ਏਕੇ ਕਉ ਨਾਹੀ ਭਉ ਕੋਇ
ਇਹ ਸੰਸਾਰ ਰੱਬ ਜੀ ਦੀ ਅਸਚਰਜ ਰਚਨਾ ਹੈ, ਉਹ ਜਿਸ ਨੂੰ ਚਾਹੇ ਧਨ ਦੌਲਤ ਨਾਲ
ਪਲ ਭਰ ਵਿੱਚ ਹੀ ਮਾਲਾ ਮਾਲ ਕਰ ਦਿੰਦਾ ਹੈ ਅਤੇ ਪਲ ਵਿੱਚ ਹੀ ਅਮੀਰ ਤਰੀਨ ਦੇ ਹੱਥ ਵਿੱਚ ਠੂਠਾ ਫੜਾ
ਮੰਗਣ ਲਈ ਮਜਬੂਰ ਕਰ ਦਿੰਦਾ ਹੈ। ਛਿਨ ਭਰ ਵਿੱਚ ਹੀ ਜਲੋਂ ਥਲ ਤੇ ਥਲੋਂ ਜਲ ਕਰਨ ਦੇ ਸਮਰੱਥ ਹੈ।
ਪਿੱਛੇ ਜਿਹੇ ਸੁਨਾਮੀਂ ਦੀ ਘਟਨਾਂ ਅਤੇ ਅਨੇਕਾਂ ਥਾਵਾਂ ਤੇ ਆਏ ਭੁਚਾਲ੍ਹਾਂ ਨੇ ਸਭ ਪ੍ਰਤੱਖ ਕਰ ਕੇ
ਵਿਖਾ ਦਿੱਤਾ ਹੈ। ਬਿਲਕੁਲ ਇਸੇ ਤਰਾਂ ਕਿਸੇ ਨੂੰ ਰਾਜਾ (ਰਾਜਸੀ ਤਾਕਤ) ਅਤੇ ਕਿਸੇ ਨੂੰ ਰੰਕ ਬਣੌਨ
ਵਿੱਚ ਭੀ ਦੇਰ ਨਹੀਂ ਲਗਾਉਂਦਾ। ਪਰ ਮਨੁੱਖ ਦੇ ਧਿਆਨ ਵਿੱਚ ਪਿਛਲਾ ਹੋਇਆ ਹਰ ਵਰਤਾਰਾ ਹੋਣ ਦੇ
ਬਾਵਜੂਦ ਇਹ ਹਉਮੈ ਵਸ ਬੇਕਿਰਕ ਬਣਿਆ ਹੋਇਆ ਹੈ, ਭਾਵੇਂ ਇਸ ਨੂੰ ਇਲਮ ਹੈ ਕਿ ਇਸ ਦਾ ਖਾਤਮਾਂ ਅਟੱਲ
ਹੈ।
ਅਕਾਲ ਪੁਰਖ ਦੀ ਮੇਹਰ ਸਦਕਾ ਇਸ ਜਗ ਵਿੱਚ ਗੁਰੂ ਬਾਬੇ ਨਾਨਕ ਜੀ ਦਾ ਆਉਣਾ
ਹੋਇਆ। ਉਹਨਾਂ ਨੇ ਮਨੁੱਖਤਾ ਨੂੰ ਇੱਕ ਰੱਬ ਦਾ ਸਿਧਾਂਤ ਦ੍ਰਿੜ ਕਰਵਾਇਆ। ਹਰ ਇੰਨਸਾਨ ਨੂੰ
ਓਸ
ਇੱਕ ਦੀ ਸੰਤਾਨ ਹੋਣ ਦਾ ਸੁਨੇਹਾ ਦਿੱਤਾ (ਏਕੁ
ਪਿਤਾ ਏਕਸ ਕੇ ਹਮ ਬਾਰਿਕ - ਪੰਨਾ ੬੧੧, ਏਕ ਨੂਰ ਤੇ ਸਭੁ ਜਗੁ ਉਪਜਿਆ – ਪੰਨਾ ੧੩੪੯)
ਅਤੇ ਸਿਰਫ ਤੇ ਸਿਰਫ
ਓਸ
ਇੱਕ ਦੀ ਪੂਜਾ ਕਰਨ ਦੀ ਤਾਕੀਦ ਕੀਤੀ। ਇਸ ਵਾਸਤੇ ਸਾਨੂੰ
ਗੁਰੂ ਦੇ ਸਿੱਖ ਹੋਣ ਨਾਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਕੀ ਅਸੀਂ ਗੁਰੂ ਜੀ ਦੇ ਕਹੇ
ਅਨੁਸਾਰ ਸਿਰਫ ਇੱਕ ਦੀ ਹੀ ਪੂਜਾ ਕਰਦੇ ਹਾਂ?
