.

ਗੁਰਬਾਣੀ ਦਾ ਸਾਰ ਤਤ ਗੁਰਬਾਣੀ ਉਪਦੇਸ਼ਾਂ ਅਨੁਸਾਰ

ਭਾਗ ਪਹਿਲਾ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਮ ਧਰਮ ਦਾ ਉਪਦੇਸ਼ ਦਿੰਦੀ ਹੈ।

ਬਲਿਓ ਚਰਾਗੁ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ॥

ਪਰਗਟ ਸਗਲ ਹਰਿ ਭਵਨ ਮਹਿ ਜਨੁ ਨਾਨਕ ਗੁਰੁ ਪਾਰਬਰਹਮ॥ ਪਨਾ ੧੩੮੭

(ਸੰਸਾਰ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਚਾਣਨ ਹੋਇਆ ਤੇ ਸੰਸਾਰ ਦੇ ਲੋਗ ਨਾਮ ਧਰਮ ਦੀ ਕਮਾਈ ਕਰਕੇ ਸੰਸਾਰ ਸਾਗਰ ਤੋਂ ਪਾਰ ਹੋਣ ਲਗੇ। ਪਾਰਬ੍ਰਹਮ ਦਾ ਰੂਪ ਗੁਰੂ ਨਾਨਕ ਸਾਰੇ ਜਗਤ ਵਿੱਚ ਪਰਗਟ ਹੋਇਆ)।

ਗੁਰਬਾਣੀਂ ਵਿੱਚ ਵਰਤਿਆ ਸਬਦੁ, ਨਾਮ, ਪਰਮ ਜਿੰਦ, ਪਰਮ ਚੇਤਨਾ ਹੈ, ਪਰਮ ਤਤ ਹੈ, ਇਕੋ ਇੱਕ ਅਸਲੀਅਤ reality ਹੈ ਨਾਮ ਨੂੰ ਗੁਰਬਾਣੀ ਇੱਕ ਏਕੰਕਾਰ ਇਕੋ ਇੱਕ ਸਦੀਵ ਸਦਾ ਸਤ, ਅਕਾਲ ਪੁਰਖ ਪਾਰਬ੍ਰਹਮ ਕਹਿੰਦੀ ਹੈ। ਨਾਮ Supreme Life Consciousness ਹੈ ਪਰਮ ਚੇਤਨਾ ਹੈ।

ਗੁਰਮਤਿ ਨਾਮ

ਗੁਰਬਾਣੀ ਵਿਚ, ਨਾਮ ਸਿਰਜਨਹਾਰ, ਇਕੋ ਇੱਕ ਅਬਿਨਾਸੀ ਹਸਤੀ ਅਕਾਲ ਪੁਰਖ ਪਾਰਬ੍ਰਹਮ, ਤੇ ਹੁਕਮ ਬੋਧਕ ਸਬਦ ਹੈ (ਭਾਈ ਕਾਹਨ ਸਿੰਘ)। ਨਾਮ ਦੀ ਕਰਨ ਕਰਾਵਨ ਹਾਰ ਸਮਰਥਾ ਹੁਕਮ ਹੈ। ਜਦੋਂ ਗੁਰਬਾਣੀ ਕਹਿੰਦੀ ਹੈ, ‘ਨਾਮੇ ਉਪਜੇ ਨਾਮੇ ਬਿਨਸੇ ਜਾ ‘ਹੁਕਮੇ ਜਮਨ ਹੁਕਮੇ ਮਰਨਾ’ ਤਾਂ ਦੋਨੋਂ ਤੁਕਾਂ ਨਾਮ ਦੀ ਸਮਰਥਾ ਹੀ ਸਮਝਾ ਰਹੀਆਂ ਹਨ।

ਨਾਮ ਸੁਘੜ ਸੁਜਾਨ ਵਡੀ ਤੋਂ ਵਡੀ, ਰੂਪ ਰੇਖ ਰੰਗ ਤੋਂ ਨਿਆਰੀ, ਸੰਪੂਰਨ ਸ਼ਖਸੀਅਤ ਹੈ।

ਗੁਰੂ ਨਾਨਕ ਸਾਹਿਬ ਨੇ ਸਨ ੧੫੩੯ ਵਿੱਚ ਜੋਗੀਆਂ ਨਾਲ ਗਿਆਨ ਚਰਚਾ ਕੀਤੀ ਤੇ ਜੋਗ ਮਾਰਗ ਤੇ ਗੁਰਮਤਿ ਭਗਤੀ ਮਾਰਗ ਦੇ ਭੇਦ ਸਮਝਾਏ। ਗੁਰੂ ਜੀ ਨੇ ਇਸ ਗੋਸ਼ਟੀ ਨੂੰ ਬਾਣੀ ਸਿਧ ਗੋਸ਼ਟ ਵਿੱਚ ਦਰਜ ਕੀਤਾ।

ਗੁਰੂ ਜੀ ਨੇ ਗੁਰਬਾਣੀ ਵਿੱਚ ਵਰਤੇ ਅਖਰਾਂ, ਨਾਮ, ਨਾਮੁ ਜੋਤਿ, ਤਤੁ, ਸੁੰਨ, ਅਨਹਦ ਧੁਨੀਂ ਦੀ ਵਿਚਾਰ ਕਰਦਿਆਂ ਕਿਹਾ ਕਿ ਇਹੀ ਅਖਰ ਜੋਗ ਮਤ ਤੇ ਬੇਦ ਮਤ ਵਿੱਚ ਭੀ ਵਰਤੇ ਗਏ ਹਨ ਪਰੰਤੂ ਗੁਰਮਤਿ ਦੇ ਇਹ ਅਖਰ ਸੰਸਾਰ/ਕਾਇਨਾਤ ਤੋਂ ਉਪਰ ਚਉਥੇ ਪਦ ਦੀ ਅਵਸਥਾ ਅਕਾਲ ਪੁਰਖ ਪਾਰਬ੍ਰਹਮ ਨੂੰ ਬਿਆਨ ਕਰਦੇ ਹਨ। ਜੋਗਮਤ/ਬੇਦਬਾਣੀ ਦੇ ਇਹ ਹੀ ਅਖਰ, ਅਕਾਲ ਪੁਰਖ ਦੀ ਉਪਾਈ ਤ੍ਰੈ ਗੁਣ ਮਾਇਆ ਸੰਸਾਰ ਨੂੰ ਬਿਆਨ ਕਰਦੇ ਹਨ ਜੋ ਤੀਜੇ ਪਦ ਦੀ ਅਵਸਥਾ ਹੈ। ਇਸ ਵਿਚਾਰ ਨੂੰ ਸਮਝਣ ਲਈ ਸਿਧ ਗੋਸ਼ਟ ਦੇ ਕੁੱਝ ਪਦਿਆਂ ਦੀ ਵਿਚਾਰ ਅਸੀਂ ਇਸੇ ਲੇਖ ਵਿੱਚ ਕਰਾਂਗੇ।

ਹੇਠਾਂ ਅਸੀਂ ਗੁਰਬਾਣੀ ਵਿੱਚ ਨਾਮ ਲਈ ਵਰਤੇ ਅਖਰਾਂ ਦੇ ਅਰਥ ਕੀਤੇ ਹਨ।

ਨਾਮ ਤਤੁ

ਨਾਮ ਤਤੁ ਹੈ, – ਤਤ ਦਾ ਅਰਥ ਹੈ ਅਸਲੀਅਤ reality ਸਤ ਸਦਾ ਸਤ, ਨਾਮ, ਅਕਾਲ ਪੁਰਖ। ਨਾਮ ਤਤੁ ਚੇਤਨ ਸਰੂਪ ਹੈ ਪਰਮ ਚੇਤਨਾ, supreme consciousness ਹੈ, ਸਭ ਜਗਤ ਦਾ ਮੂਲ ਕਾਰਨ ਹੈ। ਸਭ ਜਗਤ, ਜੀਵ ਜੰਤ ਨਾਮ/ਹੁਕਮ ਤਤੁ ਤੋਂ ਉਪਜਦੇ ਪਲਦੇ ਮਰਦੇ ਹਨ। ਨਾਮ ਤਤੁ, ਸਭ ਤੋਂ ਉਪਰ ਚੌਥੇ ਪਦ ਦਾ ਪਰਮ ਤਤੁ ਹੈ।

ਨਾਮ ਤਤੁ ਸਭ ਹੀ ਸਿਰਿ ਜਾਪੈ॥ ਬਿਨੁ ਨਾਵੈ ਦੁਖੁ ਕਾਲ ਸੰਤਾਪੈ॥ ਪੰਨਾ ੯੪੩

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥ ਪੰਨਾ ੯੨੦

(ਸਿਮ੍ਰਤਿ ਸਾਸਤ੍ਰ ਸੰਸਾਰ ਤ੍ਰੈਗੁਣ ਮਾਇਆ ਦੇ ਮਾਇਆ ਤਤ ਦੇ ਪੁਨਾਂ ਪਾਪਾਂ ਦੀ ਵਿਚਾਰ ਕਰਦੇ ਹਨ। ਸੰਸਾਰ ਤੋਂ ਪਾਰ ਨਾਮ ਨੂੰ ਉਹ ਨਹੀਂ ਜਾਨਦੇ। ਨਾਮ ਤਤੁ ਚਉਥੇ ਪਦ ਦੇ ਪਰਮ ਤਤ ਦੀ ਸਮਝ ਪੂਰੇ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ)

ਤਤੁ ਨਿਰੰਜਨੁ ਜੋਤਿ ਸਬਾਈ ਪੰਨਾ ੫੯੯

(ਨਾਮ ਪਰਮ ਤਤ ਮਾਇਆ ਤੋਂ ਨਿਰਲੇਪ ਹੈ। ਉਸ ਦੀ ਪਰਮ ਜੋਤਿ ਪਰਮ ਚੇਤਨਾ ਸਭ ਵਿੱਚ ਹੈ)

