.

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-੩)

1.(ਲੜੀ ਜੋੜਨ ਲਈ ਕ੍ਰਿਪਾ ਕਰਕੇ ਪਿਛਲਾ ਅੰਕ ਦੇਖੋ) ਉਪਰੋਕਤ ਕੁੰਭ ਦੇ ਜਲ ਦੀਆਂ ਕਰਾਮਾਤੀ ਗੱਲਾਂ (ਕੀ ਉਪਰ ਵਰਣਤ ਪੂਜਾਰੀ ਦੀ ਭੋਗ ਲਗਾਉਣ ਦੀ ਮਰਿਆਦਾ ਦੀ ਨਕਲ ਨਹੀਂ?) ਨੇ ਸਿੱਖ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਮੂਲੋਂ ਹੀ ਰੱਦ ਕਰਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੀ ਖਤਮ ਕਰ ਦਿੱਤੀ ਹੈ। ਕੀ ਡੇਰੇਦਾਰਾਂ ਦੀਆਂ ਐਸੀਆਂ ਗੁਰਮਤਿ ਸਿਧਾਂਤ ਵਿਰੋਧੀ ਗੱਲਾਂ ਤੋਂ ਸੁਚੇਤ ਰਹਿਣ ਲਈ ਇਨ੍ਹਾਂ ਆਗੂਆਂ/ਪ੍ਰਬੰਧਕਾਂ ਨੇ ਕਦੀ ਕੌਮ ਨੂੰ ਆਗਾਹ ਕਰਨ ਦਾ ਕੋਈ ਉਪਰਾਲਾ ਕੀਤਾ ਹੈ? ਜਾਂ ਐਸੇ ਡੇਰੇਦਾਰਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਕੀਤੀ ਹੈ? ਇਥੇ ਹੀ ਬੱਸ ਨਹੀਂ, ਇਨ੍ਹਾਂ ਡੇਰੇਦਾਰਾਂ ਨੇ ਅਖੰਡ ਪਾਠ ਕਰਨ ਵੇਲੇ ਕੁੰਭ, ਜੋਤ, ਨਲੀਏਰ ਆਦਿ ਰਖਣ ਦੇ ਨਾਲ-ਨਾਲ ਹੋਰ ਬਾਣੀਆਂ ਦੇ ਪਾਠ ਜਿਵੇਂ ਕਿ ਜਪੁ (ਜੀ) ਸਾਹਿਬ ਆਦਿ ਨੂੰ ਵੀ, ਅਖੰਡ ਪਾਠ ਦੇ ਨਾਲ ਹੀ ਜਾਰੀ ਰਖਣ ਕਰਕੇ, ਅਖੰਡ ਪਾਠ ਦਾ ਡੱਬਲ ਮਹਤੱਵ ਦਰਸਾ ਕੇ, ਰਹਿਤ ਮਰਿਆਦਾ ਦੀ ਇਸ ਮੱਦ ਦਾ ਖੁੱਲੇਆਮ ਵਿਰੋਧ ਅੱਜ ਤੱਕ ਨਿਰੰਤਰ ਜਾਰੀ ਰਖਿਆ ਹੋਇਆ ਹੈ ਅਤੇ ਨਾਲ ਹੀ ਸਿਖਾਂ ਨੂੰ ਇਹ ਵੀ ਸਮਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਣੀ ਦੇ ਰਚਣਹਾਰਾਂ ਨੂੰ ਵੀ ਇਸ ਗੱਲ ਦਾ ਇਲੱਮ ਨਹੀਂ ਸੀ ਕਿ ਇੰਜ ਪਾਠ ਕਰਨ ਨਾਲ ਕੀਤੇ ਹੋਏ ਪਾਠ ਦਾ ਫੱਲ ਡੱਬਲ ਹੋ ਜਾਂਦਾ ਹੈ। ਪਤਾ ਨਹੀਂ ਇਨ੍ਹਾਂ ਪ੍ਰਬੰਧਕਾਂ ਨੂੰ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੁੰਦੇ ਉਪਰੋਕਤ ਕੰਮਾਂ ਦਾ ਪਤਾ ਨਹੀਂ ਜਾਂ ਜਾਣਬੁਝ ਕੇ ਨਾਸਮਝ ਬਣ ਕੇ ਇਹ ਕੋਈ ਮੁਨਾਸਿਬ ਕਾਰਵਾਈ ਨਹੀਂ ਕਰਨਾ ਚਾਹੁੰਦੇ?

2. ਸਿੱਖ ਰਹਿਤ ਮਰਿਆਦਾ ਦੇ ਗੁਰਦੁਆਰੇ ਸਿਰਲੇਖ ਦੇ ਭਾਗ ‘ਝ` ਵਿੱਚ ਅੰਕਿਤ ਹੈ ਕਿ “ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੋਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ” ਇਸ ਸਭ ਦੇ ਬਾਵਜੂਦ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਤਕਰੀਬਨ ਸਾਰੇ ਹੀ ਡੇਰੇਦਾਰ ਉਪਰੋਕਤ ਮੱਦ ਨੂੰ ਖੁੱਲੇਆਮ ਚੈਲਿੰਜ ਕਰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸੰਗਤ ਵਿੱਚ ਵਖਰਾ ਗਦੇਲਾ ਵਿਛਾ ਕੇ ਬੈਠਦੇ ਤਾਂ ਹਨ ਹੀ, ਪਰ ਨਾਲ ਹੀ ਇੱਕ ਵਖਰਾ ਗਦੇਲਾ ਵਿਛਾ ਕੇ ਉਸ ਉਪਰ ਡੇਰੇ ਦੇ ਸੰਥਾਪਕ ਦੀ ਤਸਵੀਰ ਦਾ ਆਸਣ ਲਗਾ ਕੇ ਇਸ ਗੁਰਮਤਿ ਵਿਰੋਧੀ ਕ੍ਰਿਆ ਨੂੰ ਗੁਰਮਤਿ ਅਨੁਸਾਰੀ ਦਰਸਾਉਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਉਪਰੋਂ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਇਹ ਅਗਿਆਨੀ ਪ੍ਰਬੰਧਕ/ਆਗੂ ਐਸੇ ਡੇਰੇਦਾਰਾਂ ਨੂੰ ਸਿਖ ਰਹਿਤ ਮਰਿਆਦਾ ਦੀ ਇਸ ਉਪਰੋਕਤ ਮੱਦ ਅਧੀਨ ਰੋਕਣ ਜਾਂ ਸਮਝਾਉਣ ਦਾ ਕੋਈ ਸਾਰਥਕ ਉਪਰਾਲਾ ਨਾ ਕਰਕੇ ਆਪਣੇ ਨਿਜ਼ੀ ਮੁਫਾਦਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਹੀ ਬ੍ਰਹਮ ਗਿਆਨੀ ਜਾਂ ਪੁੱਗੇ ਹੋਏ ਸਾਧ ਕਹਿ ਕੇ ਆਪਣੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਬੁੱਲਾ ਕੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਗੁਰਮਤਿ ਅਨੁਸਾਰੀ ਹੋਣ ਦਾ ਸਰਟੀਫੀਕੇਟ ਦਿੰਦੇ ਹੋਏ ਜਿੱਥੇ ਭੋਲੀ-ਭਾਲੀ ਸਿਖ ਸੰਗਤ ਨੂੰ ਗੁੰਮਰਾਹ ਕਰਦੇ ਹਨ, ਉੱਥੇ ਨਾਲ ਹੀ ਐਸੇ ਡੇਰੇਦਾਰਾਂ ਦੀ ਪ੍ਰਸਿੱਧੀ ਵਿੱਚ ਵੀ ਯੋਗਦਾਨ ਪਾਉਂਦੇ ਹਨ। ਇਸੇ ਲਈ ਵਿਆਨਾ ਵਰਗੇ ਦੁਖਦਾਈ ਕਾਰੇ ਵਾਪਰ ਜਾਂਦੇ ਹਨ ਉਪਰੋਂ ਸਿਤੱਮ ਇਸ ਗੱਲ ਦਾ ਕਿ ਕੁੱਝ ਲਿਖਾਰੀ ਸਿੱਖ ਸਰੂਪ ਵਿੱਚ ਵਿਚਰਨ ਵਾਲੇ, “ਫਾਰਾਨ” ਨਾਂ ਦੀ ਇੱਕ ਮਾਸਿਕ ਅਖਬਾਰ ਵਿੱਚ ਲਿਖਦੇ ਹਨ ਕਿ “ਡੇਰੇਦਾਰ ਰਾਮਾਨੰਦ ਅਤੇ ਨਿਰੰਜਨ ਦਾਸ ਦੋਨੋਂ ਹੀ ਹੱਦ ਦਰਜੇ ਦੇ ਭੱਲੇ ਮਾਣਸ, ਨੇਕ ਪੁਰਸ਼ ਅਤੇ ਗੁਰੁ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ ਅਤੇ ਹਰ ਵਕਤ ਡੇਰਾ ਬਲਾਂ ਵਿਖੇ ਪਾਠ ਚਲਦਾ ਰਹਿੰਦਾ ਹੈ”। ਇਹ ਦੋਵੇਂ ਗਲਾਂ ਬਹੁਤ ਹੀ ਗੁਮਰਾਹਕੁਨ ਹਨ ਐਸੀਆਂ ਗੱਲਾਂ ਕਰਕੇ ਹੀ ਆਮ ਸਿਖ ਭੁਲੇਖੇ ਵੱਸ ਅਤੇ ਸਾਡੇ ਪ੍ਰਬੰਧਕਾਂ ਦੀ ਮਿਹਰਬਾਨੀ ਸਦਕਾ ਗੁੰਮਰਾਹ ਹੋ ਕੇ ਐਸੇ ਡੇਰੇਦਾਰਾਂ ਦੇ ਚੁੰਗਲ ਵਿੱਚ ਫੱਸ ਜਾਂਦੇ ਹਨ। ਪਰ ਜ਼ਿਆਦਾਤਰ ਡੇਰੇਦਾਰ ਤਾਂ ਗੁਰੁ ਗ੍ਰੰਥ ਸਾਹਿਬ ਦਾ ਪਾਠ, ਪ੍ਰਕਾਸ਼ ਅਤੇ ਸ਼ਰਧਾ ਦਿਖਾਵੇ ਲਈ ਹੀ ਕਰਦੇ ਹਨ। ਉਨ੍ਹਾਂ ਦਾ ਅਸਲ ਮਕਸੱਦ ਤਾਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਵੱਡਾ ਸਾਬਿਤ ਕਰਨਾ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਜੂਦਗੀ ਵਿੱਚ ਹੀ ਆਪਣੇ ਆਪ ਨੂੰ ਮੱਥੇ ਟਿਕਵਾਉਂਣਾ ਹੁੰਦਾ ਹੈ, ਬਲਕਿ ਦਿ. ਸਿ. ਗੁ. ਪ੍ਰ. ਕਮੇਟੀ ਵਲੋਂ ਵੀਆਨਾ ਵਿਖੇ ਕਰਵਾਈ ਗਈ ਜਾਂਚ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਭੇਟ ਕੀਤੇ ਗਏ ਰੁਮਾਲੇ ਪਹਿਲਾਂ ਡੇਰੇ ਦੇ ਮੁਖੀ ਨਿਰੰਜਨ ਦਾਸ ਦੇ ਪੈਰਾਂ ਨਾਲ ਛੁਹਾਏ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕੀਤੇ ਜਾਂਦੇ ਸਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਅਤੇ ਸਤਿਕਾਰਨ ਦਾ ਇਹ ਢੰਗ ਠੀਕ ਹੈ? ਪਰ ਡੇਰੇਦਾਰ ਰਾਮਾਨੰਦ ਦੇ ਵਿਆਨਾ ਵਿੱਚ ਮਰਨ ਤੋਂ ਉਪਰੰਤ ਡੇਰਾ ਬਲਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੱਕੇ ਤੋਰ ਤੇ ਹਟਾ ਦੇਣ ਵਿੱਚ ਡੇਰੇਦਾਰ ਨੇ ਕਿਹੜੀ ਭਲੇਮਾਨਸੀ ਦਾ ਇਜ਼ਹਾਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਲਈ ਉਸਦੀ ਸ਼ਰਧਾ ਕਿਥੇ ਅਲੋਪ ਹੋ ਗਈ? ਸਪਸ਼ਟ ਹੈ ਕਿ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨਦੇ ਹੋਏ ਗੋਲਕ ਰਾਹੀਂ ਆਮਦਨੀ ਵਧਾਉਣ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਇਕੱਠੇ ਕਰਨ ਲਈ ਇੱਕ ਸਰੋਤ ਤੋਂ ਵੱਧ ਕੁੱਝ ਵੀ ਮਹਤੱਵ ਨਹੀਂ ਦਿੰਦੇ। ਇਸ ਲਈ ਜੇ ਕੋਈ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸੇ ਨਿਜੀ ਡੇਰੇ ਵਿੱਚ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਸਿਖ ਰਹਿਤ ਮਰਿਆਦਾ ਵਿੱਚ ਨਿਸ਼ਚਿਤ ਕੀਤੀਆਂ ਸੇਧਾਂ ਨੂੰ ਮੰਨਣਾ ਅਤੇ ਲਾਗੂ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ, ਪਰ ਜੇ ਕੋਈ ਡੇਰੇਦਾਰ ਸਿਖ ਰਹਿਤ ਮਰਿਆਦਾ ਨੂੰ ਤਿਲਾਂਜਲੀ ਦੇਕੇ ਮਨ ਮਰਜੀਆਂ ਕਰਦੇ ਡੇਰੇਦਾਰਾਂ ਦੇ ਵਿਰੁੱਧ, ਕੋਮੀ ਪ੍ਰਬੰਧਕਾਂ/ਆਗੂਆਂ ਵਲੋਂ ਕੋਈ ਕਾਰਵਾਈ ਨਾ ਕਰਨਾ, ਕੀ ਸਿੱਖ ਰਹਿਤ ਮਰਿਆਦਾ ਖਿਲਾਫ ਖੁੱਲੀ ਬਗਾਵਤ ਨਹੀਂ? ਇਸ ਸਭ ਦੇ ਬਾਵਜੂਦ ਵੀ ਕੀ ਅਸੀਂ ਇਨ੍ਹਾਂ ਨੂੰ ਪੰਥ ਹਿਤੈਸ਼ੀ ਆਗੂ/ਪ੍ਰਬੰਧਕ ਕਹਿ ਸਕਦੇ ਹਾਂ?

