.

ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜ਼ੁਦ ਹਨ

ਜਿਸ ਤਰ੍ਹਾਂ ਸੰਤ ਬਾਬੇ ਅਤੇ ਦੇਹਧਾਰੀ ਨਕਲੀ ਗੁਰੂ, ਗੁਰਬਾਣੀ `ਚੋਂ ਆਪਣੇ ਮਤਲਬ ਦੀਆਂ ਚੋਣਵੀਆਂ ਤੁਕਾਂ ਲੈ ਕੇ ਆਪਣੇ ਹੀ ਅਨੁਸਾਰ ਉਸ ਦੇ ਅਰਥ ਕਰਦੇ ਹੋਏ ਸੰਤਾਂ ਅਤੇ ਦੇਹਧਾਰੀ ਗੁਰੂਆਂ ਦੀ ਮਹੱਤਤਾ ਦਾ ਪ੍ਰਚਾਰ ਕਰਦੇ ਹਨ, ਉਸੇ ਤਰ੍ਹਾਂ ਸਾਡੇ ਤੱਤ ਗੁਰਮਤਿ ਨੂੰ ਪ੍ਰਣਾਏ ਹੋਏ ਦੱਸਣ ਵਾਲੇ ਕੁੱਝ ਵੀਰ ਇੱਥੋਂ ਤੱਕ ਚਲੇ ਗਏ ਹਨ ਕਿ ਉਹ ਗੁਰਬਾਣੀ ਦੀਆਂ ਕੁੱਝ ਤੁਕਾਂ ਦਾ ਪ੍ਰਮਾਣ ਦੇ ਕੇ ਗੁਰੂ ਸਾਹਿਬਾਨ ਨੂੰ ਹੀ ਗੁਰੂ ਕਹਿਣ ਤੋਂ ਆਕੀ ਹੋ ਗਏ ਹਨ, ਜਿਸ ਤਰ੍ਹਾ ਕਿ ਭਾਈ ਗੁਰਬਖਸ਼ ਸਿੰਘ ਨੇ 23 ਸਤੰਬਰ ਦੇ ਬਹੁਰੰਗੀ ਸਪੋਕਸਮੈਨ ਦੇ ਮੁਖ ਪੰਨੇ `ਤੇ ਛਪੇ ਲੇਖ “ਸ਼ਬਦ ਗੁਰੂ ਜੁਗ ਚਾਰੇ ਅਉਧੂ” ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ, ਉਨ੍ਹਾਂ ਦਾ ‘ਸ਼ਬਦ’ ਹੀ ਗੁਰੂ ਸੀ। ਸ਼ਬਦ ਗੁਰੂ ਅਨਾਦੀ ਹੋਣ ਕਰਕੇ ਸਾਰੇ ਹੀ ਯੁੱਗਾਂ ਵਿੱਚ ਮੌਜ਼ੂਦਾ ਸੀ। ਇਸ ਲਈ ਸ਼ਬਦ ਗੁਰੂ ਦੀ ਗੱਦੀ ਕਦੇ ਖਾਲੀ ਹੀ ਨਹੀਂ ਹੋਈ ਤਾਂ ਅੱਗੇ ਕਿਸੇ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦਾ ਭਾਵ ਉਹ ਦਸ ਗੁਰੂ ਸਾਹਿਬਾਨ ਨੂੰ ਵੀ ਗੁਰੂ ਕਹਿਣ ਤੋਂ ਆਕੀ ਹੋ ਗਏ ਹਨ। ਗੁਰਬਖਸ਼ ਸਿੰਘ ਲੁਧਿਆਣਾ ਜੀ ਨੇ ਇਹ ਲੇਖ ਲਿਖ ਕੇ ਸਿੱਖ ਪੰਥ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਾਸ ਆਪਣੀ ਬੁੱਧੀ ਅਨੁਸਾਰ ਵੀਰ ਜੀ ਦੇ ਪ੍ਰਸ਼ਨਾਂ ਦਾ ਉਤਰ ਦੇਣਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਹਾਂ ਕਿ “ਸਬਦ ਗੁਰੂ ਜੁਗ ਚਾਰੇ ਅਉਧੂ” ਵਾਲੀ ਤੁਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਹੀ ਨਹੀਂ। ਭਾਈ ਗੁਰਬਖਸ਼ ਸਿੰਘ ਜੀ ਇਹ ਦੱਸਣ ਕਿ ਇਹ ਤੁਕ ਉਨ੍ਹਾਂ ਨੇ ਕਿੰਨੇ ਨੰ: ਪੰਨੇ ਤੋਂ ਲਈ ਹੈ। ਅਸਲੀ ਤੁਕ ਇਸ ਤਰ੍ਹਾਂ ਹੈ: ਰਾਮਕਲੀ ਮ: 1॥ ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ॥ 23॥ (ਪੰਨਾਂ 908)

1. ਵੀਰ ਜੀ ਨੇ ਲਿੱਖਿਆ ਹੈ ਕਿ “ਬਾਬੇ ਨਾਨਕ ਨੇ ਕਿਤੇ ਵੀ ਬਾਣੀ ਅੰਦਰ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ।”

ਜਵਾਬ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਅੰਦਰ ਗੁਰੂ ਨਹੀਂ ਕਹਾਇਆ, ਜੇ ਸਤਿਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ ਤਾਂ ਇਹ ਸਤਿਗੁਰ ਦਾ ਬਹੁਤ ਵੱਡਾਪਣ ਹੈ। ਸਤਿਗੁਰੁ ਜੀ ਦੀ ਨਿਮਰਤਾ ਹੈ, ਹਲੀਮੀ ਹੈ। ਪਰ ਵੀਰ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਚੌਥੇ ਅਤੇ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਬਾਬੇ ਨਾਨਕ ਨੂੰ ਗੁਰੂ ਕਿਹਾ ਹੈ: ਪ੍ਰਮਾਣ:

ਆਸਾ ਮਹਲਾ ਮ: 5 “ਜਿਉ ਬਾਲਕੁ ਪਿਤਾ ਉਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ 4॥ 7॥ 11॥ (ਪੰਨਾਂ 397)।

2. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥ 4॥ (ਆਸਾ ਮ: 4, ਪੰਨਾਂ 452)

3. ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥ 4॥ 2॥ 13॥ (ਸੋਰਠਿ ਮ: 5, ਪੰਨਾਂ 613)

4. ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ॥ 4॥ 1॥ 5॥ (ਸੂਹੀ ਮ: 4, ਪੰਨਾਂ 732)

5. ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ॥ 4॥ 1॥ 47॥ (ਰਾਗ ਸੂਹੀ ਮ: 5, ਪੰਨਾਂ 746)

6. ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ 2॥ 3॥ 21॥ (ਬਿਲਾਵਲ ਮ: 5, ਪੰਨਾਂ 806)

7. ਗੁਰੁ ਨਾਨਕੁ ਬੋਲੈ ਦਰਗਹ ਪਰਵਾਨ॥ 2॥ 6॥ 86॥ (ਬਿਲਾਵਲ ਮ: 5, ਪੰਨਾਂ 822)

8. ਗੁਰੁ ਨਾਨਕੁ ਨਾਨਕੁ ਹਰਿ ਸੋਇ॥ 4॥ 7॥ 9॥ (ਗੌਂਡ ਮ: 5, ਪੰਨਾਂ 864)

9. ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ 4॥ 1॥ 10॥ (ਮਾਰੂ ਮ: 5, ਪੰਨਾਂ 1001)

10. ਮਾਰੂ ਕੀ ਵਾਰ ਮ: 5॥ ਪਉੜੀ॥ ਜੋ ਇਛੀ ਸੋ ਫਲੁ ਪਾਇਦਾ, ਗੁਰਿ ਅੰਦਰਿ ਵਾੜਾ॥ ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ॥ 10॥ (ਪੰਨਾਂ 1097)

11. ਬਸੰਤ ਮ: 4॥ ਭਗਤ ਜਨਾ ਕਉ ਹਰਿ ਕਿਰਪਾ ਧਾਰੀ॥ ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ॥ 4॥ 2॥ (ਪੰਨਾਂ 1178)

(ਕਿਰਪਾ ਕਰਕੇ ਇਨ੍ਹਾਂ ਤੁਕਾਂ ਦੇ ਅਰਥਾਂ ਲਈ ਡਾ. ਸਾਹਿਬ ਸਿੰਘ ਡੀ. ਲਿਟ ਦਾ ਗੁਰੂ ਗ੍ਰੰਥ ਸਾਹਿਬ ਦਰਪਣ ਪੜ੍ਹੋ ਜੀ)