ਗੁਰਬਾਣੀ ਅਨੁਸਾਰ ਨਾਮ ਇਕੋ ਇੱਕ ਅਬਿਨਾਸੀ ਸਦ ਜੀਵਤ, ਅਕਾਲ਼ ਪੁਰਖ, ਪਰਮ ਚੇਤਨਾ ਹੈ। ਜੋਤਿ ਦੇ ਅਰਥ ਹਨ ਪਰਮਚੇਤਨਾ ਚੇਤਨਯ, supreme consciousness, ਪਰਮਾਤਮਾ, ੧- ਏਕੰਕਾਰ ਪਾਰਬ੍ਰਹਮ। ਪਰਮਾਤਮਾ ਸੰਸਾਰ ਤੋਂ ਉਪਰ ਪਰਮ ਚੇਤਨਾ ਹੈ, ਜੀਵਆਤਮਾ ਤ੍ਰੈਗੁਣ ਸੰਸਾਰ ਦੀ ਚੇਤਨਾ ਹੈ। ਆਤਮਾ, ਰੂਹ ਪ੍ਰਾਣੀਆਂ ਵਿੱਚ ਤਤਵ ਹੈ ਜਿਸ ਤੋਂ ਮਨੁਖ ਦੀ ਬੁਧੀ, ਸਰੀਰ, ਭਾਵਨਾਵਾਂ feelings and emotios ਉਪਜੇ ਹਨ। ਮਨੁਖ ਦਾ ਜੀਵਨ ਭਾਵਨਾਵਾਂ ਮਤ, ਬੁਧ, mind. feelings and emotions ਤੇ ਆਧਾਰਿਤ ਹੈ। ਚੇਤਨਾ ਦਾ ਅਰਥ ਹੈ, ਜਿੰਦ, ਜਾਨ, ਹੋਸ਼, ਚੇਤਨਤਾ, consciousness । ਮਨੁਖ ਦੀ ਚੇਤਨਾ ਅਥਵਾ ਜੀਵਆਤਮਾ; ਪਰਮਾਤਮਾ ਪਰਮਚੇਤਨਾ ਤੋਂ ਉਪਜੀ ਹੈ। ਜੀਵਆਤਮਾ ਹੁਕਮ ਵਿੱਚ ਕਾਰ ਕਰਦੀ ਹੈ। ਜੀਵਆਤਮਾ ਪਰਮਾਤਮਾ ਦੀ ਕਠਪੁਤਲੀ ਹੈ।

ਪਰਮਾਤਮਾ, ਨਾਮ, ਜੋਤਿ ਰੂਪ ਹੈ

ਜੋਤਿ ਰੂਪਿ ਹਰਿ ਆਪ ਗੁਰੂ ਨਾਨਕੁ ਕਹਾਯਉ॥ ਪੰਨਾ ੧੪੦੮

ਤਾ ਤੇ ਅੰਗਦੁ ਭਯਉ ਤਤ ਸਿਉ ਤਤ ਮਿਲਾਯਉ॥

(ਜੋਤਿ ਰੂਪ ਹਰਿ ਨੇ ਅਪਨੇ ਆਪ ਨੂੰ ਗੁਰੂ ਨਾਨਕ ਕਹਾਇਆ। ਗੁਰੂ ਨਾਨਕ ਸਾਹਿਬ ਨੇ ਤਤ ਨਾਲ ਤਤ ਮਿਲਾਇਆ ਤੇ ਗੁਰੁ ਜੋਤਿ ਨੂੰ ਗੁਰੂ ਅੰਗਦ ਦੇ ਅੰਦਰ ਵਸਾ ਦਿਤਾ।)

ਜੋਤਿ ਦਾ ਅਰਥ ਹੈ ਤਤੁ ਅਸਲੀਅਤ। ਤਤ ਦਾ ਅਰਥ ਹੈ ਅਸਲੀਅਤ, ਜਗਤ ਦਾ ਮੂਲ ਕਾਰਨ।

ਸਾਰਾ ਸੰਸਾਰ ਨਾਮ ਤਤ/ਨਾਮ ਜੋਤਿ ਤੋਂ ਉਪਜਿਆ ਤੇ ਨਾਮ ਦੇ ਆਸਰੇ ਹੈ।

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ੨੮੪

(ਗੁਰੂ ਜੀ ਉਪਦੇਸ ਦੇ ਰਹੇ ਹਨ ਕਿ ਸੰਸਾਰ ਦੇ ਸਭ ਜੀਵ ਜੰਤ ਨਾਮ ਜੋਤਿ ਪਰਮ ਚੇਤਨਾ ਤੋਂ ਜੰਮਦੇ ਪਲਦੇ ਮਰਦੇ ਹਨ ਤੇ ਨਾਮ ਦੇ ਆਸਰੇ ਹਨ। ਸੰਸਾਰ ਦੇ ਸਾਰੇ ਧਰਮ ਤੇ ਗਿਆਨ ਧਿਆਨ ਵੀ ਨਾਮ ਤੋਂ ਹੀ ਉਪਜੇ ਹਨ ਨਾਮ ਦੀ ਉਪਾਈ ਮਾਇਆ ਹਨ। ਇਹ ਸਭ ਨਾਮ, ਕਰਤੇ ਦਾ ਕੂੜ ਰੂਪ ਹਨ।) ਇਸ ਪਦੇ ਦੀ ਅੰਤਮ ਤੁਕ ਵਿੱਚ ਗੁਰੂ ਜੀ ਕਹ ਰਹੇ ਹਨ ਸੰਸਾਰ ਰੂਪ ਮਾਇਆ ਤੇ ਜਨਮ ਮਰਨ ਦੇ ਗੇੜ ਵਿਚੋਂ ਉਹ ਮਨੁਖ ਨਿਕਲ ਸਕਦਾ ਹੈ ਜਿਸ ਨੂੰ ਉਹ ਕਿਰਪਾ ਕਰਕੇ ਗੁਰਮਤਿ ਨਾਮ ਸਿਮਰਨ ਕਰਨ ਵਿੱਚ ਲਾ ਦਿੰਦਾ ਹੈ ਉਹ ਚੌਥੇ ਪਦ ਵਿੱਚ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ।)

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥ ੨੮੪

ਕੁਝ ਅਰਥ ਭਾਈ ਕਾਹਨ ਸਿੰਘ ਮਹਾਂਨਕੋਸ਼ ਵਿਚੋਂ ਤੇ ਗੁਰਬਾਣੀ ਤੋਂ

ਜੀਵਆਤਮਾ ਚੈਤਨਯਰੂਪ ਰੂਹ ਪ੍ਰਾਣੀਆਂ ਵਿੱਚ ਤਤਵ ਹੈ। ਮਨੁਖਾਂ ਵਿੱਚ ਓਹ ਹਸਤੀ ਹੈ ਜਿਸ ਤੋਂ ਮੈਂ ਮੇਰੀ ਦਾ ਬੋਧ ਹੁੰਦਾ ਹੈ, ਜਿੰਦ, ਜਾਨ ਚੇਤਨਾ consciousness

ਪਰਮਾਤਮਾ, ਪਾਰਬ੍ਰਹਮ, ਵਾਹਿਗੁਰੂ ਪਰਮ ਤਤ ਹੈ। ਨਾਮੁ ਜਗਤਜੀਵਨ ਦਾ ਮੂਲ ਤੇ ਆਧਾਰ ਹੈ। ਗੁਰਬਾਣੀ ਉਪਦੇਸ ਹੈ ਸੰਸਾਰ ਤੇ ਜੀਵ ਜੰਤ ਨਾਮੁ ਪਰਮ ਚੇਤਨਾ ਤੋਂ ਪੈਦਾ ਹੁੰਦੇ ਹਨ ਤੇ ਨਾਮੁ ਹੀ ਉਨ੍ਹਾਂ ਨੂੰ ਖੈ ਕਰਦਾ ਹੈ।

ਗੁਰਮੁਿਖ ਭਗਤੁ ਗੁਰਮਤਿ ਨਾਮ ਜਪ/ਸਿਮਰਨ/ਅਰਾਧਨਾ/ਧਿਆਨ ਕਰਕੇ ਸਚ/ ਨਾਮੁ ਪਰਮ ਚੇਤਨਾ ਵਿੱਚ ਸਮਾ ਜਾਂਦਾ ਹੈ।

ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ॥ ਪੰਨਾ ੨੪੬

ਨਾਮ ਜੋਤਿ, ਪਰਮ ਜੋਤਿ ਹੈ, ਨਿਰਮਲ ਹੈ Supreme Pure Consciousness, ਹੈ। ਨਾਮ ਜੋਤਿ ਨਿਰਮਲ ਹੈ ਤੇ ਸਦਾ ਨਿਰਮਲ ਰਹਿੰਦੀ ਹੈ, ਇਸ ਨੁੰ ਸੰਸਾਰ ਰੂਪ ਮਾਇਆ ਦੇ ਅਉਗਣਾਂ ਦੀ ਮੈਲ ਨਹੀਂ ਲਗਦੀ। ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਅਲੇਪ ਹੈ। ਨਾਮ ਨਿਰੰਜਨ, ਨਿਰਮਲ, ਨਿਰਾਕਾਰ ਹੈ। ਸਰੀਰ ਤੇ ਮਨ ਵਿੱਚ ਵਸਦਾ ਹੈ ਤੇ ਜਿੰਦ, ਚੇਤਨਾ, ਜੀਵਾਤਮਾ ਨੂ ਜਨਮ ਦਿੰਦਾ ਹੈ।

ਓਅੰਕਾਰ

੧-ਏਕੰਕਾਰ ਨਾਮ ਨੇ ਸੁੰਨ ਅਵਸਥਾ ਤੋਂ ਹੁਕਮ ਨਾਲ ਸਬਦੁ ਧੁੰਨ ਉਚਾਰੀ ਤੇ ਆਤਮ ਪਸਾਰਾ ਕੀਤਾ।

ਨਾਮ ਸਾਰੇ ਸੰਸਾਰ ਦਾ ਰਬ, ਅਲਾ, ਭਗਵਾਨ, ਗੌਡ, ਹੈ। ਸਾਰੇ ਸੰਸਾਰ ਵਿੱਚ ਓਅੰਕਾਰ/ਅਨਹਦ ਸੰਗਤਿਕ ਧੁੰਨੀੰਆਂ ਦੇ ਰੂਪ ਵਿੱਚ ਗੁਪਤ ਪਸਰਿਆ ਹੈ। ਨਾਮ ਰੂਪ ਅਨਹਦ ਧੁਨੀਆਂ; ਏਕੰਕਾਰ ਦਾ ਆਤਮ ਪਸਾਰਾ ਹੈ ਪਰਮਾਤਮਾਂ ਹੈ, ਜੀਵਾਤਮਾਂ ਨੂੰ ਉਪਾਵਨ ਵਾਲੀ ਹਸਤੀ ਹੈ।

ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰਿ ਕੀਆ ਜਿਨਿ ਚਿਤਿ॥ ਚਿਤਿ= ਸੰਸਾਰ ਦੀ ਚਤੇਨਾ।

ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥

ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ ਪੰਨਾ ੯੩੦

(ਏਥੇ ਗੁਰੂ ਜੀ ੧-ਏਕੰਕਾਰ, ਨਾਮੁ ਜੋਤਿ ਦੇ ਸੰਸਾਰ ਵਿੱਚ ਆਤਮ ਪਸਾਰੇ ਵਾਲੇ ਸਬਦੁ ਓਅੰਕਾਰਿ ਅਨਹਤ ਸਬਦੁ, ਅਨਹਦ ਧੁਨੀਆਂ ਦੀ ਵਿਚਾਰ ਸਮਝਾ ਰਹੇ ਹਨ। ਓਅੰਕਾਰਿ ਧੁਨੀਆਂ ਤੋਂ ਸੰਸਾਰ ਦੀ ਭਰਮ ਭੈ ਵਾਲੀ ਚੇਤਨਾ ਤੇ ਜੀਵਾਤਮਾਵਾਂ ਦਾ ਜਨਮ ਹੋਇਆ। ਗੁਰੂ ਜੀ ਤੋਂ ਉਪਦੇਸ ਲੈ ਕੇ ਤੇ ਗੁਰਮੰਤ੍ਰ ਨਾਮ, ਦਾ ਸਿਮਰਨ ਕਰਕੇ ਗੁਰਮੁਖਾਂ ਨੂੰ ਓਅੰਕਾਰ ਧੁਨੀਆਂ ਸੁਣੀਆਂ ਓਅੰਕਾਰ ਦੀ ਪਛਾਨ ਹੋਈ, ਤੇ ਓਹ ਸੰਸਾਰ ਸਾਗਰ ਤੋਂ ਪਾਰ ਹੋਏ।

ਪੂਰੇ ਗਰੂ ਤੋਂ ਸੀਖਿਆ ਦੀਖਿਆ, ਨਾਮ ਉਪਦੇਸ਼ ਲੈ ਕੇ ਗੁਰਮੰਤਰ ਜਾਂ ਗੁਰਸਬਦ, ਵਾਹਿਗੁਰੂ ਦਾ, ਜਪ, ਸਿਮਰਨ, ਧਿਆਨ ਕਰ ਕੇ ਉਸ ਨਾਮ ਜੋਤਿ/ਅਨਹਦ ਧੁਨੀਆਂ ਨੂੰ ਸਰੀਰ ਅੰਦਰ ਦੇਖਿਆ ਪਛਾਣਿਆ ਜਾ ਸਕਦਾ ਹੈ। ਸਰੀਰ ਦੇ ਅੰਦਰ, ਹਿਰਦੇ ਵਿੱਚ ਧਿਆਨ ਰਖ ਕੇ ਉਸ ਦਾ ਸਿਮਰਨ, ਮਨ ਦੀ ਖੋਜ ਹੈ। ਨਾਮ, ਸੰਸਾਰ ਦਾ ਅਸਲੀ ਰਬ ਹੈ, ਘਟ ਘਟ ਵਾਸੀ ਹੈ। ਹਰੀ ਜਾਂ ਨਾਮ ਨੂੰ ਪਾਉਣ ਦਾ ਰਸਤਾ (ਹਰਿ ਮਾਰਗ ਸਾਧੁ ਦਸਿਆ ਜਪੀਅੇ ਗੁਰਮੰਤਰ)। ਬ੍ਰਹਮ/ਨਾਮ ਦੀ ਪਛਾਨ ਪਹਿਲਾਂ ਅੰਤਰਗਤ ਹੁੰਦੀ ਹੈ।

ਅੰਤਰਗਤਿ ਜਿਸੁ ਆਪਿ ਜਨਾਏ॥ ਨਾਨਕ ਤਿਸੁ ਜਨ ਆਪਿ ਬੁਝਾਏ॥ ਪੰਨਾ ੨੯੪

ਨਾਮ ਸੰਸਾਰ ਦੇ ਤਤਾਂ ਤੋਂ ਉਪਰ ਪਰਮ ਤਤ ਹੈ। ਨਾਮ ਇਕੋ ਇੱਕ ਜੀਵਨ ਜੋਤਿ, ੧ ਏਕੰਕਾਰ ਅਬਿਨਾਸੀ ਹਸਤੀ ਹੈ, ਅਕਾਲ ਪੁਰਖ ਹੈ, ਪਾਰਬ੍ਰਹਮ ਹੈ।

ਨਾਮ ਰੂਖ ਰੇਖ ਰੰਗ ਤੋਂ ਨਿਆਰਾ ਹੈ, ਨਿਰਭਉ, ਨਿਰਵੈਰ, ਸੈਭੰ ਹੈ, ਪੂਰਨ ਪੁਰਖ ਹੈ, ਪਰਮ ਜਿੰਦ, ਹੋਸ਼ ਵਾਲੀ ਹਸਤੀ, ਗਿਆਨ ਸਰੂਪ, ਆਨੰਦ ਸਰੂਪ, ਬਖਸ਼ੰਦ ਹੈ, ਗੁਣੀ ਨਿਧਾਨ ਹੈ।

ਗੁਰਬਾਣੀ ਅਨੁਸਾਰ ੧-ਇਕ ਏਕੰਕਾਰ ਅਕਾਲ ਪੁਰਖ ਹੈ।

ਓਅੰਕਾਰ ਸਬਦ ਧੁੰਨ, ਏਕੰਕਾਰ ਦਾ ਸੰਸਾਰ ਵਿੱਚ ਆਤਮ ਪਸਾਰਾ ਹੈ, ਓਅੰਕਾਰ ਅਕਾਲ ਨਹੀਂ। ਇੱਕ ਕਾਲ ਚਕਰ ਤੋਂ ਬਾਦ ਏਕੰਕਾਰ ਵਿੱਚ ਸਮਾ ਜਾਂਦਾ ਹੈ। ਓਅੰਕਾਰ ਸੰਸਾਰ ਰਹਿੰਦਿਆਂ ਸਤ ਹੈ। ਗੁਰਬਾਣੀ ਵਿੱਚ ਗੁਰੂ ਜੀ ਨੇ ਏਕੰਕਾਰ ਤੇ ਓਅੰਕਾਰ ਦੇ ਵਖ ਵਖ ਅਰਥ ਕੀਤੇ ਹਨ।

ਸ਼ਾਡੇ ਬੁਧੀ ਜੀਵਿਆਂ ਨੇ ੧ ਓਅੰਕਾਰ ਨੂੰ ਇੱਕ ਅਖਰ ਬਣਾ ਦਿਤਾ।

ਇਸੇ ਤਰਾਂ ਗੁਰਬਾਣੀ ਦੇ ਓਅੰਕਾਰ ਤੇ ਬੇਦ ਬਾਣੀ ਦੇ ਅਖਰ ਓਮ/ਓਮਕਾਰ ਦਾ ਭੇਦ ਸਾਡੇ ਟੀਕਾਕਾਰ ਸਮਝ ਨਹੀਂ ਸਕੇ। ਗੁਰੂ ਨਾਨਕ ਸਾਹਿਬ ਨੇ ਓਮਕਾਰ ਨੂੰ ਮਾਇਆ ਦਾ ਜੰਜਾਲ ਦਸਿਆ। ਬੇਦ ਮਤ ਦੇ ਅਖਰ ਓਮਕਾਰ ਨੂੰ ਉਪਾਵਨ ਵਾਲਾ ਗੁਰਬਾਣੀ ਦਾ ਅਖਰ ਓਅੰਕਾਰ ਹੈ।

ਪਾ ੧੦ਵੀਂ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਗੁਰਬਾਣੀ ਦੇ ਅਰਥ ਵਿਚਾਰ ਕਰਨ ਵਾਲ਼ੇ ਨਿਰਮਲੇ ਤੇ ਉਦਾਸੀ ਵਿਦਵਾਨ ਸਨ ਜੋ ਬੇਦ ਬਾਣੀ ਨੂੰ ਸਤ ਮੰਨਦੇ ਸਨ। ਇਹਨਾ ਨੇ ਗੁਰਬਾਣੀ ਵਿਚਾਰ ਵਿੱਚ ਤ੍ਰੈ ਗੁਣੀ ਸੰਸਾਰ ਦੀ ਬੇਦ ਬਾਣੀ ਰਲਾ ਦਿਤੀ। ਸਾਡੇ ਵਿਦਵਾਨ ਇਸ ਧੋਖੇ ਨੂੰ ਸਮਝ ਨਹੀਂ ਸਕੇ। ਗੁਰਬਾਣੀ ਦੇ ਟੀਕਿਆਂ ਵਿੱਚ ਬਹੁਤ ਗਲਤੀਆਂ ਇਸ ਲਈ ਹਨ ਕਿ ਗੁਰਸਿਖਾਂ ਦੀ ਕਥਾਂ ਵਿਚਾਰ ਦਾ ਸਰੋਤ ਨਿਰਮਲੇ ਤੇ ਉਦਾਸੀ ਰਹੇ ਹਨ। ਸਿਖ ਧਰਮ ਦੇ ਵਿਰੋਧੀ ਗੁਰਬਾਣੀ ਦੇ ਟੀਕੇ ਕਰਕੇ ਸਾਬਤ ਕਰਨ ਦੀ ਕੋਸ਼ਿਸ਼ਿ ਵਿੱਚ ਹਨ ਕਿ ਗੁਰਬਾਣੀ ਦਾ ਮੂਲ ਬੇਦ ਬਾਣੀ ਹੈ ਜਦਕਿ ਗੁਰਬਾਣੀ ਬੇਦ ਬਾਣੀ ਨੂੰ ਤ੍ਰੈ ਗੁਣ ਮਾਇਆ ਦੀ ਕਚੀ ਬਾਣੀ ਕਹਿੰਦੀ ਹੈ।

ਸਾਡੇ ਟੀਕਿਆਂ ਨੂੰ ਗੁਰਬਾਣੀ ਅਨੁਕੂਲ ਕਰਨਾਂ ਸਾਡੇ ਬੁਧੀ ਜੀਵਿਆਂ ਲਈ ਬਹੁਤ ਜ਼ਰੂਰੀ ਹੈ।

ਹੁਕਮ

ਹੁਕਮ ਨਾਮ ਦੀ ਕਰਨ ਕਰਾਵਨ ਹਾਰ ਸਮਰਥਾ ਹੈ। ਸੰਸਾਰ ਦੇ ਸਾਰੇ ਕਮ ਉਸ ਦਾ ਗੁਣ ਹੁਕਮ ਕਰਦਾ ਹੈ। ਹੁਕਮ ਤੋਂ ਬਾਹਰ ਕੋਈ ਨਹੀਂ। ਨਾਮ ਤੇ ਹੁਕਮ ਇੱਕ ਹੀ ਹਨ।

