.

ਹਰਿਚੰਦੋਉਰੀ (ਮ੍ਰਿਗਤ੍ਰਿਸ਼ਨਾ) ਦੀ ਵਿਚਿਤ੍ਰ ਖੇਡ (ਦੀਵਾਲੀ)
ਦੀਪਮਾਲਾ, ਆਤਸ਼ਬਾਜ਼ੀ, ਪਟਾਖੇ ਅਤੇ ਰੰਗੀਨ ਰੋਸ਼ਨੀਆਂ ਦਾ ਅਲੌਕਿਕ ਛਲਾਵਾ॥

ਭੂਮਿਕਾ: ਸੂਝ-ਬੂਝ ਵਾਲੀਆਂ ਸਿੱਖ ਸੰਗਤਾਂ ਮਹਿਸੂਸ ਕਰਦੀਆਂ ਹਨ, ਜਿਉਂ-ਜਿਉਂ ਚੇਤਨਾ, ਜਾਗ੍ਰਤੀ, ਸ਼ੁਕਰਾਨਾ ਦੇ ਬੈਨਰਾਂ ਹੇਠ, ਮੋਟਰ ਗੱਡੀਆਂ ਦੀਆਂ ਕਤਾਰਾਂ ਨਾਲ ਸੜਕ ਮਾਰਚਾਂ ਤੋਂ ਇਲਾਵਾ, ਨਗਰ ਕੀਰਤਨਾਂ ਅਤੇ ਪ੍ਰਭਾਤ ਫੇਰੀਆਂ ਵਰਗੇ ਖ਼ਰਚੀਲੇ ਪ੍ਰੋਗਰਾਮਾਂ ਦੀ ਗਿਣਤੀ ਵੱਧ ਰਹੀ ਹੈ, ਤਿਵੇਂ-ਤਿਵੇਂ ‘ਸਿੱਖ ਸਮਾਜ’ ਅੰਦਰ ਆਤਮਕ ਅਤੇ ਮਾਨਸਕ ਨੀਂਦਰ ਹੋਰ ਗਹਿਰੀ ਹੁੰਦੀ ਜਾ ਰਹੀ ਹੈ। ਕਿਸੇ ਆਗੂ ਜਾ ਪ੍ਰਬੰਧਕ ਨੇ ਕਦੀ ਨਹੀਂ ਵਿਚਾਰਿਆ, ਇਨ੍ਹਾਂ ਅਡੰਬਰਾਂ ਦੀ, ਸਿਵਾਏ ਸੰਗਤਾਂ ਦੇ ਦੱਸਵੰਧ ਦੀ ਰਕਮ ਰੋੜ੍ਹਨ ਦੇ ਕੀ ਪ੍ਰਾਪਤੀ ਹੋ ਰਹੀ ਹੈ? ਅਸਲ ਵਿੱਚ ‘ਸਿੱਖ ਵਿਚਾਰਧਾਰਾ’ ਸੁਝਵਾਨ, ਸੱਚ ਦੇ ਖੋਜੀ, ਮਨੁਖਾ ਜੀਵਨ ਸਫ਼ਲ ਕਰਨ ਦੇ ਚਾਹਵਾਨ ਸ਼ਰਧਾਲੂ ਲੋਗਾਂ ਦਾ ਧਰਮ ਹੈ, ਪਰ ਇਸ ਉੱਤੇ ਚੌਧਰ ਦੇ ਭੁਖੇ, ਲੂੰਬੜ ਚਾਲਾਂ ਖੇਡਨ ਵਾਲੇ ਸਿਆਸਤਦਾਨਾਂ, ਗੁਰਮਤਿ-ਵਿਹੂਣੇ ਪ੍ਰਬੰਧਕਾਂ, ਧਾਰਮਕ ਸਿਖਿਆ ਅਤੇ ਸਿਖਲਾਈ ਤੋਂ ਵਾਂਝੇ ਪੇਸ਼ਾਵਰ ਪ੍ਰਚਾਰਕਾਂ, ਵਿਹਲੜ ਡੇਰੇਦਾਰਾਂ (ਮਹੰਤਾਂ) ਦਾ ਕਬਜ਼ਾ ਹੋ ਚੁੱਕਾ ਹੈ। ਹਉਮੈ ਵਿੱਚ ਲਿਬੜੇ ਗਰੁਦੁਆਰਾ ਪ੍ਰਬੰਧਕਾਂ, ਅਤੇ ਜ਼ਿਆਦਾ ਤਰ ਵਿਸ਼ੇ- ਵਿਕਾਰੀ, ਬਲਾਤਕਾਰੀ ਡੇਰੇਦਾਰਾਂ ਨੇ ਗੁਰੂ ਨਾਨਕ ਦੇ ਦੱਸਾਂ ਸਰੂਪਾਂ ਭਾਵ ਗੁਰੂ ਗਰੰਥ ਸਾਹਿਬ ਨੂੰ ਅਗ਼ਵਾਹ ਕਰ ਕੇ ਆਪਣੇ ਲਿਸ਼ਕਦੇ ਕੇਂਦਰਾਂ (ਗੁਰਦੁਆਰਿਆਂ ਅਤੇ ਡੇਰਿਆਂ) ਅੰਦਰ ਰੇਸ਼ਮੀ ਰੁਮਾਲੇ ਦੇ ਕੇ ਵੱਖਰੇ ਕਮਰੇ ਅੰਦਰ ਡੱਕ ਰੱਖਿਆ ਹੈ। ਨਿੱਜੀ ਸਵਾਰਥਾਂ ਦੀ ਪੂਰਤੀ ਲਈ, ਲੋੜ ਅਨੁਸਾਰ ਜਿਵੇਂ ਚਾਹੁਣ, ਚੇਤਨਾ ਮਾਰਚਾਂ, ਨਗਰ ਕੀਰਤਨਾਂ ਜਾਂ ਹੋਰ ਕੋਈ ਵਿਸਮਾਦੀ ਨਾਂ ਹੇਠ, ਸ਼ਿੰਗਾਰੀ ਮੋਟਰ ਗੱਡੀ `ਤੇ ਸ਼ੁਸ਼ੋਭਤ ਕਰ ਕੇ, ਗੁਰੂ ਦੀ ਦੇਹ ਨੂੰ ਅੱਗੇ ਜਾਂ ਪਿੱਛੇ ਲਗਾ ਕੇ ਵਰਤ ਲੈਂਦੇ ਹਨ। ਮੱਕਸਦ ਪੂਰਾ ਹੋਣ ਉਪਰੰਤ, ਕਾਹਲੀ-ਕਾਹਲੀ, ਬੰਦ ਦਾ ਬੰਦ (ਕੀਤੀਆਂ ਭੁੱਲਾਂ ਦੀ, ਦੋ ਸੱਤਰਾਂ ਵਾਲੀ ਖ਼ਿਮਾ ਦੀ ਰਵਾਇਤੀ ਅਰਦਾਸ, ਪੈਸੇ ਦੇ ਜ਼ੋਰ ਨਾਲ ਕਾਬੂ ਕੀਤੇ ਪ੍ਰਭੂ ਪਾਸੋਂ ਧਿੰਙੋਜ਼ੋਰੀ ਬੇਨਤੀ ਪ੍ਰਵਾਨ ਹੋਈ ਮੰਨ ਕੇ, ਵਾਪਸ ਏ. ਸੀ. ਵਾਲੇ ਸੁਖਾਸਨ ਰੂਮ `ਚ ਡੱਕ ਦਿੱਤਾ ਜਾਂਦਾ ਹੈ। ਯਾਦ ਰੱਖੋ, ਰੇਸ਼ਮੀ ਰੁਮਾਲਿਆਂ ਨਾਲ ਢੱਕੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਸੜਕਾਂ, ਬਾਜ਼ਾਰਾਂ, ਗਲੀਆਂ-ਮੁਹੱਲਿਆਂ ਜਾਂ ਨਗਰ-ਨਗਰ ਚੱਕਰ ਲਵਾਉਣ ਨਾਲ, ਨਾ ਆਪਣੀ, ਨਾ ਸੰਗਤਾਂ ਦੀ ਅਤੇ ਨਾ ਹੀ ਲੋਕਾਈ ਦੀ ਚੇਤਨਾ ਵਧੇਗੀ।
ਹੁਣ ਕਿਹੜਾ ਭੁਲੇਖਾ ਰਹਿ ਗਿਆ ਹੈ! ਮੰਨੇ-ਪ੍ਰਮੰਨੇ ਗੁਰਸਿੱਖ ਪਰਵਾਰਾਂ ਵਿੱਚ ਨਵੀਂ ਪੀੜ੍ਹੀ ਕੇਸ ਮੁਨਾ ਚੁੱਕੀ ਹੈ। ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਕਈ ਤਰ੍ਹਾਂ ਦੇ ਮਾਰੂ ਨਸ਼ਿਆਂ ਦਾ ਸੇਵਨ ਕਰਦੀ ਦਿਖਾਈ ਦੇ ਰਹੀ ਹੈ। ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਹਰ ਕੋਈ ਜਾਣਦਾ ਸੀ, ਸਿੱਖ ਸ਼ਰਾਬ ਵਰਗੇ ਨਸ਼ਿਆਂ ਅਤੇ ਰੋਗਾਂ ਦੀ ਜੜ੍ਹ, ਤੰਬਾਕੂ ਪਦਾਰਥਾਂ ਨੂੰ ਹੱਥ ਨਹੀਂ ਲਾਉਂਦੇ। ਅੱਜ ਕੇਸਾਧਾਰੀ ਦਸਤਾਰਾਂ ਸਜਾਈ ਉਹੋ ਸਿੱਖ, ਗੁਰਦੁਆਰੇ ਮੱਥਾ ਟੇਕਦੇ ਹਨ, ਤੱਲੀ ਉਪਰ ਤੰਬਾਕੂ ਮਸਾਲਾ ਰੱਖ ਕੇ ਅੰਗੂਠੇ ਨਾਲ ਰਗੜਦੇ ਸੜਕਾਂ ਕਿਨਾਰੇ, ਅਤੇ “ਸਰਮੁ ਗਇਆ ਘਰਿ ਆਪਣੇ ਪਤਿ ਉਠਿ ਚਲੀ ਨਾਲਿ”॥ (ਪੰ. 1242) ਖੁਲ੍ਹੇ-ਆਮ ਫੱਕੇ ਮਾਰਦਿਆਂ ਨੂੰ ਪਬਲਕ ਦੇਖ ਕੇ ਹੈਰਾਨ ਹੋ ਰਹੀ ਹੈ। ਪਤਾ ਨਹੀਂ, ਇਹਨਾਂ ਕਰੋੜਾਂ ਦੇ ਬਜੱਟ ਵਾਲੇ ਚੇਤਨਾ ਮਾਰਚਾਂ ਦਾ ਅਸਰ ਕਿਸੇ ਗੁੱਠੇ ਜਾ ਲੱਗਾ ਹੈ? ਇੱਕ ਤੋਂ ਬਾਅਦ ਦੂਜੀ `ਚੇਤਨਾ ਮਾਰਚ’ ਦੀ ਤਿਆਰੀ ਅਰੰਭ ਹੋ ਜਾਂਦੀ ਹੈ। ਕਦੀ ਕਿਸੇ ਆਗੂ ਨੇ ਪਿੱਛਲੀ ਯਾਤਰਾ (ਛਲਾਵੇ) ਦਾ ਠੱਗੀ ਹੋਈ ਗੋਲਕ ਤੋਂ ਇਲਾਵਾ ਕੌਮੀ ਲਾਭ ਵਜੋਂ ਲੇਖਾ-ਜੋਖਾ ਨਹੀਂ ਕੀਤਾ। ਕੇਵਲ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ, ਫਲਾਨੀ ਪਾਰਟੀ ਨੇ ਸੰਗਤਾਂ ਨੂੰ ਭਰਮਾਉਣ (ਧਾਰਮਕ ਭਾਵਨਾ ਉਭਾਰ ਕੇ) ਜੋ ਢੰਗ ਵਰਤਿਆ ਸੀ, ਕਿਵੇਂ ਉਸ ਤੋਂ ਨਿਰਾਲਾ ਅਤੇ ਵੱਧ ਚਕਾਚੌਂਦੀ ਢੰਗ ਉਲੀਕ ਕੇ, ਅੰਨ੍ਹੀ ਸ਼ਰਧਾ `ਚ ਕਾਬੂ ਕੀਤੀ ਸੰਗਤ ਨੂੰ ਉਲੂ ਬਣਾ ਕੇ, ਠੱਗਿਆ ਜਾਵੇ। ਇਸ ਕਿਰਿਆ ਨੂੰ ਹਰਿਚੰਦੌਉਰੀ ਜਾਂ ਧੁੰਧ ਰੂਪੀ ਛਲਾਵਾ ਕਹਿਆ ਜਾਂਦਾ ਹੈ।
ਅੱਜ ਸਿੱਖ ਧਰਮ ਉਪਰ ਚੋਹਾਂ ਪਾਸਿਆਂ ਤੋਂ ਧੁੰਧ ਦੇ ਪਹਾੜ ਛਾਏ ਹਨ, ਕਿਧਰੇ ਵੀ ਗੁਰੂ ਨਾਨਕ ਵਿਚਾਰਧਾਰਾ ਦਾ ਸ਼ੁਧ ਰੂਪ ਦਿਖਾਈ ਨਹੀਂ ਦਿੰਦਾ। ਇਹ ਪਹਾੜ ਪਿੱਛਲੇ ਕਈ ਦਹਾਕਿਆਂ ਤੋਂ ਮ੍ਰਿਗਤ੍ਰਿਸ਼ਨਾਵਾਂ ਦੀ ਖੇਡ ਵਾਲੇ ਪ੍ਰੋਗਰਾਮਾਂ ਰਾਹੀਂ ਕਿਸੇ ਹੋਰ ਵਲੋਂ ਨਹੀਂ, ਸਿੱਖ ਧਰਮ ਦੀ ਰਾਹਨੁਮਾਈ ਕਰਦੇ ਆਗੂਆਂ, ਭਾਵ ਗੁਰਦੁਆਰਾ ਪ੍ਰਬੰਧਕਾਂ, ਮੌਕਾਪ੍ਰਸਤ ਸਿਆਸੀ ਸਿੱਖ ਲੀਡਰਾਂ ਵਲੋਂ (ਅਕਾਲੀਆਂ ਸਮੇਤ) ਉਸਾਰਿਆ ਗਿਆ ਹੈ। ਇਸ ਧੁੰਧ ਨੂੰ ਖ਼ਤਮ ਕਰਨ ਲਈ ਦੱਸਾਂ ਗੁਰੂਆਂ ਦੀ ਬਾਣੀ ਸਾਡੇ ਪਾਸ ਮੌਜੂਦ ਹੈ, ਪਰ ਬਾਣੀ ਦੇ ਇਸ ਸਰੂਪ ਨੂੰ ਚੌਧਰ ਪੱਕੀ ਕਰਨ ਅਤੇ ਗੋਲਕਾਂ ਭਰਨ ਲਈ ਵਰਤਿਆ ਜਾ ਰਿਹਾ ਹੈ। ਗੁਰੂ ਦੇ ਇਸ ਸਰੂਪ ਵਿਚੋਂ ਰਤਨ, ਜਵਾਹਰਾਤ ਅਤੇ ਅਣਮੋਲ ਮੋਤੀਆਂ ਨਾਲ ਭਰੇ ਕੀਮਤੀ ਖ਼ਜ਼ਾਨੇ ਨੂੰ ਖੋਲ੍ਹ ਕੇ ਵਰਤਨ ਅਤੇ ਵੰਡਣ ਦਾ ਕਿਸੇ ਪਾਸ ਨਾ ਸਮਾਂ ਹੈ, ਨਾ ਹੀ ਉਤਸ਼ਾਹ ਹੈ। ਸੰਗਤਾਂ ਦੀ ਗੁਰੂ ਨਾਲ ਮੁੱਢ ਤੋਂ ਚਲੀ ਆ ਰਹੀ ਸ਼ਰਧਾ ਦਾ ਨਾਜਾਇਜ਼ ਲਾਭ ਲੈਣ ਲਈ, ਗੁਰੂ ਦੀ ਜ਼ਬਾਨ ਉਪਰ ਟੇਪ ਲਗਾ ਕੇ ਮੋਟਰ-ਗੱਡੀਆਂ ਰਾਹੀਂ, ਸ਼ਹਿਰ-ਸ਼ਹਿਰ ਘੁਮਾਇਆ ਜਾਂਦਾ ਹੈ। ਜਦੋਂ ਵੀ ਕੋਈ ਦਿਨ ਦਿਹਾੜ ਭਾਵ ਸ਼ਤਾਬਦੀ, ਗੁਰਪੁਰਬ, ਟੱਕ ਲਗਾਉਣ, ਕਿਸੇ ਵਿਹਲੜ ਡੇਰੇਦਾਰ ਦੀ ਠੱਗਣ ਦੀ ਨੀਯਤ ਹੁੰਦੀ ਹੈ, (ਹੋਰ ਕੁੱਝ ਨਹੀਂ ਨਵੀਆਂ ਛੱਪੀਆ ਬੀੜਾਂ ਨੂੰ ਬਿਰਧ ਦੱਸ ਕੇ ਅੰਮ੍ਰਿਤਸਰੀ ਠੱਗ ‘ਸਸਕਾਰ ਮਾਰਚ’ ਲੈ ਤੁਰਦੇ ਹਨ, ਆਪਣੇ ਬਿਰਧ ਮਾਂ-ਪਿਓ ਦਾ ਸਸਕਾਰ ਨਹੀਂ ਕਰਦੇ), ਜਾਂ ਸਿਆਸੀ ਲੀਡਰਾਂ ਨੂੰ ਚੌਧਰ ਬਚਾਉਣ ਜਾਂ ਚਮਕਾਉਣ ਦੀ ਲੋੜ ਮਹਿਸੂਸ ਹੁੰਦੀ ਹੈ, ਚੇਤਨਾ ਮਾਰਚ ਲੈ ਤੁਰਦਾ ਹੈ। ਗੁਰੂ ਨਾਨਕ ਸਾਹਿਬ ਦੇ ਸੰਸਾਰ `ਤੇ ਪ੍ਰਗਟ ਹੋਣ ਸਮੇਂ, ਧਾਰਮਕ ਪੂਜਾਰੀਆ ਨੇ ਛਲਾਵੇ ਰਾਹੀਂ, ਕਰਮ-ਕਾਂਡਾਂ, ਭਰਮਾਂ-ਵਹਿਮਾਂ, ਬਹੁ-ਦੇਵਾਂ ਦੀ ਮੂਰਤੀ ਪੂਜਾ, ਉੱਚੀ-ਨੀਵਂੀ ਜਾਤ ਦਾ ਵਿਤਕਰਾ, ਗ਼ਰੀਬਾਂ, ਮਜ਼ਲੂਮਾਂ, ਬੇਸਹਾਰਾ ਅਤੇ ਇਸਤਰੀ ਵਰਗ ਉਪਰ ਜ਼ੁਲਮ, ਆਦਿ ਕਰਮਾਂ ਕਰ ਕੇ, ਪ੍ਰਭੂ ਤੋਂ ਦੂਰ ਰੱਖਨ ਵਾਲੀ ਧੁੰਧ ਦਾ ਪਾਸਾਰਾ ਕਰ ਰਖਿਆ ਸੀ। ਜਿਸ ਨੂੰ ਸਾਫ਼ ਕਰ ਕੇ, ਗੁਰੂ ਨਾਨਕ ਦੀਆਂ ਦੱਸ ਜੋਤਾਂ ਨੇ ਹਰ ਇੱਕ ਵਰਗ ਦਾ ਭਲਾ ਚਿੱਤਵਦੇ ਹੋਏ, ਉੱਚੇ ਆਚਰਨ ਦੀ ਉਸਾਰੀ ਲਈ, ਸਮੁੱਚੀ ਮਾਨਵਤਾ ਦਾ ਕਲਿਆਣ ਕੀਤਾ ਸੀ। ਦੁਖ ਹੈ, ਅੱਜ ਫਿਰ, ਦੱਸਾਂ ਗੁਰੂਆਂ ਦੀ ਆਤਮਕ ਜੋਤ (ਗੁਰੂ ਗਰੰਥ ਸਾਹਿਬ) ਦੀ ਮੌਜੂਦਗੀ ਵਿੱਚ ਧਾਰਮਕ ਚੇਤਨਾ ਮਾਰਚਾਂ ਦੇ ਛਲਾਵੇ ਰਾਹੀਂ ਧੁੰਧ ਦਾ ਉਸ ਤੋਂ ਵੀ ਸੰਘਣਾ ਪਹਾੜ ਖੜਾ ਕਰ ਦਿੱਤਾ ਗਿਆ ਹੈ। ਆਤਸ਼ਬਾਜ਼ੀ, ਰੰਗੀਨ ਬਲਬਾਂ ਦੀਆਂ ਲੜੀਆਂ, ਸਵਾਦਲੇ ਭੋਜਨਾਂ (ਬਹੁਤੇ ਲਹੂ ਨਿਚੁੜਦੇ ਪ੍ਰਸ਼ਾਦਿਆਂ) ਵਾਲੇ ਲੰਗਰ, ਨਗਰ ਕੀਰਤਨਾਂ ਤੇ ਕੀਰਤਨ ਦਰਬਾਰਾਂ ਦੇ ਧਾਰਮਕ ਛਲਾਵੇ, ਭਾੜੇ ਦੇ ਅਖੰਡ ਪਾਠਾਂ ਦੀਆਂ ਲੜੀਆਂ, ਪ੍ਰਭਾਤ ਫੇਰੀਆਂ (ਉਗਰਾਹੀ ਫੇਰੀਆਂ), ਕੁੱਝ ਕੁ ਪ੍ਰਬੰਧਕਾਂ ਦੇ ਛਲਾਵੇ ਹਨ, ਜਿਨ੍ਹਾਂ ਦੀ ਸੰਘਣੀ ਧੁੰਧ ਹੇਠ ਗੁਰੂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ। ਹੱਥਲੇ ਲੇਖ ਵਿੱਚ ਕੇਵਲ ਦੀਵਾਲੀ ਦੇ ਦਿਹਾੜੇ ਦੀਵੇ ਬਾਲਨ ਵਾਲੀ ਹਰਿਚੰਦੋਉਰੀ ਦਾ ਵਰਨਣ ਕਰ ਕੇ, ਧੁੰਧ ਨੂੰ ਦੂਰ ਕਰਨ ਲਈ ਕੁੱਝ ਓਪਾਅ ਵੀ ਸੁਝਾਏ ਹਨ। ਜੇਹੜੇ ਪਰਵਾਰ ‘ਸਿੱਖ ਧਰਮ ਨੂੰ ਸੰਸਾਰ ਦੇ ਨਕਸ਼ੇ ਉਪਰ ਵੱਧਦਾ-ਫੁਲਦਾ ਦੇਖਣਾ ਲੋਚਦੇ ਹਨ, ਉਨ੍ਹਾਂ ਵਲੋਂ ਵੇਲੇ ਸਿਰ ਲੋੜੀਂਦੇ ਕਦਮ ਚੁੱਕਣ ਵਿੱਚ ਹੀ ਸਿਆਣਪ ਮੰਨੀ ਜਾਵੇਗੀ। ਗੁਰੂ ਸਾਹਿਬ ਦਾ ਫੁਰਮਾਨ ਹੈ:
ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੇ ਬੁਝੀਐ, ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ੲਹੁ ਹੋਰਿ ਗਲਾਂ ਸ਼ੈਤਾਨੁ॥ (ਪੰ. 1245)

(ਅਸੀਂ ਸਿਆਣਪ ਭਾਵ ਗੁਰਮਤਿ ਦਾ ਰਾਹ ਛੱਡ ਕੇ, ਮਨਮੁਖ ਡੇਰੇਦਾਰਾਂ ਦੇ ਛਲਾਵੇ ਕਾਰਨ, ਸ਼ੈਤਾਨਾਂ ਵਾਲਾ ਢੰਗ ਅਪਨਾ ਲਿਆ ਹੈ। ਅਕਲ ਜਾਂ ਸਿਆਣਪ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਅਤੇ ਇੱਜ਼ਤ ਖੱਟੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜੀਏ, ਇਸ ਦੇ ਡੂੰਘੇ ਭੇਤ ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। (ਗੁਰੂ) ਨਾਨਕ ਆਖਦਾ ਹੈ –ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ। (ਪ੍ਰਭੂ ਦੇ ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ ਭਾਵੇਂ ਡੇਰਦਾਰ ਹੋਵੇ, ਜਾਂ ਪ੍ਰਬੰਧਕ, ਜਾਂ ਸੰਪਰਦਾਈ) ਸ਼ੈਤਾਨ ਹੈ। ਜੋ ਸੱਜਣ ਸ਼ਬਦ ਦਾ ਲੰਗਰ ਨਹੀਂ ਚਲਣ ਦਿੰਦੇ, ਹੋਸ਼ਿਆਰੀ ਕਰਦੇ ਹੋਏ, ਦਾਲਾ-ਪ੍ਰਸ਼ਾਦਿਆਂ ਤੋਂ ਇਲਾਵਾ, ਖੀਰਾਂ, ਜਲੇਬੀਆਂ, ਮਿੱਠੇ ਪਲਾਓ, ਕੜ੍ਹੀ-ਚੌਲਾਂ ਆਦਿ ਪਕਵਾਨਾਂ ਵਾਲੇ ਲੰਗਰ ਉਪਰ ਹੀ ਸਾਰਾ ਜ਼ੋਰ ਦਿੰਦੇ ਹਨ, ਉਹ ਸ਼ੈਤਾਨਾਂ ਵਾਲਾ ਕਰਮ ਕਰਦੇ ਹਨ। ਯਾਦ ਰੱਖੋ-
