.

ਦਸਮੇਸ਼ ਜੀ ਵੱਲੋਂ ਇੱਕ ਸੱਯਦ ਨੂੰ ਕਰਾਮਾਤਿ ਦਾ ਉਤਰ
(ਭਾਈ ਸੰਤੋਖ ਸਿੰਘ ਜੀ ਦੀ ਲਿਖਤ ਅਨੁਸਾਰ)

ਗਿਆਨੀ ਸੰਤੋਖ ਸਿੰਘ

ਇਹ ਉਹਨਾਂ ਦਿਨਾਂ ਦਾ ਵਾਕਿਆ ਹੈ ਜਦੋਂ ਦਸਮ ਪਾਤਿਸ਼ਾਹ ਜੀ ਦੀ ਸਹਾਇਤਾ ਨਾਲ, ਸ਼ਹਿਜ਼ਾਦਾ ਮੁਅਜ਼ਮ ਆਪਣੇ ਭਰਾ, ਤਾਰਾ ਆਜ਼ਮ ਨੂੰ ਜਾਜੋਂ ਦੇ ਜੰਗ ਵਿੱਚ ਹਰਾ ਕੇ, ਬਹਾਦਰ ਸ਼ਾਹ ਦਾ ਲਕਬ ਧਾਰਨ ਕਰਕੇ, ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ, ਆਗਰੇ ਵਿੱਚ ਤਖ਼ਤ ਤੇ ਬੈਠਾ ਸੀ ਤੇ ਸਤਿਗੁਰੂ ਜੀ ਵੀ ਇਸਦੇ ਸੱਦੇ ਉਪਰ ਦੁਸ਼ਟਾਂ ਨੂੰ ਸਜ਼ਾਵਾਂ ਦੇਣ ਸਬੰਧੀ ਇਸ ਨਾਲ ਗੱਲ-ਬਾਤ ਕਰਨ ਵਾਸਤੇ ਓਥੇ ਠਹਿਰੇ ਹੋਏ ਸਨ। ਇੱਕ ਦਿਨ ਆਪਣਾ ਭਲਾ ਵਿਚਾਰ ਕੇ, ਖ਼ਾਨਖ਼ਾਨਾ (ਵਜ਼ੀਰ), ਜਿਸ ਦਾ ਅਸਲੀ ਨਾਂ ਮੁਨਇਮ ਖ਼ਾਨ ਸੀ ਅਤੇ ਸਤਿਗੁਰੂ ਜੀ ਦਾ ਇਹ ਪ੍ਰੇਮੀ ਸੀ, ਨੇ ਆਗਰਾ ਵਿਖੇ ਆਪਣੇ ਘਰ ਪ੍ਰਸ਼ਾਦੇ ਵਾਸਤੇ, ਗੁਰੂ ਜੀ ਨੂੰ ਬੇਨਤੀ ਕਰਕੇ ਸੱਦਿਆ। ਉਸ ਨੇ ਸਤਿਗੁਰੂ ਜੀ ਦੀ ਆਮਦ ਦੀ ਖ਼ੁਸ਼ੀ ਵਿੱਚ ਅਪਣੇ ਘਰ ਵਿੱਚ ਪੂਰੀ ਤਿਆਰੀ ਕੀਤੀ। ਗੁਰੂ ਜੀ ਦੇ ਸਤਿਕਾਰ ਵਜੋਂ ਢੁਕਵੇਂ ਢੰਗ ਦਾ ਆਸਣ ਵਿਛਵਾਇਆ ਤੇ ਸੰਗਤਾਂ ਦੇ ਬੈਠਣ ਵਾਸਤੇ ਸੁੰਦਰ ਤੇ ਯੋਗ ਪ੍ਰਬੰਧ ਕੀਤਾ। ਸਤਿਗੁਰੂ ਜੀ ਨੂੰ ਸਤਿਕਾਰ ਸਹਿਤ ਸੁੰਦਰ ਆਸਣ `ਤੇ ਸੁਸ਼ੋਭਤ ਕਰਵਾਉਣ ਉਪ੍ਰੰਤ ਨਿਮਰਤਾ ਸਹਿਤ ਭੇਟਾ ਧਰ ਕੇ ਮੱਥਾ ਟੇਕਿਆ ਤੇ ਹਰ ਤਰ੍ਹਾਂ ਯੋਗ ਸਤਿਕਾਰ ਕੀਤਾ।
ਖ਼ਾਨਖ਼ਾਨਾ ਦੀ ਸ਼ਰਧਾ ਭਾਵਨਾ ਤੇ ਨਿਮਰਤਾ ਵੇਖ ਕੇ, ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ, "ਪਹਿਲਾ ਖ਼ਾਨਖ਼ਾਨਾ, ਜੋ ਕਿ ਮਹਾਨ ਅਕਬਰ ਦਾ ਸਾਕੋਂ ਮਾਮਾ ਲੱਗਦਾ ਸੀ, ਉਸ ਨੇ ਵੀ ਜੱਗ ਵਿੱਚ ਬੜੀ ਨੇਕ ਕਮਾਈ ਕੀਤੀ ਸੀ ਤੇ ਤੂੰ ਵੀ ਉਸਦੇ ਬਰਾਬਰ ਹੀ ਨੇਕਨਾਮੀ ਖੱਟੀ ਹੈ। "
ਉਚੇ ਸਿੰਘਾਸਣ `ਤੇ ਬਿਰਾਜਮਾਨ ਸਤਿਗੁਰੂ ਜੀ ਦੇ ਸੁਹਿਰਦ ਸੱਜਣ ਬਚਨ ਵੀ ਸੁਣ ਰਹੇ ਸਨ ਤੇ ਅੱਖਾਂ ਭਰ ਕੇ ਦਰਸ਼ਨ ਵੀ ਕਰ ਰਹੇ ਸਨ। ਸੂਝਵਾਨ ਤੁਰਕਾਂ ਦਾ ਸਮੂਹ ਵੀ ਬੈਠਾ ਹੋਇਆ ਸੀ ਸਮੇਤ ਕਾਜ਼ੀ, ਮੁੱਲਾਂ ਆਦਿ ਦੇ। ਸਭ ਦੇ ਵਿਚਕਾਰ ਸਤਿਗੁਰੂ ਜੀ ਗਲ਼ ਵਿੱਚ ਸ਼ਮਸ਼ੀਰ ਸਜਾਈ ਸ਼ੇਰ ਸਮਾਨ ਸੁਸ਼ੋਭਤ ਸਨ। ਲੋਕ ਸਤਿਕਾਰ ਸਹਿਤ ਸਿਰ ਝੁਕਾ ਕੇ ਦਰਸ਼ਨ ਕਰਦੇ ਸਨ। ਜੋ ਵੀ ਕੋਈ ਪ੍ਰਸ਼ਨ ਕਰਦਾ ਸੀ, ਗੁਰੂ ਜੀ ਉਸ ਨੂੰ ਯੋਗ ਉਤਰ ਦੇ ਕੇ ਉਸਦੀ ਤਸੱਲੀ ਕਰਵਾਉਂਦੇ ਸਨ। ਸਤਿਗੁਰੂ ਜੀ ਦੀ ਐਸੀ ਮਹਾਨ ਵਡਿਆਈ ਦੁਸ਼ਟਾਂ ਤੋਂ ਜਰੀ ਨਹੀਂ ਸੀ ਜਾਂਦੀ। ਇੱਕ ਸਰਹੰਦ ਦਾ ਵਸਨੀਕ ਸੱਯਦ ਵੀ ਸਭਾ ਵਿੱਚ ਬੈਠਾ ਹੋਇਆ ਸੀ। ਗੁਰੂ ਜੀ ਦੀ ਵਡਿਆਈ ਉਸ ਈਰਖਾ ਭਰੀ ਮੱਤ ਵਾਲੇ ਤੋਂ ਸਹਾਰੀ ਨਾ ਗਈ ਤੇ ਈਰਖਾ ਵੱਸ ਹੋ ਕੇ ਬੋਲਿਆ, "ਤੁਸੀਂ ਹਿੰਦ ਦੇ ਪੀਰ ਅਖਵਾਉਂਦੇ ਹੋ। ਸਾਰੇ ਤੁਹਾਨੂੰ ਵੱਡਾ ਮੰਨਦੇ ਹਨ। ਕੀ ਤੁਹਾਡੇ ਪਾਸ ਕੋਈ ਕਰਾਮਾਤਿ ਵੀ ਹੈ? ਜੇ ਕੋਈ ਕਰਾਮਾਤਿ ਦਾ ਬਲ ਨਹੀਂ ਹੈ ਤਾਂ ਵੀ ਦੱਸ ਦਿਓ। ਚੁਫੇਰੇ ਤੁਹਾਡਾ ਜਸ ਫੈਲਿਆ ਹੋਇਆ ਹੈ ਕਿ ਤੁਸੀਂ ਵੱਡੇ ਸ਼ਕਤੀਵਾਨ ਹੋ। ਮੇਰੇ ਮਨ ਵਿੱਚ ਇਹ ਨਿਰਨਾ ਕਰਨ ਦਾ ਫੁਰਨਾ ਹੈ। "
ਗੁਰੂ ਜੀ ਨੇ ਸੱਯਦ ਦੇ ਮਨ ਦੀ ਤਰਕ ਨੂੰ ਜਾਣ ਕੇ ਫੁਰਮਾਇਆ, "ਕਰਾਮਾਤਿ ਬਹਾਦਰ ਸ਼ਾਹ ਦੇ ਮੂੰਹ ਵਿੱਚ ਵੱਸਦੀ ਹੈ। ਉਹ ਚਾਹੇ ਤਾਂ ਰੰਕ ਨੂੰ ਰਾਜਾ ਬਣਾ ਦੇਵੇ। ਸਾਰੇ ਉਸ ਦੇ ਅਧੀਨ ਹਨ। ਗੁੱਸਾ ਖਾਵੇ ਤਾਂ ਰਾਜੇ ਨੂੰ ਰੰਕ ਕਰ ਦੇਵੇ। ਬਿਨਾ ਦੇਰ ਤੋਂ ਜਿਸ ਨੂੰ ਚਾਹੇ ਮਾਰ ਦੇਵੇ, ਜਿਸਨੂੰ ਚਾਹੇ ਬਖ਼ਸ਼ ਦੇਵੇ। " ਸੱਯਦ ਨੇ ਫੇਰ ਤਰਕ ਕਰਦਿਆਂ ਕਿਹਾ, "ਤੁਸੀਂ ਵੀ ਕੋਈ ਕਰਾਮਾਤਿ ਰੱਖਦੇ ਹੋ ਕਿ ਨਹੀਂ? ਉਹ ਤਾਂ ਬਾਦਸ਼ਾਹ ਦੀ ਕਰਾਮਾਤਿ ਹੈ ਤੇ ਉਸ ਦਾ ਹੀ ਹੁਕਮ ਚੱਲਦਾ ਹੈ। ਅਸੀਂ ਤੁਹਾਡੀ ਕਰਾਮਾਤਿ ਦੀ ਗੱਲ ਕਰਦੇ ਹਾਂ; ਜੇਕਰ ਕੋਈ ਹੈ ਤਾਂ ਦੱਸੋ! " ਸਾਰਿਆਂ ਦੇ ਵਿੱਚ ਜਦੋਂ ਗੁਰੂ ਜੀ ਨੇ ਇਹ ਤਰਕ ਸੁਣੀ ਤਾਂ ਜੇਬ ਵਿੱਚ ਹੱਥ ਪਾ ਕੇ ਇੱਕ ਮੋਹਰ ਕੱਢੀ ਤੇ ਸਭ ਨੂੰ ਸੁਣਾ ਕੇ ਕਿਹਾ, "ਇਹ ਦੂਜੀ ਕਰਾਮਾਤਿ ਹੈ। ਜਿਸ ਪਾਸ ਧਨ ਹੋਵੇ ਉਹ ਜੋ ਚਾਹੇ ਸੋ ਕਰੇ। ਹਜ਼ਾਰਾਂ ਨੂੰ ਆਪਣੇ ਲਈ ਲੜ ਮਰਨ ਵਾਸਤੇ ਉਹ ਤਨਖ਼ਾਹ `ਤੇ ਨੌਕਰ ਰੱਖ ਸਕਦਾ ਹੈ। ਵੱਡੇ ਵੱਡੇ ਵਿਦਵਾਨਾਂ, ਮਜ਼ਹਬੀ ਆਗੂਆਂ, ਸੂਰਮਿਆਂ ਆਦਿ ਨੂੰ ਇਹ ਧਨ ਖ਼ਰੀਦ ਸਕਦਾ ਹੈ; ਤੇ ਏਥੋਂ ਤੱਕ ਕਿ ਉਹ ਮਰਨ ਲਈ ਵੀ ਤਿਆਰ ਹੋ ਜਾਂਦੇ ਹਨ ਇਸ ਧਨ ਦੀ ਖ਼ਾਤਰ"
ਸੱਯਦ ਚੁੱਪ ਨਾ ਕੀਤਾ ਤੇ ਫੇਰ ਬੋਲਿਆ, "ਤੁਹਾਡੇ ਵਿੱਚ ਕੇਹੜੀ ਕਰਾਮਾਤਿ ਹੈ ਜਿਸ ਕਰਕੇ ਹਜ਼ਾਰਾਂ ਹੀ ਲੋਕ ਤੁਹਾਨੂੰ ਮੰਨਦੇ ਤੇ ਭੇਟਾ ਅਰਪਦੇ ਹਨ! " ਇਹ ਸੁਣ ਕੇ ਸਤਿਗੁਰੂ ਜੀ ਕੁੱਝ ਜੋਸ਼ ਵਿੱਚ ਆ ਗਏ। ਮਿਆਨ ਵਿਚੋਂ ਗਾਤਰੇ ਪਾਈ ਚਮਕਦੀ ਸ਼ਮਸ਼ੀਰ ਕੱਢ ਕੇ ਤੇ ਚੇਹਰੇ `ਤੇ ਜਲਾਲ ਲਿਆ ਕੇ ਬੋਲੇ, "ਇਹ ਵੀ ਇੱਕ ਕਰਾਮਾਤਿ ਹੈ। ਹੁਣੇ ਹੀ ਤੇਰਾ ਸਿਰ ਇਸ ਤਰ੍ਹਾਂ ਧੜ ਤੋਂ ਲਾਹ ਕੇ ਇਹ ਧਰਤੀ `ਤੇ ਧਰ ਦੇਵੇਗੀ ਜਿਵੇਂ ਟਾਹਣੀ ਨਾਲੋਂ ਪੱਕਾ ਫਲ ਧਰਤੀ `ਤੇ ਡਿਗ ਪੈਂਦਾ ਹੈ। ਫੇਰ ਤੇਰੇ ਮੂੰਹੋਂ ਕੋਈ ਸਵਾਲ ਜਵਾਬ ਨਹੀਂ ਹੋ ਸਕੇਗਾ ਜੋ ਫ਼ਜ਼ੂਲ ਕਰ ਕਰ ਕੇ ਤੂੰ ਆਪਣਾ ਜਨਮ ਗਵਾ ਰਿਹਾ ਹੈਂ। "
ਸਤਿਗੁਰੂ ਜੀ ਦਾ ਭਾਰੀ ਤੇਜ ਵੇਖ ਕੇ ਸੱਯਦ ਸ਼ਰਮਿੰਦਾ ਜਿਹਾ ਹੋ ਕੇ ਧੌਣ ਨੀਵੀਂ ਕਰਕੇ ਚੁਪ ਹੋ ਗਿਆ ਤੇ ਫੇਰ ਹੋਰ ਕੁੱਝ ਵੀ ਅੱਗੋਂ ਬੋਲ ਨਾ ਸਕਿਆ।




.