.

ਬਾਬਾ ਜੀ ਬਨਾਮ ਮੁੰਡਾ

ਇੱਕ ਅਮੀਰ ਪ੍ਰੀਵਾਰ ਨੇ ਬਾਬਾ ਜੀ ਦੀ ਦੱਸੀ ‘ਪੂਰਨ ਮਰਿਯਾਦਾ’ ਨਾਲ ਬੱਚਾ ਹੋਣ ਦੇ ਗੇੜ ਵਿੱਚ 28 ਦਿਨਾ ਵਾਲਾ ‘ਮਹਾਂਸੰਪਟ ਪਾਠ’ ਕਰਾਇਆ। ਤੁੱਕ ਤੁੱਕ ਤੇ ਲੱਗਣ ਵਾਲਾ ਸੰਪਟ ਕਿਉਂਕਿ ਬੱਚੇ ਵਾਸਤੇ ਸੀ ਇਸ ਲਈ ਗੁਰਬਾਣੀ ਦਾ ਸਬਦ, “ਸਤਿਗੁਰ ਸਾਚੇ ਦੀਆ ਭੇਜ’ ਲਾਇਆ ਜਾਣਾ ਸੀ। 28 ਦਿਨ ਸ਼ਰਧਾਲੂ ਦੀ ਕੋਠੀ ਦੇ ਦੁਆਲੇ ਇੱਕ ਖੁਲ੍ਹੀ ਵਾੜ ਕਰ ਦਿੱਤੀ ਜਾਣੀ ਸੀ ਜਿਸ ਦੇ ਅੰਦਰ ਹੀ 28 ਦਿਨ ਪਾਠੀ ਸਿੰਘਾ ਨੇ ਰਹਿਣਾ ਸੀ। ਨਾ ਕੋਈ ਪਾਠੀਆਂ ਦੇ ਮੱਥੇ ਲੱਗ ਸਕਦਾ ਸੀ ਤੇ ਨਾ ਪਾਠੀ ਸਿੰਘ ਕਿਸੇ ਦੇ ਮੱਥੇ ਲੱਗ ਸਕਦੇ ਸਨ। ਨਾ ਕੋਈ ਪਾਠ ਵਾਲੀ ਥਾਂ ਜਾ ਸਕਦਾ ਸੀ ਤੇ ਨਾ ਕੋਈ ਪਾਠ ਵਾਲੀ ਥਾਂ ਤੋਂ ਬਾਹਰ ਆ ਸਕਦਾ ਸੀ। ਯਾਨੀ ਪੱਕੇ ਜੰਦਰੇ!
ਸ਼ਰਧਾਲੂ ਨੂੰ ਬਾਬਾ ਜੀ ਨੇ ‘ਵੱਡੇ ਮਹਾਰਾਜ’ ਦੇ ਬੱਚਨ ਦੱਸਦਿਆਂ ਕਿਹਾ ਸੀ ਕਿ ਵੱਡੇ ਬਾਬਾ ਜੀ ਵੇਲੇ ਇੱਕ ਸੰਗੀ ਨੇ ਮਰਿਯਾਦਾ ਨਹੀ ਸੀ ਰੱਖੀ ਉਸਦੇ ਮੁੰਡਾ ਤਾਂ ਹੋ ਗਿਆ ਕਿਉਕਿ ਫਿਰ ਵੀ ਪਾਠ ਕਰਾਇਆ ਸੀ ਪਰ ਘਰਵਾਲੀ ਚੜ੍ਹਾਈ ਕਰ ਗਈ। ਸ਼ਰਧਾਲੂ ਨੇ ਡਰਦੇ ਮਾਰੇ ਹਰ ਤਰ੍ਹਾਂ ਦੀ ਸ਼ਰਤ ਕਬੂਲਦਿਆਂ ਅਤੇ ‘ਪੂਰਨ ਮਰਿਯਾਦਾ’ ਵਿੱਚ ਰਹਿਣ ਦਾ ਪ੍ਰਣ ਕੀਤਾ ਅਤੇ ਬਾਬਾ ਜੀ ਨੂੰ ਕ੍ਰਿਪਾ ਦ੍ਰਿਸ਼ਟੀ ਰੱਖਣ ਦੀ ਬੇਨਤੀ ਕੀਤੀ। ਉਸਨੂੰ ਜਾਪਦਾ ਸੀ ਕਿ ਜੇ ਬਾਬਾ ਜੀ ਕ੍ਰਿਪਾ ਦ੍ਰਿਸ਼ਟੀ ਨਾ ਹੋਈ ਤੇ ਕੋਈ ਬਿਗਨ ਪੈ ਗਿਆ ਤਾਂ ਮਾਰਿਆ ਜਾਵਾਂਗਾ। ਜਾਣ ਲੱਗੇ ਬਾਬਾ ਜੀ ਇਹ ਖਾਸ ਹਦਾਇਤ ਦੇ ਗਏ ਕਿ ਪਾਠੀ ਸਿੰਘਾ ਦੀ ਸੇਵਾ ਰੱਜ ਕੇ ਹੋਣੀ ਚਾਹੀਦੀ। ਪਾਠੀ ਖੁਸ਼ ਤਾਂ ਗੁਰੂ ਖੁਸ਼! ਗੁਰੂ ਖੁਸ਼ ਤਾਂ ਸਮਝ ਮੁਰਾਦਾਂ ਪੂਰੀਆਂ। ਪਰਿਵਾਰ ਬਾਕੀ ਗੱਲਾਂ ਸਭ ਭੁੱਲ ਗਿਆ ਪਰ ਪਾਠੀਆਂ ਨੂੰ ਖੁਸ਼ ਰੱਖਣ ਵਾਲੀ ਗੱਲ ਉਨ੍ਹਾਂ ਦੇ ਕੁੱਝ ਜਿਆਦਾ ਹੀ ਚੇਤੇ ਵਿੱਚ ਰਹਿ ਗਈ। ਬਾਬਾ ਜੀ ਨੇ ਵੀ ਇੱਕ ਅਪਣਾ ਖਾਸ ‘ਸੋਧ’ ਵਾਲਾ ਬੰਦਾ ਦੇ ਗਏ ਸਨ ਜਿਹੜਾ ਕੇਵਲ ਉਹੀ ਅੰਦਰ ਬਾਹਰ ਆ ਜਾ ਸਕਦਾ ਸੀ ਤੇ ਪਾਠੀ ਸਿੰਘਾ ਦੀ ਸੇਵਾ ਲਈ ਰਾਸ਼ਣ ਪਾਣੀ ਵੀ ਉਸੇ ਦੀ ਜਿੰਮੇਵਾਰੀ ਸੀ।
ਸਾਰੀਆਂ ‘ਮਰਿਯਾਦਾਵਾਂ’ ਪੂਰੀਆਂ ਕਰਕੇ ਯਾਨੀ ਕੁੰਭ, ਜਲ, ਨਾਰੀਅਲ, ਮੌਲੀ, ਲਾਲ ਕੱਪੜਾ, ਧੁਪ, ਜੋਤ ਆਦਿ ਸਾਰੀ ਸਮੱਗਰੀ ਬਾਰੇ ਸਮਝਾ ਕੇ ਬਾਬਾ ਜੀ ਚਲਦੇ ਬਣੇ।
ਸ਼ਰਧਾਲੂ ਅਤੇ ਉਸਦੀ ਪਤਨੀ ਹਵਾ ਵਿੱਚ ਪਏ ਉੱਡਣ। ਉਨ੍ਹਾਂ ਨੂੰ ਰੱਬ ਵੀ ਛੋਟਾ-ਛੋਟਾ ਜਿਹਾ ਪਿਆ ਜਾਪੇ ਜਿਹੜਾ ਉਨ੍ਹਾ ਘਰ ਮੁੰਡਾ ਘੱਲਣ ਤੋਂ ਆਕੀ ਹੋਇਆ ਬੈਠਾ ਸੀ। ਸ਼ਰਧਾਲੂ ਨੂੰ ਬਾਬਿਆਂ ਦੀ ਅਸ਼ੀਰਵਾਦ ਲੈ ਕੇ ਇੰਝ ਜਾਪੇ ਜਿਵੇਂ ਉਹ ਰੱਬ ਨੂੰ ਵੀ ਖੰਗੂਰੇ ਮਾਰਦਾ ਹੋਵੇ ਕਿ ਦੇਖੂੰ ਤੈਨੂੰ ਕਿਵੇਂ ਨਹੀ ਦਿੰਦਾ ਮੁੰਡਾ! ਸ਼ਰਧਾਲੂ ਦੀ ਪਤਨੀ ਸਹਿਬਾਂ ਨੇ ਪੇਕਿਆਂ ਵਲ ਦੇ ਖਾਸ ਖਾਸ ਅੰਗ ਸਾਕ ਇੱਕਠੇ ਕੀਤੇ ਪਏ ਸਨ ਕਿ ਪਾਠੀਆਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਏ।
ਹੁਣ ਅੰਦਰੋਂ ਤਾਂ ਕੁੱਝ ਨਹੀ ਸੀ ਆ ਰਿਹਾ। ਨਾ ਗੁਰਬਾਣੀ ਦੀ ਅਵਾਜ, ਨਾ ਕੀਰਤਨ ਦੀ ਅਵਾਜ ਤੇ ਨਾ ਕਿਸੇ ਪਾਠੀ ਦੀ ਅਵਾਜ। ਕਿਸੇ ਨੂੰ ਨਹੀ ਪਤਾ ਕਿ ਕੀ ਹੋ ਰਿਹਾ ਪਰ ਬਾਹਰ ਦੀ ਗਹਿਮਾ ਗਹਿਮੀ ਤੋਂ ਜਾਪਦਾ ਜਿਵੇਂ ਸ਼ਰਧਾਲੂ ਨੇ ਪਾਠ ਨਹੀ ਕੋਈ ਵਿਆਹ ਰੱਖਿਆ ਹੋਇਆ ਹੋਵੇ। ਅੰਦਰੋਂ ਬੇਸ਼ਕ ਕੁੱਝ ਨਹੀ ਆ ਰਿਹਾ ਪਰ ਬਾਹਰੋਂ ਰਾਸ਼ਨ ਤੇ ਰਾਸ਼ਨ ਜਾ ਰਿਹਾ ਹੈ। ਬਦਾਮਾਂ ਦੀ ਸ਼ਰਧਾਈ, ਕਾਜੂ ਪਿਸਤੇ, ਹਰੀ ਸੌਗੀ, ਲਾਲ ਸੌਗੀ, ਤੁੜਕਿਆਂ ਤਾਂ ਤਬਾਹੀ ਮਚਾਈ ਪਈ ਹੈ ਖੀਰਾਂ ਕਸਟਡਾਂ ਦਾ ਕੋਈ ਪਾਰਾਵਾਰ ਨਹੀ। ਵੰਨ ਸੁਵੰਨੇ ਫਰੂਟ ਜਾ ਰਹੇ ਹਨ ਤੇ ਸ਼ਿਲਕਿਆਂ ਦੇ ਢੇਰ ਬਾਹਰ ਆ ਰਹੇ ਹਨ। ਸਵੇਰ ਅਤੇ ਬਾਅਦ ਦੁਪਹਿਰ ਦੀ ਚਾਹ ਵੇਲੇ ਘਰ ਦਾ ਬਣਿਆਂ ਬਦਾਮਾ ਵਾਲਾ ਵੇਸਣ, ਸ਼ੁਧ ਖੋਏ ਵਿੱਚ ਬਣੀਆਂ ਅਲਸੀ ਦੀਆਂ ਪਿੰਨੀਆਂ ਤੇ ਸ਼ਾਮ ਦੀ ਚਾਹ ਨਾਲ ਪਨੀਰ ਦੇ ਪਕੌੜੇ, ਦੇਸੀ ਘਿਉ ਦੇ ਗਰਮ ਗਰਮ ਜਲੇਬ, ਤਰ੍ਹਾ ਤਰ੍ਹਾਂ ਦੀਆਂ ਮਠਿਆਈਆਂ। ਕੋਕ ਲਿਮਿਕਿਆਂ ਦੀਆਂ ਤਾਂ ਅੰਦਰ ਨੂੰ ਨਹਿਰਾਂ ਪਈਆਂ ਚਲਦੀਆਂ ਸਨ। ਜਿਵੇਂ ਅੰਦਰ ਬੰਦੇ ਨਹੀ ਕੋਈ ਪੁਰਾਣਕ ਕਹਾਣੀ ਦਾ ਕੁੰਭਕਰਨ ਛੇ ਮਹੀਨਿਆਂ ਬਾਅਦ ਉਠਿਆ ਹੋਵੇ ਤੇ ਅਪਣੀ ਭੁੱਖ ਲਾਹ ਰਿਹਾ ਹੋਵੇ।
ਅੰਦਰ 8 ਪਾਠੀ ਸਨ। 4 ਜਪੁਜੀ ਸਹਿਬ ਦੇ ਤੇ 4 ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ। ਨਵੇਂ ਤੋਂ ਨਵੇ ਖਾਣੇ ਦਾ ਸੁਨੇਹਾ ਅੰਦਰੋਂ ਆ ਰਿਹਾ ਸੀ। ਕਿਸੇ ਨੂੰ ਕੌਫੀ ਚਾਹੀਦੀ ਸੀ ਕਿਸੇ ਨੂੰ ਦੁੱਧ ਵਿੱਚ ਪੱਤੀ ਚਾਹੀਦੀ ਸੀ, ਕਿਸੇ ਨੂੰ ਲਿਮਕੇ ਵਿੱਚ ਕਾਲਾ ਲੂਣ ਤੇ ਨਿੰਬੂ ਚਾਹੀਦਾ ਸੀ ਕਿਸੇ ਨੂੰ ਦੁੱਧ ਤੇ ਕੋਕ ਮਿਲਾ ਕੇ ਚਾਹੀਦੇ ਸਨ ਕਿਸੇ ਨੂੰ ਮੂਲੀ, ਕਿਸੇ ਨੂੰ ਆਲੂ ਤੇ ਕਿਸੇ ਨੂੰ ਗੋਭੀ ਦੇ ਪਰਾਉਂਠੇ ਪਸੰਦ ਸਨ। ਨਵੇ ਤੋਂ ਨਵੇ ਬਾਬਿਆਂ ਦੇ ਖਾਣ ਦੇ ਤਰੀਕਿਆਂ ਤੋਂ ਆਏ ਰਿਸ਼ਤੇਦਾਰ ਬੜੇ ਹੈਰਾਨ ਹੋ ਰਹੇ ਸਨ ਸ਼ਰਧਾਲੂ ਦਾ ਸਾਂਢੂ ਪੁੱਛਦਾ ਹੈ ਕਿ ਅੰਦਰ ਪਾਠ ਹੋ ਰਿਹਾ ਕਿ ਖਾਣ ਦੀਆਂ ਰੇਸਾਂ ਲੱਗ ਰਹੀਆਂ ਹਨ। ਸ਼ਰਧਾਲੂ ਨੇ ਤਾਂ ਕੁੱਝ ਨਹੀ ਕਿਹਾ ਪਰ ਉਸ ਦੀ ਮਾਂ ਪੈ ਗਈ। ਦੇਖ ਕਾਕਾ! ਚੰਗੇ ਪੁੰਨ ਦੇ ਕੰਮਾ ਵਿੱਚ ਟਿੱਚਰਾਂ ਨਹੀ ਕਰੀਦੀਆਂ। ਹਾਂਅ! ਬਾਬਾ ਜੀ ਦਾ ਹੁਕਮ ਹੈ ਪਾਠੀ ਖੁਸ਼ ਰੱਖਣ ਦਾ। ਸਾਂਢੂ ਬੋਲਣ ਤਾਂ ਲੱਗਿਆ ਸੀ ਕਿ ਇਨ੍ਹਾਂ ਦੀ ਖੁਸ਼ੀ ਕਰ ਰਹੇ ਓਂ ਜਾਂ ਇਨ੍ਹਾਂ ਦਾ ਵੀ ਪਾਠ ਰੱਖਣ ਦਾ ਪ੍ਰਬੰਧ ਕਰ ਰਹੇ ਹੋ ਢਿੱਡ ਇਨ੍ਹਾਂ ਦੇ ਪਹਿਲਾਂ ਹੀ ਚੋਲਿਆਂ ਹੇਠੋਂ ਇੰਝ ਜਾਪਦੇ ਜਿਵੇਂ ‘ਸੰਪਟ ਪਾਠ’ ਦਾ ਅਸਰ ਇਧਰ ਹੋਇਆ ਹੋਵੇ ਸਾਹ ਲੈਂਦੇ ਇੰਝ ਹਉਂਕਦੇ ਜਿਵੇਂ ਸਿਖਰ ਦੁਪਹਿਰ ਜੱਟ ਨੇ ਮਾੜਾ ਸੰਢਾ ਜੋਤਰੇ ਲਾ ਕੇ ਛੱਡਿਆ ਹੁੰਦਾ ਹੈ। ਪਰ ਸਾਂਢੂ ਘਰਵਾਲੀ ਤੋਂ ਡਰਦਾ ਚੁੱਪ ਹੀ ਕਰ ਰਿਹਾ।
ਪਾਠੀਆਂ ਦੀ ਖੁਸ਼ੀ ਲੈਦੀ ਸ਼ਰਧਾਲੂ ਦੀ ਪਤਨੀ ਨੇ ਪਾਠੀ ਪਾਟਣੇ ਕਰ ਦਿੱਤੇ। ਅੰਨ੍ਹੇਵਾਹ ਖਾਧੇ ਰਾਸ਼ਣ ਦੇ ਘਰਾੜੇ ਕਿਹੜੇ ਨੇੜ ਤੇੜ ਦੇ ਹੀ ਹੋਣੇ ਸਨ। ਹੁਣ ਇੱਕ ਫਾਇਦਾ ਹੋਇਆ ਕਿ ਚਲੋ ਅੰਦਰੋਂ ਕੁੱਝ ਤਾਂ ਆ ਰਿਹਾ। ਗੁਰਬਾਣੀ ਨਹੀ ਤਾਂ ਘੁਰਾੜੇ ਹੀ ਸਹੀਂ। ਪਾਠੀਆਂ ਦੀ ਖੁਸ਼ੀ ਦੇ ਝੱਲ ਨੇ ਇੱਕ ਪਹਿਲਾਂ ਹੀ ਪਾਟਣ ਨੂੰ ਫਿਰਦਾ ਪਾਠੀ ਸਿੰਘ ਹੋਰ ਬੀਮਾਰ ਕਰ ਦਿੱਤਾ। ਉਹ ਪਹਿਲੇ ਦਿਨ ਹੀ ਮੂੰਹ ਦੀ ਬਜਾਇ ਸਾਹ ਢਿੱਡ ਥਾਣੀਂ ਲੈਂਦਾ ਜਾਪਦਾ ਸੀ। ਭਾਰੇ ਢਿੱਡ ਦੇ ਬੇਥਵੇ ਭਾਰ ਨੇ ਲੱਤਾਂ ਉਸ ਦੀਆਂ ਅਸ਼ਟਾਬੱਕਰ ਵਰਗੀਆਂ ਵਿੰਗ-ਤੜਿੰਗੀਆਂ ਜਿਹੀਆਂ ਕੀਤੀਆਂ ਪਈਆਂ ਸਨ। ਤੁਰਦਾ ਉਹ ਇੰਝ ਜਾਪਦਾ ਜਿਵੇਂ ਡਿੱਗਿਆ ਕਿ ਡਿੱਗਿਆ। ਵਾਯਾਤ ਖਾਧੇ ਮੁਫਤੇ ਰਾਸ਼ਣ ਕਾਰਨ ਦੇਹ ਉਸ ਦੀ ਇੰਝ ਪਿਲ-ਪਿਲ ਕਰਦੀ ਸੀ ਜਿਵੇਂ ਭੁਕਾਨੇ ਵਿੱਚ ਪਾਣੀ ਭਰਿਆ ਹੁੰਦਾ। ਸ਼ਾਰਧਾਲੂ ਦਾ ਸਾਂਢੂ ਉਸ ਨੂੰ ਦੇਖ ਕੇ ਸੋਚ ਰਿਹਾ ਸੀ ਇਸ ਦਾ ਕੀਤਾ ਪਾਠ ਕਿਸੇ ਨੂੰ ਮੁੰਡਾ ਦਊ ਜਿਸ ਕੋਲੋਂ ਅਪਣੀ ਲੋਥ ਹੀ ਨਹੀ ਸਾਂਭੀ ਜਾਂਦੀ? ਉਹ ਹੈਰਾਨ ਸੀ ਕਿ ਇਹ ਪਾਠ ਤੇ ਬੈਠ ਵੀ ਲੈਂਦਾ? ਫਿਰ ਉਸ ਆਪੇ ਹੀ ਸੋਚਿਆ ਕਿ ਚਲੋ ਕਿਹੜਾ ਕਿਸੇ ਨੂੰ ਅੰਦਰ ਵੜਨ ਦੇਣਾ ਨਾ ਵੀ ਬਹੇ ਸਰ ਜਾਊ! ! ! !
