.

ਰਹਿਤ ਮਰਯਾਦਾ ਦਾ ਆਧਾਰ

ਹਾਕਮ ਸਿੰਘ

ਸਿੱਖ ਰਹਿਤ ਮਰਯਾਦਾ ਗੁਰਮਤਿ ਦੇ ਸੰਚਾਰ ਵਿੱਚ ਸੁਵਿਧਾ ਲਈ ਮਿਥੀਆਂ ਪੂਜਾ ਪਾਠ ਦੀਆਂ ਵਿਧੀਆਂ, ਸਮਾਜਕ ਰਸਮਾਂ, ਪਰਵਾਰਕ ਸਬੰਧਾਂ, ਸਰੀਰਕ ਸੰਭਾਲ ਦੇ ਨਿਰਦੇਸ਼ਾਂ, ਅਤੇ ਵਰਜਤ ਕਿਰਿਆਵਾਂ ਦੇ ਨਿਯਮਾਂ ਦੀ ਸੂਚੀ ਹੈ। ਰਹਿਤ ਮਰਯਾਦਾ ਗੁਰਮਤਿ ਸੰਚਾਰ ਦੇ ਮਾਧਿਅਮ ਦਾ ਅੰਗ ਹੈ, ਗੁਰਮਤਿ ਨਹੀਂ ਹੈ। ਇਸ ਨੂੰ ਗੁਰਮਤਿ ਦੀ ਕਰਮ-ਵਿਧੀ ਜਾਂ ਕਰਮਕਾਂਡ ਆਖਿਆ ਜਾ ਸਕਦਾ ਹੈ। ਭਾਵੇਂ ਕਰਮਕਾਂਡ ਸ਼ਬਦ ਅਜੋਕੇ ਸਿੱਖ ਜਗਤ ਵਿੱਚ ਅਪਮਾਨਜਨਕ ਬਣ ਚੁੱਕਾ ਹੈ, ਪਰ ਜੋ ਯੋਗ ਸਮਝੇ ਗਏ ਕਰਮ ਪੂਰਨ ਸ਼ਰਧਾ, ਨਿਸ਼ਕਾਮ ਬਿਰਤੀ ਅਤੇ ਨਿਰਮਲ ਹਿਰਦੇ ਨਾਲ ਕੀਤੇ ਜਾਣ ਉਹ ਗੁਰਮਤਿ ਗਾਡੀ ਰਾਹ ਦੇ ਪੈਂਡੇ ਵਿੱਚ ਸਹਾਇਕ ਹੁੰਦੇ ਹਨ। ਸਵਾਰਥ ਹਿਤ ਕੀਤੇ ਕਰਮ ਭੇਖ ਹੁੰਦੇ ਹਨ।

ਰਹਿਤ ਮਰਯਾਦਾ ਨੁੰ ਕਿਸੇ ਸੰਸਥਾ ਲਈ ਬਣਾਏ ਨਿਯਮਾਂ ਨਾਲ ਤੁਲਣਾ ਦਿੱਤੀ ਜਾ ਸਕਦੀ ਹੈ। ਜਿਵੇਂ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਖਿਆ ਦੇਣ ਲਈ ਅਨੁਸ਼ਾਸਨ ਜ਼ਰੂਰੀ ਹੈ, ਇਸੇ ਤਰ੍ਹਾਂ ਗੁਰਮਤਿ ਜੀਵਨ ਜਾਚ ਸਿੱਖਣ ਅਤੇ ਗੁਰਮਤਿ ਅਨੁਸਾਰ ਜੀਵਨ ਢਾਲਣ ਲਈ ਸ਼ਰਧਾਲੂਆਂ ਨੂੰ ਰਹਿਤ ਮਰਯਾਦਾ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅਨੁਸ਼ਾਸਨ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਰਹਿਤ ਮਰਯਾਦਾ ਗੁਰਮਤਿ ਗਿਆਨ ਹੁੰਦੀ ਹੈ। ਰਹਿਤ ਮਰਯਾਦਾ ਗੁਰਬਾਣੀ ਦਾ ਭਾਗ ਨਹੀਂ ਹੈ। ਇਹ ਗੁਰਮਤਿ ਜੀਵਨ ਧਾਰਨ ਕਰਨ ਹਿਤ ਸ਼ਰਧਾਲੂਆਂ ਨੂੰ ਸਿੱਖ ਸੇਵਕਾਂ ਦੀ ਨਸੀਹਤ ਹੈ। ਇਹ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਰੂਪ ਰੇਖਾ ਹੈ ਅਤੇ ਸਿੱਖ ਸਮਾਜ ਦੀ ਏਕਤਾ ਅਤੇ ਨਿਵੇਕਲੇਪਣ ਦਾ ਆਧਾਰ ਹੈ। ਰਹਿਤ ਮਰਯਾਦਾ ਵਿੱਚ ਪਰੀਵਰਤਨ ਅਤੇ ਸੋਧ ਦੀ ਵਿਵਸਥਾ ਹੁੰਦੀ ਹੈ।

