.

ਗੁਰਮਤਿ ਅਤੇ ਦੀਵਾਲੀ

ਪ੍ਰੋ. ਸਰਬਜੀਤ ਸਿੰਘ ‘ਧੂੰਦਾ’
98555-98851

ਤਿਉਹਾਰ ਕਿਸੇ ਸਮਾਜ ਕੌਮ ਦੇ ਸੱਭਿਆਚਾਰ ਦਾ ਦਰਪਣ ਹੁੰਦੇ ਹਨ। ਕਿਸੇ ਵੀ ਤਿਉਹਾਰ ਜਾਂ ਰਸਮਾਂ ਦੀ ਘੋਖਣਾ ਕਰਕੇ ਅਸੀ ਕਿਸੇ ਸਮਾਜ ਦੀ ਵਿਰਾਸਤ ਬਾਰੇ ਜਾਣ ਸਕਦੇ ਹਾਂ। ਭਾਰਤ ਵਿੱਚ ਇਹ ਚਾਰ ਤਿਉਹਾਰ ਮਨਾਏ ਜਾਦੇ ਹਨ ਜਿਵੇਂ ਹੋਲੀ ਲੋਹੜੀ ਦੀਵਾਲੀ ਅਤੇ ਵਿਸਾਖੀ। ਗੁਰੂ ਨਾਨਕ ਸਾਹਿਬਾਨ ਵੇਲੇ ਹੀ ਵਿਸਾਖੀ ਤੇ ਬਹੁਤ ਭਾਰੀ ਇਕੱਠ ਹੁੰਦਾ ਸੀ ਫਿਰ ਗੁਰੁ ਅਮਰਦਾਸ ਜੀ ਨੇ ਸਾਲ ਵਿੱਚ ਦੋ ਵਾਰੀ ਇਕੱਠ ਕਰਨ ਲਈ ਦੀਵਾਲੀ ਅਤੇ ਵਿਸਾਖੀ ਦੋਵਾਂ ਤੇ ਇਕੱਠ ਕਰਨਾ ਸੁਰੂ ਕੀਤਾ। ਅੱਜ ਦੀ ਬੋਲੀ ਵਿੱਚ ਇਸ ਨੂੰ ਸਰਬਤ ਖਾਲਸਾ ਕਰਕੇ ਵੀ ਕਿਹਾ ਜਾਂਦਾ ਹੈ। ਯਾਦ ਰਹੇ ਸਿੱਖ ਧਰਮ ਵਿੱਚ ਇਹ ਦੋਵੇਂ ਇਕੱਠ ਕਿਸੇ ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਵੀ ਨਹੀ ਸਨ। ਸਿੱਖਾਂ ਵਿੱਚ ਦੀਵਾਲੀ ਦੀਵਿਆਂ ਮਠਿਆਈਆਂ ਆਤਿਸ਼ਬਾਜੀ ਦਾ ਤਿਉਹਾਰ ਕਦੇ ਵੀ ਨਹੀ ਸੀ ਜਿਵੇਂ ਕਿ ਅੱਜ ਦਾ ਸਿੱਖ ਇਸ ਦਲਦਲ ਵਿੱਚ ਆਪ ਫਸ ਚੁੱਕਾ ਹੈ ਅਤੇ ਆਪਣੀ ਆਉਣ ਵਾਲੀ ਨਸਲ ਨੂੰ ਵੀ ਫਸਾਈ ਜਾ ਰਿਹਾ ਹੈ। ਗੁਰੁ ਸਾਹਿਬਾਨ ਇਹਨਾਂ ਮੌਕਿਆਂ ਤੇ ਆਉਣ ਵਾਲੀਆਂ ਸਿੱਖ ਸੰਗਤਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਅਤੇ ਉਹਨਾਂ ਦਾ ਹਲ ਕੱਢਦੇ ਸਨ। ਖੈਰ ਅੱਜ ਦਾ ਆਪਣਾ ਵਿਸ਼ਾ ਕੇਵਲ ਦੀਵਾਲੀ ਨੂੰ ਸਮਝਣਾ ਹੈ ਕਿ ਇਸ ਦਾ ਮੂਲ ਰੂਪ ਕੀ ਹੈ। ਦੀਵਾਲੀ ਇੱਕ ਬ੍ਰਹਮਣੀ ਤਿਉਹਾਰ ਹੈ ਅਤੇ ਸਿੱਖ ਵਿਚਾਰਧਾਰਾ ਨਾਲ ਇਸ ਦਾ ਦੂਰ ਦਾ ਵੀ ਵਾਸਤਾ ਨਹੀ। ਮਨੂੰ ਸਿਮਰਤੀ ਮੁਤਾਬਕ ਹਿੰਦੂ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਹੈ। ਚਾਰ ਵਰਣ ਇਹ ਹਨ ਬ੍ਰਹਮਣ, ਖੱਤਰੀ, ਵੈਸ਼, ਅਤੇ ਸੂਦਰ, ਇਹ ਵੰਡ ਵੀ ਇਹਨਾਂ ਦੇ ਮਿਥੇ ਭਗਵਾਨ ਵਲੋਂ ਹੀ ਕੀਤੀ, ਦੱਸੀ ਜਾਦੀ ਹੈ। ਬ੍ਰਹਮਣ ਬਹੁਤ ਚਲਾਕ ਹੈ ਵਧੀਆ ਤਿਉਹਾਰ ਅਤੇ ਸਮਾਂ ਆਪਣੇ ਕੋਲ ਰੱਖ ਲਿਆ ਮਿਹਨਤੀ ਅਤੇ ਹਲਕਾ ਬਾਕੀਆਂ ਕੋਲ ਅਤੇ ਗੰਦਾ ਕੰਮ ਅਖੌਤੀ ਸੂਦਰਾਂ ਦੇ ਜਿੰਮੇ ਲਾਇਆ ਇਥੇ ਹੀ ਬਸ ਨਹੀ ਅਖੌਤੀ ਸੂਦਰਾਂ ਨੂੰ ਤਾਂ ਬਾਕੀਆਂ ਦੇ ਮੁਕਾਬਲੇ ਪੈਰ ਦੀ ਜੁਤੀ ਸਮਝਿਆ ਗਿਆ। ਯਾਦ ਰਹੇ ਬ੍ਰਹਮਣ ਵਲੋ ਇਹਨਾਂ ਚਾਰ ਵਰਨਾਂ ਵਿੱਚ ਫਰਕ ਦਸਣ ਵਾਸਤੇ ਉਪਰੋਕਤ ਤਿੰਨਾਂ ਵਰਣਾਂ ਦੇ ਜਨੇਊ ਪਾਉਣ ਦੇ ਸਮੇ ਉਮਰ, ਮੌਸਮ ਢੰਗ, ਪਹਿਰਾਵੇ ਸਭ ਵੱਖ ਵੱਖ ਨੀਯਤ ਕੀਤੇ ਗਏ। ਬ੍ਰਹਮਣ ਦੀ ਇਸ ਘਟੀਆ ਸੋਚ ਮੁਤਾਬਕ ਇਸਤਰੀ ਅਤੇ ਸੂਦਰ ਜਨੇਊ ਪਾਊਣ ਲਾਇਕ ਨਹੀ ਸਨ। ਚੇਤੇ ਰਹੇ ਜਦੋਂ ਵਰਣ ਕੀਤੀ ਗਈ ਉਸ ਵਖਤ ਸਰੀਰ ਉਪਰ ਕਪੜੇ ਪਾਉਣ ਦਾ ਰਿਵਾਜ਼ ਨਹੀ ਸੀ ਕੇਵਲ ਜਨੇਊ ਤੋ ਹੀ ਪਤਾ ਲਗਦਾ ਸੀ ਕਿ ਇਹ ਮਨੁੱਖ ਕਿਸ ਵਰਣ ਨਾਲ ਸਬੰਧ ਰੱਖਦਾ ਹੈ। ਇਹਨਾਂ ਦੇ ਤਿਉਹਾਰ ਵੀ ਵੱਖਰੇ ਵੱਖਰੇ ਸਨ, ਬ੍ਰਾਹਮਣ ਦਾ ਤਿਊਹਾਰ ਵਿਸਾਖੀ, ਖੱਤਰੀਆਂ ਦਾਂ ਦੁਸਿਹਰਾ, ਬਾਣੀਏ (ਵੈਸ਼) ਇਹਨਾਂ ਦਾ ਤਿਉਹਾਰ ਦੀਵਾਲੀ, ਇਸ ਦਿਨ ਇਹ ਲੋਕ ਲਛਮੀ ਦੀ ਪੂਜਾ ਕਰਦੇ ਹਨ, ਅਤੇ ਵਿਚਾਰੇ ਸੂਦਰਾਂ ਵਾਸਤੇ ਘੱਟਾ ਮਿੱਟੀ ਸਿਰ ਵਿੱਚ ਪਾਊਣ ਲਈ ਹੋਲੀ ਦਾ ਤਿਉਹਾਰ ਦਿੱਤਾ ਗਿਆ। ਇਹਨਾਂ ਤਿਉਹਾਰਾਂ ਨਾਲ ਹੋਰ ਵੀ ਅਨੇਕਾਂ ਮਨਘੜ ਕਹਾਣੀਆਂ ਜੁੜੀਆਂ ਹੋਈਆਂ ਹਨ। ਦੀਵਾਲੀ ਦੀਵੇ ਜਗਾਉਣ ਦਾ ਤਿਉਹਾਰ ਹੈ ਇਸ ਦਾ ਅਰੰਭ ਉਹਨਾਂ ਸਮਿਆਂ ਵਿੱਚ ਕੀਤਾ ਗਿਆ ਜਦੋਂ ਰੌਸਨੀ ਦਾ ਸਾਧਨ ਕੇਵਲ ਦੀਵੇ ਸਨ। ਦੀਵਾਲੀ ਕਿਰਤੀਆਂ ਦਾ ਤਿਉਹਾਰ ਸੀ ਉਹ ਸਾਰਾ ਸਾਲ ਕੰਮ ਕਰਦੇ ਸਨ ਦੀਵਾਲੀ ਦੇ ਨਜ਼ਦੀਕ ਦੁਕਾਨਾਂ ਫੈਕਟਰੀਆਂ ਅਤੇ ਘਰਾਂ ਦੀ ਸਫਾਈ ਕਰਦੇ ਹਨ, ਉਹ ਲੋਕ ਇਸ ਵਿਸ਼ਵਾਸ਼ ਨਾਲ਼ ਸਫਾਈ ਕਰਦੇ ਹਨ, ਕਿ ਦੀਵਾਲੀ ਵਾਲੀ ਰਾਤ ਲਛਮੀ ਮਾਤਾ ਸਾਡੇ ਘਰਾਂ ਵਿੱਚ ਪਰਵੇਸ਼ ਕਰਦੀ ਹੈ, ਕਈ ਵਹਿਮੀ ਲੋਕ ਇਸ ਰਾਤ ਆਪਣੇ ਘਰਾਂ ਦੇ ਦਰਵਾਜੇ ਖੋਲ੍ਹ ਕੇ ਰੱਖਦੇ ਹਨ, ਕਿ ਸਾਇਦ ਦਰਵਾਜਾ ਬੰਦ ਵੇਖ ਲਛਮੀ ਮਾਤਾ ਗਵਾਂਢੀਆਂ ਘਰ ਨਾ ਚਲੀ ਜਾਵੇ। ਉਸ ਦਿਨ ਧੰਨ ਅਤੇ ਚਾਦੀ ਦੇ ਸਿੱਕਿਆਂ ਨਾਲ ਲੱਛਮੀ ਦੇਵੀ ਦੀ ਫੋਟੋ ਜਾਂ ਮੂਰਤੀ ਦੀ ਪੂਜਾ ਕੀਤੀ ਜਾਦੀ ਹੈ। ਇਸ ਦਿਨ ਹਿੰਦੂ ਲੋਕ ਜੂਆ ਵੀ ਖੇਡਦੇ ਹਨ, ਕਿ ਸ਼ਾਇਦ ਬਿਨਾਂ ਮਿਹਨਤ ਕੀਤਿਆਂ ਬਹੁਤਾ ਧੰਨ ਆ ਜਾਵੇ ਅਤੇ ਸਾਰਾ ਸਾਲ ਕੰਮ ਕਰਨ ਦੀ ਲੋੜ ਹੀ ਨਾ ਪਵੇ। ਦੀਵਾਲੀ ਵਾਲੀ ਰਾਤ ਜੂਆ ਖੇਡਣ ਲਈ ਉਤਸ਼ਾਹਿਤ ਸ਼ਿਵ ਪੁਰਾਣ ਵਿੱਚ ਵੀ ਕੀਤਾ ਗਿਆ ਹੈ, ਉਥੇ ਸ਼ਿਵਜੀ ਅਤੇ ਪਾਰਬਤੀ ਨੂੰ ਆਪਸ ਵਿੱਚ ਜੂਆ ਖੇਡਦੇ ਦਿਖਾਇਆ ਗਿਆ, ਰਮਾਇਣ ਅੰਦਰ ਰਾਮ ਅਤੇ ਸੀਤਾ ਨੂੰ ਦੀਵਾਲੀ ਵਾਲੀ ਰਾਤ ਜੂਆ ਖੇਡਦਿਆਂ ਦਿਖਾਇਆ ਗਿਆ ਹੈ। ਅਨੇਕਾਂ ਵਹਿਮਾਂ ਨਾਲ ਇਹ ਵੀ ਵਹਿਮ ਪ੍ਰਚਲਤ ਕੀਤਾ ਗਿਆ ਹੈ ਕਿ ਜਿਹੜਾ ਹਿੰਦੂ ਇਸ ਦਿਨ ਜੂਆ ਨਹੀ ਖੇਡੇਗਾ ਉਹ ਖੋਤੇ ਦੀ ਜੂਨ ਵਿੱਚ ਪਵੇਗਾ ਇਸ ਵਹਿਮ ਦੇ ਕਾਰਣ ਅਨੇਕਾਂ ਲੋਕ ਆਪਣੀ ਆਰਥਿਕ ਲੁੱਟ ਕਰਵਾ ਰਹੇ ਹਨ। ਆਤਿਸ਼ਬਾਜੀ ਦੇ ਕਾਰਣ ਕਈਆਂ ਦੇ ਘਰਾਂ, ਦੁਕਾਨਾਂ ਫੈਕਟਰੀਆਂ ਨੂੰ ਅੱਗਾਂ ਲੱਗ ਜਾਂਦੀਆਂ ਹਨ। ਜਿੰਨਾਂ ਦੇ ਘਰਾਂ ਵਿੱਚ ਲਛਮੀ ਮਾਤਾ ਨੇ ਆਉਣਾ ਸੀ, ਉਹਨਾਂ ਦੇ ਘਰਾਂ ਵਿੱਚੋਂ ਲਛਮੀ ਮਾਤਾ ਖੰਭ ਲਾਕੇ ਉਡ ਜਾਦੀ ਹੈ। ਭਾਰਤ ਅੰਦਰ ਸਭ ਨਾਲੋ ਵੱਧ ਲਛਮੀ ਦੀ ਪੂਜਾ ਕੀਤੀ ਜਾਦੀ ਹੈ ਪਰ ਇਥੇ ਹੀ ਸਭ ਨਾਲੋ ਵੱਧ ਭੁਖ ਅਤੇ ਕੰਗਾਲੀ ਨਾਲ ਲੋਕ ਮਰ ਰਹੇ ਹਨ। ਕਦੀ ਅਸੀ ਸੋਚਿਆ ਹੈ ਕਿ ਸਾਡੇ ਬੱਚੇ ਹਜ਼ਾਰਾਂ ਰੁਪਇਆਂ ਦੇ ਪਟਾਕੇ ਫੂਕ ਦੇਦੇ ਹਨ ਤੇ ਸਾਡੇ ਗੁਵਾਢੀਆਂ ਕੋਲ ਨਾਹੀ ਰੋਟੀ ਖਾਣ ਲਈ ਪੈਸਾ ਅਤੇ ਨਾਹੀ ਬੱਚਿਆਂ ਦੇ ਪਹਿਨਣ ਕਪੜਾ? ਵਾਪਾਰੀ ਲੋਕਾਂ ਦੇ ਘਰਾਂ ਵਿੱਚ ਉਸ ਦਿਨ ਖੁਸੀਆਂ ਮਨਾਈਆਂ ਜਾਦੀਆਂ ਹਨ, ਮਠਿਆਈਆਂ ਤੇ ਹੋਰ ਅਨੇਕਾਂ ਪ੍ਰ੍ਰਕਾਰ ਤੋਹਫੇ ਦਿੱਤੇ ਜਾਦੇ ਹਨ। ਮੁਕਦੀ ਗੱਲ ਵਾਪਾਰੀ ਲੋਕਾਂ ਦੇ ਘਰਾਂ ਵਿੱਚ ਉਸ ਦਿਨ ਲਛਮੀ ਦੇਵੀ ਭਾਗ ਲਾਉਦੀ ਹੈ, ਪਰ ਆਮ ਲੋਕਾਂ ਦੇ ਘਰਾਂ ਵਿੱਚ ਉਸ ਦਿਨ ਦੀਵਾਲੀ ਨਹੀ ਸਗੋਂ ਦਿਵਾਲਾ ਹੁੰਦਾ ਹੈ, ਕਿਉਕੇ ਉਹਨਾਂ ਦੇ ਸ਼ਰਾਬੀ ਅਤੇ ਜੂਆਰੀ ਪਤੀ ਸਭ ਕੁੱਝ ਜੂਏ ਵਿੱਚ ਹਾਰ ਆਉਦੇ ਹਨ, ਜਿਸ ਕਾਰਣ ਕਈ ਪ੍ਰਕਾਰ ਦੀਆਂ ਲੜਾਈਆਂ ਹੁੰਦੀਆਂ ਹਨ, ਜਿਸ ਨਾਲ ਕਈ ਵੱਸਦੇ ਘਰ ਬਰਬਾਦ ਹੋ ਜਾਦੇ ਹਨ, ਅਤੇ ਉਹਨਾਂ ਦਾ ਹੱਸਦਾ ਵੱਸਦਾ ਘਰ ਨਰਕ ਬਣ ਜਾਦਾਂ ਹੈ। ਆਉ ਇਸ ਤਿਉਹਾਰ ਦੇ ਪਿਛੋਕੜ ਨੂੰ ਹੋਰ ਸਮਝਣ ਦਾ ਜਤਨ ਕਰੀਏ ਕਿ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਇਸ ਤਿਉਹਾਰ ਨੂੰ ਆਪਣੇ ਮਿਥੇ ਹੋਏ ਭਗਵਾਨ ਨਾਲ ਕਿਵੇ ਜੋੜਿਆ ਸਮਾਂ ਪਾਕੇ ਇਸ ਤਿਉਹਾਰ ਨਾਲ ਸ੍ਰੀ ਰਾਮ ਚੰਦ੍ਰ ਜੀ ਰਾਹੀਂ ਰਾਵਣ ਨੂੰ ਜਿੱਤਕੇ ਅਯੋਧਿਆ ਵਾਪਸ ਆਉਣ ਦੀ ਘਟਨਾ ਅਖੌਤੀ ਬ੍ਰਾਹਮਣ ਵਲੋਂ ਜੋੜ ਦਿੱਤੀ ਗਈ ਜਿਸ ਦੀ ਖੁਸੀ ਵਿੱਚ ਦੀਪਮਾਲਾ ਮਾਲਾ ਕੀਤੀ ਗਈ ਮੰਨਿਆ ਜਾਦਾ ਹੈ। ਜਿੰਨ੍ਹਾ ਦਾ ਇਹ ਤਿਉਹਾਰ ਹੈ ਉਹ ਜੰਮ ਜੰਮ ਮਨਾਉਣ ਸਾਨੂੰ ਕੋਈ ਇਤਰਾਜ਼ ਨਹੀ। ਪਰ ਸਿੱਖ ਇਸ ਅਖੌਤੀ ਤਿਉਹਾਰ ਨੂੰ ਆਪਣਾ ਸਮਝ ਕਿ ਖੁਸੀਆਂ ਨਾਲ ਮਨਾਉਣ ਇਸ ਬਾਰੇ ਗੁਰੂ ਸਾਹਿਬਾਨ ਨੂੰ ਪੁਛਣਾ ਪਵੇਗਾ? ਗੁਰਦੇਵ ਫੁਰਮਾਉਦ:
“ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ (ਪੰਨਾ 423) ਨਾਨਕ ਨਿਰਭਊ ਨਿਰੰਕਾਰ ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨ ਕਹਾਣੀਆ ਕੇਤੇ ਬੇਦ ਬੀਚਾਰ॥ (ਪੰਨਾ 464)
ਗੁਰੁ ਸਾਹਿਬਾਨ ਤਾਂ ਫੁਰਮਾਉਦੇ ਹਨ ਇਹ ਆਪਣੇ ਸਮੇ ਦੇ ਰਾਜੇ ਹੋਏ ਹਨ ਪਰ ਬ੍ਰਾਹਮਣ ਦੀ ਚਲਾਕੀ ਨੇ ਇਹਨਾਂ ਨੂੰ ਭਗਵਾਨ ਬਣਾਕੇ ਲੋਕਾਂ ਸਾਮਣ੍ਹੇ ਪੇਸ ਕੀਤਾ। ਸਾਡੇ ਕੁੱਝ ਅਖੌਤੀ ਲਿਖਾਰੀਆਂ ਵਲੋਂ ਇਸ ਦੀਵਾਲੀ ਨੂੰ ਸਿੱਖ ਧਰਮ ਨਾਲ ਵੀ ਜੋੜਿਆ ਜਾਦਾ ਹੈ, ਉਹਨਾਂ ਵਲੋਂ ਇਹ ਪ੍ਰਚਾਰ ਕੀਤਾ ਜਾਦਾ ਹੈ, ਕਿ ਛੇਵੈਂ ਪਾਤਸਾਹ ਗਵਾਲੀਅਰ ਕਿਲੇ ਦੀ ਕੈਦ ਵਿੱਚੋ ਦੀਵਾਲੀ ਵਾਲੇ ਦਿਨ ਰਿਹਾ ਹੋਕੇ ਆਏ ਸਨ ਇਸ ਖੁਸੀ ਕਾਰਣ ਸਿੱਖਾਂ ਵਿੱਚ ਦੀਵਾਲੀ ਮਨਾਉਣ ਦੀ ਪਿਰਤ ਪੈ ਗਈ, ਪਰ ਇਹ ਗਲ ਸਚਾਈ ਤੋਂ ਬਹੁਤ ਦੂਰ ਹੈ। ਕਿਉ ਕਿ ਗੁਰੁ ਜੀ ਅਗਸਤ ਦੇ ਮਹੀਨੇ ਸੰਨ 1621 ਗਵਾਲੀਅਰ ਦੀ ਜੇਲ ਵਿੱਚੋਂ 52 ਰਾਜਿਆਂ ਸਮੇਤ ਬਾਹਰ ਆਏ ਸਨ, ਪਰ ਸੁਆਰਥੀ ਲਿਖਾਰੀਆਂ ਨੇ ਇਸ ਨੂੰ ਦੀਵਾਲੀ ਨਾਲ ਜੋੜ ਦਿੱਤਾ, ਮੰਨ ਲਵੋ ਜੇ ਇਹ ਗੱਲ ਸੱਚ ਵੀ ਹੋਵੇ ਤਾਂ ਗੁਰੁ ਜੀ ਨੇ ਇਹ ਤਾਂ ਨਹੀ ਸੀ ਕਿਹਾ ਕਿ ਤੁਸੀ ਹਜ਼ਾਰਾਂ ਲੱਖਾਂ ਰੁਪਇਆਂ ਦੀ ਆਤਿਸ਼ਬਾਜੀ ਚਲਾਉ ਅਤੇ ਲੋਕਾਂ ਦੇ ਘਰਾਂ ਫੈਕਟਰੀਆਂ ਨੂੰ ਅੱਗਾਂ ਲਾਕੇ ਲੋਕਾਂ ਨੂੰ ਘਰੋਂ ਬੇਘਰ ਕਰ ਦਿਉ। ਗੁਰੂ ਹਰਿਗੋਬਿੰਦ ਸਾਹਿਬ ਤੋਂ ਪਹਿਲਾਂ ਗੁਰੁ ਨਾਨਕ ਸਾਹਿਬ ਜੀ ਬਾਬਰ ਦੀ ਜੇਲ ਵਿੱਚੋਂ ਬਾਹਰ ਆਏ ਸਨ, ਪਰ ਉਹ੍ਹਨਾਂ ਦੇ ਬਾਹਰ ਆਉਣ ਦੀ ਖੁਸੀ ਵਿੱਚ ਕਿਸੇ ਨੇ ਵੀ ਅਜਿਹਾ ਦਿਨ ਕਿਉ ਨਾਂ ਮਨਾਇਆ? ਸਾਡੇ ਅਖੋਤੀ ਸਾਧਾਂ ਪ੍ਰਚਾਰਕਾਂ ਰਾਗੀਆਂ ਅਤੇ ਹੋਰ ਧਾਰਮਿਕ ਸ੍ਰੇਣੀ ਵਲੋਂ ਇਹ ਪਰਚਾਰ ਪੱਬਾਂ ਦੇ ਜ਼ੋਰ ਨਾਲ ਕੀਤਾ ਜਾ ਰਿਹਾ ਹੈ, ਕਿ ਦੀਵਾਲੀ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ, ਇਸ ਗੱਲ ਦਾ ਬਾਰ ਬਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਦਾਲ ਰੋਟੀ ਘਰ ਦੀ ਦੀਵਾਲੀ ਅਬਰਸਰ ਦੀ, ਕਈ ਰਾਗੀਆਂ ਵਲੋਂ ਭਾਈ ਗੁਰਦਾਸ ਜੀ ਦੀ ਪਾਉੜੀ, ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ, ਦਾ ਆਸਰਾ ਲੈ ਕਿ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਾਉੜੀ ਦੀ ਪਹਿਲੀ ਤੁਕ ਨੂੰ ਅਸਥਾਈ ਬਣਾਕੇ ਪਾਉੜੀ ਦੇ ਸਹੀ ਅਰਥਾਂ ਤੋਂ ਸੰਗਤਾਂ ਨੂੰ ਕ੍ਹੋਹਾਂ ਦੂਰ ਰੱਖਿਆ ਜਾ ਰਿਹਾ ਹੈ। ਇਹ ਉਨਵੀ ਵਾਰ ਛੇਵੀ ਪਾਉੜੀ ਹੈ ਇਸ ਵਿੱਚ ਭਾਈ ਸਾਹਿਬ ਜੀ ਫੁਰਮਾਉਦੇ (1) ਦੀਵਾਲੀ ਦੀ ਰਾਤ ਨੂੰ ਲੋਕ ਘਰੋ ਘਰੀ ਦੀਵੇ ਬਾਲ ਦੇ ਹਨ ਪਰ ਉਹ ਥੋੜੇ ਚਿਰ ਮਗਰੋ ਇਹ ਦੀਪਮਾਲਾ ਗੁੰਮ ਹੋ ਜਾਦੀ ਹੈ। (2) ਰਾਤ ਨੂੰ ਤਾਰੇ ਵੱਡੇ ਛੋਟੇ ਅਕਾਸ਼ ਵਿਖੇ ਚਮਕਦੇ ਹਨ ਪਰ ਦਿਨੇ ਉਹਨਾਂ ਦਾ ਖੁਰਾ ਖੋਜ ਨਹੀ ਦਿਸਦਾ। (3) ਫੁਲਾਂ ਦੀਆਂ ਬਗੀਚੀਆਂ ਕੁੱਝ ਚਿਰ ਅਚਰਜ ਖਿੜਦੀਆਂ ਹਨ ਪਰ ਫੁਲ ਤੋੜਣ ਤੋ ਬਾਅਦ ਬਗੀਚੀਆਂ ਦਾ ਉਹ ਸੁਹੱਪਣ ਕਾਈਮ ਨਹੀ ਰਹਿੰਦਾ। (4) ਬਹੁਤ ਟੋਲੀਆਂ ਬ੍ਹੰਨ ਬ੍ਹੰਨ ਯਾਤਰੀ ਤੀਰਥਾਂ ਤੇ ਜਾਂਦੇ ਹਨ ਪਰ ਕੁੱਝ ਸਮੇ ਬਾਅਦ ਸਾਰੇ ਯਾਤਰੂ ਆਪਣੇ ਆਪਣੇ ਘਰਾਂ ਨੂੰ ਆ ਜਾਦੇ ਹਨ, ਅਤੇ ਉਹ ਅਸਥਾਨ ਤੇ ਫਿਰ ਸੁੰਨ ਪਈ ਰਹਿੰਦੀ ਹੈ। (ੑੑੑ5) ਹਰੀ ਚੰਦ ਇੱਕ ਰਾਜਾ ਮੰਨਿਆ ਗਿਆ ਹੈ ਜਿਸ ਦੀ ਧਰਤੀ ਅਤੇ ਅਕਾਸ਼ ਦੇ ਵਿਚਕਾਰ ਇੱਕ ਵੱਖਰੀ ਨਗਰੀ ਮੰਨੀ ਗਈ ਹੈ ਜਿਸ ਦਾ ਨਾਮ ਹਰਿਚੰਦਉਰੀ ਮੰੀਨਆ ਜਾਦਾ ਹੈ, ਜੋ ਕੇਵਲ ਕਹਿਣ ਮਾਤਰ ਹੀ ਹੈ ਪਰ ਵਾਸ਼ਤਵ ਵਿੱਚ ਉਸ ਦਾ ਕਿਤੇ ਵਜੂਦ ਨਹੀ ਹੈ। (6) ਜੋ ਗੁਰਮੁਖਿ ਹਨ ਉਹਨਾਂ ਨੂੰ ਸੁੱਖਾਂ ਦੇ ਫਲ ਦੀ ਦਾਤ ਮਿਲੀ ਹੋਈ ਹੈ ਕਿਉ ਉਹ ਗੁਰੁ ਸ਼ਬਦ ਦੀ ਸੰਮ੍ਹਾਲ ਕਰਦੇ ਹਨ। ਪਾਉੜੀ ਦਾ ਮੂਲ ਪਾਠ ਇਹ ਹੈ
(1) ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
(2) ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ। (3) ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ। (4) ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ। (5) ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ। (6) ਗੁਰਮੁਖਿ ਸੁਖ ਫਲ ਦਾਤਿ ਸ਼ਬਦਿ ਸਮ੍ਹਾਲੀਅਨਿ।
ਭਾਈ ਸਾਹਿਬ ਜੀ ਦੀਆਂ ਪਾਉੜੀਆਂ ਦਾ ਸਾਰ ਅੰਸ ਹਮੇਸਾ ਪਾਉੜੀ ਦੀਆਂ ਆਖੀਰਲੀਆਂ ਤੁਕਾ ਵਿੱਚ ਹੁੰਦਾ ਹੈ। ਇਸ ਪਾਉੜੀ ਅੰਦਰ ਭਾਈ ਸਾਹਿਬ ਉਪਰਲੀ ਪੰਕਤੀ ਅੰਦਰ ਉਦਾਰਣ ਦੇ ਰਹੇ ਹਨ।, ਕਿ ਜਿਵੇਂ ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਵਿੱਚ ਦੀਪਮਾਲਾ ਕਰਦੇ ਹਨ, ਪਰ ਉਹਨਾਂ ਦੀਵਿਆਂ ਦੀ ਰੋਸਨੀ ਕੇਵਲ ਉਨੀ ਦੇਰ ਹੀ ਹੁੰਦੀ ਹੈ ਜਿੰਨਾ ਚਿਰ ਦੀਵਿਆਂ ਵਿੱਚ ਤੇਲ ਹੁੰਦਾ ਹੈ। ਕਹਿਣ ਤੋਂ ਭਾਵ ਇਹ ਰੋਸਨੀ ਥੋੜ ਚਿਰੀ ਹੈ, ਅਖੀਰਲ਼ੀ ਪੰਕਤੀ ਅੰਦਰ ਭਾਈ ਜੀ ਫੁਰਮਾਓਦੇ ਹਨ ਕਿ ਗੁਰਮੁਖਿ ਵਿਅਕਤੀ ਗੁਰੂ ਦੇ ਗਿਆਨ ਦੁਆਰਾ ਆਪਣੇ ਅੰਦਰ ਸਦਾ ਰਹਿਣ ਵਾਲੇ ਸੁਖ ਨੂੰ ਪੈਦਾ ਕਰ ਲੈਦਾਂ ਹੈ। ਪਰ ਗੁਰਮਤਿ ਸਿਧਾਂਤ ਦੀ ਸਮਝ ਤੋਂ ਵਿਹੂਣੇ ਕੁੱਝ ਰਾਗੀਆਂ ਨੇ ਇਸ ਪਾਉੜੀ ਦੀ ਪਹਿਲੀ ਤੁਕ ਨੂੰ ਬਾਰ ਬਾਰ ਪੜ ਕੇ ਸੰਗਤਾਂ ਨੂੰ ਅਨਮਤੀ ਤਿਉਹਾਰਾਂ ਨਾਲ ਜੋੜਣ ਲਈ ਆਪਣੇ ਹੁਨਰ ਰਾਹੀਂ ਇਸ ਸੇਵਾ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ। ਦਰਬਾਰ ਸਾਹਿਬ ਅੰਦਰ ਵੈਸੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਕੀਰਤਨ ਹੁੰਦਾ ਹੈ, ਪਰ ਜਿਸ ਦਿਨ ਦੀਵਾਲੀ ਹੁੰਦੀ ਹੈ, ਉਸ ਦਿਨ ਸ਼ਾਮ ਨੂੰ ਵੇਲੇ ਸਿਰ ਹੀ ਕੀਰਤਨ ਦੀ ਸਮਾਪਤੀ ਕਰ ਦਿੱਤੀ ਜਾਦੀ ਹੈ। ਇਸ ਦਾ ਮਤਬਲ ਇਹ ਹੋਇਆ ਗੁਰਬਾਣੀ ਦੇ ਕੀਰਤਨ ਨਾਲੋ ਵੀ ਆਤਿਸ਼ਬਾਜੀ ਜਿਆਦਾ ਜਰੂਰੀ ਹੈ। ਜਿਸ ਸਰੋਵਰ ਦੇ ਜਲ ਨੂੰ ਨਾਮਧਰੀਕ ਪ੍ਰਚਾਰਕਾਂ ਵਲੋਂ ਅੰਮ੍ਰਿਤ ਕਹਿ ਕਹਿ ਪ੍ਰਚਾਰਿਆ ਜਾ ਰਿਹਾ ਹੈ, ਉਸੇ ਦੇ ਜਲ ਨੂੰ ਆਤਿਸ਼ਬਾਜੀ ਦੇ ਨਾਲ ਫਿਰ ਗੰਦਾ ਕੀਤਾ ਜਾਦਾ ਹੈ। ਕੀ ਗੁਰੂ ਸਾਹਿਬ ਜੀ ਨੇ ਸਾਨੂੰ ਅਜਿਹੇ ਅਨਮਤੀ ਤਿਉਹਾਰਾਂ ਨਾਲ ਜੋੜਿਆ ਸੀ ਜਰਾ ਸੋਚਣ ਦੀ ਲੋੜ ਹੈ। ਜਿੰਨਾ ਪੈਸਾ ਇਸ ਤਰਾਂ ਬਰਬਾਦ ਕੀਤਾ ਜਾਦਾ ਹੈ, ਇਹੋ ਪੈਸਾ ਗਰੀਬ ਬੱਚਿਆਂ ਦੀ ਪੜਾਈ ਤੇ ਵੀ ਖਰਚ ਕੀਤਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਫੁਰਮਾਉਦੇ ਹਨ, ਜੇ ਮਾਂ ਹੀ ਪੁੱਤਰ ਨੂੰ ਜਹਿਰ ਦੇਵੇ ਤਾਂ ਉਸ ਨੂੰ ਪਿਆਰ ਕਿਸ ਕਰਨਾ ਹੈ? ਜੇ ਪਹਿਰੇਦਾਰ ਹੀ ਘਰ ਲੁੱਟ ਲਵੇ ਤਾਂ ਦਸੋ ਉਸ ਦੀ ਰਖਵਾਲੀ ਕਿਵੇ ਹੋ ਸਕਦੀ ਹੈ? ਮਲਾਹ ਹੀ ਜੇ ਬੇੜੀ ਨੂੰ ਡੋਬ ਦੇਵੇ ਤਾਂ ਦਸੋ ਪਾਰਲਾ ਕੰਢਾ ਕਿਵੇ ਪਾ ਸਕੀਦਾ ਹੈ? ਜੇ ਅਗਵਾਈ ਕਰਨ ਹੀ ਰਾਹ ਵਿੱਚ ਠੱਗੀ ਮਾਰੇ ਤਾਂ ਦੀਨ ਹੋ ਕੇ ਕਿਸ ਕੋਲ ਪੁਕਾਰ ਕਰੀਏ? ਜੇ ਖੇਤੀ ਨੂੰ ਵਾੜ ਹੀ ਖਾ ਜਾਏ ਤਾਂ ਕਿਹੜਾ ਰਾਖੀ ਕਰਨ ਵਾਲਾ ਆਵੇਗਾ? ਜੇ ਬਾਦਸ਼ਾਹ ਹੀ ਬੇਇਨਸਾਫੀ ਕਰੇ ਤਾਂ ਗਵਾਹ ਨੂੰ ਕਿਸ ਪੁਛਣਾ ਹੈ? ਰੋਗੀ ਨੂੰ ਜੇ ਵੈਦ ਹੀ ਮਾਰ ਦੇਵੇ ਜੇ ਮਿੱਤਰ ਹੀ ਧ੍ਰੋਹ ਕਮਾਵੇ ਤਾਂ ਭਰੋਸਾ ਕਿਸ ਤੇ ਕੀਤਾ ਜਾ ਸਕਦਾ ਹੈ? ਅਤੇ ਜੇ ਗੁਰੁ ਹੀ ਮੁਕਤੀ ਨਾ ਦੇਵੇ ਭਾਵ ਜੇ ਗੁਰੂ ਹੀ ਬੁਰਾਈਆਂ ਤੋਂ ਨਾ ਬਚਾਏ ਤਾਂ ਮੁਕਤੀ ਦੀ ਆਸ ਕਿਸ ਕੋਲੋ ਰੱਖੀ ਜਾ ਸਕਦੀ?
