.

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ

ਬਲਦੇਵ ਸਿੰਘ ਟੋਰਾਂਟੋ

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥
ਤੂ ਨ ਬਿਸਾਰੇ ਰਾਮਈਆ॥ ੧॥ ਰਹਾਉ॥
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ॥
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ॥ ੧॥
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ॥ ੨॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ॥
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ॥ ੩॥ ੨॥

ਗੁਰੂ ਗ੍ਰੰਥ ਸਾਹਿਬ, ਪੰਨਾ ੧੨੯੨
ਮੁਆਫ਼ ਕਰਨਾ, ਜਦੋਂ ਇਸ ਸਬਦ ਦੀ ਵੀ ਪ੍ਰਚਲਤ ਵਿਆਖਿਆ ਪੜ੍ਹਦੇ ਹਾਂ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਜੀਵਨ ਪੱਖ ਤੋਂ ਹਾਰਿਆ ਹੋਇਆ ਮਨੁੱਖ ਪ੍ਰਭੂ ਨੂੰ ਮਿਹਣੇ ਮਾਰ ਰਿਹਾ ਹੋਵੇ। ਅਜਿਹੀ ਵਿਆਖਿਆ ਗੁਰਮਤਿ ਵੀਚਾਰਧਾਰਾ ਤੋਂ ਸਾਨੂੰ ਦੂਜੇ ਪਾਸੇ ਮੋੜ ਕਰਮਕਾਂਡੀ ਦਲ-ਦਲ ਵਲ ਧਕੇਲਦੀ ਹੈ, ਜੋ ਕਿ ਗੁਰਮਤਿ ਸਿਧਾਂਤ ਨਾਲ ਨਿਆਏ ਨਹੀਂ ਹੈ।
ਇਸ ਸ਼ਬਦ ਅੰਦਰ ਨਾਮਦੇਵ ਜੀ ਨੇ, ਕਰਮਕਾਂਡੀ ਲੋਕਾਂ ਵਲੋਂ ਮਰਨ ਤੋਂ ਬਾਅਦ ਮੁਕਤੀ ਦਾ ਜੋ ਕਰਮਕਾਂਡੀ ਸਿਧਾਂਤ ਪਰਚਾਰਿਆ ਜਾਂਦਾ ਹੈ, ਕਿ ਅਖੌਤੀ ਉੱਚੀ ਕੁੱਲ ਵਾਲਿਆਂ ਨੂੰ ਹੀ ਪ੍ਰਭੂ ਦੇ ਦਰ ਪ੍ਰਵਾਣ ਕੀਤਾ ਜਾਂਦਾ ਹੈ, ਅਤੇ ਨੀਵੀ ਜ਼ਾਤਿ ਵਾਲਿਆਂ ਨੂੰ ਪ੍ਰਭੂ ਦੇ ਦਰ ਤੋਂ ਸ਼ੂਦਰ ਕਹਿ ਕੇ ਮਾਰਿ ਕੇ ਉਠਾ ਦਿੱਤੇ ਜਾਣ ਵਾਲਾ ਜੋ ਭਰਮ ਹੈ, ਉਸ ਦਾ ਖੰਡਣ ਕੀਤਾ ਹੈ। ਕਰਮਕਾਂਡੀ ਲੋਕ ਆਪਣੇ ਆਪ ਨੂੰ ਹੀ ਮੁਕਤੀ ਦਾਤੇ ਸਮਝਦੇ ਹਨ।
