.

ਗੁਰਬਾਣੀ ਦਾ ਸਾਰ ਉਪਦੇਸ਼

ਨਾਮ ਜਪਣਾ

ਗੁਰਮਤਿ ਜੁਗਤੀ ਨਾਲ ਗੁਰਸਬਦੁ, ਗੁਰਕਾ ਸਬਦ, ਗੁਰਮੰਤ੍ਰ ਨਾਮ ਦਾ ਜਪ/ਸਿਮਰਨ/ਅਰਾਧਨਾਂ/ਧਿਆਨ/ ਸਿਫਤ ਸਾਲਾਹ/ਭਗਤੀ/ਬੰਦਗੀ ਗੁਰਮਤਿ ਦਾ ਸਾਰ ਉਪਦੇਸ਼ ਹੈ।

ਦਾਸ ਅਜਕਲ ਕੁੱਝ ਲੇਖ ਗੁਰਬਾਣੀ ਦਾ ਸਾਰ ਤਤ ਲਿਖਣ ਦੇ ਕੰਮ ਵਿੱਚ ਜੁਟਿਆ ਹੈ। ਇਹਨਾ ਲੇਖਾਂ ਨੂੰ ਮੁੜ ਤਰਤੀਬ ਦੇ ਕੇ ਪੁਸਤਕ ਛਪਵਾਉਣ ਦੀ ਵਿਚਾਰ ਵੀ ਹੈ। ਦਾਸ ਨੂੰ ਗੁਰਬਾਣੀ ਉਪਦੇਸ਼ ਸਮਝ ਕੇ ਤੇ ਉਪਦੇਸ਼ ਉਤੇ ਅਮਲ ਕਰਕੇ ਸਮਝ ਆਈ ਕਿ ਗੁਰਬਾਣੀ ਦਾ ਸਾਰ ਉਪਦੇਸ਼, ਗੁਰਮਤਿ ਨਾਮ/ਗੁਰਸਬਦੁ, ‘ਵਾਹਿਗੁਰੂ’ ਦਾ ਜਪ/ਸਿਮਰਨ /ਅਰਾਧਨਾਂ/ ਧਿਆਨ /ਭਗਤੀ/ ਸਿਫਤ ਸਾਲਾਹ/ਬੰਦਗੀ ਹੈ। ਸਿਖੀ ਵਿੱਚ ਪਰਵੇਸ਼ ਸਮੇਂ ਗੁਰੂ ਜੀ ਗੁਰਮੰਤ੍ਰਨਾਮੁ/ਗੁਰਸਬਦ/ਗੁਰ ਕਾ ਸਬਦ ਸਿਖ ਨੂੰ ਜਪਣ ਲਈ ਦਿੰਦੇ ਹਨ।

ਸਿਮਰਨ ਦਾ ਅਭਿਆਸ ਰਸਨਾ ਨਾਲ ਨਾਮ ਉਚਾਰ/ਜਪ ਕੇ ਤੇ ਚੁਪ ਰਹ ਕੇ ਵੀ ਕੀਤਾ ਜਾਂਦਾ ਹੈ। ਨਾਮ ਜਪ/ਸਿਮਰਨ ਦੀ ਕਿਰਿਆ ਸਰੀਰ ਦੇ ਅੰਦਰ, ਹਿਰਦੇ ਵਿੱਚ ਧਿਆਨ ਰੱਖ ਕੇ ਕੀਤੀ ਜਾਂਦੀ ਹੈ। ਇਹ ਗੁਰਮਤਿ ਭਗਤੀ ਹੈ ਜਿਸ ਨਾਲ ਹਉਮੈਂ/ਅਓਗੁਣਾਂ/ਵਿਕਾਰਾਂ ਦੀ ਮਨ ਦੀ ਮੈਲ ਧੁਲਦੀ ਹੈ, ਮਨ ਸਹਜ ਸੁਭਾਏ ਨਿਰਮਲ ਤੇ ਗੁਣਾਂ ਵਾਲਾ ਬਣਦਾ ਹੈ, ਅੰਦਰ ਵਸਦੀ ਨਾਮ ਜੋਤਿ ਗੁਪਤ ਤੋਂ ਪਰਗਟ ਹੁੰਦੀ ਹੈ, ਜੋਤੀ ਜੋਤਿ ਵਿੱਚ ਰਲ ਜਾਂਦੀ ਤੇ ਬ੍ਰਹਮ ਗਿਯਾਨ ਹੁੰਦਾ ਹੈ। ਇਹ ਪਰਮ ਪਦ ਦੀ ਅਵਸਥਾ ਵਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ।

ਗੁਰਮਤਿ ਭਗਤੀ/ਸਿਮਰਨ, ਸੁਰਤਿ/ਧਿਆਨ ਗੁਰਸਬਦ ਜਾਂ ਗੁਰਮੰਤ੍ਰ ਨਾਮ ਨੂੰ ਜਪਣ ਤੋਂ ਉਪਜੀ ਧੁੰਨ ਵਿੱਚ ਜੋੜਨਾ ਤੇ ਐਸੀ ਨਾਮ ਧੁੰਨ ਨੂੰ ਸੁਣਨਾ ਹੈ। ਗੁਰਬਾਣੀ ਅਨੁਸਾਰ ਬ੍ਰਹਮ ਗਿਆਨ ਧੁੰਨ ਵਿੱਚ ਧਿਆਨ ਤੋਂ ਉਪਜਦਾ ਹੈ। (ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਪਨਾ ੮੭੯)।

ਇਹ ਸੋਝੀ, ਸੂਝ ਬੂਝ, ਗਿਯਾਨ, ਸਾਡੀ ਬੁਧੀ ਨਾਲ ਕੀਤੀ ਗੁਰਬਾਣੀ ਵਿਚਾਰ ਤੋਂ ਪ੍ਰਾਪਤ ਨਹੀਂ ਹੋ ਸਕਦੀ। ਗੁਰਬਾਣੀ ਦੇ ਅਰਥ ਵਿਚਾਰ ਗਿਆਨ ਚਰਚਾ ਹੈ, ਪਰਚਾਰਕ ਗਿਆਨ ਦੀ ਚਰਚਾ ਕਰਦੇ ਹਨ। ਕੋਈ ਪਰਚਾਰਕ ਕਹਿੰਦਾ ਹੈ ਗੁਰਬਾਣੀ ਵਿਚਾਰ ਕਰੋ ਸਚਾ ਸੁਚਾ ਜੀਵਨ ਬਸਰ ਕਰੋ ਤੇ ਅਕਾਲ ਪੁਰਖ ਨੂੰ ਯਾਦ ਰਖੋ; ਵਾਹਿਗੁਰੂ ਨਾਮ ਜਪਨ/ਰਟਨ ਦਾ ਕੋਈ ਲਾਭ ਨਹੀਂ। ਦੂਜੇ ਕਹਿੰਦੇ ਹਨ ਨਾਮ ਜਪਨਾ ਹੀ ਗੁਰਬਾਣੀ ਦਾ ਸਾਰ ਉਪਦੇਸ਼ ਹੈ। ਗੁਰਰਬਾਣੀ ਦੇ ਟੀਕੇ, ਤੇ ਪਰਚਾਰਕ ਗੁਰਬਾਣੀ ਦੇ ਅਰਥ ਵਿਚਾਰ ਵਖ ਵਖ ਕਰਦੇ ਹਨ। ਗੁਰਮਤਿ ਅਨੁਸਾਰ ਮਨ ਬੁਧੀ ਦੀ ਵਿਚਾਰ ਸਾਨੂੰ ਸੰਸਾਰ ਵਿੱਚ ਸਚਾ ਸੁਚਾ ਜੀਵਨ ਬਸਰ ਕਰਨ ਦੇ ਨਾਲ ਗੁਰਸਬਦ/ਗੁਰਮੰਤ੍ਰ ਨਾਮ ਦੇ ਜਪ ਸਿਮਰਨ ਦਾ ਉਪਦੇਸ਼ ਵੀ ਦਿੰਦੀ ਹੈ। ਗੁਰਮਤਿ ਨਾਮ ਸਿਮਰਨ ਕਰਨ ਨਾਲ ਅਭਿਆਸੀ ਨੂੰ ਅੰਤਰਗਤ ਨਾਮ ਬਿਚਾਰ ਤੇ ਸਬਦ ਬਿਚਾਰ ਸਬਦੁ ਗੁਰੂ ਗੁਰਮੰਤ੍ਰ ਨਾਮ ਤੋਂ ਪ੍ਰਾਪਤ ਹੁੰਦੀ ਹੈ। ਆਤਮਾਂ ਪਰਮਾਤਮਾਂ ਬ੍ਰਹਮ ਦਾ ਅਨੁਭਵੀ ਗਿਆਨ ਤੇ ਸੂਝ ਬੂਝ ਗੁਰਮਤਿ ਨਾਮ ਸਿਮਰਨ ਤੋਂ ਹੀ ਹੋ ਸਕਦਾ ਹੈ। ਇਹ ਵਿਚਾਰ ਦਾਸ ਨੇ ਅਪਣੇ ਲੇਖ, ‘ਗੁਰਬਾਣੀ ਦਾ ਸਾਰ ਤਤ ਗੁਰਬਾਣੀ ਉਪਦੇਸ਼ਾ ਅਨੁਸਾਰ’ ਵਿੱਚ ਕੀਤੀ ਸੀ।

