.

੧੯੩੬ ਵਿੱਚ ਬਣੀ ਪੰਥਕ ਰਹਿਤ ਮਰਯਾਦਾ ਦੇ ਸਰੋਤਾਂ ਦਾ ਅਧਿਐਨ, ਜਾਣਕਾਰੀ ਤੇ ਉਸ ਦੇ ਆਧਾਰ ਤੇ ਕਰਨ ਯੋਗ ਜ਼ਰੂਰੀ ਕੰਮ

ਜਿਨ੍ਹਾਂ ਵਿਦਵਾਨਾਂ ਨੇ ਦਸਮ ਗ੍ਰੰਥ ਦਾ ਅਧਿਐਨ ਕੀਤਾ ਹੈ ਉਹ ਇਹ ਜਾਣ ਗਏ ਹਨ ਕਿ ਇਸ ਗ੍ਰੰਥ ਦੀਆਂ ਰਚਨਾਵਾਂ ਬੇਦ ਬਾਣੀ ਦੇ ਗ੍ਰੰਥਾਂ ਦਾ ਅਨੁਵਾਦ ਹਨ ਜਾਂ ਬ੍ਰਾਹਮਣੀ ਵਿਚਾਰਾਂ ਵਾਲੇ ਲਿਖਾਰੀਆਂ ਨੇ ਲਿਖੀਆਂ ਹਨ। ਇਹ ਕਚੀ ਬਾਣੀ ਹੈ ਤੇ ਇਹਨਾਂ ਨੂੰ ਪੜ੍ਹਨ ਨਾਲ ਦੇਵੀ ਦੇਵਤਿਆਂ ਦੀ ਉਸਤਤਿ ਤੇ ਆਰਾਧਨਾਂ ਹੁੰਦੀ ਹੈ, ਜੋ ਗੁਰਬਾਣੀ ਦੇ ਹੁਕਮਾਂ ਵਿਰੁਧ ਕਾਰ ਹੈ। ਸਾਡੇ ਵਿਦਵਾਨਾਂ ਦੀ ਅਣਥਕ ਮੁਹਿੰਮ ਨੇ ਗੁਰਸਿਖਾਂ ਨੂੰ ਜਾਗਰੂਕ ਕੀਤਾ ਹੈ ਤੇ ਆਮ ਗੁਰਸਿਖਾਂ ਨੂੰ ਵੀ ਸਚਾਈ ਜਾਨਣ ਦਾ ਚਾਓ ਪੈਦਾ ਹੋਇਆ ਹੈ।
ਖੰਡੇ ਦੀ ਪਹੁਲ
ਇਸ ਸਮੇ ਤਕ ਬੁਧੀ ਜੀਵਿਆਂ ਦੀ ਇਹ ਵਿਚਾਰ ਕਾਇਮ ਹੈ ਕਿ ਸਿਖੀ ਵਿੱਚ ਪਰਵੇਸ਼ ਕਰਨ ਲਈ ਖੰਡੇ ਦੀ ਪਹੁਲ ਬਨਾਣ ਦਾ ਵਿਧਾਨ ਕਾਇਮ ਰਖਿਆ ਜਾਵੇ ਪਰ ਪਹੁਲ ਤਿਆਰ ਕਰਨ ਸਮੇ ਪੜਨ ਵਾਲੀਆਂ ਬਾਣੀਆਂ ਸਿਰਫ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਆਂ ਜਾਣ। ਇਸ ਸੰਦਰਵ ਵਿੱਚ ਦਾਸ ਵਿਦਵਾਨਾਂ ਦਾ ਧਿਆਨ ਹੇਠ ਲਿਖੇ ਤਥਾਂ ਵਲ ਦੁਆਣਾ ਚਾਹੁੰਦਾ ਹੈ।
ਖੰਡੇ ਦੀ ਪਹੁਲ ਬਨਾਣ ਲਈ ਮਿਠੇ ਪਾਣੀ ਵਿੱਚ ਖੰਡਾ ਚਲਾਓਨਾ ਜ਼ਰੂਰੀ ਹੈ। ਖੰਡਾ ਮਹਾਕਾਲ ਦੀ ਸ਼ਕਤੀ ਹੈ ਤੇ ਬੇਦ ਮਤ ਦੇ ਦੇਵਤਿਆਂ ਵਿਚੋਂ ਇੱਕ ਦੇਵਤਾ ਹੈ। ਰਹਿਤ ਨਾਮਾ ਭਾਈ ਦਇਆ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਸਭ ਦੇਵੀ ਦੇਵਤਾ ਆਏ ਕਰਦ ਜਾਂ ਖੰਡਾ ਕਾਲ ਜੀ ਦੀਆ। ਜੇ ਅਸੀਂ ਸਿਖੀ ਵਿੱਚ ਪਰਵੇਸ਼ ਲਈ ਖੰਡੇ ਦੀ ਪਹੁਲ ਵਾਲਾ ਵਿਧਾਨ ਕਾਇਮ ਰਖੀਏ ਤਾਂ ਅਸੀਂ ਦੇਵੀ ਦੇਵਤਿਆਂ ਦੀ ਸਿੱਖੀ ਸੇਵਕੀ ਤੋਂ ਕਦੇ ਨਹੀਂ ਛੁੱਟ ਸਕਦੇ। ਇਸ ਜਾਣਕਾਰੀ ਤੋਂ ਬਾਦ ਕੀ ਗੁਰਸਿਖਾਂ ਨੂੰ ਖੰਡੇ ਦੀ ਪਹੁਲ ਵਾਲੇ ਵਿਧਾਨ ਤੇ ਕਾਇਮ ਰਹਿਣਾ ਚਾਹੀਦਾ ਹੈ? ਇਹਨਾਂ ਤਥਾਂ ਨੂੰ ਮੁਖ ਰਖ ਕੇ ਦਾਸ ਨੇ ਸਿਖੀ ਵਿੱਚ ਪਰਵੇਸ਼ ਦਾ ਨਵਾਂ ਵਿਧਾਨ ਗੁਰਬਾਣੀ ਉਪਦੇਸ਼ਾ ਅਨੁਸਾਰ ਬਣਾਇਆ ਸੀ ਤੇ ਮੁੜ ਇਸ ਲੇਖ ਦੇ ਨਾਲ ਅਟੈਚ ਕੀਤਾ ਹੈ।
ਖੰਡੇ ਦੀ ਪਹੁਲ ਦਾ ਪਿਛੋਕੜ ਪੂਰੀ ਤਰਾਂ ਸਮਝਣ ਲਈ ਸਾਨੂੰ, ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਪੁਰਾਤਨ ਰਹਿਤਨਾਮਿਆਂ ਤੇ ਜਨਮ ਸਾਖੀਆਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹਨਾਂ ਪੁਸਤਕਾਂ ਨੂੰ ਲਿਖਣ ਵਾਲੇ ਗੁਰਸਿਖ ਨਹੀਂ ਸਨ। ਇਹ ਦੇਵੀ ਦੇਵਤਿਆਂ ਦੇ ਪੁਜਾਰੀ ਸਨ ਪਰ ਗੁਰਬਾਣੀ ਨੂੰ ਵੀ ਦੂਜੇ ਦਰਜੇ ਦੀ ਬਾਣੀ ਕਰ ਕੇ ਮੰਨਦੇ ਸਨ। ਇਹ ਨਿਰਮਲੇ; ਉਦਾਸੀ ਤੇ ਬ੍ਰਾਹਮਣੀ ਸੰਸਥਾਵਾਂ ਦੇ ਇਸ਼ਾਰੇ ਤੇ ਲਿਖਣ ਵਾਲੇ ਸਨ ਜਿਨ੍ਹਾ ਨੇ ਗੁਰਬਾਣੀ ਉਤੇ ਬੇਦ ਬਾਣੀ ਦੀ ਪੁਠ ਚੜਾਈ। ਸਾਡੀ ਅਜੋਕੀ ਰਹਿਤ ਮਰਯਾਦਾ ਦਾ ਸਰੋਤਾਂ ਵਿਚੋਂ ਇਹ ਉਪਰ ਲਿਖੀਆਂ ਪੁਸਤਕਾਂ ਸਨ। ਬ੍ਰਾਹਮਣ ਗੁਰੂ ਸ਼ੁਰੂ ਤੋਂ ਹੀ ਸਿਖ ਮਤ ਦਾ ਵਿਰੋਧੀ ਸੀ ਤੇ ਚਾਹੁੰਦਾ ਸੀ ਕਿ ਸਿਖ ਮਤ ਨੂੰ ਵੇਦ ਮਤ ਵਿੱਚ ਰਲਾ ਕੇ ਸਿਖੀ ਦਾ ਸੁਤੰਤਰ ਵਜੂਦ ਮਿਟਾ ਦਿਤਾ ਜਾਵੇ