ਗੁਰਮਤਿ ਅਧਿਆਤਮਕ ਗਿਆਨ ਹੈ। ਅਧਿਆਤਮਕ ਗਿਆਨ ਸੰਸਾਰਕ, ਸਮਾਜਕ, ਵਿਗਿਆਨਕ ਜਾਂ ਪਦਾਰਥਕ ਗਿਆਨ ਨਹੀਂ ਹੁੰਦਾ। ਅਧਿਆਤਮਕਤਾ ਕੋਈ ਬੌਧਕ ਕਿਰਿਆ ਵੀ ਨਹੀਂ ਹੁੰਦੀ| ਅਧਿਆਤਮਕ ਗਿਆਨ ਤੇ ਸੰਸਾਰਕ ਗਿਆਨ ਵਿੱਚ ਮੂਲ ਅੰਤਰ ਹੈ| ਅਧਿਆਤਮਕ ਗਿਆਨ ਪ੍ਰਭੂ ਪਰਮ-ਆਤਮਾ ਦੀ ਸੂਝ ਬਖਸ ਕੇ ਮਨੁੱਖੀ ਆਤਮਾ ਦਾ ਪਰਮ-ਆਤਮਾ ਨਾਲ ਸੁਮੇਲ ਸੰਭਵ ਬਣਾਉਂਦਾ ਹੈ| ਇਸਦੇ ਉਲਟ ਸੰਸਾਰਕ ਗਿਆਨ ਕਿਸੇ ਕਿੱਤੇ ਵਿੱਚ ਨਿਪੁੰਨਤਾ ਅਤੇ ਸਮਾਜਕ ਜੀਵਨ ਵਿੱਚ ਸਫਲਤਾ ਜਾਂ ਮਨੋਰੰਜਨ ਦਾ ਸਾਧਨ ਹੈ| ਅਧਿਆਤਮਕ ਗਿਆਨ ਵਿਸ਼਼ਵਾਸ ਤੇ ਆਧਾਰਤ ਅਨੁਭਵ ਹੈ ਜੋ ਗੁਰੂ ਦੀ ਕਿਰਪਾ ਦੁਆਰਾ ਵਿਰਲੇ ਗੁਰਸਿਖਾਂ ਨੂੰ ਨਾਮ ਸਿਮਰਨ ਰਾਹੀਂ ਪ੍ਰਾਪਤ ਹੁੰਦਾ ਹੈ|

