.

ਰਾਖਸ਼

ਪੰਜਾਬ ਦੀ ਕਈ ਚਿਰਾਂ ਦੀ ਗੱਲ ਹੈ ਕਿ ਬਾਬਾ ਫੌਜਾ ਸਿੰਘ ਦੇ ਪਿੰਡ ਇੱਕ ਮੇਲੇ ਤੇ ਦੀਵਾਲੀ ਦੇ ਦਿਨਾ ਵਿੱਚ ਕਿਸੇ ਢਾਢੀਆਂ ਦੇ ਸ਼ੌਕੀਨ ਨੇ ਇੱਕ ਢਾਡੀ ਜਥਾ ਸੱਦਿਆ। ਅਪਣੀ ਉਕਾਂਤ ਮੁਤਬਾਕ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਪਹਿਲਾਂ ਤਾਂ ਉਨ੍ਹੀ ਕਬਰ ਵਾਲੇ ਉਸ ਨਾਂਗੇ ਜਿਹੇ ਸਾਧ ਨੂੰ ਚੰਗਾ ਬ੍ਰਹਗਿਆਨ ਨਾਲ ਨਿਵਾਜਿਆ ਜਿਵੇਂ ਬ੍ਰਹਮਗਿਆਨ ਸ਼ੁਰੂ ਹੀ ਉਸ ਤੋਂ ਹੁੰਦਾ ਸੀ ਮੁੜ ਉਹ ਦੀਵਾਲੀ ਦੀ ਕਹਾਣੀ ਲੈ ਤੁਰਿਆ ਤੇ ਲੱਗਾ ਅੱਡੀਆਂ ਚੁੱਕ-ਚੁੱਕ ਯਾਨੀ ਪਾਣੀ ਪੀ ਪੀ ਰਾਵਣ ਦੀ ਜਹੀ ਤਹੀ ਫੇਰਨ। ਰਾਵਣ ਪਾਪੀ, ਰਾਵਣ ਹੰਕਾਰੀ, ਰਾਵਣ ਰਾਖਸ਼ ਤੇ ਪਤਾ ਨਹੀ ਕਿੰਨਾ ਕੁੱਝ ਉਹ ਮੂੰਹੋਂ ਝੱਗ ਸੁੱਟਦਾ ਕਹਿ ਗਿਆ।
ਵਿਚੇ ਉਸ ਰਾਮ ਦੀ ਕਥਾ ਛੇੜ ਲਈ। ਰਾਮ ਜੀ ਨੇ ਕਿਵੇਂ ਪੱਥਰਾਂ ਉਪਰ ਰਾਮ ਲਿਖ ਲਿਖ ਤਾਰ ਛੱਡਿਆ ਤੇ ਅਗੇ ਪੂਰੀ ਰਮਾਇਣ ਉਸ ਸੁਣਾ ਮਾਰੀ।
ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਹਿੰਦੂ ਵੀ ਕਮਲੇ ਨੇ ਐਵੇਂ ਰਾਮ ਲੀਲਾ ਕਰ-ਕਰ ਲੋਕਾਂ ਨੂੰ ਦੱਸਦੇ ਰਹਿੰਦੇ ਕਿਉਂ ਨਹੀ ਕਿਸੇ ਅਜਿਹੇ ਢਾਡੀਆਂ ਦਾ ਢਾਡੀ ਦਰਬਾਰ ਹੀ ਕਰਾ ਲਿਆ ਕਰਦੇ।
ਵਾਰਾਂ ਸੁਣਾ ਕੇ ਜਦ ਭਾਈ ਸਾਹਬ ਹੇਠਾਂ ਉਤਰੇ ਤਾਂ ਬਾਬੇ ਫੌਜਾ ਸਿੰਘ ਰਾਹ ਰੋਕ ਲਿਆ!
ਬੜੀ ਆਹਲਾ ਅਵਾਜ ਹੈ ਸਿੰਘ ਸਾਹਬ ਆਪ ਦੀ ਤੁਸੀਂ ਤਾਂ ਡੌਲੇ ਫਰਕਣ ਲਾ ਦਿੱਤੇ ਲੁਕਾਈ ਦੇ ਰਾਮ ਲੀਲ੍ਹਾ ਸੁਣਾ ਕੇ।
ਜਾਂ ਤਾਂ ਉਨ੍ਹਾ ਨੂੰ ਪਤਾ ਨਹੀ ਲੱਗਿਆ ਕਿ ਬਾਬਾ ਕੀ ਕਹਿ ਰਿਹਾ ਜਾਂ ਉਹ ਇੰਨੇ ‘ਮਸਤ’ ਸਨ ਕਿ ਖੁਸ਼ ਹੋਣੋ ਨਾ ਰਹਿ ਸਕੇ। ਉਨ੍ਹਾ ਦਾ ‘ਜੱਥੇਦਾਰ’ ਕਹਿਣ ਲੱਗਾ ਕਿ ਇਹ ਸਭ ਗੁਰੂ ਦੀ ਕ੍ਰਿਪਾ ਹੈ ਜੀ!
