰ ਜਾਂ ਸਿੰਘ ਸਾਹਿਬ
ਕਹਿ ਲਵੋ। ਪੰਥਕ ਫਸਲ ਵਿੱਚ ਸਿੰਘ ਸਾਹਿਬ ਦਾ ਨਵਾਂ ਨਦੀਣ ਪੈਦਾ ਹੋ ਗਿਆ ਹੈ ਜੋ ਵੱਧ-ਫੁੱਲ ਕੇ
ਪੰਥਕ ਫਸਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਇਨ੍ਹਾਂ ਸੇਵਾਦਾਰਾਂ, ਸਰਬਰਾਹਾਂ, ਜਥੇਦਾਰਾਂ, ਸਿੰਘ ਸਾਹਿਬਾਂ ਵਲੋਂ ਕੀਤੀ ਪੰਥ ਦੀ ਸੇਵਾ ਕੁੱਝ ਇਸ
ਪਰਕਾਰ ਹੈ, ਕਿਸੇ ਸੇਵਾਦਾਰ ਨੇ ਦਰਬਾਰ ਸਾਹਿਬ ਵਿੱਚ ਬ੍ਰਾਹਮਣੀ ਰੀਤਾਂ ਤੋਰੀਆਂ। (ਜਿਨ੍ਹਾਂ ਨੂੰ
ਅਕਾਲੀ ਫੁਲਾ ਸਿੰਘ ਨੇ ੧੮੦੦ ਈਸਵੀ ਵਿੱਚ ਬੰਦ ਕਰਵਾਇਆ) ਕਿਸੇ ਸੇਵਾਦਾਰ ਜਾਂ ਸਰਬਰਾਹ ਨੇ ਦਰਬਾਰ
ਸਾਹਿਬ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ। (ਜੋ ਸਿੰਘ ਸਭਾ ਲਹਿਰ ਵੇਲੇ
੧੯੨੦ ਈਸਵੀ ਵਿੱਚ ਹਟਾਈਆਂ ਗਈਆਂ) ਕਿਸੇ ਸਰਬਰਾਹ ਨੇ ਜਲਿਆਂਵਾਲੇ ਬਾਗ ਵਿੱਚ ਗੋਲੀ ਚਲਵਾਉਣ ਵਾਲੇ
ਜਨ: ਡਾਇਰ ਨੂੰ ਸਰੋਪੇ ਨਾਲ ਨਿਵਾਜਿਆ।
ਏਥੇ ਇੱਕ ਗੱਲ ਹੋਰ ਵਰਣਨ ਜੋਗ ਹੈ ਕਿ ਜਲਿਆਂ ਵਾਲੇ ਬਾਗ ਵਿੱਚ ਚਲੀ ਗੋਲੀ ਦੇ ਨਿਸ਼ਾਨ, ਭਾਰਤ ਸਰਕਾਰ
ਨੇ ਸਾਂਭੇ ਹੋਏ ਹਨ, (ਜਦ ਕਿ ਭਾਰਤ ਗੁਲਾਮ ਸੀ) ਪਰ ਉਸ ਤੋਂ ਕੁੱਝ ਕਦਮਾਂ ਦੀ ਵਿੱਥ ਤੇ ਦਰਬਾਰ
ਸਾਹਿਬ ਦੀ ਭਾਰਤੀ ਫੌਜ ਵਲੋਂ ਹੋਈ ਬਰਬਾਦੀ ਦੇ ਨਿਸ਼ਾਨ, ਭਾਰਤ ਸਰਕਾਰ ਦੇ ਇਸ਼ਾਰੇ ਤੇ, ਸਿੰਘਾਂ ਦੀ
ਲਾਡਲੀ ਫੌਜ, ਛੇਵਾਂ ਤਖਤ, ਚਲਦਾ ਵਹੀਰ, ਛੱਤੀ ਕ੍ਰੋੜੀ ਖਾਲਸੇ ਨੇ ਅਪਣੀ ਹੱਥੀਂ ਖਤਮ ਕੀਤੇ। (ਜਦ
ਕਿ ਭਾਰਤ ਨੂੰ ਆਜ਼ਾਦ ਕਿਹਾ ਜਾਂਦਾ ਹੈ) ਕਿਸੇ ਸਰਬਰਾਹ ਨੇ, ਗੁਰਦਵਾਰਿਆਂ ਦੀ ਆਜ਼ਾਦੀ ਲਈ ਜੂਝ ਰਹੇ
ਸਿੱਖਾਂ ਨੂੰ ਮਿਲਵਰਤਣ ਨਾ ਦੇਣ ਦਾ ਹੁਕਮ ਨਾਮਾ ਕੌਮ ਦੇ ਨਾਂ ਜਾਰੀ ਕੀਤਾ ਅਤੇ ਫਿਰ ਉਨ੍ਹਾਂ ਪੰਥਕ
ਪਰਵਾਨਿਆਂ ਨੂੰ ਪੰਥ ਵਚੋਂ ਛੇਕਣ ਦਾ ਅਣਅਧਿਕਾਰਤ ਕੁਕਰਮ ਕੀਤਾ।
ਕਿਸੇ ਜਥੇਦਾਰ ਨੇ ਪੰਥ ਸਾਮ੍ਹਣੇ, ਦਰਬਾਰ ਸਾਹਿਬ ਵਿੱਚ ਹੋਈ ਬਰਬਾਦੀ ਬਾਰੇ ਝੂਠ ਬੋਲਣ ਬਦਲੇ,
ਤਰੱਕੀ ਵਜੋਂ, ਸਿੰਘ ਸਾਹਿਬ ਦੇ ਲਕਬ ਦਾ ਇਨਾਮ ਹਾਸਲ ਕੀਤਾ। (ਕੀ ਇਹ ਭਾਈ ਮਨੀ ਸਿੰਘ ਜੀ ਦੇ ਵਾਰਸ
ਕਹਾਉਣ ਦੇ ਹੱਕਦਾਰ ਹਨ?)
ਕਿਸੇ ਜਥੇਦਾਰ ਨੂੰ ਤਾਂ ਜੇਲ੍ਹ ਵਿਚੋਂ ਹੀ ਜਥੇਦਾਰ ਬਣਾ ਕੇ ਕੱਢਿਆ ਗਿਆ ਤਾਂ ਜੋ ਉਹ ਅਕਾਲ ਦੇ ਤਖਤ
ਤੇ ਬਿਰਾਜਮਾਨ ਹੋ ਕੇ, ਸਿੱਖਾਂ ਦੇ ਨਾਮ, ੮੪ ਦੇ ਘੱਲੂਕਾਰੇ ਨੂੰ ਭੁੱਲ ਜਾਣ ਦਾ ਹੁਕਮ ਨਾਮਾ ਜਾਰੀ
ਕਰ ਦੇਵੇ। (ਪਰ ਕੁੱਝ ਕਾਰਨਾ ਕਰ ਕੇ ਇਹ ਕੰਮ ਸਿਰੇ ਨਾ ਚੜ੍ਹ ਸਕਿਆ) ਕਿਸੇ ਸਿੰਘ ਸਾਹਿਬ ਨੇ
ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸਿਆ, ਅਕਾਲ ਤਖਤ ਦਾ ਦਫਤਰ ਅਪਣੀ ਜੇਭ ਅਤੇ ਅਪਣੀ ਕਾਰ ਦੀ ਡਿੱਕੀ
ਵਿੱਚ ਰੱਖਿਆ।
ਕਿਸੇ ਸਿੰਘ ਸਾਹਿਬ ਨੇ, ਸਿੱਖਾਂ ਵਲੋਂ ਰੱਦ ਕਰ ਕੇ ਕੂੜੇ ਵਿੱਚ ਸੁੱਟੀ
ਕਿਤਾਬ ਨੂੰ ਹਾਰ ਸ਼ਿੰਗਾਰ ਕੇ, ਸਿੱਖਾਂ ਦੇ ਦਸਵੰਧ ਦੇ ਪੈਸੇ ਨਾਲ ਛਾਪਿਆ। (ਜਿਸ ਵਿੱਚ ਲਿਖਿਆ ਹੈ