ਜੇ ਚੌਥੇ ਤੇ ਪੰਜਵੇਂ ਪਾਤਸ਼ਾਹ ਬਾਬੇ ਨਾਨਕ ਨੂੰ ਗੁਰੂ ਨਾਨਕ ਕਹਿੰਦੇ ਹਨ ਤਾਂ ਤੁਹਾਡੀ, ਮੇਰੀ ਜਾਂ ਤੱਤ ਗੁਰਮਤਿ ਵਾਲਿਆਂ ਦੀ ਕੀ ਸੱਤਿਆ ਹੈ ਕਿ ਗੁਰੂ ਨਾਨਕ ਨੂੰ “ਗੁਰੂ ਨਾਨਕ” ਨਾ, ਨਾ ਕਹਿਣ। ਇਸ ਤੋਂ ਇਲਾਵਾ ਸੱਤੇ ਬਲਵੰਡ ਜੀ ਦੀ ਵਾਰ ਵਿੱਚ ਵੀ ਪ੍ਰਮਾਣ ਦੇਖੇ ਜਾ ਸਕਦੇ ਹਨ।

ਇੱਕ ਪੱਖ ਇਹ ਵੀ:

ਵੀਰ ਜੀ ਬਾਬੇ ਨਾਨਕ ਨੇ ਆਪਣੇ ਆਪ ਨੂੰ ਗੁਰਬਾਣੀ ਅੰਦਰ ਗੁਰੂ ਤਾਂ ਨਹੀਂ ਕਿਹਾ ਪਰ ਆਪਣੇ ਆਪ ਨੂੰ ਨਿਮਰਤਾ ਅਤੇ ਹਲੀਮੀ ਵਿੱਚ ਨੀਚ, ਮੂਰਖ, ਅਪਰਾਧੀ, ਨਿਰਗੁਣ, ਪਾਪੀ, ਦਾਸ ਆਦਿ ਬੜੇ ਲਫਜ਼ ਵਰਤੇ ਹਨ। ਪ੍ਰਮਾਣ:

1. ਨਾਨਕ ਨੀਚੁ ਕਹੈ ਵੀਚਾਰ॥ (ਜਪੁ ਜੀ, ਪੰਨਾਂ 4)

2. ਹਮ ਮੁਰਖ ਅਗਿਆਨ ਸਰਨਿ॥ (ਰਾਮਕਲੀ ਮ: 1, ਪੰਨਾਂ 876)

3. ਹਮ ਅਪਰਾਧੀ ਨਿਰਗੁਣੇ॥ (ਸੋਰਠਿ ਮ: 1, ਪੰਨਾਂ 636)

4. ਹਮ ਪਾਪੀ ਨਿਰਗੁਣ ਕਉ (ਗਉੜੀ ਮ: 1, ਪੰਨਾਂ 228)

5. ਨਾਨਕ ਦਾਸ ਕਹੈ ਬੇਨੰਤੀ (ਮਾਝ ਮ: 1, ਪੰਨਾਂ 108)

6. ਹਮ ਦਾਸਨ ਕੇ ਦਾਸ (ਮਾਰੂ ਮ: 1, ਪੰਨਾਂ 1035)

7. ਹਮ ਨਹੀ ਚੰਗੇ ਬੁਰਾ ਨਹੀ ਕੋਇ॥ (ਸੂਹੀ ਮ: 1, ਪੰਨਾਂ 728)

8. ਮੈ ਮੈਲੋ ਊਜਲੁ ਸਚ ਸੋਇ॥ (ਪ੍ਰਭਾਤੀ ਮ: 1, ਪੰਨਾਂ 1330)

