.

☬ ਦੁਨੀਆ ਹੁਸੀਆਰ ਬੇਦਾਰ …. ☬
ਬੂਬਨੇ ਸਾਧਾਂ ਦਾ ਸਿੱਖੀ ਤੇ ਹਮਲਾ

ਪ੍ਰੋ: ਸੁਖਵਿੰਦਰ ਸਿੰਘ ਦਦੇਹਰ

(ਭਾਗ -੬)

ਨੋਟ:-੧. ਦੇਹ ਪੂਜਾ ਮੂਰਤੀ ਪੂਜਾ, ੨. ਡੇਰਾਵਾਦ, ੩. ਪਖੰਡ ਵਹਿਮ ਭਰਮ, ੪. ਗੁਲਾਮੀ, ੫. ਗੁਰਬਾਣੀ ਦਾ ਨਿਰਾਦਰ, ੬. ਦਸਮ ਗ੍ਰੰਥ, ੭. ਇਤਿਹਾਸਿਕ ਮਿਲਾਵਟ, ੮. ਭਰੂਣ ਹੱਤਿਆ ਦੇ ਦੋਸ਼ੀ, ੯. ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, ੧੦. ਜਾਤਿ ਪਾਤਿ ਦੇ ਹਾਮੀ, ੧੧. ਮੜੀਆਂ ਦੀ ਪੂਜਾ ਵਧਾਈ, ੧੨. ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ।

੬. ਦਸਮ ਗ੍ਰੰਥ:-ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖ ਦਾ ਗੁਰੁ ਹੈ। ਗੁਰੁ ਸਾਹਿਬ ਜੀ ਦਾ ਇਹ ਫੈਸਲਾ ਹੈ। ਗੁਰੂਬਾਣੀ ਤੋਂ ਇਲਾਵਾ ਹੋਰ ਕੋਈ ਸਰੀਰ ਜਾਂ ਗ੍ਰੰਥ ਜਾਂ ਕੋਈ ਹੋਰ ਵਸਤੂ ਨੂੰ ਗੁਰੁ ਬਰਾਬਰ ਕਦੀ ਵੀ ਨਹੀਂ ਮੰਨਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੋਵੇਂ ਵਾਰ ਗੁਰੁ ਸਾਹਿਬ ਜੀ ਨੇ ਆਪ ਕੀਤੀ, ਕੋਈ ਐਸਾ ਕਾਰਨ ਨਹੀਂ ਬਣਦਾ ਜੋ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਰਹਿ ਗਈ ਹੋਵੇ। ਗੁਰਬਾਣੀ ਦੀ ਨਿਯਮਾਵਲੀ ਇਕਸਾਰ ਰੱਖੀ ਗਈ ਬਣਤਰ ਇਕਸਾਰ ਰੱਖੀ ਗਈ। ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਕਮੀ ਨਹੀਂ ਜੋ ਬਾਹਰੋਂ ਕਿਸੇ ਕਿਸਮ ਦਾ ਕੋਈ ਆਸਰਾ ਲੈਣਾ ਪਵੇ। ਕਿੰਨੀ ਹਾਸੋਹੀਣੀ ਦਸ਼ਾ ਹੈ ਡੇਰੇਦਾਰਾਂ ਜਥੇਦਾਰਾਂ ਦੀ, ਜਦੋਂ ਕਹਿੰਦੇ ਹਨ ਹਾਂ ਹਾਂ ਗੁਰਗੱਦੀ ਤਾਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਦਿਤੀ ਹੈ, ਗੁਰੁ ਤਾਂ ਬਾਣੀ ਹੀ ਹੈ, ਪਰ ਜੇ ਦਸਮ ਗ੍ਰੰਥ ਦੇ ਖਿਲਾਫ ਕੋਈ ਗੱਲ ਕੀਤੀ ਜਾਂ ਇਸ ਨੂੰ ਰੱਦ ਕੀਤਾ ਤਾਂ ਸਿੱਖ ਪੰਥ ਦਾ ਬੇੜਾ ਗਰਕ ਜਾਵੇਗਾ। ਗੁਰੁ ਗ੍ਰੰਥ ਸਾਹਿਬ ਗੁਰੁ ਤਾਂ ਹੈ ਪਰ ਜੇ ਸਿੱਖ ਬਣਨਾ ਜਾਂ ਬਣਾਉਣਾ ਹੈ ਤਾਂ ਫਿਰ ਦਸਮ ਗ੍ਰੰਥ ਹੋਣਾ ਹੀ ਚਾਹੀਦਾ ਹੈ। ਕੀ ਗੁਰੂਬਾਣੀ ਵਿੱਚ ਸਿੱਖ ਬਣਾਉਣ ਦੀ ਸਮਰੱਥਾ ਨਹੀਂ ਹੈ। ਵੇਖੋ ਇਹਨਾਂ ਦੀ ਅਕਲ ਦਾ ਦਿਵਾਲਾ ਨਿਕਲਿਆ ਅਖੇ ਸਿੱਖ ਬਣਾਉਣ ਵਾਸਤੇ ਦਸਮ ਗ੍ਰੰਥ ਚਾਹੀਦਾ ਹੈ ਉਂਝ ਸਿੱਖ ਬਣ ਹੀ ਨਹੀਂ ਸਕਦਾ, ਅਰਦਾਸ ਵਾਸਤੇ ਦਸਮ ਗ੍ਰੰਥ ਚਾਹੀਦਾ ਨਹੀਂ ਤਾਂ ਅਰਦਾਸ ਤਾਂ ਹੋ ਹੀ ਨਹੀਂ ਸਕਦੀ, ਸਿੱਖ ਸੰਤ ਨੂੰ ਸਿਪਾਹੀ ਬਣਾਉਣ ਵਾਸਤੇ ਦਸਮ ਗ੍ਰੰਥ ਚਾਹੀਦਾ ਹੈ ਨਹੀਂ ਤਾਂ ਸਿਪਾਹੀ ਤਾਂ ਬਣ ਹੀ ਨਹੀਂ ਸਕਦਾ, ਦੋਸ਼ ਦੂਜਿਆਂ ਨੂੰ ਦਿੰਦੇ ਹਨ ਕਿ ਇਹ ਨਾਸਤਿਕ ਹਨ ਪਰ ਇਹਨਾ ਦੀ ਕਹਿਣੀ ਕਥਨੀ ਤੇ ਥੋੜਾ ਜਿਹਾ ਵੀ ਧਿਆਨ ਦਿਤਿਆਂ ਆਪਣੇ ਆਪ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਗੁਰੁ ਤੇ ਸ਼ੱਕ ਤਾਂ ਇਹਨਾਂ ਸਾਧਾਂ ਸੰਤਾਂ ਤੇ ਜਥੇਦਾਰਾਂ ਨੂੰ ਹੈ, ਕਿਉਂਕਿ ਗੁਰਮੱਤੀਏ ਸਿੱਖਾਂ ਨੂੰ ਤਾਂ ਗੁਰੁ ਤੇ ਕੋਈ ਸ਼ੱਕ ਹੀ ਨਹੀਂ ਹੈ, ਇਸੇ ਲਈ ਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਗੁਰੁ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਰਚਨਾ ਜਾਂ ਸਾਧ ਸੰਤ ਸਾਨੂੰ ਨਹੀਂ ਚਾਹੀਦਾ। ਗੁਰੂਬਾਣੀ ਨੇ ਆਰੰਭ ਤੋਂ ਹੀ ਸਿੱਖ ਵੀ ਪੈਦਾ ਕੀਤੇ, ਅਰਦਾਸ ਵੀ ਹੁੰਦੀ ਰਹੀ, ਸਿਪਾਹੀ ਵੀ ਬਣਦੇ ਰਹੇ ਸਾਰੇ ਕਾਰਜ ਗੁਰਬਾਣੀ ਉਪਦੇਸ਼ ਮੁਤਾਬਿਕ ਪੂਰੇ ਹੁੰਦੇ ਰਹੇ, ਹੁਣ ਵੀ ਹੋਣਗੇ। ਗੁਰੁ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਨੂੰ ਕੋਈ ਲੋੜ ਨਹੀਂ ਹੋਰ ਕਿਸੇ ਸਾਧ ਸੰਤ ਦੀ ਮਿਹਰ ਜਾਂ ਦਸਮ ਗ੍ਰੰਥ, ਗੁਰ ਬਿਲਾਸ ੬ਵੀਂ ਵਰਗੇ ਗ੍ਰੰਥਾਂ ਦੀ।
