.

ਸਿੱਖ ਧਰਮ `ਚ

ਇਸਤ੍ਰੀ ਦਾ ਸਥਾਨ ਤੇ ਅਜੋਕੇ ਸਿੱਖ

(ਭਾਗ-੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਨਾਰੀ ਪੁਰਖੁ, ਪੁਰਖੁ ਸਭ ਨਾਰੀ” - ਇਸ ਲਈ ਸਮਾਜ `ਚ ਫੈਲੇ ਤੇ ਫੈਲਾਏ ਗਏ ਇਸਤ੍ਰੀ-ਪੁਰਖ ਸਬੰਧੀ ਵਿਤਕਰੇ ਲਈ ਗੁਰਬਾਣੀ ਦੀ ਰੋਸ਼ਨੀ `ਚ ਸਾਨੂੰ ਗਹਿਰਾਈ ਤੋਂ ਘੋਖਣ ਤੇ ਜਾਗਣ ਦੀ ਲੋੜ ਹੈ। ਸੰਸਾਰ ਚਕ੍ਰ ਨੂੰ ਚਲਾਉਣ ਲਈ ਦੋਨਾਂ ਸਰੀਰਾਂ ਦੀਆਂ ਲੋੜਾਂ ਹੀ ਭਿੰਨ-ਭਿੰਨ ਹਨ। ਦੋਵੇਂ ਇੱਕ ਦੂਜੇ ਦੇ ਪੂਰਕ ਤੇ ਗੁਰੂ ਦਰ `ਤੇ ਬਰਾਬਰ ਮਾਨ-ਸਤਿਕਾਰ ਦੇ ਹੱਕਦਾਰ ਹਨ। ਫ਼ੈਸਲਾ ਹੈ, “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ” (ਪੰ: 879) ਹੋਰ “ਨਾਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ” (ਪੰ: ੯੮੩)। ਇਸ ਲਈ ਦੋਨਾਂ ਚੋਂ ਕਿਸੇ ਇੱਕ ਦਾ, ਦੂਜੇ `ਤੇ ਭਾਰੂ ਹੋਣਾ, ਗੁਰਬਾਣੀ ਸਿਧਾਂਤ ਵਿਰੁਧ ਹੈ। ਦੇਖ ਚੁੱਕੇ ਹਾਂ ਕਿ ਪਾਤਸ਼ਾਹ ਨੇ ਅਜੋਕੇ ਪੁਰਖ ਪ੍ਰਧਾਨ ਸਮਾਜ `ਚ, ਮਨੁੱਖ ਵਲੋਂ ਇਸਤ੍ਰੀ ਵਰਗ ਪ੍ਰਤੀ ਇਸ ਦੇ ਘਟੀਆ ਕਿਰਦਾਰ ਤੇ ਸੋਚਣੀ ਲਈ, ਮਨੁੱਖ ਨੂੰ ਭਰਵੀਂ ਤਾੜਣਾ ਵੀ ਕੀਤੀ ਹੈ।

ਗੁਰਦੇਵ ਨੇ, ਮਨੁੱਖ ਨਸਲ ਦੀ ਹੋ ਰਹੀ ਅਜੋਕੀ ਤਬਾਹੀ ਲਈ, ਦੋਸ਼ੀ ਮਨੁੱਖ ਨੂੰ ਹੀ ਠਹਿਰਾਇਆ ਹੈ। ਜੇਕਰ ਸੰਸਾਰ ਦੀ ਇਸੇ ਨਰ-ਮਾਦਾ ਵਾਲੀ ਖੇਡ ਨੂੰ ਗਹਿਰੀ ਨਜ਼ਰ ਨਾਲ ਲਿਆ ਜਾਵੇ ਤਾਂ ਮਨੁੱਖ ਸਚਮੁਚ ਆਪਣੀ ਅਜੋਕੀ ਘਟੀਆ ਸੋਚਣੀ ਕਾਰਨ, ਕਰਤੇ ਦੇ ਦਰ `ਤੇ ਬਹੁਤ ਵੱਡਾ ਦੇਣਦਾਰ ਤੇ ਗੁਣਹਗਾਰ ਵੀ ਹੈ। ਜੇ ਮੰਨ ਲਿਆ ਜਾਵੇ ਕਿ ਸੰਪੂਰਣ ਮਾਨਵ ਸਮਾਜ ਨੂੰ ਅਕਾਲਪੁਰਖੁ ਵੱਲੋਂ ਬਖ਼ਸ਼ੀ ਕੁਲ ਤਾਕਤ 100% ਹੈ। ਤਾਂ ਇਹ ਵੀ ਸੱਚ ਹੈ ਕਿ ਪ੍ਰਭੂ ਰਾਹੀਂ ਬਖਸ਼ੀ ਇਸ ਕੁਲ ਤਾਕਤ `ਚੋਂ ਸਿੱਧੇ 75% ਤੋਂ ਵੱਧ ਤਾਕਤ ਜ਼ਾਇਆ ਕਰਣ ਲਈ ਜ਼ਿੰਮੇਵਾਰ, ਪੁਰਸ਼ ਵਰਗ ਹੀ ਹੈ, ਇਸਤ੍ਰੀ ਨਹੀਂ। ਕਿਉਂਕਿ “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ” ਅਨੁਸਾਰ ਅੰਦਾਜ਼ਾ ਕੁਲ ਤਾਕਤ ਦਾ ਜੇ 50% ਮਨੁੱਖ ਕੋਲ ਹੈ ਤਾਂ 50% ਇਸਤ੍ਰੀ ਵਰਗ ਕੋਲ ਵੀ ਹੈ। ਸਪਸ਼ਟ ਹੈ, ਇਸਤ੍ਰੀ ਨੂੰ ਦੁਬੇਲ ਬਣਾ ਕੇ ਰਖਣ ਲਈ ਮਨੁੱਖ ਨੇ ਇਸਤ੍ਰੀ ਵਰਗ ਵਾਲੀ 50% ਤਾਕਤ ਤਾਂ ਸਿੱਧੀ ਜ਼ਾਇਆ ਕੀਤੀ ਹੋਈ ਹੈ। ਬਾਕੀ 50% `ਚੋਂ ਵੀ 25% ਤੋਂ ਵੱਧ ਤਾਕਤ, ਇਸਤ੍ਰੀ ਨੂੰ ਦੁਬੇਲ ਬਣਾ ਕੇ ਰੱਖਣ ਲਈ ਵੀ ਮਨੁੱਖ ਹੀ ਜ਼ਾਇਆ ਕਰ ਰਿਹਾ ਹੈ। ਤਾਂ ਤੇ ਬਾਕੀ ਜਿਹੜੀ 25% ਤਾਕਤ ਮਨੁੱਖ ਕੋਲ ਹੈ ਤਾਂ ਉਸ ਦਾ ਵੱਡਾ ਹਿੱਸਾ ਵੀ ਮਨੁੱਖ ਹੀ ਐਸ਼ੋ-ਇਸ਼ਰਤ ਤੇ ਵਿੱਭਚਾਰ ਵਾਲੇ ਪਾਸੇ ਹੀ ਮੁਕਾਅ ਰਿਹਾ ਹੈ। ਆਖਿਰ ‘ਏਡਜ਼’ ਆਦਿ ਲਾ-ਇਲਾਜ ਬਿਮਾਰੀਆਂ ਮਨੁੱਖ ਦੀ ਇਸੇ ਵਿੱਭਚਾਰ ਤੇ ਗੰਦੀ ਰਹਿਣੀ ਦੀ ਹੀ ਦੇਣ ਹਨ, ਬਾਹਰੋਂ ਨਹੀਂ ਆਈਆਂ।

ਇਸ `ਚ ਦੋ ਰਾਵਾਂ ਨਹੀਂ ਕਿ ਇਸ ਸਾਰੇ ਲਈ ਦੋਸ਼ੀ ਮਨੁੱਖ ਹੀ ਹੈ ਇਸਤ੍ਰੀ ਵਰਗ ਨਹੀਂ। ਜੇ ਸ਼ੱਕ ਹੋਵੇ ਤਾਂ ਇਸ ਦੇ ਜ਼ਾਹਿਰਾ ਸਬੂਤ ਹਸਪਤਾਲਾਂ `ਚ ਜਾ ਕੇ ਨਵ-ਜਨਮੇ ਬੱਚਿਆਂ ਤੋਂ ਮਿਲਦੇ ਦੇਰ ਨਹੀਂ ਲਗਦੀ। ਇਹਨਾ ਬੱਚਿਆਂ ਨੂੰ ਮਾਪਿਆਂ ਤੋਂ ਜਨਮ ਦੇ ਨਾਲ ਮਿਲ ਰਹੇ ਹਨ ਜਟਿਲ ਰੋਗ ਤੇ ਅਪੰਗ ਸਰੀਰ। ਖਾਸ ਗੱਲ ਇਹ ਕਿ ਮਨੁੱਖ, ਜਿਹੜਾ ਸਮਾਂ ਤੇ ਤਾਕਤ ਇਸਤ੍ਰੀ ਵਰਗ ਨੂੰ ਨੀਵਾਂ ਦੱਸਣ ਤੇ ਉਸ ਨੂੰ ਦੁਬੇਲ ਬਣਾ ਕੇ ਰੱਖਣ ਲਈ ਜ਼ਾਇਆ ਕਰਦਾ ਹੈ, ਉਸੇ ਦਾ ਨਤੀਜਾ ਹੈ, ਅੱਜ ਮਨੁੱਖਾ ਨਸਲ ਦਾ ਭਵਿਖ ਵੀ ਖਤਰੇ `ਚ ਪੈ ਚੁੱਕਾ ਹੈ। ਉਪ੍ਰੰਤ ਇਸ ਸਾਰੇ ਲਈ ਜ਼ਿੰਮੇਵਾਰ, ਬਹੁਤਾ ਕਰਕੇ ਖੁਦ ਮਨੁੱਖ ਹੀ ਹੈ, ਨਾ ਪ੍ਰਮਾਤਮਾ ਤੇ ਨਾ ਇਸਤ੍ਰੀ ਵਰਗ।

ਅਜੋਕਾ ਸਿੱਖ ਤੇ ਇਸਤ੍ਰੀ ਵਰਗ- ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰੂਦਰ `ਤੇ ਇਸਤ੍ਰੀ ਹੋਵੇ ਜਾਂ ਪੁਰਖ, ਦੋਵੇਂ ਇੱਕ ਦੂਜੇ ਲਈ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਹਨ। ਕਿਸੇ ਵੀ ਬਹਾਨੇ ਇੱਕ ਦਾ ਦੂਜੇ `ਤੇ ਭਾਰੂ ਹੋਣਾ ਗੁਰਮਤਿ ਵਿਰੁਧ ਹੈ। ਇਸ ਦੇ ਉਲਟ ਜੇ ਆਂਕੜੇ ਇਕੱਠੇ ਕੀਤੇ ਜਾਣ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਅੱਜ ਸਿੱਖ ਦੀ ਰਹਿਣੀ ਨਿਰੋਲ ਗੁਰੂ-ਗੁਰਬਾਣੀ ਦੀ ਸਿੱਖਿਆ ਦੇ ਵਿਰੁਧ ਤੇ ਬ੍ਰਾਹਮਣੀ ਰਹਿਣੀ ਹੈ। ਇਸ ਦੇ ਮੁੱਖ ਕਾਰਨ ਹਨ, ਇੱਕ ਤਾਂ ਭਾਰਤੀ ਲੋਕਾਂ `ਤੇ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣੀ ਪ੍ਰਭਾਵ ਬਹੁਤ ਗਹਿਰਾ ਹੈ। ਦੂਜਾ ‘ਸਿੱਖ ਦਾ ਜਨਮ ਭਾਰਤ ਤੇ ਇਸੇ ਬ੍ਰਾਹਮਣੀ ਵਾਤਾਵਰਣ `ਚ ਹੋਇਆ। ‘ਇਕ ਕਰੇਲਾ ਦੂਜਾ ਨੀਮ ਚੜ੍ਹਾ’ ਦੇ ਅਖਾਣ ਅਨੁਸਾਰ, ਜ਼ਿਕਰ ਆ ਚੁੱਕਾ ਹੈ ਕਿ ਈ: ਸੰਨ 1716 ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ, ਸਿੱਖੀ ਦੇ ਸੋਮੇ ਗੁਰਧਾਮਾਂ `ਤੇ ਵੀ ਬ੍ਰਾਹਮਣੀ ਤੇ ਸਿੱਖ ਵਿਰੋਧੀ ਤਾਕਤਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ। ਉਸੇ ਦਾ ਨਤੀਜਾ ਅੱਜ ਤੀਕ ਗੁਰਬਾਣੀ ਜੀਵਨ ਦੀ ਠੰਢਕ ਤੇ ਜੀਵਨ ਜਾਚ ਸੰਗਤਾਂ ਤੀਕ ਨਹੀਂ ਪੁੱਜ ਰਹੀ। ਅੱਜ ਵੀ ਸਿੱਖਾਂ ਦੇ ਆਪਣੇ ਗੁਰ-ਧਾਮਾਂ ਤੋਂ ਉਹੀ ਦੂਸ਼ਤ ਪ੍ਰਚਾਰ, ਗੁਰਬਾਣੀ ਤੇ ਗੁਰਮਤਿ ਪ੍ਰਚਾਰ ਦੇ ਨਾਮ `ਤੇ ਸਿੱਖ ਪ੍ਰਵਾਰਾਂ `ਚ ਪੁੱਜ ਰਿਹਾ ਹੈ ਜੋ ਮੂਲ ਰੂਪ `ਚ ਬ੍ਰਾਹਮਣੀ ਤੇ ਅਨਮੱਤੀ ਵਿਚਾਰਧਾਰਾ ਹੈ। ਇਸ ਦੇ ਨਾਲ ਉਹਨਾਂ ਹੀ ਮਿਲਾਵਟੀ, ਵਿਰੋਧੀ ਲਿਖਤਾਂ `ਤੇ ਆਧਾਰਤ ਸ਼ਤਾਬਦੀਆਂ ਦਾ ਤਾਂਤਾ ਲਗਾ ਹੋਇਆ ਹੈ। ਇਹ ਵੀ ਇੱਕ ਰਸਤਾ ਹੈ ਜਿਥੋਂ ਬਹੁਤ ਵੱਡੀ ਪੱਧਰ `ਤੇ, ਸਿੱਖਾਂ `ਚ ਵੰਡੀ ਜਾ ਰਹੀ ਹੈ, ਬ੍ਰਾਹਮਣੀ ਰਹਿਣੀ ਤੇ ਅਨਮੱਤੀ ਵਿਚਾਰਧਾਰਾ। ਇਸੇ ਸਾਰੇ ਤੋਂ ਹੀ ਅਜੋਕਾ ਸਿੱਖ, ਪੂਰੀ ਤਰ੍ਹਾਂ ਉਸ ਦੀ ਗ੍ਰਿਫਤ `ਚ ਆਇਆ ਹੋਇਆ ਹੈ, ਜਿਸ ਤੋਂ ਕਿ ਇਸ ਨੇ ਬਚਣਾ ਤੇ ਗੁਰਮਤਿ ਦਾ ਧਾਰਣੀ ਬਨਣਾ ਸੀ।

ਇਥੇ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੋ ਅਣਧਰਮੀ ਜਾਂ ਬ੍ਰਾਹਮਣੀ ਵਿਸ਼ਵਾਸਾਂ ਦੇ ਸੱਜਨ ਹਨ, ਸਾਡੇ ਇਸ ਗੁਰਮਤਿ ਪਾਠ ਦਾ ਉਹਨਾਂ ਨਾਲ ਉੱਕਾ ਸਬੰਧ ਨਹੀਂ। ਉਹ ਜਿਸ ਨੂੰ ਵੀ ਆਪਣਾ ਧਰਮ-ਕਰਮ ਮੰਣਦੇ ਹਨ, ਜੰਮ-ਜੰਮ ਕਰਣ। ਸਾਡੇ ਗੁਰਮਤਿ ਪਾਠ ਦਾ ਸਬੰਧ ਕੇਵਲ ਉਹਨਾਂ ਨਾਲ ਹੈ ਜਿਹੜੇ ਆਪਣੇ ਨੂੰ ਗੁਰੂ ਨਾਨਕ, ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਿੱਖ ਅਖਵਾਉਂਦੇ ਹਨ, ਤਾ ਕਿ ਉਹ ਲੋਕ ਆਪਣੇ ਆਪ ਨੂੰ ਘੋਖਣ ਤੇ ਵਿਚਾਰਣ, ਆਖਿਰ ਜੋ ਕੁੱਝ ਉਹ ਕਰ ਤੇ ਵਿਰਾਸਤ `ਚ ਆਪਣੀਆਂ ਔਲਾਦਾਂ ਨੂੰ ਦੇ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਤੇ ਦਾ ਸਿੱਖ ਹੋਣ ਦੇ ਨਾਤੇ ਅੱਜ ਉਹ ਖੜੇ ਕਿੱਥੇ ਹਨ ਤੇ ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈ? ਹੈਰਾਨੀ ਨਹੀਂ ਹੋਣੀ ਚਾਹੀਦੀ, ਜੇਕਰ ਇਹ ਸਾਰਾ ਵੇਰਵਾ ਅਜੋਕੇ ਸਿੱਖ ਪ੍ਰਵਾਰ ਪੜ੍ਹਣ ਤਾਂ ਇਹੀ ਸਮਝਣ ਕਿ ਇਹ ਸਭ ਤਾਂ ਉਹਨਾਂ ਦੇ ਆਪਣੇ ਪ੍ਰਵਾਰਾਂ `ਚ ਚਲ ਰਿਹਾ ਹੈ ਜਦਕਿ ਸਚਾਈ ਇਹੀ ਹੈ ਕਿ ਇਹ ਸਭ ਗੁਰਮਤਿ ਨਹੀਂ ਬਲਕਿ ਬ੍ਰਾਹਮਣੀ ਵਿਚਾਰਧਾਰਾ ਹੀ ਹੈ। ਫ਼ਿਰ ਵੀ ਇਥੇ ਬਹੁਤ ਲੰਮਾਂ ਵੇਰਵਾ ਨਹੀਂ, ਕੇਵਲ ਵਿਸ਼ੇ ਦੀ ਸੀਮਾ `ਚ ਰਹਿੰਦੇ ਹੋਏ ਇਸ਼ਾਰੇ ਮਾਤ੍ਰ ਕੁੱਝ ਟੂਕਾਂ ਹੀ ਹਨ।

ਮਿਸਾਲ ਵਜੋਂ ਜਿਸ ਵਿਆਹ ਦੇ ਢੰਗ ਨੂੰ ਅੱਜ ਸਿੱਖ ਵੀ ਬਿਨਾ ਸੋਚੇ ਅਪਣਾਈ ਬੈਠੇ ਹਨ। ਫਰਕ ਕੇਵਲ ਇਨਾਂ ਹੈ ਕਿ ਉਥੇ ਸੱਤ ਫੇਰੇ ਅਗਨੀ ਦੇ ਹਨ ਤੇ ਇਥੇ ਚਾਰ ਲਾਵਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀਆਂ। ਬਾਕੀ 100% ਢੰਗ ਉਹੀ ਵਰਤਿਆ ਜਾ ਰਿਹਾ ਹੈ ਜਿਸ ਤੋਂ ਗੁਰੂ ਸਾਹਿਬ ਮਨ੍ਹਾ ਕਰ ਰਹੇ ਹਨ। ਉਪ੍ਰੰਤ ਗੱਲ ਕੇਵਲ ਵਿਆਹ (ਅਨੰਦ ਕਾਰਜ) ਦੀ ਵੀ ਨਹੀਂ ਬਲਕਿ ਅਜੋਕੇ ਸਿੱਖ ਘਰਾਣਿਆਂ `ਚ ਹਰੇਕ ਖੁਸ਼ੀ-ਗ਼ਮੀ, ਜੰਮਨਾ-ਮਰਨਾ, ਰੀਤੀ-ਰਿਵਾਜ, ਕੁਲ ਮਿਲਾਕੇ ਚੌਵੀ ਘੰਟਿਆਂ `ਚ ਜਿਨੀਂ ਵੀ ਰਹਿਣੀ ਹੈ ਜੇਕਰ 100% ਨਾ ਵੀ ਕਹੀ ਜਾਵੇ ਤਾਂ ਵੀ 99% ਤੋਂ ਉਪਰ ਬ੍ਰਾਹਮਣੀ ਹੀ ਹੈ। ਇਸ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜੇ ਜ਼ਿਆਦਾ ਨਹੀਂ ਤਾਂ ਘਟੋ ਘਟ ਇਸਤ੍ਰੀ ਵਰਗ ਨਾਲ ਸਬੰਧਤ ਇਸ ਗੁਰਮਤਿ ਪਾਠ ਦੇ ਦਾਇਰੇ `ਚ ਸਾਡੇ `ਤੇ ਹਾਵੀ ਹੋ ਚੁੱਕੀ ਬ੍ਰਾਹਮਣੀ ਵਿਚਾਰਧਾਰਾ ਦੀ ਪਛਾਣ ਤੇ ਉਸ ਤੋਂ ਛੁਟਕਾਰੇ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ।

ਦੁਨੀਆਂ ਦੇ ਲਗਭਗ ਹਰ ਹਿੱਸੇ `ਚ ਮਨੁੱਖ ਨੇ, ਇਸਤ੍ਰੀ ਵਰਗ ਨਾਲ ਧੱਕਾ ਕੀਤਾ ਹੈ। ਉਸ ਨੂੰ ਆਪਣੇ ਮਨੋਰੰਜਣ ਦਾ ਸਾਧਨ ਜਾਂ ਬੱਚੇ ਜੰਮਣ ਦੀ ਮਸ਼ੀਨ ਹੀ ਮੰਨਿਆ ਤੇ ਬਣਾਇਆ ਹੈ। ਉਸ ਨੂੰ ਹਰ ਪਖੋਂ ਦੁਬੇਲ ਬਣਾਕੇ ਰੱਖਣ ਅਤੇ ਉਸ `ਤੇ ਹਕੂਮਤ ਕਰਣ ਲਈ ਮਨੁੱਖ ਨੇ ਲਗਭਗ ਹਰ ਹੀਲਾ ਵਰਤਿਆ ਹੈ। ਫ਼ਿਰ ਵੀ ਇਸ ਪਖੋਂ ਇਸ ਨਾਲ ਜਿਨਾਂ ਧੱਕਾ, ਇਸਤ੍ਰੀ ਨੂੰ ਦੇਵੀਆਂ ਕਹਿਣ ਵਾਲੇ ਬ੍ਰਾਹਮਣ ਨੇ ਕੀਤਾ ਹੈ, ਇਨਾਂ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਇਥੇ ਪਤਨੀ ਹੋਵੇ, ਭੈਣ ਜਾਂ ਧੀ, ਹਰ ਪੱਧਰ `ਤੇ ਇਸਤ੍ਰੀ ਨੂੰ ਪੁਰਖ ਦੀ ਦਾਸੀ ਹੀ ਬਣਾਇਆ ਹੈ।

ਪ੍ਰਵਾਰਕ ਪੱਧਰ `ਤੇ ਪਤੀ ਭਾਵੇਂ ਸ਼ਰਾਬੀ, ਬਦ-ਇਖ਼ਲਾਕ, ਪਰਲੇ ਦਰਜੇ ਦਾ ਚਰਿਤ੍ਰਹੀਣ, ਦੇਰ ਰਾਤ ਕਲੱਬਾਂ `ਚ ਵੇਸ਼ਿਆਵਾਂ ਦੇ ਅਨੰਦ ਮਾਣ ਕੇ ਘਰ ਪਰਤਣ ਵਾਲਾ ਹੀ ਕਿਉਂ ਨਾ ਹੋਵੇ। ਪਤਨੀ ਨੇ ਉਨੀਂਦਰੇ ਤੇ ਭੁਖਿਆਂ ਰਹਿ ਕੇ ਵੀ ਉਸ ਦੀ ਇੰਤਜ਼ਾਰ ਕਰਣੀ ਹੈ। ਆਉਣ `ਤੇ ਉਸ ਦੀਆਂ ਜੁੱਤੀਆਂ ਉਤਾਰਣੀਆਂ, ਪੱਖੇ ਦੀ ਸੇਵਾ, ਉਸ ਨੂੰ ਖੁਆ-ਸੁਆ ਕੇ ਆਪ ਖਾਣਾ ਤੇ ਆਰਾਮ ਕਰਣਾ ਹੈ, ਪਹਿਲਾਂ ਨਹੀਂ। ਪਤਨੀ ਨੇ ਪਤੀ ਦਾ ਹਰੇਕ ਜ਼ੁਲਮ-ਧੱਕਾ ਕੇਵਲ ਇਸ ਲਈ ਸਹਿਣ ਕਰਣਾ ਹੈ ਕਿਉਂਕਿ ਉਹ ਪਤਨੀ ਹੈ। ਜਦਕਿ ਪਤੀ ਹੋਣ ਦੇ ਨਾਤੇ ਉਸ ਨੂੰ ਆਪਣੀ ਪਤਨੀ `ਤੇ ਹਰੇਕ ਜ਼ੁਲਮ ਕਰਣ ਦਾ ਪੂਰਾ ਪੂਰਾ ਹੱਕ ਹਾਸਿਲ ਹੈ। ਦੂਜੇ ਪਾਸੇ, ਪਤਨੀ ਨੂੰ ਵੀ ਤਾਂ ਜਨਮ ਤੋਂ ਹੀ ਦ੍ਰਿੜ ਕਰਵਾਇਆ ਜਾਂਦਾ ਹੈ, ਪਤੀ ਪ੍ਰਮੇਸ਼ਵਰ ਹੈ ਤੇ ਉਸ ਦੀ ਅਗਿਆ `ਚ ਹੀ ਚਲਣਾ ਹੈ।