ਕੱਲ੍ਹ ਨੂੰ ਕੋਈ ਹੋਛੀ ਮਤ ਵਾਲਾ ਇਹ ਪ੍ਰਮਾਣ ਦੇ ਕੇ ਸਤਿਗੁਰੂ ਦੇ ਨਾਮ ਅੱਗੇ ਇਹ ਸ਼ਬਦ ਲਾਵੇ ਤਾਂ ਕੀ ਬਰਦਾਸ਼ਤ ਹੋ ਜਾਵੇਗਾ। ਵੀਰ ਜੀ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਤੁਸੀਂ ਚੌਥੇ, ਪੰਜਵੇਂ ਗੁਰੂ ਸਾਹਿਬਾਨ, ਭਾਈ ਸੱਤਾ ਬਲਵੰਡ ਜੀ, ਭਾਈ ਗੁਰਦਾਸ ਜੀ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ ਤੋਂ ਜਿਆਦਾ ਸਿਆਣੇ ਨਹੀਂ, ਜਿਹੜੇ ਬਾਬੇ ਨਾਨਕ ਨੂੰ ਗੁਰੂ ਨਾਨਕ ਕਹਿ ਕੇ ਸੰਬੋਧਨ ਕਰਦੇ ਸਨ।

ਵੀਰ ਜੀ ਅੱਗੇ ਲਿਖਦੇ ਹਨ, “ਨਾ ਕੋਈ ਗੱਦੀ ਹੀ ਚਲਾਈ, ਗੱਦੀ ਤਾਂ ਤਦ ਚਲਾਉਂਦੇ ਜੇ ਸ਼ਬਦ ਅਬਿਨਾਸੀ ਨਾ ਹੁੰਦਾ। ਸ਼ਬਦ ਹਮੇਸ਼ਾਂ ਹੋਣ ਸਦਕਾ ਕਦੇ ਵੀ ਸ਼ਬਦ ਗੁਰੂ ਦੀ ਗੱਦੀ ਖਾਲੀ ਨਹੀਂ ਹੋ ਸਕਦੀ।

ਜਵਾਬ: ਇਹ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਨਿਰਗੁਣ ਸਰੂਪ ਵਿੱਚ ਤਾਂ ਗੱਦੀ ਹਮੇਸ਼ਾਂ ਹੀ ਸ਼ਬਦ ਗੁਰੂ ਦੀ ਹੈ ਪਰ ਸ਼ਬਦ ਗੁਰੂ ਦਾ ਸਿਧਾਂਤ ਲਾਗੂ ਕਰਨ ਲਈ ਗੁਰੂ ਸਾਹਿਬ ਨੇ ਸਰੀਰਕ ਰੂਪ ਵਿੱਚ ਦਸ ਜਾਮੇ ਧਾਰਨ ਕੀਤੇ। ਜਿਸ ਸਮੇਂ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜਤਾ ਨਾਲ ਲਾਗੂ ਹੋ ਗਿਆ, ਉਸੇ ਸਮੇਂ ਹੀ ਸਿੱਖਾਂ ਨੂੰ ਸਰਗੁਣ ਸਰੂਪ ਵਿੱਚ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਖਾਤਮਾ ਕਰ ਦਿੱਤਾ। ਗੁਰਗੱਦੀ ਸ਼ਬਦ ਦੀ ਜਗ੍ਹਾ ਉਤਰਾਧਿਕਾਰੀ, ਟਿਕਾ ਦਿਤੋਸੁ, ਤਖਤਿ ਮਲ ਬੈਠਾ ਆਦਿ ਵਿੱਚੋਂ ਕੁੱਝ ਵੀ ਕਹਿ ਲਉ ਕੋਈ ਫਰਕ ਨਹੀਂ ਪੈਂਦਾ ਪਰ ਪੰਥ ਵਿੱਚ ਸਭ ਤੋਂ ਜਿਆਦਾ ਪ੍ਰਚਲਤ ਸ਼ਬਦ ਗੁਰਗੱਦੀ ਹੀ ਹੈ। ਇਸ ਲਈ ਸਾਨੂੰ ਗੁਰੂ ਸਾਹਿਬ ਜੀ ਨੂੰ ਗੁਰੂ ਕਹਿਣ ਜਾਂ ਗੁਰਗੱਦੀ ਦੇਣ ਵਾਲੇ ਸ਼ਬਦ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ।

ਅਕਾਲ ਪੁਰਖ ਦੇ ਹੁਕਮ ਅਨੁਸਾਰ ਦਸਮੇਸ਼ ਪਿਤਾ ਜੀ ਨੇ ਖੰਡੇ ਦੀ ਪਾਹੁਲ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਸਾਨੂੰ ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਹੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ, “ਮੇਰੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ।”

