.

ਬਾਣੀ ਆਸਾ ਕੀ ਵਾਰ

ਪਉੜੀ ਵਾਰ (ਕੇਵਲ ਅਰਥ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਬਾਣੀ ਆਸਾ ਕੀ ਵਾਰ ਦਾ ਮਨੋਰਥ ਅਥਵਾ ਕੇਂਦਰੀ ਭਾਵ-ਬਾਣੀ ਆਸਾ ਦੀ ਵਾਰ ਦਾ ਕੇਂਦਰੀ ਭਾਵ ਹੈ “ਜੀਵਨ ਮਨੋਰਥ”। ਗੁਰਦੇਵ ਨੇ ਇਸ ਕੇਂਦਰੀ ਭਾਵ ਨੂੰ ਪਉੜੀ ਨੰ: ੧੨ ਦੇ ਨਾਲ ਲਗਦੇ ਪਹਿਲੇ ਸਲੋਕ `ਚ ਉਚੇਚੇ ‘ਰਹਾਉ’ ਦਾ ਬੰਦ ਦੇ ਕੇ ਇਸ ਤਰ੍ਹਾਂ ਸਪਸ਼ਟ ਕੀਤਾ ਹੈ “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ੧ ॥ ਰਹਾਉ॥” ਭਾਵ ਮਨੁੱਖਾ ਜਨਮ ਦਾ ਇਕੋ ਇੱਕ ਮਨੋਰਥ ਤੇ ਮਕਸਦ ਹੈ ਜੀਉਂਦੇ ਜੀਅ ਪ੍ਰਭੂ ਨੂੰ ਪਾਉਣਾ ਤੇ ਉਸ `ਚ ਅਭੇਦ ਹੋਣਾ। ਮਨੁੱਖਾ ਜਨਮ ਅਕਾਲਪੁਰਖੁ ਵੱਲੋਂ ਜੀਵ ਲਈ ਬੜੀ ਵੱਡੀ ਬਖਸ਼ਿਸ਼ ਹੈ। ਜੇਕਰ ਅਕਾਲਪੁਰਖੁ ਦੀ ਬਖਸ਼ਿਸ਼ ਹੋ ਜਾਵੇ ਤਾਂ ਜੀਵ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਜੋ ਇਸ ਅੰਦਰੋਂ ਹਰ ਤਰ੍ਹਾਂ ਦੇ ਅਉਗੁਣਾਂ, ਮੈ ਮੇਰਾ ਵਾਲੀ ਅਪਣੱਤ, ਹਉਮੈ ਆਦਿ ਦਾ ਨਾਸ ਕਰਕੇ, ਸਰੀਰ ਦੇ ਇਹਨਾ ਨੇਤ੍ਰਾਂ ਨਾਲ ਹੀ ਪ੍ਰਭੂ ਰਚਨਾ ਵਿੱਚੋਂ ਕਰਤੇ ਦੇ ਦਰਸ਼ਨ ਕਰਵਾ ਦਿੰਦਾ ਹੈ। ਜਦੋਂ ਤੀਕ ਜੀਵ ਗੁਰੂ ਦੇ ਲੜ ਨਹੀਂ ਲਗਦਾ ਹਉਮੈ ਅਧੀਨ ਉਹ ਅਨੇਕਾਂ ਠੱਗੀਆਂ, ਕਰਮ-ਕਾਂਡ ਅਤੇ ਦਿਖਾਵੇ ਦੇ ਕਰਮਾਂ `ਚ ਉਲਝਿਆ, ਆਪਣਾ ਜਨਮ ਬਰਬਾਦ ਕਰਕੇ ਜਾਂਦਾ ਹੈ ਤੇ ਮੁੜ ਜਨਮ-ਮਰਨ ਦੇ ਗੇੜ `ਚ ਹੀ ਫਸਿਆ ਰਹਿੰਦਾ ਹੈ।

ਪਉੜੀ ਵਾਰ (ਕੇਵਲ ਅਰਥ) ਕਿਉਂ? -ਦਰਅਸਲ ਗੁਰਬਾਣੀ ਵਿੱਚ ਆਈਆਂ ਕੁਲ ਬਾਈ ਵਾਰਾਂ ਦਾ ਮੂਲ ਸਰੂਪ ਕੇਵਲ ਪਉੜੀਆਂ ਹੀ ਹੈ। ਇਸੇ ਆਧਾਰ `ਤੇ ਇਹ ਇੱਕ ਨਿਮਾਨਾ ਜਿਹਾ ਜੱਤਨ ਹੈ। ਇਥੇ ਦੇਖਾਂਗੇ ਕਿ ਬਾਣੀ ‘ਬਾਣੀ ਆਸਾ ਕੀ ਵਾਰ’ `ਚ ਵੀ ਜਿੱਥੇ ਇੱਕ ਪਉੜੀ ਸਮਾਪਤ ਹੁੰਦੀ ਹੈ, ਆਉਣ ਵਾਲੀ ਪਉੜੀ `ਚ ਉਹੀ ਮਜ਼ਮੂਨ ਅਗੋਂ ਚਲਦਾ ਹੈ। ਉਪ੍ਰੰਤ ਗੁਰਦੇਵ ਨੇ ਜਿੱਥੋਂ ਪਹਿਲੀ ਪਉੜੀ ਤੋਂ ਜਿਸ ਵਿਸ਼ੇ ਦਾ ਆਰੰਭ ਕਰਦੇ ਹਨ, ਅੰਤ ਪਉੜੀ ਨੰਬਰ ੨੪ ਭਾਵ ਅੰਤਮ ਪਉੜੀ `ਚ ਉਸੇ ਵਿਸ਼ੇ ਦੀ ਸਮਾਪਤੀ ਵੀ ਕਰਦੇ ਤੇ ਉਸ ਬਾਰੇ ਆਪਣਾ ਨਿਰਣਾ ਵੀ ਦਿੰਦੇ ਹਨ:-

੧ ਅਕਾਲਪੁਰਖੁ ਆਪਣੇ ਆਪ ਤੋਂ ਹੈ ਉਸ ਨੂੰ ਕਿਸੇ ਨਹੀਂ ਬਣਾਇਆ ਨਾ ਪੈਦਾ ਕੀਤਾ ਹੈ। ਉਸ ਦਾ ਨਾਮਣਾ ਵੀ ਉਸੇ ਦੀ ਰਚਨਾ `ਚੋਂ ਹੀ ਪ੍ਰਗਟ ਹੁੰਦਾ ਹੈ ਭਾਵ ਉਸ ਦੇ ਅਨੰਤ ਗੁਣਾਂ `ਚੋਂ ਹੀ ਉਸ ਦੀਆਂ ਵਡਿਆਈਆਂ ਵੀ ਆਪ ਮੁਹਾਰੇ ਉਭਰਦੀਆਂ ਹਨ। ਕਰਤਾਰ ਨੇ ਆਪ ਹੀ ਕੁਦਰਤ ਨੂੰ ਵੀ ਰਚਿਆ ਹੈ, ਇਸ ਤਰ੍ਹਾਂ ਕੁਦਰਤ ਆਪਣੇ ਆਪ `ਚ ਕਰਤਾਰ ਦੀ ਰਚਨਾ ਹੈ ਤੇ ਕਾਦਿਰ ਤੋਂ ਬਿਨਾ ਇਸ ਦਾ ਕੋਈ ਵਜੂਦ ਨਹੀਂ। ਕਰਤਾ, ਰਚਨਾ `ਚ ਆਸਣ ਟਿਕਾਅ ਕੇ ਭਾਵ ਖੁਦ ਇਸ `ਚ ਵਿਆਪਕ ਹੋ ਕੇ, ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਜ਼ੱਰੇ-ਜ਼ੱਰੇ `ਚ ਵਿਆਪਕ ਹੋ ਕੇ ਪ੍ਰਭੂ ਰਚਨਾ ਦੀ ਸੰਭਾਲ ਵੀ ਆਪ ਕਰਦਾ ਹੈ। ਜੀਵਾਂ ਨੂੰ ਪੈਦਾ ਕਰਣ ਵਾਲਾ, ਉਹਨਾਂ ਦੀ ਪਾਲਣਾ ਤੇ ਸੰਘਾਰ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੈ (ਬ੍ਰਹਮਾ, ਵਿਸ਼ਨੂੰ, ਮਹੇਸ਼ ਨਹੀਂ)। ੧।

2. ਬ੍ਰਾਹਮਣੀ ਵਿਸ਼ਵਾਸ ਹਨ ਕਿ ਮਰਨੋਂ ਬਾਅਦ ਧਰਮਰਾਜ ਦੀ ਕਚਹਿਰੀ ਹੈ। ਇਹ ਵੀ ਕਿਹਾ ਹੈ ਧਰਮ-ਰਾਜ ਦੀ ਕਚਹਿਰੀ `ਚ ਨਿਰੋਲ ਸੱਚ ਦੇ ਆਧਾਰ `ਤੇ ਹੀ ਜੀਵਾਂ ਦੇ ਕਰਮਾਂ ਦਾ ਨਿਬੇੜਾ ਹੁੰਦਾ ਹੈ। ਮੰਦ-ਕਰਮੀਆਂ ਨੂੰ ਚੁਣ ਕੇ ਵੱਖ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਸੁਰਗ `ਚ ਥਾਂ ਨਹੀਂ ਮਿਲਦੀ ਤੇ ਉਹਨਾਂ ਦਾ ਮੂੰਹ ਕਾਲਾ ਕਰ ਕੇ ਨਰਕ `ਚ ਧੱਕ ਦਿੱਤਾ ਜਾਂਦਾ ਹੈ।