3. ਸਿੱਖ ਰਹਿਤ ਮਰਿਆਦਾ ਦੇ ਇਸੇ ਸਿਰਲੇਖ ਦੇ ਭਾਗ ‘ਢ` ਵਿੱਚ ਅੰਕਿਤ ਹੈ ਕਿ “ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ” ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਤੱਕ ਤਕਰੀਬਨ ਸਾਰੇ ਹੀ ਸਿੰਘ ਸਭਾ ਗੁਰਦੁਆਰਿਆਂ ਵਿੱਚ ਅਰਦਾਸ ਵੇਲੇ ਨਗਾਰਾ ਵਜਾਇਆ ਜਾਂਦਾ ਸੀ, ਜੋ ਅੱਜਕਲ ਕਿਸੇ ਵਿਰਲੇ ਗੁਰਦੁਆਰਿਆਂ ਨੂੰ ਛਡ ਕੇ ਲਗਭਗ ਅਲੋਪ ਹੀ ਹੋ ਚੁੱਕਾ ਹੈ, ਇਨ੍ਹਾਂ ਪੰਥਕ ਨਿਸ਼ਾਨੀਆਂ ਦੀ ਅਲੋਪਤਾ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ? ਇਸ ਪੰਥ ਦੇ ਰਖਵਾਲੇ ਕਹਾਉਣ ਵਾਲੇ ਇਸ ਪਾਸੇ ਵੀ ਕੋਈ ਧਿਆਨ ਦੇਣ ਦਾ ਉਪਰਾਲਾ ਕਰਨਗੇ?