ਗੁਰੂ ਦੀ ਕਿ ਸ੍ਰੀ ਰਾਮ ਜੀ ਦੀ. . ?
ਬਾਬੇ ਦੀ ਪਹਿਲੀ ਕੀਤੀ ਹੁਣ ਉਸ ਦੇ ਸਿਰ ਵਿੱਚ ਉਤਰੀ ਤਾਂ ਉਹ ਬੌਂਦਲ ਜਿਹਾ ਗਿਆ ਪਰ ਅਪਣਾ ਸਤੁੰਲਨ ਕਾਇਮ ਰੱਖਦਿਆਂ ਬੋਲਿਆ!
ਭਾਈ ਸਾਹਬ ਜੀ! ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ ਕ੍ਰਿਪਾ ਤਾਂ ਗੁਰੂ ਦੀ ਹੀ ਹੋ ਸਕਦੀ!
ਕ੍ਰਿਪਾ ਗੁਰੂ ਦੀ ਤੇ ਕਥਾ ਰਾਮ ਦੀ ਉਹ ਵੀ ਗੁਰੂ ਦੀ ਹੀ ਹਜੂਰੀ ਵਿਚ. . ? ਉਸ ਕੋਲ ਕੋਈ ਉੱਤਰ ਨਾ ਬਣ ਆਇਆ ਤੇ ਉਹ ਆਮ ਵਾਂਗ ਹੀ, ਹੀ, ਹੀ, ਹੀ, ਕਰਨ ਲੱਗ ਪਿਆ ਤਾਂ ਬਾਬਾ ਕਹਿਣ ਲਗਾ ਕਿ ਚਲੋ ਭਾਈ ਸਾਹਬ ਇਹ ਦੱਸੋ ਕਿ ਰਾਵਣ ਰਾਖਸ਼ ਸੀ ਜਿਵੇਂ ਕਿ ਤੁਸੀਂ ਕਹਿ ਰਹੇ ਸੀ. . ?
ਜੀ ਬਿਲੱਕੁਲ ਉਸ ਕੰਮ ਹੀ ਰਾਖਸ਼ਾਂ ਵਾਲਾ ਕੀਤਾ!
ਅਗਲੀ ਕਹਾਣੀ ਫਿਰ ਤੁਹਾਡੀ ਫਿੱਟ ਨਹੀ ਬੈਠਦੀ ਜਦ ਤੁਸਾਂ ਰਾਮ ਲੀਲ੍ਹਾ ਸੁਣਾਦਿਆਂ ਕਿਹਾ ਸੀ ਕਿ ਜਦ ਸ੍ਰੀ ਰਾਮ ਚੰਦ੍ਰ ਜੀ ਨੇ ਸੀਤਾ ਜੀ ਦੀ ਅਗਨੀ ਪ੍ਰੀਖਿਆ ਲਈ ਤਾਂ ਉਹ ਨਿਰਦੋਸ਼ ਸਾਬਤ ਹੋਈ!
ਕੀ ਮੱਤਲਬ ਤੁਹਾਡਾ. . ? ਹੁਣ ਭਾਈ ਜੀ ਥੋੜਾ ਤਲਖੀ ਵਿੱਚ ਬੋਲੇ।
ਮੱਤਲਬ ਇਹ ਕਿ ਜਿਹੜਾ ਹੋਇਆ ਹੀ ਰਾਖਸ਼ ਉਹ ਕਿਸੇ ਦੀ ਚੁੱਕੀ ਹੋਈ ਵਹੁਟੀ ਨਾਲ ਲਿਹਾਜ ਕਿਉਂ ਪਾਲੇਗਾ ਕਿ ਉਹ ਉਸ ਦੀ ਹਾਂਅ ਦੀ ਇੰਤਜਾਰ ਕਰੇ ਕਿ! !
ਹੁਣ ਗੱਲ ਭਾਈ ਦੀ ਸਮਝ ਪਈ ਤੇ ਉਹ ਈਮਾਨਦਾਰੀ ਨਾਲ ਕਹਿਣ ਲੱਗਾ ਕਿ ਇਦਾਂ ਤਾਂ ਸੋਚਿਆ ਹੀ ਨਹੀ ਸੀ। ਹਾਂਅ! ਜਾਂ ਤਾਂ ਉਹ ਰਾਖਸ਼ ਨਹੀ ਸੀ ਜਾਂ …. . ਪਰ ਗੁਰਬਾਣੀ ਨੇ ਉਸ ਨੂੰ ਮੂਰਖ ਤਾਂ ਕਿਹਾ ਹੈ।
ਗੁਰਬਾਣੀ ਰਚੇਤਾ ਉਸ ਨੂੰ ਮੂਰਖ ਕਹਿਣਗੇ ਹੀ ਕਹਿਣਗੇ ਕਿ ਬਦਲਾ ਤਾਂ ਰਾਮ ਤੋਂ ਲੈਣਾ ਸੀ ਚੁੱਕ ਕੇ ਉਸ ਦੀ ਵਹੁਟੀ ਲੈ ਗਿਆ ਮੂਰਖ ਨਹੀ ਤਾਂ ਹੋਰ ਕੀ ਸੀ. . ?