ਜਨਨੀ ਸੁਤਹਿ ਬਿਖੁ ਦੇਤ ਹੇਤੁ ਕਉਨ ਰਾਖੈ, ਘਰੁ ਮੁਸੈ ਪਾਹਰੂਆ ਕਹੋ ਕੈਸੇ ਰਾਖੀਐ।
ਕਰੀਆ ਜਉ ਬੋਰੈ ਨਾਵ ਕਹੋ ਕੈਸੇ ਪਾਵੈ ਪਾਰੁ, ਅਗੂਆ ਊਬਾਟ ਪਾਰੈ ਕਾਪੈ ਦੀਨੁ ਭਾਖੀਐ। )
ਖੈਤੇ ਜਉ ਖਾਇ ਬਾਰਿ ਕਉਨ ਧਾਇ ਰਾਖਨਹਾਰੁ, ਚਕ੍ਰਵੈ ਕਰੈ ਅਨਿਆਉ ਪੂਛੈ ਕਉਨੁ ਸਾਖੀਐ।
ਰੋਗੀਐ ਜਉ ਬੈਦੁ ਮਾਰੈ ਮਿਤ੍ਰ ਜਉ ਕਮਾਵੈ ਦ੍ਰੋਹੁ, ਗੁਰ ਨ ਮੁਕਤੁ ਕਾ ਪੈ ਅਭਲਾਖੀਐ॥ 221॥

ਇਸ ਪੂਰੇ ਕਬਿਤ ਦਾ ਭਾਵ ਇਹੋ ਹੀ ਨਿਕਲਦਾ ਹੈ ਕਿ ਜੇ ਕੌਮ ਦਾ ਆਗੂ ਹੀ ਅੰਨ੍ਹਾ ਹੋਵੇ ਉਸ ਕੌਮ ਨੂੰ ਰਸਾਤਲ ਵਲੋ ਕੋਈ ਨਹੀ ਬਚਾ ਸਕਦਾ। ਇਸ ਲਈ ਸਾਨੂੰ ਆਪਣਾ ਆਗੂ ਕੋਈ ਮਨੁਖ ਨਹੀ ਸਗੋਂ ਗੁਰੁ ਨੂੰ ਬਨਾਉਣ ਦੀ ਲੋੜ ਹੈ। ਗੁਰੁ ਜੀ ਫੁਰਮਾਉਦੇ ਹਨ ਹੇ ਅਕਾਲ ਪੁਰਖ ਜੀ ਮੇਰੇ ਵਾਸਤੇ ਤੁਹਾਡਾ ਨਾਮ ਦੀਵਾ ਹੈ ਅਤੇ ਆਪਣੇ ਦੁਖਾਂ ਨੂੰ ਮੈਂ ਤੇਲ ਬਣਾਇਆ ਹੋਇਆ ਹੈ। ਹੁਣ ਜਿਉ ਜਿਉ ਗੁਰੁ ਗਿਆਨ ਦੇ ਦੁਆਰਾ ਰੋਸਨੀ ਹੁੰਦੀ ਹੈ, ਭਾਵ ਸੂਝ ਆਉਦੀ ਮੇਰਾ ਦੁਖਾਂ ਰੂਪੀ ਤੇਲ ਸੜਦਾ ਜਾਦਾ ਹੈ ਮੇਰਾ ਹੁਣ ਬੁਰਾਈਆਂ ਨਾਲੋ ਸਦਾ ਵਾਸਤੇ ਨਾਤਾ ਤੁੱਟ ਗਿਆ ਹੈ। ਆਉ ਆਪਾ ਵੀ ਅਨਮਤੀ ਤਿਉਹਾਰ ਤਿਆਗ ਕੇ ਆਪਣੇ ਅੰਦਰ ਨਾਮ ਦੇ ਦੀਵੇ ਜਗਾਈਏ ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ (358)




.