.

ਸਿੱਖ ਧਰਮ `ਚ

ਇਸਤ੍ਰੀ ਦਾ ਸਥਾਨ ਤੇ ਅਜੋਕੇ ਸਿੱਖ

(ਭਾਗ-੧)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਸਤ੍ਰੀ ਹੋਵੇ ਜਾਂ ਪੁਰਖ-ਸੰਸਾਰ ਭਰ `ਚ ਪੁਰਖ ਵਰਗ ਜਿਹੜਾ ਸਮਾਂ ਤੇ ਤਾਕਤ ਇਸਤ੍ਰੀ ਨੂੰ ਨੀਵੀਂ ਦੱਸਣ ਜਾਂ ਦੁਬੇਲ ਬਣਾ ਕੇ ਰੱਖਣ ਲਈ ਖ਼ਰਾਬ ਕਰਦਾ ਹੈ; ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਕਾਦਿਰ ਦੀ ਰਚਨਾ `ਚ ਜੋ ਲੋੜਾਂ ਇਸਤ੍ਰੀ ਸਰੀਰ ਤੋਂ ਹਨ ਉਹ ਪੁਰਖ ਸਰੀਰ ਤੋਂ ਪੂਰੀਆਂ ਨਹੀਂ ਹੋ ਸਕਦੀਆਂ ਤੇ ਇਸੇ ਤਰ੍ਹਾਂ ਦੂਜੇ ਪਾਸੇ। ਦੂਜੀ ਗੱਲ, ਨਰ-ਮਾਦਾ ਵਾਲਾ ਨਿਯਮ ਕੇਵਲ ਮਨੁੱਖ ਸ਼੍ਰੇਣੀ `ਚ ਹੀ ਨਹੀਂ ਬਲਕਿ ਸਾਰੀ ਰਚਨਾ ਤੇ ਹਰੇਕ ਸ਼੍ਰੇਣੀ `ਚ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਤਾਂ ਇਸ ਬਾਰੇ “ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਵਾਲਾ ਸਿਧਾਂਤ ਹੀ ਲਾਗੂ ਹੁੰਦਾ ਹੈ। ਏਥੇ ਇਸਤ੍ਰੀ ਜਾਂ ਪੁਰਖ, ਜੀਵਨ ਦੀ ਸਫ਼ਲਤਾ ਲਈ ਦੋਨਾਂ `ਚੋਂ ਕਿਸੇ ਲਈ ਵਖੋ-ਵੱਖਰਾ ਮਾਪਦੰਡ ਨਹੀਂ। ਉਪ੍ਰੰਤ ਇਸੇ ਵਿਸ਼ੇ ਨੂੰ ਅਸਾਂ ਸਮਝਣਾ ਹੈ ਇਸ ਗੁਰਮਤਿ ਪਾਠ ਰਾਹੀਂ ਤੇ ਇਹ ਵੀ ਦੇਖਣਾ ਹੈ ਕਿ ਇਸ ਪੱਖੋਂ ਅਜੋਕਾ ਸਿੱਖ ਖੜਾ ਕਿੱਥੇ ਹੈ?

ਸਿੱਖ ਰਹਿਤ ਮਰਿਯਾਦਾ-ਦੂਰ ਨਾ ਜਾਵੀਏ, ਛੁੱਪੀ-ਗੁਝੀ ਗੱਲ ਨਹੀਂ; ਭਾਰੀ ਜਦੋ-ਜਹਿਦ ਬਾਅਦ ਸੰਨ ੧੯੨੫ `ਚ ਸ਼੍ਰੌਮਣੀ ਗੁ: ਪ੍ਰ: ਕਮੇਟੀ, ਅਮ੍ਰਿਤਸਰ ਹੋਂਦ `ਚ ਆਈ। ਉਹਨਾਂ ਵਲੋਂ ਸੰਨ ੧੯੩੨ `ਚ ਇੱਕ ‘ਰਹੁ ਰੀਤ ਕਮੇਟੀ’ ਕਾਇਮ ਕੀਤੀ ਗਈ। ਉਪ੍ਰੰਤ ਕਮੇਟੀ ਵਲੋਂ ਬਾਰ੍ਹਾਂ ਸਾਲਾਂ ਦੀ ਮੇਹਨਤ ਬਾਅਦ ਸੰਨ ੧੯੪੫ `ਚ ਮੌਜੂਦਾ ‘ਸਿੱਖ ਰਹਿਤ ਮਰਿਆਦਾ” ਤਿਆਰ ਹੋਈ। ਇਸੇ ‘ਸਿਖ ਰਹਿਤ ਮਰਿਆਦਾ’ ਦੇ ਪੰਨਾ ੨੭, ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਦਰਜ ਹੈ ਅੰਮ੍ਰਿਤ ਛਕਾਉਣ ਲਈ ਪੰਜ ਪਿਆਰਿਆਂ `ਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ”। ਅਗਲਾ ਸੁਆਲ ਹੈ, ਜੇ ਸਿੱਖ ਬੀਬੀ ਨੂੰ ਵੀ ਵੀਰਾਂ ਵਾਂਙ ਹੀ “ਖੰਡੇ ਦੀ ਪਾਹੁਲ” ਲੈਣ ਦਾ ਹੱਕ ਗੁਰਦੇਵ ਵਲੋਂ ਪਹਿਲਾਂ ਤੋਂ ਹੀ ਹੈ। ਜ਼ਾਹਿਰ ਹੈ ਜਿਸ ਬੀਬੀ ਨੇ ਆਪ ਵੀ, ਵੀਰਾਂ ਵਾਂਙ ਸਿੱਖ ਧਰਮ `ਚ ਪ੍ਰਵੇਸ਼ ਕਰਣਾ ਤੇ ਪਾਹੁਲ ਲੈਣੀ ਹੈ ਤਾਂ ਉਸ ਨੂੰ ਸਿੱਖ ਧਰਮ ਪ੍ਰਵੇਸ਼ ਕਰਵਾਉਣ ਭਾਵ ‘ਪਾਹੁਲ ਸਮਾਗਮ’ ਕਰ ਕੇ ਦੂਜਿਆਂ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਵਾਲਾ ਹੱਕ ਵੀ ਗੁਰਦੇਵ ਵਲੋਂ ਹੀ ਪ੍ਰਾਪਤ ਸੀ। ਸਪਸ਼ਟ ਹੈ, ਇਸ ਬਾਰੇ ‘ਸਿੱਖ ਰਹਿਤ ਮਰਿਆਦਾ’ ਵਾਲਾ ਫ਼ੈਸਲਾ ਨਵਾਂ, ਨਹੀਂ ਬਲਕਿ ਗੁਰਬਾਣੀ ਆਧਾਰਿਤ ਹੀ ਸੀ। ਇਸ ਦੇ ਬਾਵਜੂਦ ਜੇ ਅੱਜ ਸਿੱਖਾਂ `ਚੋਂ ਹੀ ਕੁੱਝ ਸੱਜਨ ਇਸ ਵਿਸ਼ੇ `ਤੇ ਬੀਬੀਆਂ ਵਿਰੁਧ ਹੱਠ ਕਰਣ ਤਾਂ ਉਹਨਾਂ ਲਈ ਸਲਾਹ ਹੈ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ” (ਪੰ: ੨੮੮) ਭਾਵ ਤੁਸੀਂ ਵੀ ਜਦੋਂ ਗੁਰਮਤਿ ਨੂੰ ਪਹਿਚਾਣੋਗੇ ਤਾਂ ਤੁਹਾਨੂੰ ਵੀ ਦੋ ਲਾਭ ਹੋ ਜਾਣ ਗੇ। ਇੱਕ ਤਾਂ ਵਿਰੋਧੀ ਪ੍ਰਭਾਵਾਂ ਤੋਂ ਮੁਕਤ ਹੋ ਜਾਵੋਗੇ, ਦੂਜਾ ਪਾਤਸ਼ਾਹ ਦੀਆਂ ਖੁਸ਼ੀਆਂ ਵੀ ਹਾਸਿਲ ਕਰ ਲਵੋਗੇ।