4. ਸਿਖ ਰਹਿਤ ਮਰਿਆਦਾ ਦੇ ਸਿਰਲੇਖ ਗੁਰਮਤਿ ਦੀ ਰਹਿਣੀ ਦੇ ਭਾਗ ‘ੳ` ਵਿੱਚ ਅੰਕਿਤ ਹੈ ਕਿ “ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ” ਪਰ ਮੇਰੇ ਇਨ੍ਹਾਂ ਪ੍ਰਬੰਧਕਾਂ/ਆਗੂਆਂ ਨੇ ਸਿਖ ਰਹਿਤ ਮਰਿਆਦਾ ਵਿੱਚ ਅੰਕਿਤ ਸੇਧਾਂ ਨੂੰ ਨਕਾਰਦਿਆਂ ਹੋਇਆਂ ਆਪਣੇ ਮੁਫਾਦਾਂ ਨੂੰ ਸਾਮ੍ਹਣੇ ਰੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਕਈ ਤਰਾਂ ਦੇ ਬ੍ਰਹਮ ਗਿਆਨੀਆਂ, ਸੰਤ, ਬਾਬਿਆਂ ਆਦਿਕ ਦੀ ਵੀ ਉਪਾਸਨਾ ਵੱਲ ਸਿਖ ਮਾਨਸਿਕਤਾ ਨੂੰ ਉਵੇਂ ਹੀ ਬਦਲਣ ਵਿੱਚ ਮਦਦ ਕੀਤੀ ਹੈ, ਜਿਵੇਂ ਪੁਜਾਰੀਆਂ ਨੇ ਹਿੰਦੂ ਸਮਾਜ ਨੂੰ ੩੩ ਕਰੋੜ ਦੇਵਤਿਆ ਦੀ ਉਪਾਸਨਾ ਲਈ। ਇਸੇ ਲਈ ਸਿਖ ਰਹਿਤ ਮਰਿਆਦਾ ਦੀ ਇਸ ਮੱਦ ਦੇ ਵਿਰੁਧ ਬ੍ਰਾਹਮਣ ਵਲੋਂ ਪ੍ਰਚਲਿਤ ਮਰ ਚੁੱਕੇ ਵਡੇਰਿਆਂ ਨਮਿਤ ਨਿਸ਼ਚਿਤ ਕੀਤੇ ਸ਼ਰਾਧ ਨਾਮਕ ਦਿਨਾਂ ਵਿੱਚ ਧਾਰਮਿਕ ਪੂਜਾਰੀ ਨੂੰ ਸ਼ਰਧਾ ਨਾਲ ਭੋਜਨ ਖਵਾਉਣ ਦੇ ਨਾਲ-ਨਾਲ, ਮਾਇਆ, ਬਸਤਰ ਇਤਿਆਦਿਕ ਦਾਨ ਕਰਨ ਵਾਲੀ ਮੂਰਖ ਸ਼ਰਧਾ ਅੱਜ ਗ੍ਰੰਥੀ ਸਿੰਘਾਂ ਦੇ ਦਰ ਦੀ ਪੱਕੀ ਰੋਂਣਕ ਬੱਣ ਚੁੱਕੀ ਹੈ, ਸ਼ਰਧਾਲੂਆਂ ਦੇ ਘਰਾਂ ਵਿੱਚ ਪ੍ਰਸ਼ਾਦੇ ਛਕਣ ਵਾਲੇ ਇਹ ਸਿਖ ਸਤਿਗੁਰਾਂ ਵੱਲ ਪਿੱਠ ਕਰਕੇ ਦਾੜ੍ਹੀ ਕੇਸਾਂ ਵਾਲੇ ਪੂਜਾਰੀਆਂ ਦੀ ਹੀ ਭੂਮਿਕਾ ਨਿਭਾ ਰਹੇ ਹੁੰਦੇ ਹਨ, ਜਿਨ੍ਹਾਂ ਨੇ ਗੁਰਮਤਿ ਰਾਹੀਂ ਪ੍ਰਚਾਰਨਾ ਸੀ ਕਿ ਮਰ ਚੁੱਕੇ ਪ੍ਰਾਣੀ ਦਾ ਇਨ੍ਹਾਂ ਗਲਾਂ ਨਾਲ ਕੋਈ ਵਾਹ ਵਾਸਤਾ ਨਹੀਂ, ਸਤਿਗੁਰ ਜੀ ਦੇ ਹੁਕਮਾਂ ਦੇ ਉਲਟ ਕਰਮ ਕਰਨ ਵਾਲੇ ਗੁਰਸਿਖ ਉਸ ਵੇਲੇ ਭੋਜਨ ਨਹੀਂ ਖਾ ਰਹੇ ਹੁੰਦੇ ਬਲਕਿ ਗੁਰਬਾਣੀ ਦੇ ਹੇਠ ਲਿਖੇ ਫੁਰਮਾਨ ਦੀ ਅਵੱਗਿਆ ਕਰਨ ਦਾ ਪਾਪ ਰੂਪੀ ਥੁੱਕ ਚੱਟ ਰਹੇ ਹੁੰਦੇ ਹਨ:- ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ।। ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ।। ੭।। ਅਰਥ:- ਹੇ ਸਹੇਲੀਏ (ਜੇ) ਪ੍ਰਭੂ-ਪਤੀ ਕੁੱਝ ਹੋਰ ਆਖਦਾ ਰਹੇ, ਤੇ, (ਜੀਵ ਇਸਤ੍ਰੀ) ਕੁੱਝ ਹੋਰ ਕਰਦੀ ਰਹੇ, ਤਾਂ ਉਸ (ਜੀਵ ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉਦੱਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ। ਉਸ ਦੇ ਮੁੰਹ ਉੱਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ। ਇਹ ਕਿਨ੍ਹਾਂ ਚਿੰਤਾ ਦਾ ਵਿਸ਼ਾ ਹੈ ਕਿ ਬ੍ਰਾਹਮਣੀ ਅਸਰ ਕਬੂਲਦਿਆਂ ਹੋਇਆਂ ਸਿਖ ਵੀ ਸਤਿਗੁਰਾਂ ਦੇ ਬਚਨਾਂ ਤੋਂ ਉਲਟ ਅਗਿਆਨਤਾ ਵੱਸ, ਇਨ੍ਹਾਂ ਦਿਨਾਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਤੋਂ ਪਾਸਾ ਵਟਦਿਆਂ ਨਾਨਕ ਪਾਤਸ਼ਾਹ ਜੀ ਦੇ ਨਮਿੱਤ (ਸ਼ਰਾਧ ਵਾਲੇ ਦਿਨ) ਚਾਹ ਦੇ ਲੰਗਰ, ਮਠਿਆਈਆਂ, ਰੋਟੀਆਂ, ਪੂੜੀਆਂ ਕੜ੍ਹਾਹ ਆਦਿਕ ਦੇ ਰੂਪ ਵਿੱਚ ਪ੍ਰਸ਼ਾਦ ਵੰਡਣ ਵਿੱਚ ਫਖਰ ਮਹਿਸੂਸ ਕਰਨ ਲੱਗ ਪਏ ਹਨ। ਅਜੇਹੇ ਦਿਨਾਂ ਵਿੱਚ ਤਾਂ ਸਗੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਰਾਹੀਂ ਬ੍ਰਾਹਮਣੀ ਭਰਮ ਦਾ ਬੋਰੀਆ ਬਿਸਤਰਾ ਗੋਲ ਕਰਦਿਆਂ ਖਾਲਸੇ ਨੂੰ ਲੋਕਾਈ ਦੇ ਮਨਾਂ `ਤੇ ਡੂੰਗਾ ਪ੍ਰਭਾਵ ਪਾਉਂਦਿਆਂ ਸਾਬਿਤ ਕਰ ਦੇਣਾ ਚਾਹਿਦਾ ਹੈ ਕਿ ਸਿਖ ਹਰ ਤਰ੍ਹਾਂ ਦੇ ਭਰਮਾਂ ਤੋਂ ਰਹਿਤ ਹੋਕੇ ਸੱਚੇ ਮਾਰਗ ਦਾ ਪਾਂਧੀ ਬਣ ਕੇ ਅਕਾਲ ਪੁਰਖ ਦੇ ਦਰ (ਕਸਵੱਟੀ) ਤੇ ਅਪੱੜ ਸਕਦਾ ਹੈ। ਪਰ ਅਫਸੋਸ ਨਾਨਕ ਪਾਤਸ਼ਾਹ ਜੀ ਦੇ ਇਸ ਸਿਖ ਦੇ ਘਰ ਸਰਾਧਾਂ ਤੋਂ ਬਾਅਦ, ਜਦੋਂ ਨਵਰਾਤਰਿਆਂ ਦੇ ਬਹਾਨੇ ਇੱਕ ਅਕਾਲ ਪੁਰਖ ਨੂੰ ਭੁੱਲਕੇ ਦੇਵੀਆਂ ਦੀ ਖੁਸ਼ੀ ਹਾਸਿਲ ਕਰਨ ਲਈ ਕੰਜਕਾਂ ਸੱਦੀਆਂ ਜਾਂਦੀਆਂ ਹਨ। ਕੀ ਹਨ ਇਹ ਨਵਰਾਤਰੇ ਅਤੇ ਕੀ ਹਨ ਇਹ ਕੰਜਕਾਂ, ਸਮਝਣਾਂ ਜ਼ਿਆਦਾ ਲਾਭਦਾਇਕ ਰਹੇਗਾ। ਨਵਰਾਤਰੇ (ਭਾਵ ਨੋਂ ਰਾਤਾਂ ਵਾਲੇ) ਦਿਨਾਂ ਵਿੱਚ ਦੁਰਗਾ ਦੇ ਉਪਾਸ਼ਕ ਦੇਵੀ ਦੇ ਨੋਂ ਸਰੂਪਾਂ ਦਾ ਪੂਜਨ ਕਰਦੇ ਹੋਏ, ਜਦ ਸਮਾਪਤੀ ਕਰਦੇ ਹਨ, ਤਦ ਨੋਂ ਦੇਵੀਆਂ ਦੇ ਨਾਮ ਉੱਤੇ ਨੋਂ ਕੁਆਰੀਆਂ ਕੁੜੀਆਂ (ਕੰਨਿਆਂ) ਨੂੰ ਅੰਨ ਧੰਨ, ਕਪੜੇ ਅਤੇ ਬਰਤਨ ਆਦਿਕ ਅਰਪਦੇ ਹਨ, ਇਨ੍ਹਾਂ ਦਿਨਾਂ ਵਿੱਚ ਮਾਸ ਅੰਡੇ ਦੇ ਪ੍ਰਹੇਜ਼ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਪੁਰਾਣਾਂ ਅਨੁਸਾਰ ਅੱਸੂ ਮਹੀਨੇ ਦੇ ਨਵਰਾਤਿਆਂ ਵਿੱਚ ਪੂਜੀਆਂ ਜਾਣ ਵਾਲੀਆਂ ੯ ਦੇਵੀਆਂ ਦੇ ਨਾਮ ਇਸ ਤਰਾਂ ਹਨ:- ਸ਼ੈਲਪੁਤ੍ਰੀ, ਬ੍ਰਹਮਚਾਰਿਣੀ, ਚੰਦ੍ਰਘੰਟਾ, ਕੁੜਮਾਂਡਾ, ਸ੍ਰਕੰਦਮਾਤਾ, ਕਾਤਯਾਯਨੀ, ਕਾਲਰਾਤ੍ਰਿ, ਮਹਾਗੌਰੀ ਅਤੇ ਸਿੱਧਤਾ। ਚੇਤਿ ਮਹੀਨੇ ਦੇ ਨਵਰਾਤਿਆਂ ਵਿੱਚ ਪੂਜੀਆਂ ਜਾਣ ਵਾਲੀਆਂ ੯ ਦੇਵੀਆਂ ਦੇ ਨਾਮ ਇਸ ਤਰਾਂ ਹਨ:- ਕੁਮਾਰਿਕਾ, ਤ੍ਰਿਮੂਰਤਿ, ਕਲਯਾਨੀ, ਰੋਹਿਣੀ, ਕਾਲੀ, ਚੰਡਿਕਾ, ਸ਼ਾਂਭਵੀ, ਦੁਰਗਾ ਅਤੇ ਸੁਭਦ੍ਰਾ। ਗੁਰਬਾਣੀ ਦਾ ਫੁਰਮਾਨ ਹੈ:- ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ।। ੬।। ਅਰਥ:-ਹੇ ਭਾਈ ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਭੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿੱਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ? ਜਦੋਂ ਆਸ ਪਾਸ ਦੀ ਦੇਖਾ-ਦੇਖੀ ਵਿਚ, ਸਿਖ ਵੀ ਉਪਰੋਕਤ ਦੇਵੀ ਰੂਪੀ ਕੰਜਕਾਂ ਨੂੰ ਸੱਦਾ ਦੇ ਕੇ ਭੋਜਨ ਆਦਿ ਖਵਾਉਂਦਾ ਹੈ ਤਾਂ ਉਦੋਂ ਸਿਖਾਂ ਕੋਲੋਂ ਸਤਿਗੁਰ ਦੇ ਬਖਸ਼ੇ ਤੇਜ ਪ੍ਰਤਾਪ ਖੁਸਣ ਦੀ ਰਮਜ਼ ਮਿਲਦੀ ਨਜ਼ਰ ਆਉਂਦੀ ਹੈ। ਗੱਲ ਜਦੋਂ ਦੇਵੀ ਦੇਵਤੇ ਦੀ ਉਪਾਸਨਾ ਦੀ ਚੱਲ ਰਹੀ ਹੈ ਤਾਂ ਇੱਥੇ ਇਹ ਵਿਚਾਰ ਕਰਨੀ ਵੀ ਲਾਹੇਵੰਦੀ ਰਹੇਗੀ ਕਿ ਕਿਸ ਤਰ੍ਹਾਂ ਸਿਖਾਂ ਵਿੱਚ ਇੱਕ ਵੱਡਾ ਤੱਬਕਾ (ਰਾਮਗੜ੍ਹੀਆ ਬ੍ਰਾਦਰੀ) ਅਗਿਆਨਤਾ ਵੱਸ ਹੀ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਆਪਣਾ ਇਸ਼ਟ ਕਹਿੰਦੇ ਹੋਏ, ਉਸਦਾ ਦਿਨ ਮਨਾਉਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕਰਨ ਦੇ ਨਾਲ-ਨਾਲ ਸਿਖ ਰਹਿਤ ਮਰਿਆਦਾ ਦੀ ਇਸ ਮੱਦ ਦਾ ਵੀ ਖੁੱਲੇ ਆਮ ਉਲੰਘਣ ਕਰ ਰਿਹਾ ਹੁੰਦਾ ਹੈ। ਪਰ ਕੀ ਮਜਾਲ ਹੈ ਕਿ ਮੇਰੇ ਇਨ੍ਹਾਂ ਪ੍ਰਬੰਧਕਾਂ/ਆਗੂਆਂ ਨੇ ਕਦੇ ਇਨ੍ਹਾਂ ਭੁੱਲੇ ਹੋਏ ਵੀਰਾਂ ਨੂੰ ਸਮਝਾ ਕੇ ਗੁਰਮਤਿ ਅਨੁਸਾਰੀ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ ਹੋਵੇ? ਬਲਕਿ ਇਹ ਤਾਂ ਉਨ੍ਹਾਂ ਵੀਰਾਂ ਦੇ ਸੱਦੇ ਤੇ ਬੜੇ ਫਖਰ ਨਾਲ ਐਸੇ ਸਮਾਗਮਾਂ ਵਿੱਚ ਸ਼ਿਰੱਕਤ ਕਰਦੇ ਹਨ। ਆਉ ਵਿਚਾਰੀਏ ਕਿ ਵਿਸ਼ਵਕਰਮਾਂ ਨਾਮੀ ਦੇਵਤੇ ਬਾਰੇ ਹਿੰਦੂ ਗ੍ਰੰਥ ਕੀ ਲਿਖਦੇ ਹਨ। ਰਮਾਇਣ ਵਿੱਚ ਅੰਕਿਤ ਹੈ ਕਿ ਵਿਸ਼ਵਕਰਮਾ ਅੱਠਵੇਂ ਵਸੁ ਪ੍ਰਭਾਸ ਦਾ ਪੁੱਤਰ ਲਾਵਨਯਮਤੀ ਯੋਗ ਸਿੱਧਾ ਤੋਂ ਪੈਦਾ ਹੋਇਆ, ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਪਰ ਜਦੋਂ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸਕੀ, ਤਾਂ ਵਿਸ਼ਵਕਰਮਾ ਨੇ ਸੂਰਜ ਨੂੰ ਆਪਣੇ ਖਰਾਦ ਤੇ ਬੰਨ ਕੇ ਇਸਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਕਰਕੇ ਸੂਰਜ ਦੀ ਤਪਸ਼ ਘਟ ਗਈ, ਸੂਰਜ ਦੇ ਇਸ ਛਿੱਲੇ ਹੋਏ ਛਿੱਲੜ ਤੋਂ ਵਿਸ਼ਵਕਰਮਾ ਜੀ ਨੇ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਏ। ਇੱਥੇ ਇੱਕ ਗੱਲ ਵਿਚਾਰਨ ਯੋਗ ਹੈ ਕਿ ਕੀ ਕਦੇ ਕੋਈ ਅੱਗ ਦੇ ਗੋਲੇ ਸੂਰਜ ਨੂੰ ਖਰਾਦ ਤੇ ਬੰਨ ਸਕਦਾ ਹੈ? ਕੀ ਸੂਰਜ ਦੀ ਤਪਸ਼ ਨਾਲ ਖਰਾਦ ਪਿਘੱਲ ਕੇ ਖਤੱਮ ਨਹੀ ਹੋ ਜਾਏਗੀ? ਕੀ ਸੂਰਜ ਨੂੰ ਕਦੇ ਕਿਸੇ ਖਰਾਦ ਨਾਲ ਕੱਟਿਆ (ਛਿਲਿਆ) ਵੀ ਜਾ ਸਕਦਾ ਹੈ? ਇਹ ਸੱਭ ਇੱਕ ਝੂਠੀ ਕੱਲਪਣਾ ਤੋਂ ਵੱਧ ਕੁੱਝ ਵੀ ਨਹੀਂ ਇਸ ਲਈ ਏਡੀ ਵੱਡੀ ਝੂਠੀ ਕੱਲਪਨਾ ਦੇ ਸਹਾਰੇ ਘੜੇ ਗਏ ਝੂਠ ਦਾ ਦਿਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਉਣਾ, ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਨ ਦੇ ਬਰਾਬਰ ਨਹੀਂ? ਕੀ ਐਸੀਆਂ ਹੁੰਦੀਆਂ ਮਨਮਤਾਂ ਦੇ ਸੁਧਾਰ ਲਈ ਇਹ ਪ੍ਰਬੰਧਕ/ਆਗੂ ਕੋਈ ਉਪਰਾਲੇ ਕਰਨ ਦਾ ਯੱਤਨ ਕਰਣਗੇ?

