.

ਅਰਦਾਸ ਦੇ ਖਰੜਿਆਂ ਦਾ ਪ੍ਰਤੀਕਰਮ

- ਇੰਡੀਆ ਅਵੇਅਰਨੈੱਸ ਬਿਉਰੋ -

ਬਹੁਤ ਸਾਰੇ ਸਿੱਖ ਪ੍ਰਚਾਰਕਾਂ/ਵਿਦਵਾਨਾਂ/ ਬੁਲਾਰਿਆਂ ਦੀ ਇਹ ਸਮੱਸਿਆ ਹੈ ਕਿ ਉਹ ਮਸਲੇ ਨਾਲ ਸਬੰਧਿਤ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਇੱਧਰ-ਉੱਧਰ ਦੀਆਂ (ਵਿਸ਼ੇ ਨਾਲ ਕਿਸੇ ਤਰ੍ਹਾਂ ਸਬੰਧਿਤ ਨਾ ਹੋਣ ਵਾਲੀਆਂ) ਗੱਲਾਂ ਕਰਕੇ (beating about the bush) ਬਹਿਸ/ ਚਰਚਾ/ਵਿਚਾਰ-ਵਟਾਂਦਰੇ ਨੂੰ ਬਿਲਕੁਲ ਲੀਹੋਂ ਲਾਹ ਦੇਣ ਦੀ ਕੋਸ਼ਿਸ਼ ਕਰਦੇ ਹਨ। ਸਤੰਬਰ 09 ਅੰਕ ਵਿੱਚ ‘ਤੱਤ ਗੁਰਮਤਿ ਪਰਵਾਰ’ ਅਤੇ ‘ਇੰਡੀਆ ਅਵੇਅਰਨੈੱਸ’ ਵੱਲੋਂ ਪੇਸ਼ ਕੀਤੇ ਗਏ ਅਰਦਾਸ ਦੇ ਖਰੜਿਆਂ ਦੇ ਸਬੰਧ ਵਿੱਚ ਵੀ ਇਹੀ ਗੱਲ ਵੇਖਣ ਨੂੰ ਮਿਲੀ। ਇੰਡੀਆ ਅਵੇਅਰਨੈੱਸ ਦੇ ਸੰਪਾਦਕੀ ਮੰਡਲ ਦਾ ਤਾਂ ਸ਼ੁਰੂ ਤੋਂ ਹੀ ਇਹ ਮੰਨਣਾ ਸੀ ਕਿ ਜੇਕਰ ਗੁਰਮਤਿ ਅਸੂਲਾਂ ਦੀ ਰੌਸ਼ਨੀ ਸਿੱਖ ਰਹਿਤ ਮਰਿਆਦਾ ਵਿੱਚ ਸੋਧ ਕਰਨੀ ਹੋਵੇ, ਤਾਂ ਇਸਨੂੰ 10-12 ਵਿਦਵਾਨ/ਪ੍ਰਚਾਰਕ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੇ ਹਵਾਲਿਆਂ ਨਾਲ ਲੋੜੀਂਦੀ ਸੋਧ ਕਰ ਲੈਣ (ਡੇਰੇਦਾਰ ਸਾਧ ਤਾਂ ਖ਼ੁਦ ਜਾਂ ਆਪਣੇ ਕਿਸੇ ਇਕੱਲੇ-ਦੁੱਕਲੇ ਚੇਲੇ ਰਾਹੀਂ ਹੀ ਰਹਿਤ ਮਰਿਆਦਾ ਵਿੱਚ ਸੋਧ ਕਰਕੇ ਆਪਣੀ ਵੱਖਰੀ ਮਰਿਆਦਾ ਬਣਾ ਲੈਂਦੇ ਹਨ)। ਫਿਰ ਇਸ ਮੁਕੰਮਲ ਖਰੜੇ (ਡ੍ਰਾਫਟ) ਨੂੰ ਕੁਝ ਚੁਨਿੰਦਾ ਵਿਦਵਾਨਾਂ/ਜਥੇਬੰਦੀਆਂ ਦੀ ਰਾਏ ਲਈ ਭੇਜ ਦਿੱਤਾ ਜਾਂਦਾ। ਜੇਕਰ ਅਜਿਹੇ ਵਿਦਵਾਨ/ਜਥੇਬੰਦੀਆਂ ਗੁਰਬਾਣੀ ਦੇ ਅਧਾਰ ’ਤੇ ਕੋਈ ਉਸਾਰੂ ਸੁਝਾਅ/ ਆਲੋਚਨਾ ਭੇਜਦੀਆਂ, ਤਾਂ ਉਨ੍ਹਾਂ ਦੇ ਅਧਾਰ ’ਤੇ ਖਰੜੇ ਵਿੱਚ ਸੋਧ ਕਰਕੇ ਇਸਨੂੰ ਅੰਤਮ ਰੂਪ ਦੇ ਦਿੱਤਾ ਜਾਂਦਾ।