ਉਪ੍ਰੰਤ ਗੁਰਮਤਿ ਦਾ ਸਿਧਾਂਤ ਪ੍ਰਗਟ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉੇਂਦੇ ਹਨ, ਧਰਮਰਾਜ, ਜਮਰਾਜ, ਸੁਰਗ-ਨਰਕ ਆਦਿ ਵਾਲੀ ਕੋਈ ਗੱਲ ਨਹੀਂ। ਮਰਨੋਂ ਬਾਅਦ ਮਨੁੱਖਾ ਜੀਵਨ ਦੇ ਕੇਵਲ ਦੋ ਹੀ ਪੱਖ ਹਨ। ਜੋ ਕਰਤੇ ਦੀ ਸਿਫ਼ਤ ਸਲਾਹ `ਚ ਰੰਗੇ ਰਹਿੰਦੇ ਹਨ, ਜੀਵਨ ਦੀ ਬਾਜ਼ੀ ਜਿੱਤ ਕੇ ਕਰਤੇ `ਚ ਅਭੇਦ ਹੋ ਜਾਂਦੇ ਹਨ, ਮੁੜ ਜਨਮ-ਮਰਣ `ਚ ਨਹੀਂ ਆਉਂਦੇ। ਦੂਜੇ ਜੀਵਨ `ਚ ਠੱਗੀਆਂ ਆਦਿ ਕਰਣ ਵਾਲੇ ਮਨਮੁੱਖ, “ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ” ਅਨੁਸਾਰ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ਤੇ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਹੀ ਪਾ ਦਿੱਤੇ ਜਾਂਦੇ ਹਨ। ੨।

3. ਅਕਾਲਪੁਰਖੁ ਆਪ ਅੰਸ਼ ਰੂਪ ਹੋ ਕੇ ਇਨਸਾਨ ਦੇ ਅੰਦਰ ਵੱਸ ਰਿਹਾ ਹੁੰਦਾ ਹੈ। ਇਹ ਵੀ ਕਰਤੇ ਦੀ ਅਜਬ ਖੇਡ ਹੈ, ਮਨੁੱਖ ਨੂੰ ਅੰਦਰ ਵੱਸਦਾ ਪ੍ਰਭੂ ਤਾਂ ਦਿਸਦਾ ਨਹੀਂ ਪਰ ਉਸੇ ਪ੍ਰਭੂ ਦੀਆਂ ਬਖਸ਼ੀਆਂ ਬੇਅੰਤ ਦਾਤਾਂ `ਚ ਖਚਤ ਰਹਿ ਕੇ ਦਾਤਾਂ ਭੋਗਦਾ ਹੈ। ਫ਼ਿਰ ਇੱਕ ਦਿਨ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲੇ, ਪਰ ਦਾਤਾਂ `ਚ ਖਚਤ ਇਨਸਾਨ ਦੇ ਸਰੀਰ ਨੂੰ ਅਚਾਨਕ ਹੀ ਜੀਵਾਤਮਾ ਛੱਡ ਜਾਂਦੀ ਹੈ। ਉਪ੍ਰੰਤ ਦਾਤਾਂ ਭੋਗਣ ਵਾਲਾ ਸਰੀਰ ਤਾਂ ਮਿੱਟੀ ਦਾ ਢੇਰ ਹੋ ਜਾਂਦਾ ਹੈ ਤੇ ਦੁਨੀਆਂ ਦੇ ਧੰਦਿਆਂ `ਚ ਖਚਤ ਇਨਸਾਨ ਚਲਾਣਾ ਕਰ ਜਾਂਦਾ ਹੈ (ਵਡਾ ਹੋਆ ਦੁਨੀਦਾਰੁ)।

ਉਸ ਸਮੇਂ ਉਸ ਦੇ ਗਲੇ `ਚ ਪ੍ਰਭੂ ਦਾ ਹੁਕਮ ਰੂਪੀ ਸੰਗਲ ਪਾ ਕੇ ਇਸ ਨੂੰ ਅੱਗੇ ਲਾ ਲਿਆ ਜਾਂਦਾ ਹੈ। ਕਰਤੇ ਨੂੰ ਭੁੱਲਾ, ਮਾਇਆ `ਚ ਖਚਤ ਇਨਸਾਨ, ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਰੁਕਣ ਲਈ ਵੀ ਛੂਟ ਨਹੀਂ ਮਿਲਦੀ। ਅਕਾਲਪੁਰਖੁ ਦੇ ਨਿਆਂ `ਚ ਤਾਂ ਕਰਤੇ ਦੀ ਸਿਫ਼ਤ-ਸਾਲਾਹ ਵਾਲੀ ਕਮਾਈ ਹੀ ਕਬੂਲ ਪੈਂਦੀ ਹੈ। ਨਿਬੇੜੇ ਸਮੇਂ ਜੀਵ ਨਾਲ ਨਾ ਰਿਆਇਤ ਹੁੰਦੀ ਹੈ ਤੇ ਨਾ ਜ਼ਿਆਦਤੀ। ਪ੍ਰਭੂ ਨੂੰ ਭੁਲਾ ਕੇ ਮਾਇਕ ਭੋਗਾਂ `ਚ ਖਚਤ ਰਹਿ ਚੁੱਕੇ ਮਨੁੱਖ ਨੂੰ, ਕੀਤੇ ਕਰਮਾਂ ਅਨੁਸਾਰ ਜਦੋਂ ਫ਼ਿਰ ਤੋਂ ਜਨਮਾਂ ਦੇ ਦੁਖ ਸਹਿਣੇ ਪੈਂਦੇ ਹਨ ਤਾਂ ਉਸ ਸਮੇਂ ਇਸ ਦਾ ਰੋਣ-ਪਿੱਟਣ, ਕੂਕ-ਫ਼ਰਿਆਦ ਕੋਈ ਨਹੀਂ ਸੁਣਦਾ। ਅਗਿਆਨਤਾ `ਚ ਫ਼ਸਿਆ ਰਹਿ ਚੁੱਕਾ ਅਗਿਆਨੀ ਮਨੁੱਖ, ਅਮੁਲਾ ਮਨੁੱਖਾ ਜਨਮ ਜ਼ਾਇਆ ਕਰਕੇ ਜਾਂਦਾ ਹੈ। ੩।

4. ਅਨੇਕਾਂ ਜਨਮਾਂ `ਚ ਭਟਕ ਚੁੱਕਾ ਤੇ ਪ੍ਰਭੂ ਤੋਂ ਵਿੱਛੜਿਆ ਜੀਵ, ਮਨੁੱਖਾ ਜਨਮ ਲੈ ਕੇ ਵੀ ਪੁੱਠੇ ਰਾਹ ਪਿਆ ਰਹਿੰਦਾ ਹੈ। ਫ਼ਿਰ ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਇਸ ਨੂੰ ਸਤਿਗੁਰੂ ਭਾਵ ਗੁਰੂ-ਗੁਰਬਾਣੀ ਨਾਲ ਮਿਲਾ ਦਿੰਦਾ ਤੇ ਆਤਮਿਕ ਜਾਗ੍ਰਤੀ ਬਖਸ਼ ਦਿੰਦਾ ਹੈ। ਤਾਂ ਇਸ ਆਤਮਕ ਜਾਗ੍ਰਤੀ (ਸਤਿਗੁਰੂ) ਤੋਂ ਇਸ ਦਾ ਸੁਭਾਅ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਬਣ ਜਾਂਦਾ ਹੈ। ਤਾਂ ਤੇ ਗੁਰਦੇਵ ਵਜਦ `ਚ ਆ ਕੇ ਫ਼ੁਰਮਾਉਂਦੇ ਹਨ ਐ ਸੰਸਾਰ ਦੇ ਲੋਕੋ! ਧਿਆਨ ਦੇ ਕੇ ਸੁਣੋ! ਸਤਿਗੁਰੂ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ ਹੈ। ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕੀਤਾ ਤਾਂ ਸਤਿਗੁਰੂ ਉਹਨਾਂ ਨੂੰ (ਪਾਖੰਡੀ-ਢੋਂਗੀ ਗੁਰੂਆਂ ਵਾਂਙ ਆਪਣੇ ਨਾਲ ਨਹੀਂ ਬਲਕਿ) ਸਿਧੀ ਪ੍ਰਭੂ ਦੀ ਸੋਝੀ ਬਖ਼ਸ਼ਦਾ ਤੇ ਪ੍ਰਭੂ ਨਾਲ ਮਿਲਾਪ ਕਰਵਾਉਂਦਾ ਹੈ (ਆਤਮਿਕ ਜਾਗ੍ਰਿਤੀ ਉਹਨਾਂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵੱਲ ਮੋੜ ਕੇ, ਜੀਵਨ ਮੁਕਤ ਕਰ ਦਿੰਦੀ ਹੈ)। ੪।

5. ਹੇ ਪ੍ਰਭੂ! ਤੇਰੀ ਸਿਫ਼ਤ ਹੈ ਕਿ ਤੂੰ ਨਿਰੰਕਾਰ ਭਾਵ ਰੂਪ, ਰੰਗ, ਰੇਖ ਤੋਂ ਨਿਆਰਾ, ਜ਼ਰੇ ਜ਼ਰੇ `ਚ ਵਿਆਪਕ ਤੇ ਮਾਇਆ ਤੋਂ ਨਿਰਲੇਪ ਹੈਂ। ਜਿਹੜੇ ਤੇਰੀ ਸਿਫ਼ਤ ਸਲਾਹ ਨਾਲ ਜੁੜਦੇ ਹਨ ਤੇਰੇ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ `ਚ ਨਹੀਂ ਆਉਂਦੇ। ਗੁਰਦੇਵ ਸਪਸ਼ਟ ਕਰਦੇ ਹਨ, ਮਨੁੱਖਾ ਜਨਮ ਦਾ ਮਕਸਦ ਹੀ ਪ੍ਰਭੂ ਦੀ ਸਿਫਤ ਸਲਾਹ ਕਰਣਾ ਹੈ। ਸਿਫਤ ਸਲਾਹ, ਕਰਤੇ ਦੀ ਚਾਪਲੂਸੀ ਨਹੀਂ ਬਲਕਿ ਜੀਵ ਲਈ ਆਪਣੇ ਆਪ ਦੀ ਪਛਾਣ ਹੈ। ਸਿਫਤ ਸਲਾਹ ਤੋਂ ਹੀ ਸੋਝੀ ਹੁੰਦੀ ਹੈ ਕਿ ਜੀਵ ਪ੍ਰਭੂ ਤੋਂ ਅੱਡ ਨਹੀਂ, ਉਸੇ ਦਾ ਅੰਸ਼ ਹੈ। ਇਹ ਸੋਝੀ ਵੀ ਹੁੰਦੀ ਹੈ, ਸਰੀਰ ਤੇ ਸਰੀਰ ਲਈ ਬੇਅੰਤ ਦਾਤਾਂ ਵੀ ਪਭੂ ਹੀ ਬਖ਼ਸ਼ ਰਿਹਾ ਹੈ। ਉਸ ਦੀਆਂ ਦਾਤਾਂ ਦਾ ਅੰਤ ਪਾਉਣਾ ਤਾਂ ਦੂਰ, ਦਾਤਾਂ ਬਾਰੇ ਅੰਦਾਜ਼ਾ ਲਾਉਣਾ ਹੀ ਹੋਛੀ ਗੱਲ ਹੈ।