ਵਿਸਾਖੀ ੧੬੯੯ ਅਤੇ ਸਿੱਖ ਬੀਬੀਆਂ- ਵਿਸਾਖੀ ੧੬੯੯ ਜਦੋਂ ਸਿੱਖ ਧਰਮ `ਚ ਪ੍ਰਵੇਸ਼ ਲਈ ਚਲਦੇ ਆ ਰਹੇ `ਚਰਨਪਾਹੁਲ’ ਵਾਲੇ ਨੀਯਮ ਨੂੰ “ਖੰਡੇ ਦੀ ਪਾਹੁਲ” `ਚ ਤਬਦੀਲ ਕੀਤਾ ਤਾਂ ਦਸਮੇਸ਼ ਜੀ ਨੇ ਪਹਿਲਾਂ ਨੰਗੀ ਤਲਵਾਰ ਦੀ ਧਾਰ `ਤੇ ਕੌਮ ਦਾ ਇਮਤਿਹਾਨ ਲਿਆ। ਕੌਮ ੧੦੦% ਨੰਬਰ ਲੈ ਕੇ ਪਾਸ ਹੋਈ। ਇਤਿਹਾਸ ਗਵਾਹ ਹੈ ਕਿ ਪਹਿਲੀਆਂ ਪੰਕਤਾਂ `ਚ ੮੦, ੦੦੦ ਪ੍ਰਣੀਆਂ ਨੇ ‘ਖੰਡੇ ਦੀ ਪਾਹੁਲ’ ਲਈ, ਜਿਸ `ਚ ਬੀਬੀਆਂ ਵੀ ਸਨ ਤੇ ਵੀਰ ਵੀ ਭਾਵ ਗੁਰਦੇਵ ਵਲੋਂ ਇਸ ਦੇ ਲਈ ਦੋਨਾਂ ਨੂੰ, ਬਰਾਬਰ ਦਾ ਹੱਕ ਹਾਸਲ ਸੀ। ਉਪ੍ਰੰਤ ਗੁਰਦੇਵ ਨੇ ਸਾਡੀਆਂ ਜਾਤਾਂ-ਵਾਲੀਆਂ ਪੂਛਲਾਂ ਉਤਾਰਣ ਲਈ, ਸਮੂਚੇ ਪੰਥ ਨੂੰ ਜੋ ਪ੍ਰਵਾਰਕ ਰੂਪ ਬਖਸ਼ਿਆ ਤਾਂ ਉਹ ਸੀ ‘ਸਿੰਘ ਤੇ ਕੌਰ’ ਵਾਲਾ। ਵੀਰਾਂ ਲਈ ‘ਸਿੰਘ’ ਤੇ ਬੀਬੀਆਂ ਲਈ ‘ਕੌਰ’ ਜਦਕਿ ਦੋਨਾਂ ਲਫ਼ਜ਼ਾਂ ਦੇ ਅਰਥ ਵੀ ਮਿਲਵੇਂ ਤੇ ਬਰਾਬਰੀ ਦੇ ਹੀ ਹਨ ਉਂਝ ਇਥੇ ਵੀ ਸੀਮਾ ਕੇਵਲ ਪਹਿਚਾਣ ਤੀਕ ਸੀ, ਦੋਨਾਂ ਦੇ ਆਪਸੀ ਸਤਿਕਾਰ `ਚ ਅੰਤਰ ਨਹੀਂ ਸੀ। ਹੋਰ ਤਾਂ ਹੋਰ, ਜੇ ਵਿਸ਼ੇ ਨੂੰ ਬੀਬੀਆਂ ਤੇ ਵੀਰਾਂ ਦੇ ਨਾਂਵਾਂ ਦੇ ਪੱਖੋਂ ਵੀ ਦੇਖ ਲਿਆ ਜਾਵੇ। ਸੰਸਾਰ ਪੱਧਰ `ਤੇ ਪਹਿਲੀ ਵਾਰੀ ਹੋਇਆ ਕਿ ਦੋਨਾਂ ਦੇ ਨਾਂਵਾਂ `ਚ ਸਮਾਨਤਾ ਬਖਸ਼ੀ। ਇਹੀ ਕਾਰਨ ਹੈ, ਜੇ ਇੱਕ ਜਗਦੀਸ਼ ਸਿੰਘ ਹੈ ਤੇ ਦੂਜੀ ਜਗਦੀਸ਼ ਕੌਰ। ਇਹ ਹਰਜੋਤ ਸਿੰਘ ਹੈ ਤਾਂ ਦੂਜੀ ਹਰਜੋਤ ਕੌਰ ਤੇ ਇਸੇ ਤਰ੍ਹਾਂ ਹੋਰ ਸਾਰਾ ਪੰਥ।

ਪਹਿਲੇ ਜਾਮੇ ਤੋਂ ਹੀ-ਇਥੋਂ ਤੀਕ ਕਿ ਸਿੱਖ ਧਰਮ `ਚ ਬੀਬੀਆਂ ਲਈ ਬਰਾਬਰ ਦੇ ਸਤਿਕਾਰ ਵਾਲੀ ਗੱਲ ਦਸਵੇਂ ਜਾਮੇ `ਚ ਜਾ ਕੇ ਅਰੰਭ ਨਹੀਂ ਸੀ ਹੋਈ, ਬਲਕਿ ਪਹਿਲੇ ਜਾਮੇ ਤੋਂ ਹੀ ਸਿਧਾਂਤਕ ਪੱਖੋਂ ਹੈ। ਇਸ ਦੇ ਲਈ ਗੁਰਬਾਣੀ ਚੋਂ ਪ੍ਰਮਾਣ ਵੀ ਦੇਵਾਂਗੇ ਪਰ ਜੇ ਇਤਿਹਾਸਕ ਪੱਖੋਂ ਹੀ ਦੇਖੀਏ ਤਾਂ ਪਹਿਲੇ ਜਾਮੇ ਸਮੇਂ ਜੋ ਸਨਮਾਨ ਬੇਬੇ ਨਾਨਕੀ ਜੀ ਨੂੰ ਮਿਲਿਆ, ਕਿਸੇ ਤੋਂ ਛੁਪਿਆ ਨਹੀਂ। ਦੂਜੇ ਪਾਤਸ਼ਾਹ ਸਮੇਂ ‘ਗੁਰੂ ਦੇ ਲੰਗਰ’ ਵਾਲੀ ਪੂਰੀ ਸੰਸਥਾ ਦੇ ਆਗੂ ਤੇ ਕਰਤਾ-ਧਰਤਾ (Incharge) ਹੀ ਮਾਤਾ ਖੀਵੀ ਜੀ ਸਨ। ਤੀਜੇ ਪਾਤਸ਼ਾਹ ਨੇ ੨੨ ਮੰਜੀਆਂ ਤੇ ੫੨ ਪੀੜੇ ਥਾਪੇ, ਉਹਨਾਂ `ਚ ਵੀ ਬੀਬੀਆਂ ਸਨ। ਇਹ ਸਭ ਤਾਂ ਕੇਵਲ ਇਤਿਹਾਸਿਕ ਟੂਕਾਂ `ਚੋਂ ਹੀ ਸਾਫ਼ ਹੋ ਰਿਹਾ ਹੈ। ਜਦਕਿ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ, ਵਿਰੋਧੀਆਂ ਨੇ ਸੰਨ ੧੪੬੯ ਤੋਂ ਲੈ ਕੇ ਸੰਨ ੧੭੧੬ ਤੀਕ ਦਾ ਸਾਡਾ ਸਾਰਾ ਇਤਿਹਾਸ ਹੀ ਤਬਾਹ ਕਰ ਦਿੱਤਾ ਸੀ। ਹੋਰ ਤਾਂ ਹੋਰ, ਗੁਰਦੁਆਰਿਆ `ਤੇ ਵੀ ਉਹੀ ਲੋਕ ਕਾਬਿਜ਼ ਹੋ ਗਏ। ਉਹਨਾਂ ਨੇ ਸਿੱਖ ਸੰਗਤਾਂ `ਚ ਅਨਮਤੀ ਤੇ ਬਹੁਤਾ ਕਰਕੇ ਬ੍ਰਾਹਮਣੀ ਰਹੁ-ਰੀਤਾਂ ਨੂੰ ਰਜਵਾਂ ਪ੍ਰਚਲਤ ਕੀਤਾ ਤੇ ਅੱਜ ਤੀਕ ਚਾਲੂ ਹਨ। ਦਰਅਸਲ ਇਹ ਸਮਾਂ ਸੀ ਜਦੋਂ ਰਾਜਸੀ ਹਾਲਾਤ ਕਾਰਨ ਸਿੱਖਾਂ ਦਾ ਵਾਸਾ ਜੰਗਲਾਂ, ਮਰੂਥਲਾਂ, ਪਹਾੜਾਂ `ਚ ਸੀ। ਇਸ ਲਈ ਅੱਜ ਜਿਸ ਨੂੰ ਅਸੀਂ ਸਿੱਖ ਇਤਿਹਾਸ ਮੰਨ ਕੇ ਚਲ ਰਹੇ ਹਾਂ, ਇਹ ਅਸਲ ਸਿੱਖ ਇਤਿਹਾਸ ਨਹੀਂ। ਇਹ ਸਾਰਾ ਸੰਨ ੧੭੧੬ ਤੋਂ ਬਾਅਦ ਵਿਰੋਧੀਆਂ ਰਾਹੀਂ ਸਾਡੇ ਇਤਿਹਾਸ ਦੀ ਚਾਸ਼ਣੀ ਚੜ੍ਹਾ ਕੇ, ਨਵੇਂ ਸਿਰਿਓਂ ਆਪਣੇ ਢੰਗ ਨਾਲ ਲਿਖਿਆ ਤੇ ਪ੍ਰਚਾਰਿਆ ਸਿੱਖ ਇਤਿਹਾਸ ਹੈ। ਇਸ ਲਈ ਇਸ `ਚੋਂ ਸਾਡੇ ਅਸਲ ਇਤਿਹਾਸ ਦੀਆਂ ਕੁੱਝ ਟੂਕਾਂ ਹੀ ਮਿਲਦੀਆਂ ਹਨ ਤੇ ਉਹ ਵੀ ਅਸਲ ਰੂਪ `ਚ ਨਹੀਂ ਬਲਕਿ ਉਹਨਾਂ ਰਾਹੀਂ ਵਿਗਾੜੇ ਹੋਏ ਰੂਪ `ਚ। ਜੇ ਅਜਿਹਾ ਨਾ ਵਾਪਰਿਆ ਹੁੰਦਾ ਤਾਂ ਇਸ ਬਾਰੇ ਸਾਡੇ ਅਸਲ ਇਤਿਹਾਸ `ਚੋਂ ਹੋਰ ਵੀ ਬਹੁਤ ਕੁੱਝ ਮਿਲ ਸਕਦਾ ਸੀ। ਇਸ ਦੇ ਲਈ ਇੱਕ ਹੋਰ ਵੱਡਾ ਸਬੂਤ ਹੈ, ਸਾਕਾ ਮੁਕਤਸਰ। ਉਦੋਂ, ਜਦੋਂ ਸਰਸਾ ਦੀ ਤੁਗ਼ਿਆਣੀ ਸਮੇਂ ਵਿਛੜੇ ਤੇ ਖਦਰਾਣੇ ਦੀ ਢਾਬ `ਤੇ ਮੁੜ ਜੱਥੇ ਬੰਦ ਹੋ ਕੇ ਆਏ ਸਿੱਖਾਂ `ਚ ਭਾਈ ਮਹਾਂ ਸਿੰਘ ਦੇ ਨਾਲ ਬੀਬੀਆਂ ਦੀ ਕਮਾਨ ਮਾਤਾ ਭਾਗ ਕੌਰ ਕੋਲ ਵੀ ਸੀ। ਇਸ ਤਰ੍ਹਾਂ ਸਿੱਖ ਬੀਬੀਆਂ ਦਾ ਯੁਧ ਨੀਤੀ `ਚ ਨਿਪੁੰਣ ਹੋਣਾ ਤੇ ਅੱਗੇ ਹੋ ਕੇ ਵੈਰੀ ਦੱਲ ਦੀਆਂ ਉਹ ਵੀ ਸਰਕਾਰੀ ਫ਼ੌਜਾਂ ਨਾਲ ਬਰਾਬਰ ਦੀ ਜੰਗ ਕਰਣੀ, ਉਹਨਾਂ ਨਾਲ ਲੋਹਾ ਲੈਣਾ, ਅਚਣਚੇਤ ਨਹੀਂ ਸੀ। ਇਹ ਅਕੱਟ ਸਬੂਤ ਹੈ ਕਿ ਸਿੱਖ ਬੀਬੀਆਂ ਵੀ ਕਿਸੇ ਹੱਦ ਤੀਕ ਯੁਧ ਨੀਤੀ `ਚ ਨਿਪੁੰਣ ਤੇ ਯੁਧ ਭੂਮੀ `ਚ ਅੱਗੇ ਹੋ ਕੇ ਬਰਾਬਰੀ `ਤੇ ਲੜਦੀਆਂ ਸਨ।