ਆਪਣੇ ਨੀਚ ਤੇ ਸ਼ਰਾਰਤੀ ਮਨਸੂਬਿਆਂ ਨੂੰ ਸਰੰਜਾਮ ਦੇਣ ਲਈ ਬ੍ਰਾਹਮਣ ਲਿਖਾਰੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਦੇਵੀ ਦੇਵਤਿਆਂ ਨੂੰ ਅਰਾਧਨ ਵਾਲਾ ਝੂਠਾ ਵਜੂਦ ਘੜਿਆ। ਐਸੇ ਗੁਰੂ ਗੋਬਿੰਦ ਸਿੰਘ ਨੇ ਦੇਵੀ ਦੇਵਤਿਆਂ ਨੂੰ ਮਨਾ ਕੇ ਤੇ ਉਨ੍ਹਾਂ ਤੋਂ ਸ਼ਕਤੀ ਲੈ ਕੇ ਖੰਡੇ ਦੀ ਪਹੁਲ ਬਨਾਈ, ਸਿਖਾਂ ਵਿੱਚ ਖਾਲਸਾ ਸਾਜਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾ ਸਿਖਾਂ ਲਈ ਜੰਗੀ ਨਾਰਾ ਘੜਿਆ, ਸਿਖਾਂ ਨੂੰ ਕਾਲ ਉਪਾਸ਼ਕ ਬਨਾਇਆ, ਸਿਖਾਂ ਦਾ ਛਤਰੀ ਧਰਮ ਬਨਾਇਆ, ਮਾਤ ਭਗਉਤੀ ਨੂੰ ਸਿਖਾਂ ਦੀ ਮਾਤਾ ਬਨਾਇਆ ਆਦਿ। ਇਸ ਦੀ ਪ੍ਰੋੜਤਾ ਲਈ ਅਸੀਂ ਸਰਬ ਲੋਹ ਗ੍ਰੰਥ ਵਿਚੋਂ ਕੁੱਝ ਉਧਾਰਨ ਹੇਠਾਂ ਦਿਤੇ ਹਨ।
ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦ ਵਿਚੋਂ ਉਧਾਰਨ।
ਇਸ ਗ੍ਰੰਥ ਨੂੰ ਪਾ: ੧੦ ਕ੍ਰਿਤ ਮੰਨਿਆ ਜਾਂਦਾ ਹੈ। ਇਸ ਗ੍ਰੰਥ ਵਿੱਚ ਗੁਰੂ ਜੀ ਨੂੰ ਦੇਵੀ ਦੇਵਤਿਆਂ ਦਾ ਉਪਾਸ਼ਕ ਜਨਾਇਆ ਗਿਆ ਹੈ। ਇਸ ਵਡੇ ਆਕਾਰ ਦੇ ਗ੍ਰੰਥ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ, ਤੇ ਦੈਂਤਾਂ ਨਾਲ ਯੁਧਾਂ ਦਾ ਵਰਣਨ ਹੈ। ਅਸੀਂ ਗ੍ਰੰਥ ਦੇ ਮੰਗਲਾਚਰਣ ਤੋਂ ਸ਼ੁਰੂ ਕਰਦੇ ਹਾਂ।
ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਭਵਾਨੀ ਜੀ ਸਹਾਇ, ਸ੍ਰੀ ਮਾਯਾ ਲਛਮੀ ਜੀ ਸਹਾਇ॥
ਉਸਤਤਿ ਸ੍ਰੀ ਮਾਇਆ ਲਛਮੀ ਜੀ ਕੀ॥
ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦॥
ਦੋਹਿਰਾ॥ ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ, ਜਉ ਜੰਤੁ ਪ੍ਰਤਿਪਾਲ॥ ਸ੍ਰੀ ਮਾਇਆ ਮੁਖ ਕਰੋ ਉਚਾਰ॥ ਦਰਿਦਰ ਸਗਲ ਤੇ ਲੇਹੁ ਉਬਾਰਿ॥