ਪਦ ਅਰਥ
ਮੋ ਕਉ – ਮੈਨੂੰ
ਬਿਸਾਰਿ – ਵਿਸਾਰਨਾ, ਭੁਲਣਾ
ਰਾਮਈਆ – ਰਮਿਆ ਹੋਇਆ, ਵਾਹਿਗੁਰੂ, ਕਰਤਾਰ
ਆਲਾਵੰਤੀ – ਉੱਚੀ ਕੁਲ, ਭਾਵ ਅਖੌਤੀ ਉੱਚੀ ਕੁੱਲ
ਭਰਮ – ਫੋਕਾ ਗਿਆਨ
ਸਭ – ਤਮਾਮ
ਕੋਪਿਲਾ – ਬੁਲਬੁਲਾ (ਇਹ ਫ਼ਾਰਸੀ ਦਾ ਸ਼ਬਦ ਹੈ, ਪੰਜਾਬੀ ਫ਼ਾਰਸੀ ਕੋਸ਼ ਵਿੱਚ ਇਸਦਾ ਅਰਥ ਬੁਲਬੁਲਾ ਹੈ)
ਬੁਲਬੁਲਾ – ਪਾਣੀ ਦਾ ਬੁਲਬੁਲਾ, ਨਾਂ ਰਹਿਣ ਵਾਲਾ ਭਰਮ
ਸੂਦੁ – ਸ਼ੂਦਰ
ਮਾਰਿ ਉਠਾਇਓ – ਮਾਰ ਕਰਕੇ ਉਠਾ ਦਿੱਤੇ ਜਾਣਾ
ਕਰਉ – ਇਹ ਸ਼ਬਦ ਵੀ ਫ਼ਾਰਸੀ ਦੇ ਸ਼ਬਦ ਕਰਉਫਰ ਦਾ ਸੰਖੇਪ ਹੈ ਜਿਸਦਾ ਅਰਥ ਹੈ ਸ਼ਾਨੋ ਸੌਕਤ, ਠਾਠ ਬਾਠ, ਭਾਵ ਸਤਕਾਰੇ ਜਾਣਾ
ਜਉ – ਅਗਰ, ਜੇ
ਏ ਪੰਡੀਏ – ਕਰਮਕਾਂਡੀ ਲੋਕ
ਢੇਢ – ਮੂਰਖ, ਪਸੂ ਬਿਰਤੀ ਰੱਖਣ ਵਾਲੇ ਅਗਿਆਨੀ ਲੋਕ
ਪੈਜ – ਕਿਰਪਾ
ਪਿਛਾਉਡੀ – ਮਰਨ ਤੋਂ ਬਾਅਦ, ਮਰਨ ਤੋਂ ਪਿਛੋ
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
ਗੁਰੂ ਗ੍ਰੰਥ ਸਾਹਿਬ, ਪੰਨਾ ੨
ਫੇਰਿ ਦੀਆ – ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਨ ਦੀ ਵਿਚਾਰਧਾਰਾ ਬਦਲ ਜਾਣੀ, ਫਿਰ ਜਾਣੀ, ਮੁੜ ਜਾਣੀ
ਦੇਹੁਰਾ – ਮਨ ਰੂਪੀ ਮੰਦਰ
ਜੁ – ਅਗਰ, ਜੇ
ਦਇਆਲੁ – ਸਾਰੇ ਸੁਖ ਦੇਣ ਵਾਲਾ

ਪ੍ਰਭ ਸਰਬ ਸੂਖ ਦਇਆਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ ੬੭੪

ਕ੍ਰਿਪਾਲੂ –
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੦