ਕਿ, ਭਾਈ ਬਾਲੇ ਦੇ ਕਹੇ ਅਨੁਸਾਰ, ਪੰਜਵੇਂ ਅਤੇ ਨੌਵੇਂ ਨਾਨਕ, ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ
ਜੀ ਦੀ ਸ਼ਹਾਦਤ ਕਿਸੇ ਸਿਧਾਂਤ ਲਈ ਨਹੀਂ ਬਲਕਿ ਭੰਗ ਦੀ ਇਕ-ਇਕ ਮੁੱਠ ਲਈ ਹੋਈ ਸੀ।) ਇਸ ਕਿਤਾਬ ਦੀ
ਪਰਸ਼ੰਸਾ ਸਿੱਖਾਂ ਦੇ ਮਹਾਨਤਮ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੇ, (ਪੰਥ ਰਤਨਾਂ ਸਮੇਤ) ਪੰਥ ਲਈ
ਮਹਾਨ ਸੌਗਾਤ ਵਜੋਂ ਕੀਤੀ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ, ਜੇ ਕਿਸੇ ਸਾਧਾਰਨ ਬੰਦੇ ਵਲੋਂ ਕੀਤਾ
ਅਜਿਹਾ ਕੁਕਰਮ ਨੰਗਾ ਹੋ ਜਾਂਦਾ ਤਾਂ ਉਹ ਸ਼ਰਮ ਨਾਲ ਡੁੱਬ ਮਰਦਾ ਪਰ ਪੰਥ ਦੀਆਂ ਇਹ ਮਹਾਨ ਹਸਤੀਆਂ
ਬੇਸ਼ਰਮਾਂ ਵਾਙ ਅੱਜ ਵੀ ਪੰਥ ਨੂੰ ਸੇਧ ਦਿੰਦੀਆਂ ਵੇਖੀਆਂ ਜਾ ਸਕਦੀਆਂ ਹਨ। ਸਿੰਘ ਸਾਹਿਬ ਨੇ ਵੱਢੀ
ਲੈ ਕੇ ਫੈਸਲਾ ਮੁਜਰਮ ਦੇ ਹੱਕ ਵਿੱਚ ਕਰ ਦਿੱਤਾ। ਕੀ ਸਿੰਘ ਸਾਹਿਬ ਵਿਚਲੀ ਰੂਹ ਉਸ ਕਾਜ਼ੀ ਦੀ ਨਹੀਂ
ਹੈ? ਜਿਸ ਬਾਰੇ ਬਾਬਾ ਨਾਨਕ ਜੀ ਨੇ ਕਿਹਾ ਸੀ,
ਵਢੀ ਲੈ ਕੇ ਹਕੁ ਗਵਾਏ॥ (੯੫੧)
ਹੁਣ ਕੁੱਝ ਜਾਣਕਾਰੀ ਉਨ੍ਹਾਂ ਸਿੰਘ ਸਾਹਿਬਾਂ ਬਾਰੇ, ਜਿਨ੍ਹਾਂ ਦੇ ਫੈਸਲਾ ਲੈਣ ਦੇ ਅਧਿਕਾਰ ਬਾਰੇ
ਵਿਚਾਰ ਕਰ ਰਹੇ ਹਾਂ:
ਦੋ ਤਖਤਾਂ ਦੇ ਸਿੰਘ ਸਾਹਿਬ ਅਪਣੇ ਤਖਤਾਂ (ਸਿੱਖਾਂ ਦੇ ਨਹੀਂ) ਤੇ ਉਹ ਸਾਰੇ ਕੁਕਰਮ ਕਰ ਰਹੇ ਹਨ,