ਗੁਰਬਾਣੀ ਦੀ ਸਿੱਖਿਆ ਦਾ ਲਾਭ ਲੈਣਾ ਸਮੁੱਚੀ ਮਾਨਵਤਾ ਦਾ ਹੱਕ ਬਣਦਾ ਹੈ। ਸੰਸਾਰ ਦਾ ਹਰ ਮਨੁਖ ਅਪਣਾ ਅਣਮੋਲ ਜੀਵਨ ਸਫਲ ਬਨਾਉਣ ਲਈ ਸੁਚੱਜੀ ਅਗਵਾਈ ਨਾ ਮਿਲਣ ਕਾਰਨ ਪਰੇਸ਼ਾਨ ਹੈ। ਸਿੱਖ ਪੰਥ ਕੋਲ ਗੁਰ-ਸ਼ਬਦ ਰੂਪੀ, ਹਰ ਪ੍ਰਕਾਰ ਦੇ ਵੱਖਰੇਵਿਆਂ (ਭਾਵ ਰੰਗ, ਨਸਲ, ਕਿਰਤ, ਲਿੰਗ, ਜਾਤ-ਪਾਤ, ਊਚ-ਨੀਚ) ਤੋਂ ਨਿਰਲੇਪ, ਸਦੀਵੀ ਸੱਚ, ਸਾਂਝੀਵਾਲਤਾ ਅਤੇ ਵਿਗਿਆਨਕ ਵਿਚਾਰਧਾਰਾ ਉਪਲੱਬਧ ਹੈ। ਸੰਸਾਰ ਭਰ ਦੇ ਮੰਨੇ-ਪ੍ਰਮੰਨੇ ਚਿੰਤਕ ਅਤੇ ਧਾਰਮਕ ਵਿਦਵਾਨ, ਇਸ ਸਚਾਈ ਨੂੰ ਸਵੀਕਾਰਦੇ ਹਨ। ਪਰ ਅੱਜ ਦੇ ਸਿੱਖ ਆਗੂਆਂ ਨੇ ਇਸ ਆਵਾਜ਼ ਨੂੰ ਚਾਰ-ਦੀਵਾਰੀ ਤੋਂ ਬਾਹਰ ਨਹੀਂ ਜਾਣ ਦਿੱਤਾ ਭਾਵ ‘ਧੁਰ ਕੀ ਬਾਣੀ’ ਦੀ ਵਿਆਖਿਆ ਨਹੀਂ ਕਰਨ ਦਿੱਤੀ। ਕਬੀਰ ਸਾਹਿਬ ਦਾ ਪੱਕਾ ਵਿਸ਼ਵਾਸ਼ ਹੈ, ਜਿਸ ਕੁੱਲ (ਪਰਵਾਰ) ਵਿੱਚ ਇਸ ਬਾਣੀ ਦੀ ਵਿਚਾਰ ਜਾਂ ਵਿਆਖਿਆ ਨਹੀਂ ਕੀਤੀ ਜਾਂਦੀ, ਉਹਨਾਂ ਦੀ ਕਲਿਆਣ ਕਦੀ ਨਹੀਂ ਹੋ ਸਕਦੀ। ਜਿਹੜੇ ਜੱਥੇ, ਡੇਰੇਦਾਰ ਜਾਂ ਕੀਰਤਨੀਏ ਅਤੇ ਖ਼ਾਲਸਾ ਵਿਦਿਅਕ ਕੇਂਦਰਾਂ ਵਿਚੋਂ ਗੁਰੂ ਦੇ ਸ਼ਬਦ ਦੀ ਵਿਆਖਿਆ ਕਰਨ ਦਾ ਪ੍ਰਬੰਧ ਨਹੀਂ ਕਰਦੇ, ਉਹ ਲੋਗ ਆਤਮਕ ਪੱਖੋਂ ਮਰ ਚੁਕੇ ਹਨ, ਅਤੇ ਚਲਦੀਆਂ-ਫਿਰਦੀਆ ਲਾਸ਼ਾਂ ਹਨ। (ਨੋਟ: ਸਾਧ ਸੰਗਤ ਜੀ ਕੀਰਤਨ ਦਰਬਾਰਾਂ, ਰੈਣ ਸਬਾਈਆਂ ਅਤੇ ਅਖੰਡ ਪਾਠਾਂ ਦੇ ਛਲਾਵੇ ਨੂੰ ਵੇਲੇ ਸਿਰ ਸਮਝੋ)। ਇਹ ਲੋਗ ਗੁਰੂ ਸਾਹਿਬ ਵਲੋਂ ਥਾਲ ਵਿੱਚ ਪਰੋਸੀਆਂ ਅਣਮੋਲ ਵਸਤੂਆਂ ਨੂੰ ਖਾਣ ਅਤੇ ਭੁੰਚਣ ਦੀ ਬਜਾਏ, ਰੋਜ਼ੀ ਕਮਾਉਣ ਹਿੱਤ ਗੀਤ ਸਮਝ ਕੇ ਗਾਉਂਦੇ ਜਾ ਰਹੇ ਹਨ, ਅਤੇ ਵਪਾਰ ਵਜੋਂ ਕੈਸਟਾਂ ਵੇਚ ਕੇ ਧਨ ਇੱਕਤਰ ਕਰਦੇ ਹਨ। ਪਰ ਜੱਦ ਇਹ ਸਮਝ ਪਈ, ਇਹ ਤਾਂ ਬ੍ਰਹਮ (ਅਕਾਲਪੁਰਖ) ਦਾ ਅਨੂਠਾ ਅਤੇ ਬਹੁਮੁੱਲਾ ਗਿਆਨ ਹੈ, ਫਿਰ ਇਸ ਦਾ ਮੁੱਲ ਪਵੇਗਾ। ਯਥਾ: “ਲੋਗ ਜਾਣੇ ਇਹੁ ਗੀਤ ਹੈ, ਇਹ ਤਉ ਬ੍ਰਹਮ ਬੀਚਾਰ”॥ (ਪੰ. 335)। ਕਬੀਰ ਸਾਹਿਬ ਦਾ ਇੱਕ ਹੋਰ ਨਿਰਨਾ ਹੈ, ਅਜਿਹੀ ਮਾਂ ਵਿਧਵਾ ਹੋ ਜਾਵੇ, ਭਾਵ ਉਸ ਪਰਵਾਰ ਵਿੱਚ ਔਲਾਦ ਨਾ ਹੀ ਜੰਮੇ ਜਾਂ ਜੰਮਦਿਆ ਮਰ ਜਾਵੇ, ਜਿਸ ਪਰਵਾਰ ਵਿੱਚ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ ਜਾਂਦੀ {ਯਥਾ: “ਜਿਹ ਕੁਲ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥” (ਪੰ. 328)। ਜਾਂ ਉਸ ਪਰਵਾਰ ਨੂੰ ਮਰਿਆ ਹੋਇਆ ਸਮਝੋ, ਜਿਸ ਵਿੱਚ ਆਤਮਕ ਜੀਵਨ ਵਾਲੀ ਕਣੀ (ਗੁਰਬਾਣੀ ਦੀ ਸੂਝ) ਹੈ ਹੀ ਨਹੀਂ।
ਹਰਿਚੰਦੋਉਰੀ: ਦੀਵਾਲੀ ਵਾਲੀ ਹਰਿਚੰਦੋਉਰੀ ਤੋਂ ਇਲਾਵਾ, ਕਈ ਪ੍ਰਕਾਰ ਦੀਆਂ ਚੰਦੌਉਰੀਆਂ `ਚ ਫੱਸੀ ਸਿੱਖ ਕੌਮ, ਘੁਮਣਘੇਰੀਆ `ਚੋਂ ਬਾਹਰ ਨਿਕਲਣ ਲਈ ਰਾਹ ਦੀ ਭਾਲ `ਚ ਲੱਗੀ ਹੈ। ਪਿੱਛਲੇ ਲੰਮੇ ਸਮੇਂ ਤੋਂ ਸਿੱਖ ਭਾਈਚਾਰੇ ਦੇ ਲੋਗ, ਇੱਕ ਅਜੀਬ ਤਮਾਸ਼ਾ ਵੇਖਦੇ ਆ ਰਹੇ ਹਨ। ਜੱਦ ਹਿੰਦੂ ਸਮਾਜ ਨਾਲ ਸਬੰਧਤ, ‘ਦੀਵਾਲੀ’ ਦਾ ਤਿਉਹਾਰ ਆਉਂਦਾ ਹੈ, ਹਰ ਸਾਲ ਕੇਂਦਰੀ ਅਤੇ ਲੋਕਲ ਗੁਰਦੁਆਰਿਆਂ ਅੰਦਰ, ਅਖੌਤੀ ਕੀਰਤਨੀ ਜੱਥਿਆਂ ਵਲੋਂ ਭਾਈ ਗੁਰਦਾਸ ਜੀ ਦੀ ਹੇਠ ਲਿਖੀ ਪਉੜੀ ਨੂੰ ਉਚੇਚੇ ਤੌਰ `ਤੇ ਪੜ੍ਹਿਆ ਜਾਂਦਾ ਹੈ। ਇਸ ਦੀ ਪਹਿਲੀ ਲਾਈਨ ਨੂੰ ਧਾਰਨਾ ਬਣਾ ਕੇ ਬਾਰ ਬਾਰ ਗਾਇਣ ਕਰਕੇ ਦੀਪਮਾਲਾ ਵਾਲੀ ਅਨਮਤੀ ਪਰੰਪਰਾ ਨੂੰ ਸਿੱਖ ਸੰਗਤਾਂ `ਚ ਪਰਪੱਕ ਕਰਵਾਇਆ ਜਾਂਦਾ ਹੈ। ਅੱਜ ਤੱਕ ਕਿਸੇ ਕੀਰਤਨੀਏ ਨੇ ਇਸ ਦੇ ਅਰਥ ਨਹੀਂ ਦੱਸੇ, ਨਾ ਹੀ ਸੰਗਤਾਂ ਵਿਚੋਂ ਕਿਸੇ ਨੇ ਪੁੱਛੇ ਹਨ। ਅਫ਼ਸੋਸ, ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਲਈ, ਜਾਣ-ਬੁਝ ਕੇ ਗੁਰਬਾਣੀ ਵਿਚਾਰਧਾਰਾ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਬਹੁਤੇ ਕੀਰਤਨੀਏ ਇਸ ਰਚਨਾ ਨੂੰ ਗੁਰਬਾਣੀ ਸਮਝ ਕੇ ਬਿਨਾਂ ਕਿਸੇ ਡਰ ਤੋਂ ਉਚੇਚਾ ਗਾਉਂਦੇ ਹਨ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਵਾਲੀਅਨਿ॥ ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥ (ਵਾਰ 19, ਪਉੜੀ-6)

ਇਸਦੀ ਪਹਿਲੀ ਲਾਈਨ ਨੂੰ ਬਾਰ-ਬਾਰ ਸੁਣਾ ਕੇ ਨਿਰਲੱਜ ਹੋਏ ਰਾਗੀ ਲੋਗ, ਸੋਚੇ-ਸਮਝੇ ਬਗ਼ੈਰ, ‘ਸਿੱਖ ਸਿਧਾਂਤਾਂ ਦੇ ਵਿਪਰੀਤ ਰਵਾਇਤ- “ਸਿੱਖਾਂ ਨੂੰ ਦੀਵਾਲੀ ਦੀ ਰਾਤ ਦੀਵੇ ਬਾਲਨੇ ਚਾਹੀਦੇ ਹਨ” ਪ੍ਰਚਾਰਦੇ ਜਾ ਰਹੇ ਹਨ। ਸੰਗਤਾਂ ਅਗਿਆਨਤਾ ਅਤੇ ਪੰਥ ਪ੍ਰਤੀ ਜ਼ਿੰਮੇਵਾਰੀ ਤੋਂ ਅਵੇਸਲੇ ਹੋ ਕੇ, ਸੁਣਦੀਆਂ ਰਹਿੰਦੀਆ ਹਨ। ਜਿਨ੍ਹਾਂ ਨੂੰ ਇਸ ਪਉੜੀ ਦੇ ਅਰਥਾਂ ਦਾ ਸਹੀ ਗਿਆਨ ਹੈ, ਉਹ ਵੀ ਬਿਨਾਂ ਵਿਰੋਧ ਕੀਤੇ, ਗੁਰਬਾਣੀ ਦੇ ਅਨਾਦਰ ਤੋਂ ਪਰੇਸ਼ਾਨ ਹੋ ਕੇ, ਚੁੱਪ-ਚਾਪ ਉੱਠ ਜਾਂਦੇ ਹਨ। ਭਾਵਨਾ ਹੁੰਦੀ ਹੈ- “ਅਸੀਂ ਕੀ ਲੈਣਾ ਬਖੇੜੇ `ਚ ਪੈ ਕੇ”।
ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ (ਜੋ ਸਰਬੱਤ ਦਾ ਭਲਾ ਲੋਚਦੀ ਹੈ, ਅਤੇ ਹਰ ਇੱਕ ਮੁਨੱਖ ਨੂੰ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਅਟੱਲ ਸਚਾਈਆਂ ਦੱਸਦੀ ਹੈ) ਤੋਂ ਰਾਗੀ ਲੋਗ (ਹਿੰਦੂਆਂ ਸਮੇਤ) ਸਮੁੱਚੀ ਮਾਨਵਤਾ ਨੂੰ ਕੁਰਾਹੇ ਪਾਉਣ ਦਾ ਘੋਰ ਅਪਰਾਧ ਕਰਦੇ ਹਨ। ਬਹੁਤਾ ਦੁੱਖ ਉਸ ਸਮੇਂ ਹੁੰਦਾ ਹੈ, ਜੱਦੋਂ ਦੀਵਾਲੀ ਵਾਲੇ ਦਿਨ, ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਟੀ. ਵੀ. ਚੈਨਲਾਂ ਰਾਹੀਂ ਉਪਰੋਕਤ ਪਉੜੀ ਦਾ ਪ੍ਰਸਾਰਨ ਹੋ ਰਿਹਾ ਹੁੰਦਾ ਹੈ। ਜੇਹੜਾ ਜੱਥਾ ਆਪਣਾ ਸਮਾਂ ਟਪਾਉਣ ਲਈ ਕੀਰਤਨ ਦੀ ਚੌਂਕੀ ਲਈ ਬੈਠਦਾ ਹੈ, ਇਸ ਪਉੜੀ ਨੂੰ ਉਚੇਚਾ ਪੜ੍ਹਦਾ ਹੈ। ਦੂਜੇ ਸ਼ਬਦਾਂ `ਚ, ਕਾਅਬੇ ਤੋਂ ਕੁਫ਼ਰ ਪ੍ਰਸਾਰਤ ਕੀਤਾ ਜਾ ਰਿਹਾ ਹੁੰਦਾ ਹੈ। ਦੀਵਾਲੀ ਮਨਾਉਣ ਲਈ ਦਰਬਾਰ ਸਾਹਿਬ ਵਿਖੇ ਲੱਖਾਂ ਰੁਪਏ ਅਤੇ ਹਰ ਇੱਕ ਸਿੱਖ ਪਰਵਾਰ ਵਲੋਂ ਛਡਾਏ ਜਾ ਰਹੇ ਪਟਾਖਿਆ ਅਤੇ ਮਿਠਾਈਆਂ, ਬੇਮੱਤਲਬ ਨੱਠ-ਭੱਜ ਦਾ ਹਿਸਾਬ ਕੀਤਾ ਜਾਵੇ, ਹਰ ਵਰ੍ਹੇ ਕੌਮ ਦੇ ਕਰੋੜਾਂ ਰੁਪਏ ਧੂਏਂ ਵਿੱਚ ਉਡਾ ਦਿਤੇ ਜਾਂਦੇ ਹਨ। ਇਸ ਫ਼ਜ਼ੂਲ ਖਰਚ ਨਾਲ ਸਿਵਾਏ ਇੱਕ-ਦੋ ਘੰਟੇ ਦੀ ਰੌਂਣਕ-ਮੇਲੇ ਤੋਂ ਵੱਧ ਕਿਸੇ ਨੂੰ ਕੋਈ ਲਾਭ ਨਹੀਂ ਮਿਲਦਾ। ਆਤਸ਼ਬਾਜ਼ੀ ਦਾ ਨਜ਼ਾਰਾ (ਹਰਿਚੰਦੌਉਰੀ, ਕਲਪਿਤ ਨਗਰੀ) ਵਿਖਾ ਕੇ ਇਸ ਤਿਉਹਾਰ ਨੂੰ ਹੋਰ ਭੜਕਾਇਆ ਜਾਂਦਾ ਹੈ।
(ਨੋਟ: ਦੀਵਾਲੀ ਦੀ ਖ਼ੁਸ਼ੀ ਦੀ ਦੌੜ `ਚ ਪਟਾਖੇ ਚਲਾਉਂਦੇ ਗੁਰਸਿੱਖਾਂ ਨੂੰ, ਜੇ ਅਣਖ-ਗ਼ੈਰਤ ਬਚੀ ਹੈ, ਇਹ ਵੀ ਪਤਾ ਹੋਣਾ ਚਾਹੀਦਾ ਹੈ, ਇਸੇ ਨਾਮੁਰਾਦ ਦਿਹਾੜੇ, ਸੱਦੇ ਗਏ ਪੰਥਕ ਇੱਕਠ `ਚ ਸਿੱਖ ਸੰਗਤਾਂ ਦੇ ਹੋਣ ਵਾਲੇ ਜਾਣੀ ਨੁਕਸਾਨ ਨੂੰ ਬਚਾਉਣ ਲਈ, ਸ੍ਰੀ ਦਰਬਾਰ ਸਾਹਿਬ ਦੇ ਸੱਚੇ ਵਜ਼ੀਰ, ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਸਿੱਖ ਪਰਵਾਰ ਜਾਂ ਤਾਂ ਸਿਆਣਪ ਵੱਲ ਪਿੱਠ ਕਰ ਕੇ, ਕੇਵਲ ਝੱਲਪੁਣੇ ਦੀ ਵਰਤੋਂ ਕਰਦੇ ਹੋਏ, ਪਟਾਖੇ ਚਲਾਉਂਦੇ ਨੂੰ ਲਾਜ ਮਹਿਸੂਸ ਨਹੀਂ ਹੁੰਦੀ!)। ਕਈ ਸਿੱਖ ਪਰਵਾਰ, ਦੀਵੇ ਬਾਲਣ ਜਾਂ ਦੀਪਮਾਲਾ ਦੀ ਮਹੱਤਤਾ ਦੱਸਣ ਲਈ, ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਦਾ ਗਵਾਲੀਅਰ ਕਿਲ੍ਹੇ ਤੋਂ ਰਿਹਾ ਹੋਣ ਉਪਰੰਤ ਸ੍ਰੀ ਅੰਮ੍ਰਿਤਸਰ ਪੁਜੱਣ ਦੀ ਦਲੀਲ ਦਿੰਦੇ ਹਨ। ਹੈਰਾਨਗੀ ਦੀ ਗੱਲ ਹੈ, ਸਾਰੇ ਇਤਿਹਾਸਕਾਰ, ਅਤੇ ਵਿਦਵਾਨ ਜਾਣਦੇ ਹਨ, ਜਦੋਂ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਪੁਜੇ ਸਨ, ਉਹ ਸ੍ਰੀ ਰਾਮਚੰਦਰ ਵਾਲੀ ਦੀਵਾਲੀ ਦਾ ਦਿਹਾੜਾ ਨਹੀਂ ਸੀ। ਜੇ ਥੋੜ੍ਹੀ ਦੇਰ ਲਈ, ਇਨ੍ਹਾਂ ਪੇਸ਼ਾਵਰ ਰਾਗੀਆਂ ਦੀ ਦਲੀਲ ਮੰਨ ਵੀ ਲਈਏ, ਜੱਦ ਗੁਰੂ ਨਾਨਕ ਸਾਹਿਬ ਬਾਬਰ ਦੇ ਜੇਲ੍ਹ ਤੋਂ ਬਾਹਰ ਆਏ ਸਨ, ਉਸ ਦਿਨ ਖ਼ੁਸ਼ੀ ਕਰਨ ਲਈ ਦੀਪਮਾਲਾ ਕਿਉਂ ਚੇਤੇ ਨਹੀਂ ਰਹਿੰਦੀ?)। ਅਸਲ ਵਿੱਚ ਅਪਣੇ ਧੁਰੇ ਤੋਂ ਟੁੱਟ ਚੁੱਕੇ ਸਿੱਖ ਪਰਵਾਰ ਦੀਵਾਲੀ ਮਨਾਉਣ ਅਤੇ ਲਖਮੀ ਦੀ ਪੂਜਾ ਕਰਨ ਲਈ ਜਾਣ-ਬੁਝ ਕੇ ਗੁਰੂ ਦਾ ਨਾਂ ਵਰਤਦੇ ਹਨ। ਛੇਵੇਂ ਪਾਤਸ਼ਾਹ ਦੀ ਰਿਹਾਈ ਦੀ ਖ਼ੁਸ਼ੀ ਵਿੱਚ ਦੀਵਾਲੀ ਮਨਾ ਰਹੇ ਇਨ੍ਹਾਂ ਗੁਰਸਿੱਖਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਅਸਥਾਨ, ਮਾਤਾ-ਪਿਤਾ ਦਾ ਨਾਮ, ਸੰਤਾਨ, ਕਿਹੜੇ-ਕਿਹੜੇ ਇਲਾਇਕਆਂ ਵਿੱਚ ਗੁਰੂ ਨਾਨਕ ਦੇ ਫਲਸ਼ਫ਼ੇ ਦਾ ਪਰਚਾਰ ਕੀਤਾ, ਕਿਤਨੀਆਂ ਜੰਗਾਂ ਲੜੀਆਂ, ਪੁੱਛ ਕੇ ਵੇਖੋ, 90% ਮਾੜੀ ਜਿਹੀ ਹੰਸੀ ਵਿਖਾ ਕੇ ‘ਪਤਾ ਨਹੀਂ’ ਵਾਲਾ ਉੱਤਰ ਦਿੰਦੇ ਹਨ। ਇਹ ਲੋਗ ਧੋਖਾ ਕਿਸ ਨੂੰ ਦਿੰਦੇ ਹਨ? ਅਸਲ `ਚ ਝੂਠ ਬੋਲ ਕੇ ਅਪਣਾ ਅਤੇ ਬੱਚਿਆਂ ਨੂੰ ਕੁਰਾਹੇ ਪਾਉਣ ਦਾ ਗੁਨਾਹ ਕਰਦੇ ਹਨ। ਕਹਿੰਦੇ ਹਨ- “ਅਸੀਂ ਉਸ ਤਰ੍ਹਾਂ ਦੀਵਾਲੀ ਨਹੀਂ ਮਨਾਉਂਦੇ, ਬੱਚੇ ਕੁੱਝ ਸਮੇਂ ਲਈ ਰੌਣਕ-ਮੇਲਾ ਲੈਂਦੇ ਹਨ (ਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਪਾੜੇ)। ਦਲੀਲ ਦਿੰਦੇ ਹਨ- ‘ਬਚਿਆਂ ਦੇ ਮਾਮਾ ਜੀ ਨੇ (ਨਾ ਮਾਮੇ ਨੂੰ ਗੁਰਮਤਿ ਦੀ ਸੂਝ-ਬੂਝ, ਨਾ ਮਾਪਿਆਂ ਨੂੰ) ਪਟਾਖੇ ਭੇਜੇ ਸਨ, ਕੁੱਝ ਚਲਾ ਛੱਡੇ ਹਨ, ਰਹਿੰਦ-ਖੂਹੰਦ ਗੁਰਪੁਰਬਾਂ ਦੇ ਮੌਕੇ ਚਲਾਉਣ ਲਈ ਰੱਖ ਦਿੱਤੇ ਹਨ’।
ਅਸਲ ਵਿਚ, ਉਪਰੋਕਤ ਪਉੜੀ (ਰਾਹੀਂ ਭਾਈ ਗੁਰਦਾਸ ਜੀ, ਸਿੱਖ ਵਿਚਾਰਧਾਰਾ ਨੂੰ ਨਿਖਾਰਦੇ ਹੋਏ, ਦੀਵੇ ਬਾਲਨ ਦੀ ਕਿਰਿਆ ਨੂੰ ਮ੍ਰਿਗਤ੍ਰਿਸ਼ਨਾ (ਭਰਮ) ਵਾਲੀ ਖ਼ੁਸ਼ੀ ਦੱਸਦੇ ਹਨ। ਇਸ ਦੇ ਭੇਦ ਤੋਂ ਜਾਣੂ ਕਰਵਾਉਣ ਲਈ, ਅਤੇ ਗੁਰੂ ਸਾਹਿਬ ਦੇ ਵਿਚਾਰ ਸਪਸ਼ਟ ਕਰਨ ਲਈ, ਭਾਈ ਸਾਹਿਬ ਇਸ ਪਉੜੀ ਵਿੱਚ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਦਾ ਜ਼ਿਕਰ ਕਰ ਕੇ ਸਮਝਾਉਂਦੇ ਹਨ (i) ਜਿਵੇਂ ਆਕਾਸ਼ ਵਿੱਚ ਰਾਤ ਨੂੰ ਛੋਟੇ-ਵੱਡੇ ਤਾਰੇ ਨਜ਼ਰ ਆਉਂਦੇ ਹਨ, ਸੂਰਜ ਨਿਕਲਦੇ ਸਾਰ ਕੁੱਝ ਸਮੇਂ ਦਾ ਨਜ਼ਾਰਾ ਦਿਖਾ ਕੇ ਗ਼ਾਇਬ ਹੋ ਜਾਂਦੇ ਹਨ, ਭਾਵ ਨਹੀਂ ਲੱਭਦੇ, (ii) ਬਾਗ਼ ਵਿਚੋਂ ਚੁਣ ਕੇ ਲਿਆਂਦੇ ਫੁਲਾਂ ਦੀ ਸੁਗੰਧੀ ਕੁੱਝ ਸਮੇਂ ਲਈ ਹੀ ਮਨ ਨੂੰ ਪ੍ਰਸੰਨਤਾ ਦਿੰਦੀ ਹੈ, ਭਾਵ ਇਹ ਥੁੜ੍ਹ-ਚਿਰੀ ਖ਼ੁਸ਼ੀ ਹੁੰਦੀ ਹੈ, (iii) ਤੀਰਥ ਯਾਤਰੀ ਤੀਰਥਾਂ ਨੂੰ ਜਾਂਦੇ, ਉਤਸ਼ਾਹ ਅਤੇ ਚਾਅ ਸਦਕਾ ਖ਼ੁਸ਼ੀ ਲੈਂਦੇ ਹਨ, ਵਾਪਸ ਆ ਕੇ ਫਿਰ ਪਾਪਾਂ ਭਰੇ ਕੰਮਾਂ-ਕਾਜਾਂ ਵਿੱਚ ਰੁਝ ਜਾਂਦੇ ਹਨ। ਇਸੇ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ ਕੇ ਥੋੜ੍ਹੇ ਸਮੇਂ, ਰੋਸ਼ਨੀਆ ਦਾ ਨਜ਼ਾਰਾ ਵੇਖ ਕੇ, ਲੋਗ ਮਨ-ਪਰਚਾਉਂਦੇ ਹਨ। ਭਾਈ ਸਾਹਿਬ ਨਿਰਨਾ ਕਰਦੇ ਹਨ, ਗੁਰਮੁਖ ਸੱਜਣ ਗੁਰੂ ਦੇ ਸ਼ਬਦ ਦੀ ਸੰਭਾਲ ਕਰਦੇ ਹੋਏ, ਗਰੁ ਦੇ ਆਦੇਸ਼ਾਂ ਦਾ ਪਾਲਣ ਕਰਦੇ ਹਨ, ਜਿਸ ਨਾਲ ਸੱਚੇ ਅਤੇ ਸਦੀਵੀ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਇਸ ਪਉੜੀ ਵਿੱਚ ਭਾਈ ਗੁਰਦਾਸ ਜੀ ਦੀਵਾਲੀ ਨੂੰ ਦੀਵੇ ਬਾਲਣ ਦੀ ਕਿਰਿ’ ਆ ਦਾ ਭਰਵਾਂ ਖੰਡਨ ਕਰਦੇ ਹਨ।