ਦੀਵਾਲੀ ਦੀ ਰਾਤ … … …

ਅੱਜ ਦੀਵਾਲੀ ਦੀ ਰਾਤ ਸੀ। ਬਾਬੇ ਫੌਜਾ ਸਿੰਘ ਦੇ ਪਿੰਡ ਸਵੇਰ ਤੋਂ ਦੀਵਾਲੀ ਵਰਗਾ ਮਹੌਲ ਬਣ ਗਿਆ ਸੀ। ਬੱਚੇ ਅਪਣੇ ਪਟਾਖੇ ਗਿਣਨ ਤੇ ਧੁੱਪ ਲਵਾਉਂਣ ਰੁਝੇ ਹੋਏ ਸਨ, ਬੀਬੀਆਂ ਲਿੰਬ ਪੋਚ ਤੋਂ ਵਿਹਲੀਆਂ ਹੋ ਬਣ ਸੰਵਰ ਕੇ ਇੱਕ ਦੂਜੀ ਨਾਲ ਗੱਪ-ਸ਼ੱਪ ਵਿੱਚ ਮਸ਼ਰੂਫ ਸਨ। ਬੰਦੇ ਕਈ ਦਿਨ ਪਹਿਲਾਂ ਹੀ ਘਰ ਦੀ ਦਾਰੂ ਦੀਆਂ ਬੋਤਲਾਂ ਸਾਂਭਣ ਲੱਗ ਪਏ ਸਨ ਜਿਵੇਂ ਦੀਵਾਲੀ ਵਾਲੀ ਰਾਤ ਸਾਰੀ ਹੀ ਪੀ ਜਾਣੀ ਹੋਵੇ। ਕਈ ਕਾਹਲੇ ਸਵੇਰ ਤੋਂ ਹੀ ਟੁੰਨ ਹੋਏ ਫਿਰਦੇ ਦੀਵਾਲੀ ਦੀ ਰਾਤ ਤੋਂ ਪਹਿਲਾਂ ਹੀ ‘ਦੀਵਾਲੀਆ’ ਹੋਏ ਫਿਰਦੇ ਸਨ।
ਸ਼ਾਮ ਪਈ, ਦੀਵੇ ਜਗਣ ਲੱਗ ਪਏ। ਕੋਈ ਮੜੀਆਂ ਵਲ ਦੀਵਾ ਲੈ ਕੇ ਤੁਰਿਆ ਜਾ ਰਿਹੈ, ਕਿਸੇ ਤੂੜੀ ਵਾਲੇ ਅੰਦਰ ਜਾ ਜਗਾਇਆ, ਕੋਈ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੇ ਥੜੇ ਤੇ ਦੀਪਮਾਲਾ ਕਰੀ ਜਾ ਰਿਹਾ ਹੈ। ਭਾਈ ਜੀ ਵੀ ਲਾਊਡ ਸਪੀਕਰ ਤੇ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ’ ਲਾ ਕੇ ਆਪ ਦੀਵਾਲੀ ਵਿੱਚ ਮਸ਼ਰੂਫ ਸਨ। ਕੀਰਤਨੀਆਂ ਇੰਝ ਹੇਕਾਂ ਲਾ-ਲਾ ਭਾਈ ਗੁਰਦਾਸ ਜੀ ਦੀ ਵਾਰ ਨੂੰ ਉਲਟ-ਪੁਲਟ ਕਰਕੇ ਗਾ ਰਿਹਾ ਸੀ ਜਿਵੇਂ ਭਾਈ ਗੁਰਦਾਸ ਜੀ ਹੀ ਖੁਦ ਦੀਵੇ ਚੁੱਕੀ ਲੁਕਾਈ ਨੂੰ ਹੋਕਾ ਦਿੰਦੇ ਫਿਰ ਰਹੇ ਹੋਣ ਕਿ ਆਓ ਦੀਵਾਲੀ ਦੀ ਰਾਤ ਦੀਵੇ ਬਾਲੀਏ! !
ਬਾਰੀ ਕਿਆਂ ਦਾ ਗੱਜਣ ਵੀ ਲੜਖੜਾਉਂਦਾ ਪਹਿਲਾਂ ਗੁਰਦੁਆਰੇ ਦੀਵਾ ਜਗਾ ਆਉਂਦਾ ਹੈ ਮੁੜ ਉਸਦੀ ਘਰ ਵਾਲੀ ਮੜ੍ਹੀਆਂ ਤੇ ਦੀਵਾ ਜਗਾਉਂਣ ਭੇਜ ਦਿੰਦੀ ਹੈ। ਉਸ ਕਿਹਾ ਵੀ ਕਿਸੇ ਨਿਆਣੇ ਨੂੰ ਭੇਜ ਦੇਹ ਮੇਰਾ ਕਿਉਂ ਨਸ਼ਾ ਖਰਾਬ ਕਰਦੀਂ। ਪਰ ਮੜ੍ਹੀਆਂ ਵਲ ਨਿਆਣਾ ਕੋਈ ਕਿਵੇਂ ਜਾਵੇ। ਉਥੇ ਜੇ ਕਿਸੇ ਦੀ ਦਾਦੀ ਫੁੱਫੀ ਨੇ ਫੜ ਲਿਆ। ਗੱਜਣ ਕਹਿੰਦਾ ਤੂੰ ਆਪ ਜਾਇਆ। ਪਰ ਉਹ ਰਾਤ ਨੂੰ ਆਪ ਵੀ ਜਾਣੋਂ ਡਰਦੀ ਸੀ। ਤੇ ਆਖਰ ਵੱਡਿਆਂ ਦੀ ਮੜ੍ਹੀ ਤੇ ਸਾਲ ਬਾਅਦ ਚਾਨਣ ਕਰਕੇ ‘ਅਗਲੀ ਦੁਨੀਆਂ’ ਵਿੱਚ ਉਨ੍ਹਾਂ ਨੂੰ ਰਾਹ ਵਿਖਾਉਂਣ ਦਾ ਗੁਣਾ ਗੱਜਣ ਤੇ ਹੀ ਪਿਆ। ਪਤਨੀ ਕਹਿ ਰਹੀ ਸੀ ਧੀਆਂ ਪੁੱਤ ਕਾਹਦੇ ਲਈ ਹੁੰਦੇ ਜੇ ਵਡੇਰੇ ਅਗੇ ਜਾ ਕੇ ਹਨੇਰੇ ਵਿੱਚ ਭਟਕਦੇ ਰਹੇ. . ? ਗੱਜਣ ਨੇ ਕਿਹਾ ਵੀ ਕਿ ਜਿਵੇਂ ਬਾਕੀ ਦਿਨ ਚਾਨਣ ਦਾ ਪ੍ਰਬੰਧ ਕਰ ਲੈਂਦੇ ਇੱਕ ਦਿਨ ਹੋਰ ਨਾ ਕਰਨਗੇ. ? ਪਰ ਘਰ ਵਾਲੀ ਪੈ ਨਿਕਲੀ। ਹਰ-ਦੂਹ ਲਾਹਨਤ ਅਜਿਹੀ ਔਲਾਦ ਦੇ ਜਿਹੜਾ ਵਡੇਰਿਆਂ ਲਈ ਦੀਵਾ ਵੀ ਨਹੀ ਡੁੰਗ ਸਕਦਾ।
ਗੱਜਣ ਮਾਰਿਆ ਡਰ ਦਾ ਵਡੇਰਿਆਂ ਨੂੰ ਚਾਨਣ ਦੇਣ ਲਈ ਡਿੱਗਦਾ ਢਹਿੰਦਾ ਦੀਵਾ ਡੁੰਗਣ ਤੁਰ ਪਿਆ। ਪੈਰ ਉਸ ਦੇ ਧਰਤੀ ਤੇ ਨਹੀ ਸਨ ਲੱਗਦੇ। ਹੱਥਲਾ ਦੀਵਾ ਡਿੱਗ-ਡਿੱਗ ਬੁੱਝ ਬੁੱਝ ਜਾ ਰਿਹਾ ਸੀ। ‘ਅਗਲਿਆਂ’ ਨੂੰ ‘ਅਗੇ’ ਪਤਾ ਨਹੀ ਰਾਹ ਦਿੱਸਣਾ ਸੀ ਕਿ ਨਹੀ ਪਰ ਗੱਜਣ ਨੂੰ ਮੁੜ ਮੁੜ ਰਾਹ ਦਿੱਸਣੋਂ ਹੱਟਦਾ ਜਾਂਦਾ ਸੀ। ਹੱਥ ਵਿੱਚ ਫੜਿਆ ਦੀਵਾ ਗੱਜਣ ਵਾਂਗੂੰ ਹੀ ਡਗਮਗਾ ਰਿਹਾ ਸੀ। ਗੱਜਣ ਹਾਲੇ ਮੜ੍ਹੀਆਂ ਤੋਂ ਕੁੱਝ ਚਿਰ ਉਰ੍ਹੇ ਹੀ ਸੀ ਕਿ ਲੋਕਾਂ ਵਲੋਂ ਛੱਪੜ ਪੂਰ ਕੇ ਬਣਾਈਆਂ ਮੱਝਾਂ ਦੀਆਂ ‘ਹਵੇਲੀਆਂ’ ਕੋਲੋਂ ਲੰਘਦਿਆਂ ਗੱਜਣ ਦਾ ਕੀਲੇ ਨਾਲ ਅਜਿਹਾ ਪੈਰ ਅੜਿਆ ਕਿ ਉਹ ਮੂਧੇ ਮੂੰਹ ਡਿੱਗਦਾ ਦੂਜੇ ਕੀਲੇ ਉਪਰ ਜਾ ਡਿੱਗਿਆ। ਕੰਨ ਦੀ ਪੁੜਪੜੀ ਕੀਲੇ ਤੇ ਵੱਜਦਿਆਂ ਹੀ ਹੱਥ ਵਿੱਚ ਫੜੇ ਦੀਵੇ ਵਾਂਗ ਗੱਜਣ ਦਾ ਆਪਦਾ ਦੀਵਾ ਵੀ ਬੁੱਝ ਗਿਆ। ਲਾਊਡ ਸਪੀਕਰ ਤੋਂ ਹਾਲੇ ਵੀ ਅਵਾਜ ਆ ਰਹੀ ਸੀ, ‘ਦੀਵੇ ਬਾਲੀਅਨ, ਦੀਵੇ ਬਾਲੀਅਨ’।
ਗੱਜਣ ਦੀ ਘਰ ਵਾਲੀ ਚਿੰਤਤ ਹੋਈ। ਉਸ ਨਿੱਕੇ ਨਿਆਣਿਆਂ ਨੂੰ ਭੇਜਿਆ। ਗੱਜਣ ਦੇ ਘਰ ਦੇ ਦੀਵੇ ਗੱਜਣ ਸਮੇਤ ਬੁਝ ਚੁੱਕੇ ਸਨ। ਬਾਬੇ ਫੌਜਾ ਸਿੰਘ ਨੇ ਜਦ ਗੱਜਣ ਦੀ ਖ਼ਬਰ ਸੁਣੀ ਤਾਂ ਬਰਛੇ ਵਰਗਾ ਹਉਕਾ ਬਾਬੇ ਦੀ ਹਿੱਕ ਚੀਰ ਗਿਆ।
‘ਵਾਹ ਨੀ ਲੁਕਾਈਏ! ਦੀਵਾ ਜਿਥੇ ਜਗਾਉਂਣਾ ਸੀ ਉਥੇ ਹਨੇਰਾ ਕਰਕੇ ਮੜ੍ਹੀਆਂ ਤੇ ਦੀਵੇ ਜਗਾਉਂਣ ਤੁਰ ਪਈ ਏਂ। ਕਾਸ਼ ਗੱਜਣਾਂ! ਜੇ ਤੂੰ ਮੜ੍ਹੀਆਂ ਦੀ ਬਜਾਇ ਅੰਦਰ ਦੀਵਾ ਜਗਾਇਆ ਹੁੰਦਾ ਤਾਂ ਨਾ ਤੇਰਾ ਘਰ ਹਨੇਰਾ ਹੁੰਦਾ ਤਾਂ ਨਾ ਤੇਰਾ ਇਹ ਅਨਮੋਲ ਜੀਵਨ’! ! ! ! ! !

ਕੀਹਦੀ ਮੰਨੀਏ ਤੇ ….

ਬਾਬਾ ਫੌਜਾ ਸਿੰਘ ਇੱਕ ਸਥਾਨਕ ਗੁਰਦੁਆਰਾ ਸਾਹਿਬ ਕਿਸੇ ਰਿਸ਼ਤੇਦਾਰ ਦੇ ਸੱਦੇ ਤੇ ਗਿਆ ਉਨ੍ਹੀ ਮੁੰਡੇ ਦਾ ਜਨਮ ਦਿਨ ਮਨਾਉਂਣ ਲਈ ਸੁਖਮਨੀ ਸਾਹਿਬ ਦੇ ਪਾਠ, ਕੀਰਤਨ, ਕਥਾ ਅਤੇ ਲੰਗਰ ਕਰਵਾਏ ਸਨ। ਗੁਰਬਾਣੀ ਦੇ ਪਾਠ ਦਾ ਭੋਗ ਪਿਆ, ਕੀਰਤਨ ਹੋਇਆ ਤੇ ਉਪਰੰਤ ਕਥਾ ਸ਼ੁਰੂ ਹੋ ਗਈ। ਕਥਾ ਵਾਚਕ ਗੱਲਾਂ ਚੋਂ ਗੱਲ ਕੱਢਦਾ ਟੂਕ ਮਾਤਰ ਇਧਰ ਆ ਗਿਆ ਕਿ ਦੇਖੋ! ਮੁਸਲਮਾਨ ਧਰਮ ਫੈਲਿਆ ਰਾਜ ਦੇ ਜੋਰ, ਬੁੱਧ ਫੈਲਿਆ ਰਾਜ ਦੇ ਜੋਰ, ਈਸਾਈ ਫੈਲੇ ਰਾਜ ਦੇ ਜੋਰ ਪਰ ਸਿੱਖ ਧਰਮ ਇੱਕ ਅਜਿਹਾ ਵਿਲੱਖਣ ਧਰਮ ਹੈ ਜਿਹੜਾ ਰਾਜ ਦੇ ਨਹੀ ਬਲਕਿ ਗਿਆਨ ਦੇ ਬਲਬੂਤੇ ‘ਫੈਲਿਆ’ ਹੈ!
ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ਗੱਲ ਕੁੱਝ ਹੱਦ ਤਾਂ ਦਰੁਸਤ ਕਰ ਗਿਆ ਬੇਸ਼ਕ ਫੈਲਿਆ ਤਾਂ ਨਹੀ ਕਿਹਾ ਜਾ ਸਕਦਾ ਪਰ ਜਿੰਨਾ ਕੁ ਹੈ ਕਿਸੇ ਠੋਸ ਵਿਚਾਰਧਾਰਾ ਕਰਕੇ ਯਾਨੀ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਹੈ।
ਬਾਬੇ ਨੂੰ ਅਗਲੇ ਹੀ ਹਫਤੇ ਕਿਸੇ ਹੋਰ ਸੱਦੇ ਤੇ ਕਿਸੇ ਦੁਜੇ ਗੁਰਦੁਆਰੇ ਭੋਗ ਤੇ ਜਾਣਾ ਪਿਆ। ਉਥੇ ਵੀ ਪਹਿਲਾਂ ਪਾਠ ਦਾ ਭੋਗ, ਕੀਰਤਨ ਅਤੇ ਫਿਰ ਕਥਾ ਸ਼ੁਰੂ ਹੋ ਗਈ। ਉਸ ਭਾਈ ਨੇ ਬਿਨਾ ਵਿਸ਼ੇ ਤੋਂ ‘ਕਹੀਂ ਕੀ ਈਟ ਕਹੀਂ ਕਾ ਰੋੜਾ’ ਜੋੜਦਿਆਂ ਸਿੱਖ ਧਰਮ ਦੇ ‘ਨਾ ਫੈਲਣ’ ਦੇ ਕਾਰਨ ਦੱਸਦਿਆਂ ਕਹਿਣਾ ਸ਼ੁਰੂ ਕੀਤਾ ਕਿ ਸਾਧ ਸੰਗਤ ਜੀ! ਬੁੱਧ ਧਰਮ ਤਾਂ ਫੈਲਿਆ ਕਿਉਂਕਿ ਉਸ ਦਾ ਬਾਨੀ, ਯਾਨੀ ਮਹਾਤਮਾ ਬੁੱਧ ਇੱਕ ਰਾਜੇ ਦਾ ਪੁੱਤਰ ਸੀ, ਜੈਨ ਧਰਮ ਫੇਲਿਆ, ਕਿਉਂਕਿ ਉਸਦਾ ਬਾਨੀ ਵੀ ਇੱਕ ਰਾਜੇ ਦਾ ਪੁੱਤਰ ਸੀ! ਸਿੱਖ ਧਰਮ ਤਾਂ ਨਹੀ ਫੈਲਿਆ ਸਾਧ ਸੰਗਤ ਜੀ! ਕਿਉਂਕਿ ਉਸ ਦੇ ਬਾਨੀ, ਯਾਨੀ ਗੁਰੂ ਨਾਨਕ ਸਾਹਿਬ ਕੇਵਲ ਇੱਕ ਪਟਵਾਰੀ ਦੇ ਪੁੱਤਰ ਸਨ! ! !
