.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 06)

ਜੁਗ ਛਤੀਹ ਗੁਬਾਰੁ

ਗੁਰੂ ਗ੍ਰੰਥ ਸਾਹਿਬ ਵਿੱਚ ਪੁਰਾਣਿਕ ਕਥਾਵਾਂ /ਹਵਾਲਿਆਂ ਆਦਿ ਦੀ ਵਰਤੋਂ ਦੇ ਕਾਰਨਾਂ ਦੀ ਚਰਚਾ ਕਰਨ ਪਿੱਛੋਂ, ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਚਲਤ/ਪੁਰਾਣਿਕ ਅਥਵਾ ਅਨਮਤੀ ਸਾਹਿਤ ਦੇ ਪਾਤਰ, ਸ਼ਬਦਾਵਲੀ, ਧਾਰਨਾ/ਵਿਸ਼ਵਾਸ, ਆਦਿ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਬਾਰੇ ਜੋ ਧਾਰਨਾ ਹੈ, ਉਸ ਦਾ ਵਰਣਨ ਕਰ ਰਹੇ ਹਾਂ।

ਗੁਰੂ ਗ੍ਰੰਥ ਸਾਹਿਬ ਵਿੱਚ ‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’ (ਪੰਨਾ 276) ਅਰਥ: (ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ, (ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ। ਇਸ ਗੁਰ ਫ਼ਰਮਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਇਹੋ ਜੇਹੇ ਭਾਵ ਵਾਲੇ ਫ਼ਰਮਾਨਾਂ ਨੂੰ, ਕਈ ਸੱਜਣ ਪੁਰਾਣ ਸਾਹਿਤ ਦੀ ਸੰਸਾਰ ਰਚਨਾ ਅਤੇ ਇਸ ਦੇ ਵਿਨਾਸ਼ ਸਬੰਧੀ ਵਰਣਿਤ ਧਾਰਨਾ ਦੀ ਰੌਸ਼ਨੀ ਵਿੱਚ ਹੀ ਦੇਖਦੇ/ਸਮਝਦੇ/ਪ੍ਰਚਾਰਦੇ ਹਨ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਪੁਰਾਣਿਕ ਹਵਾਲਿਆਂ ਨੂੰ ਬਾਣੀਕਾਰਾਂ ਨੇ ਕੇਵਲ ਉਦਾਹਰਣਾਂ ਦੇ ਰੂਪ ਵਿੱਚ ਨਹੀਂ ਵਰਤਿਆ। ਪੁਰਾਣਿਕ ਹਵਾਲਿਆਂ ਬਾਰੇ ਇਹੀ ਜੇਹੀ ਸੋਚ ਰੱਖਣ ਵਾਲੇ ਵਿਦਵਾਨਾਂ ਦਾ ਮੰਨਣਾ ਹੈ ਕਿ ਬਾਣੀਕਾਰ ਵੀ ਇਨ੍ਹਾਂ (ਪੁਰਾਣਿਕ ਹਵਾਲਿਆਂ) ਨੂੰ ਸੱਚ ਹੀ ਮੰਨਦੇ ਹਨ ਅਥਵਾ ਇਹ ਹਵਾਲੇ ਗੁਰਬਾਣੀ ਦੇ ਸੱਚ ਦਾ ਹੀ ਅੰਗ ਹਨ। ਬਾਣੀਕਾਰਾਂ ਵਲੋਂ ਅਨਮਤ ਦੇ ਹਵਾਲਿਆਂ ਬਾਰੇ ਅਜਿਹੇ ਸੱਜਣਾਂ ਦਾ ਤਰਕ ਹੈ ਕਿ ਜੇਕਰ ਬਾਣੀਕਾਰ ਇਨ੍ਹਾਂ ਨਾਲ ਸਹਿਮਤ ਨਹੀਂ ਸਨ ਤਾਂ ਇਨ੍ਹਾਂ ਦੀਆਂ ਉਦਾਹਰਣਾਂ ਦੇਣ ਦਾ ਕੀ ਅਰਥ? ਜੇਕਰ ਬਾਣੀਕਾਰਾਂ ਅਨੁਸਾਰ ਇਹ ਝੂਠੀਆਂ ਹੁੰਦੀਆਂ, ਤਾਂ ਬਾਣੀਕਾਰ ਇਨ੍ਹਾਂ ਦੇ ਹਵਾਲੇ/ਉਦਾਹਰਣਾਂ ਆਦਿ ਦੇਣ ਤੋਂ ਜ਼ਰੂਰ ਸੰਕੋਚ ਕਰਦੇ; ਚੂੰਕਿ ਬਾਣੀਕਾਰ ਤਾਂ ਮਨੁੱਖ ਨੂੰ ਨਿਰੋਲ ਸੱਚ ਦੇ ਲੜ ਹੀ ਲਗਾਉਣਾ ਚਾਹੁੰਦੇ ਸਨ। ਅਸੀਂ ਇਸ ਸਬੰਧੀ ਪਹਿਲਾਂ ਚਰਚਾ ਕਰ ਚੁਕੇ ਹਾਂ ਕਿ ਬਾਣੀਕਾਰਾਂ ਵਲੋਂ ਇਨ੍ਹਾਂ ਪੁਰਾਣਿਕ ਜਾਂ ਹੋਰ ਅਨਮਤ ਦੀਆਂ ਧਾਰਨਾਵਾਂ, ਵਿਸ਼ਵਾਸਾਂ ਆਦਿ ਦੀਆਂ ਉਦਾਹਰਣਾਂ ਆਦਿ ਦੇਣ ਦਾ ਕੀ ਮਨੋਰਥ ਹੈ। ਇਸ ਲਈ ਇਸ ਨੂੰ ਮੁੜ ਨਾ ਦੁਹਰਾਉਂਦੇ ਹੋਏ ਕੇਵਲ ਇਤਨੀ ਹੀ ਬੇਨਤੀ ਕਰ ਰਹੇ ਹਾਂ ਕਿ ਬਾਣੀਕਾਰਾਂ ਨੇ ਗੁਰਮਤਿ ਦਾ ਸੱਚ ਜਨ-ਸਾਧਾਰਨ ਨੂੰ ਸਮਝਾਉਣ ਲਈ, ਉਨ੍ਹਾਂ ਵਿੱਚ ਪ੍ਰਚਲਤ ਸ਼ਬਦਾਵਲੀ, ਵਿਸ਼ਵਾਸ, ਧਾਰਨਾਵਾਂ ਆਦਿ ਦੀ ਵਰਤੋਂ ਕੀਤੀ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਿੰਨ ਭਿੰਨ ਵਿਸ਼ਵਾਸ ਰੱਖਣ ਵਾਲਿਆਂ ਨੂੰ ਗੁਰਮਤਿ ਦ੍ਰਿੜ ਕਰਵਾਉਣ ਲਈ ਭਿੰਨ ਭਿੰਨ ਸ਼ਬਦਾਵਲੀ, ਵਿਸ਼ਵਾਸ ਆਦਿ ਦਾ ਵਰਣਨ ਹੈ। ਉਪਦੇਸ਼ ਦਾ ਸਾਰੰਸ਼ ਇਕੋ ਜੇਹਾ ਹੈ; ਸੁਨੇਹਾ ਸਾਰਿਆਂ ਨੂੰ ਇਕੋ ਹੀ ਦਿੱਤਾ ਗਿਆ ਹੈ।

ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੇ ਵਰਣਨ ਦੇ ਪ੍ਰਕਰਣ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ‘ਜੁਗ ਛਤੀਹ ਗੁਬਾਰ’ ਸ਼ਬਦ ਦੀ ਵਰਤੋਂ ਹੋਈ ਹੋਈ ਹੈ। ਪੁਰਾਣਿਕ ਕਥਾਵਾਂ ਨੂੰ ਗੁਰਬਾਣੀ ਦਾ ਸੱਚ ਸਮਝਣ ਵਾਲੇ ਵਿਦਵਾਨ ਇਸ ਸ਼ਬਦ ਨੂੰ ਪੁਰਾਣਿਕ ਐਨਕ ਲਗਾ ਕੇ ਹੀ ਦੇਖਦੇ ਹਨ। ਇਸ ਲਈ ਅਜਿਹੇ ਵਿਦਵਾਨ ਪੁਰਾਣ ਸਾਹਿਤ ਵਿੱਚ ‘ਛੱਤੀ ਜੁਗ’ ਤੋਂ ਜੋ ਭਾਵ ਹੈ, ਉਹੀ ਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸ਼ਬਦ ਦਾ ਲੈਂਦੇ ਹਨ। ਬਾਣੀਕਾਰਾਂ ਨੇ ਇਸ ਸ਼ਬਦ (‘ਜੁਗ ਛਤੀਹ ਗੁਬਾਰ’) ਨੂੰ ਕਿਸ ਅਰਥ ਵਿੱਚ ਵਰਤਿਆ ਹੈ, ਇਹ ਦੇਖਣ/ਸਮਝਣ ਤੋਂ ਪਹਿਲਾਂ ਪੁਰਾਣ ਸਾਹਿਤ ਵਿੱਚ ਇਸ ਸਬੰਧੀ ਜੋ ਧਾਰਨਾ ਪਾਈ ਜਾਂਦੀ ਹੈ, ਉਸ ਦਾ ਸੰਖੇਪ ਵਿੱਚ ਵਰਣਨ ਕਰ ਰਹੇ ਹਾਂ ਤਾਂ ਕਿ ਅਸੀਂ ਗੁਰਮਤਿ ਸਾਹਿਤ ਅਤੇ ਪੁਰਾਣ ਸਾਹਿਤ ਦੀ ਧਾਰਨਾ ਦਾ ਅੰਤਰ ਦੇਖ ਕੇ ਗੁਰਬਾਣੀ ਦਾ ਸੱਚ ਸਮਝ/ਜਾਣ ਸਕੀਏ।

ਪੁਰਾਣ ਸਾਹਿਤ ਵਿੱਚ ਸਮੇਂ ਨੂੰ ਚੌਹਾਂ ਹਿਸਿਆਂ ਵਿੱਚ ਵੰਡ ਕੇ ਇਸ ਨੂੰ ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਦਾ ਨਾਮ ਦਿੱਤਾ ਹੈ। ਸਮੇਂ ਨੂੰ ਇਸ ਰੂਪ ਵਿੱਚ ਵੰਡਣ ਵਾਲੇ ਵਿਦਵਾਨਾਂ ਦਾ ਇੱਕ ਜੁਗ ਦਾ ਕਿੰਨਾ ਕੁ ਸਮਾਂ ਹੈ, ਇਸ ਬਾਰੇ ਮੱਤ-ਭੇਦ ਹਨ। ਅਸੀਂ ਇਸ ਸਬੰਧੀ ਚਰਚਾ ਤੋਂ ਗ਼ੁਰੇਜ਼ ਕਰਦਿਆਂ ਹੋਇਆਂ, ਇਸ ਸਬੰਧੀ ਇਤਨੀ ਕੁ ਹੀ ਚਰਚਾ ਕਰਾਂਗੇ ਜਿਤਨੀ ਕੁ ਦੀ ਇੱਥੇ ਜ਼ਰੂਰਤ ਹੈ। ਜੁਗਾਂ ਦੀ ਇੱਕ ਚੌਕੜੀ ਨੂੰ ਮਹਾਂਜੁਗ ਕਿਹਾ ਜਾਂਦਾ ਹੈ। ਦੋ ਹਜ਼ਾਰ ਮਹਾਂਜੁਗਾਂ ਦਾ ਇੱਕ ਕਲਪ ਮੰਨਿਆ ਜਾਂਦਾ ਹੈ।