ਸੁੰਨ ਸਮਾਧ ਵਿੱਚ ਨਾਮ

ਬੇਅੰਤ ਸਮਾਂ ਨਾਮ ਜੋਤਿ ਸੁੰਨ ਸਮਾਧ ਵਿੱਚ ਰਹੀ, ਉਦੋਂ ਸੰਸਾਰ, ਸਮਾਂ ਆਗਾਸ ਆਦਿ ਨਹੀਂ ਸਨ, ਪੁਰੀ ਸ਼ਾਂਤੀ ਸੀ, ਆਵਾਜ਼, sound ਨਹੀਂ ਸੀ। ਥਿਰ, ਅਡੋਲ ਅਵਸਥਾ ਸੀ।

ਨਾਮਿ ਜੋਤਿ ਦਾ ਸੰਸਾਰ ਵਿੱਚ ਆਤਮ ਪਸਾਰਾ

ਜਦੋਂ ੧-ਇਕ, ਏਕੰਕਾਰ, ਨਾਮ ਦੀ ਸੰਸਾਰ ਸਾਜਨ ਤੇ ਵਖ ਵਖ ਰੂਪ ਧਾਰ ਕੇ ਆਪ ਖੇਡਨ ਦੀ ਮਰਜ਼ੀ ਹੋਈ ਤਾਂ ਉਸਨੇਂ ਹੁਕਮ ਨਾਲ ਓਅੰਕਾਰ ਧੁੰਨ Sound ਉਚਾਰੀ। ਧੁੰਨ ਬਿਨਾ ਵਜਾਈ ਸੰਗੀਤਕ ਧੁੰਨ ਹੈ। ਅਨਹਤ ਧੁੰਨ ਵਿੱਚ ਆਵਾਜ਼ ਹੈ, ਜਿਸ ਤੋਂ ਅਨਹਦ, ਅਨੇਕਾਂ ਸੰਗੀਤਕ ਧੁਨਾਂ ਚਲੀਆਂ ਤੇ ਚਲੀ ਜਾ ਰਹੀਆਂ ਹਨ। ਇਸ ਤੋਂ ਸਮਾਂ, ਸਪੇਸ ਵਧਨ ਲਗੇ, ਨਾਮ ਜੋਤਿ ਦਾ ਸੰਸਾਰ ਵਿੱਚ ਪਸਾਰਾ ਹੋਣ ਲਗਾ, (ਸਰਬ ਜੋਤਿ ਤੇਰੀ ਪਸਰ ਰਹੀ) ਤੇ ਜੀਵ ਜੰਤਾਂ ਦੇ ਰੂਪ ਧਾਰ ਕੇ ਨਾਮ, ਏਕੰਕਾਰ ਕਰਤੇ ਨੇ ਆਪ ਖੇਡਨਾਂ ਸ਼ੁਰੂ ਕੀਤਾ। ਸੰਸਾਰ ਤੇ ਜੀਵ ਜੰਤ, ਨਾਮ ਦਾ ਕੂੜ ਰੂਪ ਹੈ, ਮਾਯਾਵੀ ਸਰੂਪ ਹੈ, ਹਉਂ ਦੇ ਭਰਮ ਕਰਕੇ ਮਨੁਖ ਨੂੰ ਸੰਸਾਰ ਸਤ ਲਗਦਾ ਹੈ। ਧੁੰਨਾਂ, ਸਬਦ ਨਾਮ ਦੀਆਂ ਤਰੰਗਾਂ ਜਾ ਲਹਿਰਾਂ ਹਨ। (ਪਸਰਿਓ ਆਪ ਹੋਇ ਅਨਤ ਤਰੰਗ)। ਅਨਹਦ ਸਬਦੁ ਸੰਸਾਰ ਵਿੱਚ ਨਾਮ ਜੋਤਿ ਅਕਾਲ ਪੁਰਖ ਦਾ ਆਤਮ ਪਸਾਰਾ ਹੈ।

ਸੰਸਾਰ ਤੇ ਜੀਵਾਂ ਦੀ ਉਤਪਤੀ ਨਾਮ ਜੋਤਿ ਨੇ ਅਪਨੇ ਆਤਮ ਪਸਾਰੇ ਵਾਲੇ ਸਰੂਪ ਓਅੰਕਾਰ ਧੁਨੀਆਂ, ਅਨਹਦ ਸਬਦ ਤੋਂ ਕੀਤੀ। ਸੰਸਾਰ ਕਰਤੇ ਦੀ ਮਾਇਆ ਹੈ। ਨਿਰਗੁਣ ਬ੍ਰਹਮ ਸੰਸਾਰ ਦੇ ਵਖ ਵਖ ਰੂਪ ਧਾਰ ਕੇ ਆਪ ਖੇਡ ਰਿਹਾ ਹੈ। ਨਿਰਗੁਣ ਬ੍ਰਹਮ ਤੇ ਬ੍ਰਹਮ ਦੇ ਵਖ ਵਖ ਸਰਗੁਣ ਸਰੂਪ ਸੰਸਾਰ ਵਿੱਚ ਹਮੇਸ਼ਾ ਇਕਠੇ ਚਲ ਰਹੇ ਹਨ।

ਹਉਂ ਮੈ

ਮਨੁਖ ਦੀ ਜੀਵਨ ਜੋਤਿ, ਜੀਵਆਤਮਾਂ, ਚੇਤਨਾ ਵਿੱਚ ਹਉਂ ਦਾ ਭਰਮ ਤੇ ਕਰਤੇ ਦਾ ਭੈ ਹੈ। ਭਰਮ ਕਰਕੇ ਮਨੁਖ ਕਹਿੰਦਾ ਹੈ, ‘ਮੈਂ ਹਾਂ’, ਇਹ ਸਰੀਰ ਮੇਰਾ ਹੈ ਆਦਿ। ਮਨੁਖ, ਜੀਵਆਤਮਾ ਅਪਣਾ ਸੁਤੰਤਰ ਵਜੂਦ ਸਮਝਦਾ ਹੈ ਇਹ ਮਨੁਖ ਦਾ ਭਰਮ ਹੈ। ਮਨੁਖ ਨੂੰ ਆਪਨੇ ਸਰੀਰ ਵਿੱਚ ਉਪਾਵਨਹਾਰ ਨਾਮ ਜੋਤਿ ਦੇ ਆਤਮ ਪਸਾਰੇ ਵਾਲੇ ਸਰੂਪ, ਓਅੰਕਾਰ, ਦੀਆਂ ਧੁਨੀਆਂ ਦੀ ਪਛਾਣ ਨਹੀਂ ਤੇ ਅਨਹਦ ਸੰਗੀਤਕ ਧੁਨੀਆਂ ਨਹੀਂ ਸੁਣਦੀਆਂ।

ਨਾਮ ਦਾ ਭੈ, ਕਰਤੇ ਦਾ ਹੁਕਮ, ਮਨੁਖ ਦੀ ਚੇਤਨਾ ਵਿੱਚ ਵਸਿਆ ਹੈ। ਮਨੁਖ ਨੂੰ ਹੁਕਮ ਦੀ ਪਛਾਣ ਨਹੀਂ। ਮਨੁਖ ਸਮਝਦਾ ਹੈ ਸੰਸਾਰ ਵਿੱਚ ਮੈਂ ਜ਼ਿਦਗੀ ਚਲਾਂਦਾ ਹਾਂ। ਮਨੁਖ ਨਹੀਂ ਜਾਨਦਾ ਕਿ ਜੀਵਨ ਦੀ ਖੇਡ ਮਨੁਖ ਦੇ ਸਰੀਰ ਅੰਦਰ, ਨਾਲ ਵਸਦੇ ਉਪਾਵਨਹਾਰ ਨਾਮ ਰੂਪ ਅਨਹਦ ਧੁਨਾਂ ਦੇ ਹੁਕਮ ਵਿੱਚ ਹੋ ਰਹੀ ਹੈ। ਜੰਮਣਾ, ਜ਼ਿਦਗੀ ਦੀ ਖੇਡ, ਦੁਖ, ਸੁਖ, ਤੇ ਮਰਨਾ ਹੁਕਮ ਤੋਂ ਹੈ। ਮਨੁਖ ਕਰਤੇ ਦੀ ਕਠਪੁਤਲੀ ਹੈ। ਭੈ ਤੇ ਭਰਮ ਮਨੁਖ ਦੇ ਹਉਂਮੇ ਵਾਲੇ ਜੀਵਨ ਦਾ ਆਧਾਰ ਹਨ। ਮਨੁਖ ਦੀ ਹਉ-ਮੈਂ ਵਾਲੀ ਚੇਤਨਾ ਵਿੱਚ ਜਨਮ ਸਮੇਂ ਤੋਂ, ਪਿਛਲੇ ਜਨਮਾ ਤੋਂ ਪਾਪਾਂ ਪੁਨਾਂ ਦੇ ਲੇਖ ਵੀ ਆਏ, ਜੋ ਕਰਤੇ ਦਾ ਹੁਕਮ ਨਿਆਂ ਹੈ। ਗੁਰਮਤਿ ਜੁਗਤੀ ਨਾਲ ਨਾਮ ਸਿਮਰਨ ਸਦਕਾ, ਨਾਮ, ਬਖਸ਼ੀਸ਼ ਕਰਕੇ, ਪਾਪਾਂ ਪੁਨਾਂ ਤੋਂ ਬਣੇ ਲੇਖ ਤੇ ਭਾਗ ਇਸ ਜਨਮ ਵਿੱਚ ਹੀ ਬਦਲ ਦਿੰਦਾ ਹੈ। ਬਖਸ਼ੀਸ਼ ਤੋਂ ਬਿਨਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ। (ਲੇਖੇ ਕਤਹਿ ਨ ਛੁਟੀਅੇ ਖਿਨ ਖਿਨ ਭੂਲਨਹਾਰ॥ ਬਖਸਨਹਾਰ ਬਖਸਿ ਲੈ, ਨਾਨਕ ਪਾਰਉਤਾਰ ਪੰਨਾ ੨੬੧ ਗ ਗ ਸ)