ਇਸ ਤੋਂ ਅੱਗੇ ਵੀਰ ਜੀ ਲਿਖਦੇ ਹਨ: “ਬਾਬੇ ਨਾਨਕ ਦੇ ਆਪਣੇ ਬਚਨ ਵੀ ਅੰਕ 1286 `ਤੇ ਅੰਕਿਤ ਹਨ ਕਿ: “ਗੱਦੀ ਦੇਣ ਵਾਲੇ ਬਾਵਲੇ (ਕਮਲੇ) ਅਤੇ ਗੱਦੀ ਲੈਣ ਵਾਲੇ (ਨਿਲੱਜ) ਬੇਸ਼ਰਮ: ‘ਕੁਲਹ’ ਦਿੰਦੇ ਬਾਵਲੇ ਲੈਦੇ ਵਡੇ ਨਿਲਜ॥”

ਜਵਾਬ: ਇੱਥੇ ਵੀਰ ਜੀ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ “ਸਲੋਕ ਮ: 1॥ ਕੁਲਹ ਦਿੰਦੇ ਬਾਵਲੇ ਲੈਦੇ ਵਡੇ ਨਿਲਜ” ਦਾ ਭਾਵ ਹੀ ਗਲਤ ਕੱਢ ਦਿੱਤਾ ਹੈ, ਜਿਸ ਕਰਕੇ ਸਭ ਵਿਵਾਦ ਖੜ੍ਹਾ ਹੋਇਆ ਹੈ। ਅਗਲੀ ਤੁਕ ਨੂੰ ਧਿਆਨ ਨਾਲ ਪੜ੍ਹੋ, “ਚੂਹਾ ਖਡ ਨ ਮਾਵਈ, ਤਿਕਿਲ ਬੰਨ੍ਹੈ ਛਜ॥ ਮਹਾਨ ਕੋਸ਼ ਦੇ ਪੰਨਾਂ 589 ਵਿੱਚ “ਤਿਕਿਲ” ਸਬਦ ਦੇ ਹੇਠ ਇਸ ਤੁਕ ਦਾ ਭਾਵ ਇਹ ਦਿੱਤਾ ਹੈ: “ਆਪਣਾ ਉਧਾਰ ਨਹੀਂ ਕਰ ਸਕਦਾ ਅਤੇ ਪਿੱਛੇ ਚੇਲੇ ਲਾਉਂਦਾ ਹੈ”। ਸੋ, ਕੀ ਵੀਰ ਜੀ ਗੁਰੂ ਨਾਨਕ ਨੂੰ ਵੀ ਅਜਿਹੇ ਚੂਹਿਆਂ ਨਾਲ ਤੁਲਨਾ ਕਰਨਾ ਚਾਹੁੰਦੇ ਹਨ, ਜਿਹੜੇ ਆਪਣਾ ਉਧਾਰ ਤਾਂ ਨਹੀਂ ਕਰ ਸਕਦੇ ਪਰ ਪਿੱਛੇ ਚੇਲਿਆਂ ਰੂਪੀ ਛੱਜ ਵੀ ਬੰਨ੍ਹੀ ਫਿਰਦੇ ਹਨ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਵੀਰ ਜੀ ਨੇ ਸਿੰਘ ਸੂਰਮੇ ਸਤਿਗੁਰੂ ਨਾਨਕ ਦੇਵ ਜੀ ਨੂੰ “ਚੂਹਾ ਖਡ ਨ ਮਾਵਈ, ਤਿਕਿਲ ਬੰਨ੍ਹੈ ਛਜ॥” ਦਾ ਖਿਤਾਬ ਕਿਵੇਂ ਦੇ ਦਿੱਤਾ? ਬੱਲੇ ਓਇ ਚਲਾਕ ਸੱਜਣਾ … …