“ਛਤੀਸ (36) ਯੁਗ ਦੇ ਕਾਲ ਦਾ ਪ੍ਰਮਾਣ। ਅਰਥਾਤ ਚਾਰ ਯੁਗਾਂ ਦੀਆਂ ਚਾਰ ਚੌਕੜੀਆਂ। ਪ੍ਰਾਚੀਨ ਵਿਦਵਾਨਾਂ ਦੀ ਇਹ ਕਲਪਨਾ ਹੈ ਕਿ ਪ੍ਰਲੈ ਹੋਣ ਪਿੱਛੋਂ ਛਤੀਹ ਯੁਗ ਦੇ ਸਮੇਂ ਤੀਕ ਸੁੰਨਦਸ਼ਾ ਰਹਿੰਦੀ ਹੈ।” (ਮਹਾਨ ਕੋਸ਼) (ਨੋਟ: ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਪੁਰਾਣ ਸਾਹਿਤ ਵਿੱਚ ਜੁਗਾਂ ਦੀ ਵੰਡ ਵਾਲੀ ਧਾਰਨਾ ਨੂੰ ਪਰਵਾਨ ਨਹੀਂ ਕੀਤਾ ਹੈ। ਜੁਗਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਦ੍ਰਿਸ਼ਟੀਕੋਣ ਦੀ ਚਰਚਾ ਕੁੱਝ ਕੁ ਵਿਸਤਾਰ ਸਹਿਤ ਜੁਗਾਂ ਦੇ ਪ੍ਰਕਰਣ ਵਿੱਚ ਕਰਾਂਗੇ।)

“ਯੁਗਾਂ ਦੀ ਇੱਕ ਚੌਕੜੀ ਦਾ ਨਾਮ ‘ਮਹਾਯੁਗ’ ਹੈ, ਦੋ ਹਜ਼ਾਰ ਮਹਾਯੁਗ ਅਥਵਾ 8640000000 ਵਰ੍ਹਿਆਂ ਦਾ ਇੱਕ ‘ਕਲਪ’ ਅਥਵਾ ਬ੍ਰਹਮਾ ਦੀ ਇੱਕ ਰਾਤ ਤੇ ਦਿਨ ਬਣਦਾ ਹੈ। ਇਹ ਯੁਗਾਂ ਦੀ ਗਿਣਤੀ ਵੇਦਾਂ ਵਿੱਚ ਨਹੀਂ ਹੈ, ਪਰ ਪੁਰਾਣਾਂ, ਮਹਾਂਭਾਰਤ ਅਤੇ ਰਾਮਾਯਣ ਵਿੱਚ ਪਾਈ ਜਾਂਦੀ ਹੈ।” (ਭਾਈ ਕਾਨ੍ਹ ਸਿੰਘ ਨਾਭਾ)

ਗਿਆਨੀ ਲਾਲ ਸਿੰਘ ਸੰਗਰੂਰ ਵਾਲੇ ਇਸ ਸਬੰਧ ਵਿੱਚ ਲਿਖਦੇ ਹਨ, “ਜੋਤਿਸ਼ ਵਿਦਯਾ ਦੇ ਵਿਦਵਾਨਾਂ ਨੇ ਚਾਰ ਜੁਗਾਂ ਦੀਆਂ ਚੌਕੜੀਆਂ ਨੂੰ ਅਰਥਾਤ ਨੌਂ ਚੌਕਾ ਛੱਤੀ ਜੁਗ ਅੰਧੇਰਾ ਹੋਣਾ ਮੰਨਿਆਂ ਹੈ, ਭਾਵ ਪ੍ਰਲੈ ਹੋਣ ਦੇ ਪਿਛੋਂ ਛੱਤੀਸ ਜੁਗਾਂ ਤੀਕਰ ਸੁੰਨ ਦਸ਼ਾ ਰਹਿੰਦੀ ਹੈ। ਬ੍ਰਹਮਾਂ ਨੂੰ ਕਮਲ ਦੀ ਨਾਲ ਵਿੱਚ ਘੁੰਮਣ ਵਿੱਚ ਬੀ ਛਤੀਸ ਜੁਗ ਬੀਤ ਗਏ ਦੱਸੇ ਹੈਨ। ਉਸ ਸਮੇਂ ਬੀ ਛੱਤੀ ਜੁਗਾਂ ਦਾ ਅੰਧੇਰਾ ਮੰਨਿਆਂ ਹੈ। ਪ੍ਰਲੈਯ ਵਿੱਚ ਰਿਖੀ ਲੋਮਸ ਤੋਂ ਬਿਨਾਂ ਸਾਰੇ ਖਤਮ ਹੁੰਦੇ ਦਸੇ ਹਨ, ਕਿਧਰੇ ਕਾਗ ਭਸੁੰਭ ਨੂੰ ਬੀ ਅਮਰ ਲਿਖਿਆ ਹੈ।” (ਗੁਰਮਤ ਨਿਰਣਯ ਭੰਡਾਰ)

ਨੋਟ:- ਲੋਮਸ: ਇੱਕ ਮਹਾਂਰਿਸ਼ੀ ਜੋ ਰਾਮਕਥਾ ਦੇ ਵਕਤਿਆਂ ਵਿਚੋਂ ਸੀ। ਸਰੀਰ ਤੇ ਰੋਮ ਜ਼ਿਆਦਾ ਹੋਣ ਦੇ ਕਾਰਨ ਇਨ੍ਹਾਂ ਦਾ ਇਹ ਨਾਮ ਪਿਆ ਹੈ। ਕਥਾ ਹੈ ਕਿ ਸੌ ਸਾਲ ਤਕ ਕਮਲਫੁਲਾਂ ਨਾਲ ਇਨ੍ਹਾਂ ਨੇ ਸ਼ਿਵ ਜੀ ਦੀ ਪੂਜਾ ਕੀਤੀ, ਇਸ ਤੇ ਸ਼ਿਵਜੀ ਨੇ ਇਨ੍ਹਾਂ ਨੂੰ ਵਰਦਾਨ ਦਿੱਤਾ ਕਿ ਕਲਪਾਂਤ ਹੋਣ `ਤੇ ਇਨ੍ਹਾਂ ਦੇ ਸਰੀਰ ਦਾ ਕੇਵਲ ਇੱਕ ਬਾਲ (ਰੋਮ) ਝੜੇਗਾ। ਇਹ ਸਦਾ ਤੀਰਥ ਰਟਨ ਕਰਦੇ ਸੀ ਅਤੇ ਬੜੇ ਧਰਮਾਤਮਾ ਸੀ। …ਇਨ੍ਹਾਂ ਦੇ ਦੋ ਗ੍ਰੰਥ ਦੱਸੇ ਜਾਂਦੇ ਹਨ –ਲੋਮਸਸੰਹਿਤਾ ਤਥਾ ਲੋਮਸਸ਼ਿਖਸ਼ਾ। ਇਨ੍ਹਾਂ ਦੇ ਨਾਮ ਤੇ ਇੱਕ ਲੋਮਸ਼ ਰਾਮਾਇਣ ਵੀ ਮਿਲਦੀ ਹੈ। (ਹਿੰਦੀ ਵਿਸ਼ਵਕੋਸ਼)

ਗੁਰੂ ਗ੍ਰੰਥ ਸਾਹਿਬ ਵਿੱਚ ‘ਲੋਮਸ’ ਰਿਸ਼ੀ ਦਾ ਕਿਧਰੇ ਵੀ ਵਰਣਨ ਨਹੀਂ ਆਇਆ। ਬਾਣੀਕਾਰਾਂ ਨੇ ਨਾ ਤਾਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਅਮਰ ਮੰਨਿਆ ਹੈ ਅਤੇ ਨਾ ਹੀ ਇਹ ਮੰਨਿਆ ਹੈ ਕਿ ਕੋਈ ਕਿਸੇ ਨੂੰ ਇਹੋ ਜੇਹਾ ਵਰਦਾਨ ਦੇਣ ਦੇ ਸਮਰੱਥ ਹੈ।

ਭਾਈ ਗੁਰਦਾਸ ਜੀ ਨੇ ਇਹ ਦਰਸਾਉਣ ਲਈ ਕਿ ‘ਆਪ ਗਣਾਇ ਨ ਸਹਜਿ ਸਮਾਵੈ’ ਲੋਮਸ ਰਿਖੀ ਬਾਰੇ ਇਸ ਪ੍ਰਚਲਤ ਵਿਸ਼ਵਾਸ ਦਾ ਹੀ ਵਰਣਨ ਕਰਦਿਆਂ ਹੋਇਆਂ ਆਖਿਆ ਹੈ:-ਵਡੀ ਆਰਜਾ ਇੰਦ੍ਰ ਦੀ ਇੰਦ੍ਰ ਪੁਰੀ ਵਿੱਚ ਰਾਜ ਕਮਾਵੈ॥ ਚਉਦਹ ਇੰਦ੍ਰ ਵਿਣਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ॥ ਧੰਧੈ ਹੀ ਬ੍ਰਹਮਾ ਮਰੈ ਲੋਮਸ ਦਾ ਇੱਕ ਰੋਮ ਛਿਜਾਵੈ॥ (ਵਾਰ 12, ਪਉੜੀ 10)

ਅਰਥ: ਇੰਦ੍ਰ ਦੀ ਵੱਡੀ ਉਮਰਾ ਹੈ ਤੇ ਸੁਰਗ ਵਿੱਚ ਰਾਜ ਕਰਦਾ ਹੈ। ਜਦ ਚੌਦਾਂ ਇੰਦਰਾਂ ਦਾ (ਵਿਣਾਸ ਕਾਲ ਕਹੀਏ) ਨਾਸ਼ ਹੁੰਦਾ ਹੈ, ਤਦੋਂ ਬ੍ਰਹਮਾ ਦਾ ਇੱਕ ਦਿਨ ਗੁਜ਼ਰਦਾ ਹੈ, (ਭਾਵ ਬ੍ਰਹਮਾ ਦੇ ਇੱਕ ਦਿਨ ਵਿਖੇ ਚੌਦਹ ਇੰਦਰ ਰਾਜ ਕਰਦੇ ਹਨ)। ਬ੍ਰਹਮਾ ਅਜਿਹੇ ਸੌ ਸਾਲ ਆਯੂ ਭੋਗਦਾ ਹੈ। ਬ੍ਰਹਮਾ ਦੇ ਮਰਨ ਤੇ ਲੋਮਸ ਨਾਮੇ ਰਿਖੀ (ਦਾਹੜੀ ਦਾ) ਇੱਕ ਰੋਮ ਪੁੱਟ ਸਿਟਦਾ ਹੈ (ਕਿ ਪਿਉ ਰੋਜ਼ ਮਰਦਾ ਹੈ, ਭੱਦਣ ਕੌਣ ਪਿਆ ਕਰਾਵੇ, ਇਉਂ) ਬ੍ਰਹਮਾ ਜਗਤ ਦੇ ਰਚਣ ਦੇ ਧੰਧਿਆਂ ਵਿੱਚ ਹੀ ਮਰਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ‘ਮਾਰਕੰਡੇ’ ਰਿਸ਼ੀ ਦੀ ਲੰਬੇਰੀ ਆਯੂ ਭੋਗਣ ਦੇ ਪ੍ਰਚਲਤ ਖ਼ਿਆਲ ਦਾ ਜ਼ਿਕਰ ਜ਼ਰੂਰ ਆਇਆ ਹੈ:-ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥ (ਪੰਨਾ 692)। ਅਰਥ: ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿੱਚ ਹੀ ਝੱਟ ਲੰਘਾਇਆ। (ਇੱਥੇ ਵੀ ਇਹ ਹਵਾਲਾ, ਪੁਰਾਣ ਖ਼ਿਆਲ ਦੀ ਸਵੀਕ੍ਰਿਤੀ ਦੇ ਰੂਪ ਵਿੱਚ ਨਹੀ ਸਗੋਂ ਉਦਾਹਰਣ ਦੇ ਰੂਪ ਵਿੱਚ ਹੀ ਆਇਆ ਹੈ।)