ਕਹੀਅਤ – ਕਹਿਆ ਜਾਂਦਾ ਹੈ, ਜਾਣਿਆ ਜਾਂਦਾ ਹੈ
ਭਇਉ – ਹੋਣਾ, ਹੋਇਆ
ਪਿਛਵਾਰਲਾ – ਮਰਨ ਤੋਂ ਬਾਅਦ ਮੁਕਤੀ ਜੋ ਪੰਡੀਆ ਦੀ ਸੋਚ ਹੈ
ਅਤਿ – ਨਿਰੰਤਰ, ਬਿਨਾਂ ਅੰਤਰ, ਭਾਵ ਬਗ਼ੈਰ ਕਿਸੇ ਭੇਦ ਭਾਵ ਦੇ
ਭੁਜ – ਹੱਥ, ਅਕਾਲ ਪੁਰਖ ਦਾ ਬਖਸ਼ਿਸ਼ ਰੂਪੀ ਹੱਥ
ਪੰਡੀ – ਪੰਡੀਆ ਦਾ ਸੰਖੇਪ ਹੈ
ਅਨ – ਕਿਰਪਾ ਭਾਵ ਬੋਧਕ ਕਰਦਾ ਹੈ (ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਅਨ’ ਜਦੋਂ ਕਿਸੇ ਸ਼ਬਦ ਪਿੱਛੇ ਲੱਗਦਾ ਹੈ ਤਾਂ ਕ੍ਰਿਪਾ ਦਾ ਭਾਵ ਬੋਧਨ ਕਰਦਾ ਹੈ)
ਬਾਪ ਬੀਠੁਲ – ਪ੍ਰਭੂ, ਪਿਤਾ ਸਵਾਮੀ
ਕਹਾ – ਫ਼ਾਰਸੀ ਦੇ ਸ਼ਬਦ ਕਹਾਹ ਦਾ ਸੰਖੇਪ ਹੈ, ਜਿਸਦਾ ਅਰਥ ਹੈ ਡੰਡ, ਰੌਲਾ, ਭਾਵ ਨਿਰਅਧਾਰਤ ਗੱਲਾਂ ਕਰਨੀਆਂ, ਭਾਵ ਨਿਕੰਮੀ ਹੁੱਜਤ
ਅਰਥ
ਹੇ ਵਾਹਿਗੁਰੂ ਮੈਨੂੰ ਤੂੰ ਨਾਂਹ ਵਿਸਰੇਂ। ਤੇਰੀ ਯਾਦ ਮੇਰੇ ਹਿਰਦੇ ਵਿੱਚ ਟਿਕੀ ਰਹੇ ਅਤੇ, ਤੂੰ ਮੈਨੂੰ ਨਾਂਹ ਬਿਸਾਰੀਂ। ਆਪਣੀ ਬਖਸ਼ਿਸ਼ ਦਾ ਹੱਥ ਹਮੇਸ਼ਾ ਮੇਰੇ ਉੱਪਰ ਰੱਖੀਂ (ਦੋ ਅੰਗੀ ਪ੍ਰੀਤ ਦਾ ਵਰਨਣ ਹੈ)।
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ॥
ਭਾਈ ਗੁਰਦਾਸ, ਕਬਿਤ ੧੧੧
ਕਰਮਕਾਂਡੀਆ ਦਾ ਇਹ ਮਿਥ-ਗਿਆਨ ਰੂਪੀ ਭਰਮ, ਨਿਕੰਮੀ ਹੁੱਜਤ ਅਤੇ ਨਿਰਅਧਾਰਤ ਸੋਚ ਹੈ ਕਿ ਉੱਚੀ ਕੁੱਲ ਵਾਲੇ ਹੀ ਪ੍ਰਭੂ ਪਿਤਾ ਦੇ ਦਰ ਤੇ ਸਤਿਕਾਰੇ ਜਾਂਦੇ ਹਨ, ਅਤੇ ਨੀਵੀਂ ਜ਼ਾਤ ਵਾਲਿਆਂ ਨੂੰ ਪ੍ਰਭੂ ਦੇ ਦਰ ਤੋਂ ਸ਼ੂਦਰ ਸ਼ੂਦਰ ਕਹਿਕੇ ਮਾਰਿ ਮਾਰਿ ਕੇ ਉਠਾ ਦਿੱਤਾ ਜਾਂਦਾ ਹੈ। ਮੇਰੇ ਲਈ ਇਹ ਮਿਥ-ਗਿਆਨ ਰੂਪੀ ਭਰਮ ਪਾਣੀ ਦੇ ਬੁਲਬੁਲੇ ਵਾਂਗ ਨਾਂਹ ਰਹਿਣ ਵਾਲਾ ਭਰਮ ਹੈ ਜੋ ਰਮੇ ਹੋਇ ਪ੍ਰਭੂ ਨੇ ਖ਼ਤਮ ਕਰ ਦਿੱਤਾ ਹੈ।