ਪਾਠ ਨੂੰ ਹਾਲੇ 15ਵਾਂ ਦਿਨ ਸੀ ਕਿ ਉਸ ਦੀ ਸ਼ੂਗਰ, ਕਲੈਸਟਰ, ਬਲੱਡ ਸਭ ਕੁੱਝ ਇੰਝ ਘਟਾਵਾਂ ਬਣ ਕੇ ਚੜਿਆ ਕਿ ਉਸ ਦੀ ਭੁਕਾਨੇ ਵਰਗੀ ਦੇਹ ਨੂੰ ਰੋਹੜ ਲੈ ਤੁਰਿਆ। ਰੁੜਦੇ ਦੇ ਜਦ ਹੱਥ ਕਿਤੇ ਨਾ ਪਏ ਤਾਂ ਉਸ ਨੂੰ ‘ਮਰਿਯਾਦਾ ਭੰਗ’ ਕਰਕੇ ਯਾਨੀ ਮੱਥੇ ਲੱਗਣ ਵਾਲੀ ਸ਼ਰਤ ਤੋੜ ਕੇ ਫੌਰਨ ਡਾਕਟਰ ਦੇ ਲਿਜਾਣਾ ਪਿਆ। ਡਾਕਟਰ ਨੇ ਮਰੀਜ ਦੀਆਂ ਅੱਖਾਂ ਜਦ ਭੰਗ ਪੀਤੇ ਸ਼ਿਵ ਜੀ ਵਰਗੀਆਂ ਲਾਲ ਸੂਹੀਆਂ ਦੇਖੀਆਂ ਤਾਂ ਉਹ ਡਰ ਗਿਆ। ਉਸ ਦੀਆਂ ਅੱਖਾਂ ਚੰਗਾਰੇ ਛੱਡ ਰਹੀਆਂ ਸਨ ਤੇ ਪੋਲੜ ਜਿਹੀ ਦੇਹ ਕੋਲੇ ਵਾਲੇ ਇੰਝਣ ਵਾਂਗ ਭੱਖ ਰਹੀ ਸੀ। ਸਾਹ ਉਸ ਦਾ ਰੁੱਕ ਰੁੱਕ ਕੇ ਇੰਝ ਆ ਰਿਹਾ ਸੀ ਜਿਵੇਂ ਭੁੱਖੇ ਛੱਡੇ ਢੱਗੇ ਨੇ ਹਰੇ ਫੁੱਟਦੇ ਬਰਸੀਨ ਦੀ ਪੰਡ ਖਾ ਕੇ ‘ਫੂਅ’ ਕਰਾ ਲਈ ਹੋਵੇ। ਪੇਟ ਉਸ ਦਾ ਫੁੱਲ ਕੇ ਮਰੇ ਪਏ ਪੂਹਲੇ ਨਿਹੰਗ ਵਰਗਾ ਜਾਪ ਰਿਹਾ ਸੀ। ਡਾਕਟਰ ਨੇ ਉਸਦੀ ਹਾਲਤ ਦੇਖ ਕੇ ਉਸਨੂੰ ਹੌਸਪੀਟਲ ਭੇਜ ਦਿੱਤਾ ਜਿਥੇ ਜਾਣ ਤੱਕ ਉਸਦੀ ਹਾਲਤ ਹੋਰ ਖਰਾਬ ਹੋ ਗਈ। ਡਾਕਟਰਾਂ ਕਈ ਕੁੱਝ ਜਿਹਾ ਉਸ ਦਾ ਕੱਢ ਮਾਰਿਆ। ਬਥੇਰਾ ਪੁੱਠਾ ਸਿੱਧਾ ਕੀਤਾ। ਸੂਏ ਟੀਕੇ ਲਾਏ ਪਰ ਉਸ ਉਪਰ ਬਾਬਾ ਜੀ ਕ੍ਰਿਪਾ ਦ੍ਰਿਸ਼ਟੀ ਹੋ ਚੁੱਕੀ ਸੀ ਤੇ ਬਾਬਾ ਜੀ ਦੇ ਭੇਜੇ ‘ਬੇਬਾਨ’ ਉਸਨੂੰ ਲੈਣ ਆ ਗਏ।
ਬਾਬਿਆਂ ਨੂੰ ਕੋਈ ਫਰਕ ਨਹੀ ਸੀ, ਕੋਈ ਫਿਕਰ ਨਹੀ ਸੀ ਉਨ੍ਹਾਂ ਕੋਲੇ ਅਜਿਹੇ ਕਈ ਨੰਗ ਕੁੱਟੇ-ਕੱਢੇ, ਕੰਮੋ ਭੱਜੇ, ਰੋਟੀਓਂ ਆਤਰ ਬੇਹੰਗਮਾਂ ਦੇ ਨਾ ਤੇ ਚੋਲੇ ਪਾਈ ਫਿਰਦੇ ਸਨ। ਉਨ੍ਹਾਂ ਘਰੋਂ ਉਸ ਦੇ ਕਿਸੇ ਨੂੰ ਸੱਦ ਕੇ ਦੇਹ ਉਸ ਦੀ ਫੂਕਣ ਲਈ ਪਿੰਡ ਭੇਜ ਦਿੱਤੀ। ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਤੇ ਗੁਰਬਾਣੀ ਪੜਦਾ ਮਰਿਆ ਕਹਿਕੇ ‘ਵੱਡੇ ਬਾਬਾ ਜੀ’ ਕੋਲੇ ਸੱਚਖੰਡ ਪਹੁੰਚੇ ਦਾ ਸਰਟੀਫਿਕੇਟ ਦੇ ਕੇ ਅਤੇ ਘਰਦਿਆਂ ਦੀਆਂ ਇੱਕੀ ਕੁਲਾਂ ਤਾਰ ਜਾਣ ਮਹਾਨ ਕਾਰਜ ਮਰੇ ਦੇ ਖਾਤੇ ਪਾ ਕੇ ਆਪ ਸ਼ਰਧਾਲੂ ਦੇ ਜਾ ਢੋਲਕੀ ਖੜਕਾਈ।
ਅੱਜ ਭੋਗ ਦਾ ਦਿਨ ਸੀ ਸ਼ਰਧਾਲੂ ਦੇ ਘਰੇ ਗਹਿਮਾ ਗਹਿਮ ਇੰਝ ਸੀ ਜਿਵੇਂ ਮੁੰਡਾ ਹੋ ਵੀ ਗਿਆ ਹੋਵੇ। ਭੋਗ ਤੋਂ ਬਾਅਦ ਬਾਬਾ ਜੀ ਦਾ ‘ਕੀਰਤਨ’ ਦਾ ਸਮਾ ਸੀ। ਬਾਬਾ ਜੀ ਨੇ ਚੰਗਾ ਢੋਲਕੀ ਦਾ ਸਿਰ ਪਾੜਿਆ, ਚਿਮਟਿਆਂ ਨੂੰ ਆਪਸ ਵਿੱਚ ਭਿੜਾ ਕੇ ਲਹੂ-ਲੁਹਾਨ ਕੀਤਾ, ਵਾਜੇ ਦੀ ਘੰਡੀ ਵਿੱਚ ਉਗਲਾਂ ਦੇ ਕੇ ਉਸ ਦੀਆਂ ਚੀਖਾਂ ਮਰਵਾਈਆਂ। ਬਾਬੇ ਜਿਵੇਂ ਰੱਬ ਨੂੰ ਲਲਕਾਰ ਰਹੇ ਸਨ ਕਿਥੇ ਹੈ ਤੂੰ ਨਿਕਲ ਬਾਹਰ ਤੇ ਦੱਸ ਮੇਰੇ ਇਸ ਸੇਵਕ ਨੂੰ ਮੁੰਡਾ ਦੇਣਾ ਕਿ ਨਹੀ। ਬਾਬੇ ਦੇ ਉੱਚੀ ਬਾਂਹ ਕਰਕੇ ਮਾਰੇ ਲਲਕਾਰੇ ਸੁਣ ਕੇ ਰੱਬ ਜੀ ਸੱਚਮੁਚ ਸੋਚ ਰਹੇ ਹੋਣਗੇ ਕਿ ਇਹ ਕਿਹੜੀ ਨਸਲ ਦੇ ਬੀਜ ਮੇਰੀ ਲਿਬਾਟਰੀ ਵਿੱਚ ਬਣਦੇ ਰਹੇ ਹਨ ਜਿਹੜੇ ਮਨੁੱਖਤਾ ਨੂੰ ਅੰਨ੍ਹੇ ਖੂਹ ਵਿੱਚ ਧੱਕੇ ਨਹੀ ਚਿਮਟੇ ਮਾਰ-ਮਾਰ ਸੁੱਟ ਰਹੇ ਹਨ! ਬਾਬਿਆਂ ਦੇ ਮਿਰਜੇ ਦੀ ਤਾਨ ਅਤੇ ਜੱਗੇ ਜੱਟ ਦੇ ਲੋਰ ਨੇ ਪੇਡੂੰ ਜਨਤਾ ਝੂਲਣ ਲਾ ਦਿੱਤੀ। ਸਿੱਧੇ ਸਾਧੇ ਪਿੰਡ ਵਾਲਿਆਂ ਨੂੰ ਤਾਂ ਮੁੰਡੇ ਰੋਂਦੇ ਦੀ ਜਿਵੇਂ ਅਵਾਜ ਵੀ ਸੁਣਨ ਲੱਗ ਪਈ ਹੋਵੇ। ਉਹ ਧੰਨ ਧੰਨ ਕਰਦੇ ਝੋਨੇ ਕੁੱਟ-ਕੁੱਟ ਕੀਤੀ ਹੱਡ ਭੰਨਵੀ ਮਿਹਨਤ ਨੂੰ ਬੋਝਿਆਂ ਵਿਚੋਂ ਕੱਢ ਕੇ ਬਾਬਾ ਜੀ ਅੱਗੇ ਢੇਰੀ ਕਰਨ ਲੱਗੇ ਤੇ ਵਿਚੇ ਵਿੱਚ ਸੋਚਣ ਲੱਗੇ ਕਿ ਕਾਸ਼ ਬਾਬਾ ਜੀ ਕ੍ਰਿਪਾ ਕਰਨ ਤੇ ਅਸੀਂ ਵੀ ਇਸ ਜੋਗ ਹੋ ਸਕੀਏ ਤੇ ਬਾਬਾ ਜੀ ਸਾਡੇ ਗ੍ਰਿਹ ਵੀ ਰੌਣਕਾਂ ਲਾਉਂਣ ਯਾਨੀ ਢੋਕਲੀ ਦਾ ਸਿਰ ਪਾੜਨ! !