ਤਾਂ ਤੇ ਭਾਈ! ਜੇ ਤੂੰ ਆਪਣੇ ਜੀਵਨ ਨੂੰ ਗੁਣਵਾਣ ਬਨਾਉਣਾ ਤੇ ਸਿਧੇ ਰਸਤੇ ਪਾਉਣਾ ਚਾਹੁੰਦਾ ਹੈਂ ਤਾਂ ਇਸ ਜਨਮ ਦੀ ਅਸਲੀਅਤ ਨੂੰ ਸਮਝ। ਇਸ ਜਨਮ ਦੀ ਅਸਲੀਅਤ ਨੂੰ ਜਾਣੇ ਬਿਨਾ ਤਾਂ ਗੁਣ ਵੀ, ਹਊਮੈ ਨੂੰ ਜਨਮ ਦਿੰਦੇ ਤੇ ਰਜ਼ਾ `ਚ ਚਲਣ ਲਈ ਰੁਕਾਵਟ ਬਣ ਜਾਂਦੇ ਹਨ। ਜਿਸ ਸਰੀਰ ਦੀ ਟੱਸ-ਮੱਸ `ਚ ਰਹਿਕੇ ਮਨੁੱਖ ਆਪਣੇ ਬੁਢਾਪੇ ਤੀਕ ਨੂੰ ਛੁਪਾਉਣ ਦੇ ਆਹਰਾਂ ਚ ਲੱਗਾ ਆਪਣਾ ਜਨਮ ਬਰਬਾਦ ਕਰਦਾ ਹੈ, ਸਮਾਂ ਆਉਣ `ਤੇ ਇਹ ਵੀ ਸਾਥ ਛੱਡ ਦਿੰਦਾ ਹੈ। ਤਾਂ ਤੇ ਸਰੀਰ ਪਿੱਛੇ ਟੁਰ ਕੇ ਆਪਣੀ ਕਰਣੀ ਨੂੰ ਨਹੀਂ ਵਿਗਾੜਣਾ ਚਾਹੀਦਾ। ੫।

6. ਸਤਿਗੁਰ ਬਿਨਾ, ਕਿਸੇ ਨੂੰ ‘ਜਗਜੀਵਨੁ ਦਾਤਾ’ ਨਹੀਂ ਮਿਲਿਆ। ਸੱਚ ਇਹੀ ਹੈ ਕਿ ਕਿਸੇ ਵੀ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਆਏ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ। ਕਿਉਂਕਿ ਸਤਿਗੁਰੂ ਦਾ ਵਾਸਾ ਹੀ ਪ੍ਰਭੂ ਦੇ ਆਪਣੇ ਅੰਦਰ ਹੈ (ਅਕਾਲਪੁਰਖ ਤੇ ਸਤਿਗੁਰੂ ਭਿੰਨ ਭਿੰਨ ਹਸਤੀਆਂ ਨਹੀਂ ਹਨ)। ਇਸ ਲਈ ਜੀਵ ਅੰਦਰੋਂ ਜਦੋਂ ਹਉਮੈ ਦਾ ਵਿਨਾਸ ਤੇ ਮੋਹ ਮਾਇਆ ਦੀ ਪੱਕੜ ਮੁੱਕ ਗਈ ਤਾਂ ਸਮਝ ਲਵੋ ਕਿ ਜੀਵਨ ਅੰਦਰ ਸਤਿਗੁਰੂ ਦਾ ਵਾਸਾ ਹੋ ਗਿਆ ਹੈ। ਜੀਵਨ ਦੀ ਅਜਿਹੀ ਅਵਸਥਾ ਹੀ ਪ੍ਰਭੂ ਮਿਲਾਪ ਦੀ ਅਵਸਥਾ ਹੁੰਦੀ ਹੈ। (ਮਨੁੱਖ ਅੰਦਰ ਆਤਮਿਕ ਜਾਗ੍ਰਿਤੀ ਭਾਵ ਸਤਿਗੁਰੂ ਦਾ ਮਿਲਾਪ ਪ੍ਰਭੂ ਦੀ ਸਿਫ਼ਤ ਸਲਾਹ `ਚ ਰੰਗੇ ਜਾਣ ਬਿਨਾ ਸੰਭਵ ਨਹੀਂ)

ਇਸ ਲਈ ਅਸਾਂ ਇਹ ਗੱਲ ਸਭ ਨੂੰ ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ। ਜੇ ਇਹੋ ਜਿਹਾ ਸਤਿਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਮੁੱਕਾ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮਾਇਕ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ। ਇਸ ਲਈ ਸਾਰੀਆਂ ਸਿਆਣਪਾਂ ਨਾਲੋਂ ਇਹ ਵਿਚਾਰ ਹੀ ਉੱਤਮ ਹੈ ਕਿ ਜਿਸ ਮਨੁੱਖ ਨੇ ਸਤਿਗੁਰੂ ਨੂੰ ਆਪਣਾ ਆਪ ਸਮਰਪਣ ਕੀਤਾ ਹੈ (ਆਤਮਿਕ ਜਾਗ੍ਰਿਤੀ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਹੈ) ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ। ੬।

7. (ਸਤਿਗੁਰੂ ਦੇ ਲੜ ਲਗੇ ਮਨੁੱਖ ਦੇ ਜੀਵਨ `ਚ ਪਲਟਾ ਆ ਜਾਂਦਾ ਹੈ, ਭਾਵ ਅੰਦਰ ਆ ਚੁੱਕੀ ਆਤਮਿਕ ਜਾਗ੍ਰਿਤੀ ਤੋਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ ਤਾਂ ਮਨੁੱਖ ਦਾ ਜੀਵਨ ਹੀ ਬਦਲ ਜਾਂਦਾ ਹੈ)। ਅੰਦਰੋਂ ਤ੍ਰਿਸ਼ਨਾ, ਭਟਕਣਾ, ਵਿਕਾਰਾਂ ਆਦਿ ਦਾ ਨਾਸ ਹੋ ਜਾਂਦਾ ਹੈ, ਸੰਤੋਖ ਤੇ ਟਿਕਾਅ ਆ ਜਾਂਦਾ ਹੈ। ਅਜਿਹੇ ਜੀਊੜਿਆਂ ਦੀ ਕਰਣੀ ਇਨੀਂ ਉੱਤਮ ਹੋ ਜਾਂਦੀ ਹੈ ਕਿ ਉਹਨਾਂ ਤੋਂ ਸੁਭਾਅ ਕਰਕੇ ਹੀ ਮਾੜਾ ਕੰਮ ਨਹੀਂ ਹੁੰਦਾ। ਉਹਨਾਂ ਦਾ ਜੀਵਨ ਸੱਚ ਦੀ ਕਮਾਈ ਵਾਲਾ ਹੋ ਜਾਂਦਾ ਹੈ। ਅਜਿਹੇ ਜੀਊੜੇ ਸੰਸਾਰਕ ਰਸਾਂ ਦੀ ਜੱਕੜ ਤੋਂ ਆਜ਼ਾਦ ਹੋ ਜਾਂਦੇ ਹਨ ਤੇ ਉਹਨਾਂ ਦਾ ਖਾਣਾ-ਪਹਿਨਣਾ ਕੇਵਲ ਸਰੀਰ ਦੀ ਲੋੜ ਤੀਕ ਹੀ ਸੀਮਤ ਹੁੰਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ, ਜਦੋਂ ਯਕੀਣ ਹੋ ਜਾਵੇ ਕਿ ਪ੍ਰਭੂ ਕੋਲੋਂ ਮੰਗਾਂ ਮੰਗਣ ਦੀ ਲੋੜ ਨਹੀਂ। ਕਾਦਿਰ ਤਾਂ “ਤੂੰ ਬਖਸੀਸੀ ਅਗਲਾ” ਭਾਵ ਬਿਨ ਮੰਗਿਆਂ ਆਪਣੇ ਆਪ ਬਖ਼ਸ਼ਿਸ਼ਾਂ ਕਰਦਾ ਹੈ। ਜੀਵਨ `ਚ ਟਿਕਾਅ (ਸੰਤੋਖ) ਵੀ ਆਪਣੇ ਆਪ ਆਉਂਦਾ ਹੈ। ਪ੍ਰਭੂ ਮਿਲਾਪ ਵਾਲੀ ਜੀਵਨ ਦੀ ਇਸ ਅਵਸਥਾ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਹੀ ਪਾਇਆ ਜਾ ਸਕਦਾ ਹੈ। ੭।