ਜਿਨ੍ਹਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਰਜਦੇ ਹਨ। ਇਸ ਤੋਂ ਇਲਾਵਾ ਸਾਰੇ ਪੁਰਬ ਧੱਕੇ ਨਾਲ ਨਾਨਕ
ਸ਼ਾਹੀ ਕੈਲੰਡਰ ਨ੍ਹੰ ਰੱਦ ਕਰ ਕੇ ਪੰਥ ਵਲੌਂ ਰੱਦ ਕੀਤੇ ਕੈਲੰਡਰ, ਬਿਕਰਮੀ ਅਨੁਸਾਰ ਮਨਾਉਂਦੇ ਹਨ।
ਆਰਤੀ ਵਾਲੇ ਸ਼ਬਦ ਵਿੱਚ ਬਾਬੇ ਨਾਨਕ ਜੀ ਵਲੋਂ ਦਿੱਤੀ ਸਿਖਿਆ ਨੂੰ ਪੁੱਠਾ ਗੇੜਾ ਦਿਂਦਿਆਂ ਥਾਲੀ
ਵਿੱਚ ਦੀਵੇ ਬਾਲ ਕੇ ਉਹੀ ਕੁਕਰਮ ਕਰਦਿਆਂ, ਬਾਬਾ ਨਾਨਕ ਜੀ ਦਾ ਸ਼ਬਦ ਪੜ੍ਹ ਕੇ ਸਿੱਖਾਂ ਨੂੰ ਕੁਰਾਹੇ
ਪਾ ਰਹੇ ਹਨ। ਸਾਕਤ ਮੱਤੀ, ਚੰਡੀ ਅਤੇ ਮਹਾਂਕਾਲ ਦੇ ਪੁਜਾਰੀ ਕਵੀਆਂ ਨੂੰ ਦਸਵਾਂ ਨਾਨਕ ਬਣਾ ਕੇ ਪੇਸ਼
ਕਰਨ ਦਾ ਘਿਨਾਉਣਾ ਕੁਕਰਮ ਕਰ ਰਹੇ ਹਨ।
ਤਿੰਨਾਂ ਤਖਤਾਂ ਦੇ ਸਿੰਘ ਸਾਹਿਬ ਨੂੰ ਤਾਂ, ਇਕਾ ਬਾਣੀ ਇਕੁ ਗੁਰੁ
ਇਕੋ ਸਬਦੁ ਵੀਚਾਰਿ॥ (੬੪੬) ਦੀ ਗੱਲ ਸੁਣਦਿਆਂ ਹੀ ਗੱਸ਼ ਪੈਣ ਲਗਦੀ ਹੈ, ਜਿਸ ਸਟੇਜ ਤੋਂ
ਅਜਿਹੀ ਗੱਲ ਹੋ ਰਹੀ ਹੋਵੇ, ਉਹ ਓਥੋਂ ਉੱਠ ਜਾਂਦੇ ਹਨ, ਉਨ੍ਹਾਂ ਲਈ ਇਹ ਗੱਲ ਹਜ਼ਮ ਕਰਨੀ ਔਖੀ ਹੈ।
ਬਾਕੀ ਦੋ ਤਖਤਾਂ ਦੇ ਸਿੰਘ ਸਾਹਿਬ, ਜਦੋਂ ਕਿਤੇ ਜ਼ਮੀਰ ਜਾਗ ਪਵੇ ਤਾਂ ਗੁਰਮਤ ਦੀ ਗੱਲ ਵੀ ਕਰ ਲੈਂਦੇ
ਹਨ, ਪਰ ਆਮ ਕਰ ਕੇ ਦੂਸਰੇ ਤਖਤਾਂ ਦੇ ਸਿੰਘ ਸਾਹਿਬਾਂ ਵਿੱਚ ਬੈਠਿਆਂ, ਜ਼ਮੀਰ ਜਾਗਣੀ ਹੀ ਮੁਸ਼ਕਿਲ
ਹੈ।
ਹੁਣ ਅਸਲੀ ਸਵਾਲ ਵੱਲ ਮੁੜਦੇ ਹਾਂ ਕਿ, ਕੀ ਅਜਿਹੇ ਸਿੰਘ ਸਾਹਿਬਾਂ ਨੂੰ ਕਿਸੇ ਪੰਥਿਕ ਮਸਲ੍ਹੇ
ਬਾਰੇ ਨਿਰਣਾ ਲੈਣ ਦਾ ਕੋਈ ਹੱਕ ਹੈ?