ਦਾਸ ਦਾ ਲੇਖ ਪੜ੍ਹ ਕੇ ਇੱਕ ਗੁਰਸਿਖ ਨੇ ਕੈਨੇਡਾ ਤੋਂ ਫੋਨ ਕੀਤਾ, ਅਮ੍ਰਿਤ ਵੇਲਾ ਸੀ, ਦਾਸ ਗੁਰਬਾਣੀ ਉਪਦੇਸਾਂ ਅਨੁਸਾਰ ਨਾਮ ਸਿਮਰਨ ਤੇ ਨਿਤ ਨੇਮ ਵਿੱਚ ਰੁਝਾ ਸੀ। ਉਹ ਸੱਜਣ ਗੁਰਬਾਣੀ ਸਮਝਦੇ ਸਨ ਉਹਨਾਂ ਨੇਂ ਕਿਹਾ ਮੈਂ ਭਾਈ ਸਾਹਿਬ ਸਿੰਘ ਦੇ ਟੀਕੇ ਨੂੰ ਸਭ ਤੋਂ ਵਧੀਆ ਸਮਝਦਾ ਹਾਂ। ਉਹਨਾ ਨੇ ਕੁੱਝ ਸਵਾਲ ਕੀਤੇ ਤੇ ਅਪਨੀ ਗੁਰਬਾਣੀ ਦੀ ਸਮਝ ਤੋਂ ਜਾਨੂੰ ਕਰਾਇਆ। ਸੰਖੇਪ ਵਿੱਚ ਸਵਾਲ ਇਹ ਸਨ __

ਤੁਸੀਂ ਗੁਰਬਾਣੀ ਪੜੀ ਸਮਝੀ ਹੈ; ਗੁਰਬਾਣੀ ਵਿੱਚ ਕਿਤੇ ਵੀ ਵਾਹਿਗੁਰੂ ਅਖਰ ਗੁਰਮੰਤ੍ਰ ਨਾਮ ਜਾਂ ਗੁਰਸਬਦ ਜਾਂ ਅਕਾਲ ਪੁਰਖ ਲਈ ਨਹੀਂ ਵਰਤਿਆ ਗਿਆ। ਭਟਾਂ ਦੇ ਸਵੈਯਾਂ ਵਿੱਚ ਵਾਹਿਗੁਰੂ ਨਾਮ ੧੩ ਵਾਰੀ ਆਇਆ ਹੈ। ਤੁਸੀਂ ਅਪਣੇ ਲੇਖ ਵਿੱਚ ਨਾਮ ਜਪਦਿਆਂ ਹਿਰਦੇ ਵਿੱਚ ਧੁੰਨ ਉਪਜਨ ਦੀ ਜਾਣਕਾਰੀ ਵੀ ਦਿੱਤੀ ਹੈ, ਆਦਿ।

ਹੇਠਾਂ ਦਾਸ ਨੇ ਆਪਣੇ ਵਿਚਾਰ ਸੋਧ ਕੇ ਤੇ ਵਿਸਥਾਰ ਵਿੱਚ ਦਿਤੇ ਹਨ।

ਦਾਸ ਨੇ ਕਿਹਾ ਭਟਾਂ ਨੇ ਗੁਰੂ ਰਾਮਦਾਸ ਤੋਂ ਪਹਿਲੇ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਗੁਰੂ ਸੇਵਾ ਗੁਰਭਗਤੀ ਦੀ ਕਮਾਈ ਕੀਤੀ ਸੀ। ਭਟਾਂ ਨੂੰ ਗੁਰਬਾਣੀ ਦੀ ਸੋਝੀ ਸੀ, ਭਟ ਜਾਨਦੇ ਸਨ ਕਿ ਗੁਰੂ ਜੀ ਅਕਾਲ ਪੁਰਖ ਪਾਰਬ੍ਰਹਮ ਦਾ ਰੂਪ ਹਨ। ਭਟ ਰਸਨਾ ਨਾਲ ਗੁਰਸਬਦੁ/ਗੁਰਮੰਤ੍ਰ ਨਾਮ ਵਾਹਿਗੁਰੂ ਉਚਾਰ ਕੇ ਗੁਰੂ ਰਾਮਦਾਸ ਜੀ ਦੀ ਉਸਤਤਿ/ਸਿਫਤ ਸਾਲਾਹ ਕਰਦਾ ਹੈ ਤੇ ਨਾਲ ਹੀ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਪਰਤਖ ਵਸਦੇ ਅਕਾਲ ਪੁਰਖ ਦੀ ਉਸਤਤਿ ਕਰਦਾ ਹੈ। ਗੁਰਬਾਣੀ ਅਨੁਸਾਰ ਗੁਰੂ ਤੇ ਅਕਾਲ ਪੁਰਖ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ। ਗੁਰਸਿਖ ਗੁਰੂ ਦੀ ਸੇਵਾ ਭਗਤੀ ਕਰਕੇ ਗੁਰੂ ਦੇ ਨਿਜ ਸਰੂਪ ਨੂੰ ਪਛਾਣਦਾ ਹੈ ਤੇ ਨਾਲ ਹੀ ਗੁਰਮਤਿ ਨਾਮ ਨੂੰ ਸਿਮਰ ਕੇ ਨਾਮ ਰੂਪ ਪਾਰਬ੍ਰਹਮ ਨੂੰ ਵੀ ਪਾ ਲੈਂਦਾ ਹੈ।

ਖਤ੍ਰੀ ਬ੍ਰਾਹਮਣੁ ਸੂਦ ਵੈਸੁ ਕੋ ਜਾਪੈ ਹਰਿ ਮੰਤ੍ਰ ਜਪੈਨੀ॥ ਹਰਿ ਮੰਤ੍ਰ = ਗੁਰਮੰਤ੍ਰ ਨਾਮ।

ਗੁਰ ਸਤਿਗੁਰੁ ਪਾਰਬ੍ਰਹਮ ਕਰ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ॥ ਸੇਵਹੁ = ਆਰਧੋ॥ /ਸਿਮਰੋ। ੮੦੦

ਭਾਈ ਸਾਹਿਬ ਉਤੇ ਮੇਰੀ ਵਿਚਾਰ ਦਾ ਕੋਈ ਅਸਰ ਨਹੀਂ ਹੋਇਆ। ਕਹਿਣ ਲਗੇ ਸਾਡੇ ਗੁਰਦੁਆਰੇ ਵਿੱਚ ਸਵੇਰੇ ਫਜੂਲ ਵਿੱਚ ਵਾਹਿਗੁਰੂ ਨਾਮ ਜਪਾਇਆ ਜਾਂਦਾ ਹੈ; ਬਤੀਆਂ ਬੁਝਾਓ ਸਿਧੇ ਬੈਠੋ ਆਦਿ। ਮੇਰੇ ਕੋਲ ਭਾਈ ਸਾਹਿਬ ਸਿੰਘ ਦਾ ਟੀਕਾ ਹੈ ਮੈਂ ਵਿਚਾਰ ਕਰਦਾ ਹਾਂ ਤੇ ਖੁਸ਼ ਹਾਂ ਭਾਵੇਂ ਟੀਕੇ ਵਿੱਚ ਗ਼ਲਤੀਆਂ ਹਨ। ਤੁਸੀਂ ਵਿਦਵਾਨ ਹੋ ਸਿਖਾਂ ਨੂੰ ਸੰਤਾਂ ਬਾਬਿਆਂ ਦੇ ਪਰਚਾਰ ਤੋਂ ਬਚਾਓ। ੨੦ ਮਿੰਟ ਹੋ ਚੁਕੇ ਸਨ ਉਹਨਾਂ ਨਸੀਹਤ ਦੇ ਕੇ ਫੋਨ ਬੰਦ ਕਰ ਦਿਤਾ।

ਮੈਂ ਗੁਰੂ ਜੀ ਦਾ ਸ਼ੁਕਰ ਕੀਤਾ ਕਿਸੇ ਨੇ ਸਵਾਲ ਤਾਂ ਪੁਛਿਆ, ਮੇਰੇ ਲੇਖ ਵਿੱਚ ਕੁੱਝ ਊਣਤਾਈਆਂ ਹੋਣਗੀਆਂ ਜਿਸ ਕਰਕੇ ਉਹ ਗੁਰਮਤਿ ਵਿਚਾਰ ਸਮਝ ਨਹੀਂ ਸਕੇ। ਇਹ ਲੇਖ ਉਹਨਾਂ ਤੇ ਹੋਰ ਇਹਨਾਂ ਵਰਗੀ ਗੁਰਬਾਣੀ ਵਿਚਾਰ ਵਾਲ਼ੇ ਗੁਰਸਿਖਾਂ ਨੂੰ ਸੰਬੋਧਨ ਕਰ ਕੇ ਲਿਖਣ ਦਾ ਹੀਆ ਕੀਤਾ ਹੈ। ਜੇ ਸਮਝ ਆਏ ਤਾਂ ਪਰਵਾਨਗੀ ਦਾ ਭਰੋਸਾ ਦਿਵਾਓ ਨਹੀਂ ਤਾਂ ਹੋਰ ਸਵਾਲ ਪੁਛ ਲਵੋ।