ਦੂਜੇ ਪਾਸੇ, ਤੱਤ ਗੁਰਮਤਿ ਪਰਵਾਰ ਦੇ ਵੀਰਾਂ ਦਾ ਵਿਚਾਰ ਸੀ ਕਿ ਸੰਪੂਰਨ ਰਹਿਤ ਮਰਿਆਦਾ ਵਿੱਚ ਸੋਧ ਤੋਂ ਪਹਿਲਾਂ ‘ਨਿੱਤਨੇਮ’ ਦੀ ਇਕ ਪੋਥੀ ਪ੍ਰਕਾਸ਼ਿਤ ਕਰ ਲਈ ਜਾਵੇ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਮੁਢਲੀਆਂ ਬਾਣੀਆਂ (ਜਪੁ, ਸੋ ਦਰੁ ਅਤੇ ਸੋਹਿਲਾ) ਹੀ ਸ਼ਾਮਲ ਹੋਣ। ਪਰ ਕਿਉਂਕਿ ਇਨ੍ਹਾਂ ਰਚਨਾਵਾਂ ਦੇ ਪਾਠ ਉਪਰੰਤ ਸ਼ਰਧਾਲੂਆਂ ਵੱਲੋਂ ਅਰਦਾਸ ਵੀ ਕੀਤੀ ਜਾਂਦੀ ਹੈ ਅਤੇ ਮੌਜੂਦਾ ਅਰਦਾਸ ਦਾ ਬਹੁਤ ਸਾਰਾ ਹਿੱਸਾ ਬ੍ਰਾਹਮਣਵਾਦ ਅਤੇ ਮਨਮਤੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ (ਜਿਸਦੇ ਬਾਰੇ ਇੰਡੀਆ ਅਵੇਅਰਨੈੱਸ ਦੇ ਜੁਲਾਈ ਅਤੇ ਅਗਸਤ 09 ਅੰਕਾਂ ਵਿੱਚ ਜਾਣਕਾਰੀ ਦਿੱਤੀ ਗਈ ਸੀ), ਇਸਲਈ ਰਹਿਤ ਮਰਿਆਦਾ ਤੋਂ ਪਹਿਲਾਂ ਅਰਦਾਸ ਵਿੱਚ ਸੋਧ ਕਰ ਲਈ ਜਾਵੇ। ਇਸਲਈ ਉਨ੍ਹਾਂ ਨੇ ਅਰਦਾਸ ਦੇ ਪ੍ਰਚਲਿਤ ਰੂਪ ਵਿੱਚ ਸੋਧ ਕਰਕੇ ਇਕ ਨਵਾਂ ਖਰੜਾ ਤਿਆਰ ਕਰ ਲਿਆ।

ਪਰ ਸਿੱਖ ਪ੍ਰਚਾਰਕਾਂ/ਲੇਖਕਾਂ ਦੀ ਉਪਰ ਜ਼ਿਕਰ ਕੀਤੀ ਮਾਨਸਿਕਤਾ ਤੋਂ ਅਨਜਾਣ ਇਨ੍ਹਾਂ ਵੀਰਾਂ ਨੇ ਅਰਦਾਸ ਦਾ ਇਹ ਖਰੜਾ ‘ਸਿੱਖ ਮਾਰਗ’ ਵੈਬਸਾਈਟ ’ਤੇ ਪ੍ਰਕਾਸ਼ਿਤ ਕਰਵਾ ਦਿੱਤਾ। ਕਿਉਂਕਿ ਖਰੜੇ ਦਾ ਅਰਥ ਹੀ ਇਹ ਹੁੰਦਾ ਹੈ ਕਿ ਇਹ ਲਿਖਤ ਅੰਤਮ ਰੂਪ ਵਿੱਚ ਨਹੀਂ ਅਤੇ ਹਾਲਾਂ ਇਸ ਵਿੱਚ ਸੁਝਾਵਾਂ ਮੁਤਾਬਿਕ ਸੋਧ ਕੀਤੀ ਜਾਣੀ ਹੈ, ਇਸਲਈ ਅਦਾਰਾ ਇੰਡੀਆ ਅਵੇਅਰਨੈੱਸ ਨੇ ਵੀ ਆਪਣੇ ਵਿਚਾਰਾਂ ਮੁਤਾਬਿਕ, ਸੁਝਾਅ ਦੇ ਤੌਰ ’ਤੇ ਅਰਦਾਸ ਦਾ ਇਕ ਖਰੜਾ ਤਿਆਰ ਕਰਕੇ ਸਿੱਖ ਮਾਰਗ ਅਤੇ ਇੰਡੀਆ ਅਵੇਅਰਨੈੱਸ ’ਤੇ ਪ੍ਰਕਾਸ਼ਿਤ ਕਰ ਦਿੱਤਾ। ’ਤੇ ਇਥੋਂ ਹੀ ਸਿੱਖ ‘ਵਿਦਵਾਨਾਂ’ ਨੇ ਆਪਣੀ ਵਿਦਵਤਾ ਦੇ ਨਮੂਨੇ ਦਿਖਾਉਣੇ ਅਰੰਭ ਕਰ ਦਿੱਤੇ।