(ਪਾ: ੧੦ ਦੇ ਮੁਖ ਤੋਂ ਅਖਵਾਇਆ ਗਿਆ ਹੈ ਮੈ ਸ੍ਰੀ ਮਾਯਾ ਦਾ ਨਾਮ ਮੁਖ ਤੋਂ ਉਚਾਰਦਾ ਹਾਂ, ਤੁਸੀਂ ਅਪਨੇ ਸੇਵਕਾਂ ਨੂੰ ਸਭ ਦੁਖਾਂ ਤੋਂ ਉਬਾਰਿ ਲੈਂਦੇ ਹੋ।)
ਸਰਬਲੋਹ ਗ੍ਰੰਥ ਦੇ ਬ੍ਰਾਹਮਣ ਲਿਖਾਰੀ ਨੇ ਸਚੇ ਗੁਰੂ ਗੋਬਿੰਦ ਸਿੰਘ ਦਾ ਦੇਵੀ ਦੇਵਤਿਆਂ ਨੂੰ ਅਰਾਧਨ ਵਾਲਾ ਝੂਠਾ ਸਰੂਪ ਘੜਿਆ ਤੇ ਸਿਖ ਮਤ ਨੂੰ ਬੇਦ ਮਤ ਵਿੱਚ ਸ਼ਾਮਲ ਕੀਤਾ।)
ਦੋਹਿਰਾ॥ ਆਦਿ ਭਵਾਨੀ ਈਸੁਰੀ ਮਾਯਾ ਜਾ ਕੋ ਨਾਮ॥
ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ॥
ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ॥
ਸੁਬੁਧਿ ਦੈਨ ਜੈ ਜੈ ਕਰਨਿ ਮਾਯਾ ਸ੍ਰੀ ਜਗਮਾਤਿ॥
(ਆਦਿ ਭਵਾਨੀ ਈਸਰੀ ਦਾ ਨਾਮ ਮਾਯਾ ਹੈ। ਇਸ ਤੋਂ ਬਿਨਾ ਮੈ ਇੱਕ ਛਿਨ ਨਹੀ ਰਹਿ ਸਕਦਾ ਤੇ ਕੋਈ ਕਮ ਪੂਰਾ ਨਹੀਂ ਹੁੰਦਾ। ਤੁਸੀਂ ਸੁਖ ਦਿੰਦੇ ਹੋ, ਹਰ ਤਰਾਂ ਪ੍ਰਤਿਪਾਲਨਾ ਕਰਦੇ ਹੋ ਤੁਹਾਡੀ ਜੈ ਜੈ ਕਾਰ ਹੋਵੇ, ਤੁਸੀਂ ਜਗਤ ਦੀ ਮਾਤਾ ਹੋ।)
ਛਮੋ ਨਾਥ ਹਮਰੀ ਢੀਠਾਈ॥ ਹਮ ਲਹੁਰੇ ਤੁਮ ਅਤਿ ਗੁਰੂਆਈ॥
ਜਹੰ ਬਿਧਿ ਰਖਯਾ ਦੇਵਨ ਕਰੇ॥ ਅਭਯ ਦਾਨ ਦੇ ਅਸੁਰਨ ਮਰੇ॥
ਤਿਮ ਮੁਰ ਰਖਯਾ ਕਰਹੁ ਗੁਸਾਈਂ। ਮੈਂ ਆਯੋ ਤੁਮਰੀ ਸਰਨਾਈ॥
ਦਾਸ ਗੁਬਿੰਦ ਫਤਹ ਨਰਹਰੀ॥ ਸਰਬ ਲੋਹ ਉਚਰਹੁ ਪਲ ਘਰੀ॥
(ਦਾਸ ਗੁਬਿੰਦ, ਲਿਖਨ ਵਾਲੇ ਕਵੀ ਦਾ ਉਪਨਾਮ ਹੈ, ਪਾ; ੧੦ ਦੇ ਮੁਖੋਂ ਸਰਬਲੋਹ ਦੇਵਤਾ ਨੂੰ ਕਹਾ ਜਾ ਰਿਹਾ ਹੈ ਮੈਂ ਛੋਟਾ ਹਾਂ ਤੁਸੀਂ ਵਡੇ ਉਚੇ ਹੋ ਜਿਸਤਰਾਂ ਤੁਸੀਂ ਦੇਵਤਿਆਂ ਦੀ ਰਖਿਆ ਕੀਤੀ ਉਹਨਾਂ ਨੂੰ ਅਭਯ ਦਾਨ ਦਿਤਾ ਜਿਸ ਨਿਡਰਤਾ ਕਰ ਕੇ ਦੇਵਤਿਆਂ ਨੇ ਅਸੁਰ ਮਾਰ ਦਿਤੇ, ਇਸ ਤਰਾਂ ਤੁਸੀਂ ਮੇਰੀ ਰਖਿਆ ਵੀ ਕਰੋ, ਮੈ ਤੁਹਾਡੀ ਸਰਨ ਆਇਆ ਹਾਂ। ਦਾਸ ਗੁਬਿੰਦ ਨਰਹਰੀ ਦੀ ਫਤਹ ਕਹਿੰਦਾ ਹੈ ਸਰਬ ਲੋਹ ਦਾ ਨਾਮ ਹਰ ਵੇਲੇ ਉਚਾਰੋ।)