ਇਸ ਦੇ ਬਾਵਜੂਦ ਡੇਰੇਵਾਦੀ ਪ੍ਰਣਾਲੀ ਦੇ ਹਿਮਾਇਤੀ, ਜੱਥੇਦਾਰ ਲਾਣਾ ਆਦਿ ਸਾਰੇ ਹੀ ਇਸ ਅਖੌਤੀ ਦਸਮ ਗ੍ਰੰਥ ਨੂੰ ਚਿੰਬੜੇ ਹੋਏ ਹਨ ਅਤੇ ਇਸ ਨੂੰ ਗੁਰਗੱਦੀ ਦਿਵਾਉਣ ਲਈ ਵੀ ਬਾਜ਼ਿਦ ਹਨ। ਅਸਲ ਵਿੱਚ ਜਿਵੇਂ ਬ੍ਰਾਹਮਣ ਨੇ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਮਨ ਮਰਜ਼ੀ ਦੇ ਦੇਵੀ ਦੇਵਤੇ ਬਣਾਏ ਇਸੇ ਤਰਾਂ ਇਹਨਾਂ ਬ੍ਰਾਹਮਣਾਂ ਦੇ ਪੈਰੋਕਾਰਾਂ ਨੇ ਵੀ ਆਪਣੇ ਸੁਭਾਉ ਅਨੁਸਾਰ ਹੀ ਆਪਣਾ ਗੁਰੁ ਬਣਾਉਣਾ ਚਾਹਿਆ ਹੈ। ਜਿਹੜੇ ਲੋਕ ਖੁੱਦ ਸ਼ਰਾਬ ਪੀਂਦੇ ਹਨ, ਜਿਹੜੇ ਜਥੇਦਾਰ ਤੇ ਸਾਧ ਸਿੱਖਾਂ ਨੂੰ ਲੱਵ ਕੁਸ਼ ਦੀ ਔਲਾਦ ਆਖਦੇ ਹਨ, ਜਿੰਨ੍ਹਾਂ ਦੇ ਆਕਾ ਮੱਥੇ `ਤੇ ਤਿਲਕ ਲਗਵਾਉਂਦੇ ਹਨ ਤੇ ਹਵਨ ਕਰਦੇ ਹਨ, ਜਿਹਨਾਂ ਨੂੰ ਟੱਲੀਆਂ ਦੀਵਿਆਂ ਵਾਲੀਆਂ ਆਰਤੀਆਂ ਚੰਗੀਆਂ ਲੱਗਦੀਆਂ ਹਨ, ਜਿਹੜੇ ਚਰਿੱਤਰ ਦੇ ਆਪ ਢਿੱਲੇ ਹੋਣ, ਜਿਹਨਾਂ ਨੂੰ ਦੇਵੀ ਦੇਵਤਿਆਂ `ਤੇ ਭਰੋਸਾ ਇੱਕ ਨਾਲੋਂ ਵੱਧ ਕੇ ਹੋਵੇ, ਜਿਹੜੇ ਕ੍ਰਿਪਾਨ ਨੂੰ ਵੀ ਜਨੇਊ ਬਣਾਉਣ ਵੱਲ ਵੱਧਦੇ ਹੋਣ, ਜਿਹਨਾਂ ਨੂੰ ਇੱਕ ਅਕਾਲ ਦੀ ਪੂਜਾ ਦੇਸ਼ ਦੀ ਅਖੰਡਤਾ ਲਈ ਖਤਰਾ ਜਾਪਦੀ ਹੈ ਅਤੇ ਜਿਹੜੇ ਲੋਕ ਬਹੁ ਗਿਣਤੀ ਨੂੰ ਖੁਸ਼ ਕਰਨ ਅਤੇ ਉਹਨਾਂ ਦੀ ਜੀ ਹਜ਼ੂਰੀ ਕਰਨ ਦੀ ਲਾਲਸਾ ਰੱਖਦੇ ਹਨ, ਉਹਨਾਂ ਨੂੰ ਤਾਂ ਦਸਮ ਗ੍ਰੰਥ ਵਰਗਾ ਗੁਰੂ ਹੀ ਫਿੱਟ ਬੈਠਦਾ ਹੈ।