ਅਰਦਾਸ ਦੇ ਖਰੜਿਆਂ ਦੇ ਜਨਤੱਕ ਹੁੰਦਿਆਂ ਹੀ ਸਭ ਤੋਂ ਪਹਿਲੀ ਕਿਸਮ ਦਾ ਜੋ ਪ੍ਰਤੀਕਰਮ ਆਇਆ, ਉਹ ਸੁਝਾਅ ਨਾ ਹੋ ਕੇ ਇਕ ਕਿਸਮ ਦਾ ਲੈਕਚਰ ਜਾਂ ਮਿੱਥਿਆ ਹੋਇਆ ਤੌਖ਼ਲਾ ਸੀ। ਅਜਿਹਾ ਪ੍ਰਤੀਕਰਮ ਪ੍ਰਗਟਾਉਣ ਵਾਲੇ ਸੱਜਣਾਂ ਦਾ ਕਹਿਣਾ ਸੀ ਕਿ ਸਿੱਖ ਰਹਿਤ ਮਰਿਆਦਾ ਜਾਂ ਅਰਦਾਸ ਵਿੱਚ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਪੰਥ ਦੀ ਏਕਤਾ ਨੂੰ ਖ਼ਤਰਾ ਪੈਦਾ ਹੋ ਜਾਏਗਾ। ਇਨ੍ਹਾਂ ਸੱਜਣਾਂ ਨੇ ਇਸ ਤੱਥ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਕਿ ਸਿੱਖ ਰਹਿਤ ਮਰਿਆਦਾ ਨੂੰ ਪ੍ਰਕਾਸ਼ਿਤ ਕਰਨ ਵਾਲੀ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਵੀ ਇਹ ਮਰਿਆਦਾ ਪੂਰਨ ਤੌਰ ’ਤੇ ਲਾਗੂ ਨਹੀਂ ਹੈ। ਪੰਜਾਬ ਵਿਚਲੇ ਵੱਡੇ ਡੇਰੇਦਾਰਾਂ ਜਿਵੇਂ ਨਾਨਕਸਰੀਏ, ਰਾੜੇ ਵਾਲੇ ਅਤੇ ਗਲੀ-ਮੁਹੱਲੇ ਵਿੱਚ ਦੁਕਾਨਾਂ ਲਾਈ ਬੈਠੇ ਛੋਟੇ ਸਤਰ ਦੇ ਡੇਰੇਦਾਰਾਂ ਨੇ ਤਾਂ ਸੈਂਕੜੇ ਕਿਸਮ ਦੀਆਂ ਮਰਿਆਦਾਵਾਂ ਪ੍ਰਚਲਿਤ ਕਰ ਦਿੱਤੀਆਂ ਹਨ। ਅਜਿਹੇ ਵਿੱਚ, ਪੰਥ ਵਿੱਚ ਕਿੰਨੀ ਕੁ ਏਕਤਾ ਕਾਇਮ ਦਿੱਸਦੀ ਹੈ ਅਤੇ ਕਿਸੇ ਹੋਰ ਜਥੇਬੰਦੀ ਵੱਲੋਂ ਪ੍ਰਚਲਿਤ ਅਰਦਾਸ ਜਾਂ ਇਸ ਮਰਿਆਦਾ ਨੂੰ ਨਾ ਮੰਨਣ ਨਾਲ ਕਿਹੜੀ ਪੰਥਕ ਏਕਤਾ ਨੂੰ ਖ਼ਤਰਾ ਪੈਦਾ ਹੁੰਦਾ ਹੈ, ਇਹ ਸਮਝ ਪਾਣਾ ਸਾਡੇ ਲਈ ਤਾਂ ਮੁਮਕਿਨ ਨਹੀਂ।

ਦੂਜੀ ਕਿਸਮ ਦੇ ਪ੍ਰਤੀਕਰਮ ਉਨ੍ਹਾਂ ਸੱਜਣਾਂ ਵੱਲੋਂ ਸਨ, ਜਿਹੜੇ ਰਹਿਤ ਮਰਿਆਦਾ ਵਿੱਚ ਸੋਧ ਦੇ ਉਪਰਾਲੇ ਤੋਂ ਹੀ ਬੌਖਲਾ ਗਏ ਸਨ। ਇਨ੍ਹਾਂ ਸੱਜਣਾਂ ਨੇ ਅਰਦਾਸ ਦੇ ਪੇਸ਼ ਕੀਤੇ ਗਏ ਖਰੜਿਆਂ ਵਿੱਚ ਗੁਰਬਾਣੀ ਦੇ ਅਧਾਰ ’ਤੇ ਕੋਈ ਕਮੀ-ਪੇਸ਼ੀ ਜ਼ਾਹਿਰ ਕਰਨ ਦੀ ਖੇਚਲ ਤਾਂ ਨਹੀਂ ਕੀਤੀ ਪਰ ਇਸ ਚਰਚਾ ਨੂੰ ਗਲਤ ਦਿਸ਼ਾ ਵਿੱਚ ਲਿਜਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਕਿਸੇ ਨੇ ਕਿਹਾ ਕਿ ਤੱਤ ਗੁਰਮਤਿ ਪਰਵਾਰ ਦੇ ਮੈਂਬਰਾਂ ਦੇ ਨਾਮ ਤੇ ਪਤੇ ਪ੍ਰਕਾਸ਼ਿਤ ਕੀਤੇ ਜਾਣ, ਕਿਸੇ ਨੇ ਸਵਾਲ ਕੀਤਾ ਕਿ ਇਨ੍ਹਾਂ ਨੂੰ ਮਰਿਆਦਾ ਵਿੱਚ ਸੋਧ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ ਤਾਂ ਕਿਸੇ ਨੇ ਬ੍ਰਾਹਮਣਵਾਦ, ਰਹਿਤ ਅਤੇ ਮਰਿਆਦਾ ਆਦਿਕ ਲਫ਼ਜ਼ਾਂ ਦੀ ਪਰਿਭਾਸ਼ਾ ਪੁੱਛਣੀ ਸ਼ੁਰੂ ਕਰ ਦਿੱਤੀ।

ਜਿਨ੍ਹਾਂ ਕੁਝ ਸੱਜਣਾਂ ਨੇ ਅਰਦਾਸ ਦੇ ਖਰੜਿਆਂ ਬਾਰੇ ਪ੍ਰਤੀਕਰਮ ਜ਼ਾਹਿਰ ਵੀ ਕੀਤਾ, ਉਨ੍ਹਾਂ ਦੀ ਆਲੋਚਨਾ ਵੀ ਗੁਰਮਤਿ ਸਿਧਾਂਤਾਂ ’ਤੇ ਅਧਾਰਿਤ ਨਹੀਂ ਸੀ। ਜਿਵੇਂ ਕਈ ਸੱਜਣਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਅਰਦਾਸ ਵਿੱਚ ਗੁਰੂ ਨਾਨਕ ਜੋਤਿ ਦੇ ਵੱਖ-ਵੱਖ ਸਰੂਪਾਂ (ਜਿਵੇਂ ਅੰਗਦ, ਅਮਰਦਾਸ) ਆਦਿ ਦੇ ਨਾਮ ਜ਼ਰੂਰ ਆਉਣੇ ਚਾਹੀਦੇ ਹਨ। ਪਰ ਇਨ੍ਹਾਂ ਸੱਜਣਾਂ ਨੇ ਧਿਆਨ ਨਹੀਂ ਦਿੱਤਾ ਕਿ ਸਾਰੇ ਗੁਰੂਆਂ ਦੀ ਜੋਤਿ (ਵਿਚਾਰਧਾਰਾ) ਤਾਂ ਇਕ ਹੀ ਸੀ। ਇਸਲਈ ਉਨ੍ਹਾਂ ਦੇ ਵੱਖ-ਵੱਖ ਸੰਸਾਰਕ ਨਾਮ ਉਚਾਰਨ ਕਰਨ ਨਾਲ ਕੋਈ ਉਚੇਚਾ ਆਤਮਕ ਲਾਭ ਪ੍ਰਾਪਤ ਹੋਣਾ ਸੰਭਵ ਨਹੀਂ ਲਗਦਾ। ਇਸਦੇ ਇਲਾਵਾ, ਜੇਕਰ ਗੁਰੂ ਸਾਹਿਬਾਨ ਦੇ ਵੱਖ-ਵੱਖ ਨਾਮ ਉਚਾਰੇ ਜਾਣੇ ਜਰੂਰੀ ਹਨ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਵਾਉਣ ਵਾਲੇ ਹੋਰਨਾਂ ਮਹਾਂਪੁਰਖਾਂ ਦੇ ਨਾਂ ਵੀ ਉਚਾਰੇ ਜਾਣ ਦੀ ਮੰਗ ਹੋ ਸਕਦੀ ਹੈ ਕਿਉਂਕਿ ਸਮਾਜ ਦੇ ਇਕ ਵਰਗ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਭੜਕਾਇਆ ਜਾ ਰਿਹਾ ਹੈ ਕਿ ਸਿੱਖ ਭਗਤਾਂ ਨੂੰ ਗੁਰੂਆਂ ਵਰਗਾ ਸਨਮਾਨ ਨਹੀਂ ਦਿੰਦੇ।
