.

ਗੁਰੂ ਨਾਨਕ ਸਾਹਿਬ – ਪਿਛਾੜੀ ਗਈ ਮਨੁਖਤਾ ਦੇ ਸਾਂਝੇ ਤੇ ਨਿਰਪੱਖ ਪੈਗੰਬਰ

ਰਾਮ ਸਿੰਘ, ਗ੍ਰੇਵਜ਼ੈਂਡ

ਇਸ ਦੁਨਿਆਵੀ ਮੰਚ ਤੇ ਕਈ ਤਰਾਂ ਦੇ ਨਾਟਕ ਖੇਲੇ ਗਏ, ਖੇਲੇ ਜਾ ਰਹੇ ਹਨ ਤੇ ਖੇਲੇ ਜਾਣਗੇ। ਨਾਟਕਾਂ ਦੇ ਨਾਇਕ ਕਈ ਤਰਾਂ ਦੇ ਕਰਤੱਵ (ਰੋਲ) ਅਦਾ ਕਰਦੇ ਨਜ਼ਰ ਆਉਂਦੇ ਹਨ। ਇੱਥੇ ਨਾਟ-ਕਲਾ ਦੇ ਮੰਚਾਂ ਉਪਰ ਕਰਤਵ ਦਿਖਾਉਣ ਵਾਲਿਆਂ ਬਾਰੇ ਨਹੀਂ, ਅਸਲੀ ਜੀਵਨ ਦੇ ਨਾਇਕਾਂ ਦੀ ਗੱਲ ਹੀ ਕਰਨ ਦਾ ਵਿਚਾਰ ਹੈ। ਇਸ ਵਿੱਚ ਆਮ ਬੰਦੇ ਤੋਂ ਲੈ ਕੇ ਦੁਨਿਆਂ ਨੂੰ ਜੀਵਨ ਦੀ ਅਸਲੀ ਸੇਧ ਦੇਣ ਵਾਲੇ ਅਵਤਾਰਾਂ, ਪੈਗੰਬਰਾਂ, ਗੁਰੂਆਂ ਆਦਿ ਤੱਕ ਦੇ ਨਾਇਕਾਂ ਦਾ ਜ਼ਿਕਰ ਕੀਤਾ ਜਾਵੇਗਾ। ਸੰਸਾਰ ਵਿੱਚ ਵੱਖ ਵੱਖ ਦੇਸਾਂ ਵਿੱਚ ਕਈ ਤਰਾਂ ਦੇ ਵਿਚਾਰਵਾਨ ਹੋਏ ਹਨ, ਜਿਨਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ, ਵਿਗਿਆਨਿਕ, ਮਨੋ-ਵਿਗਿਆਨਿਕ ਆਦਿ ਖੇਤਰਾਂ ਵਿੱਚ ਸੇਧ ਦੇਣ ਦੇ ਕਈ ਤਰਾਂ ਦੇ ਵਿਚਾਰ ਮਿਲਦੇ ਹਨ। ਇਨ੍ਹਾਂ ਵਿਚੋਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਵਿਚਾਰ ਕਾਫੀ ਪੁਰਾਣੇ ਸਮੇਂ ਤੋਂ ਪ੍ਰਾਪਤ ਹਨ ਅਤੇ ਉਨ੍ਹਾਂ ਤੇ ਅਮਲ ਕਰਦੇ ਭੀ ਪੁਰਾਣੇ ਸਮੇਂ ਤੋਂ ਲੋਕ ਸੁਣੀਂਦੇ ਹਨ। ਬਾਕੀ ਦੇ ਖੇਤਰਾਂ ਵਿੱਚ ਕੁਛ ਟਾਂਵੇਂ ਟਾਂਵੇਂ ਵਿਚਾਰਾਂ ਤੋਂ ਬਿਨਾਂ ਕੋਈ ਠੋਸ ਵਿਚਾਰ ਨਹੀਂ ਮਿਲਦੇ, ਸਿਰਫ ਦੋ, ਤਿੰਨ ਸੌ ਸਾਲਾਂ ਤੋਂ ਜ਼ਰੂਰ ਇਨ੍ਹਾਂ ਖੇਤਰਾਂ ਵਿੱਚ ਭੀ ਵਿਚਾਰ ਪੇਸ਼ ਹੋਣੇ ਸ਼ੁਰੂ ਹੋਏ ਤੇ ਹੁਣ ਇਨ੍ਹਾਂ ਦੀ ਕਾਫੀ ਭਰਮਾਰ ਹੈ। ਪਰ ਜੇ ਇਨ੍ਹਾਂ ਸਾਰੇ ਖੇਤਰਾਂ ਸੰਬੰਧੀ ਵਿਚਾਰ ਇਕੋ ਹੀ ਵਿਅਕਤੀ ਵਿੱਚ ਹੋਣ ਤੇ ਉਹ ਅਪਣੇ ਆਪ ਨੂੰ ‘ਨੀਚ’ ਹੀ ਨਹੀਂ ‘ਨੀਚਾਂ ਤੋਂ ਭੀ ਨੀਚ’ ਆਖੇ ਉਹ ਕੈਸਾ ਮਹਾਂਪੁਰਸ਼ ਹੋ ਸਕਦਾ ਹੈ! ਐਸਾ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ। ਐਸੇ ਗੁਰੂ ਬਾਰੇ ਖੁਲ੍ਹਮ ਖੁਲ੍ਹਾ ਵਿਚਾਰ ਹੋਵੇਗੀ। ਸਭ ਤੋਂ ਪਹਿਲਾਂ ਸਮਾਜਿਕ ਖੇਤਰ ਦਾ ਜ਼ਿਕਰ ਜ਼ਰੂਰੀ ਹੈ। ਬਹੁਤ ਵਿਸਥਾਰ ਵਿੱਚ ਪੈਣ ਦੀ ਥਾਂ ਅਪਣੇ ਦੇਸ ਭਾਰਤ ਦੇ ਸਮਾਜਿਕ ਢਾਂਚੇ ਦੀ ਹੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ (ਦੇਖਿਆ ਜਾਵੇ ਤਾਂ ਹਾਲੇ ਭੀ) ਇਨਸਾਨਿਅਤ ਦੀ ਊਚ ਨੀਚ, ਸਵਰਨ ਜਾਤੀ ਤੇ ਅਛੂਤ ਆਦਿ ਵਰਗਾਂ ਵਿੱਚ ਵੰਡ ਅਤੇ ਇਸਤਰੀ ਜਾਤੀ (ਜੋਂ ਮਾਂ, ਭੇਣ ਤੇ ਧੀ ਭੀ ਹੁੰਦੀ ਹੈ) ਦੀ ਫਿਟਕਾਰ ਨੇ ਪੱਖਪਾਤ ਨੂੰ ਐਸਾ ਜਨਮ ਦਿੱਤਾ ਜੋ ਹੌਲੀਂ ਹੌਲੀਂ ਹੋਰ ਖੇਤਰਾਂ ਵਿੱਚ ਭੀ ਜਾ ਘੁਸਿਆ। ਅਖੌਤੀ ਅਛੂਤ ਤੇ ਪਿਛਾੜੀਆਂ ਗਈਆਂ ਜਾਤੀਆਂ ਜਾ ਦਲਿਤ ਵਰਗਾਂ ਤੇ ਇਸਤਰੀ ਜਾਤੀ ਨੂੰ ਇਨਸਾਨ ਹੀ ਨਹੀਂ ਸੀ ਸਮਝਿਆ ਜਾਂਦਾ। ਇਹ ਕਿਸੇ ਚਾਤਰ ਦਿਮਾਗ ਵਲੋਂ ਬਣਾਏ ਨੀਚ ਜਾਤੀ ਵਰਗ ਤੇ ਮਨੁੱਖ ਜਾਤੀ ਦੀ ਜਨਮ-ਦਾਤੀ ਇਸਤਰੀ ਜਾਤੀ ਵਿਰੁਧ ਬਹੁਤ ਬੜਾ ਪੱਖ ਪਾਤ ਤੇ ਬੇਇੰਨਸਾਫੀ ਸੀ। ਰਾਜਨੀਤਕ ਖੇਤਰ ਜੋ ਪਰਜਾ ਨੂੰ ਇੰਨਸਾਫ ਦੇਣ, ਉਸ ਦੀ ਰਖਿਆ ਕਰਨ ਅਤੇ ਦੇਸ ਦਾ ਚੰਗਾ ਪ੍ਰਬੰਧ ਚਲਾਉਣ ਦਾ ਜ਼ੁਮੇਵਾਰ ਹੁੰਦਾ ਹੈ ਉਹ ਸਗੋਂ ਹੋਰ ਭੀ ਚਿੰਤਾਜਨਕ ਸੀ। ਹੁਕਮਰਾਨ ਟੋਲਾ ਗੁਰੂ ਸਾਹਿਬ ਦੇ ਸ਼ਬਦਾਂ ਵਿੱਚ “ਕਸਾਈ ਰੂਪ ਧਾਰ ਚੁੱਕਾ ਸੀ ਤੇ ਧਰਮ ਜਿਵੇਂ ਖੰਭ ਲਾ ਕੇ ਉਡ ਗਿਆ ਸੀ” (ਪੰ. 144) ਹੋਰ ਥਾਂ ਉਹ ਕਹਿੰਦੇ ਹਨ ਕਿ “ਰਾਜੇ ਆਦਮਖੋਰ ਸ਼ੀਂਹ ਤੇ ਅਮੀਰ ਵਜ਼ੀਰ ਸ਼ਿਕਾਰੀ ਕੁੱਤੇ ਬਣ ਚੁਕੇ ਸਨ” (ਪੰ. 469) ਇੱਥੇ ਇੱਕ ਖਾਸ ਵਰਗ ਕਾਬਜ਼ ਸੀ ਅਤੇ ਖਾਨਦਾਨੀ ਕਬਜ਼ਾ ਬਣ ਚੁੱਕਿਆ ਸੀ। ਹੋਰ ਵਰਗਾਂ ਵਿੱਚ ਯੋਗ ਤੋਂ ਯੋਗ ਬੰਦੇ ਨੂੰ ਭੀ ਇਸ ਖੇਤਰ ਵਿੱਚ ਅੱਗੇ ਨਹੀਂ ਸੀ ਆਉਣ ਦਿੱਤਾ ਜਾਂਦਾ। ਇਸ ਕਰਕੇ ਹੀ ਦੇਸ ਦਾ ਨਿਜ਼ਾਮ ਹਰ ਪੱਖੋਂ ਵਿਗੜ ਚੁੱਕਾ ਸੀ। ਇਹ ਹੀ ਹਾਲ ਹੁਣ ਭੀ ਭਾਰਤ ਮਹਾਨ ਦੇਸ਼ ਦਾ ਹੈ। ਹੁਣ ਭੀ ਇਨ੍ਹਾਂ ਮਦਹੋਸ ਬੰਦਿਆਂ ਨੂੰ ਜਗਾਉਣ ਲਈ ਗੁਰੂ ਨਾਨਕ ਸਾਹਿਬ ਵਰਗਾ ਕਾਮਲ ਮਰਦ ਚਾਹੀਦਾ ਹੈ ਕਿਉਂਕਿ ਇਹ ਸਾਰੇ ਗੁਰੂ ਸਾਹਿਬ ਦੇ ਗਿਆਨ ਭਰੇ ਬਚਨਾਂ ਤੋਂ ਅਖਾਂ ਮੀਟੀ ਤੇ ਕੰਨ ਬੰਦ ਕਰੀ ਬੈਠੇ ਹਨ।

ਅੱਗੇ ਧਾਰਮਿਕ ਖੇਤਰ ਖਾਸ ਵਿਚਾਰ ਦਾ ਮੁਥਾਜ ਹੈ ਜਿੱਥੇ ਇੱਕ ਖਾਸ ਵਰਗ ਨੇ ਆਪੂੰ ਲਿਖੇ ਗ੍ਰੰਥਾਂ ਵਿੱਚ ਅਪਣੀ ਇਜਾਰੇਦਾਰੀ (monopoly) ਰੱਬੋਂ ਬਖਸ਼ੀ ਦਰਸਾ ਰੱਖੀ ਸੀ। ਉਹ ਹੀ ਪੜ੍ਹਾਈ ਲਿਖਾਈ ਤੇ ਪੂਜ ਪਾਠ ਦੇ ਧਰਮ ਕਰਮ ਕਰ ਤੇ ਕਰਾ ਸਕਦਾ ਸੀ, ਪਰ ਦੇਸ ਦੀ ਅੱਧੋਂ ਵਧ ਅਬਾਦੀ, ਪਛੜੀਆਂ ਨਹੀਂ ਪਿਛਾੜੀਆਂ ਗਈਆਂ ਜਾਤੀਆਂ ਅਤੇ ਇਸਤਰੀ ਵਰਗ ਨੂੰ ਲਿਖਤੀ ਰੂਪ ਵਿੱਚ ਪੂਜਾ ਪਾਠ ਤੋਂ ਮਨਾਹੀ ਹੀ ਨਹੀਂ ਸੀ, ਅਪਣੇ ਆਦਰਯੋਗ ਅਵਤਾਰਾਂ ਵਲੋਂ ਉਨ੍ਹਾਂ ਨੂੰ ਪੂਜਾ ਪਾਠ ਕਰਨ ਤੇ ਸਜ਼ਾਵਾਂ (ਕੰਨਾਂ ਵਿੱਚ ਗਰਮ ਤੇਲ ਪਾਉਣ ਤੇ ਜੀਭ ਕੱਟਣ ਤਕ ਦੀਆਂ) ਦਿੱਤੀਆਂ ਗਈਆਂ। ਕਿਤਨਾ ਵੱਡਾ ਜ਼ੁਲਮ ਤੇ ਪੱਖਪਾਤ! ਆਰਥਿਕ ਪੱਖੋਂ ਭੀ ਇਨ੍ਹਾਂ ਪਿਛਾੜੀਆਂ ਜਾਤੀਆਂ ਨੂੰ ਸਖਤ ਤੋਂ ਸਖਤ ਕੰਮ ਕਰਵਾ ਕੇ ਖਾਣ ਪੀਣ ਤੇ ਪਹਿਨਣ ਲਈ ਬਚਿਆ ਖੁਵਿਆ ਹੀ ਦਿੱਤਾ ਜਾਂਦਾ ਸੀ। ਇਨ੍ਹਾਂ ਨੂੰ ਪਸ਼ੂ ਢੋਰ ਹੀ ਸਮਾਝਿਆ ਜਾਂਦਾ ਸੀ।

ਹਰ ਖੇਤਰ ਵਿੱਚ ਇਸ ਤਰਾਂ ਦੇ ਪੱਖਪਾਤ ਦੇ ਨਾਲ ਨਾਲ ਆਮ ਪਰਜਾ ਤੇ ਹਰ ਪੱਖੋਂ ਜ਼ੁਲਮ ਹੋ ਰਹੇ ਸਨ ਅਤੇ ਹਰ ਤਰਾਂ ਦੇ ਭਰਿਸ਼ਟਾਚਾਰ, ਚੋਰੀ ਯਾਰੀ ਆਦਿ ਦਾ ਜ਼ੋਰ ਸੀ। ਐਸੀ ਤਰਸਯੋਗ ਹਾਲਤ ਨੇ ਇਨਸਾਨੀਅਤ ਹੀ ਨਹੀਂ, ਰੱਬ ਜੀ ਦੀ ਸਾਰੀ ਮੁਖਲੂਕਾਤ (creation) ਨੂੰ ਰੱਬ ਵਰਗਾ ਪਿਆਰ ਕਰਨ ਵਾਲੇ ਧੁਰੋਂ ਥਾਪੇ ਗੁਰੂ, ਗੁਰੂ ਨਾਨਕ ਸਾਹਿਬ ਨੂੰ ਝੰਜੋੜ ਕੇ ਰੱਖ ਦਿੱਤਾ। ਗੁਰੂ ਸਾਹਿਬ ਨੇ ਭਾਈ ਗੁਰਦਾਸ ਦੇ ਲਫਜ਼ਾਂ ਅਨੁਸਾਰ, “ਬਾਬਾ ਦੇਖੇ ਧਿਆਨਧਰ ਜਲਤੀ ਸਭ ਪ੍ਰਿਥਵੀ ਦਿਸ ਆਈ।” ਸਾਰੀ ਦੁਨੀਆਂ ਹੀ ਦੁਖੀ ਤੇ ਪੀੜਤ ਦੇਖੀ। ਪਰ ਇਸ ਦਾ ਕਾਰਨ ਭੀ ਗਲਤ ਧਾਰਮਿਕ ਧਰਮ ਕਰਮ ਦੇਵ ਪੂਜਾ, ਮੂਰਤੀ ਪੂਜਾ, ਛੂਤ ਛਾਤ ਆਦਿ ਅਤੇ ਨਫਰਤ ਦੇ ਬੀਜ ਬੀਜਣ ਵਾਲੀ ਸਮਾਜਿਕ ਵੰਡ ਹੀ ਦੇਖੇ ਜੋ ਕਿ ਦੇਸ ਵਾਸੀਆਂ ਦੀ ਗੁਲਾਮੀ ਅਤੇ ਲੁੱਟ ਖਸੁੱਟ ਦਾ ਕਾਰਨ ਸਨ। ਧਾਰਮਿਕ ਆਗੂਆਂ ਦੀ ਹਰ ਖੇਤਰ ਵਿੱਚ ਪੁੱਛ ਗਿੱਛ ਹੋਣ ਕਰਕੇ ਅਤੇ ਉਨ੍ਹਾਂ ਦਾ ਸਤਿਕਾਰ (ਭਾਵੇਂ ਗਲਤ ਹੀ ਸੀ) ਲੋਕਾਂ ਵਿੱਚ ਹੋਣ ਕਰਕੇ, ਉਨ੍ਹਾਂ ਦਾ ਅੰਨ੍ਹੇਵਾਹ ਕੁਰਾਹੇ ਪਏ ਹੋਣ ਤੇ ਲੋਕਾਂ ਨੂੰ ਕੁਰਾਹੇ ਪਾਈ ਜਾਣਾ ਹੀ ‘ਜਲਤੀ ਪ੍ਰਿਥਵੀ’ ਦਾ ਕਾਰਨ ਸੀ। ਸੋ ਗੁਰੂ ਸਾਹਿਬ ਨੇ ਇਨ੍ਹਾਂ ਦੀ ਸੁਧਾਈ ਸਭ ਤੋਂ ਜ਼ਰੂਰ ਪਹਿਲ ਦੇ ਰੂਪ ਵਿੱਚ ਸਮਝੀ ਤਾਕਿ ਇਨ੍ਹਾਂ ਨੂੰ ਦਿਖਾਵੇ ਤੇ ਫੋਕਟ ਧਰਮ ਕਰਮਾਂ ਦੀ ਥਾਂ ਸੱਚ ਤੇ ਅਸਲੀਅਤ ਦੇ ਪੁਜਾਰੀ ਬਣਾ ਕੇ ਮਨ ਨੂੰ ਪਵਿਤਰ ਗੁਣਾਂ ਨਾਲ ਸ਼ਿੰਗਾਰਨ ਦਾ ਠੀਕ ਰਸਤਾ ਦਿਖਾਇਆ ਜਾ ਸਕੇ। ਵੈਸੇ ਤਾਂ ਇਹ ਕੰਮ ਉਨ੍ਹਾਂ ਨੇ ਅਪਣੀ ਬਾਲਪਨ ਦੀ ਪੜ੍ਹਾਈ ਸਮੇਂ ਹੀ ਪੰਡਤ ਤੇ ਮੁੱਲਾਂ ਨੂੰ ਸਾਵਧਾਨ ਕਰ ਦਿੱਤਾ ਸੀ। ਉਹ ਸਭ ਨੂੰ (ਕੀ ਉਸਤਾਦ, ਕੀ ਸ਼ਾਰਿਰਦ ਤੇ ਹੋਰ) ਧੋਖਾ ਖਾਣ ਤੋਂ ਬਚਾਉਣਾ ਚਾਹੁੰਦੇ ਸਨ। ਧਾਰਮਿਕ ਫੋਕਟ ਧਰਮ ਕਰਮ ਤਾਂ ਦੋਹਾਂ ਕਰਨ ਕਰਾਉਣ ਵਾਲਿਆਂ ਲਈ ਹਲਤ ਪਲਤ ਦਾ ਧੋਖਾ ਹਨ। ਅੱਗੇ ਜਨੇਊ ਦੀ ਰਸਮ ਸਮੇਂ ਦਿਖਾਵੇ ਵਜੋਂ ਜਨੇਊ ਪਾਉਣ ਦੀ ਥਾਂ ਦਇਅ, ਜਤ ਸਤ, ਸੰਤੋਖ, ਸਦਾਚਾਰ ਆਦਿ ਸ਼ੁਭ ਗੁਣਾਂ ਨਾਲ ਮਨ ਨੂੰ ਸ਼ਿੰਗਾਰਨ ਲਈ ਪ੍ਰੇਰਦੇ ਹਨ।

ਸਭਨਾਂ ਨੂੰ ਇਨ੍ਹਾਂ ਗੁਣਾਂ ਦੇ ਧਾਰਨੀ ਬਨਾਉਣ ਲਈ ਅਪਣੇ ਹਮ-ਖਿਆਲੀ ਬਨਾਉਣਾ ਬੜਾ ਕਠਨ ਕੰਮ ਹੈ। ਪਰ ਗੁਰੂ ਸਾਹਿਬ ਸਰਬਤ ਦਾ ਭਲਾ ਲੋਚਣ ਵਾਲੇ ਤੇ ਖਾਸ ਕਰਕੇ ਪਿਛਾੜੇ ਗਏ ਵਰਗਾਂ ਦੀ ਹਾਲਤ ਸੁਧਾਰਨ ਲਈ ਅਪਣੇ ਵਰਗੇ ‘ਗੁਰਮੁਖਾਂ ਨੂੰ ਖੋਜਣ ਵਾਸਤੇ’ ਲੰਬਿਆਂ ਪੈਂਡਿਆਂ ਤੇ ਨਿਕਲ ਤੁਰੇ। ਕੁਛ ਗੁਰਮੁਖ ਮਿਲੇ ਪਰ ਉਹ ਗੁਰਮੁਖਤਾਈ ਨੂੰ ਉਲਟ ਪਾਸੇ ਵਰਤ ਰਹੇ ਪਰਬਤਾਂ ਤੇ ਜੰਗਲਾਂ ਵਿੱਚ ਭਟਕਦੇ ਮਿਲੇ। ਉਹ ਗੁਰੂ ਸਾਹਿਬ ਦੀ ਗੁਰਮੁਖਤਾਈ ਅਤੇ ਦਲੀਲ ਦੇ ਕਾਇਲ ਤਾਂ ਜ਼ਰੂਰ ਹੋਏ ਪਰ ਹਉਮੈਂ ਵਿੱਚ ਗ੍ਰਸੇ ਹੋਣ ਕਰਕੇ ਅਪਣੀ ਸੋਚਣੀ ਤੇ ਕਾਰਗੁਜ਼ਾਰੀ ਨੂੰ ਬਦਲਣ ਤੋਂ ਮਜਬੂਰ ਦਿਸੇ। ਕੁਛ ਪਹਿਲਾਂ ਹੋ ਚੁੱਕੇ ਸਤਿਕਾਰਯੋਗ ਭਗਤਜਨਾਂ ਦੇ ਕੇਂਦਰਾਂ ਤੇ ਪੁੱਜ ਕੇ ਉਨ੍ਹਾਂ ਭਗਤ ਜਨਾਂ (ਭਾਵੇਂ ਉਹ ਅਖੌਤੀ ਨੀਂਵੀਂ ਜਾਤ ਜਾ ਹੋਰ ਤੇ ਹੋਰ ਮੱਤ ਦੇ ਸਨ) ਦੇ ਕੀਮਤੀ ਬਚਨ ਜੋ ਗੁਰੂ ਸਾਹਿਬ ਦੇ ਵਿਚਾਰਾਂ ਨਾਲ ਮਿਲਦੇ ਸਨ, ਇਸ ਕਰਕੇ ਨਾਲ ਲੈ ਆਂਦੇ ਤਾਕਿ ਇੱਕ ਤਾਂ ਉਹ ਕੀਮਤੀ ਬਚਨ ਲੋਕਾਂ ਤੋਂ ਲੁਕੇ ਛਿਪੇ ਨਾ ਰਹਿਣ ਤੇ ਦੂਸਰੇ ਉਨ੍ਹਾਂ ਨੂੰ ਇੱਕ ਥਾਂ ਇੱਕ ਲੜੀ ਵਿੱਚ ਪਰੋ ਕੇ ਸ਼ਬਦ ਗੁਰੂ ਦੀ ਸ਼ਕਲ ਦਿਤੀ ਜਾ ਸਕੇ ਅਤੇ ਤੀਸਰੇ ਦੇਸ ਵਾਸੀਆਂ ਨੂੰ ਏਕਤਾ ਦਾ ਸਬਕ ਸਿਖਾਇਆ ਜਾ ਸਕੇ।