ਉਮੀਦ ਹੈ ਸਰਦਾਰ ਮੱਖਣ ਸਿੰਘ ਪੁਰੇਵਾਲ ਇਸ ਵਾਰਤਾਲਾਪ ਨੂੰ ਸਿੱਖ ਮਾਰਗ ਤੇ ਚਲਾਓਨ ਦੀ ਪਰਵਾਨਗੀ ਦੇਣਗੇ।

ਸਿੱਖ ਮਾਰਗ ਤੇ ੧੯/੧੦/੨੦੦੯ ਦਾ ਸ: ਗੁਰਚਰਨ ਸਿੰਘ (ਜਿਉਣ ਵਾਲਾ) ਬ੍ਰੈਪਟਨ ਨੇ ਪਤ੍ਰ ਵਿੱਚ ਦਾਸ ਦੀ ਲਿਖਤ ‘ਵਾਹਿਗੁਰੂ ਨਾਮ ਰਸਨਾ ਨਾਲ ਉਚਾਰਨ ਨਾਲ ਸ਼ਬਦ ਧੁੰਨ ਹਿਰਦੇ ਵਿੱਚ ਉਪਜਦੀ ਤੇ ਸੁਨਦੀ ਹੈ’ ਦਾ ਜ਼ਿਕਰ ਕੀਤਾ ਹੈ।

ਦਾਸ ਦੀ ਬੇਨਤੀ ਹੈ ਗੁਰੂ ਜੀ ਦਾ ਹੁਕਮ ਹੈ ਗੁਰਮੰਤ੍ਰ ਨਾਮ ਦਾ ਜਪ/ਸਿਮਰਨ/ਧਿਆਨ ਰਸਨਾ ਨਾਲ ਕਰੋ ਤੇ ਨਾਮ ਸਬਦ ਤੋਂ ਉਪਜੀ ਧੁੰਨ ਨੂੰ ਸੁਨੋ। ਸਹਜੇ ਸਹਜੇ ਮਨ ਧੁੰਨ ਸੁਨਨ ਵਿੱਚ ਲਗ ਜਾਂਦਾ ਹੈ ਇਕਾਗਰਤਾ ਵਧਦੀ ਹੈ ਤੇ ਮਨ ਦੇ ਹੋਰ ਵਿਚਾਰ ਬੰਦ ਹੋ ਜਾਂਦੇ ਹਨ। ਜੋ ਗੁਰਸਿਖ ਨਾਮ ਨਹੀਂ ਜਪਦੇ ਉਹਨਾਂ ਨੂੰ ਧੁੰਨ ਉਪਜਨ ਤੇ ਸੁਨਨ ਦਾ ਅਨੁਭਵ ਨਹੀਂ ਹੋ ਸਕਦਾ। ਇਸ ਸਵਾਲ ਦਾ ਜਵਾਬ ਸਿਮਰਨ ਕਰ ਕੇ ਅਨੁਭਵ ਕਰਨ ਵਿੱਚ ਹੈ।

ਨਾਮ ਜਪਨਾਂ ਸੰਤ ਬਾਬਿਆਂ ਦਾ ਧੋਖੇ ਵਾਲਾ ਪਰਚਾਰ ਨਹੀਂ ਇਹ ਤਾਂ ਗੁਰੂ ਜੀ ਦਾ ਹੁਕਮ ਹੈ। ਅਸੀਂ ਨਹੀਂ ਜਾਣਦੇ ਕਿ ਸਾਡੇ ਬੁਧੀ ਜੀਵੇ ਗੁਰਮਤਿ ਨੂੰ ਗੁਰਬਾਣੀ ਉਪਦੇਸ਼ ਅਨੁਸਾਰ ਕਿਉਂ ਨਹੀਂ ਸਮਝ ਸਕੇ। ਸ਼ਾਇਦ ਉਹਨਾਂ ਨੇਂ ਗੁਰਮਤਿ ਨੂੰ ਮਨਮਤ ਨਾਲ ਸਮਝਿਆ ਤੇ ਗੁਰਸਿਖਾਂ ਨੂੰ ਗੁਰਮਤਿ ਦੇ ਸਾਰ ਤੋਂ ਦੂਰ ਕਰ ਦਿਤਾ। ਦਾਸ ਅਪਣੇ ਲੇਖਾਂ ਵਿੱਚ ਨਾਮ ਜਪਨ ਦੇ ਫਲ ਗੁਰਮਤਿ ਆਧਾਰ ਤੇ, ਤੇ scientific ਆਧਾਰ ਤੇ ਦਰਸਾਓਨ ਦਾ ਯਤਨ ਕਰਦਾ ਰਹੇਗਾ। ਬਾਣੀ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇਂ ਪ੍ਰਭ ਕੇ ਸਿਮਰਨ ਦੇ ਅਨੇਕਾਂ ਸੁਖ ਫਲ ਦਸੇ ਹਨ। ਨਾਮ ਸਿਮਰਨ ਤਕਦੀਰ ਬਦਲ ਦਿੰਦਾ ਹੈ। ਜੋ ਸਿਮਰਨ ਕਰਨ ਤੋ ਇਨਕਾਰੀ ਹਨ ਉਹਨਾਂ ਦੀ ਤਕਦੀਰ ਬਦਲ਼ ਨਹੀਂ ਸਕਦੀ।