ਵਿਚੇ ਬਾਬਿਆਂ ‘ਅਲੋਪ ਚੰਡਕਾ ਹੋਏ ਗਈ’ ਪੜਕੇ ਇੰਦਰ ਜੀ ਮਾਹਰਾਜ ਦੀ ਅਜਿਹੀ ਆਰਤੀ ਕੀਤੀ ਕਿ ਗੇਂਦੇ ਦੇ ਫੁੱਲਾਂ ਦੀ ਵਰਖਾ ਜਿਵੇਂ ਧਰਤੀ ਤੋਂ ਨਹੀ ਸੱਚਮੁਚ ਅਕਾਸ਼ ਵਿਚੋਂ ਹੋ ਰਹੀ ਹੋਵੇ। ਬਾਬੇ ਆਪ ਉੱਠ ਕੇ ਸੰਗਤਾਂ ਉਪਰ ਰਿਊ-ਕਉੜਾ ਛਿੱੜਕ ਰਹੇ ਸਨ। ਅਰਦਾਸ ਵੇਲੇ ਬਾਬਿਆਂ ਆਪ ਹੀ ਸ੍ਰੀ ਗੁਰੂ ਗਰੰਥ ਸਹਿਬ ਜੀ ਅਗੇ ਪੜਦਾ ਕਰ ਲਿਆ ਤੇ ਆਪੇ ਹੀ ਲੱਗੇ ਬਹੁੜੀਆਂ ਪਾਉਂਣ ਕਿ ‘ਬਾਬਾ ਜੀ ਦਿਓ ਦਰਸ਼ਨ’। ਸ਼ਰਧਾਲੂ ਦਾ ਸਾਂਢੂ ਫਿਰ ਹੱਸ ਪਿਆ ਕਿ ਹੱਦ ਹੋ ਗਈ ਦਰਸ਼ਨ ਦਿੰਦੇ ਅਗੇ ਆਪੇ ਪੜਦਾ ਤਾਣ ਲਿਆ ਤੇ ਆਪੇ ਦੁਹਾਈ ਚੁੱਕ ਲਈ ਇਹ ਕੀ ਮਾਜਰਾ ਬਈ? ਲੋਕ ਮੂਰਖ ਜਾਂ ਬਾਬਿਆਂ ਦੇ ਕੋਈ ਨੁਕਸ ਹੈ। ਇਹ ਤਾਂ ਪਾਗਲ ਬੰਦਿਆਂ ਨੂੰ ਲੁਕਾਈ ਪੂਜੀ ਤੁਰੀ ਜਾ ਰਹੀ! ਨਹੀ? ਬਾਬਿਆਂ ਖਾਲਸੇ ਦੀ ਲਹੂ ਨੁਚੜਦੇ ਇਤਿਹਾਸ ਦੀ ਅਰਦਾਸ ਛੱਡ ਕੇ ਅਪਣੀ ਹੀ ਬਣਾਈ ਅਰਦਾਸ ਵਿੱਚ ਫਿਰ ਦੁਹਾਈਆਂ ਚੁੱਕ ਦਿੱਤੀਆਂ ਤੇ ਆਖਰ ਸ਼ਰਧਾਲੂ ਦੀਆਂ ਕਾਮਨਾਵਾ ਲਈ ਧੁਰ ਦਰਗਾਹ ਤੱਕ ਸ਼ਿਫਾਰਸ਼ਾਂ ਜਾ ਪਾਈਆਂ। ਬ੍ਰਹਾਮਣ ਦੇ ਹਰੇਕ ਦੇਵਤੇ ਦੇ ਧਿਆਉਂਣ ਵਾਗੂੰ ਉਸ ਵਿਚੇ ਗੁਰੂ ਸਾਹਿਬਾਨਾ ਅਤੇ ਵਿਚੇ ਵੱਡੇ ਬਾਬਿਆਂ ਤੇ ਵਿਚੇ ਅਗੇ ਉਨ੍ਹਾਂ ਦੇ ਵੀ ਬਾਬਿਆਂ ਅਗੇ ਅਪਣੀ ਕਹਾਣੀ ਸੁਣਾ ਮਾਰੀ ਕਿ ਚਲੋ ਕੋਈ ਤਾਂ ਸੁਣੇਗਾ ਹੀ। ਗਰੀਬ ਲੋਕ, ਜਿੰਨਾ ਦੇ ਕਿਸੇ ਦੇ ਮੁੰਡਾ ਨਹੀ ਸੀ ਉਹ ਬਿੱਲਕੁਲ ਹੀ ਮੁੰਡੇ ਦੀ ਆਸ ਲਾਹੀ ਮੁਰਝਾਏ ਬੈਠੇ ਸਨ। ਹੁਣ ਕਿਹੜਾ 5-6 ਲੱਖ ਵਾਲਾ ਮਹਾਂਸੰਪਟ ਪਾਠ ਕਰਾਏ ਤੇ ਮੁੰਡਾ ਲਵੇ।
ਪਰ ਸਾਲ ਬਾਅਦ ਹਉਕਾ ਜਿਹਾ ਲੈਣ ਵਾਲੇ ਗਰੀਬ ਲੋਕਾਂ ਦੇ ਮੂੰਹ ਤੇ ਖੁਸ਼ੀ ਜਿਹੀ ਝਲਕੀ ਜਦ 5-6 ਲੱਖ ਫੂਕਣ ਵਾਲੇ ਸ਼ਰਧਾਲੂ ਦੇ ਘਰ ਇੱਕ ਨਨ੍ਹੀ ਜਿਹੀ ਲੜਕੀ ਨੇ ਜਨਮ ਲਿਆ। ਬਾਬਿਆਂ ਦਾ ਰੱਬ ਕਿਤੇ ਰੁੱਸ ਗਿਆ ਜਾਪਦਾ ਸੀ ਪਰ ਬਾਬਿਆਂ ਬੜੇ ਅਰਾਮ ਨਾਲ ਸੇਵਾ ਵਿੱਚ ਕੋਈ ਅੜਚਨ ਰਹਿ ਗਈ ਕਹਿ ਕੇ ਭਾਣੇ ਵਿੱਚ ਰਹਿਣ ਦਾ ਫੁਰਮਾਨ ਭੇਜ ਦਿੱਤਾ। ਸ਼ਰਧਾਲੂ ਦਾ ਸਾਂਢੂ ਕਹਿ ਰਿਹਾ ਸੀ ਕਿ ਇਸ ਭੜੂਏ ਨੂੰ ਪਹਿਲਾਂ ਨਹੀ ਭਾਣਾ ਯਾਦ ਆਇਆ ਜਦ ਚਿਮਟਿਆਂ ਨਾਲ ਧਰਤੀ ਪੁੱਟਣੀ ਲਈ ਸੀ? ਸਾਂਢੂ ਦੀ ਤਿੱਖੀ ਟਿੱਪਣੀ ਤੇ ਏਸ ਵਾਰੀ ਸ਼ਰਧਾਲੂ ਦੀ ਸੱਸ ਕੁੱਝ ਨਹੀ ਬੋਲੀ ਪਰ ਸ਼ਰਧਾਲੂ ਬੋਲਿਆ ਕਿ ਚਲੋ ਸ਼ਾਇਦ ਸਾਡੀ ਸੇਵਾ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇ। ਬਾਬਾ ਜੀ ਨਹੀ ਆਏ। ਨਾ ਕੋਈ ਰੌਲਾ ਸੀ, ਨਾ ਕੋਈ ਢੋਲਕੀਆਂ ਦਾ ਸ਼ੋਰ। ਸਾਰੇ ਪਾਸੇ ਖਮੋਸ਼ੀ ਦਾ ਪਹਿਰਾ ਸੀ। ਘਰ ਇਵੇਂ ਜਾਪਦਾ ਜਿਵੇਂ ਪੱਤਝੜ ਵਿੱਚ ਸੜਕਾਂ ਤੇ ਪੱਤੇ ਖਿਲਰੇ ਹੁੰਦੇ ਹਨ। ਪਾਠ ਵੇਲੇ ਭੱਖਦੇ ਤਦੂੰਰਾਂ ਵਿਚੋਂ ਸਵਾਹ ਉੱਡ ਰਹੀ ਸੀ। ਪਰ੍ਹੇ ਇੱਕ ਗੁੱਠੇ ਘਰ ਦਾ ਪਾਲਤੂ ਕੁੱਤਾ ਅਗਲੀਆਂ ਦੋਂਹ ਲੱਤਾਂ ਤੇ ਉਦਾਸ ਜਿਹਾ ਮੂੰਹ ਰੱਖੀ ਜਾਗੋ ਮੀਟੀ ਜਿਹੀ ਊਂਘ ਰਿਹਾ ਸੀ। ਸ਼ਰਧਾਲੂ ਦੀ ਪਤਨੀ ਗੋਦ ਪਈ ਨੰਨ੍ਹੀ ਜਿਹੀ ਕੁੜੀ ਵਲ ਵੇਖ ਇੰਝ ਝੂਰ ਰਹੀ ਸੀ ਜਿਵੇਂ ਉਸ ਨੇ ਉਸ ਦਾ ਸਾਰਾ ਘਰ ਬਰਬਾਦ ਕਰ ਦਿੱਤਾ ਹੋਵੇ। ਉਹ ਜਦ ਕਦੇ ਭੁੱਖ ਨਾਲ ਰੋਦੀ ਤਾਂ ਮਾਂ ਬੜੇ ਅਣਮੰਨੇ ਜਿਹੇ ਮਨ ਨਾਲ ਦੁੱਧ ਦਾ ਥਣ ਉਸ ਦੇ ਮੂੰਹ ਵਿੱਚ ਪਾਉਂਦੀ। ਉਹ ਥਣ ਮੂੰਹ ਵਿੱਚ ਲੈ ਬੜੀਆਂ ਧੰਨਵਾਦ ਭਰੀਆਂ ਅੱਖਾਂ ਨਾਲ ਮਾਂ ਵਲ ਵੇਖ ਕੇ ਮੁਸਕਰਾਉਂਦੀ ਪਰ ਮਾਂ ਹਉਕਾ ਲੈ ਕੇ ਮੂੰਹ ਦੂਜੇ ਪਾਸੇ ਕਰ ਲੈਂਦੀ। ਕੁੜੀ ਵੇਖਣ ਆਏ ਸਾਂਢੂ ਅਤੇ ਉਸਦੀ ਪਤਨੀ ਨੂੰ ਮਹੌਲ ਦੇਖ ਇਹ ਨਹੀ ਸੀ ਪਤਾ ਲੱਗ ਰਿਹਾ ਕਿ ਉਹ ਅਫਸੋਸ ਕਰਨ ਕਿ ਵਧਾਈ ਦੇਣ। ਘਰ ਵਿੱਚ ਖਮੋਸ਼ੀ ਇੰਝ ਸੀ ਜਿਵੇਂ ਕੋਈ ਮਰ ਗਿਆ ਹੋਵੇ ਪਰ ਬਾਬੇ ਵਿਚਾਰੇ ਇਸ ‘ਮਾਤਮ’ ਤੇ ਦੋ ਅੱਥਰੂ ਵੀ ਕੇਰਨ ਨਾ ਆਏ ਤੇ ਉਹ ਹੋਰ ਉਸ ਸ਼ਰਧਾਲੂ ਦੇ ‘ਕੀਰਤਨ’ ਕਰਨ ਚਲੇ ਗਏ ਜਿਸ ਦੇ ਉਨ੍ਹਾਂ ਦੇ ‘ਬੱਚਨ’ ਨਾਲ ਮੁੰਡਾ ਹੋਇਆ ਸੀ ਤੇ ਉਨ੍ਹਾਂ ਮੁੰਡੇ ਦੇ ਪਹਿਲੇ ਜਨਮ ਦਿਨ ਤੇ ਬਾਬਾ ਜੀ ਨੂੰ ਉਚੇਚਾ ਸੱਦਿਆ ਹੋਇਆ ਸੀ! ! ! ! ! ! ! !

ਕੁੱਤੇ

ਬਾਬਾ ਫੌਜਾ ਸਿੰਘ ਚਿਰ ਬਾਅਦ ਪੰਜਾਬ ਗਿਆ। ਪੰਜਾਬ ਦੇ ਤੌਰ ਹੀ ਬਦਲੇ ਪਏ ਸਨ। ਬਾਬਾ ਕਿਸੇ ਖਾਸ ਰਿਸ਼ਤੇਦਾਰ ਦੇ 2-4 ਰਾਤਾਂ ਠਹਿਰਿਆ। ਉਸ ਨੂੰ ਸ਼ਹਿਰਾਂ ਦੀ ਬਜਾਇ ਹੁਣ ਪਿੰਡਾਂ ਵਿੱਚ ਵੀ ‘ਸ਼ਾਹੀ ਤਮਾਸ਼ਾ’ ਦੇਖਣ ਨੂੰ ਮਿਲਿਆ ਕਿ ਬਾਬਾ ਹੈਰਾਨ ਰਹਿ ਗਿਆ। ਆਹ ਸੀ ਕਿਰਤੀ ਤੇ ਮਿਹਨਤੀ ਪੰਜਾਬ? ਬਾਬਾ ਸਵੇਰ ਦੀ ਚਾਹ ਤੋਂ ਲੈ ਕੇ ਸ਼ਾਮ ਤੱਕ ਤਮਾਸ਼ਾ ਦੇਖਦਾ। ਇਹ ਕੀ ਏ ਸਫਾਈ ਵਾਲੀ! ਹੁਣ ਕਿਹੜੀ ਭਾਂਡੇ ਧੋਣ ਵਾਲੀ! ਲਓ ਆ ਆਈ ਜੇ ਕੱਪੜੇ ਧੋਣ ਵਾਲੀ! ਹੁਣ ਆਈ ਰੋਟੀਆਂ ਪਕਾਉਂਣ ਵਾਲੀ! ਇਹ ਕਈਆਂ ਤਰ੍ਹਾਂ ਦੀਆਂ ਬੀਬੀਆਂ ਆਉਂਦੀਆਂ ਸਨ ਕਿ ਬਾਬੇ ਨੂੰ ਚੇਤਾ ਹੀ ਭੁੱਲ ਜਾਂਦਾ ਕਿ ਕਿਹੜੀ ਹੈ। ਉਹ ਕੱਪੜਿਆਂ ਨੂੰ ਭਾਂਡੇ ਸਮਝ ਬੈਠਦਾ ਤੇ ਭਾਂਡਿਆਂ ਨੂੰ ਰੋਟੀਆਂ ਪਕਾਉਂਣ ਵਾਲੀ।
ਘਰ ਵਿੱਚ ਖੁਦ ਆਪ ਤਿੰਨ ਸੁਆਣੀਆਂ ਸਨ। ਨਿਧੱੜਕ ਚਿੱਟੀਆਂ ਵਿਹਲੀਆਂ! ਸਾਰਾ ਦਿਨ ਉਨ੍ਹਾਂ ਦੀ ਚਾਹ ਦੀ ਗਿਣਤੀ ਕਰਨੀ ਹੋਵੇ ਤਾਂ ਬੰਦਾ ਬੌਂਦਲ ਜਾਏ। ਬਾਬਾ ਫੌਜਾ ਸਿੰਘ ਹੈਰਾਨ। ਇੱਕ ਆਈ ਸ਼ਹਿਰੋਂ ਇਸ ਦਾ ਬਲੱਡ ਵਧਦਾ ਸੀ। ਦੂਜੀ ਗਈ ਇਸ ਦਾ ਕਲੱਸਟਰ ਵਧਦਾ ਸੀ। ਤੀਜੀ ਤੁਰ ਪਈ ਦਿਲ ਘੱਟਦਾ ਕਿਤੇ ਸ਼ੂਗਰ ਹੀ ਨਾ ਹੇਠਾਂ ਉਪਰ ਹੋਵੇ। ਪਰ ਇਸ ਦੇ ਬਾਵਜੂਦ ਦੁਆਈਆਂ ਵਾਲੇ ਝੋਲੇ ਨਾਲ ਸਮੋਸਿਆਂ-ਚਾਟਾਂ ਦੇ ਲਫਾਫੇ ਵੀ ਆਮ ਹੀ ਹੱਥਾਂ ਵਿੱਚ ਹੁੰਦੇ। ਸ਼ਹਿਰ ਜਾ ਕੇ ਗੋਲ-ਗੱਪਿਆਂ ਜਾਂ ‘ਲੱਡੂ ਕਰਾਰਿਆਂ’ ਨੂੰ ਅਜਿਹੀ ਮੱਤ ਦਿੰਦੀਆਂ ਕਿ ਰਿਹੜੀ ਵਾਲਾ ਥੱਕ ਜਾਂਦਾ ਪਰ ਉਨ੍ਹਾਂ ਦੇ ਮੂੰਹ ਨਾ ਥੱਕਦੇ। ਤੇ ਜਦ ਉਹ ਸਵੇਰੇ ਲੋਹ ਅੱਗੇ ਬੈਠਦੀਆਂ ਤਾਂ ਰੋਟੀਆਂ ਦੀ ਗਿਣਤੀ ਕਿਹੜਾ ਕਰੇ। ਲਹਿੰਦੀਆਂ ਤਾਜੀਆਂ ਫੁਲਕੀਆਂ ਇੰਝ ਅੰਦਰ ਜਾਂਦੀਆਂ ਜਿਵੇਂ ਕੁਲ੍ਹਾੜੀ ਵਿੱਚ ਦੀ ਗੰਨੇ ਜਾਂਦੇ ਨੇ। ਉਹ ਦੂਜੇ ਕੁ ਦਿਨ ਰੋਟੀਆਂ ਵਾਲੀ ਨੂੰ ਕਹਿੰਦੀਆਂ’ ਭੂਆ! ਹੋ ਜਾਣ ਫਿਰ ਆਲੂਆਂ ਵਾਲੇ ਜਾਂ ਭੂਆ ਮੈ ਆਹ ਸ਼ਹਿਰੋਂ ਤਾਜੀਆਂ ਮੂਲੀਆਂ ਲਿਆਦੀਆਂ ਪਈਆਂ ਲਾਹ ਫਿਰ ਕਰਾਰੀਆਂ!
ਬਾਬੇ ਇੱਕ ਦਿਨ ਪੁੱਛਿਆ ਬਈ ‘ਤਾਜੀਆਂ ਮੂਲੀਆਂ’ ਸ਼ਹਿਰੋਂ ਕਿਉਂ? ਇੰਨਾ ਵੱਡਾ ਵਿਹੜਾ ਭਾਵੇਂ ਅੱਧਾ ਪਿੰਡ ਤੁਹਾਡੇ ਘਰੋਂ ਤਾਜੀਆਂ ਸਬਜੀਆਂ ਲੈ ਜਾਏ ਮੁੱਕਣ ਨਾ!
ਲਓ ਕਰ ਲਓ ਗੱਲ! ਕਿਹੜਾ ਰੂੜੀ ਨਾ ਮੱਥਾ ਮਾਰੇ, ਕੌਣ ਬੀਜੇ, ਪਾਣੀ ਦੇਵੇ ਤੇ ਤੋੜਨ ਵਰਗਾ ਸਿਆਪਾ ਕਰਦਾ ਫਿਰੇ? ਉਂਝ ਵੀ ਕਿਹੜਾ ਵਿਹਲ ਕਿਸੇ ਕੋਲੇ! ਬੀਬੀ ਨੇ ਤਾੜੀ ਮਾਰ ਕੇ ਗੱਲ ਇੰਝ ਕੀਤੀ ਜਿਵੇਂ ਬਾਬਾ ਫੌਜਾ ਸਿੰਘ ਕਿਸੇ ਪਛੜੇ ਸਮੇ ਦੀ ਹਾਸੋ ਹੀਣੀ ਜਿਹੀ ਗੱਲ ਕਰਦਾ ਪਿਆ ਹੋਵੇ। ਬਾਬੇ ਨੂੰ ਸਮਝ ਨਾ ਆਵੇ ਕਿ ਹੱਥੀਂ ਕੰਮ ਕਰਨਾ ਸਿਆਪਾ ਕਿਵੇਂ ਹੋਇਆ ਤੇ ਬੀਬੀ ਦਾ ‘ਵਿਹਲ ਕਿਸ ਕੋਲੇ’ ਸੁਣਕੇ ਬਾਬੇ ਮਨ ਹੀ ਮਨ ਕਾਮਨਾ ਕੀਤੀ ਕਿ ਹੇ ਰੱਬ ਸੱਚਿਆ! ਇਸ ਬੀਬੀ ਨੂੰ ਹੁਣੇ ਕਿਸੇ ਤਰੀਕੇ ਚੁੱਕ ਕੇ ਕਨੇਡਾ ਦੀ ਧਰਤੀ ਤੇ ਪਟਕਾ ਮਾਰ ਤੇ ਪਟਕਾਈਂ ਵੀ ਵੈਨਕੋਵਰ ਦੀ ਧਰਤੀ ਤੇ ਜਿਥੇ ਸਵੇਰੇ ਸਵੇਰ ਇਹ ਬਗਲੀ ਜਿਹੀ ਪਾ ਕੇ ਸੜਦੀ ਦੁਪਹਿਰ ਬੇਰੀ ਤੋੜਨ ਜਾਇਆ ਕਰੇ ਤੇ ਘਰ ਆ ਕੇ ਸਾਰਾ ਕੰਮ ਕਰਨ ਤੇ ਇਸ ਨੂੰ ਚਿੰਤਾ ਰਹੇ ਕਿ ਹਾਏ! ਬੇਸਮਿੰਟ ਦਾ ਕਿਰਾਇਆ ਕਿਥੋਂ ਦੇਣਾ। ਤੇ ਜਾਂ ਸਾਰਾ ਦਿਨ ਰੈਸਤੋਰਾਂਅ ਦੇ ਝੂਠੇ ਭਾਂਡੇ ਮਾਜਣ ਵਾਲੇ ਕੰਮ ਨੂੰ ਇਹ ‘ਧੰਨਭਾਗ’ ਸਮਝੇ ਕਿ ਚਲੋ ਵਧੀਆ ਕੰਮ ਮਿਲ ਗਿਆ ਘੱਟੋਘੱਟ ਬਾਹਰ ਸਿਖਰ ਧੁੱਪੇ ਸੜਨੋ ਤੇ ਬੱਚ ਗਈ!
ਬਾਬਾ ਬੜਾ ਹੈਰਾਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਤਿੰਨੇ ਸਿਧਾਂਤ ਛੱਡ ਕੇ ਪੰਜਾਬ ਕਿਵੇਂ ਵਿਹਲਾ ਹੋ ਗਿਆ ਹੈ ਤੇ ਜੁਬਾਨੀ ਚਸਕਿਆਂ ਕਾਰਨ ਕਿਵੇਂ ਬੀਮਾਰੀਆ ਦੇ ਰਾਹ ਪੈ ਗਿਆ ਹੈ। ਬੂਹੇ ਅਗੇ ਥਾਂ ਬਣਾ ਕੇ ਅਪਣੀ ਬੀਜੀ ਤਾਜੀ ਚੀਜ ਨਹੀ ਖਾ ਸਕਦੇ ਪਰ ਸ਼ਹਿਰੋਂ ਬਾਣੀਏ ਕੋਲੋਂ ਨਾਲੇ ਸੜੀ ਸਬਜੀ ਲੈ ਕੇ ਆਉਂਦੇ ਨਾਲੇ ਛਿੱਲ ਲੁਹਾਉਂਦੇ। ਵਿਹਲੇਪਨ ਨੂੰ ਇਹ ਮਾਣ ਵਾਲੀ ਗੱਲ ਸਮਝ ਬੈਠੇ ਹਨ। ਨਾ ਕਿਰਤ, ਨਾ ਰੱਬ ਦਾ ਨਾਂ ਤੇ ਵੰਡ ਛੱਕਣ ਵਾਲਾ ਤਾਂ ਵਰਕਾ ਹੀ ਲੀਰਾਂ। ਦੂਜੇ ਦੀ ਮੱਝ ਖੁੱਲ ਕੇ ਅਪਣੀ ਮੱਝ ਦੀ ਖੁਰਲੀ `ਚ ਮੂੰਹ ਮਾਰ ਗਈ ਤਾਂ ਹੋ ਈ ਲਾ-ਲਾ ਲਾ-ਲਾ! ਆਪ ਤਾਂ ਕੀ ਵੰਡ ਛੱਕਣਾ ਸੀ ਉਹ ਪਸ਼ੂਆਂ ਦੇ ‘ਵੰਡ ਛੱਕਣਂ’ ਤੋਂ ਵੀ ਲੜ ਪੈਂਦੇ ਨੇ।
ਬੜੀਆਂ ‘ਸਿਆਣੀਆਂ’ ਸਨ ਘਰ ਦੀਆਂ ਮਾਲਕਣਾ। ਉਹ ਕੀ ਕਰਦੀਆਂ ਰਾਤ ਦੇ ਸਾਰੇ ਝੂਠੇ ਭਾਂਡੇ ਬਾਹਰ ਨਲਕੇ ਅੱਗੇ ਰੱਖ ਆਉਂਦੀਆਂ ਕਿਉਂਕਿ ਭਾਂਡਿਆਂ ਵਾਲੀ ਦੇਰ ਰਾਤ ਨਹੀ ਠਹਿਰਦੀ ਸੀ। ਭਾਂਡੇ ਸੁੰਘ ਕੇ ਰਾਤ ਕੁੱਤੇ ਕੰਧਾ ਟੱਪ ਆਉਂਦੇ। ਦਿਨੇ ਜੇ ਭਾਂਡੇ ਮਾਂਜਣ ਵਿੱਚ ਕੋਈ ਕਸਰ ਰਹਿ ਜਾਂਦੀ ਤਾਂ ਉਹ ਰਾਤ ਕੁੱਤੇ ਪੂਰੇ ਕਰ ਦਿੰਦੇ। ਸਵੇਰ ਤੱਕ ਭਾਂਡੇ ਲਿਸ਼ਕਾਂ ਪਏ ਮਾਰਦੇ। ਰਾਤ ਕੁੱਤਿਆਂ ਦੀਆਂ ਮੌਜਾਂ ਦਿਨੇ ਭਾਂਡੇ ਮਾਂਜਣ ਆਈ ‘ਭੂਆ’ ਦੀਆਂ ਮੌਜਾਂ ਜਿਸ ਨੂੰ ਮੋਟੀ ਝੂਠ ਨਹੀ ਸੀ ਲਾਹੁਣੀ ਪੈਂਦੀ। ਉਹ ਪਾਣੀ ਵਿੱਚ ਦੀ ਕੱਢਦੀ ਤੇ ਕੁੱਤਿਆਂ ਦੇ ਮਾਂਜੇ ਭਾਂਡੇ ਹੋਰ ‘ਮਾਂਜ’ ਕੇ ਰਸੋਈ ਵਿੱਚ ਇੰਝ ਚਿਣ ਦਿੰਦੀ ਜਿਵੇਂ ਭਾਡਿਆਂ ਨੂੰ ਹੋਇਆ ਹੀ ਕੁੱਝ ਨਾ ਹੋਵੇ। ਕਈ ਵਾਰੀ ਕਿਚਨ ਦਾ ਦਰਵਾਜਾ ਖੁੱਲ੍ਹਾ ਰਹਿ ਜਾਂਦਾ ਤਾਂ ਬਿੱਲੀਆਂ ਵੀ ਅਪਣਾ ਯੋਗਦਾਨ ਪਾ ਜਾਂਦੀਆਂ। ਪਰ ਸੁਆਣੀਆਂ ਮੂੰਹ ਸੁਵਾਰਦੀਆਂ ਉੱਠਦੀਆਂ ਮੂੰਹ ਧੋਦੀਆਂ ਤੇ ਸਿੱਧਾ ਗੈਸ ਦੀ ਘੰਡੀ ਮਰੋੜਦੀਆਂ ਅਤੇ ਲਾਟਾਂ ਛੱਡਦੇ ਚੁੱਲੇ ਉਪਰ ਪਤੀਲਾ ਲੂਹਣਾ ਧਰ ਦਿੰਦੀਆਂ। ਚਾਹ ਦੇ ਸੁੜਾਕਿਆਂ ਨਾਲ ਦੋ ਬਰਿੱਡਾਂ ਅੰਦਰ ਧੱਕਦੀਆਂ ਇਨਾ ‘ਹਾਰਡ ਵਰਕ’ ਕਰਨ ਤੱਕ ਸਫਾਈ ਵਾਲੀ ਆ ਜਾਂਦੀ ਉਹ ਸਫਾਈ ਵਾਲੀ ਨੂੰ ਹੁਕਮ ਚਾੜ੍ਹਦੀਆਂ ਆਪ ਫਿਰ ‘ਨਿਧੱੜਕ ਵਿਹਲੀਆਂ’ ਹੋ ਬਹਿੰਦੀਆਂ।