ਅਧਿਆਤਮਕ ਗਿਆਨ ਪਰਮ ਸਤਿ ਹੈ| ਇਹ ਸਮੇਂ ਅਤੇ ਸਥਾਨ ਦੇ ਬਦਲਾਓ ਨਾਲ ਨਹੀਂ ਬਦਲਦਾ| ਇਸਦੇ ਵਿਪ੍ਰੀਤ ਸਮਾਜਕ ਅਤੇ ਪਦਾਰਥਕ ਗਿਆਨ ਨਿਰੰਤਰ ਬਦਲਦਾ ਰਹਿੰਦਾ ਹੈ ਕਿਊਂਕੇ ਜਿਸ ਤ੍ਰੈ-ਗੁਣੀ ਸੰਸਾਰ ਦਾ ਇਹ ਗਿਆਨ ਹੈ ਉਹ ਨਿਰੰਤਰ ਬਦਲ ਰਿਹਾ ਹੈ| ਜੋ ਸੰਸਾਰ ਸਾਨੂੰ ਦਿਖਾਈ ਦਿੰਦਾ ਹੈ ਉਹ ਹਰ ਪਲ ਬਦਲ ਰਿਹਾ ਹੈ ਅਤੇ ਬਦਲ ਰਹੀ ਵਸਤ ਦੀ ਸਾਰ ਜਾਨਣੀ ਸੰਭਵ ਨਹੀਂ ਹੁੰਦੀ ਕਿਊਂਕੇ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਖਦਾ ਨਹੀਂ| ਗੁਰਬਾਣੀ ਇਸ ਬਦਲ ਰਹੇ ਸੰਸਾਰ ਨੂੰ ਮਾਇਆ ਦਾ ਰੂਪ ਅਤੇ ਕੂੜ ਦੱਸਦੀ ਹੈ ਅਤੇ ਇਸ ਵਿੱਚ ਜੋ ਰਮਿਆ ਹੋਇਆ ਰਾਮ ਹੈ, ਜੋ ਇਸਦਾ ਅਸਲਾ ਹੈ, ਉਸ ਨੂੰ ਨਿਹਚਲ ਅਤੇ ਸਤਿ ਮੰਨਦੀ ਹੈ| ਪਰ ਸਾਨੂੰ ਸੰਸਾਰ ਵਿੱਚ ਰਮਿਆ ਰਾਮ ਨਜ਼ਰ ਹੀ ਨਹੀਂ ਆਉਂਦਾ, ਅਸੀਂ ਤੇ ਨਿਰੰਤਰ ਬਦਲ ਰਹੇ ਝੂਠੇ ਸੰਸਾਰ ਨੂੰ ਹੀ ਸੱਚ ਮੰਨੀ ਜਾਂਦੇ ਹਾਂ। ਬਹੁਤੇ ਲੋਕ ਕੰਧਾਂ, ਮੂਰਤੀਆਂ, ਸਰੀਰਾਂ, ਸ਼ਸਤਰਾਂ, ਪੋਥੀਆਂ, ਤਾਲਾਬਾਂ ਅਤੇ ਦਰਿਆਵਾਂ ਨੂੰ ਹੀ ਭਗਵਾਨ ਮੰਨ ਕੇ ਪੂਜਦੇ ਆ ਰਹੇ ਹਨ, ਸਬਦਾਂ ਦੇ ਰਟਨ ਨੂੰ ਸਿਮਰਣ ਅਤੇ ਸ਼ਰਧਾ ਦੀ ਭਾਵਨਾ ਨੂੰ ਭਗਤੀ ਸਮਝੀ ਜਾ ਰਹੇ ਹਨ|

ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਗਿਆਨ ਦਾ ਸੋਮਾ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਭੂ ਪਰਮੇਸ਼ਰ ਦੇ ਗੁਣਾਂ ਦਾ ਵਰਨਨ ਹੈ। ਗੁਰ ਸ਼ਬਦ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਉਸ ਵਿੱਚ ਸੁਰਤ ਜੋੜਣ ਲਈ ਮਨ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਹੋਣਾ ਪੈਂਦਾ ਹੈ, ਜਾਂ ਇਊਂ ਕਹੋ ਕਿ ਨਾਮ ਸਿਮਰਨ ਨਾਲ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਲਈ ਮਨ ਨੂੰ ਵਸ ਕਰਨਾ ਜਾਂ ਮਾਰਨਾ ਪੈਂਦਾ ਹੈ। ਗੁਰਬਾਣੀ ਮਨ ਦੀ ਅਵਸਥਾ, ਅਸਧਾਰਨਤਾ, ਵਚਿਤਰਤਾ ਅਤੇ ਦਵੈਤ ਭਾਵ ਦਾ ਵਿਸਥਾਰ ਪੂਰਬਕ ਚਿੱਤਰਨ ਕਰਦੀ ਹੈ, ਅਤੇ ਮਨ ਵਸ ਕਰਨ ਦੀ ਵਿਧੀ ਦਸੱਦੀ ਹੈ।