ਇਸ ਚਰਚਾ ਦੌਰਾਨ ਮਿਸ਼ਨਰੀ ਕਾਲਜਾਂ ਅਤੇ ‘ਪੰਥਕ’ ਅਖਵਾਉਣ ਵਾਲੀ ਅਖ਼ਬਾਰ ਦੇ ਸਮਰਥਕਾਂ ਅਤੇ ‘ਵਿਦਵਾਨਾਂ’ ਦੀ ਚੁੱਪੀ ਵੀ ਧਿਆਨ ਦੇਣ ਯੋਗ ਸੀ। ਮਿਸ਼ਨਰੀ ਕਾਲਜ ਤਾਂ ਹਮੇਸ਼ਾ ਹੀ ਰਹਿਤ ਮਰਿਆਦਾ ਪ੍ਰਤੀ ਦੋਗਲਾ ਰਵਈਆ ਅਪਣਾਉਂਦੇ ਰਹੇ ਹਨ। ਉਹ ਆਮ ਲੋਕਾਂ ਵਿੱਚ ਰਹਿਤ ਮਰਿਆਦਾ ਨੂੰ ਮੰਨਣ ਦਾ ਪ੍ਰਚਾਰ ਕਰਦੇ ਹਨ ਪਰ ਜਾਗਰੁਕ ਸਿੱਖਾਂ ਦੇ ਇਕੱਠ ਵਿੱਚ ਦਸਮ ਗ੍ਰੰਥ ਦੇ ਵਿਰੋਧੀ ਹੋਣ ਦਾ ਦਾਅਵਾ ਕਰਦੇ ਹਨ। ਇਨ੍ਹਾਂ ਕਾਲਜਾਂ ਵੱਲੋਂ ‘ਵਿਵਾਦਿਤ’ ਵਿਸ਼ਿਆਂ ਬਾਰੇ ਚੁੱਪ ਰਹਿਣ ਅਤੇ ਪੁਜਾਰੀਆਂ ਵੱਲੋਂ ਸੰਭਾਵਿਤ ਆਲੋਚਨਾ ਤੋਂ ਬਚਦੇ ਰਹਿਣ ਦੀ ਨੀਤੀ ਕਾਫੀ ਪੁਰਾਣੀ ਹੈ ਅਤੇ ਅਰਦਾਸ ਵਿੱਚ ਸੋਧ ਮਾਮਲੇ ਵਿੱਚ ਵੀ ਉਨ੍ਹਾਂ ਨੇ ਇਹੀ ਨੀਤੀ ਅਪਣਾਈ।

ਇਸ ਵਰਗ ਨੇ ਅਰਦਾਸ ਜਾਂ ਰਹਿਤ ਮਰਿਆਦਾ ਵਿੱਚ ਸੋਧ ਵਿਚਲੇ ਉਪਰਾਲੇ ਪ੍ਰਤੀ ਨਾ ਤਾਂ ਕੋਈ ਸਮਰਥਨ ਦਰਸਾਇਆ ਅਤੇ ਨਾ ਹੀ ਇਸਦਾ ਵਿਰੋਧ ਕੀਤਾ। ਸਿੱਖ ਸਮਾਜ ਦੇ ‘ਕ੍ਰਾਂਤੀਕਾਰੀ’ ਹੋਣ ਦਾ ਦਾਅਵਾ ਕਰਨ ਤੇ ਗੁਰਬਾਣੀ ਦੇ ਮੁਢਲੇ ਅਸੂਲਾਂ ਦੀ ਜਾਣਕਾਰੀ ਰੱਖਣ ਕਾਰਨ ਇਹ ਵਰਗ ਰਹਿਤ ਮਰਿਆਦਾ ਵਿੱਚ ਗੁਰਮਤਿ ਅਸੂਲਾਂ ਮੁਤਾਬਿਕ ਸੋਧ ਦਾ ਵਿਰੋਧ ਕਰਕੇ ਨਿਰਪੱਖ ਜਾਗਰੁਕ ਸਿੱਖਾਂ ਦੀ ਆਲੋਚਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਸੀ। ਪਰ ਨਾਲ ਹੀ, ਇਹ ਵਰਗ ਤੱਤ ਗੁਰਮਤਿ ਪਰਵਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਦਾ ਸਮਰਥਨ ਕਰਕੇ ਆਪਣੇ ‘ਰਹਿਨੁਮਾ’ ਦਾ ਰਸੂਖ ਵੀ ਨਹੀਂ ਘਟਾਉਣਾ ਚਾਹੁੰਦਾ ਸੀ। ਜੇਕਰ ਇਹੀ ਉਪਰਾਲਾ ਉਕਤ ਅਖ਼ਬਾਰ ਦੇ ਸੰਪਾਦਕ ਵੱਲੋਂ ਕੀਤਾ ਜਾਂਦਾ, ਤਾਂ ਇਨ੍ਹਾਂ ਲੋਕਾਂ ਨੇ ‘ਸਿੱਖ ਸਮਾਜ ਵਿੱਚ ਕ੍ਰਾਂਤੀ ਲਿਆ ਦਿੱਤੀ’ ਜਿਹੇ ਚਾਪਲੂਸੀ-ਭਰੇ ਬਿਆਨਾਂ ਨਾਲ ਅਖ਼ਬਾਰ ਭਰ ਦੇਣੀ ਸੀ। ਪਰ ਕਿਰਤ-ਕਮਾਈ ਕਰਕੇ ਸਿੱਧੀ-ਸਾਦੀ ਜ਼ਿੰਦਗੀ ਬਤੀਤ ਕਰਨ ਵਾਲੇ ਨਿਮਾਣੇ ਜਿਹੇ ਨੌਜੁਆਨਾਂ ਵੱਲੋਂ ਕੀਤੇ ਗਏ ਉਪਰਾਲੇ ਦਾ ਸਮਰਥਨ ਕਰਕੇ ਇਹ ਵਰਗ ਅਖ਼ਬਾਰ ਦੇ ਸੰਪਾਦਕ ਦੀ ਨਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ (ਜਿਵੇਂ ਅਖ਼ਬਾਰ ਦਾ ਸੰਪਾਦਕ ਖ਼ੁਦ ਤਾਂ ਦਸਮ ਗ੍ਰੰਥ ਦਾ ਵਿਰੋਧੀ ਹੋਣ ਦਾ ਦਾਅਵਾ ਕਰਦਾ ਹੈ ਪਰ ਜਦ ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਚਾਰਕਾਂ ਨੇ ਇਸ ਮਕਸਦ ਲਈ ਉਚੇਚੇ ਤੌਰ ’ਤੇ ਇਕ ਸੰਸਥਾ ਦਾ ਗਠਨ ਕੀਤਾ, ਤਾਂ ਸੰਪਾਦਕ ਨੇ ਆਪਣੇ ਸਮਰਥਕਾਂ ਦੇ ਇਸ ਸੰਸਥਾ ਦੀਆਂ ਮੀਟਿੰਗਾਂ ਵਿੱਚ ਜਾਣ ’ਤੇ ਹੀ ਪਾਬੰਦੀ ਲਗਾ ਦਿੱਤੀ ਤੇ ਜਿਨ੍ਹਾਂ ਸਮਰਥਕਾਂ ਨੇ ਉਸਦੀ ਹੁਕਮ-ਅਦੂਲੀ ਕੀਤੀ, ਉਨ੍ਹਾਂ ਨੂੰ ਬਲੈਕ-ਲਿਸਟ ਕਰਕੇ ਆਪਣੇ ਸਮਰਥਕਾਂ ਦੇ ਪੰਥ ’ਚੋਂ ਛੇਕ ਦਿੱਤਾ)।

ਇੰਡੀਆ ਅਵੇਅਰਨੈੱਸ ਵੱਲੋਂ ਸੁਝਾਇਆ ਗਿਆ ਅਰਦਾਸ ਦਾ ਖਰੜਾ ਵੀ ਸਿੱਖ ਵਿਦਵਾਨਾਂ ਦੀ ‘ਵਿਦਵਤਾ’ ਦਾ ਸ਼ਿਕਾਰ ਹੋ ਗਿਆ। ਜਿਹੜੇ ਵੀ ‘ਵਿਦਵਾਨ’ ਨੇ ਇਸ ਖਰੜੇ ਪ੍ਰਤੀ ਕੋਈ ਟਿੱਪਣੀ ਕੀਤੀ, ਉਸਨੇ ਲਗਭਗ ਇਹੀ ਕਿਹਾ ਕਿ ਇਸਦੀ ਸ਼ਬਦਾਵਲੀ ਕਾਫੀ ਔਖੀ ਹੈ। ਪਰ ਖਰੜੇ ਵਿੱਚ ਕਿਹੜੇ ਲਫ਼ਜ਼ ਔਖੇ ਹਨ ਅਤੇ ਉਨ੍ਹਾਂ ਦਾ ਬਦਲ ਕੀ ਹੋ ਸਕਦਾ ਹੈ, ਇਸ ਬਾਬਤ ਕੋਈ ਜਾਣਕਾਰੀ ਨਾ ਦਿੱਤੀ। ਕਈਆਂ ਹੋਰਨਾਂ ਨੇ ਇਸ ਖਰੜੇ ਬਾਰੇ ਕਿਹਾ ਕਿ ਤੱਤ ਗੁਰਮਤਿ ਵਾਲਿਆਂ ਨੇ ਤਾਂ ਸ਼ਬਦਾਵਲੀ ਵਿੱਚ ਸੋਧ ਕੀਤੀ ਹੈ ਪਰ ਇੰਡੀਆ ਅਵੇਅਰਨੈੱਸ ਵਾਲਿਆਂ ਨੇ ਤਾਂ ਅਰਦਾਸ ਦੀ ਸ਼ਬਦਾਵਲੀ ਬਿਲਕੁਲ ਹੀ ਬਦਲ ਦਿੱਤੀ ਹੈ (ਪਰ ਇਸ ਸ਼ਬਦਾਵਲੀ ਨੂੰ ਬਦਲ ਦੇਣ ਨਾਲ ਗੁਰਮਤਿ ਦੇ ਕਿਹੜੇ ਅਸੂਲ ਦੀ ਉਲੰਘਣਾ ਹੋ ਗਈ, ਇਸ ਬਾਬਤ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ)। ਕਥਿਤ ਪੰਥਕ ਅਖ਼ਬਾਰ ਦੇ ਸਮਰਥਕਾਂ ਨੇ ਤਾਂ ਇਸ ਮੁੱਦੇ ਨੂੰ ਹੋਰ ਹੀ ਰੰਗਤ ਦੇ ਦਿੱਤੀ। ਉਨ੍ਹਾਂ ਲੋਕਾਂ ਵਿੱਚ ਇਹ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ ਕਿ ਜਦ ਤੱਤ ਗੁਰਮਤਿ ਪਰਵਾਰ ਅਤੇ ਇੰਡੀਆ ਅਵੇਅਰਨੈੱਸ ਵਾਲੇ ਆਪਸ ਵਿੱਚ ਹੀ ‘ਲੜ ਰਹੇ’ ਹਨ ਤਾਂ ਫਿਰ ਉਹ ਸੰਗਤਾਂ ਨੂੰ ਕੀ ਸੇਧ ਦੇਣਗੇ। ਹਾਲਾਂਕਿ ਅਦਾਰਾ ਇੰਡੀਆ ਅਵੇਅਰਨੈੱਸ ਵੱਲੋਂ ਸੁਝਾਇਆ ਗਿਆ ਖਰੜਾ ਸਿੱਖ ਮਾਰਗ ਜਾਂ ਇੰਡੀਆ ਅਵੇਅਰਨੈੱਸ ਵਿੱਚ ਪ੍ਰਕਾਸ਼ਿਤ ਕਰਨ ਵੇਲੇ ਨਾਲ ਹੀ ਇਹ ਸੰਪਾਦਕੀ ਟਿੱਪਣੀ ਵੀ ਦਿੱਤੀ ਗਈ ਸੀ ਕਿ ਇਹ ਖਰੜਾ ਤੱਤ ਗੁਰਮਤਿ ਪਰਵਾਰ ਵੱਲੋਂ ਪੇਸ਼ ਕੀਤੇ ਗਏ ਖਰੜੇ ਲਈ ਇਕ ਸੁਝਾਅ ਮਾਤਰ ਹੈ ਅਤੇ ‘‘ਇਹ ਨਾ ਸਮਝਿਆ ਜਾਵੇ ਕਿ ਤੱਤ ਗੁਰਮਤਿ ਪਰਵਾਰ ਅਤੇ ਇੰਡੀਆ ਅਵੇਅਰਨੈੱਸ ਦੇ ਸੰਪਾਦਕੀ ਮੰਡਲ ਵਿਚਕਾਰ ਕਿਸੇ ਕਿਸਮ ਦੀ ਕੋਈ ਤਕਰਾਰ ਹੈ’’। ਪਰ ਉਕਤ ਅਖ਼ਬਾਰ ਦੇ ‘‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’’ ਦੇ ਨਾਅਰੇ ਮਾਰਨ ਵਾਲੇ ਸਮਰਥਕਾਂ ਨੇ ਜਾਣ-ਬੁੱਝ ਕੇ ਆਪਣੇ ਪ੍ਰਭਾਵ ਵਾਲੇ ਲੋਕਾਂ ਨੂੰ ਇਸ ਟਿੱਪਣੀ ਬਾਬਤ ਜਾਣਕਾਰੀ ਨਹੀਂ ਦਿੱਤੀ।

ਇਸ ਸਾਰੇ ਪ੍ਰਰਕਰਨ ਤੋਂ ਕਈ ਸਬਕ ਸਿੱਖਣ ਨੂੰ ਮਿਲਦੇ ਹਨ। ਪਹਿਲਾ, ਸਿੱਖ ਪੰਥ ਬ੍ਰਾਹਮਣਵਾਦੀ ਮਾਨਸਿਕਤਾ ਦਾ ਏਨਾ ਜ਼ਿਆਦਾ ਗੁਲਾਮ ਹੋ ਚੁੱਕਾ ਹੈ ਕਿ ਹੁਣ ਇਹ ਆਪਣੇ ਰਸਮੋ-ਰਿਵਾਜਾਂ ਨੂੰ ਪੂਰਨ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ’ਤੇ ਅਧਾਰਿਤ ਕਰਨ ਤੋਂ ਸਾਫ ਹੀ ਇਨਕਾਰੀ ਹੋ ਗਿਆ ਹੈ। ਦੂਜਾ, ਬ੍ਰਾਹਮਣਵਾਦੀ ਸੋਚ ਤੋਂ ਪੀੜਤ ਸਿੱਖ ਐਰੇ-ਗੈਰੇ ਕਿਸਮ ਦੇ ਡੇਰੇਦਾਰਾਂ ਵੱਲੋਂ ਅਰਦਾਸ ਜਾਂ ਰਹਿਤ-ਮਰਿਆਦਾ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤਾਂ ਸਹਿਣ ਕਰ ਸਕਦੇ ਹਨ ਪਰ ਨਾਨਕਵਾਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਇਛੁਕ ਸਿੱਖਾਂ ਵੱਲੋਂ ਗੁਰਮਤਿ ਸਿਧਾਂਤਾਂ ਦੇ ਅਧਾਰ ’ਤੇ ਨਵੀਂ ਅਰਦਾਸ ਜਾਂ ਰਹਿਤ-ਮਰਿਆਦਾ ਤਿਆਰ ਹੋਣਾ ਸਹਿਣ ਨਹੀਂ ਕਰ ਸਕਦੇ। ਤੀਜਾ, ਜ਼ਿਆਦਾਤਰ ਸਿੱਖ ਵਿਦਵਾਨ ਹਉਮੈ ਤੋਂ ਪੀੜ੍ਹਤ ਹਨ ਅਤੇ ਆਪਣੇ ਤੋਂ ਘੱਟ ਨਾਮਵਰ ਨੌਜੁਆਨਾਂ ਵੱਲੋਂ ਅਰੰਭ ਕੀਤੇ ਗਏ ਕਿਸੇ ਉਪਰਾਲੇ ਵਿੱਚ ਸਹਿਯੋਗ ਦੇਣਾ ਨਹੀਂ ਚਾਹੁੰਦੇ। ਚੌਥਾ, ਆਪਣੇ ਆਪ ਨੂੰ ਜਾਗਰੁਕ ਅਖਵਾਉਣ ਵਾਲੇ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਨਾ ਹੋ ਕੇ ਇਕ ਵਿਸ਼ੇਸ਼ ਅਖ਼ਬਾਰ ਦੇ ਸੰਪਾਦਕ ਦੇ ਪਿਛਲੱਗੂ ਬਣ ਕੇ ਜਾਣੇ-ਅਨਜਾਣੇ ਵਿੱਚ ਦੇਹਧਾਰੀ ਗੁਰੂਡੰਮ ਵਾਲੀ ਮਾਨਸਿਕਤਾ ਦੇ ਸ਼ਿਕਾਰ ਹੋ ਗਏ ਹਨ।

ਅਜਿਹੇ ਵਿੱਚ ਤੱਤ ਗੁਰਮਤਿ ਪਰਵਾਰ ਦੇ ਵੀਰਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣੇ ਮਕਸਦ ਵਿੱਚ ਸਫਲ ਹੋਣਾ ਚਾਹੁੰਦੇ ਹਨ ਤਾਂ ਅਰਦਾਸ ਜਾਂ ਰਹਿਤ ਮਰਿਆਦਾ ਵਿੱਚ ਸੋਧ ਲਈ ‘ਲੋਕਤੰਤਰੀ’ ਵਿਧੀ ਅਪਣਾਉਣ ਦੀ ਬਜਾਏ ਆਪਣੀ ਸੰਸਥਾ ਦੀਆਂ ਅੰਦਰੂਨੀ ਮੀਟਿੰਗਾਂ ਵਿੱਚ ਵਿਚਾਰ-ਵਟਾਂਦਰਾ ਕਰਕੇ ਹੀ ਸੋਧੀ ਅਰਦਾਸ ਦੇ ਪਹਿਲੇ ਸੰਸਕਰਨ ਨੂੰ ਮਾਨਤਾ ਦੇ ਦੇਣ। ਜਦ ਅਜਿਹੀ ਅਰਦਾਸ ਵਾਲੀ ਪੋਥੀ ਹੋਂਦ ਵਿੱਚ ਆ ਗਈ, ਤਾਂ ਉਸ ਉਪਰੰਤ ਪੰਥ-ਦਰਦੀਆਂ ਦੀਆਂ ਢੁਕਵੀਆਂ ਟਿੱਪਣੀਆਂ ਮੁਤਾਬਿਕ ਅਰਦਾਸ ਦੇ ਸੋਧੇ ਰੂਪ ਨੂੰ ਭਵਿੱਖ ਵਿੱਚ ਦੁਬਾਰਾ ਵੀ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ, ਤਾਂ ਧੜੇਬੰਦੀ, ਹਉਮੈ ਤੇ ਈਰਖਾ ਕਾਰਨ ਉਨ੍ਹਾਂ ਦਾ ਵਿਰੋਧ ਕਰ ਰਹੇ ਲੋਕ ਇਸ ਪ੍ਰਾਜੈਕਟ ਨੂੰ ਫੇਲ੍ਹ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਜਾਣਗੇ।

ਧੰਨਵਾਦ ਸਹਿਤ ਅਕਤੂਬਰ ੨੦੦੯ ਦੇ ਅੰਕ ਵਿਚੋਂ




.