ਇਤਹਾਸ ਗਵਾਹ ਹੈ ਕਿ ਜਿੰਨਾਂ ਚਿਰ ਗੁਰੂ ਦੇ ਸਿੱਖ ਗੁਰੂ ਜੀ ਦੀ ਸਿਖਿਆ ਭਾਵ
ਇੱਕ ਅਕਾਲ ਪੁਰਖ ਦੇ ਪੁਜਾਰੀ ਬਣ ਕੇ ਜੀਵਨ ਜਿਉਂਦੇ ਰਹੇ ਚੜ੍ਹਦੀਆਂ ਕਲਾਂ ਵਿੱਚ ਵਿਚਰੇ, ਭਾਵੇਂ
ਘਰੋਂ ਬੇ-ਘਰ ਹੋ ਜੰਗਲਾਂ ਵਿੱਚ ਵੀ ਰਹੇ, ਆਖਿਰ ਖ਼ਾਲਸਾ ਰਾਜ ਸਥਾਪਤ ਕਰਨ ਵਿੱਚ ਸਫਲਤਾ ਪ੍ਰਾਪਤ
ਕੀਤੀ, ਪਰ ਜਿਉਂ ਹੀ ਇੱਕ ਦੀ ਪੂਜਾ ਦੇ ਸਿਧਾਂਤ ਤੋਂ ਥਿੜਕੇ (
ਨਾਮੁ
ਵਿਸਾਰਿ ਚਲਹਿ ਅਨ ਮਾਰਗਿ – ਪੰਨਾ ੧੧੫੩) ਰਾਜ
ਭਾਗ ਵੀ ਗੁਆ ਬੈਠੇ ਅਤੇ ਅੱਜ ਤਿੱਕਰ ਇੱਕ ਤੋਂ ਟੁੱਟੇ ਹੋਏ ਹੋਣ ਕਾਰਨ ਪੈਰਾਂ ਉੱਪਰ ਨਹੀਂ ਆ ਸਕੇ।
ਅੱਜ ਦਾ ਸਿੱਖ ਇੱਕ ਦਾ ਨਹੀਂ ਅਨੇਕਤਾ ਦਾ ਪੁਜਾਰੀ ਹੈ ਦੁਨੀਆਂ ਦੇ ਕਿਸੇ
ਅਖੌਤੀ ਤੀਰਥ ਅਸਥਾਨ ਜਾਂ ਕੋਈ ਵੀ ਧਾਰਮਿਕ ਅਸਥਾਨ ਜਾਂ ਹੋਰ ਕਿਸੇ ਤਰਾਂ ਦਾ ਪਖੰਡ/ਕ੍ਰਿਆ ਕਰਮ
ਜਿੱਥੇ ਕਿਤੇ ਵੀ ਹੁੰਦਾ ਹੋਵੇ ਓਥੇ ਭੁਲੜ ਸਿੱਖ ਜ਼ਰੂਰ ਦਿਖਾਈ ਦੇਵੇਗਾ ਕਿਉਂ ਕਿ ਉਹ ਗੁਰੂ ਜੀ ਦੀ
ਇਹ ਸਿੱਖਿਆ ਭੁਲ ਚੁੱਕਾ ਹੈ ਕਿ
ਤੀਰਥ ਭਰਮੈ ਰੋਗੁ ਨਾ ਛੂਟਸਿ (ਪੰਨਾ
੧੧੫੩)। ਇਹ ਹੈ ਅੱਜ ਦੇ ਸਿੱਖ ਦਾ ਹਾਲ, ਜੋ ਗੁਰੂ
ਅੱਗੇ ਮੱਥਾ ਟੇਕਣ ਦਾ ਕੇਵਲ ਨਾਟਕ ਚੇਟਕ ਹੀ ਕਰ ਰਿਹਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਅਖੀਰ ਵਿੱਚ
ਪੱਲੇ ਪਛਤਾਵਾ ਹੀ ਪਵੇਗਾ (ਅੰਤ
ਕਾਲਿ ਪਛੁਤਾਹੀ - ਪੰਨਾ ੧੧੫੩)।
ਸਿੱਖ ਨੂੰ ਜੋ ਜੁਰਅਤ ਉਸ ਗੁਰੂ ਬਾਬੇ ਨੇ ਬਖਸ਼ੀ ਸੀ ਜਿਸ ਨੇ ਰਾਜੇ ਨੂੰ
ਮੂੰਹ ਤੇ
ਜਾਬਰ
ਕਹਿ ਅਤੇ
ਰਾਜੇ ਸ਼ੀਹ ਮੁਕਦਮ ਕੁਤੇ (ਪੰਨਾ ੧੨੮੮)
ਆਖਕੇ ਉਸ ਦੇ ਨਿਜ਼ਾਮ ਨੂੰ ਭੰਡਿਆ ਸੀ। ਪਰ ਅਫਸੋਸ
ਅੱਜ ਦਾ ਸਿੱਖ ਸਿਰਫ ਚਾਪਲੂਸ ਤੋਂ ਵਧ ਕੁੱਝ ਵੀ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ,
ਬਾਦਲ ਪ੍ਰਵਾਰ ਅਤੇ ਹੋਰ ਸਿਰਕਰਦਾ ਸਿੱਖ ਮੁਖੀ ਸਿੱਖਾਂ ਦੀ ਮਿਸਾਲ ਸਭ ਦੇ ਸਾਹਮਣੇ ਹੈ। ਜੋ ਸਿਰਫ
ਆਪਣੇ ਮੁਫਾਦ ਲਈ ਕਿਵੇਂ ਸਿੱਖ ਸਿਧਾਂਤਾਂ ਦਾ ਘਾਣ ਕਰਦੇ ਹੋਏ ਲ੍ਹੇਲੜੀਆਂ ਕਢਦੇ ਫਿਰ ਰਹੇ ਹਨ।
ਭਾਰਤ ਦੇ ਮੌਜੂਦਾ ਨਿਜ਼ਾਮ ਵਲੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਨੂੰ ੨੫ ਸਾਲ ਹੋ ਗਏ ਹਨ ਪਰ ਜਿਹਨਾਂ
ਲੀਡਰ ਨੁਮਾ ਵਿਅਕਤੀਆਂ ਨੇ ਲੋਕਾਂ ਨੂੰ ਭੜਕਾ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ ਉਹਨਾਂ ਨੂੰ
ਦਿੱਖ ਵਜੋਂ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਿਜ਼ਾਮ ਵਲੋਂ ਉੱਚੇ ਔਹੁਦਿਆਂ ਨਾਲ ਨਿਵਾਜਿਆ
ਜਾਂਦਾ ਰਿਹਾ ਹੈ ਤੇ ਕਈ ਅੱਜ ਵੀ ਮੰਤਰੀ ਬਣੇ ਹੋਏ ਹਨ, ਕਿਸੇ ਨੂੰ ਸਜ਼ਾ ਤਾਂ ਕੀ ਹੋਣੀ ਸੀ! ਉਲਟਾ
ਉੱਪਰ ਵਰਣਤ ਅਖੌਤੀ ਮੁਖੀ ਸਿੱਖ ਸਿੱਖਾਂ ਨੂੰ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ ਭੁਲ ਜਾਣ ਦੀ
ਸਲਾਹ ਦੇ ਰਹੇ ਹਨ। ਕਾਤਲਾਂ ਨੂੰ ਸਜ਼ਾ ਦਵਾਉਣ ਲਈ ਤਾਂ ਕੀ ਕਰਨਾ ਸੀ!