ਗੁਰਬਾਣੀ ਨੂੰ ਤਰਕ ਬੁੱਧੀ ਨਾਲ ਸਮਝਣ ਕਰਕੇ ਹੀ ਵਿਵਾਦ ਹੁੰਦਾ ਹੈ, ਜੇ ਗੁਰਬਾਣੀ ਨੂੰ ਬਿਬੇਕ ਬੁੱਧੀ ਨਾਲ ਸਮਝਿਆ ਜਾਵੇ ਤਾਂ ਵਿਵਾਦ ਕੋਈ ਨਹੀਂ ਰਹਿਣਾ। ਗੁਰਬਾਣੀ ਤਰਕ ਅਵਸਥਾ ਵਿੱਚ ਨਹੀਂ, ਬਿਬੇਕ ਅਵਸਥਾ ਵਿੱਚ ਲਿਖੀ ਗਈ ਹੈ।

ਇਹ ਲੇਖ ਪੜ੍ਹਨ ਤੋਂ ਬਾਅਦ ਦਾਸ ਨੇ ਭਾਈ ਗੁਰਬਖ਼ਸ ਸਿੰਘ ਲੁਧਿਆਣਾ ਨਾਲ ਮੋਬਾਈਲ `ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਾਬੇ ਨਾਨਕ ਨੇ ਕੋਈ ਗੱਦੀ ਨਹੀਂ ਚਲਾਈ, ਸਗੋਂ ਉਨ੍ਹਾਂ ਨੇ ਤਾਂ ਅੱਗੇ ਭਾਈ ਲਹਿਣਾ ਜੀ ਨੂੰ ਜਿੰਮੇਵਾਰੀ ਦਿੱਤੀ ਸੀ। ਵੀਰ ਜੀ ਨੂੰ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਜਿੰਮੇਵਾਰੀ ਵਾਲੇ ਸ਼ਬਦ ਦਾ ਹਵਾਲਾ ਆਪ ਕਿੱਥੋਂ ਦੇ ਰਹੇ ਹੋ? ਧਿਆਨ ਵਿੱਚ ਲਿਆਉ ਜੀ। ਦੂਜੀ ਗੱਲ ਵੀਰ ਜੀ ਜੇ ਤੁਹਾਡਾ ਇਸ ਸਲੋਕ ਵਾਲਾ ਭਾਵ ਮੰਨ ਲਈਏ ਤਾਂ ਫਿਰ ਭਾਈ ਲਹਿਣਾ ਜੀ ਨੂੰ ਜਿੰਮੇਵਾਰੀ ਦੇਣਾ ਵੀ ਗਲਤ ਹੈ ਕਿਉਂਕਿ ‘ਕੁਲਹ’ ਦਿੰਦੇ ਬਾਵਲੇ ਲੈਦੇ ਵਡੇ ਨਿਲਜ॥” ਦਾ ਭਾਵ ਵੀ ਜਿੰਮੇਵਾਰੀ ਹੀ ਨਿਕਲਦਾ ਹੈ। ਨਕਲੀ ਗੁਰੂ ਨਕਲੀ ਚੇਲੇ ਨੂੰ ਸੇਲੀ ਟੋਪੀ ਦੇ ਕੇ ਆਪਣੇ ਝੂਠੇ ਮਿਸ਼ਨ ਦੀ ਜਿੰਮੇਵਾਰੀ ਤਾਂ ਸੌਂਪਦੇ ਸਨ!