5. ਸਿਖ ਰਹਿਤ ਮਰਿਆਦਾ ਦੇ ਇਸੇ ਸਿਰਲੇਖ ਦੇ ਭਾਗ ‘ਸ` ਵਿੱਚ ਅੰਕਿਤ ਹੈ “ਜ਼ਾਤ ਪਾਤ, ਛੂਤ ਛਾਤ, ਜੰਤ੍ਰ ਮੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿਤੱਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾ ਉਤੇ ਨਿਸ਼ਚਾ ਨਹੀਂ ਕਰਨਾ, ਗੁਰੁ ਅਸਥਾਨ ਤੋਂ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮਨਣਾਂ” ਰਹਿਤ ਮਰਿਆਦਾ ਦੀ ਇਸ ਮੱਦ ਵਿੱਚ ਜਾਤ ਪਾਤ ਆਦਿ ਦਾ ਖੰਡਨ ਹੈ ਪਰ ਜਾਤ ਪਾਤ ਦੇ ਇਸ ਵਿਕਰਾਲ ਦੈਂਤ ਤੋ ਸਾਡੇ ਇਹ ਪ੍ਰਬੰਧਕ/ਆਗੂ ਕੋਮ ਨੂੰ ਬਚਾ ਨਹੀਂ ਸਕੇ, ਬਲਕਿ ਹਰ ਕੰਮ ਜਾਤ ਬਰਾਦਰੀ ਉੱਤੇ ਪਰਖਦੇ ਹੋਏ ਕੋਮ ਨੂੰ ਇਥੋਂ ਤੱਕ ਨਿਘਰਦੀ ਹਾਲਤ ਤੱਕ ਪੁੱਜਾ ਦਿੱਤਾ ਹੈ ਕਿ ਧਰਮ ਅਸਥਾਨਾਂ ਨੂੰ ਵੀ ਜਾਤ ਬਰਾਦਰੀਆਂ ਦੇ ਨਾਂ ਤੇ ਵੰਡਕੇ ਇਹ ਕਹਿਣ ਲੱਗ ਗਏ ਹਨ ਕਿ ਇਹ ਗੁਰਦੁਆਰਾ ਰਾਮਗੜੀਆਂ ਦਾ, ਇਹ ਗੁਰਦੁਆਰਾ ਜੱਟਾਂ ਦਾ, ਇਹ ਗੁਰਦੁਆਰਾ ਰਵੀਦਾਸੀਆਂ ਦਾ ਅਤੇ ਇਹ ਭਾਪਿਆਂ ਦਾ ਆਦਿਕ। ਕਾਸ਼ ਇਹ ਆਪਣੇ ਬਣਾਏ ਹੋਏ ਪ੍ਰਬੰਧ ਵਿੱਚ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਪ੍ਰਚਾਰਣ ਦਾ ਯਤਨ ਕਰਦੇ:-