ਬਾਣੀਕਾਰ ਪੁਰਾਣਾਂ ਵਿੱਚ ਬ੍ਰਹਮਾ ਦੇ ਜਨਮ ਨਾਲ ਸਬੰਧਤ ਲਿਖਤ ਨਾਲ ਸਹਿਮਤ ਨਹੀਂ ਹਨ। ਬਾਣੀਕਾਰ ਪੁਰਾਣਾਂ ਦੀ ਇਸ ਧਾਰਨਾ ਨਾਲ ਵੀ ਸਹਿਮਤ ਨਹੀਂ ਹਨ ਕਿ ਬ੍ਰਹਮਾ ਸੰਸਾਰ ਦਾ ਰਚਨਹਾਰ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਸੰਸਾਰ ਦੀ ਉਤਪੱਤੀ ਅਤੇ ਪਰਲਉ ਦਾ ਕਰਤਾ ਅਕਾਲ ਪੁਰਖ ਨੂੰ ਹੀ ਮੰਨਿਆ ਹੈ। ਬਾਣੀਕਾਰਾਂ ਦਾ ਮੰਨਣਾ ਹੈ ਕਿ ਜਗਤ ਦੀ ਉਤਪੱਤੀ ਅਤੇ ਨਾਸ਼ ਪਰਮਾਤਮਾ ਦੀ ਆਪਣੀ ਹੀ ਹੁਕਮੀ ਖੇਡ ਹੈ ਜੋ ਉਸ ਦੇ ਹੁਕਮ ਵਿੱਚ ਹੋ ਰਹੀ ਹੈ:-ਅੰਤਰਿ ਉਤਭੁਜੁ ਅਵਰੁ ਨ ਕੋਈ॥ ਜੋ ਕਹੀਐ ਸੋ ਪ੍ਰਭ ਤੇ ਹੋਈ॥ ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ॥ ਉਤਪਤਿ ਪਰਲਉ ਅਵਰੁ ਨ ਕੋਈ॥ (ਪੰਨਾ 905) ਅਰਥ: (ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ। ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ। ਉਹੀ ਮਾਲਕ ਜੁਗਾਂ ਜੁਗਾਂ ਵਿੱਚ ਸਦਾ-ਥਿਰ ਚਲਿਆ ਆ ਰਿਹਾ ਹੈ। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜਿਵੇਂ ਜਗਤ ਰਚਨਾ ਬਾਰੇ ਇਹ ਕਿਹਾ ਹੈ ਕਿ:- ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4) ਅਰਥ: ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।

ਉਸੇ ਤਰ੍ਹਾਂ ਪਰਲੌ/ਪਰਲਉ ਬਾਰੇ ਵੀ ਇਹੀ ਆਖਿਆ ਹੈ ਕਿ ਪ੍ਰਭੂ ਆਪ ਹੀ ਜਾਣਦਾ ਹੈ ਕਿ ਇਹ ਕਦੋਂ ਹੋਵੇਗੀ ਅਤੇ ਫਿਰ ਦੋਬਾਰਾ ਇਸ ਰੂਪ ਵਿੱਚ ਇਹ ਰਚਨਾ ਕਦੋਂ ਰਚੀ ਜਾਵੇਗੀ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਕਥਨ ਉੱਤੇ ਵਿਸ਼ਵਾਸ ਕਰਨਾ ਹੈ ਜਾਂ ਪੁਰਾਣਾਂ ਦੇ ਲੇਖਕਾਂ `ਤੇ? ਅਸੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਹਾਂ ਜਾਂ ਪੁਰਾਣਾਂ ਦੇ ਰਚਨਹਾਰਿਆਂ ਨੂੰ? ਇਸ ਦਾ ਉੱਤਰ ਅਸੀਂ ਆਪਣੇ ਅੰਦਰ ਹੀ ਝਾਤੀ ਮਾਰ ਕੇ ਲੱਭਣਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਜਗਤ ਰਚਨਾ ਤੋਂ ਪਹਿਲਾਂ ਦੀ ਦਸ਼ਾ ਬਾਰੇ ਜਿਸ ਤਰ੍ਹਾਂ ਕੇਵਲ ਇਤਨਾ ਹੀ ਕਿਹਾ ਹੈ:- ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ॥ (ਪੰਨਾ 940) ਅਰਥ: ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ “ਅਸਚਰਜ, ਅਸਚਰਜ” ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।

ਪਰਲਉ/ਪ੍ਰਲਯ ਬਾਰੇ ਵੀ ਇਹੀ ਕਿਹਾ ਹੈ ਕਿ ਪ੍ਰਭੂ ਆਪ ਹੀ ਜਾਣਦਾ ਹੈ ਕਿ ਉਸ ਨੇ ਆਪਣੇ ਇਸ ਪਸਾਰੇ ਨੂੰ ਕਦੋਂ ਸਮੇਟਣਾ ਹੈ ਅਤੇ ਕਿਤਨਾ ਕੁ ਸਮਾਂ ਇਸ ਸਥਿੱਤੀ (ਸੁੰਨ) ਵਿੱਚ ਰਹਿਣਾ ਹੈ। ਇਸ ਬਾਰੇ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਇਹ ਮੰਨਣਾ ਹੈ ਕਿ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਦੀ ਦਸ਼ਾ ਬਾਰੇ ਉਹ ਕਰਤਾਰ ਆਪ ਹੀ ਜਾਣਦਾ ਹੈ। ਇਹ ਧੁੰਧੂਕਾਰ ਕਿਤਨਾ ਕੁ ਸਮਾਂ ਰਿਹਾ ਇਸ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ‘ਛੱਤੀ ਜੁਗ ਧੁੰਧੂਕਾਰ’ ਸ਼ਬਦ ਦੀ ਵਰਤੋਂ ਪੁਰਾਣਾਂ ਦੇ ਵਿਸ਼ਵਾਸ ਨੂੰ ਸਵੀਕਾਰ ਦੇ ਰੂਪ ਵਿੱਚ ਨਹੀਂ ਸਗੋਂ ਬੇਅੰਤ ਦੇ ਅਰਥ ਵਜੋਂ ਹੀ ਕੀਤੀ ਹੈ। ਇਸ ਸ਼ਬਦ ਨੂੰ ਬੇਅੰਤਤਾ ਦਾ ਲਖਾਇਕ ਹੀ ਸਮਝਣਾ ਚਾਹੀਦਾ ਹੈ। ਨਿਮਨ ਲਿਖਤ ਫ਼ਰਮਾਨਾਂ `ਚ ਇਹ ਭਾਵ ਦੇਖਿਆ ਜਾ ਸਕਦਾ ਹੈ:- (ੳ) ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ॥ (ਪੰਨਾ 555) ਅਰਥ: ਪ੍ਰਭੂ ਆਪ ਹੀ ਕਈ ਜੁਗ ਘੁੱਪ ਹਨੇਰਾ ਕਰ ਕੇ ਸੁੰਨ (ਅਫੁਰ) ਹਾਲਤ ਵਿੱਚ ਵਰਤਦਾ ਹੈ; ਉਸ ਸੁੰਨ ਅਵਸਥਾ ਵੇਲੇ ਜੀਵਾਂ ਦਾ ਮਾਲਕ ਪ੍ਰਭੂ ਆਪ ਹੀ ਆਪ ਹੁੰਦਾ ਹੈ।

(ਅ) ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ॥ ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥ 1॥ ਜੁਗ ਛਤੀਹ ਤਿਨੈ ਵਰਤਾਏ॥ ਜਿਉ ਤਿਸੁ ਭਾਣਾ ਤਿਵੈ ਚਲਾਏ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥ 2॥ (ਪੰਨਾ 1027) ਅਰਥ: ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿੱਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁੱਝ ਭੀ ਸਮਝ ਨਹੀਂ ਆ ਸਕਦੀ), ਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ। ਉਸ ਘੁੱਪ ਹਨੇਰੇ ਵਿੱਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ। 1.

(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ, ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ। ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ। 2.

(ੲ) ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥ ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ॥ (1061) ਅਰਥ: ਹੇ ਸਿਰਜਣਹਾਰ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ)। (ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁੱਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁੱਝ ਭੀ ਨਹੀਂ ਬਿਆਨ ਕਰ ਸਕਦਾ। ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ।

ਗੁਰਦੇਵ ਇੱਥੇ ਸਪਸ਼ਟ ਰੂਪ ਵਿੱਚ ਦੱਸਦੇ ਹਨ ਕਿ ਜਗਤ ਰਚਨਾ ਤੋਂ ਪਹਿਲਾਂ ਦੇ ਸਮੇਂ ਬਾਰੇ, ਸਿਵਾਏ ਉਸ ਅਕਾਲ ਪੁਰਖ ਦੇ ਹੋਰ ਕੋਈ ਵੀ ਨਹੀਂ ਜਾਣਦਾ। ਜੇਕਰ ਕੋਈ ਧਿਰ ਇਸ ਸਬੰਧੀ ਦਾਅਵਾ ਕਰ ਰਹੀ ਹੈ ਤਾਂ ਉਸ ਦੀ ਕਾਲਪਿਨ ਉਡਾਰੀ (ਗਪੌੜ) ਹੀ ਆਖੀ ਜਾ ਸਕਦੀ ਹੈ। ਇਹੋ ਜੇਹੇ ਗੁਰ ਫ਼ਰਮਾਨਾਂ ਦੀ ਰੌਸ਼ਨੀ ਵਿੱਚ ਪੁਰਾਣ ਸਾਹਿਤ ਦੇ ਇਸ ਸਬੰਧੀ ਕਥਨ ਨੂੰ ਗੁਰਬਾਣੀ ਦਾ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ? ਕੀ ਅਸੀਂ ਇਨ੍ਹਾਂ ਕਥਾਵਾਂ ਨੂੰ ਬਾਣੀ ਦਾ ਸੱਚ ਮੰਨ ਕੇ ਇਹ ਕਹਿਣਾ ਚਾਹੁੰਦੇ ਹਾਂ ਕਿ ਬਾਣੀਕਾਰਾਂ ਨੂੰ ਪੁਰਾਣ ਸਾਹਿਤ ਦੀਆਂ ਇਨ੍ਹਾਂ ਕਥਾਵਾਂ ਦਾ ਵਰਣਨ ਕਰਨ ਸਮੇਂ ਆਪਣੀਆਂ ਹੀ ਕਹੀਆਂ ਹੋਈਆਂ ਗੱਲਾਂ ਦਾ ਧਿਆਨ ਨਹੀਂ ਰਿਹਾ ਸੀ?