ਗੁਰਬਾਣੀ ਨਾਮ ਧਰਮ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਵਰਤਿਆ ਸਬਦੁ ਨਾਮ, ਜੋਤਿ ਰੂਪ ਹੈ, ਪਰਮ ਚੇਤਨਾ ਹੈ, ਪਰਮ ਤਤ ਹੈ ਇਕੋ ਇੱਕ ਸਦ ਜੀਵਤ, ਸਦਾ ਸਤ, ਅਕਾਲ ਪੁਰਖ, ਪਾਰਬ੍ਰਹਮ ਹੈ, ਨਾਮ Supreme Consciousness ਹੈ ਸਾਰੇ ਸੰਸਾਰ ਦਾ ੲਕੋ ਇੱਕ ਰਬ ਅਲਾ, ਭਗਵਾਨ, ਗੌਡ ਹੈ।

ਨਾਮ ਨੇ ਆਪਣੇ ਆਤਮ ਪਸਾਰੇ ਵਾਲੇ ਸਬਦ ਧੁੰਨ ਰੂਪ ਤੋਂ ਸੰਸਾਰ ਦੇ ਜੀਵ ਜੰਤ ਉਪਾਏ ਤੇ ਜੀਵ ਜੰਤਾਂ ਦੇ ਰੂਪ ਵਿੱਚ ਆਪ ਖੇਡਨਾ ਸ਼੍ਰੁਰੂ ਕੀਤਾ ਤੇ ਹਰ ਸਮੇਂ ਖੇਡ ਰਿਹਾ ਹੈ। ਅਕਾਲ ਪੁਰਖ ਨਾਮ ਨੇ ਸਾਰੇ ਸੰਸਾਰ ਨੂੰ ਹਉਂ ਦਾ ਭਰਮ ਦਿਤਾ ਜਿਸ ਕਰ ਕੇ ਮਨੁਖ ਅਪਨੇ ਉਪਾਵਨ ਹਾਰ ਨਾਮ ਜੋਤਿ ਨੂੰ ਪਛਾਨ ਨਹੀਂ ਸਕਦਾ। ਮਨੁਖ ਆਪਣੀਂ ਹਉਂਮੈ ਵਾਲੀ ਬੁਧੀ ਨਾਲ ਵਿਚਾਰ ਕਰ ਕੇ ਅਗਮ ਅਗੋਚਰ ਨਾਮ ਰੂਪ ਅਕਾਲ ਪੁਰਖ ਨੂੰ ਨਹੀਂ ਪਛਾਨ ਸਕਦਾ। ਗੁਰੂ ਨਾਨਕ ਸਾਹਿਬ ਨੇ ਨਾਮ ਰੂਪ ਅਕਾਲ ਪੁਰਖ ਨੂੰ ਵਾਹਿਗੁਰੂ ਕਿਹਾ ਤੇ ਇਹ ਗੁਰਮੰਤ੍ਰ ਗੁਰਸਿਖਾਂ ਨੂੰ ਸਿਖੀ ਵਿੱਚ ਪਰਵੇਸ਼ ਸਮੇ ਦਿਤਾ, ਤੇ ਨਾਮ ਜਪਨ ਦਾ ਉਪਦੇਸ਼ ਵੀ ਦਿਤਾ।