ਅਧਿਆਤਮਕ ਗਿਆਨ ਦੇ ਸੰਚਾਰ ਅਤੇ ਸਬੰਧਤ ਧਾਰਮਕ ਕਿਰਿਆਵਾਂ ਲਈ ਸਮਾਜਕ ਸੰਸਥਾਵਾਂ, ਜਿਵੇਂ ਕਿ ਗੁਰਦਆਰੇ, ਮੰਦਰ, ਗਿਰਜੇ, ਮਸਜਿਦਾਂ, ਮੱਠ, ਡੇਰੇ, ਆਦਿ ਸਥਾਪਤ ਕੀਤੇ ਜਾਂਦੇ ਹਨ। ਇਹਨਾਂ ਸਮਾਜਕ ਸੰਸਥਾਵਾਂ ਦੇ ਕਰਤਵ ਨਿਰਧਾਰਤ ਕਰਨ ਅਤੇ ਉਹਨਾਂ ਕਰਤਵਾਂ ਦੇ ਪ੍ਰਬੰਧ ਲਈ ਨਿਯਮ ਜਾਂ ਮਰਯਾਦਾਵਾਂ ਬਣਾਈਆਂ ਜਾਂਦੀਆਂ ਹਨ ਅਤੇ ਸੰਗਠਨ ਸਥਾਪਤ ਕੀਤੇ ਜਾਂਦੇ ਹਨ। ਇਹ ਸਮਾਜਕ ਸੰਸਥਾਵਾਂ, ਸੰਗਠਨ ਅਤੇ ਮਰਯਾਦਾਵਾਂ ਸਥਾਈ ਨਹੀਂ ਹੁੰਦੀਆਂ, ਬਦਲਦੀਆਂ ਰਹਿੰਦੀਆਂ ਹਨ। ਇਹ ਅਧਿਆਤਮਕ ਗਿਆਨ ਵੀ ਨਹੀਂ ਹੰਦੀਆਂ। ਪਰ ਅਧਿਆਤਮਕ ਗਿਆਨ ਦੀ ਇਹਨਾਂ ਤੇ ਨਿਰਭਰਤਾ ਸਮਾਂ ਪਾ ਕੇ ਅਧੀਨਗੀ ਬਣ ਜਾਂਦੀ ਹੈ। ਕਹਾਵਤ ਹੈ ਕਿ ਮਾਧਿਅਮ ਹੀ ਸੰਦੇਸ਼ ਹੈ (Medium is the message)। ਧਰਮ ਦੇ ਖੇਤਰ ਵਿੱਚ ਅੱਜ ਪ੍ਰਭੂ ਦੀ ਥਾਂ ਉਸਦੇ ਸੰਚਾਰ ਮਾਧਿਅਮ ਦੀ ਹੀ ਪੂਜਾ ਹੋ ਰਹੀ ਹੈ। ਧਰਮਾਂ ਅਤੇ ਧਾਰਮਕ ਵਿਚਾਰਧਾਰਾਵਾਂ ਦੇ ਪਰਸਪਰ ਵਿਵਾਦ ਅਤੇ ਵਿਵਾਦ ਤੋਂ ਉਪਜੇ ਅਤਿਆਚਾਰ ਅਤੇ ਹਿੰਸਾ ਦਾ ਮੂਲ਼ ਵੀ ਇਹ ਸੰਚਾਰ ਮਾਧਿਅਮ ਹੀ ਹਨ।

ਧਰਮ ਦਾ ਸਮਾਜਕ ਪੱਖ ਉਸਦੇ ਅਧਿਆਤਮਕ ਪੱਖ ਨਾਲੋਂ ਪਰਬਲ ਹੁੰਦਾ ਹੈ। ਕਈ ਵਿਚਾਰਵਾਨ ਤੇ ਗੁਰਮਤਿ ਨੂੰ ਸਮਾਜ ਸੁਧਾਰ ਲਹਿਰ ਹੀ ਆਖਦੇ ਹਨ। ਭਾਵੇਂ ਗੁਰਬਾਣੀ ਵਿੱਚ ਸੰਗਤ ਦਾ ਵੱਡਾ ਮਹਾਤਮ ਹੈ, ਪਰ ਸੰਗਤ ਸਮਾਜ ਨਹੀਂ ਹੁੰਦੀ ਅਤੇ ਨਾ ਹੀ ਧਰਮ ਦਾ ਸਮਾਜਕ ਪੱਖ ਅਧਿਆਤਮਕਵਾਦ ਹੁੰਦਾ ਹੈ। ਸੰਗਤ ਕੇਵਲ ਗੁਰੂ ਦੀ ਹਜ਼ੂਰੀ ਵਿੱਚ ਜੁੜੇ ਨਾਮ ਅਭਿਆਸੀਆਂ ਨੂੰ ਆਖਿਆ ਜਾਂਦਾ ਹੈ। ਗੁਰਵਾਕ ਹੈ: “ਸਤਿਗੁਰ ਬਾਝਹੁ ਸੰਗਤਿ ਨ ਹੋਈ॥” (ਪੰ: 1068) ਸੰਗਤ ਦਾ ਭਾਗੀ ਬਨਣ ਲਈ ਸਾਧਨਾ ਜ਼ਰੂਰੀ ਹੁੰਦੀ ਹੈ। ਨਾਮ ਦੇ ਅਭਿਆਸੀ ਹੀ ਸੰਗਤ ਦੇ ਭਾਗੀ ਬਨਣ ਦੇ ਯੋਗ ਹੁੰਦੇ ਹਨ।

