.

ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਧਰਮ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ

ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸ਼ੰਨ 1956

ਕਿੱਥੇ ਹੈ ਅੱਜ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਰਾਹੀਂ ੨੩੯ ਸਾਲ ਦਾ ਸਮਾਂ ਲਗਾ ਕੇ ਦਸ ਜਾਮਿਆਂ `ਚ ਬੇਅੰਤ ਘਾਲਣਾ ਘਾਲ ਕੇ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਰੂਪ `ਚ ਨਿਵੇਕਲੀ ਤੇ ਨਿਆਰੀ ਜੀਵਨ-ਜਾਚ ਵਾਲਾ ਪ੍ਰਗਟ ਕੀਤਾ ਉਹ ਸਿੱਖ ਧਰਮ ਤੇ ਸਿੱਖ ਲਹਿਰ, ਜਿਸ ਨੂੰ ਸੰਸਾਰ ਸਾਹਮਣੇ ਗੁਰਦੇਵ ਨੇ ਪ੍ਰਗਟ ਕੀਤਾ ਸੀ? ਉਤਰ ਮਿਲੇਗਾ-ਅਲੋਪ ਹੋ ਚੁੱਕਾ ਹੈ, ਪਰ ਕਿਉਂ?

ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਲਹਿਰ ਦਾ ਆਰੰਭ ਕੀਤਾ ਤਾਂ ਮਰਾਸੀ ਕੁਲ `ਚ ਪੈਦਾ ਹੋਏ ਮਰਦਾਨੇ ਤੋਂ। ਉਸ ਨੂੰ ਭਾਈ ਕਹਿ ਕੇ ਬਰਾਬਰੀ ਵਾਲਾ ਸਤਿਕਾਰ ਬਖਸ਼ਿਆ ਤੇ ਸਭ ਤੋਂ ਪਹਿਲਾਂ ਚਰਨ ਪਾਹੁਲ ਵੀ ਉਸੇ ਨੂੰ ਬਖਸ਼ੀ। ਗ਼ਰੀਬਾਂ-ਮਜ਼ਲੂਮਾਂ ਦਾ ਖੂਨ ਚੂਸਣ ਵਾਲੇ ਭਾਗੋ ਵਰਗਿਆਂ ਦੇ ਮਾਲ ਪੂੜੇ ਤੇ ਕੀਮਤੀ ਪਕਵਾਨਾਂ `ਤੇ ਨਿਉਤੇ ਨੂੰ ਠੁਕਰਾਇਆ, ਜੇ ਕਰ ਭੋਜਨ ਛੱਕਣ ਵਾਲਾ ਮਾਨ ਬਖਸ਼ਿਆ, ਤਾਂ ਉੇਹ ਵੀ ਪਿਛੜੇ ਵਰਗ ਦੇ ਬੜ੍ਹੱਈ, ਭਾਈ ਲਾਲੋ ਨੂੰ। ਉਪ੍ਰੰਤ ਲਾਲੋ ਨੂੰ ਵੀ ਕੇਵਲ ਭਾਈ ਵਾਲਾ ਮਾਨ ਹੀ ਨਹੀਂ ਬਖਸ਼ਿਆ ਬਲਕਿ ਰਾਤ ਟਿਕਾਅ ਵੀ ਕੀਤਾ ਤਾਂ ਉਸੇ ਕੋਲ। ਦਸ ਜਾਮਿਆਂ ਸਮੇਂ ਇਸੇ ਲਹਿਰ ਦੀ ਪ੍ਰਫ਼ੁਲਤਾ ਦਾ ਨਤੀਜਾ ਸੀ, ਦਸਮੇਸ਼ ਜੀ ਨੇ ਸੰਨ ੧੬੯੯ ਦੀ ਵਿਸਾਖੀ ਨੂੰ ਜਦੋਂ, ਨੰਗੀ ਤਲਵਾਰ ਦੀ ਧਾਰ `ਤੇ ਪੰਥ ਦਾ ਇਮਤਿਹਾਨ ਲਿਆ ਤਾਂ, ਪਹਿਲੇ ਨਿਤਰਣ ਵਾਲੇ ਪੰਜਾਂ `ਚੋਂ ਚਾਰ ਸੀ ਜਿਨ੍ਹਾਂ ਦੇ ਵਡੇਰੇ, ਦੂਰ ਦੁਰੇਡੇ ਪ੍ਰਾਂਤਾਂ ਤੋਂ ਇਹਨਾ ਅਖੌਤੀ ਦਲਿਤਾਂ-ਸ਼ੂਦਰਾਂ `ਚੋਂ ਹੀ ਗੁਰੂ ਦਰ `ਤੇ ਆਏ ਸਨ। ਇਹ ਆਪਣੇ ਆਪ `ਚ ਸਿੱਖੀ ਦੇ ਹੋ ਚੁੱਕੇ ਵਿਸਤਾਰ-ਵਿਕਾਸ ਦਾ ਵੀ ਅਕੱਟ ਸਬੂਤ ਸਨ।

ਦੂਜੇ ਪਾਸੇ, ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਸ੍ਰੀ ਚੰਦ, ਦਾਤੂ ਜੀ, ਦਾਸੂ ਜੀ, ਪ੍ਰਿਥੀ ਚੰਦ, ਮਹਾਦੇਵ, ਮੇਹਰਬਾਨ, ਧੀਰ ਮੱਲ, ਰਾਮ ਰਾਏ ਆਦਿ ਨੇ ਮੁਕਾਬਲੇ `ਤੇ ਦੁਕਾਨਾਂ ਖੋਲੀਆਂ। ਗੁਰੂ ਪ੍ਰਵਾਰਾਂ `ਚੋਂ ਹੁੰਦੇ ਹੋਏ ਵੀ ਸਭ ਨੇ ਮੂੰਹ ਦੀ ਖਾਧੀ, ਕੋਈ ਸਫ਼ਲ ਨਾ ਹੋਇਆ। ਪਾਤਸ਼ਾਹ ਨੇ ਭਾਈ ਮਰਦਾਨਾ, ਭਾਈ ਲਾਲੋ ਆਦਿ (ਅਖੌਤੀ ਦਲਿਤਾਂ) ਲਈ ਵੀ ਅਜਿਹੇ ਹਾਲਾਤ ਨਹੀਂ ਪੈਦਾ ਹੋਣ ਦਿੱਤੇ ਕਿ ਉਹ ਆਪਣੇ ਲਈ ਵੱਖਰੇ ਸ਼ਮਸ਼ਾਨ ਘਾਟ, ਧਰਮਸਥਾਨ, ਵਿਦਿਆਲੇ ਬਨਾਉਣ, ਜਿਵੇਂ ਕਿ ਅੱਜ ਸਿੱਖੀ ਭੇਸ `ਚ ਬ੍ਰਾਹਮਣੀ ਮਾਨਸਿਕਤਾ ਵਾਲੇ ਛਾਏ ਲੋਕ, ਕੌਮ ਦੇ ਹਰਿਆਵਲ ਦਸਤਿਆਂ ਨੂੰ ਧੱਕੇ ਮਾਰ ਰਹੇ ਹਨ। ਆਖਿਰ ਡਾਕਟਰ ਅੰਬੇਦਕਰ ਵੀ ਕਰੋੜਾਂ ਦਲਿਤਾਂ ਨਾਲ ਸਿੱਖ ਧਰਮ `ਚ ਪ੍ਰਵੇਸ਼ ਤੋਂ ਵਾਂਝੇ ਰਹਿ ਗਏ ਤਾਂ, ਸਿੱਖੀ ਭੇਸ `ਚ, ਉਸ ਸਮੇਂ ਪੰਥ `ਤੇ ਛਾਏ ਇਹਨਾ ਗੁਰਮਤਿ ਵਿਰੋਧੀ ਬ੍ਰਾਹਮਣੀ ਮਾਨਸਿਕਤਾ ਵਾਲੇ ਤੱਤਵਾਂ ਕਾਰਨ। ਜਾਂ ਫ਼ਿਰ ਉਨ੍ਹਾਂ ਚੌਹਦਰ ਦੇ ਭੁਖਿਆਂ ਕਾਰਨ, ਜਿਨ੍ਹਾਂ ਨੂੰ ਉਨ੍ਹਾਂ ਕਰੋੜਾਂ ਲੋਕਾਂ ਦੇ ਰਾਤੋ-ਰਾਤ ਪੰਥ `ਚ ਸ਼ਾਮਲ ਹੋ ਜਾਣ ਤੋਂ ਆਪਣੀ ਚੋਹਦਰ ਲਈ ਖੱਤਰਾ ਸੀ।

ਸਿੱਖੀ ਦਾ ਫੈਲਾਅ- ਦਰਅਸਲ ਸਿੱਖ ਧਰਮ ਅਥਵਾ ਸਿੱਖ ਲਹਿਰ ਹੀ ਸੰਸਾਰ ਭਰ ਦਾ ਇਕੋ ਇੱਕ ਮੂਲ ਧਰਮ ਤੇ ਸਾਰੇ ਸੰਸਾਰ ਦੀਆਂ ਸਮਸਿਆਵਾਂ ਦਾ ਇੱਕ ਮਾਤ੍ਰ ਹੱਲ ਹੈ। ਕਾਸ਼! ਗੁਰਬਾਣੀ ਰਾਹੀਂ ਪ੍ਰਗਟ ਜੀਵਨ-ਜਾਚ ਨੂੰ ਪਹਿਚਾਣੀਏ ਤੇ ਆਪਣੇ ਜੀਵਨ `ਚੋਂ ਗੁਰਬਾਣੀ ਆਦੇਸ਼ਾਂ-ਸਿਖਿਆ ਦਾ ਪ੍ਰਗਟਾਵਾ ਕਰ ਸਕੀਏ। ਧਿਆਨ ਦੇਣਾ ਹੈ ਕਿ ਪਹਿਲੇ ਦਿਨ ਕੇਵਲ ਸਿੱਖੀ ਦੀ ਖ਼ੁਸ਼ਬੂ ਮਿਲਣ ਤੇ ਹੀ ਕਿਸੇ ਨੇ ਕ੍ਰਿਪਾਨ ਧਾਰੀ, ਪਾਹੁਲਧਾਰੀ ਨਹੀਂ ਹੋ ਜਾਣਾ। ਸਭ ਤੋਂ ਪਹਿਲਾਂ ਕਿਸੇ ਅੰਦਰ ਗੁਰੂ ਕੀ ਸਿੱਖੀ ਲਈ ਅਪਣਤ ਪੈਦਾ ਹੋਵੇਗੀ। ਬੀਜ ਪਾਉਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਣੀ-ਖਾਦ, ਪਾਣੀ, ਹਿਫ਼ਾਜ਼ਤ ਦੇ ਕਈ ਪੜਾਅ ਹਨ। ਉਪ੍ਰੰਤ ਬੀਜ ਨੇ ਧਰਤੀ `ਚੋਂ ਕਰੂੰਬਲ ਤੇ ਉਸੇ ਕਰੂੰਬਲ ਤੋਂ ਜਾ ਕੇ ਇੱਕ ਦਿਨ ਪੌਦਾ ਬਨਣਾ ਹੈ। ਕੁਦਰਤੀ ਨਿਯਮ `ਚ ਟਾਹਣੀਆਂ ਨੇ ਮਜ਼ਬੂਤੀ ਲੈਣੀ ਹੈ, ਪੱਤੇ ਆਉਣੇ ਹਨ। ਫ਼ਿਰ ਫੁਲ ਤੇ ਫਲ ਹੋਣਗੇ ਉਹ ਵੀ ਅੰਤ `ਚ। ਤਾਂ ਵੀ ਸਾਰੇ ਫਲਾਂ ਨੇ ਪੱਕ ਕੇ ਰਸੀਲੇ ਨਹੀਂ ਹੋਣਾ ਜਦ ਕਿ ਸਾਰੇ ਫਲ ਹੋਣਗੇ ਤਾਂ ਉਸੇ ਬੀਜ ਦਾ ਹੀ ਵਿਸਤਾਰ। ਇਹ ਵੀ ਕੜਵਾ ਸੱਚ ਹੈ ਕਿ ਉਨ੍ਹਾਂ ਫਲਾਂ ਚੋਂ ਅਨੇਕ ਤਾਂ ਮੰਜ਼ਿਲ `ਤੇ ਪੁੱਜਣ ਤੋਂ ਹੀ ਰਹਿ ਜਾਣਗੇ। ਉਸੇ ਤਰ੍ਹਾਂ ਸੰਸਾਰ ਭਰ `ਚ ਅੱਜ ਕਰੋੜਾਂ ਦੀ ਗਿਣਤੀ `ਚ ਲੋਕਾਈ ਤੜਫ਼ ਰਹੀ ਹੈ ਕੇਵਲ ਸਿੱਖੀ ਜੀਵਨ ਦੀ ਦਾਤ ਲਈ। ਜਦਕਿ ਸਿੱਖੀ ਦੇ ਠੇਕੇਦਾਰਾਂ ਵੱਲੋਂ, ਅੱਜ ਸਿੱਖੀ ਦੇ ਉਸੇ ਹਰਿਆਵਲ ਦਸਤੇ ਅਤੇ ਨਵੀਂ ਪੌਂਦ ਭਾਵ ਸਿੱਖੀ ਦੇ ਭਵਿਖ ਨੂੰ, ਬੇਦਰਦੀ ਨਾਲ ਪੈਰਾਂ ਹੇਠ ਮਧੌਲਿਆ ਤੇ ਖਤਮ ਕੀਤਾ ਜਾ ਰਿਹਾ ਹੈ।

ਅੰਦਾਜ਼ਾ, ਇਕੱਲੇ ਪੰਜਾਬ ਦੇ ਹੀ ੧੨੦੦੦ ਪਿੰਡਾਂ `ਚ ੧੬੦੦੦ ਬਾਬੇ ਤੇ ਗੁਰੂ ਡੰਮ ਉਨ੍ਹਾਂ ਦਾ ਖੂਨ ਚੂਸ ਰਹੇ ਹਨ। ਉਨ੍ਹਾਂ ਨੂੰ ਧਾਗਿਆਂ ਤਬੀਤਾਂ ਕਰਮਕਾਂਡਾਂ `ਚ ਉਲਝਾ ਰਹੇ ਹਨ, ਮੜ੍ਹੀਆਂ, ਕਬਰਾਂ, ਸੱਪਾਂ ਦੀ ਪੂਜਾ ਕਰਵਾ ਰਹੇ ਹਨ। ਮੋਮੋਠੱਗਣੀਆਂ ਗੱਲਾਂ ਨਾਲ ਉਨ੍ਹਾਂ ਦੇ ਖੇਤਾਂ-ਪਲਾਟਾਂ-ਜਾਇਦਾਦਾਂ ਤੇ ਆਪਣਾ ਹੱਥ ਸਾਫ਼ ਕਰ ਰਹੇ ਹਨ। ਦੂਜੇ ਵੀ ਹਨ, ਜੋ ਮਜਬੂਰ ਬੱਚੇ-ਬੱਚੀਆਂ ਨੂੰ ਸੈਕਸ, ਸ਼ਰਾਬ, ਵਿਭਚਾਰ `ਚ ਉਲਝਾ ਕੇ ਖੁੱਲੇ ਆਮ ਵਸਤ੍ਰਹੀਣ ਤੀਕ ਕਰ ਰਹੇ ਹਨ। ਪੰਜਾਬ ਦੀ ਜੁਆਨੀ ਨੂੰ ਕੇਸਾਂ ਰੋਮਾਂ ਦੀ ਕੱਟ ਵੱਢ ਤੇ ਗੰਦੇ-ਨੰਗੇ, ਨਾਚਾਂ-ਡਾਂਸਾਂ ਲਈ ਉਤਸਾਹਿਤ ਕਰ ਰਹੇ ਹਨ। ਨਿਜੀ ਸੁਆਰਥਾਂ ਅਧੀਨ, ਉਨ੍ਹਾਂ ਨੂੰ ਜੁਰਮਾਂ ਵਲ ਧਕੇਲ ਰਹੇ ਹਨ। ਵਿਦੇਸ਼ਾਂ ਦੀ ਫੋਕੀ ਚਮਕ-ਦਮਕ ਦੇ ਜਾਦੂ ਚਲਾ ਕੇ ਕਬੂਤਰ-ਬਾਜ਼ੀ ਰਾਹੀਂ ਆਪਣੇ ਗੁਰੂਡੰਮ, ਸੰਤਗਿਰੀ, ਡੇਰਾਵਾਦ, ਗਾਇਕ ਮੰਡਲੀਆਂ ਬਣਾ ਕੇ ਵਿਦੇਸ਼ਾਂ `ਚ ਲਿਜਾਅ ਤੇ ਭੇਜ ਰਹੇ ਹਨ। ਇਸੇ ਹੀ ਚੰਦਉਰੀ ਰਾਤ ਤੇ ਮ੍ਰਿਗ ਤ੍ਰਿਸ਼ਣਾ ਦੇ ਸਬਜ਼ ਬਾਗ਼ ਦਿਖਾ ਕੇ ਪਤਿੱਤਪੁਣੇ ਦੀਆਂ ਕੱਤਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ।

ਹਰ ਪਾਸਿਉਂ ਸਿੱਖ ਰਹਿਣੀ ਤੇ ਗੁਰਬਾਣੀ ਵਿਚਾਰਧਾਰਾ `ਤੇ ਤਾਬੜ ਤੋੜ ਹਮਲੇ ਹੋ ਰਹੇ ਹਨ। ਜੁਗੋ ਜੁੱਗ ਅਟੱਲ, ਸਮੂਚੀ ਮਾਨਵਤਾ ਦੇ ਸਦੀਵਕਾਲੀ ਰਹਿਬਰ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੇ ਨਿੱਤ ਸ਼ਰੀਕ ਪੈਦਾ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਸਰਬ-ਉੱਚਤਾ ਨੂੰ ਵੰਗਾਰਣ ਲਈ, ਗੁਰਬਾਣੀ `ਚ ਤੋੜ ਮਰੋੜ ਕਰਣ ਲਈ ਨਿੱਤ ਨਵੇਂ ਰਸਤੇ ਤੇ ਰੂਪ ਵਟਾ ਵਟਾ ਕੇ ਨਿੱਤ ਨਵੇਂ ਪ੍ਰੀਥੀਏ ਜਨਮ ਲੈ ਰਹੇ ਹਨ। ਸਿੱਖੀ ਵਿਰੁਧ ਸੋਚੀਆਂ-ਸਮਝੀਆਂ ਵਿਉਂਤ ਬੰਦੀਆਂ, ਸਾਜ਼ਿਸ਼ਾਂ ਦੇ ਤੁਫ਼ਾਨ ਪੈਦਾ ਕੀਤੇ ਹੋਏ ਹਨ। ਪਹਿਲੇ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਨੂੰ ਸਵੈ ਵਿਰੋਧੀ ਢੰਗ ਨਾਲ ਤੇ ਨਿਖੇੜ ਕੇ ਪੇਸ਼ ਕਰਣ `ਚ ਵੀ ਕਸਰ ਨਹੀਂ ਛੱਡੀ ਜਾ ਰਹੀ।