“ਭੰਡਿ ਜੰਮੀਐ ਭੰਡਿ ਨਿੰਮੀਐ” -ਹੁਣ ਇਸ ਵਿਸ਼ੇ ਨੂੰ ਦੇਖਦੇ ਹਾਂ ਗੁਰਬਾਣੀ ਪੱਖੋਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਸਮੇਂ ਹੀ ਬਾਣੀ ‘ਆਸਾ ਕੀ ਵਾਰ’ ਵਿਚਲੇ ਸਲੋਕ ਰਾਹੀਂ ਪੁਰਸ਼ ਵਰਗ, ਜੋ ਸੰਸਾਰ ਪੱਧਰ `ਤੇ ਇਸਤ੍ਰੀ ਵਰਗ ਨੂੰ ਦੁਬੇਲ ਬਣਾ ਕੇ ਰਖਦਾ ਆਇਆ ਹੈ, ਉਸ ਨੂੰ ਇਸ ਪਖੋਂ ਭਰਵੀਂ ਤਾੜਣਾ ਕੀਤੀ ਹੈ। ਉਸ ਨੂੰ ਸੁਚੇਤ ਕੀਤਾ ਕਿ ਕਰਤੇ ਦੀ ਬੇਅੰਤ ਰਚਨਾ `ਚ ਸੰਸਾਰ ਚੱਕਰ ਨੂੰ ਚਲਾਊਣ ਲਈ ਇਸਤ੍ਰੀ ਤੇ ਪੁਰਖ, ਦੋਨਾਂ ਦੀ ਲੋੜ ਇਕੋ ਜਹੀ ਹੈ। ਇੱਕ ਦੀ ਲੋੜ ਘੱਟ ਜਾਂ ਦੂਜੇ ਦੀ ਉਸ ਤੋਂ ਵੱਧ ਨਹੀਂ। ਪਾਤਸ਼ਾਹ ਨੇ ਸਲੋਕ `ਚ ਇਸਤ੍ਰੀ ਸਰੀਰ ਦੀਆਂ ਨਿਰੋਲ ਉਹਨਾਂ ਲੋੜਾਂ ਨੂੰ ਗਿਣਵਾਇਆ ਹੈ ਜਿਹੜੀਆਂ ਪੁਰਸ਼ ਸਰੀਰ ਪੂਰੀਆਂ ਹੀ ਨਹੀਂ ਕਰ ਸਕਦਾ।

ਗੁਰਦੇਵ ਫ਼ੁਰਮਾਉਂਦੇ ਹਨ, ਐ ਭਾਈ! ਵਿਚਾਰ ਤਾਂ ਸਹੀ ਕਿ ਇਸਤ੍ਰੀ ਸਰੀਰ ਤੋਂ ਹੀ ਤੇਰਾ ਜਨਮ ਹੁੰਦਾ ਹੈਂ। ਇਸਤ੍ਰੀ ਦੇ ਗਰਭ `ਚ ਹੀ ਤੇਰੇ ਸਰੀਰ ਦੀ ਸਥਾਪਨਾ ਹੁੰਦੀ ਤੇ ਸਰੀਰ ਬਣਦਾ ਵੀ ਹੈ। ਇਸਤ੍ਰੀ ਲਿਆਉਣ ਲਈ ਹੀ ਤੂੰ ਕੁੜਮਾਈ ਤੇ ਵਿਆਹ ਕਰਵਾਉਂਦਾ ਹੈਂ। ਇਸ ਤੋਂ ਬਾਅਦ ਤੇਰਾ ਆਪਣਾ ਪ੍ਰਵਾਰ, ਰਿਸ਼ਤੇਦਾਰੀ, ਸਾਕ ਸਬੰਧ ਬਣਦੇ ਹੀ ਉਦੋਂ ਹਨ ਜਦੋਂ ਇਸਤ੍ਰੀ ਵਿਆਹ ਕੇ ਆਪਣਾ ਘਰ ਵਸਾਉਂਦਾ ਹੈਂ, ਉਸ ਬਿਨਾ ਤਾਂ ਤੇਰਾ ਘਰ ਹੀ ਨਹੀਂ ਵਸਦਾ। ਕੇਵਲ ਤੇਰਾ ਹੀ ਨਹੀਂ ਬਲਕਿ ਸੰਸਾਰ ਦੀ ਉਤਪਤੀ ਦਾ ਰਸਤਾ ਖੁਲਦਾ ਹੀ ਇਸਤ੍ਰੀ ਤੋਂ ਹੈ।

