.

ਗੁਰਬਾਣੀ ਦਾ ਸੱਚ

(ਭਾਗ ਦੂਜਾ)

ਇਸ ਸ਼ਬਦ (ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥) ਬਾਰੇ ਅਸੀਂ ਅੱਗੇ ਜਾ ਕੇ ਥੋਹੜੀ ਕੁ ਵਿਸਤਾਰ ਸਹਿਤ ਚਰਚਾ ਕਰਾਂਗੇ ਕਿ ਭਗਤ ਤ੍ਰਿਲੋਚਨ ਜੀ ਇਸ ਸ਼ਬਦ ਦੁਆਰਾ ਕੀ ਸਮਝਾਉਣਾ ਚਾਹੁੰਦੇ ਹਨ ਅਤੇ ਇਨ੍ਹਾਂ ਪੁਰਾਣਿਕ ਕਹਾਣੀਆਂ ਦੇ ਹਵਾਲੇ ਦੇਣ ਦੀ ਕਿਉਂ ਲੋੜ ਪਈ ਆਦਿ ਆਦਿ।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜਨ –ਸਮੂਹ ਤਕ ਰੱਬੀ ਸੰਦੇਸ਼ ਪਹੁੰਚਾਉਣ ਲਈ ਉਹੀ ਢੰਗ ਅਪਣਾਇਆ, ਜਿਸ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਇਹ ਸਮਝਾਇਆ ਜਾ ਸਕਦਾ ਸੀ। ਇਸ ਲਈ ਬਾਣੀਕਾਰ, ਜਿਸ ਵੀ ਧਰਮ ਦੇ ਪੈਰੋਕਾਰ/ਪੈਰੋਕਾਰਾਂ ਨੂੰ ਗੁਰਮਤਿ ਦਾ ਸੱਚ ਸਮਝਾਉਂਦੇ ਹਨ, ਆਪ ਉਸ/ਉਨ੍ਹਾਂ `ਚ ਪ੍ਰਚਲਤ ਕਥਾ ਕਹਾਣੀਆਂ ਆਦਿ ਦੇ ਹਵਾਲੇ ਦੇ ਕੇ, ਇਹ ਸੱਚ ਦ੍ਰਿੜ ਕਰਾੳਂਦੇ ਹਨ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਨੇ ਜੇਹੜੇ ਲੋਕ ਇਨ੍ਹਾਂ ਪੁਰਾਣਿਕ ਕਥਾਵਾਂ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ, ਜਦ ਉਨ੍ਹਾਂ ਨੂੰ ਇਹ ਗੁਰਮਤਿ ਦਾ ਸੱਚ ਦ੍ਰਿੜ ਕਰਵਾਉਣਾ ਚਾਹਿਆ ਤਾਂ ਉਸ ਸਮੇਂ ਪੁਰਾਣਿਕ ਕਥਾਵਾਂ ਦੀਆਂ ਉਦਾਹਰਣਾਂ ਨਹੀਂ ਦਿੱਤੀਆਂ; ਉਨ੍ਹਾਂ ਨੂੰ ਗੁਰਮਤਿ ਦਾ ਸੱਚ ਸਮਝਾਉਣ ਲਈ, ਉਨ੍ਹਾਂ ਵਿੱਚ ਪ੍ਰਚਲਤ ਸ਼ਬਦਾਵਲੀ, ਧਾਰਨਾਵਾਂ ਆਦਿ ਦੀ ਹੀ ਵਰਤੋਂ ਕੀਤੀ ਹੈ। ਬਾਣੀਕਾਰਾਂ ਵਲੋਂ ਭਾਂਵੇਂ ਵੱਖ ਵੱਖ ਅਨਮਤੀ ਵਿਸ਼ਵਾਸ, ਧਾਰਨਾਵਾਂ, ਸ਼ਬਦਾਵਲੀ ਆਦਿ ਦੀ ਵਰਤੋਂ ਕੀਤੀ ਗਈ ਹੈ, ਪਰੰਤੂ ਬਾਣੀਕਾਰਾਂ ਨੇ ਜੋ ਮੁੱਖ ਸੰਦੇਸ਼ ਮਨੁੱਖਤਾ ਤਕ ਅਪੜਾਉਣਾ ਚਾਹਿਆ, ਉਸ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤਕ, ਕਿਧਰੇ ਵੀ ਬਾਣੀਕਾਰਾਂ ਦੀ ਵਿਚਾਰਧਾਰਾ ਵਿੱਚ ਆਪਸੀ ਵਿਰੋਧ ਨਹੀਂ ਹੈ ਅਤੇ ਨਾ ਹੀ ਬਾਣੀਕਾਰਾਂ ਦਾ ਆਪਣੀਆਂ ਰਚਨਾਵਾਂ ਵਿੱਚ ਕਿਸੇ ਤਰ੍ਹਾਂ ਦਾ ਸਵੈ-ਵਿਰੋਧ ਹੈ। ਇਸ ਸੰਖੇਪ ਜੇਹੀ ਚਰਚਾ ਉਪਰੰਤ ਪਾਠਕਾਂ ਦਾ ਧਿਆਨ, ਬਾਣੀਕਾਰਾਂ ਵਲੋਂ ਗੁਰਮਤਿ ਦਾ ਸੱਚ ਦ੍ਰਿੜ ਕਰਵਾਉਣ ਲਈ, ਜਿਵੇਂ ਪ੍ਰਚਲਤ ਸ਼ਬਦਾਵਲੀ ਆਦਿ ਦੀ ਵਰਤੋਂ ਕੀਤੀ ਹੈ, ਉਸ ਵਲ ਸਖੇਪ `ਚ ਧਿਆਨ ਦਿਵਾ ਰਹੇ ਹਾਂ।

ਜੋਗੀਆਂ ਨਾਲ ਗੱਲ ਬਾਤ (ਜਾਂ ਉਨ੍ਹਾਂ ਦੀ ਰਹਿਣੀ, ਦਰਸ਼ਨ ਆਦਿ ਦਾ ਵਰਣਨ) ਕਰਨ ਸਮੇਂ ਜੋਗ ਮੱਤ ਦੀ ਸ਼ਬਦਾਵਲੀ /ਵਿਸ਼ਵਾਸ ਨੂੰ ਹੀ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਹੈ:-

ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ॥ ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥ 1॥ ਅਰਥ: (ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿੱਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿੱਚ ਨਹੀਂ, ਮਨ ਵਿੱਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ। ਜੋ ਕੁੱਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ—ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ।

 ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ॥ ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ॥ 1॥ ਰਹਾਉ॥ ਅਰਥ:- ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿੱਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ। ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿੱਚ (ਸਦਾ) ਮਾਣਦਾ ਹੈ। 1. ਰਹਾਉ।

 ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ॥ 2॥ ਅਰਥ: (ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿੱਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)। ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ। 2.

 ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ॥ ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ॥ 3॥ ਅਰਥ: (ਹੇ ਜੋਗੀ! ਤੂੰ ਹੱਥ ਵਿੱਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ। ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ। 3.

ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ॥ 4॥ (ਪੰਨਾ 360) ਅਰਥ: ਹੇ ਨਾਨਕ! (ਆਖ—) ਹੇ ਭਰਥਰੀ ਜੋਗੀ! ਸੁਣ, ਸਭ ਜੀਵਾਂ ਵਿੱਚ ਅਨੇਕਾਂ ਰੰਗਾਂ-ਰੂਪਾਂ ਵਿੱਚ ਪ੍ਰਭੂ ਦੀ ਜੋਤਿ ਨੂੰ ਵੇਖਣਾ—ਇਹ ਹੈ ਸਾਡੀ ਬੈਰਾਗਣ ਜੋ ਸਾਨੂੰ ਪ੍ਰਭੂ-ਚਰਨਾਂ ਵਿੱਚ ਜੁੜਨ ਲਈ ਸਹਾਰਾ ਦੇਂਦੀ ਹੈ। 4.

ਇਸ ਸ਼ਬਦ ਵਿੱਚ ਸਤਿਗੁਰੂ ਜੀ ਭਰਥਰੀ ਜੋਗੀ ਨੂੰ ਅਸਲ ਜੋਗੀ ਅਥਵਾ ਪ੍ਰਭੂ ਨਾਲ ਇੱਕ ਸੁਰ ਹੋਏ ਪ੍ਰਾਣੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਵਰਣਨ ਕਰਦਿਆਂ ਹੋਇਆਂ ਜੋਗੀਆਂ ਦੇ ਭੇਖ ਦੇ ਚਿੰਨ੍ਹ: ਮੁੰਦ੍ਰਾਂ, ਖਿੰਥਾ, ਬਿਭੂਤ, ਸਿੰਗੀ, ਡੰਡਾ, ਬੈਰਾਗਨ (ਟਿਕਟਿਕੀ, ਜੋ ਅੰਗਰੇਜ਼ੀ ਦੇ ਸ਼ਬਦ T ਦੇ ਅਕਾਰ ਦੀ ਹੁੰਦੀ ਹੈ, ਇਸ ਉਤੇ ਸਾਧੂ ਬਾਹਾਂ ਰੱਖਕੇ ਬੈਠਦੇ ਹਨ), ਦੀ ਵਰਤੋਂ ਕਰ ਰਹੇ ਹਨ।

(ਨੋਟ: ਜਿਸ ਤਰ੍ਹਾਂ ਜੋਗੀ ਮੱਤ ਦੀ ਸ਼ਬਦਾਵਲੀ ਜਾਂ ਵਿਸ਼ਵਾਸ ਆਦਿ ਦੀ ਵਰਤੋਂ ਦਾ ਹਰਗ਼ਿਜ਼ ਭਾਵ ਨਹੀਂ ਹੈ ਕਿ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਆਦਿ, ਇਨ੍ਹਾਂ ਵਿੱਚ ਵਿਸ਼ਵਾਸ ਰੱਖਦੇ ਹਨ, ਇਸੇ ਤਰ੍ਹਾਂ ਹਿੰਦੂ ਅਤੇ ਇਸਲਾਮ ਦੀ ਸ਼ਬਦਾਵਲੀ, ਵਿਸ਼ਵਾਸ ਆਦਿ ਦੀ ਵਰਤੋਂ ਬਾਰੇ ਵੀ ਸਮਝਣਾ ਹੈ।)

ਇਸਲਾਮ ਦੇ ਪੈਰੋਕਾਰਾਂ ਨਾਲ ਗੁਰਮਤਿ ਦੇ ਇਸ ਜੀਵਨ –ਮੁਕਤ ਦੇ ਸਿਧਾਂਤ ਨੂੰ ਸਾਂਝਾ ਕਰਨ ਸਮੇਂ, ਉਨ੍ਹਾਂ ਦੇ ਅਕੀਦੇ ਅਤੇ ਇਸਲਾਮਿਕ ਸ਼ਬਦਾਵਲੀ ਦੀ ਹੀ ਵਰਤੋਂ ਕਰਦਿਆਂ ਹੋਇਆਂ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ ਗਿਆ ਹੈ, ਜਿਵੇਂ: -

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ 953) ਅਰਥ: ਨਾਨਕ ਆਖਦਾ ਹੈ—ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।

ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿੱਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁੱਝ ਅਹੁੜਦਾ ਨਹੀਂ।

ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।

ਗੁਰੂ ਨਾਨਕ ਸਾਹਿਬ ਇਸਲਾਮ ਦੇ ਪੈਰੋਕਾਰਾਂ ਨਾਲ ਗੱਲ ਕਰਦਿਆਂ ਹੋਇਆਂ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’ ਵਾਲਾ ਸੱਚ ਸਮਝਾਉਣ ਲਈ ਇਸਲਾਮਕ ਵਿਸ਼ਵਾਸ ਅਤੇ ਸ਼ਬਦਾਵਲੀ ਦਾ ਹੀ ਪ੍ਰਯੋਗ ਕਰਦੇ ਹਨ।

