.

ਅਰਦਾਸ ਕਿਸ ਅੱਗੇ

ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ, ਸਿਖ, ਅਰਦਾਸ ਗੁਰੂ ਅਗੇ ਹੀ ਕਰਦੇ ਸਨ।

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ ਪੰਨਾ ੫੧੯

(ਗੁਰੂ ਜੀ ਕਹ ਰਹੇ ਹਨ ਜੋ ਅੰਦਰਿ ਦੀ ਦੁਖ ਪੀੜਾ ਹੈ, ਤੂੰ ਗੁਰੂ ਅਗੇ ਅਰਦਾਸ ਕਰ।)

ਹਰ ਗੁਰਸਿਖ ਨੂੰ ਅਪਨੇ ਅੰਦਰ ਦੀ ਪੀੜਾ ਦਾ ਆਪ ਹੀ ਪਤਾ ਹੈ ਇਸ ਲਈ ਅਰਦਾਸ ਆਪ ਹੀ ਕਰਨੀਂ ਚਾਹੀਦੀ ਹੈ। ਜੋ ਗੁਰਸਿਖ ਪਾਠ ਕਰਦਾ ਹੈ, ਕੀਰਤਨ ਸੁਣਦਾ ਹੈ, ਨਾਮ ਜਪਦਾ ਹੈ ਉਸ ਦੇ ਅੰਦਰਿ ਗੁਰੂ ਵਸਦਾ ਹੈ। ਅਰਦਾਸ, ਬੇਨਤੀ ਵਿੱਚ ਧਿਆਨ ਰਖ ਕੇ, ਅਰਦਾਸ ਕਰੀਏ ਤਾਂ ਗੁਰੂ ਚਰਣਾਂ ਵਿੱਚ ਪਹੁੰਚਦੀ ਹੈ ਤੇ ਐਸੀ ਅਰਦਾਸ ਗੁਰੂ ਜੀ ਸੁਣਦੇ ਹਨ। ਸਾਡੇ ਦੁਖ ਸੁਖ ਸਾਡੇ ਭਾਗ ਹਨ। ਗੁਰੂ ਜੀ ਨੂੰ ਭਾਵੇ ਤਾਂ ਨਦਰ ਕਰਮ ਬਖਸ਼ੀਸ਼ ਕਰ ਕੇ ਭਾਗ ਬਦਲ ਦਿੰਦੇ ਹਨ। ਆਪਣੇ ਬੱਚੇ ਜਾਂ, ਰਿਸ਼ਤੇਦਾਰ ਜਾਂ ਮਿਤ੍ਰ ਲਈ ਅਰਦਾਸ ਗੁਰਸਿਖ ਕਿਤੇ ਬੈਠਾ ਵੀ ਕਰ ਸਕਦਾ ਹੈ।

ਅਜਕਲ ਗ੍ਰੰਥੀ ਨੂੰ ਗੁਰਸਿਖ ਅਰਦਾਸ ਭੇਟ ਦਿੰਦੇ ਹਨ। ਐਸੀ ਮਾਇਆ ਦੀ ਅਰਦਾਸ ਧੰਦਾ ਹੈ।

ਗੁਰੂ ਅਗੇ ਅਰਦਾਸ ਪਾਰਬ੍ਰਹਮ ਅਗੇ ਵੀ ਅਰਦਾਸ ਹੈ। ਗੁਰੂ ਅਗੇ ਅਰਦਾਸ ਗੁਰਸਿਖ ਦੀ ਭਗਤੀ ਵੀ ਹੈ। ਗੁਰੂ ਨੂੰ ਧੰਨ ਕਹਨਾ ਗੁਰਸਿਖ ਦੀ ਭਗਤੀ ਹੈ।

ਗੁਰਦੇਵ ਸਤਿਗੁਰ ਪਾਰਬ੍ਰਹਮੁ ਪਰਮੇਸਰ ਗੁਰਦੇਵ ਨਾਨਕ ਹਰਿ ਨਮਸਕਰਾ॥ ਪੰਨਾ ੨੫੦

ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ॥ ਪੰਨਾ ੮੦੦

ਧੰਨੁ ਧੰਨੁ ਗੁਰੁ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ੳਪਦੇਸੁ ਦੇ ਕੀਏ ਸਿਆਣੇ॥ ਪੰਨਾ ੧੬੮

ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ॥ ਪੰਨਾ ੭੧੦

ਨਵੀਂ ਅਰਦਾਸ ਦਾ ਖਰੜਾ

ਦੁਇ ਕਰ ਜੋੜਿ ਕਰਉ ਅਰਦਾਸਿ॥ ਤੁਧੁ ਭਾਵੈ ਤਾ ਆਣਹਿ ਰਾਸਿ॥

ਕਰਿ ਕਿਰਪਾ ਅਪਨੀ ਭਗਤੀ ਲਾਏ॥ ਜਨ ਨਾਨਕ ਪ੍ਰਭੁ ਸਦਾ ਧਿਆਇ॥ ਪੰਨਾ ੭੩੭

ਧੰਨੁ ਧੰਨੁ ਗੁਰੂ ਨਾਨਕ ਦੇਵ ਜੀ। ਧੰਨੁ ਗੁਰੂ ਅੰਗਦ ਦੇਵ ਜੀ। ਧੰਨੁ ਗੁਰੂ ਅਮਰਦਾਸ ਜੀ।

ਧੰਨੁ ਗੁਰੂ ਰਾਮਦਾਸ ਜੀ। ਧੰਨੁ ਗੁਰੂ ਅਰਜਨ ਦੇਵ ਜੀ। ਧੰਨੁ ਗੁਰੂ ਹਰਿ ਗੋਬਿੰਦ ਜੀ।

ਧੰਨੁ ਗੁਰੂ ਹਰਿ ਰਾਇ ਜੀ। ਧੰਨੁ ਗੁਰੂ ਹਰਿ ਕ੍ਰਿਸ਼ਨ ਜੀ। ਧੰਨੁ ਗੁਰੂ ਤੇਗ ਬਹਾਦਰ ਜੀ।

ਧੰਨ ਗੁਰੂ ਗੋਬਿੰਦ ਸਿੰਘ ਜੀ।

ਦਸਾਂ ਪਾਤਸ਼ਾਹੀਆਂ ਦੇ ਸਬਦ, ਬਾਣੀ ਸਰੂਪ, ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਜੀ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰਾ ਗੁਰੂ ਗਰੀਬ ਨਿਵਾਜ ਜੀ ਆਪ ਜੀ ਅਗੇ ਅਰਦਾਸ ਬੇਨਤੀ ਹੈ --- (ਜੋ ਬੇਨਤੀ ਹੈ ਰਸਨਾ ਨਾਲ ਜਾਂ ਮਨ ਵਿੱਚ ਬੋਲੋ-)।

- ਸੇਈ ਗੁਰਮੁਖ ਪਿਆਰੇ ਮੇਲੋ ਜਿਨਾਂ ਡਿਠਿਆਂ ਆਪ ਜੀ ਦਾ ਨਾਮ ਚਿਤ ਆਵੇ। ਅਖਰ ਵਾਧਾ ਘਾਟਾ, ਭੁਲ਼ ਚੁਕ ਮਾਫ ਕਰਨੀ।

ਆਪ ਜੀ ਦੇ ਭਾਣੇ ਸਰਬਤ ਦਾ ਭਲਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।

ਜੇ ਅਰਦਾਸ ਸੰਗਤਿ ਵਿੱਚ ਹੋ ਰਹੀ ਹੈ ਤਾਂ ਕਹੋ,

ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ।

ਅਰਦਾਸ ਸਵੇਰ, ਸ਼ਾਮ, ਗੁਰਦੁਆਰਿਆਂ ਵਿੱਚ ਦੀਵਾਨ ਸਮਾਪਤੀ ਵੇਲੇ ਕੀਤੀ ਜਾਂਦੀ ਹੈ, ਗੁਰੂ ਸਾਹਿਬਾਨ ਦੇ ਜਨਮ ਦਿਹਾੜਿਆਂ ਤੇ ਹੋਰ ਸਮਾਗਮਾਂ ਤੇ ਕੀਤੀ ਜਾਂਦੀ ਹੈ, ਘਰਾਂ ਵਿੱਚ ਕਾਰਜਾਂ ਦੀ ਸਫਲਤਾ ਲਈ ਕੀਤੀ ਜਾਂਦੀ ਹੈ। ਇਹਨਾਂ ਸਮਿਆਂ ਤੇ ਲੋੜ ਅਨੁਸਾਰ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ।

Dr Gurmukh Singh, B6/58, SafdarJang Enclave, New Delhi 110029

Tel 26102376




.