ਖਬਰਾਂ ਵਿੱਚ ਕਈ ਜ਼ਿੰਮੇਵਾਰ ਕਾਂਗਰਸੀ ਲੋਕ ਐਸੇ ਬਿਆਨ ਲਗਵਾ ਰਹੇ ਹਨ ਕਿ
੧੯੮੪ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਨੀਲੇ ਤਾਰੇ ਤੋਂ ਬਾਅਦ ਬਹੁਤ ਪਛਤਾ ਰਹੀ ਸੀ ਜੋ ਬਿਲਕੁਲ
ਗ਼ਲਤ ਬਿਆਨੀ ਹੈ। ਇਹ ਪ੍ਰਚਾਰ ਇੱਕ ਖਾਸ ਮੰਤਵ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਉਸਦੇ ਪੋਤੇ ਲਈ
ਸਿੱਖਾਂ ਦੇ ਮਨਾਂ ਅੰਦਰ ਹਮਦਰਦੀ ਪੈਦਾ ਕੀਤੀ ਜਾ ਸਕੇ। ਸਭ ਤੋਂ ਪਹਿਲੀ ਗਲ ਇਹ ਹੈ ਕਿ ਅਗਰ ਉਸਦਾ
ਮਕਸਦ ਸਿਰਫ ਜੁਝਾਰੂਆਂ ਨੂੰ ਫੜਨ ਦਾ ਜਾਂ ਦਰਬਾਰ ਸਹਿਬ ਵਿੱਚੋਂ ਕਢਣ ਦਾ ਹੁੰਦਾ ਤਾਂ ਫੌਜ ਕੋਲੋਂ
ਇੱਕੋ ਵੇਲੇ ਦਰਬਾਰ ਸਹਿਬ ਤੋਂ ਇਲਾਵਾ ਹੋਰ ੩੯ ਗੁਰਦੁਅਰਿਆਂ ਉੱਪਰ ਕਿਉਂ ਹਮਲਾ ਕਰਵਾਉਂਦੀ? ਉਹ ਵੀ
ਪੰਜਮ ਨਾਨਕ ਗੁਰੂ ਅਰਜਨ ਜੀ ਦੇ ਸ਼ਹੀਦੀ ਪੁਰਬ ਮੌਕੇ। ਦੂਜੇ ਪੂਰੇ ਪੰਜਾਬ ਨੂੰ ਕਿਉਂ ਸੀਲ ਕੀਤਾ ਗਿਆ
ਅਤੇ ਪੰਜਾਬ ਵਿੱਚੋਂ ਵਿਦੇਸੀ ਪਤ੍ਰਕਾਰ ਕਿਉਂ ਕਢੇ ਗਏ ਨਾਲੇ ਪੰਜਾਬ ਬਾਰੇ ਖਬਰਾਂ ਉੱਪਰ ਸੈਂਸਰਸ਼ਿਪ
ਕਿਉਂ ਲਾਈ ਗਈ? ਕੀ ਇਹ ਸਭ ਕੁੱਝ ਜ਼ਾਹਿਰ ਨਹੀਂ ਕਰਦਾ ਕਿ ਉਸ ਦੀ ਮਣਸ਼ਾ ਸਿੱਖਾਂ ਨੂੰ ਵਧ ਤੋਂ ਵਧ
ਕਤਲ ਕਰਨ ਦੀ ਸੀ? ਤਾਂ ਕਿ ਸਿੱਖਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਹਮੇਸ਼ਾਂ ਲਈ
ਗ਼ੁਲਾਮ ਬਣਾਇਆ ਜਾ ਸਕੇ ਜਾਂ ਸਿੱਖਾਂ ਕੋਲੋਂ ਸਿੱਖੀ ਨੂੰ ਅਲਵਿਦਾ ਅਖਵਾ ਕੇ ਅਪਣੇ ਆਪ ਨੂੰ ਹਿੰਦੂ
ਐਲਾਨ ਕਰਵਾਇਆ ਜਾ ਸਕੇ।
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।। (ਪੰਨਾ ੪੮੮)।
ਹਾਲਾਂ ਕਿ ਕਈ ਮੋਹਤਵਰ ਮਨੁੱਖ ਇਸ ਖਿਆਲ ਦੇ ਹਨ ਕਿ ਨੀਲੇ ਤਾਰੇ ਦੀ ਕਾਰਵਾਈ
ਬਿਲਕੁਲ ਗ਼ਲਤ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ। ਸਿੱਖਾਂ ਨੂੰ ਭਰੋਸੇ ਵਿੱਚ ਲੈਕੇ ਕੋਈ ਹੋਰ ਤਰੀਕਾ
ਅਪਣੌਨਾ ਚਾਹੀਦਾ ਸੀ। ਪਰ ਜਿਹਨਾਂ ਨੇ ਧਾਰਿਆ ਹੀ ਇਹ ਹੋਵੇ ਕਿ ਸਿੱਖ ਦਿਸਣੇ ਨਹੀਂ ਚਾਹੀਦੇ, ਉਹਨਾਂ
ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ! ਹੋਰ ਜਾਣਕਾਰੀ ਲਈ ਇਹਨਾਂ ਵੈਬ ਸਾਈਟਾਂ ਨੂੰ ਵੇਖ ਸਕਦੇ ਹੋ
www.witness84.com ,
www.carnage84.com,
www.ensaaf.org।
ਸਿੱਖਾਂ ਦੇ ਸਰਬੋਤਮ ਧਾਰਮਕ ਕੇਂਦਰ ਦੀ ਤਬਾਹੀ ਅਤੇ ਸੰਗਤਾਂ ਦੇ ਕਤਲੇਆਮ
ਉਪ੍ਰੰਤ ਸਾਰੇ ਪੰਜਾਬ ਵਿੱਚ ਫੌਜ ਵਲੋਂ ਕੀਤੇ ਜ਼ੁਲਮ ਦੇ ਭਿਆਨਕ ਨਤੀਜੇ ਨੇ ਅਤੇ ਔਂਦੇ ਦਿਨਾਂ ਵਿੱਚ
ਪ੍ਰਧਾਨ ਮੰਤਰੀ ਵਲੋਂ ਕੀਤੇ ਜਾਣ ਵਾਲੇ ਸ਼ਾਂਤੀ ਅਪਰੇਸ਼ਨ ਦੀ ਭਿਣਕ ਨੇ (ਜਿਸ ਅਨੁਸਾਰ ਪਾਕਿਸਤਾਨ ਨਾਲ
ਲੜਾਈ ਛੇੜ ਕੇ ਭਾਰਤੀ ਫੌਜ ਨੂੰ ਬਾਰਡਰ ਤੋਂ ਪਿੱਛੇ ਹਟਾ ਲੈਣਾ ਸੀ ਤੇ ਪੰਜਾਬ ਦੀ ਸਿੱਖ ਵਸੋਂ ਉੱਪਰ
ਆਪੇ ਹੀ ਹਵਾਈ ਗੋਲਾਬਾਰੀ ਕਰਕੇ ਤਬਾਹੀ ਮਚਾਉਣੀ ਸੀ ਬਾਅਦ ਵਿੱਚ ਫੌਜ ਨੇ ਰਹਿੰਦੇ ਖੁੰਹਦੇ ਸਿੱਖਾਂ
ਦਾ ਸਫਾਇਆ ਕਰਦੇ ਹੋਏ ਪਾਕੀ ਫੌਜ ਨੂੰ ਪਿੱਛੇ ਧਕਣਾ ਸੀ) ਪ੍ਰਧਾਨ ਮੰਤਰੀ ਦੇ ਯਕੀਨ-ਯਾਫਤਾ ਸਿੱਖ
ਰੱਖਿਆ ਗਾਰਡ (
ਸ਼ਹੀਦ) ਸਰਦਾਰ
ਬੇਅੰਤ ਸਿੰਘ ਅਤੇ (ਸ਼ਹੀਦ) ਸਰਦਾਰ ਸਤਵੰਤ ਸਿੰਘ
ਨੂੰ ਉਸ ਦਾ ਕਤਲ ਕਰਨ ਲਈ ਪ੍ਰੇਰਿਆ। ਪਰ ਇਸ ਕਤਲ ਤੋਂ ਪਿੱਛੋਂ ਜੋ ਪੂਰੇ ਮੁਲਕ ਵਿੱਚ ਤਿੰਨ ਦਿਨ
ਤਿੱਕਰ ਸਿੱਖਾਂ ਦੀ ਬੇਰਹਿਮੀ ਨਾਲ ਯੋਜਨਾਵਧ ਤਰੀਕੇ ਅਤੇ ਨਿਜ਼ਾਮ ਦੀ ਸ਼ਮੂਲੀਅਤ ਨਾਲ ਲੁੱਟ-ਖੋਹ,
ਬਲਾਤਕਾਰ ਤੇ ਕਤਲੋਗਾਰਤ ਕੀਤੀ ਗਈ ਕਿਸੇ ਤਰਾਂ ਵੀ ਨਸਲਕੁਸ਼ੀ ਤੋਂ ਘੱਟ ਨਹੀਂ ਸੀ। ਇਸ ਸਬੰਧ ਵਿੱਚ
ਬਲਰਾਮ ਜਾਖੜ (ਭਾਵੇਂ ਸਾਰੇ ਸਿੱਖਾਂ ਦਾ ਕਤਲ ਕਰਨਾ ਪਏ) ਅਤੇ ਬਰਗੇਡੀਅਰ ਛਿੱਬਰ (ਸਿੱਖਾਂ ਦੀ ਨਸਲ
ਬਦਲ ਦੇਣੀਂ ਚਾਹੀਦੀ ਹੈ। ਜੋ ਬਾਅਦ ਵਿੱਚ ਪੰਜਾਬ ਹਰਿਆਣਾ ਦਾ ਗਵਰਨਰ ਭੀ ਰਿਹਾ) ਦੇ ਬਿਆਨ ਕਦੇ
ਨਾਂਹ ਭੁਲਣ ਵਾਲੇ ਤੇ ਨਾਂਹ ਬਖਸ਼ਣ ਯੋਗ ਹਨ। ਇਹਨਾਂ ਦੀ ਸੋਚ ਉਹਨਾਂ ਸਿੱਖਾਂ ਪ੍ਰਤੀ ਨਫਰਤ ਜ਼ਾਹਿਰ
ਕਰਦੀ ਹੈ ਜਿਹਨਾਂ ਦੇ ਨੌਵੇਂ ਨਾਨਕ ਗੁਰੂ ਤੇਗਬਹਾਦਰ ਜੀ ਨੇਂ ਹਿੰਦੂਆਂ ਦੀ ਹੋਂਦ ਬਚੌਂਣ ਲਈ ਆਪਾ
ਕੁਰਬਾਨ ਕੀਤਾ ਸੀ ਅਤੇ ਉਹ ਆਪ ਖੁਦ ਇਹਨਾਂ ਦੀਆਂ ਧੀਆਂ ਭੈਣਾਂ ਹਮਲਾਵਰਾਂ ਤੋਂ ਛਡੁਵਾ ਕੇ ਘਰੀਂ
ਪੁਜਦੀਆਂ ਕਰਦੇ ਰਹੇ ਹਨ। ਮੁਲਕ ਨੂੰ ਵਿਦੇਸੀਆਂ ਤੋਂ ਆਜ਼ਾਦ ਕਰਵਾਉਣ ਵਿੱਚ ਜਿਹਨਾਂ ਦਾ ਵਿਤੋਂ ਕਿਤੇ
ਵਧ ਯੋਗਦਾਨ ਹੈ। ਇਸ ਤਰਾਂ ਦੀ ਸੋਚ ਰੱਖਣ ਵਾਲੇ ਲੋਕ ਅਕ੍ਰਿਤਘਣ ਨਹੀਂ ਤਾਂ ਹੋਰ ਕੀ ਹਨ? ੀੲਹ ਲੋਕ
ਸਿਰਫ ਧਰਤੀ ਅਤੇ ਮਨੁੱਖਤਾ ਉੱਪਰ ਵਾਧੂ ਦਾ ਭਾਰ ਹਨ।
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ
(ਭਾਈ ਗੁਰਦਾਸ ੮, ੩੫)।
ਬੋਜ਼ਨੀਆਂ ਵਿੱਚ ਸਰਬਾਂ ਵਲੋਂ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਦੇ
ਮੁਕਦਮੇਂ ਚੱਲੇ ਹਨ ਅਤੇ ਚਲ ਰਹੇ ਹਨ। ਏਸੇ ਤਰਾਂ ਮੌਕੇ ਹਿਟਲਰ ਦੇ ਨਿਜ਼ਾਮ ਵਲੋਂ ਯਹੂਦੀਆਂ ਦੇ ਹੋਏ
ਕਤਲੇਆਮਾਂ ਦੇ ਮੁਕਦਮੇਂ ਵੀ ਹੇਗ ਵਿਖੇ ਸੰਸਾਰਿਕ ਅਦਾਲਤ ਵਿੱਚ ਚਲਦੇ ਰਹੇ ਹਨ। ਇਹਨਾਂ ਸਾਰੇ
ਮੁਲਜ਼ਮਾਂ ਉੱਪਰ ਮਨੁੱਖਤਾ ਦੇ ਕਾਤਲ ਹੋਣ ਦੇ ਇਲਜ਼ਾਂਮ ਲੱਗੇ ਹਨ/ਸਨ ਅਤੇ ਦੋਸ਼ੀ ਸਾਬਤ ਹੋਏ ਕੀਤੇ ਦੀ
ਸਜ਼ਾ ਭੁਗਤ ਰਹੇ ਹਨ। ਇਹ ਵਰਤਾਰਾ ਹੁੰਦਾ ਹੈ ਜਮਹੂਰੀ ਅਮਲ ਅਤੇ ਕਨੂੰਨ ਦਾ। ਪਰ ਅਫਸੋਸ ਭਾਰਤ ਜਿਸ
ਨੂੰ ਗੁਮਰਾਹ ਹੋਈ ਦੁਨੀਆਂ ਸੰਸਾਰ ਦੀ ਸਭ ਤੋਂ ਵਡੀ ਜਮਹੂਰੀਅਤ ਆਖ ਰਹੀ ਹੈ ੨੫ ਸਾਲ ਬੀਤ ਜਾਣ ਬਾਅਦ
ਵੀ (ਸਿੱਖ) ਮਨੁੱਖਤਾ ਦੇ ਕਾਤਲ, ਜਿਹਨਾਂ ਦੀ ਨਿਸ਼ਾਨ ਦੇਹੀ ਕਈ ਕਮਿਸ਼ਨਾਂ ਨੇ ਭੀ ਕੀਤੀ ਹੋਈ ਹੈ,
ਆਜ਼ਾਦ ਘੁੰਮ ਰਹੇ ਹਨ। ਇਸ ਨੂੰ ਕਹਿੰਦੇ ਨੇ ਨਾਲੇ ਚੋਰੀ ਨਾਲੇ ਸੀਨਾ ਜ਼ੋਰੀ।
ਅੱਜ ਕਲ ਲਗਪਗ ੩੫ ਤੋਂ ੪੦ ਲੱਖ ਸਿੱਖ ਵਿਦੇਸਾਂ ਵਿੱਚ ਰਹਿ ਰਹੇ ਹਨ ਕੀ ਉਹ
ਸੰਸਾਰਿਕ ਅਦਾਲਤ ਦਾ ਦਰ ਖੜਕੌਣ ਦਾ ਕੋਈ ਰਸਤਾ ਨਹੀਂ ਲਭ ਸਕਦੇ? ਜਿਸ ਨਾਲ ਸਿੱਖਾਂ ਦੇ ਕਾਤਲਾਂ ਨੂੰ
ਕਾਨੂੰਨ ਦੀ ਜ਼ੱਦ ਵਿੱਚ ਲਿਆਇਆ ਜਾਏ? ਜਾਂ ਬੋਜ਼ਨੀਆਂ ਤੇ ਕਾਸਵੋ ਵਾਂਗੂੰ ਸਿੱਖ ਆਵਾਦੀ ਵਾਲੀਆਂ
ਥਾਵਾਂ ਉੱਪਰ ਸੰਯੁਕਤ ਰਾਸ਼ਟਰ ਵਲੋਂ ਆਪਣੀ ਹਿਫਾਜ਼ਤ ਲਈ ਯੂ ਐਨ ਪੀਸਕੀਪਰ ਤਾਇਨਾਤ ਕਰਨ ਦੀ ਮੰਗ ਕੀਤੀ
ਜਾਵੇ, ਕਿਉਂ ਕਿ ਭਾਰਤ ਦੇ ਮੌਜੂਦਾ ਹਾਲਾਤਾਂ ਵਿੱਚ ਇਹ ਸੰਭਵ ਨਹੀਂ ਲਗ ਰਿਹਾ। ਵਰਨਾ ਹਰ ਰੋਜ਼ ਸਿੱਖ
ਨੌਜਵਾਂਨ ਝੂਠੇ/ਫਰਜ਼ੀ ਬਹਾਨੇ ਬਣਾ ਕੇ ਹਿਰਾਸਤ ਵਿੱਚ ਲਏ ਜਾਂਦੇ ਰਹਿਣਗੇ ਜਿਵੇਂ ਹੁਣ ਆਏ ਦਿਨ ਹੋ