ਹਰ ਧਰਮ ਦੇ ਧਾਰਮਿਕ ਕੇਂਦਰਾਂ ਤੇ ਖਾਸ ਕਰ ਕੇ ਪੁੱਜੇ। ਸ੍ਰੀ ਹਰਿਦੁਆਰ ਵਿਖੇ ਪਿਤਰਾਂ ਨੂੰ ਪਾਣੀ ਦੇਣ, ਜਗਨ ਨਾਥ ਪੁਰੀ ਵਿਖੇ ਆਰਤੀ ਸੰਬੰਧੀ ਆਦਿ ਕਥਾਵਾਂ ਸੰਸਾਰ ਪ੍ਰਸਿਧ ਹਨ ਜਿਨ੍ਹਾਂ ਰਾਹੀਂ ਇਹ ਧਰਮ ਕਰਮ ਕਰਨ ਕਰਵਾਉਣ ਵਾਲਿਆਂ ਨੂੰ ਇਨ੍ਹਾਂ ਦਿਖਾਵੇ ਦੇ ਪੂਜਾ ਪਾਠ, ਰਸਮਾਂ ਆਦਿ ਅਤੇ ਸੋਚਣੀ ਨੂੰ ਬੜੇ ਸਰਲ ਅਤੇ ਇੱਕ ਕਾਮਲ ਉਸਤਾਦ ਦੇ ਰੂਪ ਵਿੱਚ ਅਸਲੀਅਤ ਦਾ ਦਰ ਦਿਖਾਇਆ। ਇਸੇ ਤਰਾਂ ਮੱਕਾ ਤੇ ਬਗਦਾਦ ਆਦਿ ਕਥਾਵਾਂ ਭੀ ਕਾਫੀ ਪ੍ਰਸਿਧ ਹਨ। ਜਿੱਥੇ ਗੁਰੂ ਸਾਹਿਬ ਨੇ ਰੱਬ ਜੀ ਦੀ ਸਰਬ – ਵਿਆਪਕਤਾ, ਸ਼ੁਭ ਅਮਲਾਂ, ਮਿਹਰ ਦੀ ਮਸੀਤ, ਸਿਦਕ ਦਾ ਮਸੱਲਾ ਵਿਛਾ ਕੇ ਸਚਾਈ, ਈਮਾਨਦਾਰੀ, ਬੰਦਗੀ, ਸਾਫਦਿਲੀ ਤੇ ਸਿਫਤ ਦੀਆਂ ਪੰਜ ਨਿਮਾਜ਼ਾਂ ਪੜ੍ਹਨੀਆਂ ਦੱਸੀਆਂ। ਕੈਸੀ ਅਮਲੀ ਤੌਰ ਤੇ ਸੱਚ ਦੀ ਫਤਿਹ ਸੀ! ਗੁਰੂ ਸਾਹਿਬ ਦਾ ਰਹਿਮ ਨਾਲਾ ਭਰਿਆ ਸਰਬੱਤ ਦੇ ਭਲੇ ਦੀ ਸੋਚਣੀ ਤੇ ਅਧਾਰਤ ਨਰਮ ਦਿਲ ਕੁੱਝ ਖਿਲਰੇ ਪਲਰੇ ਕੁਰਾਹੇ ਪਏ ਵਿਅਕਤੀਆਂ ਨੂੰ ਜਮਾਂ ਦੀ ਮਾਰ ਦੇ ਸ਼ਿਕਾਰ ਨਾ ਸੀ ਹੋਣ ਦੇਣਾ ਚਾਹੁੰਦੇ। ਉਹ ਉਚੇਚੇ ਤੌਰ ਤੇ ਸੱਜਣ ਨੂੰ ਠੱਗ ਦੀ ਥਾਂ ਅਸਲੀ ਅਰਥਾਂ ਵਿੱਚ ਸੱਜਣ ਬਣਨ, ਕੌਡੇ ਭੀਲ ਨੂੰ ਰਾਕਸ਼ (ਰਾਕਸ਼ ਉਸਨੂੰ ਕਿਉਂ ਬਣਨਾ ਪਿਆ ਇੱਕ ਲੰਬੀ ਦਾਸਤਾਨ ਦਾ ਭਾਗ ਹੈ) ਵਿਰਤੀ ਦੀ ਥਾਂ ਪਿਆਰ ਤੇ ਮਿਤਰਤਾ ਨਿਭਾਉਣ, ਤਾਂਤ੍ਰਕ ਸਾਧੂਆਂ, ਨੂਰ ਸ਼ਾਹ ਵਰਗੀ ਜਾਦੂਗਰਨੀ ਅਤੇ ਕੁਰਾਹੇ ਪਏ ਹਮਜ਼ਾ ਗੌਸ ਆਦਿ ਨੂੰ ਅਸਲੀਅਤ ਦਾ ਪੱਲਾ ਫੜਨ ਅਤੇ ਤਿਹਾਏ ਹੰਕਾਰੀ ਵਲੀ ਕੰਧਾਰੀ ਨੂੰ ਪਿਆਰ ਜਲ ਪਿਲਾ ਕੇ ਸ਼ਾਂਤ ਕਰਨ ਗਏ। ਇਹ ਹੈ ਪਿਆਰ ਦੇ ਦੇਵਤੇ ਦੀ ਭੁਲੇ ਭਟਕਿਆਂ, ਕੁਰਾਹੇ ਪਿਆਂ, ਨਿਮਾਣਿਆਂ ਨਿਤਾਣਿਆਂ ਤੇ ਲਿਤਾੜੇ ਗਏ ਕਰੋੜਾਂ ਨੂੰ ਗਲਵਕੜੀ ਵਿੱਚ ਲੈਕੇ ਬੁਝੀਆਂ ਆਸਾਂ ਉਮੀਦਾਂ ਨੂੰ ਜਗਾ ਕੇ ਅਸਲੀ ਜੀਵਨ ਜੀਉਣ ਦੀ ਦਿਤੀ ਗਈ ਜੀਵਨ ਬੂਟੀ। ਪਰ ਇਹ ਜੀਵਨ ਬੂਟੀ ਦੇਣ ਦਾ ਢੰਗ ਭੀ ਉਨ੍ਹਾਂ ਦਾ ਨਿਰਾਲਾ ਸੀ। ਉਹ ਕਿਸੇ ਦੀ ਸੋਚ ਤੇ ਵਾਧੂ ਭਾਰ ਨਹੀਂ ਸੀ ਪਾਉਂਦੇ ਸਗੋਂ ਉਹ ਸੰਬੰਧਤ ਲੋਕਾਂ ਨੂੰ ੳਨ੍ਹਾਂ ਦੇ ਕੰਮਾਂ ਕਾਰਾਂ ਰਾਹੀਂ ਜੀਵਨ ਜਾਚ ਸਿਖਾੳਂਦੇ ਸਨ। ਤਾਹੀਂਓ ਤਾਂ ਉਨ੍ਹਾਂ ਦੀ ਸਿਖਿਆ ਹਰ ਇੱਕ ਵਿਅਕਤੀ ਦੇ (ਭਾਵੇਂ ਉਹ ਕਿਸਾਨ, ਮਜ਼ਦੂਰ, ਸੁਨਿਆਰ, ਪੰਡਤ, ਜੋਗੀ, ਕਾਜ਼ੀ, ਮੁੱਲਾਂ, ਰਾਜਾ ਆਦਿ ਕੋਈ ਭੀ ਸੀ) ਅਨੁਸਾਰ ਹੈ ਉਹ ਭੀ ਸਦਾ ਲਈ। ਇਸ ਕਰਕੇ ਹੀ ਭਾਈ ਗੁਰਦਾਸ ਜੀ ਕਹਿੰਦੇ ਹਨ, “ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ।” ਕਿਉਂਕਿ ਐਸੀ ਵਡਮੁੱਲੀ ਸਿੱਖਿਆ, ਜੋ ਉਨ੍ਹਾਂ ਨੂੰ “ਬੁਲਾਇਆ ਬੋਲੀ ਖਸਮ ਦਾ॥” ਅਨੁਸਾਰ ਸਿੱਧੀ ਪ੍ਰਮੇਸਰ ਵਲੋਂ ਮਿਲੀ ਹੋਈ ਸੀ, ਉਨ੍ਹਾਂ ਨੇ ਪ੍ਰਮੇਸਰ ਦਾ ਢਾਡੀ ਤੇ ਹੁਕਮੀ ਬੰਦਾ ਬਣ ਕੇ ਦਿੱਤੀ। ਇਸੇ ਕਰਕੇ ਐਸੀ ਸਿੱਖਿਆ ਫੁੱਲਾਂ ਦੀ ਸੁਗੰਧੀ ਵਾਂਗ ਫੈਲਦੀ ਜਾਂਦੀ। ਤਾਂਹੀਂਓ ਤਾਂ ੳਨ੍ਹਾਂ ਨੇ ਤੜਪਦੀ ਦੁਨੀਆਂ ਨੂੰ ਠਾਰਨ ਲਈ ਜੰਗਲਾਂ, ਪਰਬਤਾਂ, ਰੇਗਿਸਤਾਨਾਂ, ਨਦੀਆਂ, ਦਰਿਆਵਾਂ, ਸਮੁੰਦਰਾਂ, ਸ਼ਹਿਰਾਂ, ਪਿੰਡਾਂ, ਗਲੀਆਂ, ਬਜ਼ਾਰਾਂ ਅਤੇ ਹਰ ਤਰਾਂ ਦੇ ਬਿਖੜੇ ਪੈਂਡੇ ਝਾਗਣ ਤੇ ਤੈ ਕਰਨ ਵਿੱਚ ਰੱਬ ਜੀ ਮਾਲਕ ਦੀ ਖੁਸ਼ੀ ਸਮਝੀ।

ਆਖਰੀ ਉਮਰ ਵਿੱਚ ਉਨ੍ਹਾਂ ਨੇ ਅਮਲੀ ਕਰਮ ਯੋਗੀ ਬਣ ਕੇ ਖੇਤੀ ਕਰਕੇ ਉਹ ਵਡਮੁੱਲੇ ਸਬਕ ਸਿਖਾਏ ਜੋ ਸਿੱਖੀ ਮਾਰਗ ਦੇ ਥੰਮ੍ਹ ਹੋਣ ਦੇ ਨਾਲ ਨਾਲ ਦੁਨੀਆਂ ਨੂੰ ਕਈ ਤਰਾਂ ਦੀਆਂ ਔਕੜਾਂ ਦਾ ਹੱਲ ਪ੍ਰਦਾਨ ਕਰਦੇ ਤੇ ਕਰ ਸਕਦੇ ਹਨ। ਕਿਰਤ ਕਰਨਾ ਤੇ ਵੰਡ ਛਕਣਾ ਅੱਜ ਕਲ ਦੀ ਦੁਨੀਆਂ ਦੀ ਮੰਦਹਾਲੀ ਨੂੰ ਦੂਰ ਕਰਨ ਵਿੱਚ ਸੌ ਫੀ ਸਦੀ ਸਹਾਈ ਹੋ ਸਕਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਰਾਹੀਂ ਰੱਬ ਜੀ ਭਾਵ ‘ਪਿਉ ਦਾਦੇ ਦੇ ਖਜ਼ਾਨੇ’ ਨੂੰ ਰਲ ਮਿਲ ਕੇ ਵਰਤਣ ਦੀ ਹੀ ਲੋੜ ਹੈ। ਤੀਸਰੇ ਨਾਮ ਜਪਣ ਭਾਵ ਰੱਬ ਜੀ ਦੀ ਯਾਦ ਦੁਆਰਾ ਨਿਰਭਉ, ਨਿਰਵੈਰ ਬਣ ਕੇ ਜਤ, ਸਤ, ਦਇਆ, ਸੰਤੋਖ, ਨਿਮਰਤਾ ਮਿਠੱਤ, ਹਮਦਰਦੀ, ਸੇਵਾ, ਪਰਉਪਕਾਰ, ਕੁਰਬਾਨੀ ਆਦਿ ਵਰਗੇ ਸਦਾਚਾਰਕ ਗੁਣ ਗ੍ਰਹਿਣ ਕੀਤੇ ਜਾਂਦੇ ਹਨ। ਇਹ ਗੁਣ ਬੰਦੇ ਨੂੰ “ਏਕ ਪਿਤਾ ਏਕਸ ਕੇ ਹਮ ਬਾਰਿਕ॥” (ਪੰ. 611) ਤੇ “ਨਾ ਕੋਈ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥” (ਪੰ. 1299) ਦੇ ਧਾਰਨੀ ਬਣਾ ਦਿੰਦੀ ਹੈ। ਇਥੋਂ ਹੀ ਫਿਰ “ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ॥” ਦੀ ਅਰਦਾਸ ਮਨਾਂ ਵਿਚੋਂ ਮੱਲੋ ਮੱਲੀ ਨਿਕਲਦੀ ਹੈ। ਇਹ ਫਿਰ ਪੰਗਤ ਤੇ ਸੰਗਤ ਦਾ ਅਮਲੀ ਰੂਪ ਧਾਰ ਲੈਂਦੀ ਹੈ। ਅੰਤ ਇਹ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤ॥” (ਪੰ. 522) ਜੀਵਨ ਮੁਕਤ ਦੀ ਪਦਵੀ ਪ੍ਰਾਪਤ ਕਰਵਾ ਦਿੰਦੀ ਹੈ।

ਸੁਹਣਾ ਤੇ ਸੁਚੱਜਾ ਜੀਵਨ ਜੀਉਣ ਦੀ ਸਰਬ-ਪੱਖੀ ਤੇ ਸਰਬ-ਸਾਂਝੀ ਸਿਖਿਆ ਹਰ ਖੇਤਰ ਵਿੱਚ ਵਿਚਰਨ ਵਾਲੇ ਹਰ ਬੰਦੇ ਲਈ ਬਿਨਾਂ ਦੂਈ ਦਵੈਸ਼ ਮੌਜੂਦ ਹਨ। ਸਿਰਫ ਉਸਤੇ ਅਮਲ ਕਰਕੇ ਲਾਭ ਉਠਾੳਣ ਲਈ ਉਪਰਾਲੇ ਦੀ ਲੋੜ ਹੈ।

ਅੰਤ ਵਿੱਚ ਉਨ੍ਹਾਂ ਦੀ ਖਾਸ ਤੇ ਵਡਮੁੱਲੀ ਦੇਣ ਇੱਕ ਸਮਾਜਿਕ ਤੇ ਦੂਸਰੀ ਵਿਗਿਆਨਿਕ ਤੇ ਮਨੋਵਿਗਿਆਨਿਕ ਹੈ, ਦਾ ਵਰਨਣ ਜ਼ਰੂਰੀ ਹੈ। ਪਹਿਲੇ, ਅਖੌਤੀ ਪਿਛਾੜੀਆਂ ਜਾਤੀਆਂ ਦੇ ਹੱਕ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਪੈਗੰਬਰ ਅਵਤਾਰ, ਰਿਸ਼ੀ ਮੁਨੀ, ਫਲਾਸਫਰ ਆਦਿ ਨੇ ਕੁਛ ਕਰਨਾ ਤਾਂ ਇੱਕ ਪਾਸੇ, ਕੁਛ ਬੋਲਣ ਬਾਰੇ ਭੀ ਨਹੀਂ ਸੋਚਿਆ ਸੀ, ਉਨ੍ਹਾਂ ਵਲੋ ਸਿਰਫ ਰਾਜਕੁਮਾਰਾਂ ਨੂੰ ਰਾਜ ਕਰਨ ਬਾਰੇ ਸਿਖਿਆ ਬਾਰੇ ਹੀ ਸਮਗਰੀ ਮਿਲਦੀ ਹੈ। ਹਾਂ ਕੁਛ ਭਗਤ ਜਨਾਂ (ਭਗਤ ਸਾਹਿਬਾਨ ਸ੍ਰੀ ਕਬੀਰ ਜੀ, ਸ੍ਰੀ ਨਾਮਦੇਵ ਜੀ, ਸ੍ਰੀ ਰਵਿਦਾਸ ਜੀ) ਨੇ ਕਾਫੀ ਇਨਕਲਾਬੀ ਬੋਲ ਬੋਲੇ। ਪਰ ਇੱਕ ਤਾਂ ਇਹ ਅਖੌਤੀ ਨੀਵੀਂ ਜਾਤੀਆਂ ਦੇ ਹੋਣ ਕਰਕੇ ਕਿਸੇ ਨੇ ਉਨ੍ਹਾਂ ਦੀ ਕੋਈ ਪਰਵਾਹ ਹੀ ਨਾ ਕੀਤੀ, ਦੂਸਰੇ ਭਗਤ ਜਨਾਂ ਵਲੋਂ ਕੋਈ ਜਥੇਬੰਦਕ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਦੀਆਂ ਵਡਮੁੱਲੀ ਵਿਚਾਰਾਂ ਦੀ ਕੋਈ ਲਾਭਦਾਇਕ ਵਰਤੋਂ ਹੀ ਨਾ ਹੋ ਸਕੀ। ਪਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਅਖੌਤੀ ਪਿਛਾੜੀਆਂ ਜਾਤੀਆਂ ਦੀ ਵਾਂਹ ਫੜ ਕੇ ਉਨ੍ਹਾਂ ਨੂੰ ਸ੍ਰਦਾਰਾਂ ਦੇ ਭੀ ਸ੍ਰਦਾਰ ਬਨਾਉਣ ਦਾ ਬਾਨ੍ਹਣੂੰ ਬੰਨ੍ਹਣਾ ਸੀ ਇਨ੍ਹਾਂ ਸਤਿਕਾਰਯੌਗ ਭਗਤ ਜਨਾਂ ਦੇ ਵਿਚਾਰ ਅਜਾਈਂ ਜਾਣ ਤੋਂ ਵਚਾ ਕੇ ਅਪਣੇ ਕੋਲ ਲਿਆ ਕੇ ਪੋਥੀ ਵਿੱਚ ਸੁਰੱਖਿਅਤ ਕਰ ਲਏ ਤਾਕਿ ਸਮੇਂ ਸਿਰ ਵਰਤੇ ਜਾ ਸਕਣ। ਸੋ ਕਿਸੇ ਪੱਖ ਪਾਤ ਤੋਂ ਬਿਨਾਂ ਅਖੌਤੀ ਪਿਛਾੜੀਆਂ ਜਾਤੀਆਂ ਦੀ ਬਾਂਹ ਫੜਨ ਵਾਲਾ ਹੀ ਨਹੀਂ ਉਨ੍ਹਾਂ ਨੂੰ ਮਨੁੱਖੀ ਹੱਕ ਪ੍ਰਾਪਤ ਕਰਨ ਅਤੇ ਉਨ੍ਹਾਂ ਹੱਕਾਂ ਨੂੰ ਹਿੱਕ ਡਾਹ ਕੇ ਸੰਭਾਲਣ ਦੀ ਸ਼ਕਤੀ ਦੇ ਮਾਲਕ ਬਨਾਉਣ ਵਾਲਾ ਅਸਲੀ ਰਹਿਬਰ ਗੁਰੂ ਨਾਨਕ ਸਾਹਿਬ ਹੈ। ਅੱਜ ਭਾਵੇਂ ਦੂਸਰੇ ਕੋਈ ਲੀਡਰ ਜਾ ਮਹਾਤਮਾ ਇਸ ਸਾਰੀ ਗੱਲ ਦਾ ਸਿਹਰਾ ਅਪਣੇ ਸਿਰ ਬੰਨ੍ਹੀ ਫਿਰਦੇ ਹਨ ਜਾਂ ਉਨ੍ਹਾਂ ਸਿਰ ਬੰਨਿਆ ਜਾਂਦਾ ਹੈ।

ਦੂਸਰੀ ਵਿਗਿਆਨਿਕ ਤੇ ਮਨੋ ਵਿਗਿਆਨਿਕ ਦੇਣ ਸੰਬੰਧੀ ਤਾਂ ਉਹ ਅਜਕਲ ਦੇ ਵਿਗਿਆਨੀਆਂ ਤੇ ਮਨੋ ਵਿਗਿਆਨੀਆਂ ਨਾਲੋਂ ਬਹੁਤ ਬਹੁਤ ਅਗਾਂਹ ਹਨ। ਇਥੇ ਵਿਗਿਆਨਿਕ ਤਥਾਂ ਤੋਂ ਪਹਿਲਾਂ ਉਨ੍ਹਾਂ ਦੇ ਮਨੋ ਵਿਗਿਆਨ ਬਾਰੇ ਵਿਚਾਰ ਜ਼ਰੂਰੀ ਹੈ। ਕਿਉਂਕਿ ਉਨ੍ਹਾਂ ਨੇ ਜੋ ਮਨੋ ਵਿਗਿਆਨ ਦੀਆਂ ਗੱਲਾਂ ਕੀਤੀਆਂ ਹਨ, ਉਨ੍ਹਾਂ ਨੂੰ ਪਹਿਲਾਂ ਆਪ ਵਰਤਿਆ ਅਤੇ ਉਨ੍ਹਾਂ ਰਾਹੀਂ ਜੋ ਮਨੋ ਵਿਗਿਆਨ ਤੇ ਵਿਗਿਆਨ ਦੇ ਤੱਥਾਂ ਦਾ ਵਰਨਣ ਕੀਤਾ ਉਹ ਦੋਹਾਂ ਨੂੰ ਬਹੁਤ ਪਿਛਾਂਹ ਛੱਡ ਜਾਂਦੇ ਹਨ। Sigmund Freud ਵਰਗੇ ਮਨੋ ਵਿਗਿਆਨੀ ਹੰਕਾਰ, ਕਾਮ, ਕਰੋਧ ਆਦਿ ਬਿਰਤੀਆ (instincts) ਨੂੰ (sublimate) ਵੱਸ ਵਿੱਚ ਕਰਨ ਲਈ ਡੇਢ ਕੁ ਸੌ ਸਾਲ ਤੋਂ ਕਹਿ ਰਹੇ ਹਨ (ਭਾਵੇਂ ਉਨ੍ਹਾਂ ਨੇ ਇਨ੍ਹਾਂ ਨੂੰ ਆਪ ਵੱਸ ਵਿੱਚ ਨਹੀਂ ਕੀਤਾ ਲਗਦਾ ਨਹੀਂ ਤਾਂ ਗੁਰੂ ਸਾਹਿਬ ਵਾਂਗ ਉਹ ਹੋਰ ਬਹੁਤ ਕੁਛ ਦੁਨੀਆਂ ਦੇ ਪੱਲੇ ਪਾ ਸਕਦੇ ਸਨ) ਪਰ ਗੁਰੂ ਸਾਹਿਬ ਨੇ ਪੰਜ ਸੌ ਸਾਲ ਪਹਿਲਾਂ ਹੀ ਇਨ੍ਹਾਂ ਨੂੰ ਵੱਸ ਕਰਨ ਅਤੇ ਇਨ੍ਹਾਂ ਨੂੰ ਵਸ ਕਰਕੇ ਜੋ ਪ੍ਰਾਪਤੀ ਕੀਤੀ ਉਸ ਬਾਰੇ ਭੀ ਵਿਸਥਾਰ ਸਹਿਤ ਵਰਨਣ ਕਰ ਦਿੱਤਾ ਹੋਇਆ ਹੈ।