ਜਿਹੜੇ ਬਹੁ ਗਿਣਤੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਨਾ, ਬੰਦੇ ਨੂੰ ਰੱਬ ਬਣਾ ਕੇ ਪੂਜਣਾ, ਅਗਿਆਨਤਾ ਅਤੇ ਗਫਲਤ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ ਉਹਨਾਂ ਨੂੰ ਗੁਰੁ ਗ੍ਰੰਥ ਸਾਹਿਬ ਦੇ ਸੱਚ ਤੋਂ ਸਖਤ ਚਿੜ ਹੈ ਅਤੇ ਉਹ (ਭਾਵ ਹਿੰਦੂਤਵੀ ਸੋਚ ਆਰ. ਐਸ. ਐਸ ਵਾਲੇ) ਚਾਹੁੰਦੇ ਹਨ ਕਿ ਕਿਸੇ ਤਰਾਂ ਗੁਰੁ ਗ੍ਰੰਥ ਸਾਹਿਬ ਦੇ ਸੱਚ ਨੂੰ ਦਫਨ ਕਰ ਦਿਤਾ ਜਾਵੇ। ਉਹਨਾਂ ਲੋਕਾਂ ਦੇ ਇਸ ਨੀਚ ਮਨਸੂਬੇ ਨੂੰ ਪੂਰਾ ਕਰਨ ਵਿੱਚ ਭਰਪੂਰ ਸਹਿਯੋਗੀ ਹਨ ਇਹ ਸਾਰੇ ਜੱਥੇਦਾਰ ਅਤੇ ਡੇਰੇਦਾਰ ਸਾਧ ਸੰਤ। ਇਸੇ ਲਈ ਇਹ ਸਾਰੇ ਸਾਧ ਬਾਬੇ, ਜਥੇਦਾਰ ਆਦਿਕ ਲੋਕ ਇਸ ਜਿਦ ਵਿੱਚ ਪਏ ਹੋਏ ਹਨ ਕਿ ਦਸਮ ਗ੍ਰੰਥ, ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਣਾ ਹੀ ਰੱਖਣਾ ਹੈ। ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤਾਂ ਧਾਰਨਾਵਾਂ ਕੋਲੋਂ ਬਣਾ ਬਣਾ ਕੇ ਲਾਉਂਦੇ ਹਨ ਤੇ ਆਖਦੇ ਹਨ ਕਿ ਗੁਰਬਾਣੀ ਲੋਕਾਂ ਦੇ ਸਮਝ ਨਹੀਂ ਆਉਂਦੀ। ਪਰ ਪਤਾ ਨਹੀਂ ਦਸਮ ਗ੍ਰੰਥ ਦੀ ਇੰਨੀ ਔਖੀ ਭਾਸ਼ਾ ਕਿਵੇਂ ਸਮਝ ਆਵੇਗੀ। ਗੁਰੁ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤਰ ਦੀ ਤਾਂ ਅਜੇ ਲੋਕਾਂ ਨੂੰ ਸਮਝ ਦੇ ਨਹੀਂ ਸਕੇ, ਜੋਰ ਲਾ ਰਹੇ ਹਨ ਦਸਮ ਗ੍ਰੰਥ ਬਾਰੇ। ਵੈਸੇ ਦਸਮ ਗ੍ਰੰਥ ਵਿੱਚ ਸਮਝਣ ਵਾਲੀ ਤਾਂ ਕੋਈ ਗੱਲ ਹੈ ਵੀ ਨਹੀਂ, ਸਿਰਫ ਲਗਦਾ ਹੈ ਕਿ ਇੱਕ ਹੋਰ ਵੱਧ ਭੇਟਾ ਵਾਲੇ ਅਖੰਡ ਪਾਠ ਦਾ ਹੀ ਪ੍ਰਬੰਧ ਹੈ, ਕਿ ਚਲੋ ਵੱਧ ਭੇਟਾ ਲੈ ਕੇ ਲੋਕਾਂ ਨੂੰ ਠੱਗਿਆ ਜਾ ਸਕੇ। ਜਦੋਂ ਅਜੇ ਤੱਕ ਗੁਰੁ ਗ੍ਰੰਥ ਸਾਹਿਬ ਜੀ ਨੂੰ ਤਾਂ ਅਖੰਡ ਪਾਠਾਂ ਤੋਂ ਵਧ ਕੇ ਸਮਝਣ ਦੀ ਗਲ ਕਰ ਹੀ ਨਹੀਂ ਸਕੇ ਤਾਂ ਹੋਰ ਦਸਮ ਗ੍ਰੰਥ ਚੋਂ ਪਤਾ ਨਹੀਂ ਕੀ ਕੱਢ ਲੈਣਗੇ। ਦਸਮ ਗ੍ਰੰਥ ਐਵੇਂ ਪੰਥ ਤੇ ਲੱਦਿਆ ਜਾ ਰਿਹਾ ਹੈ, ਜਿਸ ਦਾ ਪਾਠ ਘਰ ਪਰਿਵਾਰ ਵਿੱਚ ਬੈਠ ਕੇ ਵੀ ਨਹੀਂ ਕੀਤਾ ਜਾ ਸਕਦਾ। ਫਿਰ ਜਿਸ ਨੂੰ ਗੁਰਗੱਦੀ ਵੀ ਗੁਰੁ ਸਾਹਿਬ ਜੀ ਨੇ ਨਹੀਂ ਦਿਤੀ ਉਸ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਿਠਾਉਣ ਦਾ ਅਪਰਾਧ ਕਰਨ ਲਈ ਜੋਰ ਕਿਉਂ ਲੱਗ ਰਿਹਾ ਹੈ। ਕੀ ਕਦੀ ਸਿੱਖਾਂ ਨੇ ਸ੍ਰੀ ਚੰਦ ਨੂੰ ਗੁਰੁ ਅੰਗਦ ਸਾਹਿਬ ਜੀ ਦੇ ਬਰਾਬਰ ਬਿਠਾਉਣ ਲਈ ਸਹਿਮਤੀ ਦਿੱਤੀ। ਦਾਤੂ ਦਾਸੂ, ਮੋਹਨ, ਪ੍ਰਿਥੀ ਚੰਦ, ਧਰਿਮੱਲ ਵਰਗੇ, ਗੁਰੁ ਦੀ ਬਰਾਬਰੀ ਤੇ ਸਿੱਖ ਕੌਮ ਨੇ ਕਦੀ ਪਰਵਾਨ ਨਹੀਂ ਕੀਤੇ। (ਮੌਜੂਦਾ ਸਮੇਂ ਵਿੱਚ ਇਹੀ ਸਾਧ ਸੰਤ ਤੇ ਅਗਿਆਨੀ ਜਥੇਦਾਰ ਸ੍ਰੀ ਚੰਦ ਆਦਿਕ ਸੋਢੀਆਂ ਬੇਦੀਆਂ ਨੂੰ ਗੁਰੁ ਨਾਲੋਂ ਵੀ ਉੱਚਾ ਮੰਨ ਰਹੇ ਹਨ) ਫਿਰ ਸਿੱਖੋ ਮੌਜੂਦਾ ਸਮੇਂ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕਰਨਾ, ਬਰਾਬਰ ਚੌਰ ਕਰਨਾ, ਹੁਕਮ ਲੈਣਾ, ਅਖੰਡ ਪਾਠ ਕਰਨਾ, ਸੇਵਾ ਸੰਭਾਲ ਗੁਰੁ ਸਹਿਬ ਜੀ ਦੇ ਬਰਾਬਰ ਹੀ ਕਰਨੀ, ਕੀ ਆਖਾਂਗੇ ਇਸ ਕੀਤੇ ਜਾ ਰਹੇ ਕਰਮ ਨੂੰ? ਗੁਰੁ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਨੰਦੇੜ ਮਨਾਉਣਾ ਤੇ ਫਿਰ ਉਸੇ ਤਰਜ ਤੇ ਫਤਿਹ ਦਿਵਸ ਦੇ ਨਾਂ ਤੇ ਦਸਮ ਗ੍ਰੰਥ ਦੀ ਸ਼ਤਾਬਦੀ ਮਨਾਉਣੀ, ਕੀ ਸੀ ਇਸ ਦਾ ਮੁੱਖ ਮੰਤਵ? ਹਰ ਵਕਤ ਸੰਪਰਦਾਇਕ ਕਰਮਕਾਂਡੀ ਸੋਚ ਨੂੰ ਜੱਫਾ ਮਾਰਦਿਆਂ ਹੋ ਹੱਲਾ ਹੀ ਮੱਚਾਈ ਜਾਣਾ ਗੁਰਸਿੱਖੀ ਜੀਵਨ ਜਾਚ ਦਾ ਹਿੱਸਾ ਨਹੀਂ ਆਖਿਆ ਜਾ ਸਕਦਾ, ਕਦੀ ਬੈਠ ਕੇ ਸੋਚਣਾ ਵੀ ਚਾਹੀਦਾ ਹੈ ਕਿ ਹੋ ਕੀ ਰਿਹਾ ਹੈ ਅਤੇ ਗੁਰਬਾਣੀ ਦਾ ਕੀ ਉਪਦੇਸ਼ ਹੈ।