ਸਨ ੧੮੦੦ ਈਸਵੀ ਤੋਂ ਪਹਿਲਾਂ, ਜਦ ਸਿੱਖੀ ਬਾਰੇ ਫੈਸਲਿਆਂ ਵਿੱਚ ਬਾਬੇ ਨਾਨਕ ਜੀ ਦੇ ਸੰਗੀ ਸਾਥੀਆਂ
ਨੂੰ ਭਾਗ ਲੈਣ ਦਾ ਪੂਰਾ ਅਧਿਕਾਰ ਸੀ, ਸਰਬੱਤ ਖਾਲਸਾ ਜਿਊਂਦਾ ਸੀ ਤਾਂ ਸਿੱਖਾਂ ਨੇ ਸਰਬੱਤ ਖਾਲਸਾ
ਵੇਲੇ ਲਈ ਇੱਕ ਪਿਰਤ ਕਾਇਮ ਕੀਤੀ ਸੀ। ਸਰਬੱਤ ਖਾਲਸਾ ਵਿੱਚ ਸਾਰੀਆਂ ਮਿਸਲਾਂ ਦੇ ਨਮਾਇੰਦੇ ਭਾਗ
ਲੈਂਦੇ ਸਨ, ਉਹ ਅਪਣੇ ਸ਼ਸਤ੍ਰ, ਅਪਣੇ ਬੁੰਗਿਆਂ ਵਿੱਚ ਛੱਡ ਕੇ ਨਿਮਰਤਾ ਸਹਿਤ ਮੀਟਿੰਗ ਵਿੱਚ ਜਾਂਦੇ
ਸਨ। ਮੀਟਿੰਗ ਸ਼ੁਰੂ ਹੋਣ ਵੇਲੇ ਇੱਕ ਸਿੱਖ ਨੂੰ ਮੀਟਿੰਗ ਦਾ ਸੰਚਾਲਕ ਚੁਣਿਆ ਜਾਂਦਾ ਸੀ। (ਚੋਣ ਵਿਧੀ
ਵੀ ਲਾਜਵਾਬ ਸੀ, ਇੱਕ ਸਿੱਖ ਦਾ ਨਾਮ ਲਿਆ ਜਾਂਦਾ ਸੀ, ਅਗਰ ਇਕੱਠ ਵਿਚੋਂ ਇੱਕ ਸਿੱਖ ਵੀ ਉਸ ਦੇ ਨਾਮ
ਨਾਲ ਅਸਹਿਮਤੀ ਪਰਗਟ ਕਰ ਦੇਵੇ ਤਾਂ, ਉਸ ਦੀ ਥਾਂ ਦੂਸਰੇ ਨੂੰ ਚੁਣਿਆ ਜਾਣਾ ਯਕੀਨੀ ਸੀ, ਪਰ ਸਿੱਖਾਂ
ਦਾ ਕਿਰਦਾਰ ਏਨਾ ਉੱਚਾ-ਸੁੱਚਾ ਸੀ ਕਿ ਸਰਬੱਤ ਖਾਲਸਾ ਦੇ ਇਤਿਹਾਸ ਵਿੱਚ ਇੱਕ ਵੀ ਮਿਸਾਲ ਅਜਿਹੀ
ਨਹੀਂ ਹੈ, ਜਦ ਕਿਸੇ ਪੇਸ਼ ਕੀਤੇ ਨਾਮ ਤੇ ਕਿਸੇ ਨੂੰ ਅਸਹਿਮਤੀ ਪਰਗਟ ਕਰਨ ਦੀ ਲੋੜ ਪਈ ਹੋਵੇ।
ਸਰਬੱਤ ਖਾਲਸਾ ਵਿੱਚ ਸ਼ਾਮਲ ਸਾਰੇ ਸਿੱਖ, ਗੁਰਮਤੇ ਤੇ ਹਰ ਪੱਖੋਂ ਖੁਲ੍ਹ ਕੇ ਵਿਚਾਰ ਕਰਦੇ ਸਨ।
ਫੈਸਲੇ ਤੇ ਪੁੱਜਣ ਮਗਰੋਂ, ਉਸ ਚੁਣੇ ਸਿੱਖ ਦਾ ਇਹ ਫਰਜ਼ ਹੁੰਦਾ ਸੀ ਕਿ ਉਹ ਹੋਏ ਫੈਸਲੇ ਤੋਂ ਸਾਰੀਆਂ