ਸ਼ਾਦੀ ਨਹੀਂ, ਕੰਨਿਆ ਦਾਨ-ਧਿਆਨ ਰਹੇ, ਅਜੋਕੇ ਸਿੱਖ ਪ੍ਰਵਾਰਾਂ `ਚ ਵੀ ਕੇਵਲ ਨਾਮ ਕੰਨਿਆਂ ਦਾਨ ਨਹੀਂ ‘ਅਨੰਦ ਕਾਰਜ’ ਵਰਤਿਆ ਜਾ ਰਿਹਾ ਹੈ। ਜਦਕਿ ਬਾਕੀ ਸਾਰੀ ਵਿਚਾਰਧਾਰਾ ਤੇ ਕਰਣੀ ਇਨ ਬਿਨ ਉਹੀ ਹੈ ਜੋ ਕੰਨਿਆਦਾਨ ਲਈ ਹੈ। ਬ੍ਰਾਹਮਣ ਮੱਤ ਅਨੁਸਾਰ ਬੱਚੀ ਦਾ ਵਿਆਹ ਨਹੀਂ, ‘ਕੰਨਿਆ-ਦਾਨ’ ਕੀਤਾ ਜਾਂਦਾ ਹੈ। ਉਥੇ ਬੱਚੀ ਇਨਸਾਨ ਨਹੀਂ, ਦਾਨ ਦੀ ਵਸਤੂ ਹੈ। ਜਿਸ ਦਾ ‘ਕੰਨਿਆ-ਦਾਨ’, ਬੱਚੀ ਦਾ ਪਿਤਾ, ਭਰਾ ਆਪਣਾ ਸਿਰ ਨੀਵਾਂ ਕਰਕੇ, ਮੁੰਡਾ ਤੇ ਮੁੰਡੇ ਦੇ ਪ੍ਰਵਾਰ ਵਾਲਿਆਂ ਨੂੰ ਹੱਥ ਜੋੜ ਕੇ ਦਹੇਜ ਸਹਿਤ ਕਰਦੇ ਹਨ। ਇਹੀ ਕਾਰਨ ਹੈ ਚੂੰਕਿ ਦਾਨ ਦਿੱਤੀ ਵਸਤੂ ਨਾ ਵਾਪਸ ਹੁੰਦੀ ਹੈ, ਤੇ ਨਾ ਉਸ `ਤੇ ਦੇਣ ਵਾਲਿਆਂ ਦਾ ਹੱਕ ਹੀ ਰਹਿੰਦਾ ਹੈ। ‘ਕੰਨਿਆਂ ਦਾਨ’ ਬਾਅਦ ਤਾਂ ਬੱਚੀ ਮੁੰਡੇ ਵਾਲਿਆਂ ਦੀ ਜਾਇਦਾਦ ਹੈ। ਸ਼ਇਦ ਇਸੇ ਕਰਕੇ ਉਥੇ ਪ੍ਰਚਲਣ ਵੀ ਹੈ ‘ਬੱਚੀ ਦਾ ਜਨਮ ਪਿਤਾ ਦੇ ਘਰ ਤੇ ਅਰਥੀ ਪਤੀ ਦੇ ਘਰੋਂ’। ‘ਕੰਨਿਆ-ਦਾਨ’ ਸਮੇਂ ਜਾਤ ਗੋਤ ਵੀ ਬਦਲਦੀ ਹੈ ਤਾਂ ਬੱਚੀ ਦੀ, ਮੁੰਡੇ ਦੀ ਨਹੀਂ।

ਦੂਜੇ ਪਾਸੇ ਜੇ ਸਿੱਖ ਵੀ ਸਿੱਖੀ ਸਿਧਾਂਤ ਅਨੁਸਾਰ ਸਿੰਘ-ਕੌਰ ਤੀਕ ਆਪਣੀ ਪ੍ਰਵਾਰਿਕ ਸੀਮਾਂ `ਚ ਰਹਿੰਦੇ ਹੋਣ, ਤਾਂ ਘਟੋਘਟ ਇਥੇ ਇਹ ਝੰਜਟ ਤਾਂ ਨਾ ਪਵੇ। ਖੈਰ! ਉਥੇ ਮੁੰਡੇ ਵਾਲੇ ‘ਜਾਂਜੀ’ ਹਨ ਤੇ ‘ਬੱਚੀ ਵਾਲੇ ਮਾਂਜੀ (ਬੱਚੀ ਵਾਲਿਆਂ ਦੇ ਭਾਂਡੇ ਮਾਂਜਣ ਵਾਲੇ)। ਮੁੰਡੇ ਵਾਲਿਆਂ ਦਾ ਦਿਮਾਗ ਵੇਖੋ ਤਾ ਸਤਵੇਂ ਅਕਾਸ਼ `ਤੇ ਪੁਜਾ ਹੁੰਦਾ ਹੈ। ਮਹਿਸੂਸ ਇਉਂ ਕਰਦੇ ਹਨ ਜਿਵੇਂ ਉਹ ਲੋਕ, ਲੜਕੀ ਵਾਲਿਆਂ `ਤੇ ਕੋਈ ਵੱਡਾ ਅਹਿਸਾਨ ਕਰ ਰਹੇ ਹਨ। ਘਰ ਵਸਾਉਣਾ ਹੈ ਆਪਣਾ, ਜਿਸ ਬਿਨਾ ਪ੍ਰਵਾਰ ਨੇ ਅਗੇ ਹੀ ਨਹੀਂ ਟੁਰਣਾ। ਢੰਗ ਐਸਾ, ਜਿੱਥੇ ਲੜਕੀ ਦੇਣ ਵਾਲੇ ਸਦਾ ਲਈ ਲੜਕੇ ਵਾਲਿਆਂ ਦੇ ਕਰਜ਼ਈ ਹੋ ਗਏ ਹੋਣ। ਲੜਕੀ ਦੇ ਘਰ ਖੁਸ਼ੀ ਹੋਵੇ ਜਾਂ ਗ਼ਮੀ; ਤਿਉਹਾਰ ਹੋਵੇ ਜਾਂ ਬੱਚੇ ਦਾ ਜਨਮ, ਲੜਕੀ ਪੇਕੇ ਆਵੇ ਜਾਂ ਲੜਕੀ ਦੇ ਮਾਪੇ ਕੁੜਮਾਂ ਦੇ ਜਾਣ-ਹਰ ਸਮੇਂ ਲੜਕੀ ਵਾਲਿਆਂ ਕੁੱਝ ਨਾ ਕੁੱਝ ਦੇਣਾ ਜ਼ਰੂਰ ਹੈ। ਬਲਕਿ ਕਈ ਸਮਿਆਂ ਲਈ ਤਾਂ ਲੈਣ-ਦੇਣ ਵੀ ਮੁਕਰੱਰ ਹਨ- ‘ਫਲਾਣੇ ਲਈ ਫਲਾਣੇ ਸਮੇਂ, ਫਲਾਂ-ਫਲਾਂ ਵਸਤ ਕੁੜੀ ਦੇ ਮਾਪਿਆਂ ਨੇ ਦੇਣੀ ਹੈ’। ਵਿਆਹ ਵੇਲੇ ਵੀ ਦੇਖੋ ਜਿਵੇਂ ਇੱਕ ਬਾਦਸ਼ਹ ਦੂਜੇ ਨੂੰ ਫਤਹਿ ਕਰਣ ਬਾਅਦ ਖੁਸ਼ੀ ਦੇ ਸ਼ਾਦਿਆਣੇ ਵਜਾਂਦਾ, ਜਲੂਸ ਕਢਦਾ, ਜਸ਼ਨ ਕਰਦਾ ਹੈ; ਠੀਕ ਉਸੇ ਤਰ੍ਹਾਂ ਵਿਆਹ ਲੜਕੇ ਦਾ ਹੋਵੇ ਤਾਂ ਬੈਂਡ, ਸਿਹਰੇ, ਆਤਸ਼ਬਾਜ਼ੀਆਂ, ਸ਼ਰਾਬਾਂ ਦੇ ਦੌਰ ਚਲਦੇ ਹਨ। ਕੁੜੀ ਵਾਲਿਆਂ ਪਾਸੋਂ, ਵੱਡੀ ਤੋਂ ਵੱਡੀ ਮੰਗ ਕੀਤੀ ਜਾਂਦੀ ਹੈ। ਇਨੀਂ ਰਕਮ ਨਕਦ ਲੈਣੀ ਹੈ, ਫਲਾਣੀ ਕੋਠੀ-ਫ਼ਲਾਣਾ ਪਲਾਟ ਮੁੰਡੇ ਦੇ ਨਾਂ ਕੀਤਾ ਜਾਵੇ ਵਗੈਰਾ-ਵਗੈਰਾ। ਗੱਲ ਕਰੋ ਤਾਂ ਉੱਤਰ ਮਿਲੇਗਾ ‘ਅਸੀਂ ਮੁੰਡੇ ਵਾਲੇ ਹਾਂ, ਕੁੜੀ ਵਾਲੇ ਥੋੜ੍ਹੇ ਹਾਂ।

ਓਧਰ ਕੁੜੀ ਵਾਲੇ, ਸਜਾਵਟਾਂ-ਸੁਆਗਤਾਂ ਤੇ ਲੱਖਾਂ ਫੂਕ ਕੇ, ਵਧੀਆ ਮਹਿਮਾਨ ਨਿਵਾਜ਼ੀ ਕਰਕੇ ਵੀ ਉਹਨਾਂ ਦੀ ਹਾਲਤ ਤਰਸ ਯੋਗ ਹੀ ਹੁੰਦੀ ਹੈ। ਡਰੇ-ਸਹਿਮੇ ਹੁੰਦੇ ਹਨ, ਮੁੰਡੇ ਵਾਲੇ ਕਿਸੇ ਗੱਲੋਂ ਨਾਰਾਜ਼ ਹੀ ਨਾ ਹੋ ਜਾਣ। ਸਭ ਨੂੰ ਕਹਿੰਦੇ ਫਿਰਦੇ ਹਨ ਅਜੀ! ਅਸੀਂ ਕੁੜੀ ਵਾਲੇ ਹਾਂ, ਸਾਡਾ ਸਿਰ ਨੀਵਾਂ ਹੈ। ਕੁੜੀ ਵਿਆਹ ਰਹੇ ਹਨ, ਜਿਗਰ ਦਾ ਟੋਟਾ ਕੱਟ ਕੇ ਦੇ ਰਹੇ ਹਨ। ਘਰ ਦੂਜਿਆਂ ਦਾ ਵਸਾ ਰਹੇ ਹਨ ਫ਼ਿਰ ਵੀ ਇਸ ਤਰ੍ਹਾਂ ਹਨ ਜਿਵੇਂ ਕੋਈ ਵੱਡਾ ਜੁਰਮ ਕਰ ਰਹੇ ਹੋਣ। ਏਥੇ ਹੀ ਬੱਸ ਨਹੀਂ, ਇਸ ਤੋਂ ਬਾਅਦ ਵੀ ਸੌਹਰੇ ਘਰ ਜਵਾਈ ਵਿਸ਼ੇਸ਼ ਆਓ-ਭਗਤ ਤੇ ਮਾਨ ਸਤਿਕਾਰ ਦਾ ਹੱਕਦਾਰ ਹੈ ਜਦਕਿ ਲੜਕੀ ਦੇ ਮਾਤਾ-ਪਿਤਾ ਸੈਂਕੜੇ ਕੋਹਾਂ ਤੋਂ ਚੱਲ ਕੇ ਲੜਕੀ ਦੇ ਘਰ ਆਉਣ, ਉਹਨਾਂ ਨੂੰ ਉਸ ਘਰ ਦਾ ਪਾਣੀ ਪੀਣ ਦਾ ਵੀ ਹੱਕ ਨਹੀਂ। ਕਿਨੀਂ ਅਜੀਬ ਬਣਤਰ ਹੈ ਇਸ ਸਮਾਜ ਦੀ ਤੇ ਕਿਨਾਂ ਨੀਵਾਂ ਕੀਤਾ ਗਿਆ ਹੈ ਇਸਤ੍ਰੀ ਵਰਗ ਨੂੰ।

ਜਿਨਾਂ ਘੋਖਾਂਗੇ, ਇਹੀ ਸੋਚ ਉਹਨਾਂ ਦੀਆਂ ਸਾਰੀਆਂ ਰਸਮਾਂ-ਰੀਤਾਂ-ਸਗਨਾਂ, ਵਿਸ਼ਵਾਸਾਂ ਦਾ ਮੂਲ ਵੀ ਮਿਲੇਗੀ। ਇਸ ਤਰ੍ਹਾਂ ਬ੍ਰਾਹਮਣ ਰਾਹੀਂ ਜੋ ਧੱਕਾ ਇਸਤ੍ਰੀ ਵਰਗ ਨਾਲ ਕੀਤਾ ਗਿਆ ਹੈ, ਅੰਦਾਜ਼ਾ ਲਾਂਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਪਰ ਸਭ ਕੀਤਾ ਹੈ ਧਰਮ-ਤਿਉਹਾਰਾਂ-ਰਸਮਾਂ-ਰੀਤਾਂ ਦੇ ਪਰਦੇ `ਚ। ਇਸ `ਤੇ ਤਾਣਾ-ਬਾਣਾ ਵੀ ਹੈ ਸਗਨਾਂ-ਅਪਸਗਨਾਂ ਤੇ ਵਹਿਮ-ਸਹਿਮ ਦਾ; ਜਿਥੋਂ ਕਿਸੇ ਦਾ ਬੋਲਣਾ-ਨਿਕਲਣਾ ਵੀ ਸੌਖੀ ਖੇਡ ਨਹੀੇਂ। ਇਸੇ ਕਾਰਨ, ਲਗਾਤਾਰ ਹਜ਼ਾਰਾਂ ਸਾਲਾਂ ਤੋਂ ਇਸ ਵਿਹਾਰ ਦੀ ਆਦੀ ਹੋ ਚੁੱਕੀਆਂ ਤੇ ਧਰਮ-ਕਰਮ ਮੰਨ ਰਹੀਆਂ ਇਸ ਚਕ੍ਰਵਿਉਹ `ਚ ਫਸੀਆਂ ਬੀਬੀਆਂ ਵੀ ਇਸ ਨੂੰ ਅੰਮ੍ਰਿਤ ਦਾ ਘੁੱਟ ਸਮਝ ਕੇ ਪੀ ਰਹੀਆਂ ਹਨ। ਇਹ ਤਾਂ ਮਰਦ ਸੂਰਮਾ, ਗੁਰੂ ਨਾਨਕ ਪਾਤਸ਼ਾਹ ਹੀ ਹਨ, ਜਿਨ੍ਹਾਂ ਮਾਨਵ ਇਤਿਹਾਸ `ਚ ਪਹਿਲੀ ਵਾਰੀ ਇਸਤ੍ਰੀ ਵਰਗ ਦੀ ਇਸ ਬਦਹਾਲੀ ਨੂੰ ਵੰਗਾਰਿਆ; ਇਹ ਕਿਸੇ ਹੋਰ ਦੇ ਵੱਸ ਦਾ ਹੈ ਵੀ ਨਹੀਂ ਸੀ।

‘ਨਿਓਗ’ ਵਰਗੇ ਵਿੱਭਚਾਰ ਭਰਪੂਰ ਨਿਯਮ ਘੜ ਕੇ, ਧਰਮ ਦੇ ਲੇਬਲ ਹੇਠ ਮਰਦ ਨੂੰ ਵਿਭਚਾਰ ਲਈ ਖੁੱਲੀ ਛੁੱਟੀ ਦਿੱਤੀ ਗਈ। ਅਜਿਹੇ ਵਿਸ਼ਵਾਸ ਦਿੱਤੇ ਹਨ ਕਿ ਲੜਕੀਆਂ ਦਸ ਜੰਮ ਕੇ, ਉਚੇ-ਸੁਚੇ ਜੀਵਨ ਵਾਲਾ ਵੀ ‘ਪੂੰ’ ਨਾਮਕ ਘੋਰ ਨਰਕ ਤੋਂ ਨਹੀਂ ਬਚ ਸਕਦਾ। ਦੂਜੇ ਪਾਸੇ ਕੋਈ ਵਿੱਭਚਾਰੀ ਵੀ ਬੇਸ਼ੱਕ ‘ਨਿਉਗ’ ਦੇ ਢੰਗ ਨਾਲ ਸਹੀ, ਪੁੱਤਰ ਜੰਮ ਲਵੇ ਤਾਂ ਸਿੱਧਾ ਸੁਰਗ ਨੂੰ ਹੀ ਜਾਵੇਗਾ। ਪੁੱਤਰ ਲਫ਼ਜ਼ ਦਾ ਆਧਾਰ ਹੀ ਹੈ ‘ਪੂੰ’ ਨਾਮਕ ਨਰਕ ਤੋਂ ਬਚਾਉਣ ਵਾਲਾ। ਇਸੇ ਕਰਕੇ ਲੜਕੇ ਦੇ ਜਨਮ ਸਮੇਂ ਉਚੇਚੀਆਂ ਖੁਸ਼ੀਆਂ, ਬੈਂਡ, ਦਰਵਾਜ਼ਿਆਂ `ਤੇ ਹਰੇ ਪੱਤੇ, ਮਠਿਆਈਆਂ, ਹਰੇਕ ਤਿਉਹਾਰ ਕਾਕੇ ਦਾ ਪਹਿਲਾ ਤਿਉਹਾਰ। ਜਨਮੇ ਲੜਕਾ ਤੇ ਕੋਈ ਵਧਾਈ ਨਾ ਦੇਵੇ ਤਾਂ ‘ਸਾੜਾ ਕਢਣਾ ਸੂ’। ਉਪ੍ਰੰਤ ਜੇ ਪੋਤ੍ਰਿਆਂ-ਪੜਪੋਤਿਆਂ ਵਾਲੇ ਦੀ ਮੌਤ ਹੋਵੇ ਤਾਂ ਅਰਥੀ ਨੂੰ ਸਜਾਇਆ ਜਾਂਦਾ ਹੈ। ਜਿਸ ਨੂੰ ਬਿਬਾਨ ਕਢਣਾ ਕਹਿੰਦੇ ਹਨ। ਅਰਥੀ ਤੋਂ ਫੁੱਲ-ਮੁਖਾਣੇ-ਪੈਸੇ ਵਾਰੇ ਜਾਂਦੇ ਤੇ ਖੀਰਾਂ-ਹਲੂਏ ਖੁਆਏ ਜਾਂਦੇ ਹਨ। ਕਿਉਂਕਿ ਉਸ ਨੂੰ, ਪੁੱਤਰ-ਪੋਤਰੇ ਜੰਮਣ ਕਰਕੇ, ਲੰਮੇ ਸਮੇਂ ਲਈ ਸੁਰਗ ਮਿਲੇਗਾ। ਇਸੇ ਕਾਰਨ, ਪਿਤ੍ਰੀ ਕਰਮਾਂ ਦਾ ਹੱਕ ਵੀ ਹੈ ਤੇ ਕੇਵਲ ਪੁਤੱਰ, ਪੋਤਿਆਂ ਨੂੰ ਹੀ। ਨੂੰਹ, ਧੀ ਨੂੰ ਨਹੀਂ ਤੇ ਨਾ ਹੀ ਨੂੰਹ, ਧੀ ਨੂੰ ਪਤੀ, ਪਿਤਾ, ਦਾਦੇ ਆਦਿ ਦੀ ਅਰਥੀ ਨੂੰ ਮੋਢਾ ਦੇਣ ਦਾ ਹੀ ਹੱਕ ਹੈ। ਇਸੇ ਤਰ੍ਹਾਂ ਲੜਕੀ ਦੇ ਜਨਮ ਸਮੇਂ ਗਰਦਨ ਨੀਵੀਂ, ਜੇ ਕੋਈ ਵਧਾਈ ਦੇ ਦੇਵੇ ਤਾਂ ‘ਹੁਜਤਾਂ’ ਕਰਦੇ ਹੋ? ਲੜਕੀ ਨੂੰ ਜੰਮਦੇ ਮਾਰਣ ਦੀ ਗੱਲ ਵੀ ਆਮ ਹੈ ਤੇ ਉਸੇ ਦਾ ਅਜੋਕਾ ਰੂਪ ਹੈ ਜਨਮ ਤੋਂ ਪਹਿਲਾਂ ਹੀ ਬੱਚੀ ਦੀ ‘ਭਰੂਣ ਹੱਤਿਆ’। (ਇਸ ਕਲੰਕ ਲਈ ਤਾਂ ਅੱਜ ਸਭ ਤੋਂ ਅਗੇ ਹੈ ਸਿੱਖ ਦੀ ਜਨਮਭੂਮੀ ਪੰਜਾਬ। ਉਹ ਪੰਜਾਬ ਜਿਸ ਨੇ ਗੁਰਬਾਣੀ ਜੀਵਨ ਦੀ ਮਸ਼ਾਲ ਚੁੱਕ ਕੇ ਸੰਸਾਰ ਨੂੰ ਸੇਧ ਦੇਣੀ ਸੀ ਅੱਜ ਬੱਚੀਆਂ ਦੀ ਭਰੂਣ ਹਤਿਆ ਕਾਰਨ ਉਥੇ ਗਰਾਫ਼ ਆ ਚੁੱਕਾ ਹੈ ਇੱਕ ਹਜ਼ਾਰ ਮੁੰਡਿਆਂ ਪਿਛੇ ਕੇਵਲ ੮੭੩ ਬੱਚੀਆਂ ਦਾ ਜਨਮ)। ਇਸਤ੍ਰੀ ਨੂੰ ਪਸ਼ੂ, ਢੋਲ, ਗੁਆਰ ਦੀ ਨਿਆਈਂ ਪਿਟਾਈ ਯੋਗ ਵੀ ਇਸੇ ਵਿਚਾਰਧਾਰਾ `ਚ ਹੀ ਦੱਸਿਆ ਗਿਆ ਹੈ।

