.

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

ਜਦੋਂ ਅਸੀਂ ਹੁਣ ਆਮ ਪ੍ਰਚਲਤ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਪੜ੍ਹਦੇ ਹਾਂ ਤਾਂ ਸਾਡੇ ਧਿਆਨ ਵਿੱਚ ਪੰਥਕ ਰਹਿਣੀ ਹੇਠ ਇੱਕ ਸਿਰਲੇਖ ਹੈ ਅੰਮ੍ਰਿਤ ਸੰਸਕਾਰ। ਆਓ ਵੇਖਦੇ ਹਾਂ ਇਹ ਸਿਰਲੇਖ ਕਿੰਨਾਂ ਸਾਰਥਿਕ ਜਾਂ ਠੀਕ ਹੈ। ਗੁਰਬਾਣੀ ਦੀ ਉੱਪਰ ਲਿਖੀ ਨਸੀਹਤ (ਪੰਨਾ ੧੨੩੮) ਅਨੁਸਾਰ ਤਾਂ ਅੰਮ੍ਰਿਤ ਸਿਰਫ ਇੱਕ ਹੀ ਹੈ (ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖਿ ਪਾਇਆ - ਪੰਨਾ ੬੪੪) ਹੋਰ ਕੋਈ ਇਸ ਦੀ ਕਿਸਮ ਨਹੀਂ, ਜਿਸ ਦੀ ਪ੍ਰਾਪਤੀ ਲਈ ਗੁਰਬਾਣੀ ਦਾ ਧਿਆਨ ਜੋੜ ਕੇ ਅਧਿਅਨ ਕਰਨਾ ਤੁਹਾਨੂੰ ਸੇਧ ਮੁਹਈਆ ਕਰਾ ਸਕਦਾ ਹੈ। ਕੀ ਅਮ੍ਰਿਤ ਤਿਆਰ ਕਰਨ ਦਾ ਕੋਈ ਤਰੀਕਾ ਗੁਰਬਾਣੀ ਵਿੱਚ ਦਰਜ਼ ਵੀ ਹੈ? ਦਰਅਸਲ ਜੋ ਵਿਧੀ ਜਾਂ ਤਰੀਕਾ ਸਿੱਖ ਰਹਿਤ ਮਰਿਯਾਦਾ ਦੇ ਇਸ ਸਿਰਲੇਖ ਹੇਠ ਦਿੱਤਾ ਗਿਆ ਹੈ ਉਹ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦਾ ਤਰੀਕਾ ਹੈ ਨਾਂਹ ਕਿ ਅਮ੍ਰਿਤ ਤਿਆਰ ਕਰਨ ਦਾ। ਅਨੇਕਾਂ ਪੁਰਾਤਨ ਰਹਿਤਨਾਮਿਆਂ ਵਿੱਚ ਵੀ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਬਾਰੇ ਜ਼ਿਕਰ ਤਾਂ ਆਮ ਮਿਲਦਾ ਹੈ ਪਰ ਅੰਮ੍ਰਿਤ ਤਿਆਰ ਕਰਨ ਬਾਰੇ ਜ਼ਿਕਰ ਕਿਧਰੇ ਨਹੀਂ ਮਿਲਦਾ। ਹਾਂ ਅੰਮ੍ਰਿਤ ਪਾਉਣ ਜਾਂ ਪ੍ਰਾਪਤ ਕਰਨ ਦਾ ਤਰੀਕਾ ਗੁਰਬਾਣੀ ਵਿੱਚ ਪ੍ਰਭੂ ਦੇ ਨਾਮ ਸਿਮਰਨ ਰਾਹੀਂ ਜ਼ਰੂਰ ਦਰਜ਼ ਹੈ (ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖਿ ਅੰਮ੍ਰਿਤੁ ਪਾਵੇ - ਪੰਨਾ ੪੯੪)।