ਪਰ ਇੱਕ ਦਿਨ ਸਵੇਰੇ ਸਵੇਰ ਸਾਰੇ ਟੱਬਰ ਨੂੰ ‘ਟੈਂਸ਼ਨ’ ਬਣੀ ਪਈ ਸੀ। ਸਾਰੀਆਂ ਘਰ ਵਾਲੀਆਂ ਪ੍ਰੇਸ਼ਾਨ। ਬਹੁਤ ਗਹਿਰੀ ਚਿੰਤਾ! ਇੱਕ ਦੂਜੇ ਨਾਲ ਘੁਸਰ-ਮੁਸਰ ਪਈ ਹੋਵੇ। ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ਸਵੇਰੇ ਸਵੇਰ ਜਿਵੇਂ ਅਮਰੀਕਾ-ਰੂਸ ਵਾਲੀ ‘ਸੀਤ ਜੰਗ’ ਚਲ ਰਹੀ ਹੈ। ਬਿੱਲਕੁਲ ਖੜਕੇ-ਦੜਕੇ ਤੋਂ ਰਹਿਤ। ਬਾਬੇ ਨੇ ਹੌਸਲਾ ਜਿਹਾ ਕਰਕੇ ਪੁੱਛ ਹੀ ਲਿਆ ਕਿ ਅੱਜ ਹਲਾਤ ਜੰਗੀ ਜਾਪਦੇ ਘਰ ਵਿੱਚ ਸੁੱਖ-ਸਾਂਦ ਤਾਂ ਹੈ? ਪ੍ਰੇਸ਼ਾਨੀ ਜਿਹੀ ਜਾਪਦੀ ਬਈ! ਇੱਕ ਬੀਬੀ ਨੇ ਦੱਸਿਆ ਕਿ ਦਰਅਸਲ ਸਾਡੀ ਭਾਂਡਿਆਂ ਵਾਲੀ ਬੀਮਾਰ ਹੋ ਗਈ ਹੈ ਰਾਤ ਚੰਗੀ ਭਲੀ ਸੀ ਪਤਾ ਨਹੀ ਰਾਤੋ ਰਾਤ ਕੀ ਸੱਪ ਲੜ ਗਿਆ। ਘਰ ਪ੍ਰਾਹੁਣੇ ਆਏ ਇਨ ਹੁਣ ਹੀ ਬੀਮਾਰ ਹੋਣਾ ਸੀ? ਭਾਡਿਆਂ ਦਾ ਢੇਰ ਮਾਂਜਣ ਵਾਲਾ ਪਿਆ।
ਪਹਿਲਾਂ ਤਾਂ ਬਾਬਾ ਕਹਿਣ ਤਾਂ ਲੱਗਾ ਕਿ ਬੀਬਾ ਇਹ ਕੋਈ ਗੱਲ ਹੈ ਭਾਂਡੇ ਮੈ ਮਾਂਜ ਦਿੰਦਾ ਅਪਣੇ ਭਾਂਡੇ ਆਪ ਮਾਂਜਣ ਵਿੱਚ ਕੀ ਬੁਰਾਈ ਹੈ ਪਰ ਬਾਬੇ ਨੂੰ ਜਾਪਿਆ ਕਿ ਨਹੀ! ਕਮਲੀਆਂ ਸੱਚੀ ਨਾ ਲਾ ਦੇਣ ਇਨ੍ਹਾਂ ਦੇ ਹੱਡਾਂ `ਚ ਪਾਣੀ ਪਿਆ ਵਿਆ! ਪਰ ਬਾਬੇ ਨੇ ਚਿੰਤਾ ਦਾ ਹੱਲ ਦੱਸਦਿਆਂ ਕਿਹਾ ਕਿ ਬੀਬਾ ਤੁਸੀ ਰੋਜ ਦੀ ਚਿੰਤਾ ਨਾਲੋਂ ਕੁੱਤੇ ਕਿਉਂ ਨਹੀ ਦੋ ਪੱਕੇ ਰੱਖ ਲੈਂਦੀਆਂ! ਉਹ ਵਿਚਾਰੇ ਕੰਧਾ ਟੱਪ ਕੇ ਤੁਹਾਡੀ ‘ਸੇਵਾ’ ਵਿੱਚ ਆਉਂਦੇ ਉਨ੍ਹਾਂ ਨੂੰ ਉਂਝ ਹੀ ਖੁਲ੍ਹਾ ਮੌਕਾ ਦਿਉ!
ਜਾਂ ਗੱਲ ਬੀਬੀ ਦੇ ਸਮਝ ਨਾ ਆਈ ਜਾਂ ਉਸ ਜਾਣਕੇ ਮੱਚਲੀ ਹੁੰਦੀ ਦੁਬਾਰਾ ਪੁੱਛਿਆ ਕਿ ਸ਼ਾਇਦ ਦੁਬਾਰਾ ਬਾਬਾ ਗੱਲ ਬਦਲ ਲਏ ਤੇ ਕੁੱਤਿਆਂ ਵਾਲੀ ਬੇਇੱਜਤੀ ਤੋਂ ਛੁਟਕਾਰਾ ਹੋ ਜਾਏ। ਉਸ ਪੁੱਛਿਆ ਕਿ ਬਾਬਾ ਭਾਂਡੇ ਮਾਂਜਣ ਵਾਲੀ ਦਾ ਕੁੱਤਿਆਂ ਨਾਲ ਕੀ ਸਬੰਧ?
ਬਾਬਾ ਹੱਸਿਆ! ਦੇਖ ਬੀਬਾ! ਜਿੰਨੇ ਵਧੀਆ ਭਾਂਡੇ ਤੁਹਾਡੇ ਰਾਤ ਕੰਧਾ ਟੱਪ ਕੇ ਕੁੱਤੇ ਮਾਂਜ ਕੇ ਜਾਂਦੇ ਤੁਹਾਡੀ ਭਾਂਡੇ ਮਾਂਜਣ ਵਾਲੀ ਤਾਂ ਕੁੱਝ ਵੀ ਉਨ੍ਹਾਂ ਅਗੇ! ਮੇਰਾ ਮੱਤਲਬ ਉਨ੍ਹਾਂ ਨੂੰ ਮੌਕਾ ਦਿਓ! ਬੀਬਾ ਸ਼ਰਮਿੰਦੀ ਜਿਹੀ ਹੋ ਕੇ ਆਪ ਹੀ ਨਲਕੇ ਅਗੇ ਜਾ ਬੈਠੀ। ਬਾਬੇ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮਾਰੀ ਸ਼ਰਮ ਦੀ ਮਾਂਜਣ ਜਾ ਬੈਠੀ ਨਹੀ ਤਾਂ ਇਨ੍ਹਾਂ ਭਾਂਡਿਆਂ ਨੂੰ ਅੱਜ ਰਾਤੀਂ ਦੋਹਰ ਫਿਰ ਲੱਗਣੀ ਸੀ ਕੁੱਤਿਆਂ ਦੀ! ! ! ! ! !

ਇਕ ਬਾਬਾ ਨਾਨਕ ਸੀ ਪਰ ਦੂਜਾ …?

ਬਾਬਾ ਫੌਜਾ ਸਿੰਘ ਦੇ ਸ਼ਹਿਰ ਵੀ ਇਹ ਖ਼ਬਰ ਅੱਗ ਵਾਂਗ ਫਿਰ ਰਹੀ ਸੀ ਕਿ ਬੱਬੂ ਮਾਨ ਦੇ ‘ਇਕ ਬਾਬਾ ਨਾਨਕ ਸੀ ਜਿਸ ਤੁਰਕੇ ਦੁਨੀਆਂ ਗਾਹਤੀ’ ਗਾਉਣ ਨਾਲ ਬਾਬੇ ਢੱਢਰੀ ਨੂੰ ਬਹੁਤ ਸੇਕ ਲੱਗਾ। ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ‘ਸਾਧ’ ਇਨਾ ਸਿਆਣਾ ਨਹੀ ਨਿਕਲਿਆ ਇਹ ਤਾਂ ਇੰਝ ਹੋਇਆ ਜਿਵੇਂ ਹਵਾ ਵਿੱਚ ਉਡਦੀ ਜਾਂਦੀ ਸਵਾਹ ਨੂੰ ਕਿਸੇ ਆਪ ‘ਇਨਵਾਈਟ’ ਕੀਤਾ ਹੋਵੇ ਕਿ ਸਵਾਹ ਜੀ! ਦੂਰ ਦੂਰ ਦੀ ਕਿਉਂ ਜਾਂਦੇ ਹੋ ਥੋੜਾ ਮੇਰੇ ਸਿਰ ਉਪਰ ਵੀ ਕ੍ਰਿਪਾ ਕਰ ਜਾਓ!