ਇਸਤ੍ਰੀ, ਬੱਚੇ ਨੂੰ ਜਨਮ ਦੇ ਕੇ ਪ੍ਰਵਾਰ `ਚ ਵਾਧਾ ਕਰਦੀ ਹੈ, ਸੂਤਕ ਦਾ ਭਰਮ ਪਾ ਕੇ ਉਸ ਨੂੰ ਜਿਨਾਂ ਜ਼ਲੀਲ ਕੀਤਾ ਗਿਆ ਹੈ, ਪ੍ਰਮਾਤਮਾ ਹੀ ਸੁਮੱਤ ਬਖਸ਼ੇ। ਇਸਤ੍ਰੀ ਅੰਦਰ ਵੱਧ ਤੋਂ ਵੱਧ ਹੀਣ ਭਾਵ ਭਰਣ ਲਈ ਧਰਮ ਦੀ ਆੜ `ਚ ਰਖੜੀ (ਰਕਸ਼ਾਬੰਧਨ) ਜਿਸ ਨੂੰ ਭੈਣ ਭਰਾ ਦੇ ਪਵਿਤ੍ਰ ਪਿਆਰ ਦਾ ਨਾਮ ਦਿੱਤਾ ਹੈ, ਅਸਲ `ਚ ਇਸਤ੍ਰੀ ਵਰਗ ਨੂੰ ਹਰ ਸਾਲ ਚੇਤਾਇਆ ਜਾਂਦਾ ਹੈ ਕਿ ਉਹ ਆਪਣੀ ਰਖਿਆ ਦੇ ਯੋਗ ਨਹੀਂ। ਰੱਖਿਆ ਲਈ ਉਸ ਨੇ ਭਰਾ ਰੂਪ ਪੁਰਸ਼-ਵਰਗ ਤੋਂ ਰਖਿਆ ਲਈ ਭੀਖ ਮੰਗਣੀ ਹੈ। ਭਈਆ ਦੂਜ (ਟਿੱਕਾ) ਜਦੋਂ ਭੈਣ, ਭਰਾ ਰੂਪ ਪੁਰਸ਼ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ। ਬਦਲੇ `ਚ ਕੋਈ ਦਿਨ ਨਹੀਂ, ਜਦੋਂ ਭਰਾ ਵੀ ਭੈਣ ਦੀ ਲੰਮੀ ਉਮਰ ਲਈ ਕਾਮਨਾ ਕਰੇ। ਇਸਤ੍ਰੀ ਵਰਗ ਨੂੰ ‘ਅਬਲਾ’ ਦਾ ‘ਪਵਿਤ੍ਰ’ ਲੇਬਲ ਵੀ ਇਸੇ ਸਮਾਜ ਦੀ ਦੇਣ ਹੈ। ਸ਼ਾਇਦ ਲੜਕੀ ਹੋਣ ਨਾਤੇ ਉਹ ਸਮਾਜ `ਤੇ ਵਾਧੂ ਦਾ ਭਾਰ ਤੇ ਬੇ-ਜਰੂਰਤ ਹੈ।

ਇੱਕ ਤੋਂ ਬਾਅਦ ਦੂਜੀ, ਜੇ ਥੱਲੇ-ਉੱਤੇ ਦੋ ਕੁੜੀਆਂ ਜੰਮ ਪੈਣ ਤਾਂ ਮਾਤਮ ਛਾਅ ਜਾਂਦਾ ਹੈ। ਜਨਮ ਦੇਣ ਵਾਲੀ ਮਾਂ ਦੀ ਜੋ ਹਾਲਤ ਹੁੰਦੀ ਹੈ ਉਸ ਨੂੰ ਤਾਂ ਸ਼ਾਇਦ ਉਹ ਆਪ ਵੀ ਬਿਆਨ ਨਾਂ ਕਰ ਸਕੇ। ਡਾਕਟਰੀ ਸਾਇੰਸ ਸਾਬਤ ਕਰ ਚੁੱਕੀ ਹੈਂ ਕਿ ਲੜਕੀ ਜਾਂ ਲੜਕੇ ਦਾ ਜਨਮ ਪਤੀ `ਤੇ ਨਿਰਭਰ ਹੈ, ਫਿਰ ਵੀ ਜ਼ਲੀਲ ਕੀਤਾ ਜਾਂਦਾ ਹੈ ਪਤਨੀ ਨੂੰ। ਸ਼ਾਦੀ ਤੋਂ ਪਹਿਲਾਂ ਪਤੀ ਪ੍ਰਾਪਤੀ ਲਈ ਸੋਮਵਾਰ, ਅਹੋਈ ਆਦਿ ਵਰਤ ਹਨ। ਸ਼ਾਦੀ ਬਾਅਦ ਕਰਵਾਚੌਥ ਆਦਿ ਵਰਤ, ਜਦੋਂ ਉਸ ਨੇ ਹਰ ਸਾਲ ਪਤੀ ਦੀ ਲੰਮੀ ਉਮਰ ਲਈ ਚੰਦ੍ਰਮਾ ਦੇਵਤੇ ਕੋਲੋਂ ਮੰਗ ਕਰਣੀ ਹੈ। ਛਾਨਣੀ `ਚੋ ਚੰਦ ਨੂੰ ਦੇਖ ਕੇ ਤੇ ਕਰੁਏ ਰਾਹੀਂ ਅਰਘ (ਜਲਧਾਰਾ) ਕਰਕੇ ਸਾਲ ਦੇ ਸਾਲ, ਪਤੀ ਨੂੰ ਆਪਣੇ ਪਤੀਬ੍ਰਤਾ ਹੋਣ ਦਾ ਵਿਸ਼ਵਾਸ ਦੇਣਾ ਹੈ। ਇਸ ਵਰਤ ਪਿਛੇ ਰਾਜੇ ਨੂੰ ਸੂਈਆਂ ਚੁਭਣ ਵਾਲੀ ਕਹਾਣੀ ਘੜ ਕੇ ਤਾਂ ਇਸਤ੍ਰੀ ਨੂੰ ਇਨਾਂ ਨੀਵਾਂ ਕੀਤਾ ਹੈ ਕਿ ਕੋਈ ਖੁਦ-ਦਾਰ ਇਸਤ੍ਰੀ ਤਾਂ ਘਟੋ-ਘਟ ਅਜਿਹੇ ਵਰਤਾਂ ਤੋਂ ਕੰਨਾਂ ਨੂੰ ਹੱਥ ਲਾ ਲਵੇ। ਸਾਲ ਚੋਂ 364 ਦਿਨ ਪਤੀ ਦੀ ਸੇਵਾ ਨੂੰ ਸਮਰਪਤ, ਜੇ ਇੱਕ ਦਿਨ ਕੋਤਾਹੀ ਹੋ ਜਾਵੇ ਤਾਂ ‘ਪਤੀ-ਪ੍ਰਮੇਸ਼ਵਰ’ ਨੂੰ ਪੂਰਾ ਹੱਕ ਹੈ, ਪਤਨੀ ਨੂੰ ਤਿਆਗ ਦੇਵੇ ਤੇ ਬਦਲੇ `ਚ ਭਾਵੇਂ ਕਿਸੇ ਗੋਲੀ (ਨੌਕਰਾਣੀ-ਸੇਵਿਕਾ) ਨੂੰ ਹੀ ਅਪਨਾ ਲਵੇ। ੮੦-੯੦ ਸਾਲ ਦੀ ਸੁਹਾਗਣ ਨੂੰ ਵੀ ਬ੍ਰਾਹਮਣੀ ਤੋਂ ‘ਜਵੰਦਾ (ਮੁੰਡਾ-ਕੁੜੀ ਨਹੀਂ) ਝੋਲੀ ਪਾਇਆ’ ਦਾ ਵਰ ਦੁਆਇਆ ਜਾਂਦਾ ਹੈ। ਜੰਜੂ ਦਾ ਹੱਕ ਵੀ ਕੇਵਲ ਦੋ ਨੂੰ ਨਹੀਂ, ਇੱਕ ਅਖੌਤੀ ਸ਼ੂਦਰ ਤੇ ਦੂਜਾ ਇਸਤ੍ਰੀ ਨੂੰ। ਇਸਤ੍ਰੀ ਦੀ ਅਕਲ ਗੁੱਤ `ਚ, ਅਕਲ ਪੈਰ ਦੀ ਅੱਡੀ `ਚ ਆਦਿ ਅਨੇਕਾਂ ਹੁੱਜਤਾਂ।