ਗੁਰਦੇਵ ਫ਼ੁਰਮਾਉਂਦੇ ਹਨ, ਜੇਕਰ ਇਸਤ੍ਰੀ ਮਰ ਜਾਏ, ਤੂੰ ਤਾਂ ਇਨਾਂ ਕਮਜ਼ੋਰ ਹੈ ਕਿ ਝੱਟ ਦੂਜੀ ਦੀ ਭਾਲ ਲਈ ਟੁਰ ਪੈਂਦਾ ਹੈ। ਇਥੋਂ ਤੀਕ ਕਿ ਤੂੰ ਬੱਝਦਾ ਵੀ ਇਸਤ੍ਰੀ ਕਾਰਨ ਹੀ ਹੈ ਭਾਵ ਸਮਾਜ `ਚ ਸਦਾਚਾਰੀ ਅਖਵਾਉਂਦਾ ਤੇ ਸਤਿਕਾਰਿਆ ਹੀ ਓਦੋਂ ਜਾਂਦਾ ਹੈ ਜਦੋਂ ਸ਼ਾਦੀ ਸ਼ੁਦਾ ਹੋ ਜਾਂਦਾ ਹੈ, ਉਸ ਤੋਂ ਪਹਿਲਾਂ ਨਹੀਂ। ਇਹ ਇਸਤ੍ਰੀ ਹੀ ਹੈ ਜਿਸ ਤੋਂ ਰਾਜਾਨ ਭਾਵ ਵੱਡੇ ਵੱਡੇ ਰਾਜੇ, ਮਹਾਰਾਜੇ, ਵਲੀ-ਔਲੀਆ, ਪੀਰ, ਪੈਗ਼ੰਬਰ, ਰਹਿਬਰ ਤੇ ਸਭ ਹਸਤੀਆਂ ਜਨਮ ਲੈਂਦੀਆਂ ਹਨ। ਤਾਂ ਤੇ ਐ ਮਨੁੱਖ! ਉਸ ਇਸਤ੍ਰੀ ਨੂੰ ਤੂੰ ਕਿਸ ਮੂੰਹ ਨਾਲ ਮੰਦਾ ਕਹਿੰਦਾ ਭਾਵ ਆਪਣੇ ਤੋਂ ਘਟੀਆ ਤੇ ਨੀਵਾਂ ਸਮਝਦਾ ਤੇ ਉਸ ਦੇ ਲਈ ਮਨ `ਚ ਹੀਨ ਭਾਵ ਰਖਦਾ ਹੈਂ?

ਇਥੋਂ ਤੀਖ ਕਿ ਜਿਸ ਤੋਂ ਤੇਰਾ ਜਨਮ ਹੋਇਆ, ਤੇਰੀ ਉਹ ਮਾਂ ਵੀ ਇਸਤ੍ਰੀ ਸੀ। ਫ਼ਿਰ ਤੇਰੀ ਉਸ ਮਾਂ ਨੂੰ ਜਨਮ ਦੇਣ ਵਾਲੀ ਵੀ ਇੱਕ ਇਸਤ੍ਰੀ ਹੀ ਸੀ। ਸਪਸ਼ਟ ਹੈ, ਕੋਈ ਮਨੁੱਖ ਇਹ ਤਾਂ ਕਹਿ ਸਕਦਾ ਹੈ ਕਿ ਮੇਰੀ ਕੋਈ ਭੈਣ ਨਹੀਂ, ਕਹਿ ਸਕਦਾ ਹੈ ਕਿ ਮੈ ਸ਼ਾਦੀ ਨਹੀਂ ਕਰਵਾਈ ਜਾਂ ਮੈ ਕੋਈ ਧੀ ਨਹੀਂ ਜਨਮੀ। ਪਰ ਇਹ ਫ਼ਿਰ ਵੀ ਨਹੀਂ ਕਹਿ ਸਕਦਾ ਕਿ ਉਸ ਦੀ ਮਾਂ ਇੱਕ ਇਸਤ੍ਰੀ ਨਹੀਂ ਸੀ ਜਾਂ ਉਸ ਦੀ ਮਾਂ ਨੂੰ ਜਨਮ ਦੇਣ ਵਾਲੀ ਇੱਕ ਇਸਤ੍ਰੀ ਨਹੀਂ ਸੀ। ਇਸ ਲਈ ਸੰਸਾਰ `ਚ ਇੱਕ ਵੀ ਮਨੁੱਖ ਨਹੀਂ ਜੋ ਬਿਨਾ ਇਸਤ੍ਰੀ ਤੋਂ ਸੰਸਾਰ `ਚ ਜਨਮਿਆ ਹੋਵੇ। ਇਸ ਤੋਂ ਅਗੇ ਪਾਤਸ਼ਾਹ, ਮਨੁੱਖ ਦਾ ਇੱਕ ਹੋਰ ਰੱਬੀ ਸਚਾਈ ਵੱਲ ਧਿਆਨ ਪੁਆਉਂਦੇ ਹਨ। ਫ਼ੁਰਮਾਣ ਹੈ ਕੇਵਲ ਅਕਾਲਪੁਰਖੁ ਹੀ ਅਜਿਹੀ ਹਸਤੀ ਹੈ ਜਿਸ ਨੇ ਇਸਤ੍ਰੀ ਤੋਂ ਜਨਮ ਨਹੀਂ ਲਿਆ। ਉਹ ਅਜੂਨੀ ਹੈ ਤੇ ਸੈਭੰ ਵੀ ਇਸ ਲਈ ਜੇ ਇਸਤ੍ਰੀ ਬੇਜ਼ਰੂਰਤ ਹੀ ਹੁੰਦੀ ਤਾਂ ਮਨੁੱਖ ਦੇ ਨਾਲ ਉਹ ਇਸਤ੍ਰੀ ਨੂੰ ਬਨਾਉਂਦਾ ਹੀ ਕਿਉਂ?