ਇਹ ਰਚਨਾ ਗੁਰਬਾਣੀ ਉਪਦੇਸ਼ ਵਿਰੁਧ ਹੈ, ਸਨਾਤਨ ਧਰਮ ਵਿੱਚ ਸਚੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਲਾਇਆ ਗਿਆ ਹੈ, ਬ੍ਰਾਹਮਣ ਦੇ ਘੜੇ ਕੂੜੇ ਗੁਰੂ ਗੋਬਿੰਦ ਸਿੰਘ ਦੀ ਹੀ ਹੈ।
ਇਸ ਰਚਨਾਂ ਅਨੁਸਾਰ ਤਤ ਖਾਲਸੇ ਦੀ ਸਾਜਨਾਂ ਕਿਵੇਂ ਹੋਈ?
ਜੇ ਜੇ ਅਸੁਰ ਪ੍ਰਭੁ ਸੰਤਨ ਦ੍ਰੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ॥
ਤੇ ਤੇ ਦੁਸਟ ਪਛਾਰੇ ਸਤਿਗੁਰ, ਮਨਾਇ ਭਗਵਤੀ ਅਰੁ ਭਗਵੰਤੇ॥
ਭੂਸਰ ਗੋ ਦ੍ਰੋਹੀ ਜੇ ਦੁਸਟਨ ਧਰਮ ਜੁਧ ਕਰ ਅਸੁਰ ਦਲ਼ੰਤੇ॥
ਸੋਧ ਸੁਧਾਰ ਬਰਣ ਆਸਰਮ ਕਓ, ਮਥ ਕਰਿ ਤਤ ਖਾਲਸੇ ਮੰਤੇ॥
(ਜੋ ਜੋ ਅਸੁਰ ਭਾਵ ਮੁਸਲਮਾਨ ਸੰਤਾਂ ਦੇ ਦ੍ਰੋਹੀ ਸਨ, ਜੋ ਭਗਤੀ ਵਿੱਚ ਵਿਘਨ ਪਾਉਂਦੇ ਸਨ ਸਤਿਗੁਰ ਨੇ ਭਗਵਤੀ ਨੂੰ ਮਨਾ ਕੇ ਜਾਨੀ ਆਰਾਧਨਾਂ ਕਰਕੇ ਤੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਦੁਸਟ ਮੁਗਲਾਂ ਨੂੰ ਹਰਾ ਦਿਤਾ। ਸਤਿਗੁਰ ਨੇ ਗਊਆਂ ਦੇ ਦ੍ਰੋਹੀ ਅਸੁਰਾਂ ਨੂੰ ਧਰਮ ਯੁਧ ਕਰ ਕੇ ਦਲ ਦਿਤਾ। ਇਸਤਰਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤਤ ਖਾਲਸਾ ਸਾਜਿਆ।)
ਪੰਥ ਖਾਲਸਾ ਭਯੋ ਪੁਨੀਤਾ, ਪ੍ਰਭ ਆਗਯਾ ਕਰਿ ਉਦਿਤ ਭਏ॥
ਮਿਟਯੋ ਦਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ॥
ਧਰਮ ਪੰਥ ਖਾਸ ਪ੍ਰਚੁਰ ਭਯੋ, ਸਤਿ ਸਿਵੰ ਪੁਨਯ ਰੂਪ ਜਏ॥
ਕਛ ਕੇਸ ਕ੍ਰਿਪਾਨਨ ਮੁਦ੍ਰਿਤ ਗੁਰ ਭਗਤਾ ਰਾਮਦਾਸ ਭਏ॥