ਮਿਸਲਾਂ ਨੂੰ ਜਾਣੂ ਕਰਵਾਏ। ਇਸ ਦੇ ਨਾਲ ਹੀ ਉਸ ਦਾ ਕਾਰਜ ਕਾਲ ਸਮਾਪਤ ਹੋ ਜਾਂਦਾ ਸੀ।
ਇਸ ਵਿਚਾਰ ਵਿਚੋਂ ਕੁੱਝ ਸਵਾਲ ਉਠਦੇ ਹਨ, ਜਿਵੇਂ:
ੳ. ਕੀ ਕੁੱਝ ਗਿਣੇ ਮਿਥੇ ਸਿੱਖਾਂ ਨੂੰ ਪੂਰੇ ਪੰਥ ਬਾਰੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਜਾ ਸਕਦਾ
ਹੈ? (ਖਾਸ ਕਰ ਕੇ ਉਨਹਾਂ ਸਿੱਖਾਂ ਨੂੰ, ਜਿਨ੍ਹਾਂ ਨੂੰ ਇੱਕ ਗੁਰੂ ਦੇ ਸਿਧਾਂਤ ਤੋਂ ਅਲਰਜੀ ਹੋਵੇ,
ਉਹ ਪੰਜਾਂ ਤਖਤਾਂ ਵਾਙ, ਗੁਰੂ ਗ੍ਰੰਥ ਸਾਹਿਬ ਵੀ ਪੰਜ ਬਨਾਉਣ ਦੇ ਚਾਹਵਾਨ ਹੋਣ। ਜਿਨ੍ਹਾਂ ਨੂੰ
ਨਾਨਕ ਸ਼ਾਹੀ ਕੈਲੰਡਰ ਦੀ ਗੱਲ ਨਾਲ ਹੀ, ਬੁਖਾਰ ਚੜ੍ਹ ਜਾਂਦਾ ਹੋਵੇ। ਜਿਨ੍ਹਾਂ ਨੂੰ ਬਾਦਲ ਦੇ
ਲਫਾਫਿਆਂ ਵਿਚੋਂ ਨਿਕਲਦਿਆਂ, ਬਾਦਲ ਦੀਆਂ ਜੁੱਤੀਆਂ ਚੱਟਦਿਆਂ ਕੋਈ ਸ਼ਰਮ ਨਾ ਮਹਿਸੂਸ ਹੁੰਦੀ ਹੋਵੇ।
ਜੋ ਬੰਦ ਕਮਰਿਆਂ ਵਿੱਚ ਮੀਟਿੰਗਾਂ ਕਰ ਕੇ ਸਿੱਖੀ ਦਾ ਘਾਣ ਕਰਨ ਦੀਆਂ ਸਕੀਮਾਂ ਬਣਾਉਂਦੇ ਹੋਣ।)
ਕੀ ਇਨ੍ਹਾਂ ਫੈਸਲਿਆਂ ਲਈ ਆਮ ਸਿੱਖ ਦੀ ਸਹਿਮਤੀ ਜ਼ਰੂਰੀ ਨਹੀਂ? ਕੀ ਕੁੱਝ ਬੰਦਿਆਂ ਵਲੋਂ, ਬੰਦ
ਕਮਰਿਆਂ ਵਿੱਚ ਲਏ ਫੈਸਲੇ ਸਮੁੱਚੇ ਪੰਥ ਲਈ ਲਾਹੇਵੰਦ ਹੋ ਸਕਦੇ ਹਨ। ਕੀ ਆਮ ਸਿੱਖ ਬੰਦ ਕਮਰਿਆਂ
ਵਿੱਚ ਕੀਤੇ ਫੈਸਲਿਆਂ ਨੂੰ ਮੰਨਣ ਲਈ ਪਾਬੰਦ ਹੈ?