ਅੰਤ `ਚ ਗੁਰਦੇਵ ਨਿਰਣਾ ਦਿੰਦੇ ਹਨ, ਜੋ ਮਨੁੱਖ ਅਕਾਲਪੁਰਖ ਬਖਸ਼ੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਭਾਵ ਇਸਤ੍ਰੀ ਹੋਵੇ ਜਾਂ ਪੁਰਖ, ਉਸ ਦੀਆਂ ਬਖਸ਼ੀਆਂ ਦਾਤਾਂ ਦਾ ਇਕੋ ਜਿਹਾ ਸਤਿਕਾਰ ਕਰਦਾ ਹੈ ਤਾਂ ਉਸੇ ਨੂੰ ਪ੍ਰਭੂ ਦਰ ਤੋਂ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਇਨਾਂ ਹੀ ਨਹੀਂ ਬਲਕਿ ਅਜਿਹੇ ਇਨਸਾਨ ਹੀ ਪ੍ਰਭੁ ਦਰ `ਤੇ ਸਤਿਕਾਰੇ ਜਾਂਦੇ ਹਨ। ਸਾਰਾ ਸਲੋਕ ਇਸ ਤਰ੍ਹਾਂ ਹੈ:- ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥   (ਪੰ: ੪੭੩) ਇਥੇ ਬੱਸ ਨਹੀਂ, ਪਾਤਸ਼ਾਹ ਨੇ ਇਸੇ ਤਰ੍ਹਾਂ ‘ਆਸਾ ਕੀ ਵਾਰ’ ਦੇ ਇੱਕ ਹੋਰ ਸਲੋਕ `ਚ ਆਮ ਮਨੁੱਖ ਨੂੰ ਹੀ ਨਹੀਂ ਬਲਕਿ ਧਰਮ ਦੇ ਠੇਕੇਦਾਰ ਬ੍ਰਾਹਮਣ ਨੂੰ ਵੀ ਇਸ ਪਖੋਂ ਭਰਵੀਂ ਤਾੜਣਾ ਕੀਤੀ ਹੈ। ਸਲੋਕ ਹੈ “ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨ ॥ (ਪੰ: ੪੭੨)

ਦੇਖਣਾ ਹੈ, ਵਿਸ਼ੇਸ਼ ਕਰ ਭਾਰਤ, ਜਿੱਥੇ ਕਿ ਲੋਕਾਈ `ਤੇ ਹਜ਼ਾਰਾਂ ਸਾਲਾਂ ਤੋਂ ਧਰਮ ਦਾ ਠੇਕੇਦਾਰ ਬਣ ਕੇ ਬ੍ਰਾਹਮਣ ਛਾਇਆ ਹੈ। ਇਥੇ ਉਸ ਨੇ ਇਸਤ੍ਰੀ ਸਰੀਰ ਦੇ ਮਾਸਿਕ ਚਕ੍ਰ ਨੂੰ ਵੀ ਨਹੀਂ ਬਖਸ਼ਿਆ। ਇਸ ਰੱਤ ਨੂੰ ਗੰਦਗੀ ਪ੍ਰਚਲਤ ਕਰ ਕੇ, “ਨਿਤ ਨਿਤ ਹੋਇ ਖੁਆਰੁ” ਅਨੁਸਾਰ ਇਸਤ੍ਰੀ ਨੂੰ ਸਮਾਜ `ਚ ਸਦਾ ਤੋਂ ਜ਼ਲੀਲ ਕਰਦਾ ਤੇ ਉਸ `ਚ ਹੀਣ ਭਾਵ ਭਰਦਾ ਆਇਆ ਹੈ। ਜਦਕਿ ਇਹ “ਜੂਠੇ ਜੂਠਾ ਮੁਖਿ ਵਸੈ” ਇਸਤ੍ਰੀ ਸਰੀਰ ਦੀ ਉਹ ਕੁਦਰਤੀ ਕਿਰਿਆ ਹੈ ਜੋ ਕਿਤੋਂ ਬਾਹਰੋਂ ਨਹੀਂ ਆਈ `ਤੇ ਨਾ ਅਣਹੋਣੀ ਹੈ। ਉਪ੍ਰੰਤ ਜਦੋਂ ਕੁੱਝ ਦਿਨਾਂ ਬਾਅਦ ਉਹ ਕੇਸੀਂ ਸਨਾਨ (ਸਿਰਨਾਵਣੀ) ਕਰ ਲੈਂਦੀ ਹੈ ਤਾਂ, ਉਸ ਨੂੰ ਫ਼ਿਰ ਪਵਿੱਤ੍ਰ ਮੰਨ ਲਿਆ ਜਾਂਦਾ ਹੈ। ਦੇਖਣਾ ਹੈ ਕਿ ਸਰੀਰ ਦੀ ਇਹ ਕਿਰਿਆ ਤਾਂ ਸਰੀਰ ਅੰਦਰ ਸਨਾਨ ਸਮੇਂ `ਤੇ ਬਾਅਦ `ਚ ਵੀ ਅਰੁੱਕ ਹੁੰਦੀ ਹੈ। ਤਾਂ ਇਸ ਕਾਰਨ ਉਹ ਅਪਵਿਤ੍ਰ ਕਦੋਂ ਹੋਈ ਸੀ? ਖੂਬੀ ਇਹ ਜੇ ਕਰ ਪ੍ਰਭੂ ਨੇ ਇਸਤ੍ਰੀ ਸਰੀਰ ਨੂੰ ਇਹ ਕਿਰਿਆ ਹੀ ਨਾ ਦਿੱਤੀ ਹੁੰਦੀ ਤਾਂ ਸੰਸਾਰ ਚੱਕਰ ਚਲਦਾ ਹੀ ਕਿਵੇਂ? ਇਹ ਤਾਂ ਉਸ ਤਰ੍ਹਾਂ ਹੈ ਜਿਵੇਂ ਕੋਈ ਮਨੁੱਖ ਦੇ ਸਰੀਰ `ਚੋਂ ਵੀਰਜ ਦੀ ਉਤਪਤੀ `ਤੇ ਉਟੰਕਣ ਕਰੇ।