ਮਨੂ ਜੀ ਨੇ, ਲੜਕੀ-ਲੜਕੇ ਦੇ ਸਕੂਲ `ਚ ਘਟੋ-ਘਟ 21 ਕੋਹ (ਅੰਦਾਜ਼ਾ 48 ਕਿ: ਮੀ: ) ਦੀ ਵਿੱਥ ਜਰੂਰੀ ਦੱਸੀ ਹੈ। ਵਧੀਆ ਤਰੀਕਾ ਹੈ ‘ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ’। ਨਾ ਲੜਕੀ ਘਰੋਂ ਇਨੀਂ ਦੂਰ ਜਾਵੇ ਤੇ ਨਾ ਪੜ੍ਹ ਸਕੇ। ਇਸ ਤਰ੍ਹਾਂ ਅਨਪੜ੍ਹ ਤੇ ਗੁਆਰ ਰਹਿ ਕੇ, ਮਰਦ ਜਾਤ ਵੱਲੋਂ ਕੀਤੇ ਕਿਸੇ ਵੀ ਧੱਕੇ ਵਿਰੁਧ ਕਦੇ ਜਾਗ ਨਾ ਸਕੇ। ਇਸਤ੍ਰੀ ਪਤੀਬ੍ਰਤਾ ਹੋਵੇ, ਇਸ ਦੇ ਲਈ ਇਕਾਂਕੀਆਂ, ਅਗਨੀ ਪ੍ਰੀਖਿਆਵਾਂ ਤੇ ਵਰਤ ਹਨ। ਦੂਜੇ ਪਾਸੇ ਪਤੀ ਲਈ ਇਸ ਦੀ ਲੋੜ ਹੀ ਨਹੀਂ। ਚੂੜਾ ਅਨੇਕਾਂ ਸੁਹਾਗ ਤੇ ਮੰਗਲਸੂਤਰਾਂ ਆਦਿ ਵਾਲੀਆਂ ਸਾਰੇ ਦਿਖਾਵੇ ਤੇ ਬੰਦਸ਼ਾਂ ਕੇਵਲ ਇਸਤ੍ਰੀ ਲਈ ਹਨ ਦੂਜੇ ਪਾਸੇ ਮਰਦ ਸ਼ਾਦੀ ਕਰਵਾ ਕੇ ਉਸੇ ਤਰ੍ਹਾਂ ਆਜ਼ਾਦ ਹੈ। ਇਸਤ੍ਰੀ ਨੂੰ ਨਰਕ ਦਾ ਦੁਆਰ ਕਿਹਾ ਹੈ ਕਿਉਂਕਿ ਇਸਤ੍ਰੀ, ਮਨੁੱਖ ਨੂੰ ਨਰਕ `ਚ ਧਕੇਲਦੀ ਹੈ। ਇਸਤ੍ਰੀ ਸੁਰਗ `ਚ ਨਹੀਂ ਜਾ ਸਕਦੀ, ਸੁਰਗ `ਚ ਜਾਣ ਲਈ, ਜ਼ਰੂਰੀ ਹੈ ਪਹਿਲਾਂ ਮਨੁੱਖ ਜੂਨ `ਚ ਆਵੇ। ਹੋਰ ਲਵੋ! ਨੌਜੁਆਨ ਤੇ ਸੁੰਦਰ ਬੱਚੀਆਂ ਨੂੰ ਦੇਵਦਾਸੀਆਂ ਬਣਾਉਣਾ, ਸਤੀ ਪ੍ਰਥਾ ਅਧੀਨ ਅੱਠਾਂ ਪਹਿਰਾਂ ਦੀਆਂ ਵਿਆਹੀਆਂ ਨੂੰ ਜ਼ਬਰਦਸਤੀ ਚੁੱਕ ਕੇ ਬਲਦੀ ਚਿਤਾ `ਚ ਸਿਟਣਾ ਜਾਂ ਉਸ ਨੂੰ ਸਤੀ ਹੋਣ ਲਈ ਮਜਬੂਰ ਕਰਣਾ ਵੀ ਇਸੇ ਸਮਾਜ ਦੀ ਦੇਣ ਹਨ। ਇਸ ਸਮਾਜ ਅੰਦਰ ਜਿਥੇ ਇਸਤ੍ਰੀ ਦੇ ਸਤੀ ਹੋਣ ਦਾ ਨਿਯਮ ਦਿੱਤਾ ਹੈ, ਉਥੇ ਵਿਧਵਾ ਦੀ ਦੋਬਾਰਾ ਸ਼ਾਦੀ ਨਹੀਂ ਹੋ ਸਕਦੀ। ਬਲਕਿ ਉਸ ਨੂੰ ਕੁਲੱਛਣੀ, ਕਲਮੂੰਹੀ, ਖਸਮ-ਖਾਣੀ ਆਦਿ ਕਹਿ-ਕਹਿ ਕੇ ਦੁਰਕਾਰਿਆ ਜਾਂਦਾ ਹੈ। ਵਿਧਵਾ ਆਡੰਬਰਾਂ ਲਈ ਮਜਬੂਰ ਕੀਤਾ ਜਾਂਦਾ ਹੈ। ਕਿਸੇ ਪ੍ਰਵਾਰਕ ਖੁਸ਼ੀ ਸਮੇਂ, ਵਿਧਵਾ ਦੀ ਹਾਜ਼ਰੀ ਨੂੰ ਮਨਹੂਸਤਾ, ਅਪਸਗਨ ਮੰਣਿਆ ਜਾਂਦਾ ਹੈ। ਦੂਜੇ ਪਾਸੇ ਮਰਦ `ਤੇ ਕੋਈ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ। ਇਥੋਂ ਤੀਕ ਕਿ ਜੇ ਇਸਤ੍ਰੀ ਕਾਲਵਸ ਹੋ ਜਾਵੇ ਤਾਂ ਚਿਤਾ ਠੰਢੀ ਹੋਣ ਤੋਂ ਪਹਿਲਾਂ ਹੀ ਮੁੰਡੇ ਨੂੰ ਦੂਜੀ ਜਗ੍ਹਾ ਆਪਣੀ ਸ਼ਾਦੀ ਪੱਕੀ ਕਰ ਲੈਣ ਦਾ ਪੂਰਾ ਹੱਕ ਹੈ।

