.

ਹਵਾਵਾਂ ਦੀ ਬੇਗਾਨਗੀ

ਨਵੰਬਰ 84 ਤੇ ਅਸੀਂ

ਪੱਤਝੜ ਦਾ ਮੌਸਮ ਹੋਣ ਕਾਰਨ ਸੜਕਾਂ ਉਪਰ ਸਾਰੇ ਪਾਸੇ ਵੈਰਾਨੀ ਜਿਹੀ ਛਾਈ ਪਈ ਹੈ। ਠਰੀਆਂ ਹਵਾਵਾਂ ਦੇ ਝੰਬੇ ਰੁੱਖ ਬੜੇ ਸੁੰਝੇ ਅਤੇ ਡਰਾਉਂਣੇ ਜਾਪ ਰਹੇ ਹਨ। ਰੁੱਖਾਂ ਤੋਂ ਬਿਨਾ ਨਿਖਸਮੇ ਹੋਏ ਪੱਤੇ ਹਵਾਵਾਂ ਵਿੱਚ ਉਡਦੇ ਬੜੇ ਅਵਾਰਾ ਜਿਹੇ ਜਾਪ ਰਹੇ ਹਨ। ਹਵਾ ਥੋੜਾ ਠੱਲਣ ਤੇ ਪੱਤੇ ਸੜਕਾਂ ਦੇ ਕਿਨਾਰਿਆਂ ਤੇ ਗੁੱਛੀ ਜਿਹੀ ਹੋ ਕੇ ਲੁਕਣ ਦੀ ਕੋਸ਼ਿਸ਼ ਕਰਦੇ ਹਨ ਪਰ ਪੀਲੇ ਪਏ ਪੱਤਿਆਂ ਨੂੰ ਠਰੀਆਂ ਹਵਾਵਾਂ ਦੇ ਬੁੱਲੇ ਇਕੱਠੇ ਨਹੀ ਰਹਿਣ ਦਿੰਦੇ ਤੇ ਫਿਰ ਤੋਂ ਖਲਾਰ ਕੇ ਇਕੱਲਾ-ਇਕੱਲਾ ਕਰ ਦਿੰਦੇ ਹਨ। ਉਹ ਦੁਬਾਰਾ ਸੜਕਾਂ ਤੇ ਕੋਈ ਠਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਪਰ ਹਵਾਵਾਂ ਦੀ ਬੇਰੁੱਖੀ ਉਨ੍ਹਾਂ ਨੂੰ ਕਿਤੇ ਵੀ ਟਿਕਣ ਨਹੀ ਦੇ ਪਾ ਰਹੀ। ਅਪਣੀ ਉਮਤ ਨੂੰ ਇੰਝ ਸੜਕਾਂ ਤੇ ਰੁਲਦੀ ਦੇਖ ਸੁੰਝੇ ਅਤੇ ਖਮੋਸ਼ ਖੜੇ ਰੁੱਖ ਜਿਵੇਂ ਹਉਕਾ ਲੈ ਰਹੇ ਹੋਣ। ਪੱਤਿਆਂ ਤੋਂ ਬਿਨਾ ਰੁੱਖਾਂ ਦਾ ਸੁਹੱਪਣ ਚਲਾ ਗਿਆ ਹੈ ਅਤੇ ਰੁੱਖਾਂ ਤੋਂ ਬਿਨਾ ਪੱਤੇ ਰੁਲ ਰਹੇ ਹਨ।
ਮੌਸਮ ਦੀ ਇਸ ਬੇਰੁੱਖੀ ਜਿਹੀ ਵਿਚੋਂ ਲੰਘਦਿਆਂ ਮੈਨੂੰ ਸਿੱਖ ਕੌਮ ਦੀ ਤਸਵੀਰ ਦਿੱਸਣ ਲੱਗਦੀ ਹੈ ਜਿਹੜੀ ਅਪਣੇ ਧੁਰੇ ਯਾਨੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਨਾਲੋਂ ਟੁੱਟ ਕੇ ਕਦੇ ਕਿਸੇ ਡੇਰੇ ਕਦੇ ਕਿਸੇ ਡੇਰੇ ਦਾ ਕਿਨਾਰਾ ਲੱਭਦੀ ਫਿਰ ਰਹੀ ਹੈ ਪਰ ਹਵਾਵਾਂ ਦੀ ਬੇਰੁੱਖੀ ਕਾਰਨ ਉਸ ਨੂੰ ਹਰੇਕ ਥੈਂ ਤੋਂ ਨਿਰਾਸਾ ਹੀ ਪੱਲੇ ਪੈਂਦੀ ਹੈ। ਦਿੱਲੀ ਦੀਆਂ ਠਰੀਆਂ ਤੇ ਕਠੋਰ ਹਵਾਵਾਂ ਨੇ ਰੁੱਖਾਂ ਦੀ ਉਮਤ ਨੂੰ ਪੱਤਾ-ਪੱਤਾ ਕਰਕੇ ਸੜਕਾਂ ਤੇ ਲੈ ਆਂਦਾ ਹੈ। ਕੋਈ ਪੱਤਾ ਰਾਧਾ ਸੁਆਮੀਆਂ ਵਲ ਉੱਡਿਆ ਜਾ ਰਿਹੈ, ਕੋਈ ਨਰਕਧਾਰੀਆਂ ਦੇ, ਕੋਈ ਨਾਨਕਸਰੀਆਂ ਦੇ ਤੇ ਕੋਈ ਨਾਮਧਾਰੀਆਂ ਦੇ। ਰੰਗ ਬਰੰਗੀਆਂ ਟਕਸਾਲਾਂ ਤੇ ਸੰਸਥਾਵਾਂ ਇਸ ਨੂੰ ਅਪਣੇ ਰੁੱਖਾਂ ਨਾਲੋਂ ਤੋੜ ਕੇ ਇਸ ਦੇ ਰੁੱਖਾਂ ਦੇ ਸੁਹੱਪਣ ਨੂੰ ਵਿਗਾੜ ਰਹੀਆਂ ਤੇ ਇਸ ਨੂੰ ਰੋਲ ਰਹੀਆਂ ਪ੍ਰਤੀਤ ਹੁੰਦੀਆਂ ਹਨ।
ਸਮੇ ਦੇ ਪਿੰਡੇ ਉੱਤੋਂ ਗੁਜਰਦੀਆਂ ਘਟਨਾਵਾਂ ਇਤਿਹਾਸ ਦੇ ਖਿਲਰੇ ਪੁਲਰੇ ਵਰਕੇ ਬਣਦੀਆਂ ਜਾ ਰਹੀਆਂ ਹਨ। ਬੜੀ ਦੇਰ ਬਾਅਦ ਆਈ ਟਰੇਨ ਤੋਂ ਸ਼ਟੇਸ਼ਨ ਵਰਗੀ ਹਫੜਾ-ਤਫੜੀ ਕੌਮ ਵਿੱਚ ਮੱਚੀ ਪਈ ਹੈ। ਹਰ ਕੋਈ ਅਪਣੀਆਂ ਚੌਧਰਾਂ, ਹੱਟੀਆਂ ਤੇ ਜਾਤੀ ਮੁਫਾਦਾਂ ਦੀਆਂ ਗੱਠੜੀਆਂ ਸੰਭਾਲਣ ਦੇ ਫਿਕਰ ਵਿੱਚ ਹੈ। ਹਰ ਕੋਈ ਦੂਜੇ ਨੂੰ ਧੱਕਾ ਦੇ ਕੇ ਅਪਣੀ ਸੀਟ ਮੱਲਣ ਦੇ ਰੌਂਅ ਵਿੱਚ ਹੈ। ਇਸੇ ਧੱਕਾ ਮੁੱਕੀ ਵਿੱਚ ਇੱਕ ਦੂਜੇ ਦੀਆਂ ਦਸਤਾਰਾਂ ਲੱਥ ਰਹੀਆਂ ਹਨ, ਕੱਪੜੇ ਪਾੜੇ ਜਾ ਰਹੇ ਹਨ, ਘਸੁੰਨ ਮੁੱਕੀ ਚਲ ਰਿਹਾ ਹੈ ਬੇਸ਼ਕ ਪਤਾ ਕਿਸੇ ਨੂੰ ਨਹੀ ਲੱਗ ਰਿਹਾ ਕਿ ਜਿਹੜੀ ਗੱਡੀ ਪਿੱਛੇ ਮੈ ਧੱਕਾ ਮੁੱਕੀ ਹੋ ਰਿਹਾ ਹਾਂ ਇਹ ਜਾਣੀ ਕਿਥੇ ਹੈ ਜਾਂ ਕਿਤੇ ਜਾਣੀ ਵੀ ਕਿ ਨਹੀ! ! ! ! ਜਾਂ ਜੋ ਉਸ ਉਪਰ ਲਿਖਿਆ ਹੈ ਉਥੇ ਜਾਣੀ ਵੀ ਹੈ? ਕਿਉਂਕਿ ਦਿੱਲੀ ਵਾਲੇ ਬਾਬੂ ਬੜੇ ਸ਼ਾਤਰ ਨੇ ਉਨ੍ਹਾਂ ਦਾ ਸਦੀਆਂ ਦਾ ਤੁਜੱਰਬਾ ਹੈ ਉਹ ਫੱਟਾ ਹੋਰ ਕਿਤੇ ਦਾ ਲਾਉਂਦੇ ਹਨ ਲੈ ਹੋਰ ਹੀ ਕਿਤੇ ਜਾਂਦੇ ਹਨ। ਇਹ ਬਿੱਲਕੁਲ ਉਂਝ ਹੀ ਹੈ ਜਿਵੇਂ ‘ਮੌਜਾਂ ਡੁਬੱਈ ਦੀਆਂ’ ਸਨ!