ਗੁਰਮਤਿ ਜੁਗਤੀ ਨਾਲ ਗੁਰਮਤਿ ਨਾਮ ਸਿਮਰਨ,

ਗੁਰਮੰਤਰ ਨਾਮ, ਵਾਹਿਗੁਰੂ, ਗੁਰਸਬਦ ਹੈ, ਸਬਦ ਗੁਰੂ ਹੈ। ਵਾਹਿਗੁਰੂ ਦੀ ਥਾਂ ਹੋਰ ਕੋਈ ਨਾਮ ਜਪਨਾ ਗੁਰਮਤਿ ਨਾਮ ਨਹੀਂ। ਨਾਮ ਦਾ ਜਪ, ਸਿਮਰਨ, ਆਰਾਧਨ, ਧਿਆਓਨਾਂ, ਗਾਓਨਾ ਇੱਕ ਹੀ ਕਿਰਿਆ ਹੈ। ਵਾਹਿਗੁਰੂ ਨਾਮ ਰਸਨਾਂ ਨਾਲ ਜਪੋ, ਬੋਲੋ, ਉਚਾਰੋ, ਧਿਆਨ/ਸੁਰਤਿ ਹਿਰਦੇ ਵਿੱਚ ਰਖੋ। ਹਿਰਦੇ ਵਿੱਚ ਧੁੰਨ ਉਪਜੇਗੀ, ਧੁੰਨ ਵਿੱਚ ਆਵਾਜ਼ ਤੇ ਤਰੰਗਾਂ ਹਨ, ਸਿਮਰਨ ਤੋਂ ਅੰਦਰ ਉਪਜੀ ਆਵਾਜ਼ ਸਬਦ ਨਾਮ ਸੁਨੋ, ਤਰੰਗਾਂ ਮਹਿਸੂਸ ਹੁੰਦੀਆਂ ਹਨ, ਸਹਜੇ ਸਹਜੇ ਮਨ ਸੁਣਨ ਵਿੱਚ ਮਗਨ ਹੋ ਜਾਂਦਾ ਹੈ, ਤੇ ਲਿਵ ਲਗਦੀ ਹੈ, ਸੰਸਾਰ ਦੇ ਹੋਰ ਸਭ ਧਿਆਨ ਹਟ ਜਾਂਦੇ ਹਨ, ਸੰਸਾਰ ਨਾਲੋਂ ਨਾਤਾ ਟੁਟ ਜਾਂਦਾ ਹੈ, ਮੈਲੇ ਮਨ ਦੀਆਂ ਤਰੰਗਾਂ ਨਾਮ ਸਿਮਰਨ ਸਦਕਾ ਸ਼ੁਧ/ਨਿਰਮਲ ਹੋ ਜਾਂਦੀਆਂ ਹਨ। ਮਨ ਸ਼ਾਤ ਸੀਤਲ ਸੁਖੀ ਰੋਗ ਰਹਿਤ ਹੁੰਦਾ ਹੈ, ਤਨ ਦੇ ਦੁਖ ਰੋਗ ਵੀ ਦੂਰ ਹੁੰਦੇ ਹਨ, ਖੁਸ਼ੀ ਦਾ ਅਹਿਸਾਸ ਹੁੰਦਾ ਹੈ।

ਦਾਸ ਨੇ ਗੁਰਮਤਿ ਜੁਗਤੀ ਨਾਲ ਨਾਮ ਸਿਮਰਨ ਦੀ ਵਿਚਾਰ ਗੁਰਬਾਣੀ ਉਪਦੇਸ਼ਾਂ ਅਨੁਸਾਰ ਤੇ ਤਜਰਬੇ ਅਨੁਸਾਰ ਕੀਤੀ ਹੈ।

ਮੇਰੀ ਸਮਸਿਆ ਇਹ ਸੀ ਕਿ ਇਸ ਨੂੰ ਕਿਸਤਰਾਂ ਗੁਰਸਿਖਾਂ ਨੂੰ demonstrate ਕਰ ਕੇ ਸਿਖਾਯਾ ਜਾਵੇ। ਗੁਰਸਿਖਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਮਤਿ ਨਾਮ ਸਿਮਰਨ ਗੁਰੂ ਜੀ ਦਾ ਸਾਰ ਉਪਦੇਸ਼ ਹੈ। ਬਿਨੁ ਸਿਮਰਨ ਗਰਧਭ ਕੀ ਨਿਆਈ॥ (ਸਿਮਰਨ ਤੋਂ ਬਿਨਾ ਖੋਤੇ ਦੀ ਨਿਆਈ ਹੈ) ਬਿਨੁ ਸਿਮਰਨ ਹੈ ਆਤਮ ਘਾਤੀ। ਪੰਨਾ ੨੩੯

ਹੁਨ ਸੁਣੋ ਮੇਰੀ ਆਪ ਬੀਤੀ। ੨੦ ਸਿਤੰਬਰ ਨੂੰ ਦਾਸ ਦੇ ਘਰ ਇੱਕ ਬਜ਼ੁਰਗ ਗੁਰਸਿਖ ਆਏ। ਉਹਨਾਂ ਨਾਲ ਗਲਬਾਤ ਕਰਦਿਆਂ ਪਤਾ ਲਗਾ ਕਿ ਛੋਟੀ ਉਮਰ ਤੋਂ ਉਹਨਾਂ ਦਾ ਧਿਆਨ ਭਗਤੀ ਵਲ ਸੀ। ਦਾਸ ਨੇ ਕਿਹਾ ਤੁਸੀਂ ਮੈਨੂੰ ਸਿਮਰਨ ਕਰ ਕੇ ਦਿਖਾਓ ਤਾ ਕਿ ਮੈਂ ਭੀ ਸਿਖ ਸਕਾਂ। ਬਹੁਤ ਆਨਾ ਕਾਨੀ ਤੋਂ ਬਾਦ ਉਹ ਰਾਜ਼ੀ ਹੋ ਗਏ, ਉਚੀ ਤੇ ਲੰਮੀ ਸੁਰ ਵਿੱਚ ਵਾਹਿਗੁਰੂ ਸਬਦੁ ਰਸਨਾ ਨਾਲ ਉਚਾਰਿਆ। ਕਹਿਣ ਲਗੇ ਦੇਖੋ ਮੇਰੇ ਉਚਾਰਨ ਦੀ ਚੋਟ ਧੁਨੀਂ ਵਿੱਚ ਵਜੀ ਹੈ ਤੇ ਸਾਰੇ ਸਰੀਰ ਵਿੱਚ ਥਰਥਰਾਹਟ ਹੋਈ ਹੈ ਤੇ ਗੁਰਸਬਦ ਦੀਆਂ ਤਰੰਗਾਂ ਚਲੀਆ ਹਨ। ਮੇਰੀ ਵਡੀ ਉਮਰ ਦੇ ਕਾਰਨ ਅਜਕਲ ਮੈਂ ਸਵੇਰੇ ਸਿਰਫ ਇੱਕ ਘੰਟਾ ਸਿਮਰਨ ਕਰਦਾ ਹਾਂ।

ਦਾਸ ਨੂੰ ਸਮਝ ਆਈ ਕਿ ਗੁਰਸਿਖਾਂ ਨੂੰ ਗੁਰਮਤਿ ਜੁਗਤੀ ਨਾਲ ਨਾਮ ਸਿਮਰਨ demonstrate ਕਰ ਕੇ ਦਿਖਾਣਾ ਜ਼ਰੁਰੀ ਹੈ। ਉਚੀ ਤੇ ਲਮੀ ਸੁਰ ਵਿੱਚ ਵਾਹਿਗੁਰੂ ਬੋਲਨਾ demonstrarion ਲਈ ਹੈ। ਧੀਮੀ ਆਵਾਜ਼ ਨਾਲ ਬੋਲਨ ਨਾਲ ਵੀ ਚੋਟ ਹਿਰਦੇ ਵਿੱਚ ਵਜੇਗੀ, ਸੁਨੀ ਤੇ ਮਹਿਸੂਸ ਵੀ ਕੀਤੀ ਜਾ ਸਕਦੀ ਹੈ। ਖੁਦ ਸਿਮਰਨ ਕਰਨ ਤੋਂ ਬਿਨਾ ਸਾਨੂੰ ਅੰਦਰ ਨਾਮ ਦੀਆਂ ਧੁਨਾਂ ਨਹੀਂ ਸੁਣ ਸਕਦੀਆਂ ਤੇ ਨਾ ਤਰੰਗਾਂ ਦਾ ਅਨੁਮਾਨ ਹੋ ਸਕਦਾ ਹੈ। ਸਿਮਰਨ ਦੀ ਸਾਰ ਓਹ ਹੀ ਜਾਣ ਸਕਦਾ ਹੈ ਜੋ ਸਿਮਰਨ ਕਰੇ, ਨਿਰੀ ਕਥਾ ਅਨੁਭਵ ਨਹੀਂ ਕਰਾ ਸਕਦੀ।

ਗੁਰਮਤਿ ਉਪਦੇਸ਼ ਅਨੁਸਾਰ ਰਸਨਾ ਨਾਲ ਵਾਹਿਗੁਰੂ ਨਾਮ ਬੋਲਨ ਨਾਲ ਸਰੀਰ ਵਿੱਚ ਤਰੰਗਾਂ ਉਠਦੀਆਂ ਹਨ। ਇਹਨਾਂ ਤਰੰਗਾਂ ਨੁੰ ਸੁਨਨ ਨਾਲ ਨਾਮ ਬੀਚਾਰ, ਗੁਰਸਬਦ ਬੀਚਾਰ ਤੇ ਬ੍ਰਹਮ ਬੀਚਾਰ ਨਾਮ ਅਭਿਆਸੀ ਨੂੰ ਕਮਾਈ ਅਨੁਸਾਰ ਹੁੰਦੀ ਹੈ। ਗੁਰਬਾਣੀ ਇਸ ਨੂੰ ਬ੍ਰਹਮ ਬੀਚਾਰ ਕਹਿੰਦੀ ਹੈ।

ਨਾਮ ਅਭਿਆਸ ਕਮਾਈ ਸਿਖ ਦੀ ਭਗਤੀ ਦਾ ਅਹਮ ਹਿਸਾ ਹੈ। ਗੁਰਬਾਣੀ ਕਹਿੰਦੀ ਹੈ। ਬਿਨ ਸਿਮਰਨੁ ਦਿਨੁ ਰੈਨਿ ਬ੍ਰਿਥਾ ਬਿਹਾਇ॥ ਪੰਨਾ ੨੬੯

ਭਗਤ ਕਬੀਰ ਨੇ ਤੇ ਗੁਰੂ ਨਾਨਕ ਸਾਹਿਬ ਨੇ ਗੁਰਮਤਿ ਸਿਮਰਨ ਦੀ ਜੁਗਤੀ ਸਮਝਾਈ ਹੈ।

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤ ਨ ਜਾਈ॥

ਤਨੁ ਕਰ ਮਟੁਕੀ ਮਨ ਮਾਹਿ ਬਿਲੋਈ॥ ਇਸ ਮਟੁਕੀ ਮਹਿ ਸਬਦੁ ਸੰਜੋਈ॥

ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅਮ੍ਰਿਤ ਧਾਰਾ॥

ਕਹੁ ਕਬੀਰ ਨਦਰਿ ਕਰੇ ਜੇ ਮੀਂਰਾ॥ ਰਾਮ ਨਾਮ ਲਗਿ ਉਤਰੇ ਤੀਰਾ॥

(ਵਾਹਿਗੁਰੂ ਨਾਮ ਰਸਨਾ ਨਾਲ ਬੋਲਨ ਨਾਲ ਧੁੰਨ ਜਾਂ ਲਹਿਰ ਸਰੀਰ ਵਿੱਚ ਉਪਜਦੀ ਹੈ ਤੇ ਸੁਨਦੀ ਹੈ। ਇਸ ਲਹਿਰ ਨੇ ਸਰੀਰ ਵਿੱਚ ਬਿਲੋਇਆ ਜਾਨਾ ਹੈ। ਹਰਿ ਕਾ ਬਿਲੋਵਨਾ ਮਨ ਦੀ ਬੀਚਾਰ ਹੈ ਜਿਸ ਤੋਂ ਬ੍ਰਹਮ ਦੀ ਸੋਝੀ ਤੇ ਗਿਯਾਨ ਹੁੰਦਾ ਹੈ)। ਪੰਨਾ ੪੭੮