ਆਖਿਰ ਵਧੇ ਫੁਲੇ ਵੀ ਤਾਂ ਕਿਸ ਰਸਤੇ? ਸੰਸਾਰ ਭਰ ਦੇ ਊਣੇ ਤੋਂ ਊਣੇ ਧਰਮ ਨੇ ਵੀ ਆਪਣੀ ਸੰਭਾਲ ਤੇ ਵਿਸਤਾਰ ਲਈ ਚੋਣਾਂ ਵਾਲਾ ਗ਼ਲੀਚ ਢੰਗ ਕਦੇ ਨਹੀਂ ਅਪਨਾਇਆ। ਦੂਜੇ ਪਾਸੇ ਗੁਰੂ ਨਾਨਕ ਦੇ ਆਲਮਗੀਰੀ ਮੱਤ ਨੂੰ ਗੁਰਦੁਆਰਾ ਚੋਣਾਂ ਵਾਲਾ ਇਹ ਖੂੰਖਾਰ ਰਾਖਸ਼ ਚਿੰਬੜਿਆ ਬੈਠਾ ਹੈ। ਇਸ ਦਾ ਅਜੋਕਾ ਫੈਲਾਅ ਵੀ ਕੇਵਲ ਪੰਜਾਬ ਤੀਕ ਸੀਮਤ ਨਹੀਂ ਬਲਕਿ ਦੁਨੀਆਂ ਦੇ ਹਰ ਕੋਣੇ-ਨੁੱਕਰ `ਚ ਜਿੱਥੇ-ਜਿੱਥੇ ਵੀ ਗੁਰ ਅਸਥਾਨ ਹਨ, ਇਸ ਦੀ ਡੂੰਘੀ ਪੱਕੜ `ਚ ਹਨ। ਵਿਰਲਿਆਂ ਨੂੰ ਛੱਡ ਕੇ, ਜੋ ਵੀ ਅਣ-ਅਧਿਕਾਰੀ ਗੁਰਮਤਿ ਹੀਣੇ ਪ੍ਰਬੰਧਕ ਤੇ ਉਨ੍ਹਾਂ ਹੇਠਾਂ ਉਸੇ ਤਰ੍ਹਾਂ ਦੇ ਚਾਪਲੂਸ ਗੁਰਮਤਿ ਹੀਣੇ (ਸਾਰੇ ਨਹੀਂ) ਵੱਡੀ ਗਿਣਤੀ `ਚ ਪ੍ਰਚਾਰਕ, ਕੌਮ ਦਾ ਖੂਨ ਚੂਸ ਰਹੇ ਹਨ। ਯਕੀਨਣ ਜੇ ਕਰ ਇਸੇ ਚੋਣਾ ਵਾਲੇ ਰਸਤੇ ਹੀ ਸਿੱਖ ਧਰਮ ਨੇ ਅਗੇ ਵਧਣਾ ਹੁੰਦਾ ਤਾਂ ਭਾਈ ਲਹਿਣਾ, ਕਦੇ ਗੁਰੂ ਅੰਗਦ ਸਾਹਿਬ ਨਹੀਂ ਸਨ ਹੋ ਸਕਦੇ। ਉਸੇ ਸੱਚ ਦਾ ਵਿਸਤਾਰ ਵਿਸਾਖੀ ੧੬੯੯ ਨੂੰ ਨੰਗੀ ਤਲਵਾਰ ਦੀ ਧਾਰ `ਤੇ ਨਿਤਰਣ ਵਾਲੇ ਇਹ ਪੰਜ ਪਿਆਰੇ ਵੀ ਨਹੀਂ ਸਨ ਹੋ ਸਕਦੇ। #G058s09.02s09#

(ਹੋਰ ਵੇਰਵੇ ਲਈ ਗੁਰਮਤਿ ਪਾਠ ੨੮ “ਗੁਰਦੁਆਰਿਆਂ ਦਾ ਮਨੋਰਥ ਅਤੇ ਅਸੀਂ” (ਡੀਲਕਸ ਕਵਰ `ਚ) ਪ੍ਰਾਪਤ ਕਰੋ ਤੇ ਸੰਗਤਾ `ਚ ਵੰਡੋ ਜੀ)
.