ਜਾਣਹੁ ਜੋਤਿ ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ।। (ਪੰਨਾ-੩੪੯-੧੩, ਆਸਾ, ਮਃ ੧)

ਤੂੰ ਸਾਹਿਬੁ, ਹਉ ਸਾਂਗੀ ਤੇਰਾ; ਪਣਵੈ ਨਾਨਕੁ, ਜਾਤਿ ਕੈਸੀ।। (ਪੰਨਾ ੩੫੮-੧੮, ਆਸਾ, ਮਃ ੧)

ਆਗੈ, ਜਾਤਿ ਰੂਪੁ ਨ ਜਾਇ।। (ਪੰਨਾ ੩੬੩-੧੧, ਆਸਾ, ਮਃ ੩)

ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ।। (ਪੰਨਾ ੪੬੯-੬, ਵਾਰ-ਆਸਾ, ਮਃ ੧)

ਬਰਨੁ ਜਾਤਿ ਕਊ ਪੂਛੈ ਨਾਹੀ; ਬਾਛਹਿ ਚਰਨ ਰਵਾਰੋ।। (ਪੰਨਾ ੪੯੮-੫, ਗੂਜਰੀ, ਮਃ ੫)

ਅਗੈ ਨਾਉ ਜਾਤਿ ਨ ਜਾਇਸੀ; ਮਨਮੁਖਿ ਦੁਖੁ ਖਾਤਾ।। (ਪੰਨਾ ੫੧੪-੧੭, ਗੂਜਰੀ ਵਾਰ-੧, ਮਃ ੩)

ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ; ਹਮ ਵੇਚਿਓ ਸਿਰੁ, ਗੁਰ ਕੇ।। (ਪੰਨਾ ੭੩੧, ਸੂਹੀ, ਮਃ ੪)

ਅਗੈ ਜਾਤਿ ਨ ਪੁਛੀਐ; ਕਰਣੀ ਸਬਦੁ ਹੈ ਸਾਰੁ।। (ਪੰਨਾ ੧੦੯੪-੧, ਮਾਰੂ ਵਾਰ-੧, ਮਃ ੩)

ਕਬੀਰ ਕੋ ਠਾਕੁਰੁ ਅਨਦ ਬਿਨੋਦੀ; ਜਾਤਿ ਨ ਕਾਹੂ ਕੀ ਮਾਨੀ।। (ਪੰਨਾ ੧੧੦੫, ਮਾਰੂ, ਭਗਤ ਕਬੀਰ ਜੀ)

ਜਾਤਿ ਕਾ ਗਰਬੁ ਨ ਕਰੀਅਹੁ ਕੋਈ।। (ਪੰਨਾ ੧੧੨੭-੧੯, ਭੈਰਉ, ਮਃ ੩)

ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ! ।। (ਪੰਨਾ ੧੧੨੭-੧੯, ਭੈਰਉ, ਮਃ ੩)

ਜਾਤਿ ਬਰਨ ਕੁਲ ਸਹਸਾ ਚੂਕਾ; ਗੁਰਮਤਿ ਸਬਦਿ ਬੀਚਾਰੀ।। (ਪੰਨਾ ੧੧੯੮-੨, ਸਾਰਗ, ਮਃ ੧)

ਜਾਤਿ ਜਨਮ ਕੁਲ ਖੋਈਐ; ਹਉ ਗਾਵਉ ਹਰਿ ਹਰੀ।। (ਪੰਨਾ ੧੨੩੦-੧੮, ਸਾਰਗ, ਮਃ ੫)

ਜਿਥੈ ਲੇਖਾ ਮੰਗੀਐ; ਤਿਥੈ, ਦੇਹ ਜਾਤਿ ਨ ਜਾਇ।। - (੧੩੪੬-੯, ਪ੍ਰਭਾਤੀ ਬਿਭਾਸ, ਮਃ ੩)