ਬਾਬਾ ਫੌਜਾ ਸਿੰਘ ਬੜਾ ਹੈਰਾਨ ਕਿ ਇਹ ਬੰਦਾ ਗੁਰੂ ਘਰ ਦੀ ਸਿਫਤ ਕਰ ਰਿਹਾ ਜਾਂ ਨਿੰਦਿਆਂ, ਦੂਜਾ ਸਿੱਖ ਧਰਮ ਦੀ ਅਧੋਗਤੀ ਦਾ ਕਾਰਨ ਗੁਰੂ ਪਾਤਸ਼ਾਹ ਦਾ ਪਟਵਾਰੀ ਦਾ ਪੁੱਤਰ ਹੋਣਾ ਨਹੀ ਬਲਕਿ ਅਜਿਹੇ ਨਿੱਧਖ, ਲਾਲਚੀ ਅਤੇ ਜ਼ਾਹਲ ਕਿਸਮ ਦੇ ਪ੍ਰਚਾਕਰਾਂ ਦਾ ਸਟੇਜ ਉਪਰ ਕਾਬਜ ਹੋਣਾ ਹੈ ਅਤੇ ਹੋਰ ਹੈਰਾਨੀ ਇਹ ਕਿ ਬਾਅਦ ਵਿੱਚ ਪ੍ਰਵਾਰ ਨੂੰ ਸਿਰੋਪਾ ਦੇਣ ਆਏ ਪ੍ਰਬੰਧ ਦੱਸ ਰਹੇ ਹਨ ਕਿ ਸਾਧ ਸੰਗਤ ਜੀ! ਤਸੀਂ ਪੰਥ ਦੇ ਮਹਾਨ ਵਿਦਵਾਨ … ਸਿੰਘ. . ਤੋਂ ਕਥਾ ਸੁਣ ਕੇ ਜਨਮ ਸਫਲਾ ਕੀਤਾ ਹੈ। ਦੱਸੋ ਇਸ ਵਿੱਚ ਬਾਬਾ ਜੀ ਦਾ ਕੀ ਦੋਸ਼ ਹੈ ਕਿ ਉਨ੍ਹਾ ਪਟਵਾਰੀ ਦੇ ਘਰ ਜਨਮ ਕਿਉਂ ਲਿਆ. . ?

ਚੰਦ ਉਪਰ ਪਾਣੀ! ! ! ! ! ! !

ਬਾਬਾ ਫੌਜਾ ਸਿੰਘ ਕਈ ਦਿਨਾ ਤੋਂ ਸੁਣ ਰਿਹਾ ਸੀ ਕਿ ਹਿੰਦੋਸਤਾਨ ਨੇ ਚੰਦ ਉਪਰ ਪਾਣੀ ਲੱਭ ਲਿਆ ਹੈ। ਅਖ਼ਬਾਰਾਂ ਦੀਆਂ ਫਰੰਟ ਪੇਜ ਦੀਆਂ ਫੋਟੋਆਂ ਨਾਲ ਸ਼ਿੰਗਾਰਿਆ ਗਿਆ ਇਸ ਖ਼ਬਰ ਨੂੰ। ਹਿੰਦੋਸਤਾਨ ਵਾਸੀਆਂ ਬੜੀ ਖੁਸ਼ੀ ਮਨਾਈ ਜੋ ਉਨ੍ਹਾ ਨੂੰ ਬਣਦੀ ਵੀ ਸੀ। ਸ਼ਾਇਦ ਉਨ੍ਹਾਂ ਨੂੰ ਇੰਝ ਜਾਪਣ ਲੱਗ ਗਿਆ ਹੋਵੇ ਕਿ ਇਥੋਂ ਝੁੱਗੀਆਂ ਵਿਚੋਂ ਨਿਕਲ ਕੇ ਹੁਣ ਅਸੀਂ ਖੁਲ੍ਹੇ ਚੰਦ ਉਪਰ ਜਾ ਕੇ ਵਸੇਬਾ ਕਰਾਂਗੇ।
ਗਰਮ ਗਰਮ ਖ਼ਬਰ ਸੁਣ ਕੇ ਬਾਬਾ ਫੌਜਾ ਸਿੰਘ ਦੇ ਇੱਕ ਮਿੱਤਰ ਦਾ ਫੋਨ ਆਇਆ। ਉਸ ਬਾਬੇ ਨੂੰ ਵਧਾਈ ਦਿੰਦਿਆਂ ‘ਖੁਸ਼ਖ਼ਬਰੀ’ ਦੱਸੀ ਕਿ ‘ਸਾਡੇ ਮੁੱਲਖ’ ਨੇ ਚੰਦ ਉਪਰ ਪਾਣੀ ਲੱਭ ਲਿਆ ਹੈ ਜਿਹੜਾ ਕਿ ਹਾਲੇ ਤੱਕ ਕਿਸੇ ਨੂੰ ਵੀ ਨਹੀ ਲੱਭਿਆ!