ਸਾਡੇ ਸਾਹਵੇਂ ਸਾਰਾ ਕੁੱਝ ਵਾਪਰਿਆ ਅਤੇ ਵਾਪਰ ਰਿਹੈ। ਜਿਲਦ ਉਪਰ ‘ਦਸਮ ਸ੍ਰੀ ਗੁਰੂ ਗਰੰਥ ਸਾਜਿਬ’ ਤੇ ਵਿੱਚ ਕੁੱਝ ਹੋਰ ਹੀ। ਜਿਲਦ ਉਪਰ ‘ਗੁਰ ਬਿਲਾਸ ਪਾਤਸ਼ਾਹੀ ਛੇਵੀ’ ਤੇ ਵਿੱਚ ਕੁੱਝ ਹੋਰ ਹੀ!
ਲੇਲੇ ਦਾ ਕੁੱਤਾ ਬਣਾਉਂਣ ਦੀ ਕਹਾਣੀ ਵਾਂਗ ਉਸ ਚੰਗੀ ਭਲੀ ਕਿਰਤੀ ਕੌਮ ਨੂੰ ਦੁਨੀਆਂ ਸਾਹਵੇਂ ਅੱਤਵਾਦੀ ਸਾਬਤ ਨਹੀ ਕੀਤਾ? ਬੰਦਾ ਵੀ ਸਾਡਾ ਦੋ ਢਾਈ ਲੱਖ ਡਕਾਰ ਗਏ ਤੇ ਅੱਤਵਾਦੀ ਵੀ ਸਾਬਤ ਕਰ ਗਏ। ਇਨ੍ਹਾਂ ਹੀ ਦਿਨਾ ਵਿੱਚ ਕੀ ਵਾਪਰਿਆ? ਦਿੱਲੀ ਦੀਆਂ ਗਲੀਆਂ ਨੂੰ ਰੱਜ ਕੇ ਧੋਤਾ ਉਸ ਸਾਡੇ ਲਹੂਆਂ ਨਾਲ ਪਰ ਦੁਨੀਆਂ ਵਿੱਚ ਫਿਰ ਵੀ ਦੁੱਧ ਧੋਤੇ? ਕਸ਼ਮੀਰ, ਅਸਾਮ, ਦਿੱਲੀ, ਗੁਜਰਾਤ, ਪੰਜਾਬ, ਸਾਊਥ। 60 ਸਾਲਾਂ ਵਿੱਚ ਗਿਣਤੀ ਕਰੋ ਮਰਿਆਂ ਦੀ! ਹੁਣ ਤਾਂ ਲੱਖਾਂ ਵੀ ਕਹਿਣ ਨੂੰ ਦਿਲ ਨਹੀ ਕਰਦਾ ਲੱਖਾਂ ਤਾਂ ਇਕੱਲੇ ਪੰਜਾਬ ਵਿੱਚ ਹੀ ਸਨ। ਪਰ ਦੁਨੀਆਂ ਦਾ ਫਿਰ ਵੀ ਸੈਕੂਲਿਜਰਮ ਦੇਸ਼? ਧਰਮ ਨਿਰਪੱਖ ਮੁਲਖ ਹੈ! ਕਿਉਂਕਿ ਧਰਮ ਦੇ ਨਾਂ ਤੇ ਇਥੇ ‘ਸ਼ਾਤੀ’ ਵੰਡੀ ਜਾਂਦੀ ਹੈ। ਕਿੰਨੀ ਵੰਡੀ ਸ਼ਾਂਤੀ ਪੰਜਾਬ ਵਿਚ, ਦਿੱਲੀ ਵਿਚ, ਕਾਨ੍ਹਪੁਰ ਵਿੱਚ ਤੇ ਹਾਲੇ ਤਾਜਾ ਹੀ ਵੰਡੀ ਗੁਜਰਾਤ ਵਿਚ?
