.

ਧਰਮ ਅਤੇ ਖਤਰਾ

ਅਵਤਾਰ ਸਿੰਘ ਮਿਸ਼ਨਰੀ (510-432-5827)

ਪਾਠਕ ਜਨ ਧਰਮ ਅਤੇ ਖਤਰਾ ਸ਼ਬਦ ਦੇਖ ਕੇ ਹੈਰਾਨ ਹੋਣਗੇ ਕਿ ਧਰਮ ਦਾ ਖਤਰੇ ਨਾਲ ਕੀ ਸਬੰਧ ਹੈ? ਸਬੰਧ ਨਾ ਵੀ ਹੋਵੇ ਤਾਂ ਵੀ ਸਬੰਧ ਪੈਦਾ ਕਰਨ ਵਾਲੇ ਲੋਕ ਕੁੱਝ ਅਜਿਹੀਆਂ ਰਹੁ ਰੀਤਾਂ ਆਪਣੇ ਮੁਫਾਦਾਂ ਲਈ ਚਲਾ ਦਿੰਦੇ ਹਨ ਜੋ ਧਰਮ ਦੇ ਰਾਹ ਵਿੱਚ ਰੋੜਾ ਬਣ ਜਾਂਦੀਆਂ ਹਨ ਹਨ। ਤੁਸੀਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਤੋਂ ਆਏ ਦਿਨ ਇਹ ਪ੍ਰਚਾਰ ਸੁਣਦੇ ਹੋ ਕਿ ਹੁਣ ਧਰਮ ਨੂੰ ਫਲਾਨੇ ਤੋਂ ਖਤਰਾ ਹੈ। ਆਓ ਜਰਾ ਇਸ ਬਾਰੇ ਓਪਨ ਮਾਈਂਡ ਹੋ ਖੁੱਲ੍ਹ ਕੇ ਵੀਚਾਰ ਕਰੀਏ। ਧਰਮ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦਾ ਅਰਥ ਹੈ ਉਹ ਨਿਯਮ ਜਿਸ ਦੇ ਅਧਾਰ ਤੇ ਸਾਰਾ ਸੰਸਾਰ ਚੱਲ ਰਿਹਾ ਹੈ। ਹੁਕਮ ਰਜ਼ਾਈ ਚਲਣਾ, ਇਨਸਾਨੀ ਫਰਜਾਂ ਦੀ ਪਾਲਣਾ ਕਰਨਾ, ਸਚਾਈ, ਨੇਕੀ, ਪਿਆਰ, ਸੇਵਾ-ਸਿਮਰਨ, ਪਰਉਪਕਾਰ ਅਤੇ ਕਿਰਤ ਕਰਨਾ-ਵੰਡ ਛੱਕਣਾ ਆਦਿਕ ਸ਼ੁਭ ਗੁਣਾਂ ਦਾ ਸਮਦਾਇ ਹੀ ਧਰਮ ਹੈ। ਜਿਵੇਂ ਰੱਬ ਇੱਕ ਹੈ ਇਵੇਂ ਹੀ ਉਸ ਦਾ ਧਰਮ (ਅਟੱਲ ਨਿਯਮ) ਵੀ ਇੱਕ ਹੀ ਹੈ। ਵਿਰਲੇ ਹੀ ਇਸ ਗੱਲ ਨੂੰ ਸਮਝਦੇ ਹਨ ਪਰ ਬਹੁਤੇ ਲੋਕ ਕਾਵਾਂ ਰੌਲੀ ਹੀ ਪਾਉਂਦੇ ਰਹਿੰਦੇ ਹਨ। ਧਰਮ ਦੇ ਨਾਂ ਤੇ ਕੀਤੇ ਕਰਾਏ ਜਾ ਰਹੇ ਨਿਰਾਰਥਕ ਕਰਮ-ਕਸਟਮ, ਫੋਕਟ ਰੀਤੀ-ਰਿਵਾਜ, ਵੇਸ-ਭੇਖ ਆਦਿਕ ਕਰਮਕਾਂਡ ਹੀ ਧਰਮ ਸਮਝੇ ਜਾ ਰਹੇ ਹਨ। ਹਾਂ ਦੇਸ਼ ਕਾਲ ਅਤੇ ਬੋਲੀ ਦੇ ਅਧਾਰ ਤੇ ਕਈ ਮਜ਼ਹਬ (ਮੱਤ) ਹਨ। ਇਨ੍ਹਾਂ ਨੂੰ ਚਲਾਉਣ ਵਾਲੇ ਵਕਤੀ ਰਹਿਬਰ ਵੀ ਕਈ ਹਨ। ਉਨ੍ਹਾਂ ਨੂੰ ਉਸ ਸਮੇਂ ਜੋ ਸਮਝ ਲੱਗੀ ਅਤੇ ਸਮੇਂ ਅਨੁਸਾਰ ਜੋ ਢੁੱਕਵਾਂ ਸੀ ਉਸ ਦਾ ਪ੍ਰਚਾਰ ਕਰਦੇ ਰਹੇ। ਬਾਅਦ ਵਿੱਚ ਉਨ੍ਹਾਂ ਦੇ ਖਲੀਫਿਆਂ ਜਾਂ ਉਤਰਾਧਿਕਾਰੀਆਂ ਨੇ ਮਜ਼ਹਬ ਦੇ ਨਾਂ ਤੇ ਵੱਖ ਵੱਖ ਰਹੁ ਰੀਤਾਂ ਚਲਾ ਦਿੱਤੀਆਂ ਅਤੇ ਉਨ੍ਹਾਂ ਨੂੰ ਧਰਮ ਦਾ ਅੰਗ ਬਣਾ ਦਿੱਤਾ ਗਿਆ। ਵਾਸਤਵ ਵਿੱਚ ਧਰਮ ਇੱਕ ਹੀ ਹੈ-ਏਕੋ ਧਰਮੁ ਦ੍ਰਿੜੈ ਸਚੁ ਸੋਈ॥ (1188) ਗੁਰੂ ਗ੍ਰੰਥ ਸਾਹਿਬ ਵਿਖੇ-ਏਕੁ ਪਿਤਾ ਏਕਸੁ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (611) ਦਾ ਉਪਦੇਸ਼ ਦਿੱਤਾ ਗਿਆ ਹੈ। ਭਾਵ ਜੇ ਰੱਬ ਇੱਕ ਹੈ ਅਤੇ ਅਸੀਂ ਸਾਰੇ ਉੇਸ ਦੇ ਬੱਚੇ ਬੱਚੀਆਂ ਹਾਂ ਫਿਰ ਸਾਡਾ ਧਰਮ ਵੀ ਇੱਕ ਹੀ ਹੈ ਹਾਂ ਮਜ਼ਹਬ ਵੱਖ ਵੱਖ ਹਨ। ਜਿਵੇਂ ਸਕੂਲ ਕਈ ਹਨ ਪਰ ਸਾਰਿਆਂ ਵਿੱਚ ਵਿਦਿਆ ਪੜ੍ਹਾਈ ਜਾਂਦੀ ਹੈ। ਇਵੇਂ ਹੀ ਮਜ਼ਹਬ ਵੀ ਸਕੂਲ ਹਨ ਜਿਨ੍ਹਾਂ ਵਿੱਚ ਧਰਮ ਰੂਪ ਪੜ੍ਹਾਈ ਵੱਖ ਵੱਖ ਬੋਲੀਆਂ ਵਿੱਚ ਕਰਾਈ ਜਾਂਦੀ ਹੈ। ਪਿਆਰਿਓ! ਧਰਮ ਦੀ ਮੰਜ਼ਿਲ ਇੱਕ ਹੈ ਪਰ ਰਸਤੇ ਵੱਖ ਵੱਖ ਹਨ। ਕੋਈ ਰਸਤਾ ਵਿੰਗਾ-ਟੇਡਾ-ਗੁੰਜਲਦਾਰ ਹੈ ਅਤੇ ਕਈ ਪਗ ਡੰਡੀਆਂ ਹਨ। ਕਈ ਰਸਤੇ ਫਾਸਟ ਹਨ ਜੋ ਸਿੱਧੇ ਡਾਇਰੈਕਟ ਹੀ ਜਾਂਦੇ ਹਨ। ਜਿਨ੍ਹਾਂ ਨੂੰ ਗੁਰਮਤਿ ਨੇ “ਗੁਰਮੁਖ ਗਾਡੀ ਰਾਹ” ਕਿਹਾ ਹੈ। ਇਹ ਹੁਣ ਅਸੀਂ ਦੇਖਣਾ ਹੈ ਕਿ ਕਿਹੜਾ ਰਸਤਾ ਚੰਗਾ ਅਤੇ ਫਾਸਟ ਹੈ। ਸਾਡੀ ਚੋਣ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ।

ਪਾਠਕ ਜਨੋ! ਸੰਸਾਰ ਵਿੱਚ ਕਈ ਮਜ਼ਹਬ ਹਨ ਸਭ ਦੇ ਰਾਹ ਵੱਖਰੇ ਵੱਖਰੇ ਹਨ ਪਰ ਮੰਨੇ ਜਾਂਦੇ ਮੇਨ ਧਰਮ ਸਨਾਤਨ, ਬੁੱਧ, ਈਸਾਈ, ਇਸਲਾਮ, ਯਹੂਦੀ ਅਤੇ ਸਿੱਖ ਹਨ। ਹਰੇਕ ਆਪਣੇ ਆਪ ਨੂੰ ਦੂਸਰੇ ਤੋਂ ਚੰਗਾ ਦੱਸ ਰਿਹਾ ਹੈ, ਗੁਣਾਂ ਦੀ ਸਾਂਝ ਵਿਰਲੇ ਹੀ ਕਰਦੇ ਹਨ। ਦੁਨੀਆਂ ਵਿੱਚ ਬਹੁਤੀਆਂ ਲੜਾਈਆਂ ਧਰਮ ਦੇ ਨਾਂ ਤੇ ਹੀ ਹੋਈਆਂ ਅਤੇ ਹੋ ਰਹੀਆਂ ਹਨ। ਅੱਜ ਧਰਮ ਨੂੰ ਰਾਜ ਨੀਤੀ ਲਈ ਵੀ ਵਰਤਿਆ ਜਾ ਰਿਹਾ ਹੈ ਜਿਸ ਕਰਕੇ ਇੱਕ ਧਰਮ ਦੂਜੇ ਦਾ ਵੈਰੀ ਨਜ਼ਰ ਆ ਰਿਹਾ ਹੈ। ਧਰਮ ਦੇ ਨਾਂ ਤੇ ਧਰਮ ਯੁੱਧ ਅਤੇ ਯਹਾਦ ਚੱਲ ਰਹੇ ਹਨ। ਕੀ ਇੱਕ ਸਕੂਲ ਦੇ ਵਿਦਿਆਰਥੀਆਂ ਨੂੰ ਦੁਜੇ ਸਕੂਲ ਦੇ ਵਿਦਿਆਰਥੀਆਂ ਨਾਲ ਲੜਨ ਲਈ ਸਿਖਾਇਆ ਜਾਂਦਾ ਹੈ? ਜਵਾਬ ਹੈ ਨਹੀਂ ਤਾਂ ਫਿਰ ਧਰਮ ਰੂਪੀ ਸਕੂਲਾਂ ਵਿੱਚ ਐਸਾ ਕਿਉਂ ਹੈ? ਕੀ ਇੱਕ ਪ੍ਰਵਾਰ ਦੇ ਮੈਂਬਰ ਰੋਜ਼ਾਨਾਂ ਲੜਦੇ ਹਨ? ਜਰਾ ਸੋਚੋ ਜੇ ਰੱਬ ਇੱਕ ਹੈ ਅਤੇ ਅਸੀਂ ਸਾਰੇ ਬੱਚੇ ਬੱਚੀਆਂ ਉਸ ਦੇ ਸਰਬਸਾਂਝੇ ਸੰਸਾਰ ਪ੍ਰਵਾਰ ਦੇ ਮੈਂਬਰ ਹਾਂ, ਤਾਂ ਸਾਡਾ ਸਰਬਸਾਂਝਾ ਧਰਮ ਵੀ ਇੱਕ ਹੀ ਹੈ ਜਿਸ ਨੂੰ ਅਸੀਂ ਭੁੱਲੇ ਫਿਰਦੇ ਹਾਂ। ਸ਼ਾਇਦ ਇਹ ਗੱਲ ਬਾਬਾ ਨਾਨਕ ਨੇ ਸੰਸਾਰ ਨੂੰ ਸਮਝਾਉਣ ਲਈ ਹੀ “ਏਕੁ ਪਿਤਾ ਏਕਸੁ ਕੇ ਹਮ ਬਾਰਿਕ (661) ਅਤੇ ਨਾ ਹਮ ਹਿੰਦੂ ਨ ਮੁਸਲਮਾਨ” (1136) ਦਾ ਹੋਕਾ ਦਿੰਦੇ ਹੋਏ ਸੰਸਾਰ ਯਾਤਰਾ ਸਮੇਂ ਵੱਖ ਵੱਖ ਮਜ਼ਹਬਾਂ ਦੇ ਆਗੂਆਂ ਨੂੰ ਉਨ੍ਹਾਂ ਨਾਲ ਮੁਲਾਕਾਤਾਂ ਕਰਕੇ ਕਹੀ। ਇਹ ਗੱਲ ਸਾਂਝੀ ਕਰਨ ਲਈ ਬਾਬਾ ਜੀ ਮੰਦਰਾਂ, ਮਸਜਦਾਂ ਅਤੇ ਮੱਠਾਂ ਵਿੱਚ ਵੀ ਗਏ। ਸਭ ਨੂੰ ਸਰਬਸਾਂਝਾ ਇਨਸਾਨੀਅਤ ਦਾ ਉਪਦੇਸ਼ ਦਿੱਤਾ। ਸਭ ਨੂੰ ਆਪੋ ਆਪਣੇ ਧਰਮ ਦੇ ਚੰਗੇ ਅਸੂਲਾਂ ਨੂੰ ਧਾਰਨ ਲਈ ਪ੍ਰੇਰਨਾ ਦਿੱਤੀ ਅਤੇ ਕਿਹਾ ਰਸਤੇ ਤੰਗ ਨਾਂ ਕਰੋ ਸਗੋਂ ਖੁਲ੍ਹੇ ਰੱਖੋ ਇੱਕ ਸਕੂਲ ਦਾ ਵਿਦਿਆਰਥੀ ਦੂਜੇ ਸਕੂਲ ਦੀ ਵਿਦਿਆ ਵੀ ਲੈ ਸੱਕੇ।

ਦੇਖੋ! ਸਰਬਸਾਂਝੇ ਇੰਨਸਾਨੀਅਤ ਦੇ ਰੱਬੀ ਧਰਮ ਨੂੰ ਤਾਂ ਕੋਈ ਖਤਰਾ ਨਹੀਂ ਪਰ ਵੱਖ ਵੱਖ ਮਜ਼ਹਬਾਂ ਨੂੰ ਜੇ ਖਤਰਾ ਹੈ ਤਾਂ ਧਰਮ ਦੇ ਨਾਂ ਤੇ ਕਰਾਏ ਜਾ ਰਹੇ ਫੋਕਟ ਕਰਮਾਂ ਤੋਂ ਹੈ ਜੋ ਵਿਗਿਆਨਕ ਯੁੱਗ ਵਿੱਚ ਸਾਰਥਕ ਨਹੀਂ ਹਨ। ਜਾਤਾਂ ਪਾਤਾਂ ਤੋਂ ਖਤਰਾ ਹੈ ਜੋ ਮਨੁੱਖਤਾ ਵਿੱਚ ਊਚ-ਨੀਚ ਪੈਦਾ ਕਰਦੀਆਂ ਹਨ। ਛੂਆ-ਛਾਤ ਅਖੌਤੀ ਸੁੱਚ-ਭਿੱਟ ਤੋਂ ਖਤਰਾ ਹੈ ਛੂਆ-ਛਾਤ ਅਤੇ ਸੁੱਚ ਭਿੱਟ ਰੱਖਣਾ ਧਰਮ ਨਹੀਂ ਸਗੋਂ ਸਫਾਈ ਰੱਖਣੀ ਸਾਡਾ ਫਰਜ਼ ਹੈ। ਰੱਬ ਦੇ ਘਰ ਜਾਂ ਰਹਿਣ ਲਈ ਖਾਸ ਥਾਂ ਅਤੇ ਦਿਸ਼ਾਵਾਂ ਨਿਯਤ ਕਰਨੀਆਂ ਖਤਰੇ ਦੀਆਂ ਘੰਟੀਆਂ ਹਨ ਜਦ ਕਿ ਰੱਬ ਸਰਬ ਨਿਵਾਸੀ ਹੈ ਜਿਵੇਂ ਮੁਸਲਿਮ ਮੱਕੇ ਅਤੇ ਹਿੰਦੂ ਦੱਖਣ ਦੇਸ਼ ਵਿੱਚ ਹੀ ਰੱਬ ਦਾ ਨਿਵਾਸ ਮੰਨਦੇ ਹਨ-ਦਖਣਿ ਦੇਸਿ ਹਰੀ ਕਾ ਬਾਸਾ ਪਛਿਮਿ ਅਲਾਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥ (1349) ਪੱਥਰਾਂ ਦੀ ਪੂਜਾ ਤੋਂ ਖਤਰਾ ਹੈ ਕਿਉਂਕਿ ਪੂਜਣ ਵਾਲਾ ਵੀ ਪੱਥਰ ਦਿਲ ਹੋ ਜਾਂਦਾ ਹੈ ਭਾਵ ਸੋਚ ਵਿਚਾਰ ਦੇ ਰਸਤੇ ਬੰਦ ਕਰ ਲੈਂਦਾ ਹੈ। ਤੋਤਾ ਰਟਨੀ ਮੰਤਰਾਂ, ਨਿਮਾਜ਼ਾਂ, ਅਤੇ ਗਿਣਤੀ ਦੇ ਪਾਠਾਂ ਆਦਿਕ ਤੋਂ ਖਤਰਾ ਹੈ ਜੋ ਧਰਮ ਗ੍ਰੰਥਾਂ ਦੇ ਭਾਵ ਨੂੰ ਸਮਝਣ ਦੀ ਬਜਾਇ ਵਖਤ ਅਤੇ ਪੈਸਾ ਗਵਾਇਆ ਜਾ ਰਿਹਾ ਹੈ। ਮਨੋ ਕਲਪਿਤ ਦੇਵੀਆਂ, ਅਵਤਾਰਾਂ ਅਤੇ ਪੀਰਾਂ ਪੈਗੰਬਰਾਂ ਨੂੰ ਹੀ ਰੱਬ ਸਮਝ ਕੇ ਅਨੇਕਾਂ ਰੱਬ ਬਣਾ ਕੇ ਫਿਰ ਆਪਸ ਵਿੱਚ ਰੱਬੀ ਨਾਵਾਂ ਤੇ ਲੜਨਾ ਖਤਰਨਾਕ ਹੈ ਜਦ ਕਿ ਕੋਈ ਵੀ ਪੰਜ ਭੂਤਕ ਸਰੀਰ ਰੱਬ ਨਹੀਂ ਹੋ ਸਕਦਾ-ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਤ ਨਾਰਾਇਣ॥ (1136) ਵੇਸਾਂ ਭੇਖਾਂ ਨੂੰ ਹੀ ਧਰਮ ਸਮਝ ਲੈਣਾ ਖਤਰੇ ਦੀ ਨਿਸ਼ਾਨੀ ਹੈ-ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਏਹੁ ਫਲੁ ਨਾਹੀ ਜੀਉ॥ (598) ਗ੍ਰਿਹਸਤ ਦਾ ਤਿਆਗ ਕਰਕੇ ਜੰਗਲਾਂ ਬੀਆ-ਬਾਨਾਂ ਵਿੱਚ ਰੱਬ ਨੂੰ ਟੋਲਣਾ ਅਤੇ ਇਸ ਨੂੰ ਸੱਚਾ ਧਰਮ ਸਮਝ ਲੈਣਾ ਵੀ ਧੋਖਾ ਹੈ-ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜਹਿ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢਹਿ॥ (1378) …ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ (684) ਮਨੁੱਖਤਾ ਦੇ ਅੱਧੇ ਅੰਗ ਔਰਤ ਨੂੰ ਨੀਵਾਂ ਕਹਿ ਕੇ ਨਿੰਦਣਾ ਧਰਮ ਲਈ ਵੱਡਾ ਖਤਰਾ ਹੈ ਕਿਉਂਕਿ ਔਰਤ ਜਗਤ ਜਣਨੀ ਹੈ, ਮਾਂ ਹੈ, ਭੈਣ ਹੈ, ਪਤਨੀ ਹੈ ਫਿਰ ਮਰਦ ਵੀ ਔਰਤ ਤੋਂ ਹੀ ਪੈਦਾ ਹੁੰਦਾ ਹੈ। ਵੱਡੇ ਵੱਡੇ ਪੀਰ ਪੈਗੰਬਰ ਅਤੇ ਰਾਜਿਆਂ ਨੂੰ ਵੀ ਔਰਤ ਨੇ ਹੀ ਜਨਮ ਦਿੱਤਾ ਹੈ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥ (473) ਸੱਚ ਧਰਮ ਤੇ ਚੱਲਣ ਵਾਲਿਆਂ ਨੂੰ ਮੁਤੱਸਬੀ ਧਰਮ ਆਗੂਆਂ ਅਤੇ ਮੁਤੱਸਬੀ ਸਰਕਾਰਾਂ ਤੋਂ ਵੀ ਖਤਰਾ ਹੈ ਜੋ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਧਰਮ ਦਾ ਨੁਕਸਾਨ ਕਰਦੀਆਂ ਹਨ।

ਅੱਜ ਜਿਉਂ-ਜਿਉਂ ਵਿਗਿਆਨ ਰਾਹੀਂ ਮਨੁੱਖ ਤਰੱਕੀ ਕਰ ਰਿਹਾ ਹੈ, ਅਧੁਨਿਕ ਸਾਧਨਾਂ ਮੀਡੀਏ ਰਾਹੀਂ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋ ਰਿਹਾ ਹੈ। ਵਿਗਿਆਨ ਰਾਹੀਂ ਮਨੁੱਖਤਾ ਇੱਕ ਦੂਜੇ ਦੇ ਵਿਚਾਰਾਂ ਤੋਂ ਜਾਣੂੰ ਹੋ ਰਹੀ ਹੈ। ਸੰਸਾਰ ਇੱਕ ਗਲੋਬਲ ਪਿੰਡ ਦੀ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਹੈ। ਜਿਹੜਾ ਵੀ ਧਰਮ ਜਾਂ ਮਜ਼ਹਬ ਵਿਗਿਆਨ ਦੀ ਸੁਯੋਗ ਵਰਤੋਂ ਕਰਨ ਦੀ ਬਜਾਇ ਬੇਲੋੜੀ ਵਿਰੋਧਤਾ ਕਰੇਗਾ ਉਸ ਨੂੰ ਆਏ ਦਿਨ ਖਤਰਾ ਪੈਦਾ ਹੋਵੇਗਾ ਕਿਉਂਕਿ ਨਵੀਂ ਪੀੜੀ ਪੁਰਾਣੀਆਂ ਬੇਲੋੜੀਆਂ ਅਤੇ ਰੂੜੀਵਾਦੀ ਰਹੁ-ਰੀਤਾਂ ਤੋਂ ਬਾਗੀ ਹੋ ਜਾਵੇਗੀ। ਨੋਟ-ਵਿਗਿਆਨ ਦਾ ਬੇਲੋੜਾ ਵਿਰੋਧ ਕਰਨ ਵਾਲੇ ਧਰਮ ਆਗੂ ਦੱਸਣਗੇ ਕਿ ਉਹ ਅੱਜ ਇਸ ਦੀ ਵਰਤੋਂ ਨਹੀਂ ਕਰਦੇ ਹਨ? ਕੀ ਉਹ ਅਖਬਾਰ, ਰੇਡੀਓ, ਟੈਲੀਵਿਯਨ, ਕੰਪਿਊਟਰ, ਪੈਨ-ਪੈਨਸਿਲ, ਮਸ਼ੀਨਾਂ ਰਾਹੀਂ ਬਣੇ ਅਤੇ ਸੀਤੇ ਕਪੜੇ, ਫਰਿਜ਼, ਵਾਸ਼ਿੰਗ ਮਸ਼ੀਨ, ਪੈਟਰੌਲ, ਗੈਸ ਚੁੱਲੇ, ਕਾਰਖਾਨਿਆਂ ਵਿੱਚ ਚੱਲਣ ਵਾਲੀਆਂ ਮਸ਼ੀਨਾਂ, ਅਧੁਨਿਕ ਅਸਲਾ, ਐਟਮ ਬੰਬਾਂ, ਅਕਾਸ਼ ਵਿੱਚ ਉੱਡਣ ਵਾਲੇ ਹਵਾਈ ਜਹਾਜਾਂ, ਨਿਤ ਦੀ ਵਰਤੋਂ ਵਿੱਚ ਆਉਣ ਵਾਲੀਆਂ ਬੱਸਾਂ ਕਾਰਾਂ, ਅਧੁਨਿਕ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ, ਅਧੁਨਿਕ ਫੂਡ ਸਟੋਰਾਂ, ਹਸਪਤਾਲਾਂ, ਦਵਾਈਆਂ, ਵਾਟਰ ਪੰਪਾਂ, ਪਾਣੀ ਦੇ ਅਧੁਨਿਕ ਵਸੀਲਆਂ ਅਤੇ ਸੈਲਰ ਫੋਨਾਂ ਆਦਿਕ ਦੀ ਵਰਤੋਂ ਨਹੀਂ ਕਰਦੇ? ਜੇ ਕਰਦੇ ਹਨ ਜਾਂ ਇਨ੍ਹਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਜਾਂ ਇਨ੍ਹਾਂ ਨੂੰ ਧਰਮ ਪ੍ਰਚਾਰ ਵਾਸਤੇ ਵਰਤਦੇ ਹਨ ਫਿਰ ਕਿਉਂ ਬੇਲੋੜਾ ਸਾਂਇੰਸ (ਵਿਗਿਆਨ) ਦੇ ਵਿਰੋਧੀ ਹਨ?