ਕਾਲ ਉਪਾਸਕ ਛਤ੍ਰਿਯ ਧਰਮਾ, ਰਣ ਕਟਿ ਕਰਿ ਪ੍ਰਦਾਨ ਅਏ॥
ਤਾ ਮਹਿ ਪੰਚ ਚਾਲਿਸ ਪ੍ਰਵਾਨਾਂ ਪੰਚ ਪ੍ਰਧਾਨ ਖਾਲਸਹਿ ਠਏ॥
ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਹ ਸਿੰਘ ਜੋਰਾਵਰ ਸਿੰਘ ਪ੍ਰਿਏ॥
ਪੰਚਮ ਖਾਲਸਹ ਸਤਿਗੁਰ ਪੂਰਾ ਜਿਨ ਏ ਪੰਥ ਸੁਪੰਕ ਪ੍ਰਟਗਏ॥
ਚਾਲਿਸ ਲਰ ਏ ਬੀਜ ਖਾਲ਼ਸਹ, ਮੁਕਤੇ ਪਾਵਨ ਸਿੰਘ ਬਲੀ॥
ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਯੋ ਦੈ ਖਾਲ਼ ਪਲੀ॥
(ਸਿਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, (ਰਹਿਤ ਨਾਮਾ ਭਾਈ ਦਯਾ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇ; ਹਾਜ਼ਰ ਦੇਵੀ ਦੇਵਤਿਆਂ ਨੇ ਸਿਖਾਂ ਨੂੰ ਕਕਾਰ ਦਿਤੇ ਸਨ), ਖਾਲਸਾ ਕਾਲ/ਮਹਾਕਾਲ ਉਪਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ।)
ਮੰਗਲਾਚਰਣ ਵਿੱਚ ਜੰਗ ਦਾ ਬੋਲ਼ ਵਾਹਿਗੁਰੂ ਜੀ ਕਾ ਖਾਲਸਾ ਬ੍ਰਾਹਮਣ ਦੇ ਘੜੇ ਗੁਰੂ ਗੋਬਿੰਦ ਸਿਘ ਜੀ ਦੇ ਝੂਠੇ ਸਰੂਪ ਨੇ ਦਿਤਾ।
ਜੋ ਗੁਰਸਿਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਉਹਨਾਂ ਲਈ ਜ਼ਰੂਰੀ ਹੈ ਸਾਰੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਣ। ਇਸ ਸਮੇ ਗੁਰਸਿਖ ਬੇਦ ਬਾਣੀ ਦੇਵੀ ਦੇਵਤਿਆਂ ਤੇ, ਹਿੰਦੂ ਸੰਸਕ੍ਰਿਤੀ ਦੀ ਦਲਦਲ ਵਿੱਚ ਧਸੇ ਹਨ। ਸਿੱਖੀ ਦਾ ਪੁਨਰਨਿਰਮਾਣ ਮੁੜ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਉਤੇ ਪੂਰਨ ਵਿਸ਼ਵਾਸ ਲਿਆ ਕੀ ਹੀ ਹੋ ਸਕਦਾ ਹੈ। ਅਸੀਂ ਗੁਰਸਿਖ ਹੀ ਰਹੀਏ ਤਾਂ ਅਸੀਂ ਸਿਖ ਮਤ ਵਿੱਚ ਜੀਉਂ ਸਕਦੇ ਹਾਂ। ਸਿਖਾਂ ਵਿੱਚ ਖਾਲਸਾ ਕੂੜੇ ਅਖੌਤੀ ਸਿਖ ਇਤਹਾਸ ਦੀ ਦੇਣ ਹੈ।