8. ਗੁਰਦੇਵ ਫ਼ੁਰਮਾਉਂਦੇ ਹਨ, ਕੇਵਲ ਅਕਾਲਪੁਰਖੁ ਹੀ ਸਦਾ ਥਿਰ ਹਸਤੀ ਹੈ ਅਤੇ ਉਸ ਦਾ ਸਾਰਾ ਵਰਤਾਰਾ ਵੀ ਸੱਚਾ ਭਾਵ ਥਿਰ ਹੈ ਜਿਸ `ਚ ਕੋਈ ਖੋਟ ਨਹੀਂ। ਜਿਨ੍ਹਾਂ `ਤੇ ਕਰਤੇ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਸਤਿਗੁਰੂ (ਗੁਰੂ-ਗੁਰਬਾਣੀ) ਦੀ ਸੋਝੀ ਰਾਹੀਂ ਜੀਵਨ ਦੇ ਇਸ ਸੱਚ ਨੂੰ ਬੁੱਝ ਲੈਂਦੇ ਹਨ। ਅਗਿਆਨੀ ਮਨੁੱਖ ਸੱਚ ਦੀ ਪਛਾਣ ਨਹੀਂ ਕਰ ਸਕਦੇ ਤੇ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ `ਚ ਫਸੇ ਰਹਿ ਕੇ ਜਨਮ ਗੁਆ ਜਾਂਦੇ ਹਨ। ਉਹਨਾਂ ਦਾ ਮਨੁੱਖਾ ਜਨਮ ਲੈ ਕੇ ਸੰਸਾਰ `ਚ ਆਉਣਾ ਜਾਂ ਨਾ ਆਉਣਾ ਬਰਾਬਰ ਹੀ ਰਹਿੰਦਾ ਹੈ ਕਿਉਂਕਿ ਮਨੁੱਖਾ ਜਨਮ ਬਾਅਦ ਫ਼ਿਰ ਤੋਂ ਜਨਮਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ੮।

9. ਹੇ ਪ੍ਰਭੂ! ਤੈਨੂੰ, ਉਹੀ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਨਾਲ ਜੁੜਦੇ ਹਨ। ਅਜਿਹੇ ਪ੍ਰਭੂ ਪਿਆਰੇ ਸਦਾ ਤੇਰੇ ਰੰਗ `ਚ ਰੰਗੇ ਰਹਿ ਕੇ ਸੰਸਾਰ `ਚ ਵੀ ਸ਼ੋਭਾ ਪਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਦੂਜੇ ਅਭਾਗੇ, ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਾਂਝੇ ਰਹਿ ਕੇ ਜੀਵਨ ਭਰ ਆਸ਼ਾ, ਤ੍ਰਿਸ਼ਨਾ, ਭਟਕਣਾ, ਵਿਕਾਰਾਂ ਦੀ ਅੱਗ `ਚ ਹੀ ਸੜਦੇ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਦਰ `ਤੇ ਢੋਈ ਨਹੀਂ ਮਿਲਦੀ। ਕਿਉਂਕਿ ਉਹ ਮਨੁੱਖਾ ਜਨਮ ਦੇ ਮਕਸਦ, ਜੀਵਨ ਦੀ ਅਸਲੀਅਤ ਨੂੰ ਨਹੀਂ ਪਛਾਣਦੇ। ਉਹਨਾਂ ਅੰਦਰ ਰੱਬੀ ਗੁਣਾਂ ਦੀ ਪੂੰਜੀ ਨਾ ਹੋਣ ਦੇ ਬਾਵਜੂਦ ਅਜਿਹੇ ਲੋਕ, ਭੇਖਾਂ, ਦਿਖਾਵਿਆਂ, ਪਾਖੰਡਾਂ, ਕਰਮਕਾਂਡਾਂ `ਚ ਰੁਝੇ ਰਹਿ ਕੇ ਹੀ ਲੋਕਾਂ `ਚ ਆਪਣੇ ਆਪ ਲਈ, ਵੱਡਾ ਭਗਤ ਅਥਵਾ ਧਰਮੀ ਹੋਣ ਦਾ ਪ੍ਰਭਾਵ ਦਿੰਦੇ ਰਹਿੰਦੇ ਹਨ।

ਪਰ ਜੋ ਸਹੀ ਅਰਥਾਂ `ਚ ਪ੍ਰਭੂ ਭਗਤ ਹੁੰਦੇ ਹਨ, ਮਨ ਕਰਕੇ ਤੈਨੂੰ ਸਮ੍ਰਪਿਤ ਤੇ ਅਰਦਾਸਾਂ ਕਰਦੇ ਹਨ, ਹੇ ਪ੍ਰਭੂ! ਮੈ ਤਾਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਇੱਕ ਮਾੜਾ ਜਿਹਾ ਢਾਢੀ ਹਾਂ, ਹੋਰ ਤਾਂ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਹਨ। ਪਰ ਮੈ ਤੇਰੇ ਦਰ ਤੋਂ ਉਹਨਾਂ ਪ੍ਰਭੂ ਪਿਆਰਿਆਂ ਦਾ ਹੀ ਸੰਗ ਮੰਗਦਾ ਹਾਂ ਜੋ ਤੇਰੀਆਂ ਸਿਫ਼ਤਾਂ ਗਾਉਂਦੇ ਹਨ (ਭਾਵ ਸੱਚੇ ਪ੍ਰਭੂ ਭਗਤਾਂ `ਚ ਦਿਖਾਵਾ ਨਹੀਂ ਬਲਕਿ ਨਿਰਮਾਣਤਾ ਕੁੱਟ ਕੁੱਟ ਕੇ ਭਰੀ ਹੁੰਦੀ ਹੈ)। ੯।

10. (ਇਸ ਲਈ) ਹੇ ਪ੍ਰਭੂ! ਮੈਨੂੰ ਉਹਨਾਂ ਪ੍ਰਭੂ ਪਿਆਰਿਆਂ ਦਾ ਸੰਗ ਬਖ਼ਸ਼ ਜੋ ਸਦਾ ਤੇਰੀਆਂ ਸਿਫ਼ਤਾਂ ਗਾਉਂਦੇ ਹਨ। ਭਾਵ ਪ੍ਰਭੂ ਦੇ ਸੱਚੇ ਭਗਤ ਤਾਂ ਹਮੇਸ਼ਾਂ ਪ੍ਰਭੂ ਪਿਆਰਿਆਂ ਦਾ ਸੰਗ ਹੀ ਲੋੜਦੇ ਹਨ। ਉਹਨਾਂ ਅੰਦਰੋਂ ਸੰਸਾਰਿਕ ਖਿੱਚਾਂ ਤੇ ਮੋਹ-ਮਾਇਆ ਦੇ ਛਲਾਵੇ ਮੁੱਕ ਜਾਂਦੇ ਹਨ। ਦਰਅਸਲ ਇਨਸਾਨ ਜਿਹੋ ਜਿਹਾ ਬੀਜ ਪਾਂਦਾ ਹੈ, ਉਗਦਾ ਵੀ ਉਹੀ ਹੈ। ਇਸ ਤਰ੍ਹਾਂ ਸੱਚੇ ਮਾਰਗ `ਤੇ ਚੱਲਣ ਵਾਲੇ ਪ੍ਰਭੂ ਪਿਆਰੇ ਆਪਣੇ ਆਪ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਨ। ਇਸ ਦੇ ਉਲਟ ਬਹੁਤੇ ਤਾਂ ਮਨੁੱਖਾ ਜੀਵਨ ਦੇ ਮਕਸਦ ਤੇ ਰੱਬ ਦੇ ਸੱਚੇ ਮਾਰਗ ਨੂੰ ਅਪਣਾਏ ਬਿਨਾ ਹੀ ਅਨੇਕਾਂ ਆਪ ਮਿਥੇ ਧਰਮ-ਕਰਮ, ਭੇਖਾਂ ਤੇ ਕਰਮਕਾਂਡਾਂ `ਚ ਉਲਝੇ ਰਹਿੰਦੇ ਹਨ। ਇਸ ਤਰ੍ਹਾਂ ਹਉਮੈ ਵੱਸ ਆਪਣਾ ਬਹੁਮੁਲਾ ਮਨੁੱਖਾ ਜਨਮ ਬਰਬਾਦ ਕਰਕੇ ਜਾਂਦੇ ਹਨ। ੧੦।

11. ਜਿਨ੍ਹਾਂ ਦੇ ਜੀਵਨ `ਚ ਸਿਫ਼ਤ ਸਲਾਹ ਦਾ ਰੰਗ ਚੜ੍ਹ ਜਾਂਦਾ ਹੈ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਜਿਹਾ ਉਹਨਾਂ ਦੇ ਆਪਣੇ ਉਦੱਮ ਨਾਲ ਨਹੀਂ, ਬਲਕਿ ਪ੍ਰਭੂ ਦੀ ਬਖਸ਼ਿਸ਼ ਨਾਲ ਹੋਇਆ ਹੈ। ਅਸਲ `ਚ ਜੀਵਨ ਦੀ ਉਹ ਅਵਸਥਾ ਹੈ ਜਿੱਥੇ ਮਨੁੱਖ ਦੀ ਮੈ-ਮੇਰਾ ਵਾਲੀ ਸੋਚਣੀ ਹੀ ਮੁੱਕ ਜਾਂਦੀ ਹੈ। ਅਜਿਹੇ ਪ੍ਰਭੂ ਪਿਆਰੇ ਜਾਣਦੇ ਹਨ ਕਿ ਜੀਵ ਦੇ ਆਪਣੇ ਹੱਥ ਪੱਲੇ ਕੁੱਝ ਨਹੀਂ। ਪ੍ਰਭੂ ਨੇ ਇਹ ਰਚਨਾ ਹੀ ਰੰਗਾ ਰੰਗ ਦੀ ਬਣਾਈ ਹੋਈ ਹੈ। ਕੁੱਝ ਤਾਂ ਉਸ ਦੇ ਦਰ ਪ੍ਰਵਾਨ ਹੋ ਜਾਂਦੇ ਹਨ ਤੇ ਕੁੱਝ ਨੂੰ, ਉਹਨਾਂ ਦੇ ਕਰਮਾਂ ਦੀ ਸਜ਼ਾ ਦੇਣ ਲਈ ਪ੍ਰਭੂ ਨੇ ਆਪ ਹੀ ਗੁਮਰਾਹ ਕੀਤਾ ਹੁੰਦਾ ਹੈ। ਪ੍ਰਭੂ ਦੀ ਪ੍ਰਾਪਤੀ ਮਨੁੱਖ ਦੀਆਂ ਚਤੁਰਾਈਆਂ ਸਿਆਣਪਾਂ ਨਾਲ ਨਹੀਂ ਬਲਕਿ ਹਉਮੈ ਦਾ ਤਿਆਗ ਤੇ ਸਮਰਪਣ ਦੀ ਭਾਵਨਾ ਨਾਲ ਹੀ ਹੋ ਸਕਦੀ ਹੈ। ਮਨੁੱਖ ਦੀ ਇਹ ਉੱਤਮ ਅਵਸਥਾ, ਗੁਰਬਾਣੀ-ਗੁਰੂ ਤੋਂ ਪ੍ਰਾਪਤ ਆਤਮਿਕ ਜਾਗ੍ਰਿਤੀ ਕਰਕੇ ਹੀ ਬਣਦੀ ਹੈ। ੧੧।