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥ ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ ਕਹਿ॥ ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ॥ (ਪੰਨਾ ੧੩੯੯)
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ॥ - (ਪੰਨਾ ੭੫੭)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ ੯੮੨)

ਸੋ ਬਾਣੀ ਹੀ ਗੁਰੁ ਹੈ। ਆਉ ਗੁਰਸਿੱਖੋ! ਗੁਰਬਾਣੀ ਪੜਨ ਸਮਝਣ ਵੱਲ ਹੀ ਜਤਨ ਤੇਜ ਕਰੀਏ, ਗੁਰਬਾਣੀ ਤੋਂ ਬਿਨਾ ਗੁਰਸਿੱਖ ਕਦੀ ਕਿਸੇ ਹੋਰ ਤੇ ਝਾਕ ਨਹੀਂ ਰਖਦਾ। ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਸਾਹਿਬ ਜੀ ਨੇ ਆਪ ਆਪਣੀ ਥਾਂ ਸਥਾਪਿਤ ਕੀਤਾ ਹੈ, ਕਿਸੇ ਵੀ ਪੱਖੋਂ ਸਾਨੂੰ ਕੋਈ ਸ਼ੱਕ ਨਹੀਂ ਹੈ, ਫਿਰ ਸਾਨੂੰ ਕੀ ਅਧੂਰਾ ਲਗਦਾ ਹੈ ਜੋ ਗੁਰੁ ਗ੍ਰੰਥ ਸਾਹਿਬ ਜੀ ਸਾਡਾ ਪੂਰਾ ਨਹੀਂ ਕਰਦੇ। ਕਿਉਂ ਪਾਸੇ ਜਈਏ? ਦਸਮ ਗ੍ਰੰਥ ਦੀ ਬਣਤਰ ਕਿਸੇ ਵੀ ਤਰਾਂ ਗੁਰੁ ਗ੍ਰੰਥ ਸਾਹਿਬ ਦੇ ਨਾਲ ਮੇਲ ਨਹੀਂ ਖਾਂਦੀ, ਨਾਨਕ ਪਦ ਦੀ ਵਰਤੋਂ, ਮਹਲਾ ਪਦ ਦੀ ਵਰਤੋਂ, ੴ ਤੋਂ ਲੈਕੇ ਗੁਰਪ੍ਰਸਾਦਿ ਤੱਕ ਵਾਲੇ ਮੰਗਲ ਦੀ ਵਰਤੋਂ, ਗੁਰੁ ਗ੍ਰੰਥ ਸਾਹਿਬ ਜੀ ਤੋਂ ਉਲਟ ਦੇਵੀ ਦੇਵਤਿਆਂ ਦੀ ਪੂਜਾ ਤੇ ਇਖਲਾਕ ਤੋਂ ਡਿੱਗੀਆਂ ਗੱਲਾਂ ਨਸ਼ੇ ਆਦਿਕ ਦੀ ਵਰਤੋਂ, ਸਾਨੂੰ ਹੋਇਆ ਕੀ ਹੈ, ਜੋ ਇਸ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਵਾਲੇ ਲੋਕਾਂ ਨੂੰ ਹੀ ਸ਼ਾਬਾਸ਼ ਦੇਈ ਜਾਂਦੇ ਹਾਂ। ਖੈਰ, ਆਉ ਗੁਰਸਿੱਖੀ ਦੀ ਗੁਰੂਬਾਣੀ ਵਿੱਚੋਂ ਹੀ ਪਹਿਚਾਣ ਕਰੀਏ। (ਚਲਦਾ)
.