ਕਾਮ, ਕਰੋਧ, ਅਹੰਕਾਰ ਆਦਿ ਹਰ ਬੰਦੇ ਵਿੱਚ ਹੋਣੇ ਜ਼ਰੂਰੀ ਹਨ। ਪਰ ਇਨ੍ਹਾਂ ਦੀ ਵਰਤੋਂ ਕੋਈ ਕਿਵੇਂ ਕਰਦਾ ਹੈ, ਉਸ ਰਾਹੀਂ ਹੀ ਉਸਦੀ ਥੋੜੀ ਤੋਂ ਲੈ ਕੇ ਵੱਧ ਤੋਂ ਵੱਧ ਪ੍ਰਾਪਤੀ ਦਾ ਦਾਰੋਮਦਾਰ ਹੈ। ਜਿੱਥੇ ਬੰਦੇ ਦੇ ਸਰੀਰ ਵਿੱਚ ਇਨ੍ਹਾਂ ਬਿਰਤੀਆਂ ਦਾ ਵਾਸਾ ਹੈ, ਉਥੇ ਸ੍ਰਿਸਟੀ ਦੀ ਸਾਜਨਾ ਕਰਨ ਵਾਲੇ ਪ੍ਰਭੂ ਦੀ ਜੋਤਿ ਭੀ ਮੌਜੂਦ ਹੈ ਜਿਵੇਂ, “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥” (ਪੰ. 13) ਅਤੇ “ਧਨ ਪਿਰ ਕਾ ਇੱਕ ਹੀ ਸੰਗਿ ਵਾਸਾ ਵਿਚਿ ਹੳੇੁਮੈ ਭੀਤਿ ਕਰਾਰੀ॥” (ਪੰ. 1263)। ਇਹ ‘ਹਉਮੈ ਭੀਤਿ ਕਰਾਰੀ’ ਸ਼ਬਦ ਖਾਸ ਧਿਆਨ ਮੰਗਦੇ ਹਨ। ਭਾਵ ਇਹ ਹਉਮੈਂ (ਹੰਕਾਰ) ਦੀ ਕੰਧ ਪੜਦੇ ਵਾਂਗ ਜੀਵ ਅਤੇ ਰੱਬ ਜੀ ਵਿਚਕਾਰ ਖੜੀ ਹੈ ਜੋ ਆਤਮਾ ਜਾ ਆਪੇ ਨੂੰ ਪ੍ਰਮਾਤਮਾਂ ਤੋਂ ਵਿਛੋੜਨ ਦਾ ਕਾਰਨ ਹੈ। ਸੋ ਗੁਰੂ ਸਾਹਿਬ “ਮਨਿ ਜੀਤੈ ਜਗੁ ਜੀਤੁ॥” (ਪੰ. 6) ਇਸ ਦਾ ਹੱਲ ਦੱਸ ਕੇ “ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸਥਾਇ॥” ਆਪਾ ਪਛਾਨਣ ਵਾਸਤੇ ਕਹਿੰਦੇ ਹਨ ਜੋ ਕਿ ਹਉਮੈ ਨੂੰ ਭਾਵ ਮਨ ਦੀ “ਮੈ” ਨੂੰ ਮਾਰਕੇ “ਹਉਮੈ ਜਾਈ ਤਾਂ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵਨਿਧ ਪਾਈ॥” (ਪੰ. 750) ਆਪੈ ਦੀ ਪਛਾਣ ਰਾਹੀਂ ਪ੍ਰਭੂ ਦੀ ਜੋਤ ਮਹਿਸੂਸ ਕੀਤੀ ਜਾ ਸਕਦੀ ਹੈ। ਨਹੀਂ ਤਾਂ ਗੁਰੂ ਜੀ ਕਹਿੰਦੇ ਹਨ ਕਿ ਬੰਦਾ ਪਸ਼ੂ ਬਰਾਬਰ ਹੈ, “ਮੂਲ ਨ ਬੂਝਹਿ ਆਪਣੀ ਸੇ ਪਸੂਆ ਸੇ ਢੋਰ ਜੀਓ॥” (ਪੰ. 751) ਹੁਉਮੈਂ ਨੂੰ ਮਾਰਕੇ ਜਦ ਬੰਦਾ ਰੱਬ ਜੀ ਦੀ ਜੋਤ ਨੂੰ ਮਹਿਸੂਸ ਕਰਦਾ ਹੈ, ਭਾਵ ਰੱਬ ਜੀ ਨੂੰ ਅਪਣੇ ਨਾਲ ਅਨੁਭਵ ਕਰਦਾ ਹੈ ਤਾਂ ਉਸ ਬੰਦੇ ਨੂੰ “ਮੰਨੇ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥” (ਪੰ. 3) ਅਨੁਸਾਰ ਸਾਰੇ ਵਿਸ਼ਵ ਦੀ ਖਬਰ ਹੋ ਜਾਂਦੀ ਹੈ। ਪਰ ਜੋ ਕਾਮ, ਕਰੋਧ, ਲੋਭ, ਮੋਹ, ਹੰਕਾਰ, ਪੰਜਾਂ ਹੀ ਤਾਕਤਵਰ ਬਿਰਤੀਆਂ ਵਸ ਕਰ ਲੈਂਦਾ ਹੈ ਤਾਂ ਉਸਦੇ ਸਰੀਰ ਨੂੰ ਪ੍ਰਮਾਤਮਾ ਅਪਣਾ ਘਰ ਹੀ ਬਣਾ ਲੈਂਦਾ ਹੈ ਤੇ ਉਹ ਸਰੀਰ ਬਹੁਤ ਵੱਡੀ ਪੁਲਾੜ ਨੀਝ ਸ਼ਾਲਾ (Observatory) ਬਣ ਜਾਂਦਾ ਹੈ। ਪਰ ਇਹ ਅਵਸਥਾ ਗੁਰੂ ਸਾਹਿਬਾਨ ਵਰਗਿਆਂ ਦੀ ਹੀ ਹੋ ਸਕਦੀ ਹੈ ਤੇ ਇਹ ਹੀ ਅਵਸਥਾ ਗੁਰੂ ਨਾਨਕ ਸਾਹਿਬ ਜੀ ਦੀ ਸੀ। ਸੋ ਉਨ੍ਹਾਂ ਨੇ ਇਸ ਅਵਸਥਾ ਵਿੱਚ ਹੁੰਦਿਆਂ (ਵਿਗਿਆਨੀ ਇਹ ਅਵਸਥਾ ਨਹੀਂ ਪ੍ਰਾਪਤ ਕਰ ਸਕਦੇ) “ਧਰਤੀ ਹ+ਰ ਪਰੈ ਹੋਰ ਹ+ਰ॥ ਤਿਸਤੇ ਭਾਰੁ ਤਲੈ ਕਵਣੁ ਜੋਰ॥”, “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥”, “ਦਿਨ ਰਵ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥”, “ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥”, “ਭੈ ਵਿਚਿ ਸੂਰਜ ਭੈ ਵਿਚਿ ਚੰਦ॥ ਕੋਹ ਕਰੋੜੀ ਚਲਤ ਨ ਅੰਤੁ॥”