ਅੰਮ੍ਰਿਤ ਦਾ ਮਤਲਵ ਇਹ ਕੀਤਾ ਜਾਂਦਾ ਹੈ ਤਰਲ ਪਦਾਰਥ ਜਿਸ ਨੂੰ ਪੀਣ ਨਾਲ ਮੌਤ ਨਹੀਂ ਹੁੰਦੀ ਭਾਵ ਪੀਅ ਕੇ ਅਮਰ ਹੋ ਜਾਣਾ ਕੀ ਅੱਜ ਤਿੱਕਰ ਕੋਈ ਵਿਅਕਤੀ ਹੈ ਜਿਸ ਨੇ ਅੰਮ੍ਰਿਤ ਪੀਤਾ ਹੋਵੇ ਅਤੇ ਮਰਿਆ ਨਾਂਹ ਹੋਵੇ? ਇਸ ਵਿਚਾਰ ਪੱਖੋਂ ਇਹ ਅਰਥ ਠੀਕ ਨਹੀਂ ਜਾਪਦੇ। ਪਰ ਜੋ ਮਨੁੱਖ ਇਕਾਗਰ ਮਨ ਨਾਲ ਗੁਰਬਾਣੀ ਦੀ ਵੀਚਾਰ ਨਾਲ ਜੁੜਦਾ ਹੈ ਉਸਨੂੰ ਅੰਮ੍ਰਿਤ ਦੀ ਸਾਰ ਬਾਰੇ ਸਹਿਜ ਸੁਭਾ ਹੀ ਪਤਾ ਲਗ ਜਾਂਦਾ ਹੈ (ਗੁਰਮੁਖਿ ਸਬਦ ਅੰਮ੍ਰਿਤ ਹੈ ਸਾਰ - ਪੰਨਾ ੯੩੨) ਜਦੋਂ ਮਨੁੱਖ ਨੇ ਆਪਣੀ ਹਉਮੈ ਮਾਰ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਰੂਪੀ ਸਭ ਤ੍ਰਿਸ਼ਨਾਵਾਂ ਉੱਪਰ ਕਾਬੂ ਪਾ ਲਿਆ (ਗੁਰ ਕਾ ਸਬਦੁ ਅੰਮ੍ਰਿਤ ਹੈ ਸਭ ਤ੍ਰਿਸਨਾ ਭੁਖ ਗਵਾਏ - ਪੰਨਾ ੮੫੦) ਸਮਝੋ ਉਹ ਅੰਮ੍ਰਿਤ ਪ੍ਰਾਪਤੀ ਵਲ ਤੁਰ ਪਿਆ।   

ਦਸਮ ਨਾਨਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯  ਦੀ ਵਿਸਾਖੀ ਵਾਲੇ ਦਿਨ ਸੱਦੇ ਹੋਏ ਇੱਕਠ ਨੂੰ ਵੰਗਾਰ ਪਾਉਂਦੇ ਹੋਏ ਅਚਾਨਕ ਜਦੋਂ ਇੱਕ ਸੀਸ ਦੀ ਮੰਗ ਕੀਤੀ ਤਾਂ ਸਾਰੇ ਪਾਸੇ ਚੁੱਪ ਵਰਤ ਗਈ ਸੀ। ਦੂਸਰੀ ਵੇਰ ਫਿਰ ਸਤਿਗੁਰਾਂ ਕੜਕਮੀਂ ਆਵਾਜ਼ ਵਿੱਚ ਆਪਣੀ ਮੰਗ ਦੁਹਰਾਈ ਪਰ ਕੋਈ ਹਿਲਜੁਲ ਨਾਂਹ ਹੋਈ। ਤੀਸਰੀ ਵੇਰਾਂ ਗੁਰੂ ਜੀ ਦੀ ਗਰਜਵੀਂ ਆਵਾਜ਼ ਫਿਰ ਗੂੰਜੀ ਕਿ ਹੈ ਕੋਈ ਸੂਰਮਾਂ ਜੋ ਆਪਣਾ ਸੀਸ ਨਾਨਕ ਦੇ ਦਰ ਤੇ ਧੁਰ ਕੀ ਬਾਣੀ ਵਲੋਂ ਦਰਸਾਈ ਵਿਚਾਰਧਾਰਾ ਦੀ ਤਾਜ਼ਗੀ ਦੇ ਸੁੱਚੇ ਸੱਚ ਨੂੰ ਕਾਇਮ-ਦਾਇਮ ਰੱਖਣ ਅਤੇ ਜ਼ੁਲਮ ਨੂੰ ਮਿਟਾਉਣ ਲਈ ਅਰਪਣ ਕਰ ਸਕੇ! ਇਸ ਵੇਰ ਇੱਕਠ ਵਿੱਚੋਂ ਇੱਕ ਸਿੱਖ ਗਲ੍ਹ ਵਿੱਚ ਪਲਾ ਪਾਈ ਉੱਠ ਖਲੋਤਾ ਅਤੇ ਸਤਿਗੁਰਾਂ ਅੱਗੇ ਆ ਹਾਜ਼ਿਰ ਹੋਇਆ ਤੇ ਅਖਿਆ ਸੱਚੇ ਪਾਤਸ਼ਾਹ ਦਾਸ ਦਾ ਸੀਸ ਹਾਜ਼ਿਰ ਹੈ। ਗੁਰੂ ਜੀ ਉਸ ਨੂੰ ਨਾਲ ਲੱਗੇ ਹੋਏ ਤੰਬੂ ਵਿੱਚ ਲੈ ਗਏ। ਝਟ ਮਗਰੋਂ ਗੁਰੂ ਜੀ ਨੇ ਬਾਹਰ ਆ ਕੇ ਕ੍ਰਿਪਾਨ ਨੂੰ ਦੁਬਾਰਾ ਲਹਿਰਉਂਦੇ ਹੋਏ ਫਿਰ ਸੀਸ ਦੀ ਮੰਗ ਕੀਤੀ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਤਰਾਂ ਵਾਰੋ-ਵਾਰੀ ਪੰਜ ਸਿੱਖਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਜਿਹਨਾਂ ਦੇ ਨਾਮ ਤਰਤੀਬਵਾਰ ਇਸ ਤਰਾਂ ਹਨ ਦਯਾ ਰਾਮ, ਧਰਮ ਦਾਸ,  ਹਿੰਮਤ ਰਾਏ, ਸਹਿਬ ਚੰਦ ਅਤੇ ਮੋਹਕਮ ਚੰਦ। ਸਭ ਨੂੰ ਗੁਰੂ ਸਹਿਬ ਪਹਿਲਾਂ ਨਾਲ ਲੱਗੇ ਹੋਏ ਤੰਬੂ ਵਿੱਚ ਲਿਜਾਂਦੇ ਗਏ ਅਤੇ ਬਾਅਦ ਵਿੱਚ ਪੰਜਾਂ ਨੂੰ ਪੰਜ ਕਕਾਰਾਂ ਵਿੱਚ ਸਜਾ ਕੇ ਇੱਕੋ ਜੇਹੀ ਬਸੰਤੀ ਪੌਸ਼ਾਕ ਅਤੇ ਸੁਰਮਈ ਕਮਰਕੱਸਿਆਂ ਵਿੱਚ ਸੰਗਤ ਦੇ ਰੂਬਰੂ ਕੀਤਾ। ਸੰਗਤ ਦੇ ਸਾਹਮਣੇ ਹੀ ਗੁਰੂ ਸਹਿਬ ਆਪ ਲੋਹੇ ਦੇ ਬਾਟੇ ਵਿੱਚ ਜਲ ਪਾ ਕੇ ਵੀਰ-ਆਸਣ ਵਿੱਚ ਸਾਵਧਾਨ ਹੋ ਬਾਣੀ ਪੜ੍ਹਦੇ ਹੋਏ ਦੋਧਾਰੀ ਖੰਡਾ ਪਾਣੀ ਵਿੱਚ ਲਗਾਤਾਰ ਫੇਰਦੇ ਰਹੇ ਉਪ੍ਰੰਤ ਇਸ ਵਿਧੀ ਨਾਲ ਤਿਆਰ ਹੋਈ ਮਿਸ਼ਰਤ ਨੂੰ ਖੰਡੇ-ਬਾਟੇ ਦੀ ਪਹੁਲ ਦਾ ਨਾਂਮ ਦਿੱਤਾ ਅਤੇ ਪੰਜਾਂ ਹੀ ਸਿਰ ਤਲ੍ਹੀ ਧਰ ਨਿਤਰੇ ਹੋਏ ਸਿੱਖਾਂ ਨੂੰ ਪਹੁਲ ਛਕਾ ਕੇ ਉਹਨਾਂ ਦੇ ਪਹਿਲੇ ਨਾਮਾਂ ਦੇ ਪਿੱਛੇ ਸਿੰਘ ਲਫਜ਼ ਦਾ ਲਕਬ ਲਗਾ ਕੇ ਉਹਨਾਂ ਨੂੰ ਗੁਰੂ ਕੇ ਪੰਜ ਪਿਆਰੇ ਦੇ ਸਤਿਕਾਰ ਨਾਲ ਨਿਵਾਜ ਖਾਲਸਾ ਪ੍ਰਗਟ ਕਰ ਦਿੱਤਾ। ਇਸ ਉਪ੍ਰੰਤ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਆਪ ਖੰਡੇ ਬਾਟੇ ਦੀ ਪੁਹਲ ਛਕੀ ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਅਗੋਂ ਵਾਸਤੇ ਹਰ ਗੁਰੁ ਕੇ, ਪਹੁਲ ਛਕਣ ਵਾਲੇ, ਸਿੱਖ ਲਈ ਸਿੰਘ ਅਤੇ ਪਹੁਲ ਛਕਣ ਵਾਲੀ ਸਿੱਖਣੀ ਲਈ ਕੌਰ ਦਾ ਲਕਬ ਲਾਜ਼ਮੀ ਕਰ ਦਿੱਤਾ। ਇਸ ਤਰਾਂ ਗੁਰੁ ਜੀ ਵਲੋਂ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ ਗਈ ਅਤੇ ਖਾਲਸੇ ਵਾਸਤੇ ਚਾਰ ਬੱਜਰ ਕੁਰਹਿਤਾਂ  ਤੋਂ ਬਚਣ ਦੀ ਹਦਾਇਤ ਅਤੇ ਇਹ ਖਾਸ ਨਸੀਹਤ ਕੀਤੀ ਕਿ ਜਦੋਂ ਤਿੱਕਰ ਇਹ ਬਿਪਰਨ ਦੀਆਂ ਰੀਤਾਂ ਤੋਂ ਬਚਿਆ ਰਹੇਗਾ ਚੜ੍ਹਦੀ ਕਲਾ ਵਿੱਚ ਰਹੇਗਾ ਅਗਰ ਇਸ ਨੇ ਭੁਲ ਕੇ ਵੀ ਬਿਪਰ ਰੀਤ ਕੀਤੀ ਮੇਰੀ ਪ੍ਰਤੀਤ ਤੋਂ ਵਾਂਜਾ ਹੋ ਜਾਏਗਾ ਤੇ ਤੇਜ ਪ੍ਰਤਾਪ ਗੁਆ ਬੈਠੇਗਾ।

ਜਿੱਥੇ ਤੱਕ ਇਸ ਨਾਚੀਜ਼ ਨੂੰ ਸਮਝ ਲੱਗੀ ਹੈ ਖੰਡੇ-ਬਾਟੇ ਦੀ ਪਹੁਲ ਵਾਲੀ ਰਸਮ ਨੂੰ ਅਮ੍ਰਿਤ ਸੰਚਾਰ ਵਜੋਂ  ਪ੍ਰਚਾਰਨ ਵਾਲੇ ਉਹ ਲੋਕ ਸਨ ਜਾਂ ਹਨ ਜੋ ਜਾਣੇ ਅਣਜਾਣੇ ਹਉਮੈ ਬਸ ਇਸ ਰਸਮ ਨੂੰ ਕਰਾਮਾਤੀ ਦਰਸਾਉਣ ਲਈ ਬਜ਼ਿਦ ਹਨ। ਜਿਹਨਾਂ ਦਾ ਪਿਛੋਕੜ ਕਿਸੇ ਨਾ ਕਿਸੇ ਤਰਾਂ ਬ੍ਰਾਹਮਣੀ ਸੋਚ ਨੂੰ ਸਮਰਪਿਤ ਹੈ। ਕਈ ਪੁਰਾਣਕ ਸਾਖੀਆਂ ਵਿੱਚ ਅਮ੍ਰਿਤ ਛਿੜਕਣ ਨਾਲ ਜਾਂ ਪਿਲੌਣ ਨਾਲ ਬੇ-ਸੁਰਤ ਨੂੰ ਸੁਰਤ ਵਿੱਚ ਲਿਔਣ ਬਾਰੇ ਏਥੋਂ ਤਿੱਕਰ ਕਿ ਮਰੇ ਹੋਏ ਨੂੰ ਜਿੳਂੂਦਾ ਕਰਨ ਬਾਰੇ ਵੀ ਅਮ੍ਰਿਤ ਦੀ ਵਰਤੋਂ ਕਰਨ ਦੇ ਗਪੌੜ ਸੁਣਨ ਨੂੰ ਮਿਲਦੇ ਹਨ, ਜੋ ਬ੍ਰਾਹਮਣੀ ਗਪੌੜਾਂ ਤੋਂ ਵਧ ਕੁੱਝ ਨਹੀਂ। ਪੁਰਾਣਕ ਕਹਾਣੀ ਵਿੱਚ ਤਾਂ ਅਮ੍ਰਿਤ ਤਿਆਰ ਕਰਨ ਲਈ ਸਮੁੰਦਰ ਨੂੰ ਪਰਬਤ ਦੀ ਮਧ੍ਹਾਣੀ ਬਣਾ ਕੇ ਸ਼ੇਸ਼ਨਾਗ ਦੀ ਰੱਸੀ ਨਾਲ ਰਿੜਕਣ ਦਾ ਗਪੌੜ ਵੀ ਆਮ ਸੁਣੀਂਦਾ ਹੈ ਜੋ ਕਿ ਅਸੰਭਵ ਹੈ। ਕਿਸੇ ਕਾਰਨ ਹੋਈ ਭਿੱਟ ਨੂੰ ਦੂਰ ਕਰਨ ਲਈ ਭੀ ਅੰਮ੍ਰਿਤ ਤਰੌਂਕਣ ਦੀਆਂ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਤ ਹਨ। ਸ਼ਾਇਦ ਇਸੇ ਕਰਕੇ ਹੀ ਸਾਡੇ ਵਿੱਚ ਕਈ ਟੋਲੇ ਸੁੱਚ ਭਿੱਟ ਦਾ ਬਹੁਤ ਹੀ ਖ੍ਹੇਖਣ ਕਰਦੇ ਹਨ ਅਤੇ ਇਸ ਰਸਮ ਤੋਂ ਬਾਅਦ ਕਾਇਆ ਕਲਪ ਹੋ ਜਾਣ ਦੀ ਵਕਾਲਤ ਵੀ ਕਰਦੇ ਹਨ। ਜਦ ਕਿ ਖੰਡੇ-ਬਾਟੇ ਦੀ ਪਹੁਲ ਛਕਣਾ ਤਾਂ ਗੁਰੂ ਜੀ ਨਾਲ ਅਹਿਦ ਕਰਨਾ ਹੈ ਕਿ ਮੈਂ (ਛਕਣ ਵਾਲਾ) ਅੱਜ ਤੋਂ ਗੁਰੂ ਜੀ ਵਲੋਂ ਬਾਣੀ ਵਿੱਚ ਦਰਜ਼ ਸੱਚੀ ਰਹਿਤ (ਆਤਮਿਕ), ਅਕਾਲ ਪੁਰਖ ਨੂੰ ਸਮਰਪਿਤ ਹੋ ਅਤੇ ਪੰਜ ਕਕਾਰੀ ਰਹਿਤ (ਸਰੀਰਕ) ਨੂੰ ਦ੍ਰਿੜਤਾ ਅਤੇ ਸਿਰੜ ਨਾਲ ਨਿਭਾਵਾਂਗਾ। ਨਿਤ ਗੁਰਬਾਣੀ ਨੂੰ ਵਿਚਾਰ ਕੇ ਪ੍ਰੇਮ-ਭਾਵ ਨਾਲ ਪੜ੍ਹਨਾਂ, ਸੁਣਨਾ, ਗਉਣਾ, ਪ੍ਰਚਾਰਨਾ ਜੀਵਨ ਨੂੰ ਬਾਣੀ ਦੇ ਆਸ਼ੇ ਅਨੁਸਾਰ ਚਲਾਉਣਾ ਅਤੇ ਨਾਮ ਸਿਮਰਨਾ ਭਾਵ ਹਰ ਵੇਲੇ ਪ੍ਰਭੂ ਦੀ ਯਾਦ ਨਾਲ ਜੁੜੇ ਰਹਿਣਾ ਹੀ ਆਤਮਿਕ ਰਹਿਤ ਹੈ। ਖੰਡੇ ਬਾਟੇ ਦੀ ਪਹੁਲ ਛਕਣ ਤੋਂ ਬਾਅਦ ਸਿੰਘ/ਸਿੰਘਣੀ ਨੇ ਧਰਮ, ਲਿੰਗ, ਜਾਤ-ਗੋਤ, ਰੰਗ, ਨਸਲ ਦੇਸ ਤੇ ਕੌਮਵਾਦ ਤੋਂ ਉੱਪਰ ਉੱਠ ਕੇ ਹਰ ਇੰਨਸਾਨ ਨੂੰ ਬਰਾਬਰ ਸਮਝਣਾ, ਸੁੱਚ-ਭਿੱਟ ਨਾਂਹ ਕਰਨਾ ਹਾਂ ਸਵੱਛਤਾ ਨੂੰ ਅਹਿਮ ਸਥਾਨ ਦੇਣਾ, ਮਜ਼ਲੂਮ ਦੀ ਰੱਖਿਆ ਕਰਨੀ, ਸੱਚੀ ਕਿਰਤ-ਕਮਾਈ ਕਰਨੀ ਜਿਸ ਵਿੱਚੋਂ ਬਣਦਾ-ਸਰਦਾ ਬਚਾ ਕੇ ਗ਼ਰੀਬ-ਗੁਰਬੇ ਦੀ ਮਦਦ ਕਰਨੀ ਖਾਲਸੇ ਦਾ ਕਰਮ-ਧਰਮ ਹੈ। ਖਾਲਸੇ ਨੇ ਤਾਂ ਹਰ ਵੇਲੇ ਇਹ ਅਰਦਾਸ ਕਰਦੇ ਰਹਿਣਾ ਹੈ ਕਿ ਹੇ ਅਕਾਲ ਪੁਰਖ ਜੀ ਮੈਨੂੰ ਅੰਮ੍ਰਿਤ ਰੂਪੀ ਨਾਮ ਧੰਨ ਨਾਲ ਨਿਵਾਜੋ (ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ - ਪੰਨਾ ੨੨੭)।  ਇਸ ਤਰਾਂ ਇੰਨਸਾਨ ਰੁਹਾਨੀਅਤ ਦਾ ਰਾਹਗੀਰ ਬਣ ਜਾਂਦਾ ਹੈ। ਸਿਰਫ ਖੰਡੇ ਬਾਟੇ ਦੀ ਪਹੁਲ ਛਕਣ ਦਾ ਰੁਹਾਨੀਅਤ ਨਾਲ ਕੋਈ ਸਬੰਧ ਨਹੀਂ, ਹਾਂ ਇਸ ਅਹਿਦ ਤੋਂ ਬਾਅਦ ਜਿੰਦਗੀ ਨੂੰ ਸ਼ਰਧਾਵਾਨ ਸਿੰਘ/ਸਿੰਘਣੀ ਵਲੋਂ ਗੁਰਬਾਣੀ ਅਸੂਲਾਂ ਅਨੁਸਾਰ ਢਾਲ੍ਹ ਕੇ ਵਿਚਰਨਾ ਹੀ ਰੱਬੀ ਨਦਰ ਪ੍ਰਾਪਤੀ ਦਾ ਸਾਧਨ ਹੈ। ਅਗਰ ਸਿਰਫ ਖੰਡੇ ਬਾਟੇ ਦੀ ਪਹੁਲ ਛਕਣਾਂ ਹੀ ਰੁਹਾਨੀਅਤ ਹੁੰਦੀ ਤਾਂ ਹਜ਼ਾਰਾਂ/ਲੱਖਾਂ ਹੀ ਸਾਲ ਵਿੱਚ ਵੱਖ ਵੱਖ ਥਾਵਾਂ ਤੋਂ ਖੰਡੇ ਬਾਟੇ ਦੀ ਪਹੁਲ ਛਕ ਰਹੇ ਹਨ ਪਰ ਦੇਖਣ ਵਿੱਚ ਕੋਈ ਵਿਰਲਾ ਹੀ ਗੁਰੂ ਦਾ ਖਾਲਸਾ ਨਜ਼ਰੀਂ ਪੈਂਦਾ ਹੈ ਜੋ ਗੁਰੂ ਦੀ ਕ੍ਰਿਪਾ ਦਾ ਪਾਤਰ ਬਣਿਆਂ ਹੋਵੇ। ਵੈਸੇ ਭੇਖੀ ਤਾਂ ਬਥੇਰੇ ਹਰਲ ਹਰਲ ਕਰਦੇ ਫਿਰ ਰਹੇ ਹਨ ਜੋ ਦੂਸਰੇ ਮਨੁੱਖਾਂ ਨੂੰ ਮਨੁੱਖ ਹੀ ਨਹੀਂ ਸਮਝਦੇ ਅਤੇ ਗੁਰਦੁਆਰਿਆਂ ਦੀ ਗੋਲਕ ਉੱਪਰ ਕਬਜ਼ੇ ਲਈ ਕਿਸੇ ਵੀ ਹੱਦ ਤਾਈਂ ਜਾਣ ਨੂੰ ਤਿਆਰ ਰਹਿੰਦੇ ਹਨ। ਬਾਦਲ ਪ੍ਰਵਾਰ ਇਸਦੀ ਜ਼ਾਹਿਰਾ ਮਿਸਾਲ ਹੈ। ਜਿਹਨਾਂ ਨੇ ਗੁਰਬਾਣੀ ਰੂਪੀ ਨਾਮ-ਅੰਮ੍ਰਿਤ ਚੱਖਿਆ ਹੋਵੇ ਉਹ ਤਾਂ ਤੇਰ-ਮੇਰ ਉੱਕਾ ਹੀ ਨਹੀਂ ਕਰਦੇ (ਅੰਮ੍ਰਿਤੁ ਪੀਆ ਸਤਿਗੁਰਿ ਦੀਆ ਅਵਰੁ ਨ ਜਾਣਾ ਦੂਆ ਤੀਆ - ਪੰਨਾ ੧੦੩੪)।