ਮਸਲਾ ਉਨ੍ਹਾਂ ਦਾ ਨਹੀ ਹੈਰਾਨੀ ਤਾਂ ਸਾਡੀ ਅਪਣੀ ਹੈ। ਇੰਨੀ ਕੁੱਟ ਖਾ ਕੇ ਵੀ ਅਕਲ ਨਹੀ? ਸੁਣਿਆ ਹੈ ਕੂਕਾ ਲਹਿਰ ਵੇਲੇ ਅੰਗਰੇਜਾਂ ਖਿਲਾਫ ਇੱਕ ਰੋਸ ਸੀ ਕਿ ਉਨ੍ਹਾਂ ਦੀ ਹਰੇਕ ਚੀਜ ਦਾ ਬਾਈਕਾਟ ਕਰ ਦਿੱਤਾ ਗਿਆ। ਪਰ ਕਿੰਨੀ ਹਾਸੋਹੀਣੀ ਗੱਲ ਹੈ ਕਿ ਸਿੱਖ ਹੇਕਾਂ ਲਾ-ਲਾ ‘ਰਾਮ ਕਥਾ ਜੁਗ ਜੁਗ ਅਟੱਲ’ ਵੀ ਕਹੀ ਜਾਂਦੇ ਤੇ 84 ਦੇ ਕਤਲੇਆਮ ਨੂੰ ਲੈ ਕੇ ਉਨ੍ਹਾਂ ਨੂੰ ਪਾਣੀ ਪੀ-ਪੀ ਕੋਸੀ ਵੀ ਜਾਂਦੇ! ਉਹ ਇੰਦਰ ਦੀ ਆਰਤੀ ਕਰਕੇ ਦੇਹ ਤੇਰੇ ਦੀ ‘ਫੂਲੋਂ ਕੀ ਬਰਖਾ ਬਰਖਾਵੈ’ ਵੀ ਕਰੀ ਜਾਂਦੇ ਹਨ ਤੇ ਉਂਨ੍ਹਾਂ ਨੂੰ ਸਿੱਖ ਕੌਮ ਦੇ ਕਾਤਲ ਵੀ ਕਹੀ ਜਾਂਦੇ। ਇੱਕ ਪਾਸੇ ਖਾਲਸਾ ਨਿਆਰਾ ਵੀ ਤੇ ਦੂਜੇ ਪਾਸੇ ਖਾਲਸੇ ਦਾ ਰੱਬ ਮਹਾਂਕਾਲ ਅਤੇ ਜਗਮਾਤਾ ਵੀ! ਨਵੰਬਰ 84 ਦੇ ਕਤਲੇਆਮ ਦੇ ਦਰਦ ਦਾ ਕੀ ਅਰਥ ਰਹਿ ਜਾਂਦਾ ਜੇ ਉਹ ਸਾਡੀ ਮਜਬੂਰੀ ਬਣ ਗਏ ਹਨ। ਜੇ ਉਨ੍ਹਾ ਦੇ ਬ੍ਰਹਮੇ ਬਿਸ਼ਨੂਆਂ ਨੂੰ ਅਸੀਂ ਛੱਡ ਹੀ ਨਹੀ ਸਕਦੇ, ਜੇ ਉਨ੍ਹਾ ਦੇ ਭਰਮ ਸਾਡੀਆਂ ਰਸਮਾਂ ਬਣ ਗਈਆਂ ਹਨ ਤਾਂ ਸਾਡੀ ਉਨ੍ਹਾਂ ਦੀ ਦੁਸ਼ਮਣੀ ਕਾਹਦੀ? ਵਖਰੇਵਾਂ ਕਾਹਦਾ? ਅਲਹਿਦਗੀ ਕਾਹਦੀ? ਕਾਹਦਾ ਗੁੱਸਾ ਸਾਡਾ ਜੇ ਉਹ ਕਹਿੰਦੇ ਹਨ ਕਿ ਸਿੱਖ ਹਿੰਦੂ ਹਨ। ਉਹ ਠੀਕ ਹੀ ਤਾਂ ਕਹਿ ਰਹੇ। ਸਾਡੇ ਕੰਮ ਦੇਖ ਕੇ ਹੀ ਤਾਂ ਕਹਿ ਰਹੇ। ਬਾਕੀ ਲੁਕਾਈ ਨੂੰ ਛੱਡੋ ਆਖੇ ਜਾਂਦੇ ਰਹਿਬਰਾਂ ਦੀ ਕਰੋ। ਕੀ ਵੱਖਰਾ ਕਰ ਰਹੇ ਨੇ ਉਹ? ਉਨ੍ਹਾਂ ਡੇਰਿਆਂ ਜਾਂ ਟਕਸਾਲਾਂ ਵਿੱਚ ਕਿਹੜੀ ਵਿਲੱਖਣਤਾ ਹੈ ਜਿਹੜੀ ਸਾਨੂੰ ਅਲੱਗ ਕਰਦੀ ਹੈ?