ਇਸੇ ਪ੍ਰਕਾਰ ਇੱਕ ਹੋਰ ਪਉੜੀ ਰਾਹੀਂ ਭਾਈ ਗੁਰਦਾਸ ਜੀ ਹਰੀਚੰਦ ਰਾਜੇ ਦੀ ਨਗਰੀ (ਭਰਮ ਦੀ ਨਗਰੀ) ਦਾ ਜ਼ਿਕਰ ਕਰਕੇ ਇਸ ਨੂੰ ਬਾਜ਼ੀਗਰ ਦੀ ਖੇਡ ਦੱਸਦੇ ਹਨ, ਜੋ ਕੇਵਲ ਭਰਮ ਭੁਲੇਖੇ ਵਾਲਾ ਤਮਾਸ਼ਾ ਹੈ। ਮੌਜੂਦਾ ਪੰਥ-ਭਰਮਾਊ ਯੋਜਨਾ ਹੇਠ, ਚੇਤਨਾ, ਜਾਗ੍ਰਤੀ, ਸ਼ੁਕਰਾਨਾ ਮਾਰਚਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਵਰਗੇ ਡਰਾਮੇ ਖੇਡਦੇ ਹੋਏ, ਪਟਾਖਿਆਂ, ਆਤਸ਼ਬਾਜ਼ੀਆਂ ਰੋਸ਼ਨੀਆਂ ਵਾਲੀ ਕਿਰਿਆ ਕਰਦੇ ਹਨ, ਜੋ ਕੇਵਲ ਭੁਲੇਖਾ ਭਾਵ ਬਾਜ਼ੀਗਰ ਦਾ ਕੂੜੁ ਵਾਲਾ ਤਮਾਸ਼ਾ ਹੈ। ਮਨਮਤੀਆਂ ਦੀ ਸੰਗਤ ਕਰ ਕੇ ਨਿਰਾਸ਼ ਹੁੰਦੇ ਹੋਏ ਕੀਮਤੀ ਸਮਾਂ ਵਿਅਰਥ ਗਵਾਉਂਦੇ ਹਨ।
ਮੌਜੂਦਾ ਮਾਹੌਲ `ਚ ਹੰਕਾਰ `ਚ ਗ੍ਰਸੇ ਗੁਰਦੁਆਰਾ ਪ੍ਰਬੰਧਕਾਂ ਅਤੇ ਰਸਮੀ ਮੱਥੇ ਟੇਕਣ ਵਾਲੀਆਂ ਸੰਗਤਾਂ ਦੋਹਾਂ ਨੇ ਤਹਿ ਕਰ ਲਿਆ ਹੈ, ਗੁਰੂ ਦੇ ਉਪਦੇਸ਼ਾਂ ਵਿਪਰੀਤ ਹੀ ਕਰਮ ਕਰਨੇ ਹਨ। ਕੁੱਝ ਪਰਵਾਰ ਬਹੁਤੀ ਦੌਲਤ ਦੇ ਨਸ਼ੇ ਅਤੇ ਕੁੱਝ ਅਨਜਾਣਪੁਣੇ ਵਿੱਚ ਮਨਮੁਖਾਂ ਭਾਵ ਮੀਣਿਆਂ ਵਾਲੀ ਚਾਲ ਹੀ ਚਲਦੇ ਹਨ। ਦੀਵੇ ਬਾਲਣ ਵਾਲੀ ਅਨਮਤੀ ਕਿਰਿਆ ਦੀ ਗੁਰੂ ਪਾਸੋਂ ਜ਼ਬਰਦੱਸਤੀ ਪਰਵਾਨਗੀ ਲੈਣ ਲਈ ਪਰਵਾਰਾਂ ਦੇ ਮੈਂਬਰ, ਗੁਰਦੁਆਰੇ ਵੀ ਇੱਕ-ਦੋ ਮੋਮਬਤੀਆਂ ਜਾਂ ਦੀਵੇ ਬਾਲ ਕੇ ਅਤੇ ਉਸ ਨਾਲ ਹੱਥ ਸੇਕ ਕੇ ਚਿਹਰੇ ਉਪਰ ਮਲਦੇ ਹਨ, (ਇਹ ਅਗਨੀ ਦੇਵਤੇ ਦੀ ਪੂਜਾ ਦਾ ਢੰਗ ਹੈ, ਜਿਸ ਦੀ ਸਿੱਖਾਂ ਨੂੰ ਸਖ਼ਤ ਮਨਾਹੀ ਹੈ)। ਅਸਲ ਵਿੱਚ ਹਰ ਇੱਕ ਪਰਵਾਰ ਨੂੰ ਗੁਰਮਤਿ ਗਿਆਨ ਦੀ ਲੋਅ (ਚਾਣਨ) ਲੈਣ ਦੀ ਲੋੜ ਹੈ, ਜਿਸ ਰਾਹੀਂ ਹਿਰਦੇ ਅੰਦਰ ਸੱਚ ਦਾ ਪ੍ਰਕਾਸ਼, ਮੱਤ ਉੱਚੀ, ਮਨ ਨੀਵਾਂ ਹੋਵੇਗਾ। ਉਪਰੰਤ ਕਰਮ-ਕਾਂਡਾਂ ਅਤੇ ਅੰਧ-ਵਿਸ਼ਵਾਸ਼ਾਂ ਦਾ ਨਾਸ਼ ਹੋਵੇਗਾ ਅਤੇ ਗੁਰੂ ਨਾਲ ਨੇੜਤਾ ਬਣ ਆਵੇਗੀ। ਪਰ ਆਪਣੀ ਸੂਝ-ਬੂਝ ਗਵਾ ਚੁੱਕੇ ਨਕਲਚੀ ਕਿਸਮ ਦੇ ਸਿੱਖ ਮਾਨਸਕ ਰੋਗੀ ਹੋਏ, ਭੇਡ-ਚਾਲ ਚਲਣ ਵਾਲੇ ਕਰਮਕਾਂਡੀਆਂ ਦੇ ਪਿੱਛੇ-ਪਿੱਛੇ ਚਲਦੇ ਹਨ। ਗੁਰੂ ਨੂੰ ਅੰਦਰ ਡੱਕ ਕੇ, ਥੋੜੇ ਸਮੇਂ ਲਈ ਦਿਲ ਖ਼ੁਸ਼ ਕਰਨ ਅਤੇ ਮੌਜ-ਮਸਤੀ ਲਈ ਪਟਾਖੇ ਚਲਾਉਣ ਵਾਲਾ ਆਪਹੁਦਰਾਪਨ ਕਰਦੇ ਹਨ। ਜਦਕਿ ਭੰਯਕਰ ਸ਼ੋਰ-ਗੁਲ ਅਤੇ ਜ਼ਹਿਰੀਲੇ ਧੂਂਏ ਨਾਲ ਸਾਧਾਰਨ ਜਨਤਾ ਲਈ ਸਿਹਤ ਪਖੋਂ ਨੁਕਸਾਨ ਅਤੇ ਬੇਵਜ੍ਹਾ ਪਰੇਸ਼ਾਨੀ ਹੁੰਦੀ ਹੈ। ਇਹਨਾਂ ਨੂੰ ਕਿਸੇ ਨੇ ਨਹੀਂ ਸਮਝਾਇਆ ਕਿ ਗੁਰਬਾਣੀ ਇਸ ਨੂੰ ਮ੍ਰਿਗਤ੍ਰਿਸ਼ਨਾ ਵਾਲੀ ਅਤੇ ਬਨਾਵਟੀ ਖ਼ੁਸ਼ੀ ਬਿਆਨ ਕਰਦੀ ਹੈ। ਯਥਾ:
“ਰੇ ਮਨ ਕਿਆ ਕਰਹਿ ਹੈ ਹਾ ਹਾ॥
ਦ੍ਰਿਸਟਿ ਦੇਖੁ ਜੈਸੇ ਹਰਿ ਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ”॥ (ਪੰ. 401)

(ਭਾਵ: ਹੇ ਮਨੱਖੀ ਮਨ! ਮਾਇਆ ਦਾ ਪਾਸਾਰਾ ਵੇਖ ਕੇ ‘ਕੀ ਖ਼ੁਸ਼ੀਆ ਮਨਾ ਰਿਹਾ ਹੈਂ ਤੇ ਕੀਹ ਉਂਗਲਾਂ ਉੱਚੀਆਂ ਕਰ ਕੇ, ਜਿਵੇਂ ਬਾਰਾਤਾਂ, ਪਾਰਟੀਆਂ ਮੌਕੇ ਬੇਲਗ਼ਾਮੇ ਸਿੱਖ ਮੁੰਡੇ- ਕੁੜੀਆਂ, ਕਬਰ ਦੇ ਨੇੜੇ ਪਹੁੰਚੇ, ਬੁਢੇ -ਬੁਢੀਆਂ ‘ਆਹਾ’ - ‘ਆਹਾ’ ਕਰਦੇ ਹਨ। ਧਿਆਨ ਨਾਲ ਵੇਖ ਇਹ ਸਾਰਾ ਪਾਸਾਰਾ ਧੂਂਏ ਦੇ ਪਹਾੜ ਵਾਂਗ ਹੈ। ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ ਮਨੁੱਖਾ ਜੀਵਨ ਵਿੱਚ ਲਾਭਦਾਇਕ ਹੋ ਸਕਦਾ ਹੈ।)
ਸ਼ਬਦ ਹਰਿ ਚੰਦੋਉਰੀ ਦੀ ਮਿੱਥ ਕੀ ਹੈ? ‘ਮਹਾਨ ਕੋਸ਼’ ਦੇ ਕਰਤਾ, ਭਾਈ ਕਾਨ੍ਹ ਸਿੰਘ ਨਾਭਾ ਲਿੱਖਦੇ ਹਨ-
“ਹਰੀਸ਼ ਚੰਦਰ ਰਹਿਮ-ਦਿਲੀ ਅਤੇ ਇਨਸਾਫ਼ ਲਈ ਪ੍ਰਸਿੱਧ, ਸੂਰਜ ਵੰਸ਼ ਦਾ 28ਵਾਂ ਰਾਜਾ ਹੋਇਆ ਹੈ, ਜੋ ਕਥਾ ਅਨੁਸਾਰ ਆਪਣੀ ਇਸਤਰੀ ਦੇ ਪਵਿਤ੍ਰ ਆਚਰਨ ਕਾਰਨ, ਪਹਿਲਾਂ ਸਵਰਗ ਨੂੰ ਪ੍ਰਾਪਤ ਹੋਇਆ, ਫਿਰ ਇਸ ਦਾ ਖੋਹਿਆ ਰਾਜ ਵਾਪਸ ਦੇ ਕੇ ਉਥੋਂ ਮਾਤ ਲੋਕ ਭੇਜਿਆ ਗਿਆ। ਸਮੁੱਚੀ ਨਗਰੀ ਸਮੇਤ ਆਪਣੇ ਰਾਜ ਨੂੰ ਵਾਪਸ ਮੁੜਦਾ ਹੋਇਆ ਕਿਸੇ ਦੂਸਰੇ ਰਿਸ਼ੀ ਦੇ ਈਰਖਾ ਕਾਰਨ ਰਸਤੇ ਵਿੱਚ ਰੋਕ ਲਿਆ ਗਿਆ। ਹੁਣ ਇਹ ਹਵਾ ਦੇ ਨਗਰ ਵਿੱਚ ਰਹਿ ਰਿਹਾ ਹੈ, ਅਤੇ ਇਸ ਦਾ ਨਾਮ ‘ਹਰਿਚੰਦੋਉਰੀ ਜਾ ‘ਗੰਧਰਵ ਨਗਰ’ ਕਰ ਕੇ ਇੱਕ ਕਲਪਤ ਨਗਰ ਹੈ। ਵਾਸਤਵ ਵਿੱਚ ਹਰਿਚੰਦੋਉਰੀ ਕੋਈ ਵਸਤੂ ਨਹੀਂ, ਕੇਵਲ ਮ੍ਰਿਗਤ੍ਰਿਸ਼ਨਾ ਵਾਂਗ ਧੁੰਧ (ਭਰਮ) ਵਿੱਚ ਖ਼ਿਆਲੀ ਰਚਨਾ ਹੈ, ਜੋ ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਤੋਂ ਬਾਅਦ ਖ਼ਤਮ ਹੋ ਜਾਂਦੇ ਹਨ।
ਇਸ ਹਰਿਚੰਦਉਰੀ ਦਾ ਸਹੀ ਰੂਪ ਦੱਸਣ ਲਈ ਅਤੇ ਮਨੁੱਖ ਨੂੰ ਭੁਲੇਖੇ ਵਿਚੋਂ ਬਾਹਰ ਕੱਢਣ ਲਈ, ਗੁਰੂ ਅਰਜੁਨ ਸਾਹਿਬ ਪ੍ਰਮਾਣ ਦੇ ਕੇ ਸਮਝਾਉਂਦੇ ਹਨ –
“ਪੇਖੁ ਹਰਿ ਚੰਦਉਰੜੀ ਅਸਥਿਰੁ ਕਿਛੁ ਨਾਹੀ॥
ਮਾਇਆ ਰੰਗ ਜੇਤੇ ਸੇ ਸੰਗਿ ਨਾ ਜਾਹੀ॥” (ਪੰ. 461)

(ਹੇ ਭਾਈ! ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ, ਇਹ ਜਿਤਨੀਆਂ ਵਿਖਾਵੇ ਵਾਲੀਆਂ ਵਸਤਾਂ ਹਨ, ਇਹ ਧੂਂਏ ਦੇ ਪਹਾੜ ਵਾਂਗ ਹਨ, ਅਤੇ ਜਿਉਂ ਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਇਹਨਾਂ ਭੁਲੇਖਿਆਂ ਅਤੇ ਮਾਇਆ ਦੇ ਜਾਲ ਦੀ ਅਸਲੀਅਤ ਸਾਫ਼ ਦਿਖਾਦੀ ਦਿੰਦੀ ਹੈ)।
ਜੇ ਕਰ ਰਾਗੀ ਜੱਥੇ (ਇਹ ਕੀਰਤਨੀਏ ਨਹੀਂ ਰਹੇ) ਸ਼ਰਾਫ਼ਤ ਨਾਲ ਇਸ ਪਉੜੀ ਦੇ ਅਰਥ ਕਰਨਾ ਚਾਹੁਣ, ਇਸ ਦੇ ਅਰਥ ਦੀਵਾਲੀ ਮਨਾਉਣ ਦੇ ਉਲੱਟ ਨਿਕਲਦੇ ਹਨ। ‘ਹਰਿ ਚੰਨਦੋਉਰੀ’ ਦਾ ਅਰਥ ਬਣਦਾ ਹੈ – ਸੰਸਾਰ ਦੇ ਮਾਇਕ ਪਦਾਰਥਾਂ ਰਾਹੀਂ ਛਿਨ-ਭੰਗਰ ਖ਼ੁਸੀ, ਜੋ ਚਕਾਚੌਂਦ ਕਰਨ ਵਾਲਾ ਲਿਸ਼ਕਾਰਾ ਵਿਖਾ ਕੇ ਪਲਾਂ ਵਿੱਚ ਮਿੱਟ ਜਾਂਦੀ ਹੈ, ਉਹ “ਹਰਿਚੰਦੋਉਰੀ” ਹੈ। ਇਸੇ ਧੁੰਧ ਦੇ ਭੇਦ ਖੋਲਣ੍ਹ ਲਈ ਗੁਰੂ ਨਾਨਕ ਸਾਹਿਬ ਨੇ ਸਮੁੱਚੇ ਸੰਸਾਰ ਨੂੰ ਸੱਚੇ ਗਿਆਨ ਦਾ ਸੂਰਜ ਦਿਖਾਇਆ ਸੀ, ਜਿਸ ਨਾਲ ਧੁੰਧ ਜਾਂ ਅਗਿਆਨ ਦਾ ਅੰਧੇਰਾ ਅਲੋਪ ਹੋ ਗਏ ਸਨ। ਯਥਾ:
ਸਤਿਗੁਰੁ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਆ॥ (ਭਾਈ ਗੁਰਦਾਸ ਜੀ)
ਇਹ ਧੁੰਧ ਕੀ ਸੀ? ਕਰਮ-ਕਾਂਡਾਂ, ਪਾਖੰਡਾਂ, ਭਰਮਾਂ-ਵਹਿਮਾਂ, ਉੱਚੀਆਂ-ਨੀਵੀਆਂ ਜਾਤਾਂ ਦਾ ਵੱਖਰੇਵਾਂ, ਸ਼ੁਭ-ਅਸ਼ੁਭ ਦਿਹਾੜਿਆਂ ਜਾਂ ਮਹੂਰਤਾਂ ਦੀ ਵਿਚਾਰ, ਕਬਰਾਂ-ਮੜ੍ਹੀਆਂ-ਮਸਾਨਾਂ ਦੀਆਂ ਮੰਨਤਾਂ, ਤੀਰਥ ਯਾਤਰਾਵਾਂ, ਸੰਗਰਾਂਦਾਂ, ਮੱਸਿਆਂ ਪੁੰਨਿਆ ਦੇ ਇਸ਼ਨਾਨ, ਗ੍ਰਹਿਸਤ ਦਾ ਤਿਆਗ ਕਰ ਕੇ, ਪਰਬਤਾਂ-ਜੰਗਲਾਂ ਵਿੱਚ ਵਾਸ, ਤੱਪ ਸਾਧਨੇ, ਟੂਣੇ-ਟਾਮਨ, ਜੋਤਸ਼ੀਆਂ ਪਿੱਛੇ ਲੱਗਣਾ, ਵਰਤ ਰੱਖਣੇ, ਭੂਤਾਂ-ਪ੍ਰੇਤਾਂ ਦੇ ਡਰ ਇਤਿਆਦ। (ਨੋਟ: ਦਸਮੇਸ਼ ਪਿਤਾ ਦਾ ਦੁਸ਼ਟਦਮਨ ਰੂਪ ਵਿੱਚ ਹੇਮਕੁੰਟ ਦਾ ਤੱਪ ਫਰਜ਼ੀ ਕਹਾਣੀ ਹੈ, ਕਿਸੇ ਪੰਥ ਦੋਖੀ ਦੀ ਲਿੱਖਤ ਹੈ)। ਅੱਜ ਫਿਰ ਮੁੱਖ ਸੇਵਾਦਾਰਾਂ, ਸਿਆਸੀ ਲੀਡਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਡੇਰੇਦਾਰਾਂ, ਕਾਰ-ਸੇਵਾ ਵਾਲੇ ਬਾਬਿਆਂ, ਟਕਸਾਲਾਂ, ਕੀਰਤਨ ਅਕਾਡਮੀਆ, ਪਾਠਾਂ ਦੇ ਰੱਟਣ, ਦਸਤਾਰ ਸਜਾਉਣ, ਲਾਟਰੀਆਂ, ਇੱਕ-ਦੂਜੇ ਲਈ ਬਣੇ ਜੋੜੇ, ਫ਼ੈਸ਼ਨ, ਸੁੰਦਰਤਾ, ਮਾਡਲਿੰਗ ਵਾਲੇ ਇਨਾਮੀ ਮੁਕਾਬਲੇ, (ਇੱਕ ਦਿਮਾਗ਼ੀ ਕਸਰ ਨਾਲ ਪੀੜਤ ਬਾਬੇ ਨੇ ਬੀਬੀ ਕੌਲਾਂ ਨੂੰ ਮਾਤਾ ਬਣਾ ਕੇ ਟਕਸਾਲ ਘੜ੍ਹ ਮਾਰੀ ਹੈ)। ਇਹ ਸੱਭ ‘ਧਰਮ ਦੀ ਕਿਰਤ’ ਕਰਨ ਦੇ ਸੁਨਿਹਰੀ ਸਿੱਖ ਸਿਧਾਂਤ ਦੇ ਵਿਪਰੀਤ, ਛੇਤੀ ਤੋਂ ਛੇਤੀ ਅਮੀਰ ਬਨਣ ਦੇ ਛਲਾਵੇ ਹਨ। ਯਥਾ: “ਮਾਇਆ ਮੋਹ ਭੂਲੋ ਅਵਰੈ ਹੀਤ॥ ਹਰਿਚੰਦਉਰੀ ਬਨ ਹਰ ਪਾਤ ਕੇ ਇਹੈ ਤੁਹਾਰੋ ਬੀਤ॥” (ਪੰ. 673)। ਇਹਨਾਂ ਤਮਾਮ ਵਹਿਮਾਂ ਦਾ ਭੁਲੇਖਾ ਗੁਰਮਤਿ ਗਿਆਨ ਰਾਹੀਂ ਗੁਰੂ ਨਾਨਕ ਸਾਹਿਬ ਨੇ ਦੱਸਾਂ ਜਾਮਿਆਂ ਦੌਰਾਨ ਦੂਰ ਕਰ ਕੇ ਸਦੀਵੀ ਸੱਚ ਵਾਲੇ ਵਿਗਿਆਨਕ ਧਰਮ ਨੂੰ ਉਜਾਗਰ ਕੀਤਾ ਸੀ। ਦੁਖ ਇਸ ਗੱਲ ਦਾ ਹੈ ਕਿ ਅੱਜ ਸਿੱਖ ਕੌਮ ਦੇ ਧਾਰਮਕ ਅਤੇ ਸਿਆਸੀ ਆਗੂਆਂ ਨੇ ਨਿਜੀ ਸਵਾਰਥਾਂ ਦੀ ਪੂਰਤੀ ਲਈ, ਆਪਸੀ ਗੱਠਜੋੜ ਬਣਾ ਕੇ ਉਸ ਤੋਂ ਕਈ ਗੁਣਾਂ ਵੱਧ ਲਿਸ਼ਕਾਰੇ ਮਾਰਦੇ ਪ੍ਰੋਗਰਾਮਾਂ (ਮ੍ਰਿਗਤ੍ਰਿਸ਼ਨਾਵਾ) ਰਾਹੀਂ ਪਰਵਾਰਾਂ ਨੂੰ ਕਰਾਹੇ ਪਾ ਰੱਖਿਆ ਹੈ।
ਬੀਤੇ ਕੁੱਝ ਸਮੇਂ ਤੋਂ ਹਰਿਚੰਦੋਉਰੀ ਵਾਲੀ ਖ਼ੁਸ਼ੀ, ਗੁਰਪੁਰਬਾਂ ਵਾਲੇ ਦਿਹਾੜੇ ਵੀ ਵੱਡੀ ਪੱਧਰ `ਤੇ ਅਰੰਭ ਹੋ ਚੁੱਕੀ ਹੈ। ਹਰ ਇੱਕ ਗੁਰਦੁਆਰੇ ਅਤੇ ਸਿੱਖ ਪਰਵਾਰਾਂ ਅੰਦਰ ਦੀਪਮਾਲਾ ਅਤੇ ਆਤਸ਼ਬਾਜ਼ਸੀ ਦੀ ਕਿਰਿਆ ਬੜੇ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਹੈ। ਇਤਨਾ ਨਹੀਂ ਸਮੱਝਦੇ ਗੁਰੂ ਦੀ ਖ਼ੁਸੀ ਇਹਨਾਂ ਰੰਗ-ਬਰੰਗੀਆਂ ਝਾਲਰਾਂ ਟੰਗਣ ਵਿੱਚ ਨਹੀਂ ਹੈ। ਗੁਰੂ ਦਾ ਫੁਰਮਾਨ ਹੈ, ਸਿੱਖ ਧਰਮ ਦੇ ਸਿਧਾਂਤਾਂ ਦੀ ਪਾਲਨਾ ਕਰੋ। ਚਾਰ ਬੱਜਰ ਕੁਰਹਿਤਾਂ ਦਾ ਤਿਆਗ ਕਰ ਕੇ ਆਪਣੀਆ ਇੰਦਰੀਆਂ ਨੂੰ ਤਗ ਪਾ ਕੇ ਉੱਚਾ-ਸੁੱਚਾ ਆਚਰਨ ਅਤੇ ਸ਼ਾਨਦਾਰ ਕਿਰਦਾਰ ਬਣਾਓ। ਯਥਾ:
“ਇਤੁ ਮਾਰਗਿ ਚਲੇ ਭਾਈਅੜੇ, ਗੁਰ ਕਹੈ ਸੋ ਕਾਰ ਕਮਾਇ ਜੀਉ॥
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ”॥ (ਪੰ। 763)।