ਇਸ `ਤੇ ਗੁਰਦੇਵ ਦਾ ਫ਼ੈਸਲਾ ਹੈ “ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ” ਭਾਵ ਕੇਵਲ ਸਰੀਰ ਦੇ ਧੋਣ ਨਾਲ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਫ਼ਿਰ ਮਨੁੱਖ ਹੋਵੇ ਜਾਂ ਇਸਤ੍ਰੀ “ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” ਅਸਲ `ਚ ਸੁੱਚੇ ਉਹੀ ਹੁੰਦੇ ਹਨ ਜਿੰਨ੍ਹਾਂ ਦੇ ਹਿਰਦੇ ਘਰ `ਚ ਕਰਤੇ ਦੀ ਸਿਫ਼ਿਤ ਸਾਲਾਹ ਦਾ ਵਾਸਾ ਹੋਵੇ। ਦੂਜੇ ਤਾਂ ਇਹਨਾ ਵਿਅਰਥ ਗਲਾਂ `ਚ, ਆਪਣਾ ਕੀਮਤੀ ਮਨੁੱਖਾ ਜਨਮ, ਜ਼ਾਇਆ ਕਰਕੇ ਹੀ ਸੰਸਾਰ ਤੋਂ ਜਾਂਦੇ ਹਨ।

“ਨਾਰੀ ਪੁਰਖੁ, ਪੁਰਖੁ ਸਭ ਨਾਰੀ” - ਇਸ ਲਈ ਸਮਾਜ `ਚ ਫੈਲੇ ਤੇ ਫੈਲਾਏ ਗਏ ਇਸਤ੍ਰੀ-ਪੁਰਖ ਸਬੰਧੀ ਵਿਤਕਰੇ ਲਈ ਗੁਰਬਾਣੀ ਦੀ ਰੋਸ਼ਨੀ `ਚ ਸਾਨੂੰ ਗਹਿਰਾਈ ਤੋਂ ਘੋਖਣ ਤੇ ਜਾਗਣ ਦੀ ਲੋੜ ਹੈ। ਸੰਸਾਰ ਚਕ੍ਰ ਨੂੰ ਚਲਾਉਣ ਲਈ ਦੋਨਾਂ ਸਰੀਰਾਂ ਦੀਆਂ ਲੋੜਾਂ ਹੀ ਭਿੰਨ-ਂਿਭੰਨ ਹਨ। ਦੋਵੇਂ ਇੱਕ ਦੂਜੇ ਦੇ ਪੂਰਕ ਤੇ ਗੁਰੂ ਦਰ `ਤੇ ਬਰਾਬਰ ਮਾਨ-ਸਤਿਕਾਰ ਦੇ ਹੱਕਦਾਰ ਹਨ। ਫ਼ੈਸਲਾ ਹੈ, “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ” (ਪੰ: 879) ਹੋਰ “ਨਾਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ” (ਪੰ: ੯੮੩)। ਇਸ ਲਈ ਦੋਨਾਂ ਚੋਂ ਕਿਸੇ ਇੱਕ ਦਾ, ਦੂਜੇ `ਤੇ ਭਾਰੂ ਹੋਣਾ, ਗੁਰਬਾਣੀ ਸਿਧਾਂਤ ਵਿਰੁਧ ਹੈ। ਦੇਖ ਚੁੱਕੇ ਹਾਂ ਕਿ ਪਾਤਸ਼ਾਹ ਨੇ ਅਜੋਕੇ ਪੁਰਖ ਪ੍ਰਧਾਨ ਸਮਾਜ `ਚ, ਮਨੁੱਖ ਵਲੋਂ ਇਸਤ੍ਰੀ ਵਰਗ ਪ੍ਰਤੀ ਇਸ ਦੇ ਘਟੀਆ ਕਿਰਦਾਰ ਤੇ ਸੋਚਣੀ ਲਈ, ਮਨੁੱਖ ਨੂੰ ਭਰਵੀਂ ਤਾੜਣਾ ਵੀ ਕੀਤੀ ਹੈ।