ਹਿੰਦੂ ਧਰਮ ਦੇ ਪੈਰੋਕਾਰਾਂ ਨਾਲ ਗੱਲ ਬਾਤ ਸਮੇਂ ਉਨ੍ਹਾਂ ਦੇ ਵਿਸ਼ਵਾਸ ਮੂਜਬ ਅਥਵਾ ਉਨ੍ਹਾਂ ਵਿੱਚ ਪ੍ਰਚਲਤ ਪੁਰਾਣਕ ਕਥਾਵਾਂ ਦੀਆਂ ਉਦਾਹਰਣਾਂ ਦੇ ਕੇ ਗੁਰਮਤਿ ਦਾ ਤੱਤ ਗਿਆਨ ਸਮਝਾਇਆ ਹੈ, ਜਿਵੇਂ: -

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥ ਅਰਥ: (ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ।

ਪਰਸ ਰਾਮੁ ਰੋਵੈ ਘਰਿ ਆਇਆ॥॥ ਅਰਥ: (ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ।

ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਅਰਥ: ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ, ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਸਜ਼ਾ ਹੀ ਮਿਲਦੀ ਹੈ।

ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਅਰਥ: ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ ਸੀਤਾ ਲਛਮਣ ਵਿਛੁੜੇ ਤਾਂ ਰਾਮ ਜੀ ਭੀ ਰੋਏ।

ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਅਰਥ: ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ, ਲੰਕਾ ਗੁਆ ਕੇ ਰੋਇਆ।

ਰੋਵਹਿ ਪਾਂਡਵ ਭਏ ਮਜੂਰ॥ ਜਿਨ ਕੈ ਸੁਆਮੀ ਰਹਤ ਹਦੂਰਿ॥ ਅਰਥ: (ਪੰਜੇ) ਪਾਂਡੋ, ਜਿਨ੍ਹਾਂ ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ), ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ।

ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਅਰਥ: ਰਾਜਾ ਜਨਮੇਜਾ ਖੁੰਝ ਗਿਆ, (18 ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ ‘ਮਹਾਭਾਰਤ’ ਸੁਣਿਆ, ਪਰ ਸ਼ੰਕਾ ਕੀਤਾ, ਇਸ) ਇੱਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।

ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਅਰਥ: ਸ਼ੇਖ ਪੀਰ ਆਦਿਕ ਭੀ ਰੋਂਦੇ ਹਨ ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।

ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਅਰਥ: (ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।

ਰੋਵਹਿ ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਅਰਥ: ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ, ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।

ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਅਰਥ: ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ। ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।

ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ 1॥ (ਪੰਨਾ 954) ਅਰਥ: ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿੱਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ, ( ‘ਨਾਮ’ ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ।

ਇਸ ਸ਼ਬਦ ਵਿੱਚ ਗੁਰਦੇਵ ‘ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ “ਦਰਸਾਉਣ ਲਈ ਹਿੰਦੂ ਧਰਮ ਵਿੱਚ ਪ੍ਰਚਲਤ ਕਹਾਣੀਆਂ ਦਾ ਹਵਾਲਾ ਦੇ ਕੇ ਇਨ੍ਹਾਂ ਕਹਾਣੀਆਂ `ਚ ਵਿਸ਼ਵਾਸ ਕਰਨ ਵਾਲਿਆਂ ਨੂੰ ਗੁਰਮਤਿ ਦਾ ਸੱਚ ਦ੍ਰਿੜ ਕਰਾਉਂਦੇ ਹਨ।