ਅ. ਕੀ ਉਨ੍ਹਾਂ ਸਿੰਘ ਸਾਹਿਬਾਂ ਨੂੰ, ਜਿਨ੍ਹਾਂ ਨੂੰ ਸਿੱਖ ਵੀ ਨਾ ਕਿਹਾ ਜਾ ਸਕਦਾ ਹੋਵੇ, (ਕਿਉਂਕਿ
ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ,
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥
ਹੋਵੈ ਤ ਸਨਮੁਖੁ ਸਿਖ ਕੋਈ ਜੀਅਹੁ ਰਹੈ ਗੁਰ ਨਾਲੇ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿੱਖ ਸਨਮੁਖੁ ਹੋਏ॥ ੨੧॥ (੯੧੯)
ਇਸ ਤੋਂ ਪਹਿਲੀ, ੨੦ਵੀਂ ਪਉੜੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ,
ਕਹੇ ਨਾਨਕੁ ਜਿਨੁ ਮਨੁ ਨਿਰਮਲ ਸਦਾ ਰਹਹਿ ਗੁਰ ਨਾਲੇ॥ ਯਾਨੀ ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ
ਦਾ ਮਨ, ਸ਼ਬਦ ਵਿਚਾਰ ਆਸਰੇ ਨਿਰਮਲ ਹੋ ਜਾਂਦਾ ਹੈ, ਉਹ ਸਦਾ ਸ਼ਬਦ ਗੁਰੂ ਨਾਲ ਜੁੜੇ ਰਹਿੰਦੇ ਹਨ।
ਇਸ ਪਉੜੀ ਵਿੱਚ ਦੱਸਿਆ ਹੈ ਕਿ ਜੇ ਕੋਈ ਸਿੱਖ, ਗੁਰੂ ਦੇ ਸਨਮੁੱਖ, ਗੁਰੂ ਵੱਲ ਨੂੰ ਮੂੰਹ ਰੱਖਣ
ਵਾਲਾ ਬਣਨਾ ਚਾਹੁੰਦਾ ਹੈ ਤਾਂ, ਗੁਰੂ ਦੇ ਸਨਮੁੱਖ ਰਹਣ ਲਈ ਪਹਲੀ ਸ਼ਰਤ ਹੈ, ਕਿ ਉਹ ਸਿੱਖ ਸੱਚੇ
ਦਿਲੋਂ ਗੁਰੂ ਦੇ ਚਰਨਾਂ, ਸ਼ਬਦ ਗੁਰੂ ਦੀ ਸਿਖਿਆ ਵਿੱਚ ਟਿਕਿਆ ਰਹੇ। ਦੂਸਰੀ ਸ਼ਰਤ ਹੈ ਕਿ ਉਹ ਸਿੱਖ,
ਗੁਰੂ ਦੇ ਚਰਨਾਂ ਨੂੰ, ਗੁਰੂ ਦੀ ਸਿਖਿਆ ਦੀ ਅਪਣੇ ਹਿਰਦੇ ਵਿੱਚ ਸੰਭਾਲ ਕਰੇ, ਉਸ ਸਿਖਿਆ ਨੂੰ ਅਪਣੀ
ਆਤਮਾ ਵਿੱਚ ਵਸਾਵੇ। ਤੀਸਰੀ ਸ਼ਰਤ ਹੈ ਕਿ ਆਪਾ ਭਾਵ ਛੱਡ ਕੇ, ਹਮੇਸ਼ਾ ਗੁਰੂ ਦੇ ਆਸਰੇ ਰਹੇ, ਸ਼ਬਦ