ਬੱਬੂ ਮਾਨ ਨੇ ਤਾਂ ਸ਼ਾਇਦ ਜਰਨਲ ਗੱਲ ਕੀਤੀ ਹੋਵੇ ਪਰ ਬਾਬੇ ਨੇ ਅਪਣੇ ਉਪਰ ਲੈ ਕੇ ਲੋਕਾਈ ਨੂੰ ਖੁਦ ਦੱਸਿਆ ਕਿ ਲੋਕੋ ਲਾਲ ਬੱਤੀ ਵਾਲਾ ਮੈ ਹਾਂ ਮੈ! ਸੱਚਮੁਚ ਹੁਣ ਤਕ ਬਾਬੇ ਫੌਜਾ ਸਿੰਘ ਨੂੰ ਵੀ ਨਹੀ ਸੀ ਪਤਾ ਕਿ ਬਾਬੇ ਢੱਡਰੀ ਕੋਲੇ ਲਾਲ ਬੱਤੀ ਵਾਲੀ ਕਾਰ ਹੈ। ਲਾਲ ਬੱਤੀ ਤਾਂ ਸ਼ਾਇਦ ਹਰਲ ਹਰਲ ਕਰਦੇ ਫਿਰਦੇ ਬਾਬਿਆਂ ਚੋਂ ਹੋਰ ਕਿਸੇ ਕੋਲ ਵੀ ਹੋਵੇ ਪਰ ਹੁਣ ਲਾਲ ਬੱਤੀ ਦੀ ਪਛਾਣ ਇੱਕਲੇ ਬਾਬੇ ਢੱਡਰੀ ਨਾਲ ਹੀ ਜੁੜ ਗਈ ਹੈ।
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਲੋਕ ਕਹਿੰਦੇ ਹੁੰਦੇ ਕਿ ‘ਮਹਾਂਪੁਰਖਾਂ’ ਦੇ ਬੱਚਨ ਬੜੇ ਕੀਮਤੀ ਹੁੰਦੇ ਸੱਚਮੁਚ ਬਾਬੇ ਢੱਡਰੀ ਦੇ ਕਹੇ ਬੱਚਨ ਬੱਬੂ ਮਾਨ ਨੂੰ ਕ੍ਰੋੜਾਂ `ਚ ਪਏ ਨੇ। ਬੱਬੂ ਮਾਨ ਉਪਰ ਬਾਬਿਆਂ ਦੀ ਖਾਸ ਰਹਿਮਤ ਹੋਈ ਹੈ ਕਿ ਉਸ ਦੀ ਇਹ ਸੀ. ਡੀ ਹੁਣ ਕ੍ਰੋੜਾਂ ਦੀ ਵਿਕੇਗੀ। ਬਾਬੇ ਫੌਜਾ ਸਿੰਘ ਵਰਗਿਆਂ ਵੀ ਉਹ ਪੇਸੇ ਖਰਚ ਕੇ ਸੁਣਨੀ ਜਿਹੜੇ ਗਾਣੇ ਵਜਾਣਿਆਂ ਦੇ ਸ਼ੋਰ ਤੋਂ ਕਤਰਾਉਂਦੇ ਨੇ।
ਇਧਰ ਟਰੰਟੋ ਦੇ ਇੱਕ ਜੱਦੀ ਪੁਸ਼ਤੀ ਮਹੰਤ ਜੀ ਨੂੰ ਹੋਰ ਤਾਂ ਕੁੱਝ ਨਾ ਸੁੱਝਾ ਉਨ੍ਹਾ ਬਿਆਨ ਦੇ ਮਾਰਿਆ ਕਿ ‘ਗਾਹਤੀ’ ਕਹਿ ਕੇ ਬੱਬੂ ਮਾਨ ਨੇ ਗੁਰੂ ਪਾਤਸ਼ਾਹ ਦਾ ਅਪਮਾਨ ਕੀਤਾ ਹੈ। ਬਾਬੇ ਫੌਜਾ ਸਿੰਘ ਨੇ ਜਦ ਸੁਣਿਆ ਤਾਂ ਉਸ ਦਾ ਹਾਸਾ ਬੰਦ ਨਾ ਹੋਵੇ। ਬਾਬੇ ਨੂੰ ਇੱਕ ਗੱਲ ਯਾਦ ਆਈ ਇੱਕ ਵਾਰ ਕਿਸੇ ਮਸਲੇ ਤੇ ਇੱਕ ਵੱਡੇ ਗੁਰਦੁਆਰੇ ਮੀਟਿੰਗ ਚਲ ਰਹੀ ਸੀ। ਮੀਟਿੰਗ ਵਿੱਚ ਕਾਫੀ ਖਿਚੋਤਾਣ ਜਿਹੀ ਬਣੀ ਹੋਈ ਸੀ। ਉਥੋਂ ਦਾ ਪ੍ਰਧਾਨ ਤਾਂ ਟੇਬਲ ਨੂੰ ਧੱਫਾ-ਮੁੱਕੀ ਕਰਕੇ ਇੰਝ ਉੱਠਿਆ ਜਿਵੇਂ ਕਹਿ ਰਿਹਾ ਹੋਵੇ ਕਿ ਇਥੋਂ ਦਫਾ ਹੋਵੇ ਨਹੀ ਤਾਂ ਟੇਬਲ ਦੀ ਬਜਾਇ ਹੁਣ ਤੁਹਾਡੇ ਪੈਣਗੀਆਂ। ਪਰ ਚਲੋ ਗੱਲ ਠੰਡੀ ਚਾਲੇ ਚਲ ਪਈ ਤੇ ਆਦਤ ਤੋਂ ਉਲਟ ਪ੍ਰਧਾਨ ਜੀ ਕੋਲੋਂ ਕੋਈ ਚੰਗੀ ਗੱਲ ਕਹਿ ਹੋ ਗਈ ਤਾਂ ਬਾਬਾ ਫੌਜਾ ਸਿੰਘ ਦੇ ਮੂੰਹੋਂ ਨਿਕਲ ਗਿਆ ਕਿ ਪ੍ਰਧਾਨ ਜੀ ਆਹ ਗੱਲ ਤੁਸੀਂ ਬੜੀ ‘ਬਾ-ਖੂਬ’ ਕੀਤੀ ਹੈ। ਪ੍ਰਧਾਨ ਨੂੰ ‘ਬਾ-ਖੂਬ’ ਦਾ ਮੱਤਲਬ ਨਾ ਪਤਾ ਲੱਗਿਆ ਤਾਂ ਉਸ ਫਿਰ ਟੇਬਲ ਦੀ ਸ਼ਾਮਤ ਲੈ ਆਂਦੀ।
“ਹੈਂਅ! ਕੀ ਕਿਹਾ? ਬੋਲਣਾ ਨਹੀ ਆਉਂਦਾ ਤੁਹਾਨੂੰ ਲੋਕਾਂ ਨੂੰ? ਬਾਬੇ ਨੂੰ ਸਮਝ ਨਾ ਆਵੇ ਉਹ ਰੋਵੇ ਜਾਂ ਹੱਸੇ ਪਰ ਨਾਲ ਵਾਲਿਆ ਠੰਡਾ ਕੀਤਾ ਕਿ ਭਾਈ ਸਾਹਬ ‘ਬਾ-ਖੂਬ’ ਦਾ ਮੱਤਲਬ ਬਹੁਤ ਵਧੀਆ ਹੁੰਦਾ।
ਹੁਣ ਜਦ ਮਹੰਤ ਜੀ ‘ਗਾਹਤੀ’ ਉਪਰ ਫਾਨਾ ਠੋਕ ਬੈਠੇ ਤਾਂ ਉਨ੍ਹਾਂ ਦੀ ਹਾਲਤ ਢੱਡਰੀ ਵਾਲੇ ਨਾਲੋਂ ਵੀ ਹਾਸੋ ਹੀਣੀ ਜਾਪੀ ਜੀਹਨਾ ਨੂੰ ਇਹ ਵੀ ਪਤਾ ਨਹੀ ਸੀ ‘ਗਾਹਤੀ’ ਲਫਜ ਗਾਹੁਣ ਤੋਂ ਬਣਿਆ ਹੈ ਤੇ ਗਾਹੁਣ ਦਾ ਦੂਜਾ ਅਰਥ ਹੈ ਗਵਨ ਕਰਨਾ। ਜਿਵੇਂ ‘ਉਠ ਫਰੀਦਾ ਗਵਨ ਕਰ ਦੁਨੀਆਂ ਦੇਖਣ ਜਾਹ”। ਪਰ ਅਸਲ ਮਸਲਾ ‘ਗਾਹਤੀ’ ਦਾ ਨਹੀ ਸੀ ਗੱਲ ਤਾਂ ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’ ਵਾਲੀ ਸੀ। ਵੈਸੇ ਵੀ ਗੁਰੂ ਨਾਨਕ ਨੇ ਤੁਰਕੇ ਕਿਵੇਂ ਗਾਹਤੀ? ਜਦ ਕਿ ‘ਸਾਡੇ ਬ੍ਰਹਮਗਿਆਂਨੀ’ ਤਾਂ ਗੁਰੂ ਪਾਤਸ਼ਾਹ ਨੂੰ ਹਵਾ `ਚ ਹੀ ਉਡਾਈ ਫਿਰਦੇ ਰਹੇ ਨੇ ਕਿ ਚਲ ਮਰਦਾਨਿਆਂ ਮੀਟ ਅੱਖਾਂ! ! !
ਗੁਰਦੇਵ ਸਿੰਘ ਸੱਧੇਵਾਲੀਆ




.