ਰਿਹਾ ਹੈ ਅਤੇ ਗੁਰੂ ਗ੍ਰੰਥ ਸਹਿਬ ਜੀ ਨੂੰ ਖੋਰਾ ਲਗਾਉਣ ਲਈ (ਪਰਦੇ ਪਿੱਛੇ) ਬ੍ਰਾਹਮਣ ਵਲੋਂ ਰਚੀਆਂ
ਗਈਆਂ ਕਿਤਾਬਾਂ (ਬਚਿੱਤਰ ਨਾਟਕ ਗੁਰਬਿਲਾਸ ਤੇ ਹੋਰ ਅਨੇਕਾਂ) ਜਿਹਨਾਂ ਦਾ ਮੁੱਖ ਮੰਤਵ ਸਿੱਖਾਂ ਨੂੰ
ਇੱਕ ਅਕਾਲ ਨਾਲੋਂ ਤੋੜ ਕੇ ਅਨੇਕ ਨਾਸ਼ਵਾਨ ਅਤੇ ਕੁਕਰਮ ਕਰਨ ਵਾਲੇ ਦੇਹਧਾਰੀਆਂ ਨਾਲ ਜੋੜਨਾਂ ਅਤੇ
ਉਹਨਾਂ ਨੂੰ ਉਭਾਰਨਾ ਹੈ।
ਅਗਰ ਸਿੱਖਾਂ ਨੇ ਆਪਣੇ ਆਪ ਅਤੇ ਆਪਣੀ ਨਿਆਰੀ ਦਿੱਖ ਨੂੰ ਸੰਸਾਰ ਵਿੱਚ
ਸੁਰੱਖਿਅਤ ਕਰਨਾ ਹੈ ਜਾਂ ਇੰਨਸਾਫ ਲੈਣਾ ਹੈ ਤਾਂ ਉਹਨਾਂ ਨੂੰ
ਠਾਕੁਰੁ ਛੋਡਿ ਦਾਸੀ ਕਉ ਸਿਮਰਿਹ
(ਪੰਨਾ ੧੧੩੮) ਵਾਲੀ ਸੁਰਤੀ ਤਿਆਗਣੀ ਪਵੇਗੀ। ਦਰ
ਦਰ ਦੀ ਖ਼ਾਕ ਛਾਣਨ ਦੀ ਥਾਂਹ ਮੁੜ ਗੁਰੂ ਬਖਸ਼ੀ ਇੱਕ ਵਾਲੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ। ਜਿੰਨੇ
ਸਾਧ ਡੇਰੇ, ਠਾਠਾਂ, ਟਕਸਾਲਾਂ, ਕਈ ਤਰਾਂ ਦੇ ਨਿਹੰਗ ਦਿਸਦੇ ਜਥੇ ਵਗੈਰਾ ਅਤੇ ਕਈ ਗੁਰਦੁਆਰਿਆਂ ਦੇ
ਗ੍ਰੰਥੀ ਜੋ ਗੁਰੂ ਗ੍ਰੰਥ ਸਹਿਬ ਜੀ ਦੇ ਓਹਲੇ ਹੇਠ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਨ ਲਈ ਹੋਰ
ਅਖੌਤੀ ਗ੍ਰੰਥਾਂ ਪੋਥੀਆਂ ਦੀ ਕਥਾ ਕਰਕੇ ਗੁਮਰਾਹ ਕਰ ਰਹੇ ਹਨ, ਤੋਂ ਚੌਕਸੀ ਵਰਤਦੇ ਹੋਏ ਸਾਵਧਾਨ
ਹੋਣ ਦੀ ਜ਼ਰੂਰਤ ਹੈ। ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਿਰ ਜੋੜ ਕੇ ਯਤਨ ਅਰੰਭਣੇ ਪੈਣਗੇ। ਕਿਉਂ ਕਿ
ਇਸ ਨੂੰ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਵਰਨਾਂ ਖੁਆਰੀ ਤਾਂ ਪੱਲੇ ਪਵੇਗੀ ਹੀ।
ਨਿਰਭੈ ਸਿੰਘ