ਗੁਰਦੇਵ ਨੇ, ਮਨੁੱਖ ਨਸਲ ਦੀ ਹੋ ਰਹੀ ਅਜੋਕੀ ਤਬਾਹੀ ਲਈ, ਦੋਸ਼ੀ ਮਨੁੱਖ ਨੂੰ ਹੀ ਠਹਿਰਾਇਆ ਹੈ। ਜੇਕਰ ਸੰਸਾਰ ਦੀ ਇਸੇ ਨਰ-ਮਾਦਾ ਵਾਲੀ ਖੇਡ ਨੂੰ ਗਹਿਰੀ ਨਜ਼ਰ ਨਾਲ ਲਿਆ ਜਾਵੇ ਤਾਂ ਮਨੁੱਖ ਸਚਮੁਚ ਆਪਣੀ ਅਜੋਕੀ ਘਟੀਆ ਸੋਚਣੀ ਕਾਰਨ, ਕਰਤੇ ਦੇ ਦਰ `ਤੇ ਬਹੁਤ ਵੱਡਾ ਦੇਣਦਾਰ ਤੇ ਗੁਣਹਗਾਰ ਵੀ ਹੈ। ਜੇ ਮੰਨ ਲਿਆ ਜਾਵੇ ਕਿ ਸੰਪੂਰਣ ਮਾਨਵ ਸਮਾਜ ਨੂੰ ਅਕਾਲਪੁਰਖੁ ਵੱਲੋਂ ਬਖ਼ਸ਼ੀ ਕੁਲ ਤਾਕਤ 100% ਹੈ। ਤਾਂ ਇਹ ਵੀ ਸੱਚ ਹੈ ਕਿ ਪ੍ਰਭੂ ਰਾਹੀਂ ਬਖਸ਼ੀ ਇਸ ਕੁਲ ਤਾਕਤ `ਚੋਂ ਸਿੱਧੇ 75% ਤੋਂ ਵੱਧ ਤਾਕਤ ਜ਼ਾਇਆ ਕਰਣ ਲਈ ਜ਼ਿੰਮੇਵਾਰ, ਪੁਰਸ਼ ਵਰਗ ਹੀ ਹੈ, ਇਸਤ੍ਰੀ ਨਹੀਂ। ਕਿਉਂਕਿ “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ” ਅਨੁਸਾਰ ਅੰਦਾਜ਼ਾ ਕੁਲ ਤਾਕਤ ਦਾ ਜੇ 50% ਮਨੁੱਖ ਕੋਲ ਹੈ ਤਾਂ 50% ਇਸਤ੍ਰੀ ਵਰਗ ਕੋਲ ਵੀ ਹੈ। ਸਪਸ਼ਟ ਹੈ, ਇਸਤ੍ਰੀ ਨੂੰ ਦੁਬੇਲ ਬਣਾ ਕੇ ਰਖਣ ਲਈ ਮਨੁੱਖ ਨੇ ਇਸਤ੍ਰੀ ਵਰਗ ਵਾਲੀ 50% ਤਾਕਤ ਤਾਂ ਸਿੱਧੀ ਜ਼ਾਇਆ ਕੀਤੀ ਹੋਈ ਹੈ। ਬਾਕੀ 50% `ਚੋਂ ਵੀ 25% ਤੋਂ ਵੱਧ ਤਾਕਤ, ਇਸਤ੍ਰੀ ਨੂੰ ਦੁਬੇਲ ਬਣਾ ਕੇ ਰੱਖਣ ਲਈ ਵੀ ਮਨੁੱਖ ਹੀ ਜ਼ਾਇਆ ਕਰ ਰਿਹਾ ਹੈ। ਤਾਂ ਤੇ ਬਾਕੀ ਜਿਹੜੀ 25% ਤਾਕਤ ਮਨੁੱਖ ਕੋਲ ਹੈ ਤਾਂ ਉਸ ਦਾ ਵੱਡਾ ਹਿੱਸਾ ਵੀ ਮਨੁੱਖ ਹੀ ਐਸ਼ੋ-ਇਸ਼ਰਤ ਤੇ ਵਿੱਭਚਾਰ ਵਾਲੇ ਪਾਸੇ ਹੀ ਮੁਕਾਅ ਰਿਹਾ ਹੈ। ਆਖਿਰ ‘ਏਡਜ਼’ ਆਦਿ ਲਾ-ਇਲਾਜ ਬਿਮਾਰੀਆਂ ਮਨੁੱਖ ਦੀ ਇਸੇ ਵਿੱਭਚਾਰ ਤੇ ਗੰਦੀ ਰਹਿਣੀ ਦੀ ਹੀ ਦੇਣ ਹਨ, ਬਾਹਰੋਂ ਨਹੀਂ ਆਈਆਂ।

ਇਸ `ਚ ਦੋ ਰਾਵਾਂ ਨਹੀਂ ਕਿ ਇਸ ਸਾਰੇ ਲਈ ਦੋਸ਼ੀ ਮਨੁੱਖ ਹੀ ਹੈ ਇਸਤ੍ਰੀ ਵਰਗ ਨਹੀਂ। ਜੇ ਸ਼ੱਕ ਹੋਵੇ ਤਾਂ ਇਸ ਦੇ ਜ਼ਾਹਿਰਾ ਸਬੂਤ ਹਸਪਤਾਲਾਂ `ਚ ਜਾ ਕੇ ਨਵ-ਜਨਮੇ ਬੱਚਿਆਂ ਤੋਂ ਮਿਲਦੇ ਦੇਰ ਨਹੀਂ ਲਗਦੀ। ਇਹਨਾ ਬੱਚਿਆਂ ਨੂੰ ਮਾਪਿਆਂ ਤੋਂ ਜਨਮ ਦੇ ਨਾਲ ਮਿਲ ਰਹੇ ਹਨ ਜਟਿਲ ਰੋਗ ਤੇ ਅਪੰਗ ਸਰੀਰ। ਖਾਸ ਗੱਲ ਇਹ ਕਿ ਮਨੁੱਖ, ਜਿਹੜਾ ਸਮਾਂ ਤੇ ਤਾਕਤ ਇਸਤ੍ਰੀ ਵਰਗ ਨੂੰ ਨੀਵਾਂ ਦੱਸਣ ਤੇ ਉਸ ਨੂੰ ਦੁਬੇਲ ਬਣਾ ਕੇ ਰੱਖਣ ਲਈ ਜ਼ਾਇਆ ਕਰਦਾ ਹੈ, ਉਸੇ ਦਾ ਨਤੀਜਾ ਹੈ, ਅੱਜ ਮਨੁੱਖਾ ਨਸਲ ਦਾ ਭਵਿਖ ਵੀ ਖਤਰੇ `ਚ ਪੈ ਚੁੱਕਾ ਹੈ। ਉਪ੍ਰੰਤ ਇਸ ਸਾਰੇ ਲਈ ਜ਼ਿੰਮੇਵਾਰ, ਬਹੁਤਾ ਕਰਕੇ ਖੁਦ ਮਨੁੱਖ ਹੀ ਹੈ, ਨਾ ਪ੍ਰਮਾਤਮਾ ਤੇ ਨਾ ਇਸਤ੍ਰੀ ਵਰਗ। ਚਲਦਾ (ਅਜੋਕਾ ਸਿੱਖ ਤੇ ਇਸਤ੍ਰੀ ਵਰਗ (ਭਾਗ ੨ `ਚ ਪੜੋ ਜੀ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 178

ਸਿੱਖ ਧਰਮ `ਚ ਇਸਤ੍ਰੀ ਦਾ ਸਥਾਨ ਤੇ ਅਜੋਕੇ ਸਿੱਖ (ਭਾਗ-੧)

(ਅਜੋਕਾ ਸਿੱਖ ਤੇ ਇਸਤ੍ਰੀ ਵਰਗ-ਭਾਗ ੨ `ਚ ਪੜੋ ਜੀ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.