ਗੁਰਦੁਆਰੇ ਵਿੱਚ ਆਏ ਸਾਰੇ ਸ਼ਰਧਾਲੂਆਂ ਨੂੰ ਸਾਧ ਸੰਗਤ ਆਖਣ ਦੀ ਰੀਤ ਹੈ। ਬਹੁਤੇ ਸ਼ਰਧਾਲੂ ਗੁਰਦੁਆਰੇ ਗੁਰੂ ਦੇ ਦਰਸ਼ਨਾਂ ਲਈ ਆਉਂਦੇ ਹਨ, ਕੁੱਝ ਆਪਣੇ ਮਨ ਪਸੰਦ ਰਾਗੀਆਂ ਜਾਂ ਕਥਾ ਵਾਚਕਾਂ ਨੂੰ ਸੁਨਣ ਲਈ। ਕੁੱਝ ਲੋਕ ਮਿਤਰਾਂ ਜਾਂ ਸਬੰਧੀਆਂ ਨੁੰ ਮਿਲਣ ਜਾਂ ਕਿਸੇ ਸਮਾਜਕ ਰਸਮ, ਜਿਵੇ ਕਿ ਵਿਆਹ ਸ਼ਾਦੀ, ਜਨਮ ਦਿਨ, ਸ਼ੋਕ ਦਿਹਾੜਾ, ਆਦਿ ਵਿੱਚ ਭਾਗ ਲੈਣ ਲਈ ਆਉਂਦੇ ਹਨ। ਕੁੱਝ ਲੋਕ ਮੰਦਰ, ਮੜ੍ਹੀ, ਮਸਾਣ ਜਾਂ ਬਾਬਿਆਂ ਕੋਲ ਜਾਣ ਦੀ ਬਜਾਏ ਆਪਣੀਆਂ ਨਿੱਜੀ ਲੋੜਾਂ ਜਾਂ ਮੰਗਾਂ ਦੀ ਪੂਰਤੀ ਲਈ ਗੁਰਦੁਆਰੇ ਅਰਦਾਸ ਬੇਨਤੀ ਕਰਨ ਆਉਂਦੇ ਹਨ। ਅਜਿਹੇ ਸ਼ਰਧਾਲੂਆਂ ਵਿੱਚ ਕਾਰੋਬਾਰ, ਪਰੀਖਿਆ, ਆਵਾਸ, ਚੋਣ ਜਾਂ ਮੁਕਦਮੇ ਵਿੱਚ ਸਫਲਤਾ, ਜਾਂ ਔਲਾਦ ਦੀ ਕਾਮਨਾ ਕਰਨ ਵਾਲਿਆਂ ਦੀ ਬਹੁਗਿਣਤੀ ਹੁੰਦੀ ਹੈ। ਇਹ ਸਾਰੀਆਂ ਸਮਾਜਕ ਕਿਰਆਵਾਂ ਹਨ। ਸਮਾਜਕ ਕਿਰਿਆਵਾਂ ਦੀ ਸਫਲਤਾ ਲਈ ਢੰਗ ਅਤੇ ਨਿਯਮ ਨਿਰਧਾਰਤ ਹਨ, ਜਿਵੇਂ ਪਰੀਖਿਆ ਜਾਂ ਕਾਰੋਬਾਰ ਵਿੱਚ ਸਫਲਤਾ ਲਈ ਸੂਝ ਬੂਝ ਹੋਣੀ ਅਤੇ ਮਿਹਨਤ ਕਰਨੀ ਜ਼ਰੂਰੀ ਹੈ। ਸਮਾਜਕ ਜਾਂ ਪਦਾਰਥਕ ਕੰਮਾਂ ਵਿੱਚ ਪਰਾਰਥਨਾ ਜੈਸੀ ਅਧਿਆਤਮਕ ਕਿਰਿਆ ਕਾਰਗਰ ਸਿੱਧ ਨਹੀਂ ਹੁੰਦੀ। ਫਿਰ ਵੀ ਬਹੁਤੇ ਸ਼ਰਧਾਲੂ ਅਧਿਆਤਮਕ ਕਰਮ ਰਾਹੀਂ ਸਮਾਜਕ ਫਲ ਦੀ ਕਾਮਨਾ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਕਈ ਸ਼ਰਧਾਲੂ ਖੰਡੇ ਦੀ ਪਾਹੁਲ ਛਕ ਕੇ ਗੁਰਬਾਣੀ ਦੀ ਸੂਝ ਦਾ ਭਰਮ ਪਾਲਣ ਲੱਗ ਪੈਂਦੇ ਹਨ। ਉਹ ਨਹੀਂ ਸਮਝਦੇ ਕਿ ਸਰੀਰਕ ਕਿਰਿਆ ਕਰਨ ਨਾਲ ਅਧਿਆਤਮਕ ਫਲ ਪਰਾਪਤ ਨਹੀਂ ਹੁੰਦਾ। ਗੁਰਦੁਆਰੇ ਮੱਥਾ ਟੇਕਣ ਨਾਲ ਗੁਰਮਤਿ ਦਾ ਗਿਆਨ ਪਰਾਪਤ ਨਹੀਂ ਹੋ ਜਾਂਦਾ। ਐਸਾ ਹੋਣਾ ਸੰਭਵ ਨਹੀਂ ਕਿਊਂਕੇ ਕੁਦਰਤ ਦਾ ਨਿਯਮ ਹੈ ਕਿ ਫਲ ਦੀ ਪਰਾਪਤੀ ਉਪਯੁਕਤ ਕਰਮ ਨੂੰ ਹੀ ਹੁੰਦੀ ਹੈ। ਗੁਰਬਾਣੀ ਦੱਸਦੀ ਹੈ: “ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ॥” (ਪੰ: 468)। “ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ॥” (ਪੰ: 653)। ਕਈ ਸਜਨ ਆਖਣਗੇ ਕਿ ਕਿਸੇ ਵਿਸ਼ੇਸ਼ ਕੰਮ ਵਿੱਚ ਸਫਲਤਾ ਲਈ ਗੁਰੂ ਦੀ ਬਖਸ਼ਿਸ਼ ਲਈ ਅਰਦਾਸ ਕਰਨ ਵਿੱਚ ਕੀ ਹਰਜ ਹੈ। ਪਰ ਗੁਰਬਾਣੀ ਤੇ ਸਾਨੂੰ ਹਰ ਕੰਮ ਨੂੰ ਹੀ ਗੁਰੂ ਦੇ ਹੁਕਮ ਅਤੇ ਭਾਣੇ ਵਿੱਚ ਕਰਨ ਦਾ ਉਪਦੇਸ਼ ਕਰਦੀ ਹੈ, ਫਿਰ ਕਿਸੇ ਇੱਕ ਕੰਮ ਲਈ ਵਿਸ਼ੇਸ਼ ਅਰਦਾਸ ਦੀ ਕੀ ਲੋੜ ਰਹਿ ਜਾਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: “ਹੁਕਮੁ ਮੰਨੇ ਸੋ ਜਨੁ ਪਰਵਾਣੁ॥” (ਪੰ: 1175)। “ਜੋ ਕਿਛ ਵਰਤੈ ਸਭ ਤੇਰਾ ਭਾਣਾ॥ ਹੁਕਮੁ ਬੁਝੈ ਸੋ ਸਚਿ ਸਮਾਣਾ॥” (ਪੰ: 193)। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਵਿਰੁਧ ਫਲ ਦੀ ਪਰਾਪਤੀ ਲਈ ਅਰਦਾਸ ਕਰਦੇ ਹਾਂ, ਤਾਂ ਅਸੀਂ ਅਕਾਲ ਪੁਰਖ ਦਾ ਭਾਣਾ ਬਦਲਣ ਦਾ ਜਤਨ ਕਰ ਰਹੇ ਹੁੰਦੇ ਹਾਂ।