ਜਪਹੁ ਤ ਏਕੋ ਨਾਮਾ॥ ਅਵਰ ਨਿਰਾਫਲ ਕਾਮਾ॥ ੧॥ ਰਹਾਉ

ਇਹੁ ਮਨੁ ਈਟੀ ਹਾਥ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ॥

ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅਮ੍ਰਿਤੁ ਪਾਵਹੁ॥

ਮਨੁ ਸੰਪਟ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਿਤ ਕਰੇ॥

ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ ਰਵਤੁ ਰਹੈ। ਪੰਨਾ ੭੨੮/੬

(ਨੇਤ੍ਰਉ-ਨੇਤ੍ਰਾ= ਮਧਾਣੀ ਦੇ ਦੁਆਲੇ ਵਲੇਟੀ ਹੋਈ ਰਸੀ ਜਿਸ ਦੀ ਮਦਦ ਨਾਲ ਚਾਟੀ ਵਿੱਚ ਦਹੀ ਰਿੜਕੀਦਾ ਹੈ। ਮਥੀਐ= ਰਿੜਕਨਾ। ਸੰਪਟ= ਸਰੀਰ ਰੂਪ ਚਾਟੀ। ਸਤ ਸਰ= ਸਤਯ ਸਰੋਵਰ ਅਨਹਦ ਧੁਨੀਆਂ ਦਾ ਸਰੋਵਰ।

(ਰਸਨਾ ਨਾਲ ਵਾਹਿਗੁਰੂ ਨਾਮੁ ਜਪਨ ਨਾਲ ਮਨ ਵਿੱਚ ਗੁਰਸਬਦੁ ਤੋਂ ਨਿਰਮਲ ਤਰੰਗਾਂ/ ਲਹਿਰਾਂ ਉਠਦੀਆਂ ਹਨ ਜੋ ਮਨ ਦੀਆਂ ਕਾਮ ਕ੍ਰੋਧ ਆਦਿ ਨਾਲ ਮੈਲੀਆਂ ਲਹਿਰਾਂ ਨਾਲ ਘੁਲਦੀਆਂ ਮਿਲਦੀਆਂ ਹਨ। ਮਨ ਦੀਆਂ ਮੈਲੀਆਂ ਲਹਿਰਾਂ ਧੁਲ ਕੇ ਨਿਰਮਲ ਹੁੰਦੀਆਂ ਹਨ, ਨਾਮ ਜਪਨ ਤੋਂ ਉਠੀਆਂ ਨਿਰਮਲ ਲਹਿਰਾਂ ਨਿਰਮਲ ਹੀ ਰਹਿੰਦੀਆਂ ਹਨ। ਮਨ ਨੂੰ ਨਿਰਮਲ ਕਰਨ ਦਾ ਇਹ ਹੀ ਇੱਕ ਤਰੀਕਾ ਹੈ। ਜੀਵਾਤਮਾ ਨਿਰਮਲ ਹੋ ਕੇ ਨਿਰਮਲ ਪਰਮਾਤਮਾ ਵਿੱਚ ਸਮਾ ਜਾਂਦੀ ਹੈ।)

ਵਿਚਾਰ

ਮਨ ਵਿੱਚ ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਨਫਰਤ ਆਦਿ ਤੋਂ ਉਠਦੀਆਂ ਤਰੰਗਾਂ, ਅਗਾਂ ਹਨ। ਮਨ ਤਨ ਨੂੰ ਰੋਗੀ ਕਰਦੀਆਂ ਹਨ। ਕਰੋਧ ਵਸ ਹੋਏ ਮਨ ਦੀਆ ਤਰੰਗਾਂ ਕਰਕੇ ਸਰੀਰ ਤਪਦਾ ਹੈ ਮੂੰਹ ਲਾਲ ਹੋ ਜਾਂਦਾ ਹੈ ਦਿਲ ਦਾ ਦੌਰਾ ਪੈਣ ਦਾ ਖਤਰਾ ਹੋ ਜਾਂਦਾ ਹੈ। ਸੋਚਣ ਦੀ ਸ਼ਕਤੀ ਨਹੀਂ ਰਹਿੰਦੀ। ਮਨੁਖ ਕਤਲ ਤਕ ਕਰ ਦਿੰਦਾ ਹੈ ਤੇ ਫਿਰ ਪਛਤਾਉਂਦਾ ਹੈ। ਕਰੋਧ ਦਾ ਦਾਰੂ ਡਾਕਟਰ ਪਾਸ ਨਹੀਂ। ਇਸੀ ਤਰਾਂ ਕਾਮ ਵਸ ਮਨ ਗਰਮ, ਬੇਚੈਨ ਹੋ ਜਾਂਦਾ ਹੈ, ਆਪੇ ਤੋਂ ਬਾਹਰ ਹੋਏ ਮਨ ਦੀ ਮਤ ਬੁਧ ਕੰਮ ਨਹੀਂ ਕਰਦੀ ਤੇ ਮਨੁਖ ਬਲਾਤਕਾਰ ਕਰ ਬੈਠਦਾ ਹੈ, ਜੇਲ ਦੇ ਦੁਖ ਸਹਿੰਦਾ ਹੈ। ਕਾਮ ਕਰੋਧ ਤੇ ਹੋਰ ਸਭ ਅਉਗਨਾਂ ਵਿਕਾਰਾਂ ਤੋਂ ਮੰਦੇ ਕਰਮ ਉਪਜਦੇ ਹਨ, ਮਨ ਤਨ ਚਿੰਤਤ, ਰੋਗੀ ਹੁੰਦਾ ਹੈ। ਨਾਮ ਸਿਮਰਨ, ਨਾਮ ਅਵਖਧ ਹੈ ਮਨ ਤੇ ਤਨ ਦੇ ਰੋਗਾਂ ਦਾ ਦਾਰੂ ਹੈ।

ਮਨੁਖ ਦਾ ਮਨ ਕਾਮ ਕਰੋਧ ਆਦਿ ਵਿਕਾਰਾਂ ਦੇ ਵਸ ਹੈ। ਕਿਤਨਾ ਵੀ ਉਪਦੇਸ਼ ਦਿਉ ਕਰੋਧ ਆ ਹੀ ਜਾਂਦਾ ਹੈ। ਸਿਮਰਨ ਨਾਲ ਕਾਮ, ਕਰੋਧ ਆਦਿ ਮਨ ਦੇ ਵਸ ਆ ਜਾਂਦੇ ਹਨ। ਕਾਮ ਕਰੋਧ ਆਦਿ ਬ੍ਰਹਮ ਗਿਆਨ ਦੀ ਅਵਸਥਾ ਤਕ ਪੁਜੇ ਮਨੁਖ ਦੇ ਚਾਕਰ ਹੋ ਕੇ ਕਮ ਕਰਦੇ ਹਨ। ਜੀਵਨ ਸੰਤੁਲਿਤ ਹੋ ਜਾਂਦਾ ਹੈ। ਸਿਮਰਨ ਜਨਮ ਮਰਨ ਦਾ ਰੋਗ ਕਟਦਾ ਹੈ, ਮਨ ਨਿਰਮਲ ਕਰਦਾ ਹੈ, ਨਿਰਮਲ ਜੀਵਆਤਮਾ ਹੀ ਨਿਰਮਲ ਪਰਮਾਤਮਾਂ ਵਿੱਚ ਸਮਾ ਸਕਦੀ ਹੈ।

ਗੁਰਮਤਿ ਜੁਗਤੀ ਨਾਲ ਨਾਮ ਸਿਮਰਨ ਦੀ ਹੋਰ ਵਿਚਾਰ।

ਗੁਰਮਤਿ ਨਾਮ ਸਿਮਰਨ, ਕਾਲ ਨੂੰ ਮਾਰ ਦਿੰਦਾ ਹੈ, ਜੀਵਆਤਮਾ ਕਾਲ ਤੋਂ ਉਪਰ ਅਕਾਲ ਪਰਮਾਤਮ ਜੋਤਿ ਪਰਮਚੇਤਨਾ ਵਿੱਚ ਸਮਾ ਜਾਂਦੀ ਹੈ॥ ਨਾਮ ਸਿਮਰਨ ਬਰ੍ਹਮ ਗਿਆਨੀ ‘ਸਦ ਜੀਵਤ ਨਹੀਂ ਮਰਤਾ’, ਦੀ ਅਵਸਥਾ ਤਕ ਪਹੁੰਚਦਾ ਹੈ।

ਸੰਸਾਰ ਦੇ ਹੋਰ ਕਿਸੇ ਧਰਮ ਦਾ ਸਿਮਰਨ ਕਾਲ ਨੂੰ ਨਹੀਂ ਮਾਰ ਸਕਦਾ। ਪੀਰ ਪੈਗੰਬਰ, ਅਉਲੀਏ, ਭਗਵਾਨ, ਰਾਮ, ਕ੍ਰਿਸ਼ਨ, ਦੇਵੀ ਦੇਵਤੇ ਜਨਮ ਮਰਨ ਦੇ ਗੇੜ ਵਿੱਚ ਹਨ। ਓਹਨਾਂ ਮਨੁਖਾਂ ਦੇ ਭਾਗ ਚੰਗੇ ਹਨ ਜੋ ਪੂਰੇ ਸਤਿਗੁਰ ਤੋਂ ਉਪਦੇਸ਼ ਲੈ ਕੇ ਸਿਮਰਨ ਵਿੱਚ ਜੁੜਦੇ ਹਨ।