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ॥
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ॥
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨਾ ਮੇਰਾ ਸਤਿਗੁਰੁ ਤੁਠਾ॥
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ॥ ਪੰਨਾ ੪੫੧

ਸੰਪਾਦਕ ਸਿੱਖ ਮਾਰਗ ਪਾਸ ਬੇਨਤੀ ਹੈ ਸਭ ਬੁਧੀ ਜੀਵਿਆ ਦੀ ਰਾਏ ਲੈ ਕੇ ਨਵੀਂ ਸਿਖ ਰਹਿਤ ਮਰਯਾਦਾ ਬਨਾਓ।
Dr Gurmukh Singh, B-6/58. Safdarjang Enclave New Delhi [Tel 26102376
(ਟਿੱਪਣੀ:- ਡਾ: ਗੁਰਮੁਖ ਸਿੰਘ ਜੀ ਇਹ ਰਹਿਤ ਮਰਯਾਦਾ ਵਾਲਾ ਕੰਮ ਸਾਰੇ ਗੁਰਮਤਿ ਨੂੰ ਸਮਝਣ ਵਾਲੇ ਸਿੱਖ ਵਿਦਵਾਨਾ ਦੇ ਰਲ ਕੇ ਕਰਨ ਵਾਲਾ ਹੈ ਕਿਸੇ ਇਕੱਲੇ ਦੁਕੱਲੇ ਦਾ ਨਹੀਂ। ਜੇ ਕਰ ਦੋ-ਚਾਰ ਰਲ ਕੇ ਬਣਾਉਣਗੇ ਤਾਂ ਉਹ ਉਹਨਾ ਤੱਕ ਹੀ ਸੀਮਤ ਰਹੇਗੀ। ਜੇ ਕਰ ਸਾਰੇ ਹੀ ਵਿਦਵਾਨ ਸਿੱਖ ਜੋ ਕਿ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ, ਰਲ ਕੇ ਬਣਾਉਣ ਤਾਂ ਬਹੁਤ ਚੰਗੀ ਗੱਲ ਹੋਵੇਗੀ। ਅਸੀਂ ਜਿਤਨਾ ਕੁ ਹੋ ਸਕਦਾ ਹੈ ਇਸ ਬਾਰੇ ਸਿੱਖਾਂ ਨੂੰ ਜਾਗਰਤ ਕਰਨ ਲਈ ਆਪਣਾ ਹਿੱਸਾ ਪਾਈ ਜਾ ਰਹੇ ਹਾਂ। ਬਾਕੀ ਪੁਰਾਤਨ ਲਿਖਤਾਂ ਨੂੰ ਮੁੱਢੋਂ ਹੀ ਰੱਦ ਕਰਨ ਵਾਲੀ ਕਾਰਵਾਈ ਸਿੱਖ ਵਿਦਵਾਨਾਂ ਦੀ ਰਾਏ ਅਨੁਸਾਰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਹੀ ਕੀਤੀ ਜਾ ਸਕਦੀ ਹੈ-ਸੰਪਾਦਕ)




.