ਮੂਰਖ ਪੰਡੀਆ ਮੈਨੂੰ ਇਹ ਕਹਿੰਦਾ ਹੈ ਕਿ ਤੇਰੇ ਤੇ ਕ੍ਰਿਪਾ ਮਰਨ ਤੋਂ ਬਾਅਦ ਹੋਣੀ ਹੈ, ਮੁਕਤੀ ਮਰਨ ਤੋਂ ਬਾਅਦ ਹੀ ਮਿਲਣੀ ਹੈ, ਅਤੇ ਮਿਲਣੀ ਵੀ ਸਿਰਫ਼ ਉੱਚੀ ਕੁੱਲ ਵਾਲਿਆਂ ਨੂੰ ਹੀ ਹੈ। ਹੋਰ ਤਾਂ ਹੋਰ, ਮੁਕਤੀ-ਦਾਤਾ ਵੀ ਕਰਮਕਾਂਡੀ ਪੰਡੀਆ ਆਪਣੇ ਆਪ ਨੂੰ ਹੀ ਸਮਝਦਾ ਹੈ, ਜਦ ਕਿ ਸੱਚ ਇਹ ਹੈ ਕਿ ਮੁਕਤੀ ਦੇਣ ਵਾਲਾ ਕ੍ਰਿਪਾਲੂ, ਮਿਹਰ ਕਰਨ ਵਾਲਾ ਪ੍ਰਭੂ, ਤੂੰ ਆਪ ਹੀ ਹੈਂ, ਅਤੇ ਤੇਰੀ ਕ੍ਰਿਪਾ ਰੂਪੀ ਬਖ਼ਸ਼ਿਸ਼ ਦਾ ਹੱਥ, ਨਿਰੰਤਰ ਬਗ਼ੈਰ ਕਿਸੇ ਰੰਗ ਨਸਲ ਦੇ ਭੇਦ ਭਾਵ ਤੋਂ, ਹਰੇਕ ਤੇ ਹੈ ਜੋ ਤੇਰੀ ਸ਼ਰਣ ਅਉਂਦਾ ਹੈ।
ਨਾਮਦੇਵ ਦਾ ਮਨ ਰੂਪ, ਦੇਹੁਰਾ ਤੂੰ ਆਪਣੀ ਅਪਾਰ ਬਖ਼ਸ਼ਿਸ਼ ਨਾਲ ਪੰਡੀਏ ਦੀ ਛਲ ਰੂਪੀ, ਮੁਕਤੀ ਕਿਰਪਾ, ਵਲੋਂ ਫੇਰਿ ਲਿਆ ਹੈ। ਨਾਮਦੇਵ ਦੀ ਛਲ ਰੂਪੀ ਮੁਕਤੀ ਵਲ ਪਿੱਠ ਹੈ, ਭਾਵ ਪਾਂਡਾ ਮੁਕਤੀ ਦੇਣ ਵਾਲਾ ਨਹੀਂ। ਕੇਵਲ ਉੱਚੀ ਕੁੱਲ ਵਾਲੇ ਹੋਣ ਕਰਕੇ ਉਸ ਵਾਹਿਗੁਰੂ ਦੇ ਦਰ ਤੇ ਸਤਿਕਾਰੇ ਨਹੀਂ ਜਾਂਦੇ।
ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ॥
ਭਾਈ ਗੁਰਦਾਸ, ਵਾਰ ੨੫
ਤੇਰੇ ਦਰ ਤੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਜੋ ਤੇਰੀ ਬੰਦਗੀ ਕਰਦੇ ਹਨ।
ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥
ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ॥ ੬॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
.