ਗੁਰੁ ਤੋਂ ਬਗੈਰ ਹੋਰ ਕਿਸੇ ਦੀ ਆਸ ਨਾ ਤੱਕੇ। ਹੇ ਸੰਤ ਜਨੋ, ਸਤਸੰਗੀਉ ਨਾਨਕ ਆਖਦਾ ਹੈ, ਇਹ ਸ਼ਰਤਾਂ
ਪੂਰੀਆਂ ਕਰਨ ਵਾਲਾ ਹੀ ਸਿੱਖ ਹੈ, ਜੋ ਹਮੇਸ਼ਾ ਗੁਰੂ ਦੇ ਸਨਮੁੱਖ ਰਹਿੰਦਾ ਹੈ, ਆਤਮਕ ਆਨੰਦ ਮਾਣਦਾ
ਹੈ।
ਇਸ ਤੋਂ ਅੱਗੇ ਜਿੱਥੇ ਬੇਮੁੱਖ ਬੰਦੇ ਦੀ ਗੱਲ ਕੀਤੀ ਹੈ, ਉਸ ਵਿੱਚ ਕਿਤੇ ਸਿੱਖ ਲਫਜ਼ ਨਹੀਂ ਵਰਤਿਆ।
ਕੀ ਗੁਰੂ ਤੋਂ ਬੇਮੁਖ ਬੰਦੇ ਸਿੱਖ ਅਖਵਾਉਣ ਦੇ ਹੱਕਦਾਰ ਹਨ?
ਜੇ ਇਹ ਸਿੱਖ ਹੀ ਨਹੀਂ ਤਾਂ, ਇਨ੍ਹਾਂ ਨੂੰ ਸਿੱਖਾਂ ਬਾਰੇ ਫੈਸਲੇ ਲੈਣ ਦਾ ਕੀ ਅਧਿਕਾਰ?
ਇਹ ਫੈਸਲਾ ਗੁਰੂ ਨੇ ਤਾਂ ਕੀਤਾ ਹੋਇਆ ਹੈ, ਹੁਣ ਪੰਥ ਦੇ ਅਮਲ ਕਰਨ ਦੀ ਗੱਲ ਹੈ। ਇਹ ਫੈਸਲਾ ਪੰਥ ਨੇ
ਕਰਨਾ ਹੈ ਕਿ ਇਸ ਤੇ ਅਮਲ ਕਦ ਸ਼ੁਰੂ ਕਰਨਾ ਹੈ? ਅੱਜ ਉਹ ਹਾਲਤ ਬਣੀ ਹੋਈ ਹੈ ਕਿ ਜੇ ਇਨ੍ਹਾਂ ਸਿੰਘ
ਸਾਹਿਬਾਂ ਦੀ ਠੇਕੇਦਾਰੀ ਨੂੰ ਰੱਦ ਨਾ ਕੀਤਾ ਗਿਆ ਤਾਂ, ਸੂਝਵਾਨ ਸਿੱਖ ਇਨ੍ਹਾਂ ਦੇ ਕੀਤੇ ਫੈਸਲਿਆਂ
ਨੂੰ ਮੰਨਣ ਤੋਂ ਇਨਕਾਰੀ ਹੋ ਜਾਣਗੇ।
ਉਸ ਦੇ ਨਾਲ ਹੀ ਪੰਥ ਵਿੱਚ ਬਣੇ ਹਜ਼ਾਰਾਂ ਧੜੇ ਖਤਮ ਹੋ ਕੇ ਦੋ ਹੀ ਧੜੇ ਰਹਿ ਜਾਣਗੇ।
ਇੱਕ ਨਰੋਲ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਦਾ ਪਾਲਣ ਕਰਨ ਵਾਲੇ। (ਸਿੱਖ)
ਦੂਸਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਆ ਤੋਂ ਭਗੌੜੇ। (ਕੇਸਾਧਾਰੀ ਹਿੰਦੂ)
ਅਮਰ ਜੀਤ ਸਿੰਘ ਚੰਦੀ
ਫੋਨ: 9756264621.