ਮਨੁਖਾ ਜੀਵਨ ਦਾ ਮਨੋਰਥ ਹੈ ਅਪਨੇ ਸਰੀਰ ਅੰਦਰ ਵਸਦੇ ਨਾਮ ਜੋਤਿ ਨੂੰ ਪਛਾਨਣਾਂ, ਸਿਮਰਨ ਦੇ ਚਉਥੇ ਪਦ ਵਿੱਚ ਨਾਮ ਵਰਗਾ ਨਿਰਮਲ ਹੋ ਕੇ ਨਾਮ ਵਿੱਚ ਹੀ ਸਮਾ ਜਾਣਾਂ ਤੇ ਸਦ ਜੀਵਤ ਆਨੰਦ ਸਰੂਪ ਹੋ ਜਾਣਾਂ। ਸਿੱਖ ਗੁਰੂਆਂ ਦੀ ਦੇਹ ਵਿੱਚ ਨਾਮ ਪਰਮਚੇਤਨਾਂ, ਅਕਾਲ਼ ਪੁਰਖ ਪਾਰਬ੍ਰਹਮ ਦਾ ਨਿਵਾਸ ਸੀ, ੳਹ ਬ੍ਰਹਮ ਗਿਆਨੀ ਸਨ।

ਅਕਾਲ ਪੁਰਖ ਪਾਰਬ੍ਰਹਮ ਤੇ ਗੁਰੂ ਵਿੱਚ ਕੋਈ ਭੇਦ ਨਹੀ। ਨਾਮ ਰੂਪ ਅਕਾਲ ਪੁਰਖ ਤੇ ਸਿਖ ਗੁਰੂ ਚਹੁ ਜੁਗਾਂ ਵਿੱਚ ਨਾਮ ਰੂਪ ਵਿੱਚ ਹਮੇਸ਼ਾ ਰਹਿੰਦੇ ਹਨ। ਭਟਾਂ ਦੇ ਸਵੈਯਾਂ ਵਿੱਚ ਭਟ ਗੁਰੂ ਰਾਮਦਾਸ ਜੀ ਦੀ ਉਸਤਤਿ ਵਿੱਚ ਕਹ ਰਿਹਾ ਹੈ, (ਤੂੰ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ਪੰਨਾ ੧੪੦੬)।

ਵਾਹਿਗੁਰੂ ਗੁਰਸਬਦੁ/ਗੁਰਮੰਤ੍ਰ ਨਾਮ ਦੀ ਵਿਚਾਰ ਭਟ ਬਾਣੀ ਤੋਂ

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭੁ ਸਦਕਾ॥

ਨਿਰੰਕਾਰੁ ਪ੍ਰਭ ਸਦਾ ਸਲਾਮਤਿ ਕਹ ਨ ਸਕੈ ਕੋਊ ਤੂ ਕਦਕਾ॥

(ਭਟ, ਅਕਾਲ ਪੁਰਖ ਨੂੰ ਵਾਹਗਿੁਰੂ ਨਾਮ ਉਚਾਰ ਕੇ ਅਕਾਲ ਪੁਰਖ ਦੀ ੳਸੁਤਤਿ ਕਰ ਰਿਹਾ ਹੈ)

ਵਾਹੁ ਵਾਹੁ ਕਾ ਬਡਾ ਤਮਾਸਾ ਆਪੇ ਖੇਡੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ॥ ੧੪੦੩

(ਭਟ ਨੇ ਵਾਹੁ ਵਾਹੁ ਅਖਰ ਅਕਾਲ ਪੁਰਖ ਵਾਹਿਗੁਰੂ ਲਈ ਵਰਤਿਆ ਹੈ।)

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥ ੧੪੦੩

(ਭਟ ਕਹ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਵਡਾ ਖੇਲ ਤਮਾਸਾ ਰਚਿਆ ਹੈ, ਸਾਰੀ ਰਚਨਾਂ ਤੁਹਾਡੀ ਹੈ।)

ਉਪਰਲੀਆਂ ਤਿਨ ਤੁਕਾਂ ਵਿੱਚ ਭਟ ਅਕਾਲ ਪੁਰਖ ਪਾਰਬ੍ਰਹਮ ਨੂੰ ਵਾਹਿਗੁਰੂ ਕਹ ਕੇ ਸਿਫਤ ਸਾਲਾਹ ਕਰਦਾ ਹੈ।

ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ॥ ੧੪੦੪

(ਅੰਤਰਗਤਿ ਨਾਮ ਤੋਂ ਉਪਜੀ ਧੁੰਨ ਵਿੱਚ ਧਿਆਨ ਰਖ ਕੇ ਆਤਮ ਪ੍ਰਗਾਸ ਹੁੰਦਾ ਹੈ)

ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ॥ ੧੪੦੪

(ਭਜਨ/ਸਿਮਰਨ ਕਰਨ ਨਾਲ ਹਉਂ ਦਾ ਭਰਮ ਦੂਰ ਹੁੰਦਾ ਹੈ, ਦੁਖ ਦੂਰ ਹੁੰਦੇ ਹਨ ਤੇ ਸਹਜ ਸੁਖ ਪ੍ਰਾਪਤ ਹੁੰਦਾ ਹੈ।)

ਸਤਿਗੁਰਿ ਨਾਨਕਿ ਭਗਤਿ ਕਰੀ ਇੱਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ॥ ੧੪੦੫

(ਸਤਿਗੁਰ ਨਾਨਕ ਨੇ ਤਨ ਮਨ ਧਨ ਪਾਰਬ੍ਰਹਮ ਨੂੰ ਦੇ ਕੇ ਭਗਤੀ ਕੀਤੀ)

ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧਿਆਇਯਉ॥ ੧੪੦੫

(ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਵਾਹੁ ਵਾਹੁ ਕਹ ਕੇ ਧਿਆੲਆ।

ਅਗੇ ਭਟ ਸਤਿਗੁਰੂ ਨੂੰ ਸਿਮਰਨ ਦੀ ਗਲ ਕਰਦਾ ਹੈ।

ਜਹਿ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ॥ ਜਹਿ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮ ਦਿਨੋ ਦਿਨ॥ ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤ ਮਿਟਾਵੈ॥ ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ॥ ਸੋਈ ਰਾਮਦਾਸੁ ਗੁਰੁ ਬਲ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥

(ਗੁਰੂ ਨੂੰ ਧੰਨਿ ਕਹਨਾ ਗੁਰੂ ਭਗਤੀ ਹੈ, ਭਟ ਸਤ ਸੰਗਤਿ ਵਿੱਚ ਗੁਰੂ ਰਾਮਦਾਸ ਨੂੰ ਧੰਨਿ ਧੰਨਿ ਕਹਨ ਦਾ ਉਪਦੇਸ਼ ਦੇ ਰਿਹਾ ਹੈ)

ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥ ਜਿਨ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ॥ ਤਾ ਤੇ ਗਉਹਰੁ ਗਿਆਨ ਪ੍ਰਗਟ ਉਜੀਆਰਉ ਦੁਖ ਦਰਿਦ੍ਰ ਅੰਧਯਾਰ ਕੋ ਨਾਸੁ॥ ੧੪੦੫

(ਜਿਸ ਸਤਿਗੁਰੂ ਦੇ ਸਿਮਰਨ ਤੋਂ ਪ੍ਰਭੂ ਨੂੰ ਪਾਈਦਾ ਹੈ ਗੁਰਸਿਖੋ ਉਸ ਸਤਿਗੁਰੂ ਨੂੰ ਸਿਮਰੋ।

(ਉਪਰ ਲਿਖੀ ਭਟ ਬਾਣੀ ਵਿੱਚ ਵਾਹਿਗੁਰੂ ਅਖਰ ਨਾਮ ਰੂਪ ਅਕਾਲ ਪੁਰਖ ਲਈ ਵਰਤਿਆ ਹੈ, ਸਤਿਗੁਰੂ ਨੂੰ ਸਿਮਰਣ ਦੀ ਵਿਚਾਰ ਤੇ ਅਕਾਲ ਪੁਰਖ ਨਾਮ ਜੋਤਿ ਦੀ ਭਗਤੀ, ਸਿਮਰਨ ਦੀ ਸਾਰੀ ਵਿਚਾਰ ਸਮਝਾਈ ਗਈ ਹੈ। ਇੱਕ ਏਕੰਕਾਰ ਪਾਰਬ੍ਰਹਮ ਨੂੰ ਤੇ ਸਤਿਗੁਰੂ ਨੂੰ ਸਿਮਰਨ ਲਈ ਇਕੋ ਅਖਰ ਗੁਰਸਬਦ/ਗੁਰਮੰਤ੍ਰ ਨਾਮ ਵਾਹਿਗੁਰੂ ਹੈ।)

ਉਮੀਦ ਹੈ ਸਾਡੇ ਸਭ ਸਵਾਲਾਂ ਦੇ ਜਵਾਬ ਭਟਬਾਣੀ ਨੇ ਬਖੂਬੀ ਦਿਤੇ ਹਨ। ਭਟ ਬਾਣੀ ਨੂੰ ਗੁਰੂ ਅਰਜਨ ਸਾਹਿਬ ਨੇ ਪਰਵਾਨ ਕੀਤਾ ਤੇ ਗੁਰਬਾਣੀ ਵਿੱਚ ਦਰਜ ਕੀਤਾ।

ਡਾ: ਗੁਰਮੁਖ ਸਿੰਘ, ਨਵੀਂ ਦਿਲੀ




.