ਸੋ ਅੱਜ ਜਿਹੜਾ ਵੀ ਧਰਮ ਅਧੁਨਿਕ ਸਾਧਨਾਂ ਦੀ ਸੁਜੋਗ ਵਰਤੋਂ ਨਹੀਂ ਕਰੇਗਾ ਉਸ ਨੂੰ ਵੱਧਣ ਫੁੱਲਣ ਵਿੱਚ ਖਤਰਾ ਰਹੇਗਾ। ਧਰਮ ਨੂੰ ਹਊਆ ਨਾ ਬਨਾਓ ਸਗੋਂ ਚੰਗੇ ਕੰਮ ਕਰਦੇ ਅਤੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋਏ-ਸਾਂਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ ਚਲੀਐ॥ (766) ਆਪਸੀ ਪ੍ਰੇਮ ਪਿਆਰ, ਭ੍ਰਾਤਰੀਭਾਵ ਨਾਲ ਰਹਿੰਦੇ ਹੋਏ ਇਸ ਚਾਰ ਦਿਨਾਂ ਦੀ ਜ਼ਿੰਦਗੀ ਨੂੰ ਪ੍ਰਭੂ, ਪ੍ਰਮਾਤਮਾਂ, ਅੱਲਾ-ਤਾਲਾ, ਗਾਡ ਵਾਹਿਗੁਰੂ ਅਕਾਲ ਪੁਰਖ ਦੇ ਸ਼ੁਰਰਾਨੇ ਅਤੇ ਸਦੀਵੀ ਯਾਦ ਵਿੱਚ ਜੀਓ। ਹਰੇਕ ਮੱਤ ਵਿਖੇ ਜੋ ਚੰਗੇ ਗੁਣ ਹਨ ਜੋ ਮਨੁੱਖਤਾ ਲਈ ਕਲਿਆਣਕਾਰੀ ਹਨ ਅਤੇ ਜਿਨ੍ਹਾਂ ਨੂੰ ਹਰੇਕ ਸਹਿਜੇ ਹੀ ਧਾਰ ਸਕਦਾ ਹੈ ਨੂੰ ਧਾਰਨ ਕਰੋ। ਧਰਮ ਇੱਕ ਉਹ ਗੁਲਸਦਤਾ ਹੈ ਜਿਸ ਵਿੱਚ ਵੱਖ ਵੱਖ ਮੱਤਾਂ ਰੂਪੀ ਫੁੱਲ ਸਜੇ ਹੋਏ ਹਨ। ਏਹੀ ਸਰਬਸਾਂਝਾ ਧਰਮ ਹੈ। ਬਾਕੀ ਮਨੋ ਕਲਪਿਤ ਕਥਾ ਕਹਾਣੀਆਂ, ਬੇਅਰਥ ਤੇ ਬੇਲੋੜੇ ਕਰਮ, ਰਹੁਰੀਤਾਂ ਅਤੇ ਤੋਤਾ ਰਟਨੀ ਮੰਤਰ ਜਾਪ ਤੇ ਭਾੜੇ ਦੇ ਪਾਠ ਸਭ ਫੋਕਟ ਕਰਮ ਅਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਉਕਸਾ ਕੇ ਵੋਟਾਂ ਬਟੋਰਨੀਆਂ, ਭੇਖੀ ਸਾਧਾਂ ਸੰਤਾਂ ਦੇ ਡੇਰਿਆਂ ਅਤੇ ਪੁਛਣਾ ਦੇਣ ਵਾਲਿਆਂ ਕੋਲ ਜਾ ਕੇ ਖੂਨ ਪਸੀਨੇ ਦੀ ਕਮਾਈ ਅੰਨ੍ਹੇ ਵਾਹ ਰੋੜਨੀ ਧਰਮ ਲਈ ਖਤਰਾ ਹਨ। ਇਨਸਾਨੀਅਤ ਲਈ ਆਪਣੇ ਫਰਜ਼ਾਂ ਦੀ ਦ੍ਰਿੜਤਾ ਨਾਲ ਪਾਲਣਾ ਕਰਦੇ ਹੋਏ ਰੱਬ ਨੂੰ ਸਦਾ ਯਾਦ ਰੱਖਣਾ ਧਰਮ ਅਤੇ ਇਸ ਦੇ ਉਲਟ ਜਾਣਾ ਖਤਰਾ ਹੀ ਖਤਰਾ ਹੈ।




.