ਅੱਜ ਸਿੱਖ ਕੌਮ ਦੇ ਅੰਧੇ (ਗੁਰਮਤਿ ਗਿਆਨ ਤੋਂ ਕੋਰੇ) ਆਗੂਆਂ ਨੇ ਸਿੱਖ ਪਰਵਾਰਾਂ ਨੂੰ ਗੁਰਮਤਿ ਗਿਆਨ ਤੋਂ ਸੱਖਣਾ ਰੱਖ ਕੇ, ਕਈ ਕਿਸਮ ਦੀਆਂ ਹਰਿਚੰਦੋਉਰੀਆਂ (ਮ੍ਰਿਗਤਿਸ਼ਨਾਵਾ) ਵਾਲੇ ਭੁਲੇਖਿਆਂ (ਬਾਜ਼ ਪੰਛੀ, ਗੰਗਾ ਸਾਗਰ ਭਾਵ ਗੜਵਾ, ਜੋੜਿਆਂ, ਮਾਤਾਵਾਂ ਦੀਆਂ ਪੋਸ਼ਾਕਾਂ, ਨਕਲੀ ਕਲਗ਼ੀਆਂ, ਸ਼ਸ਼ਤਰਾਂ, ਡੱਬ-ਖੜਬੇ ਘੋੜਿਆਂ ਦੇ ਦਰਸ਼ਨਾਂ ਤੇ ਲਿੱਦ ਇੱਕਤ੍ਰ ਕਰਨ `ਚ ਅੰਨ੍ਹੀ ਸ਼ਰਧਾ ਕਾਰਨ ਗੁਰ-ਸੰਦੇਸ਼ਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ)। ਜਿਹੜੇ ਪਰਵਾਰ ਬੱਚਿਆਂ (ਪਨੀਰੀ) ਨੂੰ ਸਿੱਖੀ ਦਾਇਰੇ ਅੰਦਰ ਰੱਖਣਾ ਲੋਚਦੇ ਹਨ, ਬਚਪਨ ਤੋਂ ਗੁਰਮਤਿ ਦੀ ਮੁੱਢਲੀ ਜਾਣਕਾਰੀ ਦੇਣ ਦਾ ਉਪਰਲਾ ਖ਼ੁਦ ਹੀ ਕਰਨਾ ਹੋਵੇਗਾ। ਪੰਜਾਬੀ ਪੜ੍ਹਾਉਣੀ ਅਤੇ ਬੋਲ-ਚਾਲ `ਚ ਵਰਤਣੀ ਸੁਲਝੇ ਹੋਏ ਪਰਵਾਰਾਂ ਦੀ ਜ਼ਿੰਮੇਵਾਰੀ ਹੈ। ਹਰ ਰੋਜ਼ ਗੁਰਬਾਣੀ ਸ਼ਬਦਾਂ ਦਾ ਅਧਿਅਨ ਕਰਨਾ ਜੀਵਨ ਦਾ ਜ਼ਰੂਰੀ ਨੇਮ ਹੈ। ਟੀ. ਵੀ. ਦੇ ਲੱਚਰ ਸੀਰੀਅਲਾਂ ਦਾ, ਜਿਥੋਂ ਤੱਕ ਹੋ ਸਕੇ, ਆਪਣਾ ਅਤੇ ਬਚਿਆਂ ਦਾ ਬਚਾਓ ਕਰਨਾ ਬਣਦਾ ਹੈ। ਇਹਨਾਂ ਤਮਾਮ ਹਰਿ ਚੰਦੋਉਰੀਆਂ ਤੋਂ ਪੱਕੀ ਖ਼ਲਾਸੀ ਕਰਵਾਉਣ ਲਈ ਸੰਗਤਾਂ ਨੂੰ ਅਵੇਸਲਾਪਨ ਛੱਡ ਕੇ, ਪੰਥ ਪ੍ਰਤੀ ਬਣਦੀ ਜ਼ਿੰਮੇਵਾਰੀ ਸੰਭਾਲਣ ਦਾ, ਤੁਰੰਤ ਉਦਮ ਕਰਨਾ ਹੋਵੇਗਾ। ਹਾਲ ਦੀ ਘੜੀ, ਹੇਠ ਲਿੱਖੇ ਨੁੱਕਤਿਆਂ ਉਪਰ ਅਮਲ ਕਰਨ ਨਾਲ ਆਸ ਹੈ, ਹੋਰ ਵੱਧ ਵਿਗਾੜ ਹੋਣ ਉਪਰ ਰੋਕ ਲੱਗ ਜਾਵੇਗੀ:-
1. ਗੁਰਦੁਆਰਿਆਂ ਅੰਦਰ, ਜੰਦਰੇ ਤੇ ਸੀਲਾਂ ਲੱਗੀਆਂ ਪੇਟੀਆਂ (ਗੋਲਕਾਂ) ਨੂੰ ਹਟਾਉਣਾ ਜ਼ਰੂਰੀ ਹੋ ਗਿਆ ਹੈ। ਗੋਲਕਾਂ ਦੀ ਮਾਇਆ ਹੀ ਤਮਾਮ ਪੰਥਕ ਬਿਮਾਰੀਆਂ ਦੀ ਜੜ੍ਹ ਸਾਬਤ ਹੋ ਰਹੀ ਹੈ। ਦੂਜਾ ਰਾਹ, ਇਹਨਾਂ ਵਿੱਚ ਲੋੜੋਂ ਵੱਧ ਮਾਇਆ ਠੂਸਨੀ ਤੁਰੰਤ ਬੰਦ ਕੀਤੀ ਜਾਵੇ। ਇਸ ਭੁਲੇਖੇ ਨੂੰ ਸਮਝੋ, ਇਹ ਗੁਰੂ ਦੀ ਗੋਲਕ ਨਹੀਂ ਰਹੀ। ਬੁਸ਼ੁਮਾਰ ਇੱਕਠੀ ਕੀਤੀ ਮਾਇਆ ਰਾਹੀਂ ਗੁਰੂ ਗਰੰਥ ਸਾਹਿਬ ਦੇ ਆਲਮਗੀਰੀ ਸਿਧਾਂਤਾਂ ਨੂੰ ਡੂੰਘੇ ਟੋਏ `ਚ ਦੱਬਣ ਲਈ ਵਰਤਿਆ ਜਾ ਰਿਹਾ ਹੈ।
2. ਜਿਹੜੇ ਗੁਰਦੁਆਰਾ ਪ੍ਰਬੰਧਕ, ਸਿਆਸੀ ਚੋਣਾਂ ਲੜਦੇ ਹਨ, ਉਨ੍ਹਾਂ ਨੂੰ ਗੁਰਦੁਆਰਾ-ਪ੍ਰਬੰਧ ਤੋਂ ਦੂਰ ਰਖਿਆ ਜਾਵੇ, ਭਾਵ ਗੁਰਦੁਆਰਾ ਚੋਣਾਂ ਮੌਕੇ ਕਿਸੇ ਕਿਸਮ ਦਾ ਸਹਿਯੋਗ ਨਾ ਦਿੱਤਾ ਜਾਵੇ।
3. ਪ੍ਰਭਾਤ ਫੇਰੀਆਂ, ਨਗਰ ਕੀਰਤਨਾਂ (ਨੋਟ: ਸਕੂਲ ਦੇ ਬੱਚੇ-ਬੱਚੀਆਂ ਭਾਵ ਵਿਦਿਆਰਥੀਆਂ ਨੂੰ ਬੈਨਰ ਫੜਾ ਕੇ ਸੜਕਾਂ ਉਪਰ ਚੱਕਰ ਲਗ਼ਵਾਉਣੇ ਸਰਾਸਰ ਵਧੀਕੀ ਹੈ), ਚੇਤਨਾ ਮਾਰਚਾਂ, ਅਲੌਕਿਕ ਕੀਰਤਨ ਦਰਬਾਰਾਂ ਦੀ ਥਾਵੇਂ ਗੁਰਬਾਣੀ ਵਿਚਾਰ ਕਰਨ, ਅਤੇ ਮਲਕ ਭਾਗੋ ਨੁਮਾ ਭੰਡਾਰਿਆਂ ਦੀ ਥਾਵੇਂ ਦਾਲ-ਫੁਲਕੇ ਵਾਲੇ ਸਾਦੇ ਲੰਗਰ ਚਲਾਏ ਜਾਣ, ਜੋ ਲੋੜਵੰਦ ਅਤੇ ਗ਼ਰੀਬ ਨੂੰ ਬਗ਼ੈਰ ਜਾਤੀ ਵਿਤਕਰੇ ਦੇ ਪਹਿਲਾਂ ਛੱਕਾਇਆ ਜਾਵੇ। ਨਾਲੋ-ਨਾਲ ਨੇਕ ਨੀਯਤੀ ਨਾਲ ਗੁਰੂ ਸ਼ਬਦ ਵਿਚਾਰ ਦੇ ਖੁਲ੍ਹੇ ਲੰਗਰਾਂ ਵੱਲ ਵੀ ਧਿਆਨ ਦਿੱਤਾ ਜਾਵੇ। ਸਿੱਖ ਪਨੀਰੀ ਨੂੰ ਪ੍ਰਮਾਣੀਕ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਘਟਨਾਵਾਂ ਦੀ ਜਾਣਕਾਰੀ ਦੇਣਾ ਸ਼ੁਭ ਕਰਮ ਹੋਵੇਗਾ।
4. ਅੰਖਡ-ਪਾਠਾਂ ਉਪਰ ਤੁਰੰਤ ਰੋਕ ਲਗਾ ਕੇ, ਇਸ ਦੀ ਥਾਵੇਂ ਸੈਂਚੀਆ ਤੋਂ ਸਹਿਜ ਪਾਠ ਆਪ ਕਰਨ ਦੀ ਰਵਾਇਤ ਚਾਲੂ ਕੀਤੀ ਜਾਵੇ। ਘਰਾਂ ਵਿੱਚ ਪ੍ਰਮਾਣੀਕ ਸਟੀਕਾਂ ਅਤੇ ਇਤਿਹਾਸ (ਜਿਵੇਂ ਪ੍ਰੋ. ਸਾਹਿਬ ਸਿੰਘ, ਡੀ. ਲਿੱਟ) ਦੀਆਂ ਪੋਥੀਆਂ ਤੋਂ ਹੀ ਸ਼ਬਦ ਵਿਚਾਰ ਹਰ ਰੋਜ਼ ਨੇਮ ਨਾਲ ਕੀਤੀ ਜਾਵੇ। ਇਸ ਰਵਾਇਤ ਰਾਹੀਂ ਗੁਰੂ ਨਾਨਕ ਨਾਲ ਸਿੱਧਾ ਸੰਪਰਕ ਬਣਾਉਣ ਦਾ ਯਤਨ ਕਰੋ। ਪ੍ਰਧਾਨਾਂ, ਪੇਸ਼ਾਵਰ ਪ੍ਰਚਾਰਕਾਂ-ਗਰੰਥੀਆਂ, ਰਾਗੀਆਂ, ਪਾਠੀਆਂ ਅਤੇ ਡੇਰੇਦਾਰਾਂ– (ਕਾਰ ਸੇਵਾ ਵਾਲੇ ਅਤੇ ਬਾਕੀ ਬਾਬਿਆਂ ਸਮੇਤ), ਸੰਪਰਦਾਈਆਂ ਵਰਗੇ ਵਿਚੋਲਿਆਂ ਦੀ ਬਿਲਕੁਲ ਲੋੜ ਨਹੀਂ ਹੈ। ਗੁਰਬਾਣੀ ਸ਼ੁਧ ਪੜ੍ਹੋ, ਅਰਥਾਂ ਨੂੰ ਵਿਚਾਰ ਕੇ, ਗੁਰੂ ਹੁਕਮਾਂ ਦੀ ਪਾਲਨਾ ਈਮਾਨਦਾਰੀ ਨਾਲ ਕੀਤੀ ਜਾਵੇ।
5. ਵਿਆਹ-ਸ਼ਾਦੀਆਂ ਮੌਕੇ, ਸੜਕਾਂ, ਬਾਜ਼ਾਰਾਂ ਵਿੱਚ ਜਵਾਨ ਬੱਚੀਆਂ ਅਤੇ ਬੀਬੀਆਂ ਨੂੰ ਨਚਾਉਣਾ ਤੁਰਤ ਬੰਦ ਕੀਤਾ ਜਾਵੇ, ਜਾਂ ਅਜਿਹੀ ਬਾਰਾਤ ਦਾ ਤ੍ਰਿਸਕਾਰ ਕਰੋ। ਨਚਾਰਾਂ ਦੇ ਇਕੱਠ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ ਵਾਲੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਨੇ ਨਹੀਂ, ਆਪਣੇ ਸ਼ੁਭ ਗੁਣਾਂ ਨੇ ਹੀ ਤੋੜ ਤੱਕ ਸਾਥ ਨਿੱਭਣਾ ਹੈ, ਗੁਰੂ ਨਾਨਕ ਸਾਹਿਬ ਦਾ ਸ਼ੁਭ ਵਿਚਾਰ ਹੈ - “ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥” ਜਿਥੈ ਲੇਖਾ ਮੰਗੀਐ ਤਿਥੈ ਖੜੈ ਦਸੰਨਿ॥ (ਪੰ. 729)
6. ਜਾਣਦੇ ਬੁਝਦੇ ਬੱਜਰ ਕੁਰਹਿਤਾਂ ਕਰਨ ਵਾਲੇ ਪਰਵਾਰਾਂ, ਜੋ ਸਿੱਖ ਸ਼ਕਲ ਧਾਰਨ ਕਰ ਕੇ ਗੁਰੂ ਦਾ ਨਿਰਾਦਰ ਕਰਦੇ ਹਨ, ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ।