ਬਾਬਾ ਫੌਜਾ ਸਿੰਘ ਬੜਾ ਹੈਰਾਨ ਕਿ ਚੰਦ ਉਪਰ ਪਾਣੀ ਲੱਭ ਲਿਆ. . ? ਪਰ ਧਰਤੀ ਉਪਰ ਕੀ ਪਾਣੀ ਪੂਰਾ ਮਿਲ ਗਿਆ ਹਿੰਦੋਸਤਾਨੀਆਂ ਨੂੰ. . ? ਖ਼ਬਰ ਸੁਣਾਉਂਣ ਵਾਲੇ ਨੂੰ ਜਾਪਿਆ ਕਿ ਉਸ ਗਲਤ ਥਾਂ ਫੋਨ ਕਰ ਲਿਆ ਹੈ। ਉਹ ਕਹਿਣ ਲੱਗਾ ਬਾਬਾ ਯਾਰ ਤੁਸੀਂ ਲੋਕ ਬੜੇ ‘ਨੈਰੋ ਮਾਈਡਿੰਡ’ ਹੋ ਕਿਸੇ ਦੀ ਖੁਸ਼ੀ ਦੀ ਖ਼ਬਰ ਸੁਣ ਕੇ ਵੀ ਸੜਨ-ਭੁੱਜਣ ਲੱਗ ਜਾਂਦੇ ਹੋ।
ਬਾਬਾ ਫੌਜਾ ਸਿੰਘ ਨੂੰ ਜਾਪਿਆ ਕਿ ਸ਼ਾਇਦ ਉਹ ਠੀਕ ਕਹਿ ਰਿਹੈ ਪਰ ਬਾਬੇ ਜਿਹੜੀ ਤਾਜਾ ਖ਼ਬਰ ਪੰਜਾਬ ਦੇ ਪਾਣੀਆਂ ਦੀ ਚਾਰ ਮੀਟਰ ਹੋਰ ਹੇਠਾਂ ਜਾਣ ਦੀ ਸੁਣੀ ਸੀ ਉਸਦਾ ਉਹ ਕੀ ਕਰਦਾ। ਬਾਬੇ ਨੇ ਦੇਖਿਆ ਹੋਇਆ ਸੀ ਕਿ ਗੁਜਰਾਤ ਬਿਹਾਰ ਵਿੱਚ ਆਮ ਲੋਕ ਵਿਚਾਰੇ ਕਿੰਨਾ ਗੰਦਾ ਪਾਣੀ ਪੀਂਦੇ ਅਤੇ ਉਸ ਪਾਣੀ ਲਈ ਵੀ ਉਨ੍ਹਾਂ ਨੂੰ ‘ਰੱਬ ਜਿੱਡੀਆਂ’ ਲੰਮੀਆਂ ਲਾਇਨਾ ਵਿੱਚ ਖੜਨਾ ਪੈਂਦਾ। ਬਾਬੇ ਕਿਹਾ ਸ਼ਾਇਦ ਹਰਿਆਣੇ ਨੂੰ ਪਾਣੀ ਤਾਂ ਹੀ ਪੰਜਾਬ ਕੋਲੋਂ ਖੋਹ ਕੇ ਦੇਣਾ ਪੈ ਰਿਹਾ ਹੈ ਕਿਉਂਕਿ ਹਰਿਆਣੇ ਵਾਲਾ ਪਾਣੀ ਤਾਂ ਸਾਰਾ ਉਪਰ ਚੰਦ ਉਪਰ ਲੈ ਗਏ ਹਨ! ! ਨਹੀ?
ਉਹ ਚੁੱਪ ਜਿਹਾ ਕਰ ਗਿਆ। ਬਾਬਾ ਫੌਜਾ ਸਿੰਘ ਕਹਿਣ ਲੱਗਾ ਕਿ ਚਲ ਪਾਣੀ ਦੀ ਛੱਡ ‘ਇਤਿਹਾਸ’ ਦੀ ਕਰ ਲੈਂਦੇ ਹਾਂ। ਬ੍ਰਹਾਮਣ ਦਾ ‘ਇਤਿਹਾਸ’ ਤਾਂ ਕਹਿੰਦਾ ਕਿ ਚੰਦ ਸ਼ਿਵ ਜੀ ਦੇ ਮੱਥੇ ਦਾ ਸ਼ਿੰਗਾਰ ਹੈ। ਹੁਣ ਇਹ ਸ਼ਿਵ ਜੀ ਦੇ ਮੱਥੇ ਉਪਰ ਜਾ ਕੇ `ਚੋਲੀ ਕੇ ਨੀਚੇ ਕਿਆ ਹੈ’ ਵਾਲੀਆਂ ਧਮਾਲਾਂ ਪਾਇਆ ਕਰਨਗੇ. . ?
ਬਾਬੇ ਦਾ ‘ਮਿੱਤਰ’ ‘ਮੇਰਾ ਫੋਨ ਆਉਂਦਾ’ ਕਹਿ ਕੇ ਬਾਬੇ ਨਾਲੋਂ ਲਾਇਨ ਕੱਟ ਗਿਆ।
ਗੁਰਦੇਵ ਸਿੰਘ ਸੱਧੇਵਾਲੀਆ




.