12. (ਖਿਆਲ ਰਹੇ ਕਿ ਵਿਸ਼ਾ ਜੀਵਨ ਕਰਕੇ ਪ੍ਰਭੂ ਪਿਆਰਿਆਂ ਦਾ ਹੀ ਚੱਲ ਰਿਹਾ ਹੈ ਅਤੇ ਵਿਸ਼ੇ ਨੂੰ ਅਗੇ ਵਧਾਉਂਦੇ ਹੋਏ ਗੁਰਦੇਵ ਫ਼ੁਰਮਾਉਂਦੇ ਹਨ) ਜੇਕਰ ਕੋਈ ਹੋਵੇ ਤਾਂ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਪਰ ਹੋਵੇ ਚਤੁਰਾਈਆਂ, ਠੱਗੀਆਂ ਵਾਲੇ ਜੀਵਨ ਵਾਲਾ ਤਾਂ ਖਾਲੀ ਵਿਦਵਾਨ ਹੋਣਾ ਹੀ ਪ੍ਰਭੂ ਦਰ `ਤੇ ਪ੍ਰਵਾਨ ਹੋਣ ਦੀ ਗਾਰੰਟੀ ਨਹੀਂ। ਇਸ ਦੇ ਮੁਕਾਬਲੇ ਜੇ ਕੋਈ ਅਨਪੜ੍ਹ ਹੋਵੇ ਤੇ ਕਿਸੇ ਚੰਗੀ ਸੰਗਤ ਕਾਰਨ, ਸੁਭਾਅ ਕਰਕੇ ਉਚੇ-ਸੁੱਚੇ ਆਚਰਣ ਵਾਲਾ ਭਲਾ ਪੁਰਖ ਹੋਵੇ, ਤਾਂ ਅਜਿਹਾ ਸਾਧੂ ਸੁਭਾਅ ਮਨੁੱਖ ਸੰਸਾਰ `ਚ ਵੀ ਵਾਹ! ਵਾਹ! ਖੱਟਦਾ ਹੈ ਤੇ ਪ੍ਰਭੂ ਦਰ `ਤੇ ਵੀ ਕਬੂਲ ਹੁੰਦਾ ਹੈ। ਇਸ ਲਈ ਪ੍ਰਭੂ ਦਰ `ਤੇ ਪ੍ਰਵਾਨ ਹੋਣ ਲਈ ਜੀਵਨ ਦੀ ਸੰਭਾਲ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਹੰਕਾਰੀ ਪੁਰਖ ਚਤੁਰਾਈਆਂ ਠੱਗੀਆਂ `ਚ ਉਲਝਿਆ ਰਹਿ ਕੇ ਅੰਤ ਪਛਤਾਂਦਾ ਤੇ ਆਪਣਾ ਜਨਮ ਬਰਬਾਦ ਕਰਕੇ ਹੀ ਜਾਂਦਾ ਹੈ। ੧੨।

13. ਤਾਂ ਤੇ ਮਨੁੱਖ ਨੇ ਦ੍ਰਿੜ੍ਹ ਕਰ ਲੈਣਾ ਹੈ ਕਿ ਬਾਹਰ ਦੀਆਂ ਠੱਗੀਆਂ-ਚਤੁਰਾਈਆਂ, ਧਾਰਮਕ ਭਲ ਤੇ ਭੇਖ ਪ੍ਰਭੂ ਦਰ `ਤੇ ਕੰਮ ਨਹੀਂ ਆਉਂਦੇ। ਸੰਸਾਰ ਸਮੁੰਦਰ ਤੋਂ ਕੇਵਲ ਆਤਮਕ ਗਿਆਨ (ਸਤਿਗੁਰੂ) ਰਾਹੀਂ ਤਿਆਰ ਜੀਵਨ ਹੀ ਪਾਰ ਕਰਵਾ ਸਕਦਾ ਹੈ। ਜਿਹੜੇ ਮਨੁੱਖ ਪ੍ਰਭੂ ਦਾ ਲੜ ਛੱਡ ਕੇ ਇਧਰ-ਉਧਰ ਕਰਮਕਾਂਡਾਂ, ਭੇਖਾਂ, ਵਿਕਾਰਾਂ, ਠੱਗੀਆਂ, ਚਤੁਰਾਈਆਂ ਆਦਿ `ਚ ਭਟਕੇ ਜਨਮ ਬਰਬਾਦ ਕਰ ਜਾਂਦੇ ਹਨ। ਸੰਸਾਰ ਦੀ ਅਸਲੀਅਤ ਦਾ ਗਿਆਨ ਤਾਂ ਆਤਮਿਕ ਜਾਗ੍ਰਿਤੀ (ਸਤਿਗੁਰੂ) ਬਿਨਾ ਸੰਭਵ ਨਹੀਂ। ਕੇਵਲ ਆਤਮਕ ਜਾਗ੍ਰਿਤੀ ਹੀ ਹੈ ਜਿਸ ਤੋਂ ਇਹਨਾ ਸਰੀਰਕ ਨੇਤ੍ਰਾਂ ਨਾਲ ਹੀ ਪ੍ਰਭੂ ਦੇ ਦਰਸ਼ਨ, ਉਸ ਦੀ ਰਚਨਾ `ਚੋਂ ਵੀ ਹੋ ਜਾਂਦੇ ਹਨ। ਮਨੁੱਖ ਨੂੰ ਅਜਿਹੇ ਸਤਿਗੁਰੂ ਦਾ ਸਦਾ ਰਿਣੀ ਰਹਿਣਾ ਤੇ ਉਸ ਤੋਂ ਵਾਰੇ-ਵਾਰੇ ਜਾਣਾ ਚਾਹੀਦਾ ਹੈ। ੧੩।

14. ਮਨੁੱਖਾ ਜਨਮ ਪਾ ਕੇ, ਭੁਲਣਾ ਨਹੀਂ ਚਤਹੀਦਾ ਕਿ ਆਪਣੇ ਸੋਹਣੇ ਸਰੀਰ ਤੋਂ ਲੈ ਕੇ ਸੰਸਾਰ ਦੇ ਸਾਰੇ ਧਨ ਪਦਾਰਥ ਤੇ ਬੇਅੰਤ ਤਾਕਤਾਂ, ਔਹਦੇ, ਸਿਕਦਾਰੀਆਂ, ਲਿਆਕਤਾਂ ਮਨੁੱਖ ਲਈ ਕਰਤੇ ਦੀਆਂ ਦਾਤਾਂ ਹਨ। ਮਨੁੱਖ ਨੂੰ ਇਹਨਾ ਦਾਤਾਂ ਦੀ ਸੁਵਰਤੋਂ ਕਰਣੀ ਚਾਹੀਦੀ ਹੈ। ਪ੍ਰਭੂ ਨੂੰ ਵਿਸਾਰ ਕੇ ਸਰੀਰ ਤੇ ਸਾਧਨਾਂ ਦੇ ਨਸ਼ੇ `ਚ ਮਨੁੱਖ ਜੇਕਰ ਦਾਤਾਂ ਦੀ ਕੁਵਰਤੋਂ `ਚ ਰੁਝਿਆ ਰਿਹਾ ਤਾਂ ਅੰਤ ਭੁਗਤਣਾ ਵੀ ਉਸੇ ਨੂੰ ਹੀ ਹੈ। ਇਸ ਲਈ ਭੁਗਤਣ ਸਮੇਂ, ਪਛਤਾਵੇ, ਰੋਣ-ਪਿੱਟਣ ਨਾਲ ਸਜ਼ਾ ਤੋਂ ਨਹੀਂ ਬਚਿਆ ਜਾਂ ਸਕੇਗਾ। ਕਿਉਂਕਿ ਕਰਤੇ ਦੇ ਨਿਆਂ ਵਾਲਾ ਰਸਤਾ ਬੜਾ ਤੰਗ ਹੈ ਉਸ `ਚ ਰਿਆਇਤ ਨਹੀਂ ਹੁੰਦੀ, ਭੁਗਤਣਾ ਹੀ ਪੈਂਦਾ ਹੈ। ੧੪।

15. ਗੁਰਦੇਵ ਦ੍ਰਿੜ੍ਹ ਕਰਵਾਂਦੇ ਹਨ ਜੇਕਰ ਮਨੁੱਖ ਸਮਰਪਤ ਭਾਵਨਾ ਨਾਲ ਕਰਤਾਰ ਦਾ ਹੋ ਕੇ ਉਸ ਦੇ ਨਿਰਮਲ ਭਉ `ਚ ਚੱਲੇ ਤਾਂ ਅਕਾਲਪੁਰਖੁ ਵੀ ਜੀਵ ਤੋਂ ਉਹੀ ਕੰਮ ਕਰਵਾਉਂਦਾ ਹੈ ਜੋ ਉਸ ਨੂੰ ਭਾਉਂਦੇ ਹਨ। ਤਾਂ ਤੇ ਅਜਿਹੇ ਪ੍ਰਭੂ ਪਿਆਰੇ ਦੀ ਰਹਿਣੀ `ਚ ਹੂੜਮੱਤ, ਦੁਰਮੱਤ, ਹਉਮੈ, ਆਪਹੁਦਰਾਪਣ, ਕਿਊਂ-ਕਿਤੂੰ ਆਦਿ ਅਉਗੁਣ ਰਹਿੰਦੇ ਹੀ ਨਹੀਂ। ਅਜਿਹਾ ਸੇਵਕ ਹੀ ਸਹੀ ਅਰਥਾਂ `ਚ ਹੁਕਮੀ ਬੰਦਾ ਤੇ ਜਿਉਂਦੇ ਜੀਅ ਪ੍ਰਭੂ ਦੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਇਸੇ ਦਾ ਨਤੀਜਾ, ਸਰੀਰ ਤਿਆਗਣ ਬਾਅਦ ਵੀ ਜਨਮ-ਮਰਨ `ਚ ਨਹੀਂ ਪੈਂਦਾ।। ੧੫।