ਦੇਖੋ! ਦੋ ਗੱਲਾਂ ਕਦੇ ਨਹੀ ਹੋ ਸਕਦੀਆਂ। ਕਦੇ ਕਿਸੇ ਨੇ ਦੁਸ਼ਮਣ ਦੇ ਸੋਹਿਲੇ ਗਾਏ ਨੇ? ਤੇ ਤੁਸੀ ਕਿਹੜੇ ਮੂੰਹ ‘ਬਿਸਨ ਭਗਤ ਕੀ ਇਹ ਫਲ ਹੋਈ’ ਗਾ ਰਹੇ ਹੋ? ਜਿੰਨਾ ਚਿਰ ਅਸੀਂ ਇਨ੍ਹਾਂ ਸਵਾਲਾਂ ਦੇ ਸਨਮੁੱਖ ਨਹੀ ਹੁੰਦੇ ਅਸੀਂ ਖੁਦ ਵੀ ਤੇ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੇ ਹੋਵਾਂਗੇ। ਸੰਢਾ ਮਰਨ ਨਾਲ ਜੂੰਆਂ ਮਰ ਜਾਂਦੀਆਂ ਹਨ ਪਰ ਸੰਢਾ ਮਰੂ ਕਾਹਦੇ ਨਾਲ? ਫੂਕਾਂ ਨਾਲ? ਸਾਡੀ ਸਾਰੀ ਤਾਕਤ ਕੇਵਲ ਤੇ ਕੇਵਲ ਇਸੇ ਗੱਲ ਇਸੇ ਗੱਲ ਵਿੱਚ ਹੈ ਕਿ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ। ਯਾਨੀ ਇੱਕ ਗੁਰੂ, ਇੱਕ ਸ਼ਬਦ ਤੇ ਇੱਕ ਵਿਚਾਰ। ਕੋਈ ਦੂਜੀ ਸ਼ਰਤ ਨਹੀ ਇਸ ਵਿੱਚ ਹੋ ਸਕਦੀ ਜੇ ਕੌਮ ਨੇ ਇਕੱਠੀ ਹੋ ਕੇ ਅਪਣੇ ਉਪਰ ਹੋਏ ਜੁਲਮ ਬਾਰੇ ਸੋਚਣਾ ਹੈ ਨਹੀ ਤਾਂ ਪਤਝੱੜ ਦੇ ਪੱਤਿਆਂ ਵਾਂਗ ਇੰਝ ਹੀ ਅਗਲੀਆਂ ਉਮਤਾਂ ਤੱਕ ਸੜਕਾਂ ਉਪਰ ਉੱਡਦੇ ਫਿਰਦੇ ਰਹਾਂਗੇ ਤੇ ਹਵਾਵਾਂ ਦੀ ਬੇਰੁੱਖੀ ਸਾਨੂੰ ਇੰਝ ਹੀ ਖੁਆਰ ਕਰਦੀ ਰਹੇਗੀ।
ਗੁਰਦੇਵ ਸਿੰਘ ਸੱਧੇਵਾਲੀਆ




.