ਜਿਹੜੇ ਸਾਡੇ ਵੀਰ ਅੰਮ੍ਰਿਤ ਨੂੰ ਕਰਾਮਾਤੀ ਸਮਝਦੇ ਹਨ ਉਹ ਭੁਲੇਖੇ ਵਿੱਚ ਹਨ। ਛੇਵੇਂ ਪਾਤਸ਼ਾਹ ਸੰਤ-ਸਿਪਾਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਚਾਰ ਜੰਗਾਂ ਮੁਗਲਾਂ ਨਾਲ ਲੜੀਆਂ ਅਤੇ ਜ਼ਾਲਮਾਂ ਨੂੰ ਭਾਜੜਾਂ ਪੁਆ ਜਿੱਤਾਂ ਪ੍ਰਾਪਤ ਕੀਤੀਆਂ ਏਸੇ ਤਰਾਂ ਦਸਮ ਪਾਤਸ਼ਾਹ ਵੇਲੇ ਭੀ ਸੰਨ ੧੬੯੯ ਦੀ ਵਿਸਾਖੀ ਤੋਂ ਪਹਿਲਾਂ ਭਾਵ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਹਿੰਦੂ ਪਹਾੜੀ ਰਾਜਿਆਂ ਵਲੋਂ ਕੀਤੇ ਹਮਲਿਆਂ ਨੂੰ ਸਫਲਤਾ ਪੂਰਵਿਕ ਪਛਾੜਿਆ। ਇਹ ਇਤਹਾਸਿਕ ਤੱਥ ਹਨ ਕਿ ਇਹ ਸਾਰੀਆਂ ਜਿੱਤਾਂ ਗੁਰੂ ਦੇ ਸਿੱਖਾਂ ਵਲੋਂ ਗੁਰਬਾਣੀ ਨੂੰ ਸਮਝ ਕੇ ਨਾਮ ਰੂਪੀ ਅੰਮ੍ਰਿਤ ਦੀ ਬਰਕਤ ਸਦਕਾ ਹੀ ਹਾਸਿਲ ਹੋਈਆਂ ਸਨ। ਇਸ ਅੰਮ੍ਰਿਤ ਦੀ ਬਖਸ਼ਿਸ਼ ਬਾਬਾ ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਉਹਨਾਂ ਗੁਰਸਿੱਖਾਂ ਵਿੱਚ ਪਣ੍ਹਪਦੀ ਆ ਰਹੀ ਸੀ ਜੋ ਗੁਰਬਾਣੀ ਨੂੰ ਸਮਝਣ ਦੀ ਜਾਚ ਸਿੱਖ ਰਹੇ ਸਨ।

ਮਨੁੱਖ ਨੂੰ ਸਹਿਜ ਸਹਿਜ ਸੰਵਾਰਨ ਦਾ ਜੋ ਉਪਰਾਲਾ ਗੁਰੂ ਬਾਬੇ ਨਾਨਕ ਜੀ ਨੇ ਸ਼ੁਰੂ ਕੀਤਾ ਸੀ ਉਸ ਦੀ ਸੰਪੂਰਨਤਾ ਗੁਰੂ ਨਾਨਕ ਦੇ ਦਸਵੇਂ ਰੂਪ ਵਿੱਚ ਹੋਈ। ਇਸੇ ਕਰਕੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਆਤਮਿਕ ਰਹਿਤ ਦੇ ਨਾਲ ਸਰੀਰਕ ਰਹਿਤ ਵਿੱਚ ਵੀ ਪਰਪੱਕ ਕਰਨ ਲਈ ਮਨੁੱਖ ਨੂੰ ਸੰਪੂਰਨਤਾ ਨਾਲ ਨਿਵਾਜ਼ ਕੇ ਖਾਲਸੇ ਵਜੋਂ ਪ੍ਰਗਟ ਕੀਤਾ। ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਹੋਣ ਦਾ ਮਾਣ ਬਖਸ਼ ਕੇ ਆਪਣੇ ਆਪ ਵਿੱਚ ਸੁਤੰਤਰ ਅਤੇ ਸਿਰਫ ਅਕਾਲ ਪੁਰਖ ਨੂੰ ਸਮਰਪਿਤ ਰਹਿਣ ਦੀ ਤਾਕੀਦ ਕੀਤੀ। ਹੁਣ ਇਹ ਖਾਲਸੇ ਦਾ ਫਰਜ਼ ਹੈ ਕਿ ਇਹ ਆਪਣੇ ਜ਼ਿੰਮੇ ਲਾਈ ਹੋਈ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਂਦਾ ਹੈ! ਖਾਲਸੇ ਨੂੰ ਇਹ ਉੱਕਾ ਨਹੀਂ ਭੁਲਣਾ ਚਾਹੀਦਾ ਕਿ ਇਸਦੀ ਸਾਬਤ ਸੂਰਤ ਦਸਤਾਰ ਵਾਲੀ ਨਿਆਰੀ ਸੂਰਤ ਅਤੇ ਨਿਆਰੇ ਤੇ ਵਿਲੱਖਣ ਆਚਰਨ ਵਿੱਚ ਹੀ ਸਿੱਖੀ ਦਾ ਭਵਿੱਖ ਛੁਪਿਆ ਹੋਇਆ ਹੈ, ਜਿਸ ਦਿਨ ਇਹ ਗੁਰੂ ਬਖਸ਼ੇ ਨਿਆਰੇਪਣ ਤੋਂ ਅਵੇਸਲਾ ਹੋਵੇਗਾ ਇਸ ਦੇ ਨਿਘਾਰ ਦੀ ਸ਼ੁਰੂਆਤ ਹੋਵੇਗੀ। ਜੋ ਸਾਡੀ ਅਣਗਹਿਲੀ ਕਾਰਨ ਪ੍ਰਤੱਖ ਨਜ਼ਰ ਆ ਰਹੀ ਹੈ। ਸ਼ਹੀਦ ਸਰਦਾਰ ਅਜੀਤ ਸਿੰਘ (ਸ਼ਹੀਦ ਸਰਦਾਰ ਭਗਤ ਸਿੰਘ ਦੇ ਚਾਚਾ ਜੀ) ਦੇ ਪਗੜੀ ਸੰਭਾਲ ਵਾਲੇ ਨਾਅਰੇ ਵਾਂਗੂੰ ਸਰੂਪ ਸੰਭਾਲ ਓ ਸਿੱਖਾ ਦਾ ਨਾਅਰਾ ਹਰ ਗੁਰਦੁਆਰੇ ਵਿੱਚ ਬੁਲੰਦ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਬੇਹੋਸ਼ੀ ਦੀ ਹਾਲਤ ਵਿੱਚੋਂ ਉੱਠ ਸਕੀਏ। ਖਾਸਕਰ ਨਵੀਂ ਪਨੀਰੀ ਨੂੰ ਆਪਣੇ ਗੌਰਵਭਰੇ ਇਤਹਾਸ, ਨਿਵੇਕਲੀ ਜੀਵਨ ਜਾਚ ਅਤੇ ਨਿਆਰੇਪਣ ਬਾਰੇ, ਉਮਰ ਦੇ ਲਿਹਾਜ਼ ਨਾਲ, ਜਾਣਕਾਰੀ ਉਪਲਭਦ ਕਰਾਉਣੀ ਚਾਹੀਦੀ ਹੈ ਤਾਂ ਕਿ ਖੁਸਦੇ ਜਾ ਰਹੇ ਅੱਜ ਤੋਂ ਬਾਅਦ ਔਣ ਵਾਲਾ, ਰੱਬ ਖੈਰ ਕਰੇ, ਕਲ੍ਹ ਆਪਣਾ ਹੋ ਸਕੇ।

ਨਿਰਭੈ ਸਿੰਘ




.