16. ਜਦੋਂ ਮਨੁੱਖ ਦਾ ਜੀਵਨ ਆਤਮਕ ਤੌਰ `ਤੇ ਬਲਵਾਨ ਹੋ ਜਾਂਦਾ ਹੈ ਤਾਂ ਉਸ ਯਕੀਣ ਆ ਜਾਂਦਾ ਹੈ ਕਿ ਪ੍ਰਭੂ ਦੀ ਸਾਰੀ ਰਚਨਾ ਪੂਰੀ ਤਰ੍ਹਾਂ, ਪ੍ਰਭੂ ਦੀ ਆਪਣੀ ਸੰਭਾਲ `ਚ ਚੱਲ ਰਹੀ ਹੈ। ਜਿਨ੍ਹਾਂ ਨੂੰ ਸੰਸਾਰ `ਚ ਵਡਿਆਈਆਂ, ਤਾਕਤਾਂ ਮਿਲਦੀਆਂ ਹਨ ਜਾਂ ਜੋ ਕਰਮ ਕਰਦੇ ਹਨ, ਕਰਤਾ ਆਪ ਹੀ ਉਹਨਾਂ ਤੋਂ ਕਰਵਾਉਂਦਾ ਹੈ। ਕੇਵਲ ਵੱਡਾ ਹੀ ਨਹੀਂ ਬਲਕਿ ਕਾਦਿਰ ਤਾਂ ਇਨਾਂ ਵੱਡਾ ਹੈ ਕਿ ਉਸ ਤੋਂ ਹੋਰ ਵੱਡਾ ਕੋਈ ਹੈ ਹੀ ਨਹੀਂ। ਸਾਰੇ ਜੀਵਾਂ ਨੂੰ ਜੂਨੀ-ਕਰਮਾਂ ਅਨੁਸਾਰ, ਉਹਨਾਂ ਦੇ ਆਹਰਾਂ ਤੇ ਧੰਦਿਆਂ `ਚ ਵੀ ਪ੍ਰਭੂ ਆਪ ਹੀ ਲਾਉਂਦਾ ਹੈ।

ਖੂਬੀ ਇਹ, ਤਾਕਤਾਂ, ਵਡਿਆਈਆਂ ਤਾਂ ਕਰਤੇ ਦੀਆਂ ਦਾਤਾਂ ਹੁੰਦੀਆਂ ਹਨ, ਅਗਿਆਨੀ ਮਨੁੱਖ ਆਪਣੀਆਂ ਮੰਨ ਕੇ ਇਹਨਾ `ਤੇ ਆਪਣੀ ਪਕੜ ਪੱਕੀ ਰੱਖਣ ਦੀ ਕੋਸ਼ਿਸ਼ `ਚ ਜੁਟਿਆ ਰਹਿੰਦਾ ਹੈ। ਇਸ ਤਰ੍ਹਾਂ ਕੁਰਾਹੇ ਪੈ ਚੁੱਕਾ ਮਨੁੱਖ, ਦਾਤਾਂ ਦੀ ਵੱਧ ਤੋਂ ਵੱਧ ਕੁਵਰਤੋਂ ਕਰਕੇ, ਦੂਜਿਆਂ ਨਾਲ ਧੱਕੇ-ਜ਼ੁਲਮ ਵੀ ਕਰਦਾ ਹੈ। ਇਸੇ ਉਲਟੀ ਖੇਡ `ਚ ਫ਼ਸਿਆ ਆਪਣੀ ਅਣਖ, ਗ਼ੈਰਤ, ਸਿਧਾਂਤ, ਧਰਮ ਸਭ ਛਿੱਕੇ ਟੰਗ ਦਿੰਦਾ ਹੈ। ਭੁੱਲ ਜਾਂਦਾ ਹੈ, ਜਿਸ ਮਾਲਿਕ ਨੇ ਤਾਕਤਾਂ, ਵਡਿਆਈਆਂ ਬਖਸ਼ੀਆਂ ਹਨ, ਉਹ ਇਨਾਂ ਸਮ੍ਰਥ ਹੈ, ਚਾਹੇ ਤਾਂ ਪਲਾਂ `ਚ ਉਸ ਹੰਕਾਰੀ ਨੂੰ ਇਨਾਂ ਵੱਧ ਮੁਹਤਾਜ ਬਣਾ ਦੇਵੇ ਜੋ ਮੰਗਣ `ਤੇ ਵੀ ਉਸ ਨੂੰ ਕੋਈ ਭਿੱਖਿਆ ਤੀਕ ਨਾ ਪਾਵੇ। ੧੬।

17. ਪ੍ਰਭੂ ਵੱਲੋਂ ਪ੍ਰਾਪਤ ਵਡਿਆਈਆਂ, ਤਾਕਤਾਂ ਦੀ ਕੁਵਰਤੋਂ `ਚ ਉਲਝਿਆ ਮਨੁੱਖ ਆਪਣੇ ਆਪ ਨੂੰ ਇਨਾਂ ਵੱਧ ਐਸ਼ੋ-ਆਰਾਮ ਤੇ ਸੰਸਾਰਕ ਰਸਾਂ ਦੀ ਜਕੜ `ਚ ਫਸਾ ਲੈਂਦਾ ਹੈ। ਕਿ ਦਾਤਾਂ ਦੀ ਕੁਵਰਤੋਂ ਕਰ ਕੇ ਦੂਜਿਆਂ ਨਾਲ ਜ਼ੁਲਮ ਧੱਕੇ ਠੱਗੀਆਂ ਕਰਦਾ ਹੈ। ਕਾਰਨ ਹੁੰਦਾ ਹੈ, ਉਸ ਦੇ ਮਨ `ਚੋਂ ਪ੍ਰਭੂ ਦਾ ਡਰ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੁੰਦਾ ਹੈ। ਰੰਗ-ਤਮਾਸ਼ਿਆਂ `ਚ ਉਲਝੇ ਮਨੁੱਖ ਨੂੰ ਤਾਂ ਮੌਤ ਵਰਗਾ ਸੱਚ ਵੀ ਭੁੱਲਿਆ ਹੁੰਦਾ ਹੈ। ਇਸ ਤਰ੍ਹਾਂ ਜਿਸ ਸਰੀਰ ਪਿੱਛੇ ਲੱਗ ਕੇ ਉਸ ਨੇ ਆਪਣੀ ਕਰਣੀ ਵਿਗਾੜੀ ਹੁੰਦੀ ਹੈ, ਅਚਾਨਕ ਸਰੀਰ ਵੀ ਸਾਥ ਛੱਡ ਦਿੰਦਾ ਹੈ ਪਰ ਬੀਤਿਆ ਸਮਾਂ ਦੋਬਾਰਾ ਹੱਥ ਨਹੀਂ ਆਉਂਦਾ।

18. ਗੁਰਦੇਵ ਦ੍ਰਿੜ ਕਰਵਾਉਂਦੇ ਹਨ, ਪ੍ਰਭੂ ਬਖਸ਼ਿਸ਼ ਨਾਲ ਜੇ ਮਨੁੱਖਾ ਜਨਮ ਮਿਲਿਆ ਹੈ ਤਾਂ ਸਤਿਗੁਰੂ ਦੇ ਹੀ ਗੁਣ ਗਾਉਣੇ ਚਾਹੀਦੇ ਹਨ। ਦੰਭੀ, ਪਾਖੰਡੀ, ਢੋਂਗੀ ਗੁਰੂ ਨਹੀਂ ਬਲਕਿ ਉਸ ਸਤਿਗੁਰੂ ਦੇ ਜੋ ਗੁਰੂ ਗੁਰਬਾਣੀ ਤੋਂ ਪ੍ਰਗਟ ਆਤਮਕ ਗਿਆਨ ਹੈ। ਇਹ ਤਾਕਤ ਵੀ ਉਸ ਸਤਿਗੁਰੂ `ਚ ਹੀ ਹੈ ਜੋ ਆਪਣੀ ਮੇਹਰ ਕਰ ਕੇ ਮਨੁੱਖ ਅੰਦਰੋਂ ਸਾਰੀਆਂ ਕਮਜ਼ੋਰੀਆਂ ਨੂੰ ਮਾਰ ਕੱਢਦਾ ਹੈ। ਭਾਵ ਜੀਵਨ ਅੰਦਰ ਪ੍ਰਭੂ ਦੀ ਬਖਸ਼ਿਸ਼ ਨਾਲ ਜਦੋਂ ਆਤਮਿਕ ਜਾਗ੍ਰਿਤੀ ਆ ਜਾਂਦੀ ਹੈ ਤਾਂ ਜੀਵਨ ਅੰਦਰੋ ਹਊਮੈ ਵਿਕਾਰ ਆਦਿ ਸਾਰੀਆਂ ਬੁਰਾਈਆਂ ਮੁੱਕ ਜਾਂਦੀਆਂ ਹਨ।