, “ਪਸਰੀ ਕਿਰਣਿ ਰਸ ਕਮਲ ਬਿਗਾਸੇ ਸਸਿ ਘਰਿ ਸੂਰ ਸਮਾਇਆ॥” ਹੋਰ ਮੱਤਾਂ ਦੇ ਆਗੂਆਂ ਨੇ ਸੰਸਾਰ ਦੇ ਅਰੰਭ ਹੋਣ ਵਾਲੇ ਕਈ ਤਰਾਂ ਦੀਆਂ ਕਿਆਸ ਆਰਾਈਆਂ (ਅੰਦਾਜੇ) ਕੀਤੀਆਂ ਹੋਈਆਂ ਸਨ। ਪਰ ਗੁਰੂ ਸਾਹਿਬ ਨੇ ਸਾਫ ਕਹਿ ਦਿੱਤਾ ਕਿ ਸ੍ਰਿਸਟੀ ਦੀ ਸਾਜਨਾ ਬਾਰੇ ਪ੍ਰਮਾਤਾਮਾ ਆਪ ਜੀ ਜਾਣਦਾ ਹੈ, ਹੋਰ ਕੋਈ ਕੁਛ ਨਹੀ ਜਾਣਦਾ ਜਾ ਜਾਣ ਸਕਦਾ ਇੱਥੇ ਤੱਕ ਕਿ ਵਿਗਿਆਨੀ ਭੀ ਨਹੀਂ। “ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥” (ਪੰ. 3)

ਮਨੋ ਵਿਗਿਆਨ ਅਤੇ ਵਿਗਿਆਨ ਬਾਰੇ ਵਿਚਾਰ ਗੁਰੂ ਸਾਹਿਬ ਨੇ ਉਸ ਸਮੇਂ ਪੇਸ਼ ਕੀਤੇ ਜਦੋ ਧਾਰਮਿਕ ਆਗੂ ਅੰਧ ਵਿਸ਼ਵਾਸ ਦੇ ਸ਼ਿਕਾਰ ਧਰਤੀ, ਸੂਰਜ, ਚੰਦ ਤੇ ਤਾਰਿਆਂ ਨੂੰ ਕਿਸੇ ਹੋਰ ਰੂਪ ਵਿੱਚ ਲੈਂਦੇ ਸਨ। ਉਹ ਗੁਰੂ ਸਾਹਿਬ ਜਾ ਕਿਸੇ ਵਿਗਿਆਨੀ ਨੂੰ ਜੋ ਇਨ੍ਹਾਂ ਗ੍ਰਿਹਾਂ ਬਾਰੇ ਗੁਰੂ ਸਾਹਿਬ ਵਰਗੇ ਵਿਚਾਰ ਪੇਸ਼ ਕਰਦਾ ਸੀ, ਕੁਰਾਹੀਆ ਕਹਿੰਦੇ ਤੇ ਸਖਤ ਤੋਂ ਸਖਤ ਸਜ਼ਾ ਦੇਣ ਦਾ ਫਤਵਾ ਦੇ ਦਿੰਦੇ ਸਨ। ਵਿਗਿਆਨ ਦੇ ਇਨ੍ਹਾਂ ਵਿਚਾਰਾਂ, ਕਿ ਲੱਖਾਂ ਹੀ ਧਰਤੀਆਂ, ਸੂਰਜ ਚੰਦ ਹਨ ਤੇ ਸਾਰੇ ਗਰਦਿਸ਼ ਵਿੱਚ ਹਨ ਤੇ ਚੰਦ ਸੂਰਜ ਤੋਂ ਰੌਸ਼ਨੀ ਲੈਂਦਾ ਹੈ ਆਦਿ ਦੇ ਨਾਲ ਵੱਡੇ ਧਮਾਕੇ (Big Bang) ਅਤੇ ਵਿਕਾਸ ਸਿਧਾਂਤ (Evolution Theory) ਬਾਰੇ ਵਿਚਾਰ “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰਿਆਉ॥” (ਪੰ. 3) “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰ. 19) ਨੂੰ ਮੁਖ ਰਖ ਕੇ ਪੂਰੇ ਵਿਸ਼ਵਾਸ਼ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਅਪਣੇ ਸ੍ਰੀਰਕ ਪੁਲਾੜ-ਨੀਝ-ਸਾਲਾ (Observatory) ਰਾਹੀਂ ਪੁਲਾੜ ਦਾ ਪੂਰਾ ਅਧਿਐਨ ਕੀਤਾ ਹੋਇਆ ਸੀ। ਪਰ ਉਹਨਾਂ ਨੇ ਅਪਣੀ ਬਾਣੀ ਵਿੱਚ ਇੰਨਾ ਕੁ ਹੀ ਦੱਸਿਆ ਹੈ ਜਿਸ ਰਾਹੀਂ ਲੋਕ ਭਲਾਈ ਹੋ ਸਕੇ ਅਤੇ ਜਾਨ ਬੁਝ ਕੇ ਕਈ ਹੋਰ ਗੱਲਾਂ ਦਾ ਜ਼ਿਕਰ ਨਹੀਂ ਕੀਤਾ, ਤਾਕਿ ਲੋਕੀਂ ਭੁਲੇਖੇ ਵਿੱਚ ਨਾ ਪੈ ਜਾਨ। ਪਰਉਪਕਾਰੀ ਗੁਰੂ ਸਰਬੱਤ ਦਾ ਭਲਾ ਹਰ ਪੱਖੋਂ ਕਰਨ ਲਈ ਹੀ ਤਾਂ ਪ੍ਰਗਟ ਹੋਏ ਸਨ। ਸੋ ਉਨ੍ਹਾਂ ਨੇ ਲਿਤਾੜੇ ਪਿਛਾੜੇ ਲੋਕਾਂ ਨੂੰ ਸ੍ਰਦਾਰੀਆਂ ਬਖਸ਼ਣ, ਇਸਤਰੀ ਜਾਤੀ ਨੂੰ ਢੁਕਵੇਂ ਅਧਿਕਾਰ ਦਿਵਾਣ, ਹੁਕਮਰਾਨਾਂ ਨੂੰ ਇਨਸਾਫ ਪਸੰਦ ਬਣਨ, ਕੁਰਾਹੇ ਪਿਆਂ ਧਰਮਿਕ ਆਗੂਆਂ ਨੂੰ ਰੱਬ ਜੀ ਦੇ ਸੱਚੇ ਸੁੱਚੇ ਸੇਵਾਦਾਰ ਬਣਨ ਦੀ ਸਿਖਿਆ ਰਾਹੀਂ ਸਭ ਨੂੰ ਸਿੱਧੇ ਰਾਹੇ ਪਾਕੇ ਉਨ੍ਹਾਂ ਦੇ ਹਲਤ ਪਲਤ ਸਵਾਰਨ ਵਿੱਚ ਭਲਾ ਕੀਤਾ ਅਤੇ ਮਨੋ ਵਿਗਿਆਨੀਆਂ ਤੇ ਵਿਗਿਆਨੀਆਂ ਦੀਆਂ ਅਗਾਂਹ ਖੋਜਾਂ ਲਈ ਰਾਹ ਬੜਾ ਅਸਾਨ ਬਣਾ ਦਿਤਾ ਤਾਕਿ ਉਨ੍ਹਾਂ ਦੀਆਂ ਖੋਜਾਂ ਪਰਉਪਕਾਰ ਲਈ ਵਰਤੀਆਂ ਜਾ ਸਕਣ ਇਸ ਗੁਰਵਾਕ ਅਨੁਸਾਰ, “ਵਿਦਿਆ ਵੀਚਾਰੀ ਤਾ ਪਰ ਉਪਕਾਰੀ॥” (ਪੰ. 356)




.