ਗੁਰੂ ਗ੍ਰੰਥ ਸਾਹਿਬ ਵਿੱਚ ਜੁਗ ਦੀ ਥਾਂ ਦਿਨ ਸ਼ਬਦ ਵੀ ਆਇਆ ਹੈ। ਹਜ਼ੂਰ ਇੱਥੇ ਇਹ ਸ਼ਬਦ ਬੇਅੰਤ ਸਮੇਂ ਲਈ ਹੀ ਵਰਤ ਰਹੇ ਹਨ:-

ਕੇਤੜਿਆ ਦਿਨ ਗੁਪਤੁ ਕਹਾਇਆ॥ ਕੇਤੜਿਆ ਦਿਨ ਸੁੰਨਿ ਸਮਾਇਆ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ॥ (ਪੰਨਾ 1080) ਅਰਥ: ਹੇ ਭਾਈ! (ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ, ਬੇਅੰਤ ਸਮਾ ਉਹ ਅਫੁਰ ਅਵਸਥਾ ਵਿੱਚ ਟਿਕਿਆ ਰਿਹਾ। ਬੇਅੰਤ ਸਮਾ ਇੱਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ।

ਗੁਰਦੇਵ ‘ਛਤੀਹ ਜੁਗ ਗੁਬਾਰੁ’ ਸ਼ਬਦ ਹੀ ਨਹੀਂ ਬਲਕਿ ਅਰਬਦ (ਦਸ ਕਰੋੜ) ਨਰਬਦ (ਨ ਅਰਬਦ, ਜਿਸ ਵਾਸਤੇ ਲਫ਼ਜ਼ ‘ਅਰਬਦ’ ਭੀ ਨਾਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰੇ) ਸ਼ਬਦ ਦੀ ਵਰਤੋਂ ਕਰਦੇ ਹੋਏ ਫ਼ਰਮਾਉਂਦੇ ਹਨ:-

ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ (ਪੰਨਾ 1035) ਅਰਥ: (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਭੀ ਦੱਸਿਆ ਨਹੀਂ ਜਾ ਸਕਦਾ।

ਇਹ ਵੀ ਧਿਆਨ ਦੇਣ ਜੋਗ ਗੱਲ ਹੈ ਕਿ ਬਾਣੀਕਾਰਾਂ ਅਨੁਸਾਰ ਇਸ ਦਸ਼ਾ ਵਿੱਚ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਵੀ ਨਹੀਂ ਸਨ ਕੇਵਲ ਅਕਾਲ ਪੁਰਖ ਆਪ ਹੀ ਸੀ: ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਅਰਥ: ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ। (ਨੋਟ: ਵਿਸ਼ਣੂ ਪੁਰਾਣ ਅਨੁਸਾਰ ਬ੍ਰਹਮਾ ਦੀ ਜਾਗ੍ਰਿਤ ਅਵਸਥਾ ਵਿੱਚ ਉਸ ਦੀ ਪ੍ਰਾਣ ਸ਼ਕਤੀ ਦੀ ਪ੍ਰੇਰਣਾ ਨਾਲ ਬ੍ਰਹਮੰਡ –ਚੱਕਰ ਚਲਦਾ ਰਹਿੰਦਾ ਹੈ; ਪਰੰਤੂ ਉਸ ਦੀ ਸੁੱਤੀ ਹੋਈ ਅਵਸਥਾ ਵਿੱਚ ਸਾਰੇ ਬ੍ਰਹਮੰਡ ਦੀ ਗਤੀ ਵਿਧੀ ਰੁਕ ਜਾਂਦੀ ਹੈ ਅਰਥਾਤ ਸਾਰੀ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਅਨੁਸਾਰ ਇਸ ਰਚਨਾ ਤੋਂ ਪਹਿਲਾਂ ਅਕਾਲ ਪੁਰਖ ਆਪ ਹੀ ਸੀ, ਕੋਈ ਹੋਰ ਦੂਜਾ ਨਹੀਂ ਸੀ।)

ਜੇਕਰ ਗੁਰੂ ਗ੍ਰੰਥ ਸਾਹਿਬ ਵਿੱਚ ਛੱਤੀ ਜੁਗ ਗੁਬਾਰ ਦਾ ਵਰਣਨ ਆਇਆ ਹੈ ਤਾਂ ਇਸ ਦਾ ਇਹ ਬਿਲਕੁਲ ਭਾਵ ਨਹੀਂ ਕਿ ਬਾਣੀਕਾਰ ਪੁਰਾਣਾਂ ਦੀ ਧਾਰਨਾ ਨਾਲ ਸਹਿਮਤ ਹਨ। ਬਾਣੀਕਾਰਾਂ ਨੇ ਇਸ ਸ਼ਬਦ ਨੂੰ ਬੇਅੰਤਤਾ ਦੇ ਪ੍ਰਤੀਕ ਵਜੋਂ ਹੀ ਵਰਤਿਆ ਹੈ। ਇਸ ਭਾਵ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਈਂ ਦਰਸਾਇਆ ਗਿਆ ਹੈ। ਗੁਰਬਾਣੀ ਦਾ ਸੱਚ ਇੱਕ ਹੀ ਹੈ ਦੋ ਜਾਂ ਤਿੰਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਬਾਣੀਕਾਰਾਂ ਦੀ ਰਚਨਾ ਵਿੱਚ ਸਵੈ-ਵਿਰੋਧ ਨਹੀਂ ਹੈ। (ਨੋਟ: ਜੇਕਰ ਅਨਮਤ ਦੇ ਹਵਾਲਿਆਂ ਨੂੰ ਗੁਰਬਾਣੀ ਦਾ ਸੱਚ ਮੰਨ ਲਿਆ ਜਾਏ ਤਾਂ ਫਿਰ ਹਰੇਕ ਵਿਸ਼ੇ ਵਾਰੇ ਸਵੈ-ਵਿਰੋਧ ਦਿਖਾਏ ਦੇਵੇਗਾ।) ਜੇਕਰ ਅਸੀਂ ਇਹ ਮੰਨਦੇ ਹਾਂ ਕਿ ਬਾਣੀਕਾਰ ਪੁਰਾਣਾਂ ਦੀ ਧਾਰਨਾ ਨਾਲ ਸਹਿਮਤ ਹਨ ਤਾਂ ਅਜਿਹਾ ਮੰਨਣ ਨਾਲ ਅਸੀਂ ਜਾਣੇ –ਅਣਜਾਣੇ ਬਾਣੀਕਾਰਾਂ ਉਤੇ ਆਪਾ-ਵਿਰੋਧੀ ਕਥਨ ਦਾ ਦੋਸ਼ ਲਾ ਰਹੇ ਹੋਵਾਂਗੇ। ਚੂੰਕਿ ਇੱਕ ਪਾਸੇ ਬਾਣੀਕਾਰ ਇਹ ਦਾਅਵਾ ਕਰ ਰਹੇ ਹਨ ਕਿ ਸ੍ਰਿਸ਼ਟੀ ਰਚਨਾ ਦੇ ਮੁੱਢ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਪਰ ਦੂਜੇ ਪਾਸੇ ਪੁਰਾਣਿਕ ਧਾਰਨਾਂ ਨੂੰ ਪਰਵਾਨ ਕਰਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਛੱਤੀ ਜੁਗ ਗੁਬਾਰ ਰਿਹਾ ਅਤੇ ਫਿਰ ਇਸ ਰਚਨਾ ਦਾ ਮੁੱਢ ਬੱਝਾ ਜਾਂ ਪਰਲਉ/ਪ੍ਰਲਯ ਮਗਰੋਂ ਦੀ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਨਿਸ਼ਚਿਤ ਸਮੇਂ ਦਾ ਉਲੇਖ ਕਰ ਰਹੇ ਹਨ ਕਿ ਇਨਾ ਕੁ ਸਮਾਂ ਧੁੰਧੂਕਾਰ ਰਹਿਣ ਮਗਰੋਂ ਫਿਰ ਬ੍ਰਹਮਾ ਦੁਆਰਾ ਇਸ ਦੀ ਰਚਨਾ ਹੋਈ /ਹੋਵੇਗੀ ਆਦਿ।

ਸੋ, ਗੁਰੂ ਗ੍ਰੰਥ ਸਾਹਿਬ ਵਿੱਚ ‘ਛੱਤੀ ਜੁਗ’ ਸ਼ਬਦ ਪੁਰਾਣਿਕ ਸਾਹਿਤ ਦੇ ਭਾਵ-ਅਰਥ ਵਿੱਚ ਨਹੀਂ ਆਇਆ ਬਲਕਿ ਬੇਅੰਤ ਦੇ ਅਰਥ ਵਿੱਚ ਹੀ ਆਇਆ ਹੈ। ਬਾਣੀਕਾਰਾਂ ਨੇ ਜਿਸ ਤਰ੍ਹਾਂ ਜਨ –ਸਾਧਾਰਨ ਨੂੰ ਗੁਰਮਤਿ ਦਾ ਸੱਚ ਦ੍ਰਿੜ ਕਰਵਾਉਣ ਲਈ ਪ੍ਰਚਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਅਟਲਤਾ, ਬੇਅੰਤਤਾ ਆਦਿ ਵਾਲੇ ਭਾਵ ਦੇ ਨਾਲ ਸੰਸਾਰ ਦੇ ਨਾਸਵਾਨ ਵਾਲੇ ਭਾਵ ਨੂੰ ਦਰਸਾਉਣ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ‘ਛਤੀਹ ਜੁਗ’ ਵਾਲੀ ਸ਼ਬਦਾਵਲੀ ਅਥਵਾ ਪੁਰਾਣਿਕ ਵਿਸ਼ਵਾਸ ਨੂੰ ਬਾਣੀਕਾਰਾਂ ਦਾ ਵਿਸ਼ਵਾਸ ਨਹੀਂ ਆਖਿਆ ਜਾ ਸਕਦਾ। ਇਸ ਸ਼ਬਦ (ਛੱਤੀਹ ਜੁਗ) ਨੂੰ ਬੇਅੰਤ ਸਮੇਂ ਦਾ ਲਖਾਇਕ ਹੀ ਸਮਝਣਾ ਚਾਹੀਦਾ ਹੈ। ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਅਤੇ ਨਾਸ਼ ਤੋਂ ਮਗਰੋਂ ਦੀ ਦਸ਼ਾ ਬਾਰੇ ਇਹੀ ਗੁਰਬਾਣੀ ਦਾ ਸੱਚ ਹੈ, ਇਸ ਨੂੰ ਹੀ ਪੱਲੇ ਬੰਨ੍ਹਣ ਅਥਵਾ ਪ੍ਰਚਾਰਨ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ




.