7. ਆਤਸ਼ਬਾਜ਼ੀ, ਪਟਾਖੇ ਚਲਾ ਕੇ ਵਾਤਾਵਰਨ ਪਰਦੂਸ਼ਤ ਕਰਨ ਉਪਰ ਪੱਕੀ ਰੋਕ ਲਗਾਈ ਜਾਵੇ। ਇਹ ਮਾਨਸਕ ਤੌਰ `ਤੇ ਰੋਗੀ ਹੋ ਚੁੱਕੇ ਪਰਵਾਰਾਂ ਦੀ ਰਵਾਇਤ ਹੈ। ਸਮਝਦਾਰੀ ਇਸੇ `ਚ ਹੈ, ਕਿ ਅਪਣੇ ਦੱਸਵੰਧ ਨਾਲ ਆਰਥਕ ਪਖੋਂ ਪਿੱਛੜੇ ਸਿੱਖ ਪਰਵਾਰਾਂ ਦੀ ਸੰਭਾਲ ਕਰਨ ਦੀ ਆਦਤ ਅਪਣਾਈ ਜਾਵੇ।
8. ਹੋਰ ਗੁਰਦੁਆਰੇ ਉਸਾਰਨ ਜਾਂ ਚਮਕਾਉਣ ਲਈ ਉਗਰਾਹੀ ਦੇਣੀ ਬੰਦ ਕੀਤੀ ਜਾਵੇ। ਦਸਵੰਧ ਦੀ ਮਾਇਆ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ ਮਿਸ਼ਨਰੀ ਕਾਲਜਾਂ ਵਲੌਂ ਤਿਆਰ ਕੀਤਾ ਧਾਰਮਕ ਲਿਟਰੇਚਰ, ਪੜ੍ਹਣ ਅਤੇ ਪੜ੍ਹਾਉਣ (ਵੰਡਣ) ਦੀ ਆਦਤ ਅਪਣਾਓ। ਵਧੀਆ ਲਾਇਬਰੇਰੀਆਂ, ਅਤੇ ਵੱਧੀਆ ਡਿਸਪੈਨਸਰੀਆਂ ਉਸਾਰਨ ਵੱਲ ਉਚੇਚਾ ਧਿਆਨ ਦੇਵੋ। ਗੁਰੂ ਸਾਹਿਬਾਨ ਅਤੇ ਪੰਥ ਲਈ ਮੁੱਢ ਤੋਂ ਜੁੜੀਆਂ ਬਰਾਦਰੀਆਂ (ਸਿਕਲੀਗਰ, ਵਣਜਾਰੇ, ਲੋਬਾਣੇ, ਸਤਨਾਮੀਏ, ਆਰਥਕ ਤੌਰ ਦੇ ਪੱਛੜੀਆਂ ਦਲਿਤ ਬਰਾਦਰੀਆਂ ਦੀ ਸਹਾਇਤਾ ਕਰਨ ਦੀ ਰਵਾਇਤ ਅਪਣਾਓ। ਸੰਭਵ ਹੋਵੇ, ਘੱਟ ਤੋਂ ਘੱਟ ਇੱਕ ਗ਼ਰੀਬ ਸਿੱਖ ਬੱਚੇ (ਲੜਕੇ ਜਾਂ ਲੜਕੀ) ਦੀ ਉਚੇਰੀ ਸਿਖਿਆ ਲਈ ਜ਼ਿੰਮੇਵਾਰੀ ਸੰਭਾਲੋ।
9. ਸਿੱਖ ਸਿਧਾਤਾਂ ਅਨੁਸਾਰ, ਗ੍ਰਹਿਸਤੀ ਜੀਵਨ ਨੂੰ ਜੇ ਉਪਯੋਗੀ ਅਤੇ ਸਫ਼ਲ ਬਣਾਉਣਾ ਹੈ, ਤਾਂ ਕਿਸੇ ਦੰਭੀ, ਚੋਲਾਧਾਰੀ, ਲੱਤਾਂ ਨੰਗੀਆਂ ਵਾਲੇ ਸਾਧ ਜਾਂ ਬਾਬੇ, ੧੦੦੮ ਬ੍ਰਹਮਗਿਆਨੀ ਸੰਤ, ਸੰਪਰਦਾਈ ਡੇਰਿਆਂ (ਗੁਰਮਤਿ ਵਿਰੁਧ ਬਣਾਏ, ਰਾਹੋਂ ਕੁਰਾਹੇ ਪਾਉਣ ਵਾਲੇ ਅੱਡਿਆਂ) ਦੀ ਹਾਜ਼ਰੀ ਨਾ ਭਰੀ ਜਾਵੇ। ਦੱਸਵੰਧ ਦੀ ਮਾਇਆ, ਕਿਸੇ ਲੋੜਵੰਦ, ਬੇਸਹਾਰਾ, ਸਰੀਰਕ ਰੋਗ ਨਾਲ ਪੀੜਤ ਗ਼ਰੀਬ ਪਰਵਾਰ, ਗ਼ਰੀਬ ਬਚਿਆਂ ਦੀ ਪੜਾਈ, ਕਾਰੋਬਾਰੀ ਸਿਖਲਾਈ ਲਈ ਸਹਾਇਤਾ, ਸਹਿਯੋਗ ਕਰਨਾ ਵੱਧ ਲਾਹੇਵੰਦ ਹੈ। ਗ਼ਰੀਬ ਦਾ ਮੂੰਹ ਹੀ ‘ਗੁਰੂ ਦੀ ਗੋਲਕ’ ਸਿੱਖ ਪ੍ਰੰਪਰਾ ਰਹੀ ਹੈ। ਧਰਮ ਦੀ ਕਿਰਤ ਕਰਨਾ, ਵੰਡ ਛੱਕਣਾ, ਨਾਮ ਜਪਣਾ, ਸਿੱਖ ਧਰਮ ਦੇ ਆਲਮਗੀਰੀ ਸਿਧਾਂਤ ਸਮੁੱਚੇ ਸੰਸਾਰ ਲਈ ਲਾਹੇਵੰਦ ਹਨ।
10. ਮਿਸ਼ਨਰੀ ਕਾਲਜਾਂ ਦਾ ਲਿਟਰੇਚਰ ਖ਼ਰੀਦ ਕੇ ਫ਼ਰੀ ਜਾਂ ਘੱਟ ਮੁੱਲ `ਤੇ ਵੰਡਣ ਦਾ ਉਪਰਾਲਾ ਵੀ ਉਤਮ ਸੇਵਾ ਹੈ। ਗੁਰੂ ਦੇ ਲੰਗਰਾਂ ਉਪਰ ਕੇਵਲ ਲੋੜਵੰਦਾਂ ਦਾ ਹੱਕ ਹੈ। ਅੱਜ ਸਾਰੀ ਕੌਮ ਲੰਗਰਾਂ ਦੇ ਦਾਲੇ, ਭਾਜੀ ਵਿੱਚ ਡੁੱਬ ਕੇ ਗ਼ਰਕ ਹੋ ਰਹੀ ਹੈ। ਕੋਈ ਗੁਰਦੁਆਰਾ ਪ੍ਰਬੰਧਕ ਖੰਡੇ ਦੀ ਪਾਹੁਲ ਦਾ ਪ੍ਰਚਾਰ ਨਹੀਂ ਕਰਦਾ। ਕਾਲੇ ਧਨ ਨਾਲ ਖ਼ਰੀਦ ਕੇ ਵੰਡੀਆਂ ਜਲੇਬੀਆਂ, ਫਰੂਟ ਆਦਿ ਸ਼ਾਹੀ ਲੰਗਰਾਂ ਨਾਲ ਕਦੀ ਆਤਮਾ ਦਾ ਵਿਕਾਸ ਨਹੀਂ ਹੋਣ ਲੱਗਾ। ਸੱਚਾਈ ਨੂੰ ਵੇਲੇ ਸਿਰ ਸਮਝਣਾ ਹੀ ਸਿਆਣਪ ਦਾ ਪ੍ਰਮਾਣ ਹੋਵੇਗਾ।
ਅੰਤ ਵਿੱਚ ਇਹੋ ਆਸ ਕੀਤੀ ਜਾ ਸਕਦੀ ਹੈ - ਜੇ ਸਿੱਖ ਪਰਵਾਰ ਚਾਹੁਣ, ਉਪਰ ਬਿਆਨੇ ਸੁਝਾਵਾਂ ਪ੍ਰਤੀ ਵਿਚਾਰ ਅਤੇ ਅਮਲ ਕਰਨ, ਜਾਂ ਫਿਰ ਖ਼ੁਆਰ ਹੋਣ ਅਤੇ ਕਸ਼ਟ ਭੋਗਣ ਵਿੱਚ ਹੋਣੀ ਦਾ ਇੰਤਜ਼ਾਰ ਕਰਨਗੇ। ਗੁਰੂ ਨਾਨਕ ਸਾਹਿਬ ਦੀ ਚੇਤਾਵਨੀ ਹੈ– “ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਇ॥” (ਪੰ. 417) ਭਾਵ ਜੇ ਵੇਲੇ ਸਿਰ ਆਪੋ ਆਪਣੇ ਫ਼ਰਜ਼ ਚੇਤੇ ਰੱਖੀਏ, ਤਾਂ ਸਜ਼ਾ ਕਿਉਂ ਮਿਲੇ?
ਗੁਰਚਰਨ ਸਿੰਘ (ਮੋਹਾਲੀ)

of 100, Sant Nagar, New Delhi-110065
Mob. 93573 29442.

ਇੱਕ ਹੋਰ ਹਰਿਚੰਦੋਉਰੀ: ਦੀਵਾਲੀ ਦੇ ਅਗਲੇ ਦਿਨ– ‘ਵਿਸ਼ਵਕਰਮਾ ਦਿਵਸ’ ਸਿੱਖ ਸਮਾਜ ਦੇ ਇੱਕ ਹਿੱਸੇ ਵਲੋਂ ਪ੍ਰਚਲਿਤ ਕਰ ਦਿੱਤਾ ਗਿਆ ਹੈ। ਜੋ ਇੱਕ ਮਿਥਿਹਾਸਕ ਦੇਵਤਾ ਹੈ ਅਤੇ ਇਸ ਦਾ ਜ਼ਿਕਰ ਰਿਗ ਵੇਦ ਅਤੇ ਪੁਰਾਣਾਂ `ਚ ਸ਼੍ਰਿਸ਼ਟੀ ਦਾ ਰਚਏਤਾ ਅਤੇ ਦੇਵਤਿਆਂ ਦਾ ਚੀਫ਼ ਇੰਜਨੀਅਰ, ਜੋ ਇਨ੍ਹਾਂ ਲਈ ਹਥਿਆਰ, ਇਮਾਰਤਾਂ, ਰੱਥ ਤਿਆਰ ਕਰਨ ਵਾਲਾ, ਅਤੇ ਯੋਗਸਿੱਧਾ ਦਾ ਪੁਤੱਰ ਦੱਸਿਆ ਹੈ। ਪਰ ਗੁਰੁਬਾਣੀ ਅਨੁਸਾਰ, ਸਮੁੱਚੀ ਸ੍ਰਿਸ਼ਟੀ ਦਾ ਰਚੇੲਤਾ ਅਕਾਲਪੁਰਖ ਆਪ ਹੈ, ਜੋ ਜਨਮ-ਮਰਨ ਤੋਂ ਰਹਿਤ ਹੈ। ਉਸ ਦਾ ਕੋਈ ਮਾਂ-ਬਾਪ ਨਹੀਂ ਹੋ ਸਕਦਾ। ਇਸ ਦੀ ਧੀ (ਸੰਜਨਾਂ), ਸੂਰਜ ਦੇਵਤੇ ਨਾਲ ਵਿਆਹੀ ਗਈ ਸੀ, ਜਿਸਦੀ ਤੱਪਸ਼ ਘੱਟ ਕਰਨ ਲਈ ਉਸ ਨੂੰ ਖ਼ਰਾਦ ਉਪਰ ਚਾੜ੍ਹ ਕੇ ਛੋਟਾ ਕੀਤਾ ਗਿਆ। ਅੱਜ ਦੇ ਵਿਗਿਆਨਕ ਯੁਗ ਦੀਆਂ ਖੋਜਾਂ ਨੇ ਹਰ ਚੀਜ਼ ਦੀ ਸਚਾਈ ਸਾਹਮਣੇ ਲਿਆ ਰੱਖੀ ਹੈ। ਸੂਰਜ ਦੀ ਤੱਪਸ਼ ਨੂੰ ਵਧਾਉਣਾ, ਘਟਾਉਣਾ ਜਾਂ ਸਮੇਟਣ ਦੀ ਸਮਰੱਥਾ ਕੇਵਲ ਜਨਮ-ਮਰਨ ਅਤੇ ਸ਼ਕਲ ਤੋਂ ਰਹਿਤ ਪ੍ਰਭੂ ਪਰਮੇਸ਼ਰ ਪਾਸ ਹੈ। ਗੁਰੂ ਗਰੰਥ ਸਾਹਿਬ ਦੀਆਂ ਸਿਖਿਆਵਾਂ, ਸਮੁੱਚੀ ਮਾਨਵਤਾ ਲਈ ਇਕਸਾਰ ਅਗਵਾਹੀ ਕਰਦੀਆਂ ਹਨ। ਇਹ ਵੀ ਸੱਚ ਹੈ, ਰਾਮਗੜ੍ਹੀਆ ਭਾਵ ਕਾਰੀਗਰ ਸਿੱਖ ਭਾਈਚਾਰੇ ਦਾ ਵੱਡਾ ਹਿੱਸਾ, ਗੁਰੂ ਗਰੰਥ ਸਾਹਿਬ ਦੇ ਸਿਧਾਤਾਂ ਦਾ, ਦਿੜਤਾ ਨਾਲ ਪਾਲਨ ਕਰਦਾ ਹੈ। ਐਸੇ ਗੁਰਸਿੱਖ, ਗੁਰਬਾਣੀ ਸਿਧਾਂਤਾਂ ਦੇ ਵਿਪਰੀਤ ਜਾ ਕੇ ਕਿਸੇ ਪ੍ਰਕਾਰ ਦੀ ਮੂਰਤੀ ਜਾਂ ਜੜ੍ਹ ਵਸਤੂ (ਮਸ਼ੀਨਾਂ ਜਾਂ ਔਜ਼ਾਰਾਂ ਆਦਿ) ਦੀ ਪੂਜਾ ਜਾਂ ਆਰਤੀ ਵਰਗਾ ਕਰਮਕਾਂਡ, ਨਹੀਂ ਕਰਦੇ।




.