ਅਜਕਲ ਸੰਸਾਰ ਵਿੱਚ ਸਿਮਰਨ ਦੀ ਬਹੁਤ ਚਰਚਾ ਹੈ। ਵਿਗਿਆਨਕ ਚੇਤਨਾਂ consciousness ਦੀ ਵਿਚਾਰ ਕਰ ਰਹੇ ਹਨ ਤੇ ਸਿਮਰਨ ਦੇ ਬਹੁਤ ਲਾਭ ਦਸਦੇ ਹਨ। ਇਹ ਵਿਗਿਆਨਕ, ਖੋਜ ਦੇ ਆਧਾਰ ਤੇ ਮਨ ਤੇ ਤਨ ਵਿੱਚ ਤਬਦੀਲੀਆਂ ਸਮਝਾ ਕੇ ਮਨੁਖਤਾ ਨੂੰ ਸਿਮਰਨ ਲਈ ਪ੍ਰੇਰ ਰਹੇ ਹਨ। ਸਾਡੇ ਬੁਧੀਜੀਵਿਆਂ ਲਈ ਇਹਨਾਂ ਵਿਚਾਰਾਂ ਨੂੰ ਸੁਣਨਾ ਸਮਝਨਾ ਬਹੁਤ ਲਾਭਦਾਇਕ ਹੈ। ਗੁਰਬਾਣੀ ਉਪਦੇਸ਼ ਵਿੱਚ ਭਰੌਸਾ ਪਰਪਕ ਕਰਨ ਲਈ modern science ਸਹਾਈ ਹੈ। ਕੋਈ ਵੀ ਗੁਰਮਤਿ ਨਾਮ ਸਿਮਰਨ ਤੁਲ ਨਹੀਂ।

ਸਿਮਰਨ ਕਰਨ ਨਾਲ ਮਨ ਦੀ, ਅਵਗੁਨ ਵਿਕਾਰਾਂ ਦੀ ਮੈਲ ਧੁਲਦੀ ਹੈ, ਮਨ ਵਿੱਚ ਸਤ, ਸੰਤੋਖ, ਦਇਆ, ਧਰਮ ਜਿਹੇ ਗੁਣ ਸਹਜੇ ਹੀ ਪਰਵੇਸ਼ ਕਰਦੇ ਹਨ, ਮਨ ਨਿਰਮਲ ਹੁੰਦਾ ਹੈ ਮਤ, ਬੁਧ ਨਿਰਮਲ ਹੁੰਦੀ ਹੈ। ਮਨ ਵਿੱਚ ਮੰਦੇ ਵਿਚਾਰ ਨਹੀਂ ਆਉਂਦੇ, ਮਨੁਖ ਸੁਭਾਵਕ ਹੀ ਮੰਦੇ ਕਰਮ ਨਹੀ ਕਰਦਾ। ਮਨੁਖ ਦਾ ਸੁਭਾ ਚੰਗਾ ਹੋ ਜਾਂਦਾ ਹੈ। ਮਨ ਨੂੰ ਚੋਰੀ, ਠਗੀ ਕਰਨੀ ਸੁਭਾਵਕ ਚੰਗੀ ਨਹੀਂ ਲਗਦੀ। ਪਰਉਪਕਾਰ ਉਸ ਦਾ ਸੁਭਾ ਹੋ ਜਾਂਦਾ ਹੈ। ਨਾਮ ਸਿਮਰਨ ਸਦਕਾ ਜੀਵਨ ਚੰਗੇ ਆਚਾਰ ਬਿਓਹਾਰ ਵਾਲ਼ਾ ਸੁਖੀ ਜੀਵਨ ਬਣ ਜਾਂਦਾ ਹੈ।

ਗੁਰਮਤਿ ਵਿਚਾਰ ਦੋ ਤਰੀਕਿਆਂ ਨਾਲ ਕਰਨੀ ਜ਼ਰੂਰੀ ਹੈ।

ੳ) ਸਾਡੀ ਪੜਾਈ ਦੇ ਆਧਾਰ ਤੇ ਗੁਰਬਾਣੀ ਵਿਚਾਰ।

ਅ) ਨਾਮ ਤੇ ਸਬਦ ਦੀ ਗੁਰੂ ਜੀ ਤੋਂ ਸਮਝ, ਸੋਝੀ ਤੇ ਵਿਚਾਰ, ਜੋ ਗੁਰਮਤ ਨਾਮ ਸਿਮਰਨ ਤੋਂ ਅੰਦਰੋਂ ਹੀ ਪ੍ਰਾਪਤ ਹੁੰਦੀ ਹੈ। ‘ਗੁਰ ਕੀ ਬਾਨੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ’।

ਗੁਰਮਤ ਨਾਮ ਸਿਮਰਨ ਕਰਦਿਆਂ ‘ਨਾਮ’ ਤੇ ਗੁਰਸਬਦ ਦੀ ਵਿਚਾਰ ਗੁਰੂ ਤੇ ਬ੍ਰਹਮ ਤੋਂ ਪਰਾਪਤ ਹੁੰਦੀ ਹੈ। ਬਰ੍ਰਮ ਵਿਚਾਰ ਤੋੇਂ ਅੰਤਰ ਗਿਆਨ ਹੁੰਦਾ ਹੈ।

ਮਨੁਖ ਦਾ ਮਨ ਸੰਸਾਰ ਦੀਆਂ ਵਿਚਾਰਾਂ ਕਰ ਸਕਦਾ ਹੈ। ਗੁਰਬਾਨੀ ਵਿਚਾਰ ਕਰਨ ਨਾਲ ਗੁਰਉਦੇਸ਼ ਦੀ ਸਮਝ ਆਉਂਦੀ ਹੈ, ਜਿਸਤਰਾਂ ਧਰਮ ਉਪਦੇਸ਼ ਲਈ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਓ, ਗਰ੍ਹਿਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰੋ, ਵੰਡ ਛਕੋ, ਮੰਦੇ ਵਿਚਾਰ ਤਿਆਗੋ ਤੇ ਮੰਦੇ ਕਰਮ ਨਾ ਕਰੋ, ਕ੍ਰੋਧ ਨਾ ਕਰੋ, ਝੂਠ ਨਾ ਬੋਲੋ, ਨਿਮਰਤਾ ਵਿੱਚ ਰਹੋ, ਮਿਠਾ ਬੋਲੋ, ਸਚ ਬੋਲੋ, ਨਫਰਤ ਨਾ ਕਰੋ, ਪਰਾਈ ਧੀ ਭੈਣ ਵਲ ਬੁਰੀ ਨਜ਼ਰ ਨਾਲ ਨਾ ਤਕੋ, ਭਾਣਾ ਮਿਠਾ ਕਰ ਕੇ ਮਨੋ, ਹੁਕਮ ਰਜਾਈ ਚਲੋ, ਚਿੰਤਾ ਨ ਕਰੋ ਆਦਿ। ਉਪਦੇਸ਼ ਸੁਨ ਕੇ ਅਸੀਂ ਕੁਛ ਹਦ ਤਕ ਹੀ ਮੰਨ ਸਕਦੇ ਹਾਂ। ਜਿਸਤਰਾਂ ਭਾਣਾ ਮਿਠਾ ਕਰ ਕੇ ਕੋਈ ਨਹੀਂ ਮੰਨ ਸਕਦਾ, ਚਿੰਤਾ ਤੋਂ ਅਸੀਂ ਛੁਟ ਨਹੀਂ ਸਕਦੇ। ਜੋ ਕੰਮ ਅਸੀਂ ਉਪਦੇਸ਼ ਸੁਣ ਕੇ ਨਹੀਂ ਕਰ ਸਕਦੇ ਉਹ ਗੁਰਮਤਿ ਨਾਮ ਸਿਮਰਨ ਕਰਨ ਨਾਲ ਸਹਿਜੇ ਹੀ ਹੋ ਜਾਂਦੇ ਹਨ।

ਨਾਮ ਗੁਣਾਂ ਦਾ ਖਜ਼ਾਨਾ ਹੈ, (ਹਰਿਨਾਮ ਗੁਣੀ ਨਿਧਾਨ ਹੈ), ਗੁਰਬਾਨੀ ਗੁਨਨਿਧਾਨ ਨਾਮ ਦੇ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਸਭ ਗੁਣ ਨਾਮ ਵਿੱਚ ਹਨ।

ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚਿਕ ਜਾਚਕਿਹ। ਪਨਾ ੧੩੫੭

ਉਪਰ ਅਸੀਂ ਗੁਰਬਾਣੀ ਦੇ ਅਖਰ ਨਾਮ, ਸੁੰਨ, ਤਤ, ੳਅੰਕਾਰ/ਅਨਹਤ/ਅਨਹਦ ਧੁਨੀਆਂ, ਜੋਤਿ ਆਦਿ ਦੀ ਵਿਚਾਰ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਬਾਣੀ ਸਿਧ ਗੋਸ਼ਟ ਵਿੱਚ ਇਹਨਾਂ ਅਖਰਾਂ ਦੀ ਵਰਤੋਂ ਸੰਸਾਰ ਤੋਂ ਉਪਰ ਨਾਮ ਅਕਾਲ ਪੁਰਖ ਲਈ ਕੀਤੀ ਹੈ ਜੋ ਚਉਥੇ ਪਦ ਦੀ ਅਵਸਥਾ ਹੈ। ਤ੍ਰੈਗੁਨੀ ਮਾਇਆ ਵਾਲੀ ਜੋਗਮਤ ਵਿੱਚ ਵਰਤੇ; ਇਹਨਾਂ ਹੀ ਅਖਰਾਂ ਦੇ ਭੇਦ ਗੁਰੂ ਜੀ ਨੇ ਸਿਧ ਗੋਸ਼ਟ ਵਿੱਚ ਸਮਝਾਏ ਹਨ।

ਸਿਧ ਗੋਸਟ। ਪੰਨਾ ੯੪੩।

ਨਾਮ ਤਤੁ ਸਭ ਸਿਰਿ ਜਾਪੈ॥ ਬਿਨ ਨਾਵੈ ਦੁਖ ਕਾਲ ਸੰਤਾਪੈ॥

(ਨਾਮ ਤਤੁ, ਅਸਲੀਅਤ ਹੈ, ਪਰਮ ਚੇਤਨਾ ਹੈ, ਸਭ ਤੋਂ ਉਪਰ ਤਤੁ ਪਰਮ ਤਤੁ ਹੈ। ਨਾਮ ਦੀ ਪਛਾਨ ਤੋਂ ਬਿਨਾਂ ਕਾਲ ਦਾ ਦੁਖ ਵਿਆਪਦਾ ਹੈ।)