ਗੁਰਦੁਆਰੇ ਆਉਣ ਵਾਲਿਆਂ ਵਿੱਚ ਨਾਮ ਅਭਿਆਸੀਆਂ ਦੀ ਸੰਖਿਆ ਘੱਟਦੀ ਜਾ ਰਹੀ ਹੈ। ਗੁਰਦੁਆਰੇ ਸਮਾਜਕ ਅਤੇ ਰਾਜਸੀ ਰਸਮਾਂ ਅਤੇ ਕਰਤਵਾਂ ਨੂੰ ਮਹਤੱਤਾ ਦੇ ਹਰੇ ਹਨ। ਕੁੱਝ ਗੁਰਦੁਆਰੇ ਗੁਰਮਤਿ ਗਿਆਨ ਸੰਚਾਰ ਦੇ ਕਰਤੱਵ ਨੂੰ ਤਿਲਾਂਜਲੀ ਦੇ ਕੇ ਮੰਦਰਾਂ ਜਿਹੇ ਸਮਾਜਕ ਸਫਲਤਾ ਪਰਦਾਨ ਕੇਂਦਰ ਬਣਦੇ ਜਾ ਰਹੇ ਹਨ।

ਧਰਮ ਸੰਸਥਾਵਾਂ, ਸੰਗਠਨਾਂ ਅਤੇ ਟਿਕਾਣਿਆਂ ਦੀਆਂ ਰੁਹ ਰੀਤਾਂ ਅਕਸਰ ਉਪਾਸ਼ਕਾਂ ਅਤੇ ਸ਼ਰਧਾਲੂਆਂ ਦਾ ਭਰੋਸਾ ਬਰਕਰਾਰ ਰਖਣ ਅਤੇ ਉਹਨਾਂ ਦੀ ਗਿਣਤੀ ਵਧਾਉਣ ਨੂੰ ਮੁੱਖ ਰੱਖ ਕੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਇਹਨਾਂ ਰੁਹ ਰੀਤਾਂ ਦਾ ਧਰਮ ਦੀ ਅਧਿਆਤਮਕ ਵਾਸਤਵਿਕਤਾ ਨਾਲ ਸਿੱਧਾ ਸਬੰਧ ਨਹੀਂ ਹੁੰਦਾ। ਭਾਵੇਂ ਰੁਹ ਰੀਤਾਂ ਅਧਿਆਤਮਕ ਗਿਆਨ ਦੇ ਜਾਚਕਾਂ ਦੀ ਸਹਾਇਤਾ ਲਈ ਬਣਾਈਆਂ ਜਾਂਦੀਆਂ ਹਨ, ਪਰ ਇਹ ਧਾਰਮਕ ਵਿਵਾਦਾਂ ਦਾ ਮੂਲ ਕਾਰਨ ਹੋ ਨਿਬੜਦੀਆਂ ਹਨ।

ਗੁਰਬਾਣੀ ਗੁਰਮਤਿ ਗਾਡੀ ਰਾਹ ਦਾ ਉਲੇਖ ਕਰਦੀ ਹੈ। ਗੁਰਬਾਣੀ ਦੇ ਸੰਚਾਰ ਦਾ ਮਨੋਰਥ ਸ਼ਰਧਾਲੂਆਂ ਨੂੰ ਗੁਰਮਤਿ ਗਾਡੀ ਰਾਹ ਦੀ ਸੂਝ ਬਖਸ਼ ਕੇ ਉਸ ਰਾਹ ਦੇ ਪਾਂਧੀ ਬਨਣ ਲਈ ਪਰੇਰਤ ਕਰਨਾ ਹੈ। ਰਹਿਤ ਮਰਯਾਦਾ ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਨੂੰ ਉਹਨਾਂ ਦੇ ਸਫਰ ਵਿੱਚ ਸਹਾਇਤਾ ਦੇਣ ਲਈ ਹੁੰਦੀ ਹੈ। ਇਸ ਵਿੱਚ ਸੋਧ ਕਰਨ ਸਮੇਂ ਇਸ ਦੇ ਮਨੋਰਥ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਜੋਕੇ ਸਿੱਖ ਸਮਾਜ ਵਿੱਚ ਰਹਿਤ ਮਰਯਾਦਾ ਦੇ ਕਰਮਕਾਂਡ ਅਤੇ ਇਸ ਵਿੱਚ ਨੀਯਤ ਪਹਿਰਾਵੇ ਨੂੰ ਹੀ ਅਕਸਰ ਗੁਰਮਤਿ ਮੰਨ ਲਿਆ ਜਾਂਦਾ ਹੈ। ਰਹਿਤ ਮਰਯਾਦਾ ਨੂੰ ਗੁਰਮਤਿ ਸਮਝਣਾ ਬਹੁਤ ਵੱਡੀ ਭੁੱਲ ਹੈ।

*******
.