ਪਰ ਉਪਰੋਕਤ ਗੁਰਬਾਣੀ ਫੁਰਮਾਨਾਂ ਦੇ ਵਿਰੁੱਧ ਜਾਂਦੇ ਹੋਏ ਇਨ੍ਹਾਂ ਪ੍ਰਬੰਧਕਾਂ/ਆਗੂਆਂ ਨੇ ਸਮੁੱਚੀ ਕੋਮ ਨੂੰ ਬ੍ਰਾਹਮਣੀ ਜਾਤ ਪ੍ਰਣਾਲੀ ਦੇ ਰੰਗ ਵਿੱਚ ਰੰਗਣ ਦਾ, ਕੀ ਸਫਲ ਯਤਨ ਨਹੀਂ ਕੀਤਾ? ਭਾਰਤੀ ਸਮਾਜ ਵਿੱਚ ਪਸਰ ਚੁੱਕੀ ਇਸ ਅਮਰ ਵੇਲ ਤੋਂ ਨਿਜਾਤ ਦਿਵਾਉਣ ਲਈ ਹੀ ਪਾਤਸ਼ਾਹ ਜੀ ਨੇ ਸੰਗਤ ਅਤੇ ਪੰਗਤ ਦਾ ਸਿਧਾਂਤ ਦ੍ਰਿੜ੍ਹ ਕਰਵਾਇਆ ਸੀ। ਕਿਸੇ ਵੀ ਜੰਤ੍ਰ-ਮੰਤ੍ਰ ਭਾਵ ਟੂਣਾਂ-ਟਾਮਣ (ਤੰਤ੍ਰ-ਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ) ਆਦਿ ਵਿੱਚ ਵਿਸ਼ਵਾਸ ਰਖੱਣ ਲਈ ਸਿੱਖ ਰਹਿਤ ਮਰਿਆਦਾ ਵਿੱਚ ਮਨਾਹੀ ਹੈ ਪਰ ਇਨ੍ਹਾਂ ਜੰਤ੍ਰ ਮੰਤ੍ਰਾਂ ਵਿੱਚ ਵਿਸ਼ਵਾਸ ਪੱਕਾ ਕਰਨ ਦੀ ਮਨਸ਼ਾ ਨਾਲ ਹੀ ਇਨ੍ਹਾਂ ਕੌਮ ਦੇ ਪ੍ਰਬੰਧਕਾਂ/ਆਗੂਆਂ ਨੇ ਪ੍ਰਚਾਰ ਦਾ ਤੰਤ੍ਰ ਡੇਰੇਦਾਰਾਂ ਦੇ ਮੋਡਿਆਂ ਤੇ ਰੱਖ ਕੇ ਸਿਖ ਮਾਨਸਿਕਤਾ ਨੂੰ ਗੁਰ ਸਿਧਾਂਤ ਨਾਲੋਂ ਟੁਟਦਿਆਂ ਮੂਕ ਦਰਸ਼ਕ ਬਣਨ ਵਿੱਚ ਹੀ ਆਪਣੀ ਭਲਾਈ ਮਹਿਸੂਸ ਕੀਤੀ। ਜਿਸ ਟੂਣਿਆਂ ਦੀ ਅਸਲਿਅਤ ਖੋਲਦਿਆਂ ਨਾਨਕ ਪਾਤਸ਼ਾਹ ਜੀ ਨੇ ਇੰਝ ਬਿਆਨ ਕੀਤਾ ਸੀ:- ਕੋਈ ਮੁਗਲੁ ਨ ਹੋਆ ਅੰਧਾ; ਕਿਨੈ ਨ ਪਰਚਾ ਲਾਇਆ।। ੪।। (੪੧੮-੧, ਆਸਾ, ਮਃ ੧) ਭਾਵ:- ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਕਿਸੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ। ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹਮਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਪੀਰਾਂ ਦੀਆਂ ਤਸਬੀਆਂ ਫਿਰਨ ਨਾਲ) ਕੋਈ ਇੱਕ ਭੀ ਮੁਗਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ। ਇਨ੍ਹਾਂ ਜਾਦੂ ਟੂਣਿਆਂ ਅਤੇ ਮਾਲਾ ਫੇਰਨ ਨਾਲ ਕੁੱਝ ਨਾ ਸਵਰਿਆ ਅਤੇ ਮੁਗਲਾਂ ਨੇ ਇਸ ਸਮਾਜ ਨੂੰ ਆਣ ਦਬੋਚਿਆ। ਪਰ ਅੱਜ ਦੇ ਡੇਰੇਦਾਰ ਗੁਰਬਾਣੀ ਸਿਧਾਂਤਾਂ ਨੂੰ ਭੁਲਾ ਲੋਕਾਂ ਵਲੋਂ, ‘ਕਰਨ ਕਰਾਉਣ` ਦਾ ਭਰਮ ਪੱਕਾ ਕਰਨ ਦੇ ਆਹਰ ਵਿੱਚ ਰੁੱਝੇ ਹੋਏ ਮਨੁੰਖ ਨੂੰ ਵੀ ਪ੍ਰਬੰਧਕ/ਆਗੂ ਬ੍ਰਹਮ ਗਿਆਨੀ ਆਦਿ ਲਕਬਾਂ ਨਾਲ ਨਿਵਾਜਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਨੂੰ ਕਦੇ ਗੁਰਬਾਣੀ ਸਿਧਾਂਤਾਂ ਦੀ ਸਮਝ ਆਏਗੀ? ਇੱਕ ਅਕਾਲ ਪੁਰਖ ਦੀ ਨਿਯਮ ਬੱਧ ਕਾਰ ਨੂੰ ਨਾ ਸਮਝਦੇ ਹੋਏ ਮਨੁੱਖ ਸ਼ਗਨ, ਅੱਪ-ਸ਼ਗਨ ਦੇ ਭਰਮ ਵਿੱਚ ਪੈ ਕੇ ਪੁਛਾਂ ਦੇਣ ਵਾਲਿਆਂ ਦੇ ਪਿੱਛੇ ਭਟਕਦਾ ਇਸ ਕਦਰ ਫਸ ਗਿਆ ਹੈ ਕਿ ਇਸ ਦੇ ਤਕਰੀਬਨ ਸਾਰੇ ਹੀ ਦਿਹਾੜਿਆਂ ਜਿਵੇਂ ਵਿਆਹ ਸ਼ਾਦੀ, ਕੁੜਮਾਈ, ਠਾਕਾ ਆਦਿ ਦੇ ਸਮੇਂ ਚੰਗੇ ਬੁਰੇ, ਸ਼ਗਨ ਅਪ-ਸ਼ਗਨ ਦੀ ਵਿਚਾਰ ਇਸਦੀ ਜਿਦੰਗੀ ਵਿੱਚ ਅਹਿਮ ਹੋ ਨਿਬੜੀ ਹੈ। ਕਿਸੇ ਚੰਗੇ ਕੰਮ ਤੁਰਨ ਸਮੇਂ ਕਿਸੇ ਕੰਨਿਆ ਵਲੋਂ ਪਾਣੀ ਦਾ ਘੜਾ ਚੁੱਕੀ ਅੱਗੋਂ ਮਿਲ ਪੈਣਾ ਸ਼ੁਭ ਸ਼ਗੁਨ ਮੰਨਿਆ ਗਿਆ, ਪਰ ਤੁਰਨ ਸਮੇਂ ਜੇ ਕੋਈ ਛਿੱਕ ਮਾਰ ਦੇਵੇ, ਪਿਛੋਂ ਆਵਾਜ਼ ਮਾਰ ਦੇਵੇ ਜਾਂ ਬਿੱਲੀ ਰਾਹ ਕੱਟ ਜਾਵੇ ਤਾਂ ਕਈ ਤਰਾਂ ਦੇ ਵਿਹਮ ਭਰਮ ਮਨੁੱਖ ਦਾ ਰਾਹ ਮੱਲ ਖਲੋਦੇ ਹਨ। ਇੱਥੇ ਹੀ ਬੱਸ ਨਹੀਂ ਜਾਨਵਰਾਂ ਦੀਆਂ ਬੋਲੀਆਂ ਤੋਂ ਕਈ ਤਰਾਂ ਦੇ ਭਰਮ ਇਸ ਸਮਾਜ ਵਿੱਚ ਪ੍ਰਚਲਿਤ ਨਜ਼ਰ ਆਉਂਦੇ ਹਨ ਜਿਵੇਂ ਕਿ ਮੋਰ, ਗਟਾਰ ਅਤੇ ਕਾਂ ਆਦਿ ਦਾ ਬੋਲਣਾ ਚੰਗਾ ਸ਼ਗਨ ਅਤੇ ਉੱਲੂ, ਚਮਗਿੱਦੜ ਦਾ ਬੋਲਣਾ ਅਤੇ ਕੁੱਤੇ ਦਾ ਰੋਣਾ ਬੱਦਸ਼ਗੁਨ ਮੰਨਿਆ ਗਿਆ। ਸ਼ੁਭ ਸ਼ਗੁਨਾਂ ਵਾਲੇ ਮਹੁਰੱਤ ਕੇਵਲ ਪੂਜਾਰੀ ਹੀ ਦੱਸ ਸਕਦਾ ਸੀ ਅਤੇ ਇਸ ਦੇ ਨਾਲ ਹੀ ਕਿਸੇ ਬੱਦ ਸ਼ਗੁਨੀ ਦਾ ਇਲਾਜ ਵੀ ਪੂਜਾਰੀ ਦੇ ਕੋਲ ਮੋਜੂਦ ਸੀ ਜਿਸਦੀ ਉਸਨੂੰ ਮੂੰਹ ਮੰਗੀ ਦਕਸ਼ਣਾਂ ਮਿਲਦੀ। ਗੁਰਮਤਿ ਨੇ ਉਪਰੋਕਤ ਬੇ-ਅਰਥ ਦੇ ਭਰਮਾਂ ਦੀ ਭਰਪੂਰ ਖੰਡਣਾ ਕਰਦਿਆਂ ਸਮਾਜ ਵਿੱਚ ਕਹੇ ਜਾਂਦੇ ਸ਼ੂਦਰਾਂ ਦੇ ਮਨੋਂ ਹੀਨ ਭਾਵਨਾ ਖਤਮ ਕਰਨ ਲਈ ਕੁੱਝ ਖਾਸ ਬੋਲੇ ਪ੍ਰਚਲਿਤ ਕਰ ਲਏ ਜਿਵੇਂ ਕਿ ਕਿਸੇ ਕੰਮ ਚੱਲਣ ਲਗਿਆਂ ਜੇ ਕਿੱਤੇ ਅਗੋਂ ਬ੍ਰਾਹਮਣ ਮਿਲ ਪਏ ਤਾਂ ਇਸ ਨੂੰ ਅਪ-ਸ਼ਗੁਨ ਕਿਹਾ ਜਾਂਦਾ ਅਤੇ ਇਸ ਅਪ-ਸ਼ਗੁਨੀ ਦਾ ਤੋੜ ਜੁੱਤੀ ਝਾੜਨੀ ਪ੍ਰਚਲਿਤ ਕਰ ਦਿੱਤਾ, ਜੇ ਕੋਈ ਨੀਵੀਂ ਜਾਤ ਵਾਲਾ ਸ਼ੁਦਰ ਅੱਗੋਂ ਮਿਲ ਪਏ ਤਾਂ ਵਿਗੜੇ ਕਾਰਜ ਰਾਸ ਆਉਣ ਦੀ ਗੱਲ ਮਸ਼ਹੂਰ ਕਰ ਦਿੱਤੀ। ਅਜੇਹੇ ਉਪਰੋਕਤ ਵਰਣਤ ਭਰਮਾਂ ਦੀ ਬਾਬਤ ਗੁਰਬਾਣੀ ਫੁਰਮਾਨ ਇਸ ਪ੍ਰਕਾਰ ਹੈ:- ਜਬ ਆਪਨ ਆਪੁ ਆਪਿ ਉਰਿ ਧਾਰੈ।। ਤਉ ਸਗਨ ਅਪਸਗਨ ਕਹਾ ਬੀਚਾਰੈ (ਪੰਨਾ-੨੯੧) ਅਰਥ:-ਜਦੋਂ ਪਭੂ ਤੋਂ ਬਿਨਾਂ ਅਜੇ ਕੁੱਝ ਬਣਿਆ ਹੀ ਨਹੀਂ ਸੀ, ਪਭੂ ਆਪਣੇ ਰੰਗ ਵਿੱਚ ਆਪ ਹੀ ਮਸਤ ਸੀ ਤਦੋਂ ਚੰਗੇ ਮੰਦੇ ਸ਼ਗੁਨਾਂ ਦੀ ਵਿਚਾਰ ਕਰਨ ਵਾਲਾ ਕੋਣ ਸੀ? (ਭਾਵ ਸ਼ਗੁਨ ਅਪ-ਸ਼ਗੁਨ ਮਨੁੱਖ ਦਾ ਆਪਣਾ ਖਿਲਾਰਿਆ ਹੀ ਮਾਇਆ ਜਾਲ ਹੈ) ਭਾਈ ਗੁਰਦਾਸ ਜੀ ਇਸ ਬਾਬਤ ਬਹੁੱਤ ਖੂਬਸੂਰਤ ਸਮਝਾ ਰਹੇ ਹਨ:- ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ। ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ। ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ। ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ। ਥਿਤਿ ਵਾਰ ਭਦ੍ਰਾ ਭਰਮ ਦਿਸਾ ਸੂਲ ਸਹਸਾ ਸੈਸਾਰਾ। ਵਲਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਭਤਾਰਾ। ਗੁਰਮੁਖਿ ਸੁਖ ਫਲੁ ਪਾਰ ਉਤਾਰਾ।। ੮।। ਅਰਥ:- ਜਿਹੜੇ ਲੋਕ ਗੁਰੁ ਦਾ ਭਰੋਸਾ ਛੱਡ ਕੇ ਸ਼ਗੁਨਾਂ ਤੇ ਜੋਤਿਸ਼ ਦੇ ਭਰਮਾਂ ਵਿੱਚ ਫਸੇ ਹੋਏ ਹਨ, ਉਹ ਉਸ ਬਹੁਝੱਖੀ (ਕਈ ਥਾਂਈਂ ਝੱਖਾਂ ਮਾਰਨ ਵਾਲੀ ਵੇਸਵਾ) ਦੇ ਤੁੱਲ ਹਨ, ਉਹ ਆਪਣੇ ਸੱਚੇ ਮਾਲਕ ਦੇ ਮਿਲਾਪ ਦਾ ਆਨੰਦ ਕਦੇ ਨਹੀਂ ਮਾਣ ਸਕਦੇ। (ਚਲਦਾ)

ਨਿਸ਼ਕਾਮ ਨਿਮਰਤਾ ਸਹਿਤ,

ਮਨਜੀਤ ਸਿੰਘ ‘ਖਾਲਸਾ`
.