ਤਤੋ ਤਤੁ ਮਿਲੈ ਮਨੁ ਮਾਨੈ॥ ਦੂਜਾ ਜਾਇ ਇਕਤੁ ਘਰ ਆਨੈ॥

(ਜਦੋਂ ਆਤਮ ਤਤੁ; ਜੀਵਾਤਮਾਂ ਸਿਮਰਨ ਸਦਕਾ ਨਿਰਮਲ ਹੋ ਜਾਂਦੀ ਹੈ ਤਾਂ ਨਿਰਮਲ ਪਰਮ ਤਤ ਪਰਮ ਚੇਤਨਾਂ ਵਿੱਚ ਸਮਾ ਜਾਂਦੀ ਹੈ, ਤਾਂ ਇੱਕ ਵਿੱਚ ਰਲ ਕੇ ਇੱਕ ਹੋ ਜਾਂਦੀ ਹੈ।)

ਬੋਲੇ ਪਵਨਾ ਗਗਨੁ ਗਰਜੈ॥ ਨਾਨਕ ਮਿਲਣੁ ਸਹਜੈ॥ ਪਦਾ ੫੦

(ਸਿਮਰਨ ਦੀ ਉਚੀ ਅਵਸਥਾ ਵਿੱਚ ਜਦੋਂ ਪਵਨਾ, ਪਵਨਾ ਦਾ ਅਰਥ ਹੈ ਅਨਹਦ ਧੁੰਨੀ, ਸੁਨਦੀ ਹੈ ਤੇ ਦਸਮ ਦੁਆਰ ਜਾ ਸਿਰ ਅੰਦਰ ਆਵਾਜ਼ ਸੁਨਦੀ ਤੇ ਗਰਜਦੀ ਹੈ ਤਦੋਂ ਜੀਵਆਤਮਾ ਦਾ ਮੇਲ ਸਹਜ ਸੁਭਾਏ ਪਰਮਆਤਮਾ ਨਾਲ ਹੋ ਜਾਂਦਾ ਹੈ ਜੋਤੀ ਜੋਤਿ ਵਿੱਚ ਰਲ ਜਾਂਦੀ ਹੈ, ਜਨਮ ਮਰਨ ਦਾ ਗੇੜ ਮੁਕ ਜਾਂਦਾ ਹੈ)।)

ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ॥ ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪ ਨ ਪੁੰਨੰ॥

(ਮਨੁਖ ਦੇ ਸਰੀਰ ਅੰਦਰ ਬਾਹਰ ਤੇ ਸਾਰੇ ਸੰਸਾਰ ਵਿੱਚ ਸੁੰਨ ਹੈ ਜਿਥੇ ਪੂਰਨ ਸ਼ਾਤੀ ਹੈ, ਜੋਗੀ ਦੀ ਪਹੁੰਚ ਤਿਭਵਣ ਦੀ ਸੁੰਨ ਤਕ ਹੈ। ਸੰਸਾਰ ਤੋਂ ਪਾਰ ਚਉਥੇ ਪਦ ਦੀ ਸੁੰਨ ਵਿੱਚ ਸਿਰਫ ਗੁਰਮੁਖਿ ਸਮਾ ਸਕਦਾ ਹੈ ਫਿਰ ਪਾਪ ਪੁੰਨ ਨਹੀਂ ਰਹਿਂਦੇ। ਪਾਪ ਪੁੰਨ ਸੰਸਾਰ ਵਿੱਚ ਕੀਤੇ ਜਾਂਦੇ ਹਨ।)

ਘਟਿ ਘਟਿ ਸੁੰਨ ਕਾ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ॥

ਜੋ ਜਨ ਨਾਮ ਨਿਰੰਜਨ ਰਾਤਾ॥ ਨਾਨਕ ਸੋਈ ਪੁਰਖੁ ਬਿਧਾਤਾ॥ ਪਦਾ ੫੧

(ਜੋ ਗੁਰਮੁਖ ਘਟ ਘਟ ਵਿੱਚ ਹਰ ਥਾਂ ਵਿਆਪਕ ਸੁੰਨ ਦਾ ਭੇਦ ਜਾਣ ਲੈਂਦਾ ਹੈ ਉਹ ਆਦਿ ਪੁਰਖੁ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦਾ ਹੈ। ਜੋ ਗੁਰਮੁਖ ਗੁਰਮਤਿ ਨਾਮ ਵਿੱਚ ਰਤਾ ਹੈ ਉਹ ਪਰਮਾਤਮ ਜੋਤਿ ਵਿੱਚ ਰਲ ਕੇ ਪਰਮਾਤਮ ਸਰੂਪ ਹੋ ਜਾਂਦਾ ਹੈ)

ਸੁੰਨੋ ਸੁੰਨੁ ਕਹੈ ਸਭੁ ਕੋਈ॥ ਅਨਹਤ ਸੁੰਨੁ ਕਹਾ ਤੇ ਹੋਈ॥

(ਸੁੰਨ ਦੀ ਗਲ ਜੋਗੀ ਕਰਦਾ ਹੈ ਜੋਗੀ ਅਨਹਤ ਸੁੰਨ ਨੂੰ ਨਹੀਂ ਜਾਨਦਾ। ਨਾਮ ਸਿਮਰਨ ਦੁਆਰਾ ਜੋ ਮਨੁਖ ਨਿਰਮਲ ਨਾਮ ਵਿੱਚ ਰਤਾ/ਮਗਨ ਹੈ ਉਥੇ ਅਨਹਤ ਸੁੰਨ ਹੈ।)

ਅਨਹਤ ਸੁੰਨੁ ਰਤੇ ਸੇ ਕੈਸੇ॥ ਜਿਸ ਤੇ ਉਪਜੇ ਤਿਸ ਹੀ ਜੈਸੇ॥

ਓਇ ਜਨਮ ਨ ਮਰਹਿ ਨ ਆਵਹਿ ਜਾਹਿ॥ ਨਾਨਕ ਗੁਰਮੁਖਿ ਮਨੁ ਸਮਝਾਹਿ॥ ਪਦਾ ੫੨

(ਜੋ ਅਨਹਤ ਸੁੰਨ ਵਿੱਚ ਰਤੇ ਹਨ ਉਹ ਜਿਸਤੋਂ ਉਪਜੇ ਹਨ ਉਸ ਜੈਸੇ ਹੀ ਹੋ ਜਾਂਦੇ ਹਨ। ਉਹ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦੇ ਇਹ ਗਿਆਨ ਗੁਰਮੁਖ ਨੂੰ ਹੋ ਜਾਂਦਾ ਹੈ।)

ਨਉ ਸਰ ਸੁਭਰ ਦਸਵੈ ਪੂਰੇ॥ ਤਹ ਅਨਹਤ ਸੁੰਨੁ ਵਜਾਵਹਿ ਤੂਰੇ॥

ਸਾਚੈ ਰਾਚੇ ਦੇਖਿ ਹਜੂਰੇ॥ ਘਟਿ ਘਟਿ ਸਾਚਿ ਰਹਿਆ ਭਰਪੂਰੇ॥

ਗੁਪਤੀ ਬਾਣੀ ਪਰਗਟ ਹੋਇ॥ ਨਾਨਕ ਪਰਖਿ ਲਏ ਸਚੁ ਸੋਇ॥ ਪਦਾ ੫੩

(ਜਿਸ ਗੁਰਮੁਖ ਦੇ ਨਉ ਸਰ, ਸਰੀਰ ਦੀਆਂ ਗੋਲਕਾਂ ਸਿਮਰਨ ਸਦਕਾ ਸੰਸਾਰ ਦੇ ਪਦਾਰਥਾਂ ਵਲੋਂ ਹਟ ਜਾਂਦੀਆਂ ਹਨ ਉਹਨਾਂ ਨੂੰ ਦਸਵੇ ਦੁਆਰ ਵਿੱਚ ਪਰਵੇਸ਼ ਮਿਲਦਾ ਹੈ ਤੇ ਨਾਮ ਅਭਿਆਸ ਦੇ ਚਉਥੇ ਪਦ ਦੀ ਅਵਸਥਾ ਵਿੱਚ ਅਨਹਦ ਧੁੰਨ ਦਸਮ ਦੁਆਰ/ਸਿਰ ਵਿੱਚ ਗਰਜਦੀ ਹੈ, ਤਾਂ ਆਤਮ ਜੋਤਿ ਪਰਮਾਤਮ ਜੋਤਿ ਵਿੱਚ ਸਹਜੇ ਹੀ ਸਮਾ ਜਾਂਦੀ ਹੈ। ਉਹ ਸਚ ਵਿੱਚ ਲਿਵਲੀਨ ਹਨ ਤੇ ਸਚੇ ਨਾਮ ਰੂਪ ਪਰਮਆਤਮਾ ਨੂੰ ਹਾਜਰਾ ਹਜੂਰ ਦੇਖਦੇ ਹਨ, ਉਹ ਜਾਣ ਜਾਂਦੇ ਹਨ ਕਿ ਸਾਰੇ ਸੰਸਾਰ ਵਿੱਚ ਹਰ ਘਟ ਵਿੱਚ ਵਿਅਪਕ ਅੰਦਰ ਬਾਹਰ ਨਾਮ ਰੂਪ ਅਨਹਦ ਧੁਨੀਆਂ ਭਰਪੂਰ ਚਲ ਰਹੀਆਂ ਹਨ। ਉਹਨਾ ਲਈ ਗੁਪਤੀ ਬਾਣੀ ਨਾਮ ਦੀ ਰੌ ਅਨਹਦ ਦੀਆਂ ਤਰੰਗਾਂ ਪਰਗਟ ਹੋ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਉਹਨਾਂ ਨੂੰ ਪਰਖ ਕੇ ਪਰਮਾਤਮਾਂ ਅਪਨੇ ਨਾਮ ਰੂਪ ਵਿੱਚ ਰਲਾ ਲੈਂਦਾ ਹੈ।)

ਬੇਨਤੀ ਹੈ ਪਾਠਕ ਇਹਨਾਂ ਵਿਚਾਰਾਂ ਨੂੰ ਗੁਰਬਾਣੀ ਦੀ ਤਕੜੀ ਵਿੱਚ ਤੋਲਨ ਤੇ ਆਪਣੇ ਵਿਚਾਰ ਦੇ ਕੇ ਇਸ ਲੇਖ ਨੂੰ ਸੁਧਾਰਨ ਲਈ ਸਹਾਇਤਾ ਕਰਨ।

ਦਾਸ ਦੀ ਕੋਸ਼ਿਸ਼ ਹੈ ਗੁਰਬਾਣੀ ਦਾ ਸਾਰ ਗੁਰਬਾਣੀ ਉਪਦੇਸ਼ਾ ਅਨੁਸਾਰ ਪੁਸਤਕ ਲਿਖ ਕੇ ਛਪਵਾਈ ਜਾਵੇ।

Dr Gurmukh Singh, B 6/58, Safdarjang Enclave, New Delhi, 110029

Tel 26102376
.