ਸਤਿਗੁਰੂ ਕਿਨੀਆਂ ਵਡਿਆਈਆਂ ਦਾ ਮਾਲਿਕ ਹੈ, ਇਹ ਸਮਝ ਉਦੋਂ ਆਉਂਦੀ ਹੈ ਜਦੋਂ ਕਰਤਾਰ ਕ੍ਰਿਪਾ ਕਰਕੇ ਮਨੁੱਖ ਦਾ ਮਿਲਾਪ ਸਤਿਗੁਰੂ ਨਾਲ ਆਪ ਕਰਵਾਉਂਦਾ ਹੈ। ਫ਼ਿਰ ਸਮਝ ਆਉਣ ਤੋਂ ਬਾਅਦ ਵੀ ਕਿ ਸਤਿਗੁਰੂ ਦੀਆਂ ਵੱਡੀਆਂ ਵਡਿਆਈਆਂ ਕੀ ਹੁੰਦੀਆਂ ਹਨ, ਵਡਿਆਈਆਂ, ਜੀਵਨ ਦਾ ਹਿੱਸਾ ਤਾਂ ਹੀ ਬਣਦੀਆਂ ਹਨ ਜਦੋਂ ਅਕਾਲਪੁਰਖੁ ਆਪ ਬਖਸ਼ਿਸ਼ ਕਰਦਾ ਹੈ। ਤਾਂ ਤੇ ਸਪਸ਼ਟ ਹੋਇਆ ਕਿ ਸਾਰੀ ਖੇਡ ਹੀ ਕਰਤਾਰ ਦੀ ਹੈ ਤੇ ਜੇ ਉਹ ਤਰੁਠ ਜਾਵੇ ਤਾਂ ਸਮਝ ਲਵੋ ਕਿ ਜੀਵ ਨੂੰ ਸੰਸਾਰ ਦੇ ਸਾਰੇ ਹੀ ਖਜ਼ਾਨੇ (ਜਿਨ੍ਹਾਂ ਰਿਧੀਆਂ ਸਿਧੀਆਂ ਪਿਛੇ ਉਹ ਦੌੜ ਰਿਹਾ ਸੀ) ਆਪਣੇ ਆਪ ਮਿਲ ਜਾਂਦੇ ਹਨ ਭਾਵ ਲੋੜ ਹੀ ਮੁੱਕ ਜਾਂਦੀ ਹੈ। ੧੮।

19. ਵਿਰਲਿਆਂ ਨੂੰ ਛੱਡ ਕੇ, ਸੰਸਾਰ `ਚ ਜੋ ਵੀ ਆਉਂਦਾ ਹੈ, ਜਨਮ ਦੇ ਨਾਲ ਹੀ ਉਸ ਨੂੰ ‘ਮੈ, ਮੇਰਾ ਵਾਲੀ ਪੱਕੜ ਵੀ ਹੋ ਜਾਂਦੀ ਹੈ। ਉਪ੍ਰੰਤ ‘ਮੈ, ਮੇਰਾ ਵਾਲੀ ਪਕੜ ਹੀ ਮਨੁੱਖ ਨੂੰ ਕੁਰਾਹੇ ਪਾ ਦਿੰਦੀ ਹੈ ਤੇ ਹਉਮੈ ਆਦਿ ਵਿਕਾਰਾਂ ਨੂੰ ਜਨਮ ਦਿੰਦੀ ਹੈ। ਪਾਤਸ਼ਾਹ ਚੇਤਾਵਣੀ ਦਿੰਦੇ ਹਨ, ਐ ਭਾਈ! ਪ੍ਰਭੂ ਨੂੰ ਵਿਸਾਰ ਕੇ ਜੋ ਕੁੱਝ ਕਰੇਂਗਾ, ਉਸ ਸਾਰੇ ਦਾ ਫ਼ਲ ਵੀ ਤੂੰ ਹੀ ਭੋਗਣਾ ਹੈ। ਦਰਅਸਲ ਜੋ ਕੁੱਝ ਤੂੰ ਆਪਣਾ ਮੰਨ ਕੇ ਇਹਨਾ ਦੀ ਵਰਤੋਂ-ਕੁਵਰਤੋਂ ਕਰਦਾ ਹੈਂ, ਇਹ ਸਭ ਕਰਤਾਰ ਵੱਲੋਂ ਤੇਰੇ ਜੀਵਨ ਦੀਆਂ ਲੋੜਾਂ, ਵਰਤਣ-ਵਲੇਵੇਂ ਤੇ ਦਾਤਾਂ ਹਨ। ਇਸ ਲਈ ਇਹਨਾ ਲਈ ਮੈ, ਮੇਰਾ ਵਾਲੀ ਪੱਕੜ ਛੱਡ ਦੇ। ਦਰਅਸਲ, ਸੰਸਾਰ `ਚ ਜੇ ਤੂੰ ਕੁੱਝ ਵਿੱਦਿਆ ਹਾਸਲ ਕੀਤੀ ਹੈ ਤਾਂ ਵਿੱਦਿਆ ਦਾ ਮਕਸਦ ਹੈ, ਜੀਵਨ ਦੇ ਸੱਚ ਨੂੰ ਸਮਝਣਾ। ਨਾ ਕਿ ਪ੍ਰਭੂ ਵੱਲੋਂ ਹਾਸਲ ਔਹਦਿਆਂ, ਤਾਕਤਾਂ, ਸਾਧਨਾ ਦੇ ਬਲਬੂਤੇ ਆਪਣੇ ਆਪ ਨੂੰ ਵੱਡਾ ਤੇ ਦੂਜਿਆਂ ਨੂੰ ਨੀਵਾਂ ਸਮਝੇਂ। ਇਸ ਨਾਲ ਇਹ ਵੀ ਸਮਝਣਾ ਹੈ ਕਿ ਕਿਸੇ ਹੁੱਜਤ ਬਾਜ ਨਾਲ ਨਾ ਉਲਝਿਆ ਜਾਵੇ। ੧੯।

20. ਸਾਰੀ ਰਚਨਾ ਪ੍ਰਭੂ ਦੀ ਬਣਾਈ ਹੋਈ ਹੈ। ਜੀਵਨ ਦੇਣ ਵਾਲਾ ਤੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਨਿਆਂ ਕਰਣ ਵਾਲਾ ਵੀ ਪ੍ਰਭੂ ਹੀ ਹੈ। ਜੋ ਵੀ ਸਰੀਰ ਧਾਰੀ ਹੈ, ਉਸ ਨੇ ਬਿਨਸਨਾ ਅਵੱਸ਼ ਹੈ। ਇਸ ਲਈ ਜਦੋਂ ਤੀਕ ਸਰੀਰ ਕਾਇਮ ਹੈ, ਇਸ ਦਾ ਮਕਸਦ ਕੀ ਹੈ? ਇਸ ਵਲੋਂ ਲਾਪਰਵਾਹ ਨਾ ਹੋ ਕੇ, ਮਨੁੱਖ ਨੇ ਜੀਵਨ ਦੀ ਸੰਭਾਲ ਵੀ ਆਪ ਹੀ ਕਰਣੀ ਹੈ। ੨੦।

21. ਗੁਰਦੇਵ ਪੱਕਾ ਕਰਦੇ ਹਨ, ਜਨਮ ਲੈ ਕੇ ਮਨੁੱਖ ਨੇ ਦੀਰਘ ਦ੍ਰਿਸ਼ਟੀ ਨਾਲ ਆਪਣੇ ਚੰਗੇ-ਮੰਦੇ ਦੀ ਪਛਾਣ ਵੀ ਕਰਣੀ ਹੈ। ਇਹ ਨਹੀਂ, ਜਿਵੇਂ ਕਿਸੇ ਕਿਹਾ, ਪਿਛੇ ਲਗ ਟੁਰੇ, ਇਹ ਤਾਂ ਆਪਣੇ ਆਪ ਨੂੰ ਬਰਬਾਦ ਕਰਣ ਵਾਲੀ ਗੱਲ ਹੈ। ਮਨੁੱਖ ਦੀ ਸੋਚਣੀ ਤੇ ਕਰਣੀ ਉਹ ਹੋਣੀ ਹੈ ਜਿਸ ਤੋਂ ਜੀਵ, ਪ੍ਰਭੂ ਦੀ ਦਰਗਾਹ `ਚ ਮਾਨ ਸਤਿਕਾਰ ਹਾਸਲ ਕਰੇ ਤੇ ਜਨਮ ਨੂੰ ਬਿਰਥਾ ਨਾ ਕਰੇ ਭਾਵ ਜੀਉਂਦੇ ਜੀਅ ਪ੍ਰਭੂ `ਚ ਸਮਾ ਜਾਵੇ ਤੇ ਮੁੜ ਜਨਮ-ਮਰਨ `ਚ ਨਾ ਆਵੇ। ੨੧।

22. ਜਿਵੇਂ ਸੰਸਾਰ ਤੱਲ `ਤੇ ਕਿਸੇ ਵੀ ਅਦਾਰੇ `ਚ ਮਾਲਿਕ ਨੂੰ ਨੌਕਰ ਉਹੀ ਭਾਉਂਦਾ ਹੈ ਜੋ ਉਸ ਦੇ ਸੁਭਾਅ ਨਾਲ ਸੁਭਾਅ ਸਾਵਾਂ ਕਰ ਕੇ ਚੱਲੇ। ਅਜਿਹਾ ਨੌਕਰ ਮਾਲਿਕ ਨੂੰ ਚੰਗਾ ਵੀ ਲਗਦਾ ਹੈ ਤੇ ਮਾਲਿਕ ਕੋਲੋਂ ਮਾਨ ਸਤਿਕਾਰ ਤੇ ਤਨਖਾਹ `ਚ ਵੀ ਤਰੱਕੀਆਂ ਲੈਂਦਾ ਹੈ। ਇਸ ਦੇ ਉਲਟ ਮਾਲਿਕ ਨਾਲ ਬਰਾਬਰੀ ਕਰਣ ਵਾਲੇ ਨੌਕਰ ਨਾਲ ਸਭ ਕੁੱਝ ਇਸ ਦੇ ਉਲਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਪ੍ਰਭੂ ਦਰ `ਤੇ ਸੁਰਖਰੂ ਹੋਣ ਲਈ ਵੀ ਮਨੁੱਖ ਨੇ ਪ੍ਰਭੂ `ਤੇ ਹੁਕਮ ਚਲਾਉਣ ਵਾਲਾ ਆਪਣਾ ਸੁਭਾਅ ਤਿਆਗ ਕੇ, ਕਰਤੇ ਦੀ ਰਜ਼ਾ `ਚ ਹੀ ਚਲਣਾ ਹੈ।