ਵੀਰ ਜੀ ਨੇ ਇੱਕ ਹੋਰ ਗੱਲ ਕਹੀ ਕਿ “ਬਾਬੇ ਨਾਨਕ ਨੂੰ ਦੇਹ ਰੂਪ `ਚ ਗੁਰੂ ਆਖਦੇ ਹਾਂ ਤਾਂ ਨਕਲੀ ਸਾਧ ਵੀ ਆਪਣੇ ਆਪ ਨੂੰ ਗੁਰੂ ਆਖਦੇ ਹਨ ਅਤੇ ਉਸ ਦਾ ਫਾਇਦਾ ਉਠਾਉਂਦੇ ਹਨ, ਦੇ ਜਵਾਬ ਵਿੱਚ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਘਰ ਦੀ ਉਹ ਕਿਹੜੀ ਚੀਜ ਹੈ, ਜਿਸ ਦੀ ਨਕਲ ਇਨ੍ਹਾਂ ਲੂੰਬੜਾਂ ਨੇ ਨਹੀਂ ਕੀਤੀ। ਹਰਿਮੰਦਰ ਸਾਹਿਬ ਦੇ ਬਰਾਬਰ ਦੁਰਗਿਆਨਾ ਮੰਦਰ ਬਣਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਵਿਦਿਆ ਸਾਗਰ ਗ੍ਰੰਥ ਬਣਾਉਣਾ, ਦਸਮੇਸ਼ ਪਿਤਾ ਜੀ ਦਾ ਸਵਾਂਗ ਰਚ ਕੇ ਸੌਦਾ ਸਾਧ ਵਲੋਂ ਬਾਣਾ ਪਾਉਣਾ, ਕਲਗੀ ਲਾਉਣਾ, ਪਾਹੁਲ ਦੀ ਨਕਲ ਵਿੱਚ ਜਾਮੇ ਇੰਸਾਂ ਤਿਆਰ ਕਰਨਾ, ਆਪਣੇ ਨਾਮ ਨਾਲ ਪਹਿਲੀ ਪਾਤਸ਼ਾਹੀ, ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ ਲਿਖਣਾ, ਆਪਣੇ ਬੱਚਿਆਂ ਨੂੰ ਸਾਹਿਬਜਾਦਾ-ਸਾਹਿਬਜਾਦੀ ਅਖਵਾਉਣਾ, ਮਾਨ ਸਿੰਘ ਪਿਹੋਵੇ ਵਾਲਿਆਂ ਵਲੋਂ ਆਪਣੇ ਚੇਲਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ `ਤੇ ਰੱਖਣੇ, ਰਣਜੀਤ ਸਿੰਘ ਢਡਰੀਆਂ ਵਾਲੇ ਵਲੋਂ ਨਕਲੀ ਪੰਜ ਪਿਆਰੇ ਬਣਾ ਕੇ ਉਨ੍ਹਾਂ ਤੋਂ ਪੈਰੀਂ ਹੱਥ ਲਵਾਉਣਾ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਵਾਲੇ ਦਿਨ ਮਸਤਾਨੇ ਦਾ ਜਨਮ ਦਿਹਾੜਾ ਮਨਾਉਣਾ, ਸਤਿਗੁਰੂ ਦੀਆਂ ਕਲਪਿਤ ਤਸਵੀਰਾ ਵਰਗੀਆਂ ਆਪਣੀਆਂ ਤਸਵੀਰਾਂ ਬਣਾਉਣੀਆਂ। ਮੈਨੂੰ ਦੱਸੋ ਤਾਂ ਸਹੀ ਕਿ ਗੁਰੂ ਘਰ ਦੀ ਉਹ ਕਿਹੜੀ ਚੀਜ ਹੈ, ਜਿਸ ਦੀ ਇਨ੍ਹਾ ਲੂੰਬੜਾਂ ਨੇ ਨਕਲ ਨਹੀਂ ਮਾਰੀ। ਇਹ ਲੂੰਬੜ ਸਤਿਗੁਰੂ ਨਾਨਕ ਜੀ ਦੀ ਹਰ ਗੱਲ ਦੀ ਕਾਪੀ ਕੀਤੇ ਬਿਨਾਂ ਰਹਿ ਨਹੀਂ ਸਕਦੇ, ਤਾਂ ਕੀ ਫਿਰ ਅਸੀਂ ਇਨ੍ਹਾਂ ਸਾਰੀਆਂ ਪ੍ਰੰਪਰਾਵਾਂ ਅਤੇ ਸਿਧਾਂਤਾਂ ਨੂੰ ਬਦਲ ਦੇਈਏ।

ਵੀਰ ਜੀ ਇਹ ਦੱਸੋ ਕਿ ਸੱਚੇ ਪਾਤਸ਼ਾਹ ਦੇ ਨਾਮ ਨਾਲੋਂ ਗੁਰੂ ਸ਼ਬਦ, ਗੁਰਗੱਦੀ ਸ਼ਬਦ ਹਟਾ ਕੇ ਕੀ ਇਸ ਬਿਮਾਰੀ ਦਾ ਪੱਕਾ ਹੱਲ ਹੋ ਜਾਵੇਗਾ?

ਸੁਖਜੀਤਪਾਲ ਸਿੰਘ,

ਨੇੜੇ ਸਿੰਘ ਸਭਾ ਗੁਰਦੁਆਰਾ,

ਭੁੱਚੋ ਮੰਡੀ (ਬਠਿੰਡਾ)

ਮੋਬ: 98724-86992
.