ਕੁਝ ਸਤੀ ਪ੍ਰਥਾ ਬਾਰੇ- ਸਤੀ ਪ੍ਰਥਾ ਬਾਰੇ ਗਰੁੜ ਪੁਰਾਣ ‘ਸਪਿੰਡੀਕਰਣ’ ਤੇ ‘ਦਾਨ ਦੇ ਅਧਿਕਾਰ’ `ਚ ਇਥੋਂ ਤੀਕ ਲਿਖਿਆ ਹੈ, ਜਿਹੜੀ ਇਸਤ੍ਰੀ ਆਪਣੇ ਪਤੀ ਨਾਲ ਚਿਤਾ `ਚ ਸੜ ਕੇ ਨਹੀਂ ਮਰਦੀ, ਪਰਲੋ ਤੀਕ ਪਤੀਲੋਕ ਨੂੰ ਪ੍ਰਾਪਤ ਨਹੀਂ ਹੋ ਸਕਦੀ। ਅਜਿਹੀ ਇਸਤ੍ਰੀ ਦੇਵ ਪ੍ਰਮਾਣ ਦਸ ਹਜ਼ਾਰ ਸਾਲਸ਼ਾਂ ਤੀਕ ਦੁਖ ਭੋਗਦੀ ਹੈ। ਜਿਉਂਦੇ ਜੀਅ ਦੂਜਿਆਂ ਦੇ ਕੁਬੋਲ ਸਹਿੰਦੀ ਹੈ। ਜੇ ਮਰ ਕੇ ਦੋਬਾਰਾ ਜਨਮ ਲੈਂਦੀ ਵੀ ਹੈ ਤਾਂ ਵੀ ਉਸ ਨੂੰ ਵੇਸ਼ਿਆ ਦਾ ਜਨਮ ਹੀ ਮਿਲਦਾ ਹੈ। ਦੂਜੇ ਪਾਸੇ ਜਿਹੜੀ ਇਸਤ੍ਰੀ ਆਪਣੇ ਮਾਤਾ-ਪਿਤਾ, ਬਾਲ ਬੱਚੇ, ਸਾਰਿਆਂ ਦਾ ਮੋਹ ਤਿਆਗ ਕੇ ਪਤੀ ਦੀ ਚਿਤਾ `ਚ ਸੜ ਮਰਦੀ ਹੈ, ਦੇਵ ਪ੍ਰਮਾਣ ਸਾਢੇ ਤਿੰਨ ਕਰੋੜ ਸਾਲਾਂ ਤੀਕ, ਤਾਰਿਆਂ ਨਾਲ ਸੁਰਗਾਂ `ਚ ਨਿਵਾਸ ਕਰਦੀ ਹੈ। ਉਥੇ ਇਥੋਂ ਤੀਕ ਵੀ ਲਿਖਿਆ ਹੈ, ਜਿਹੜੀ ਪਤਨੀ ਭਾਵੇਂ ਸਾਰੀ ਉਮਰ ਪਤੀ ਵਿਰੁਧ ਤੇ ਉਸ ਨੂੰ ਦੁਖ ਵੀ ਦਿੰਦੀ ਰਹੀ ਹੋਵੇ-ਜੇ ਪਤੀ ਨਾਲ ਸਤੀ ਹੋਵੇ ਤਾਂ ਉਸ ਦੇ ਸਾਰੇ ਪਾਪਾਂ ਦਾ ਪ੍ਰਾਸ਼ਚਤ ਹੋ ਜਾਂਦਾ ਹੈ। ਜੇਕਰ ਜੀਵਨ `ਚ ਉਸ ਦਾ ਪਤੀ ਰਜਵਾਂ ਕੁਕਰਮੀ, ਵਿਭਚਾਰੀ ਵੀ ਰਿਹਾ ਹੋਵੇ, ਸਤੀ ਹੋਣ ਵਾਲੀ ਪਤਨੀ ਸਦਕਾ, ਪਤੀ ਦੇ ਵੀ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਯਕੀਨ ਨਾ ਹੋਵ ਤਾਂ ਆਪ ਗਰੁੜ ਪੁਰਾਣ ਪੜ੍ਹ ਲਵੋ; ਅਜਿਹੀਆਂ ਹੋਰ ਵੀ ਬਹੁਤ ਗੱਲਾਂ ਦਾ ਪਤਾ ਲਗ ਜਾਵੇਗਾ। (ਮਨੁੱਖ ਦੇ ਦਸ ਹਜ਼ਾਰ ਸਾਲ ਬਰਾਬਰ ਹੈ, ਦੇਵਤਿਆਂ ਦਾ ਇੱਕ ਸਾਲ)

“ਸਤੀਆ ਏਹਿ ਨ ਆਖੀਅਨਿ” - ਇਸੇ ਵਿਸ਼ੇ ਨੂੰ ਜੇਕਰ ਥੋੜਾ ਗੁਰਮਤਿ ਪੱਖੋਂ ਲਵੀਏ ਤਾਂ ਤੀਜੇ ਪਾਤਸ਼ਾਹ ਨੇ, ਅਕਬਰ ਨੂੰ ਸਿਫ਼ਾਰਿਸ਼ ਕਰਕੇ ਇਸ ‘ਸਤੀ ਪ੍ਰਥਾ’ ਵਾਲੀ ਕੁਰੀਤੀ ਨੂੰ ਬੰਦ ਕਰਵਾਇਆ ਸੀ। ਸੰਪੂਰਣ ਗੁਰਬਾਣੀ ਦਾ ਆਧਾਰ ਹੈ ਕਿ “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ” (ਪੰ: ੫੯੧)। ਭਾਵ ਸਾਰੇ ਸੰਸਾਰ `ਚ ਪੁਰਖ ਕੇਵਲ ਤੇ ਕੇਵਲ ਅਕਾਲਪੁਰਖ ਹੀ ਹੈ। ਇਸ ਤਰੀਕੇ ਮਰਦ ਹਨ ਜਾਂ ਇਸਤ੍ਰੀਆਂ, ਅਸੀਂ ਸਾਰੀਆਂ ਹੀ ਪਤੀ ਪ੍ਰਮੇਸ਼ਵਰ ਦੀਆਂ ਜੀਵ ਇਸਤ੍ਰੀਆਂ ਹਾਂ। ਇਥੇ ਤਾਂ ਵਿਧਵਾ ਵੀ ਉਹਨਾਂ ਨੂੰ ਕਿਹਾ ਹੈ ਜਿਹੜੀਆਂ ਜੀਵ ਇਸਤ੍ਰੀਆਂ ਪਤੀ ਪ੍ਰਮੇਸ਼ਵਰ ਨੂੰ ਵਿਸਾਰ ਕੇ ਸੰਸਾਰ `ਚ ਵਿਚਰਦੀਆਂ ਤੇ ਆਪਣਾ ਮਨੁੱਖਾ ਜਨਮ ਬਿਰਥਾ ਕਰਕੇ ਜਾਂਦੀਆਂ ਹਨ। ਦੂਜੇ ਪਾਸੇ ਸੁਹਾਗਣ ਤੇ ਸਦਾ ਲਈ ਪਤੀ ਪ੍ਰਮੇਸ਼ਵਰ `ਚ ਅਭੇਦ ਹੋ ਜਾਣ ਵਾਲੀਆਂ ਅਥਵਾ ਜਨਮ-ਮਰਨ ਦੇ ਗੇੜ੍ਹ ਤੋਂ ਮੁਕਤ ਹੋ ਜਾਣ ਵਾਲੀਆਂ ਜੀਵ ਇਸਤ੍ਰੀਆਂ ਉਹੀ ਹਨ ਜਿਹੜੀਆਂ ਜੀਊਂਦੇ ਜੀਅ ਪ੍ਰਭੂ-ਪ੍ਰਮਾਤਮਾ `ਚ ਅਭੇਦ ਹੋ ਜਾਂਦੀਆਂ ਹਨ।

ਠੀਕ ਇਸੇ ਤਰ੍ਹਾਂ ਗੁਰਬਾਣੀ `ਚ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਸਤੀ ਹੋਣ ਵਾਲੀ ਜਾਂ ਕੀਤੀ ਜਾਣ ਵਾਲੀ ਨੂੰ ਇਸਤ੍ਰੀ ਨੂੰ ਸਤੀ ਨਹੀਂ ਮੰਨਿਆ। ਬਲਕਿ ਗੁਰਮਤਿ ਅਨੁਸਾਰ ਮਰਦ ਜਾਂ ਇਸਤ੍ਰੀਆਂ, “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ” (ਪੰ: ੫੯੧) ਦੇ ਆਧਾਰ `ਤੇ ਹੀ ਸਤੀਆਂ ਉਹ ਹਨ ਜੋ ਜੀਊਂਦੇ ਜੀਅ ਹਰ ਸਮੇਂ ਪ੍ਰਭੂ ਪਤੀ ਦੀ ਯਾਦ ਤੇ ਵਿਛੋੜੇ `ਚ ਜੀਊਣ ਫ਼ੁਰਮਾਣ ਹੈ “ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ॥ ੧ ॥ ਮਃ ੩॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾੑਲੰਨਿੑ (ਪੰ: ੭੮੭) ਤੇ ਉਸ ਲਈ ਢੰਗ ਦਸਿਆ ਹੈ “ਬਿਰਹੇ ਚੋਟ ਮਰੰਨਿ”. . ਤੇ “ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾੑਲੰਨਿ” ਜਿਸ ਤੋਂ ਜੀਵਨ `ਚ ਪ੍ਰਭੂ ਦੀ ਸਿਫ਼ਿਤ ਸਲਾਹ ਵਾਲੇ ਰੰਗ `ਚ ਰੰਗੇ ਰਹਿ ਕੇ ਆਪਣੇ ਜੀਵਨ ਅੰਦਰ “ਸੀਲ ਸੰਤੋਖਿ” ਆਦਿ ਇਲਾਹੀ ਗੁਣ ਪ੍ਰਵੇਸ਼ ਕਰਣ। #178s09.02s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ

Including this Self Learning Gurmat Lesson No 178

ਸਿੱਖ ਧਰਮ `ਚ ਇਸਤ੍ਰੀ ਦਾ ਸਥਾਨ ਤੇ ਅਜੋਕੇ ਸਿੱਖ (ਭਾਗ-੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.