ਇਸ ਤਰ੍ਹਾਂ ਬਾਣੀਕਾਰਾਂ ਨੇ ਆਪਣੀ ਗੱਲ ਨੂੰ ਆਮ ਮਨੁੱਖ ਤਕ ਪਹੁੰਚਾੳਣ ਲਈ, ਉਨ੍ਹਾਂ ਦੇ ਨਿਸ਼ਚਿਆਂ ਨੂੰ ਵਰਤਿਆ ਹੈ। ਇਸ ਤਰ੍ਹਾਂ ਨਾਲ ਹੀ ਆਮ ਪ੍ਰਾਣੀ ਨੂੰ ਗੁਰਮਤਿ ਦਾ ਸੱਚ ਸਾਰਥਕ ਢੰਗ ਨਾਲ ਦ੍ਰਿੜ ਕਰਵਾਇਆ ਜਾ ਸਕਦਾ ਸੀ। ਸੋ, ਇਨ੍ਹਾਂ ਪੁਰਾਣਿਕ ਸਾਖੀਆਂ ਬਾਰੇ ਇਹ ਕਹਿਣਾ ਕਿ ਬਾਣੀਕਾਰ ਇਨ੍ਹਾਂ ਦੀ ਸਚਾਈ ਨੂੰ ਸਵੀਕਾਰ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨਾਲ ਘੋਰ ਅਨਿਆਂ ਹੋਵੇਗਾ। ਬਾਣੀਕਾਰਾਂ ਨਾਲ ਘੋਰ ਅਨਿਆਂ ਦੇ ਨਾਲ ਨਾਲ ਬਾਣੀ ਵਿੱਚ ਆਪਾ ਵਿਰੋਧ ਹੈ, ਇਸ ਗੱਲ ਦੀ ਵੀ ਪੁਸ਼ਟੀ ਕਰਕੇ ‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥’ ਦੇ ਸਿਧਾਂਤ ਦਾ ਖੰਡਨ ਵੀ ਕਰ ਰਹੇ ਹੋਵਾਂਗੇ।

ਕਈ ਸੱਜਣਾਂ ਦਾ ਇਹ ਤਰਕ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਇਨ੍ਹਾਂ ਪੁਰਾਣਿਕ ਕਥਾਵਾਂ ਵਿੱਚ ਵਿਸ਼ਵਾਸ ਨਹੀਂ ਸੀ ਤਾਂ ਇਨ੍ਹਾਂ ਕਥਾਵਾਂ ਦੀਆਂ ਉਦਾਹਰਣਾਂ ਦੇਣ ਦਾ ਕੀ ਅਰਥ? ਜੇਹੜੀ ਗੱਲ ਹੈ ਹੀ ਗ਼ਲਤ, ਉਸ ਦੀ ਮਿਸਾਲ ਦਾ ਕੀ ਲਾਭ? ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵੀਰਾਂ ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦਾ ਇੱਕ ਹੀ ਰੂਪ ਦਰਸਾਇਆ ਗਿਆ ਹੈ, ਦੋ ਤਿੰਨ ਜਾਂ ਚਾਰ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਸਚਿਆਰ ਬਣਨ ਦਾ ਇਕੋ ਹੀ ਢੰਗ ਦੱਸਿਆ ਗਿਆ ਹੈ ਕਿ:- ਸਾਧੂ ਸੰਗਿ ਭਜਹੁ ਗੁਪਾਲ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ॥ ਰਹਾਉ॥ (ਪੰਨਾ 675) ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।

ਜਦ ਕਦੀ ਵੀ ਕੋਈ ਪ੍ਰਾਣੀ ਸਚਿਆਰ ਬਣਿਆ ਹੈ ਤਾਂ ਇਸ ਜੁਗਤੀ ਭਾਵ ਸਤਿਗੁਰੂ ਦੇ ਬਖ਼ਸ਼ਿਸ਼ ਕੀਤੇ ਹੋਏ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰਕੇ, ਇਸ ਅਨੁਸਾਰ ਆਪਣੀ ਜ਼ਿੰਦਗੀ ਰੂਪ- ਰਾਤ ਗੁਜ਼ਾਰਿਆਂ ਹੀ ਬਣਿਆ ਹੈ ਅਤੇ ਬਣੇਗਾ। (ਚਲਦਾ)

ਜਸਬੀਰ ਸਿੰਘ ਵੈਨਕੂਵਰ
.