ਸੁੱਖਨਾ, ਚਾਲੀਹੇ ਆਦਿ ਪ੍ਰਭੂ ਨਾਲ ਸ਼ਰਤਾਂ, ਉਸ `ਤੇ ਹੁਕਮ ਚਲਾਉਣਾ ਤੇ ਉਸ ਦੀ ਅਵਗਿਆ ਤੁੱਲ ਹਨ। ਮਨੁੱਖ ਨੂੰ ਪ੍ਰਭੂ ਅਗੇ ਸਮਰਪਣ ਦੀ ਭਾਵਨਾ ਨਾਲ ਅਰਦਾਸ ਕਰਣੀ ਹੀ ਬਣਦੀ ਹੈ, ਉਸ ਨੂੰ ਹੁਕਮ ਕਰਣਾ ਜਾਂ ਉਸ ਨਾਲ ਸ਼ਰਤਾਂ ਨਹੀਂ ਲਾਉਣੀਆ। ਕਿਸੇ ਗੱਲ ਨੂੰ ਮੰਨਣਾ ਜਾਂ ਨਾ ਮੰਨਣਾ, ਪ੍ਰਭੂ ਦੀ ਇੱਛਾ ਹੈ। ਤਾਂ ਤੇ ਪ੍ਰਭੂ ਪਿਆਰਾ ਉਹ ਹੈ ਜੋ ਉਸ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਣ ਕਰੇ। ਪ੍ਰਭੂ ਦੇ ਕੀਤੇ `ਤੇ ਘੁੰਤਰਾਂ ਕੱਢਣੀਆਂ ਤੇ ਉਸ ਨਾਲ ਬਰਾਬਰੀ ਕਰਣ ਵਾਲਾ ਕਦੇ ਵੀ ਪ੍ਰਭੂ ਭਗਤ ਨਹੀਂ ਹੁੰਦਾ (ਬਲਕਿ ਮਨਮੁਖ ਹੀ ਹੁੰਦਾ ਹੈ)। ੨੨।

23. ਵਿਸ਼ਾ ਸਮਾਪਤੀ `ਤੇ ਹੈ। ਗੁਰਦੇਵ ਦ੍ਰਿੜ੍ਹ ਕਰਵਾਉਂਦੇ ਹਨ, ਕਰਤੇ ਦੀ ਰਚਨਾ ਦਾ ਆਰਲਾ-ਪਾਰਲਾ ਬੰਨਾਂ ਜਾਂ ਕਿਸੇ ਪਖੋਂ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੀਵਾਂ ਨੂੰ ਬਨਾਉਣ, ਮਿਟਾਉਣ ਵਾਲਾ ਪ੍ਰਭੂ ਆਪ ਹੈ ਭਾਵ ਪੈਦਾ ਕਰਣ ਵਾਲਾ, ਮਾਰਣ ਤੇ ਪਾਲਣਾ ਕਰਣ ਵਾਲਾ, ਪ੍ਰਭੂ ਹੀ ਹੈ। ਪ੍ਰਭੂ ਦੀ ਰਚਨਾ `ਚ ਅਨੇਕਾਂ ਦੁਖਾਂ ਤੇ ਜ਼ਲਾਲਤ ਭਰਿਆ ਜੀਵਨ ਬਿਤਾੳਂਦੇ ਹਨ। ਦੂਜੇ, ਜੋ ਸਭ ਤਰ੍ਹਾਂ ਦੇ ਸੰਸਾਰਕ ਆਨੰਦ ਭੋਗਦੇ ਹਨ। ਜਿਨੀਂ ਵੀ ਰਚਨਾ ਹੈ, ਪ੍ਰਭੂ ਸਾਰਿਆਂ ਦੀ ਸੰਭਾਲ ਆਪ ਕਰਦਾ ਹੈ। ਤਾਂ ਤੇ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਨੇ ਜੇਕਰ ਕੋਈ ਮੰਗ ਕਰਣੀ ਵੀ ਹੈ ਤਾਂ ਕੇਵਲ ਪ੍ਰਭੂ ਪਾਸੋਂ ਕਰੇ। ਇਧਰ-ਉਧਰ ਨਾਂ ਭਟਕੇ, ਕਰਣ ਕਰਾਵਣ ਤੇ ਸਾਰਿਆਂ ਦੀ ਸਾਰ ਲੈਣ ਵਾਲਾ ਕੇਵਲ ਪ੍ਰਭੂ ਹੀ ਹੈ, ਉਸ ਬਿਨਾ ਦੂਜਾ ਕੋਈ ਨਹੀਂ। ੨੩।

24. ਵਾਰ ਦੀ ਅਰੰਭਕ ਪਉੜੀ `ਚ ਕਹੀ ਗੱਲ ਨੂੰ ਗੁਰਦੇਵ ਅੰਤਮ ਪਉੜੀ `ਚ ਫਿਰ ਪੱਕਾ ਕਰਦੇ ਹਨ ਕਿ ਕਰਤਾਰ ਦੀਆਂ ਸਿਫ਼ਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੀਵਾਂ ਦੀਆਂ ਲੋੜਾਂ ਤੇ ਉਹਨਾਂ ਲਈ ਰਿਜ਼ਕ ਵੀ ਉਸ ਦੇ ਅੱਟਲ ਨਿਯਮ `ਚ, ਜੀਵਾਂ ਨੂੰ ਆਪਣੇ ਆਪ ਪੁੱਜਦਾ ਹੈ। ਸੰਸਾਰ `ਚ ਮਨੁੱਖ ਉਹੀ ਕਰਦਾ ਹੈ ਜੋ ਧੁਰੋਂ ਪ੍ਰਭੂ ਨੇ ਉਸ ਲਈ ਮੁਕੱਰਰ ਕੀਤਾ ਹੈ। ਸੰਸਾਰ `ਚ ਉਹੀ ਵਰਤਦਾ ਹੈ ਜੋ ਕਰਤੇ ਨੂੰ ਭਾਉਂਦਾ ਹੈ। ਜੋ ਪ੍ਰਭੂ ਦੀ ਰਜ਼ਾ `ਚ ਹੁੰਦਾ ਹੈ। ਪ੍ਰਭੂ ਤੋਂ ਸਿਵਾ ਹੋਰ ਕੋਈ ਉਸ ਦੀ ਬਰਾਬਰੀ ਕਰਣ ਵਾਲਾ ਜਾਂ ਉਸ ਜਿਹਾ ਵੱਡਾ ਹੈ ਹੀ ਨਹੀਂ। ੨੪।

ਨੋਟ: ੧- ਇਹ ਕੇਵਲ ਇਸ਼ਾਰਾ ਹੈ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਹੋਰ ਜਿੰਨੀਆਂ ਵਾਰਾਂ ਜਾਂ ਲਮੀਆਂ ਬਾਣੀਆਂ ਹਨ, ਜਿਵੇਂ ਬਾਣੀ ਜਪੁ, ਸੁਖਮਨੀ ਸਾਹਿਬ, ਅਨੰਦ ਸਾਹਿਬ ਆਦਿ ਸਾਰਿਆਂ ਲੜੀ ਬਧ ਹਨ ਤੇ ਸਾਰੀਆਂ ਦਾ ਕੇਂਦਰੀ ਭਾਵ ਵੀ ਦਿੱਤਾ ਹੈ। ਗੁਰਦੇਵ ਕਿਸੇ ਰਚਨਾ `ਚ ਕੀ ਵਿਸ਼ਾ ਤੇ ਉਸ ਨੂੰ ਕਿਸ ਤਰਤੀਬ ਜਾਂ ਢੰਗ ਨਾਲ ਦੇ ਰਹੇ ਹਨ, ਇਸ ਤਰੀਕੇ ਸੌਖਾ ਸਮਝਿਆ ਜਾ ਸਕਦਾ ਹੈ। ਲੋੜ ਹੈ, ਹਰੇਕ ਲੰਮੀ ਰਚਨਾ `ਚੋਂ ਪਹਿਲਾਂ ਉਸ ਦਾ ਕੇਂਦਰੀ ਭਾਵ ਲਿਆ ਜਾਵੇ ਤੇ ਉਸ ਦਾਇਰੇ `ਚ ਰਹਿ ਕੇ ਸਾਰੀ ਬਾਣੀ ਸਮਝਣ ਦਾ ਜੱਤਨ ਕੀਤਾ ਜਾਵੇ ਕਿ ਪਾਤਸ਼ਾਹ ਅਮੁੱਕੀ ਰਚਨਾ `ਚ ਮਨੁੱਖਾ ਜੀਵਨ ਦਾ ਕਿਹੜਾ ਪੱਖ ਉਘਾੜ ਰਹੇ ਹਨ। ਉਂਝ ਵੀ ਕੋਲ ਬਾਈ ਚੋਂ ਵੀਹ ਵਾਰਾਂ, ਜਿੱਥੇ ਕਿ ਹਰੇਕ ਵਾਰ `ਚ ਹਰੇਕ ਪਉੜੀ ਤੋਂ ਬਾਅਦ ਸਲੋਕ ਹਨ। ਹਰੇਕ ਵਾਰ ਦੇ ਮੂਲ ਮਜ਼ਮੂਨ, ਕੇਂਦਰੀ ਭਾਵ ਤੇ ਨਿਸ਼ਾਨੇ ਨੂੰ ਸਮਝਣ ਲਈ ਇਹ ਢੰਗ ਵਧੇਰੇ ਲਾਹੇਵੰਦ ਸਾਬਤ ਹੋ ਸਕਦਾ ਹੈ।

ਨੋਟ: ੨-ਗੁਰਬਾਣੀ ਰਚਨਾ ਦੇ ਕਿਸੇ ਅੰਗ ਦੇ ਇਸ ਤਰ੍ਹਾਂ ਨਿਵੇਕਲੇ ਲੜੀਵਾਰ ਅਰਥ ਦੇਣੇ ਕੇਵਲ ਪਹਿਲੀ ਕੋਸ਼ਿਸ਼ ਹੈ। ਦੂਜਾ, ਇਸ `ਚ ਸਿਧੇ ਲਫ਼ਜ਼ੀ ਅਰਥ ਦੇਣ ਦੀ ਬਜਾਇ, ਸਬੰਧਤ ਵਿਸ਼ੇ ਨੂੰ ਵੀ ਕਿਧਰੇ ਕਿਧਰੇ ਥੋੜਾ ਖੋਲਿਆ ਗਿਆ ਹੈ। #177s82.03s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ।

Including this Self Learning Gurmat Lesson No 177

ਬਾਣੀ ਆਸਾ ਕੀ ਵਾਰ ਪਉੜੀ ਵਾਰ (ਕੇਵਲ ਅਰਥ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.