.

ਗੁਰੂ ਦਾ ਦਰਸ਼ਨ (ਭਾਗ ਪਹਿਲਾ)

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਦਰਸ਼ਨਾਂ ਦਾ ਮਹੱਤਵ ਵਰਣਨ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਦਰਸ਼ਨ ਕਰਨ ਵਾਲੇ ਦੇ ਜਨਮ ਜਨਮਾਤਰਾਂ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ: ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਪੰਨਾ 967)

ਤ੍ਰਿਸ਼ਨਾ ਈਰਖਾ ਆਦਿਕ ਦੀ ਸੜਨ ਬੁੱਝ ਜਾਂਦੀ ਹੈ ਤੇ ਮਨ ਠੰਡਾ ਠਾਰ ਹੋ ਜਾਂਦਾ ਹੈ: ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ॥ (ਪੰਨਾ 103)

ਗੁਰੂ ਦੇ ਦਰਸ਼ਨ ਕਰਨ ਨਾਲ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ, ਮਨ ਵਿਚੋਂ ਦੁਬਿਧਾ ਦੂਰ ਹੋ ਜਾਂਦੀ ਹੈ: ਮਨ ਵਿੱਚ ਖਿੜਾਓ ਪੈਦਾ ਹੁੰਦਾ ਹੈ: ਜਿਉ ਅੰਧਕਾਰ ਦੀਪਕ ਪਰਗਾਸੁ॥ ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ॥ (ਪੰਨਾ 282)

ਚੂੰਕਿ ਇਹ ਸਭ ਕੁੱਝ ਗੁਰੂ ਦੇ ਦਰਸ਼ਨ ਕਰਨ ਦੀ ਬਦੌਲਤ ਹਾਸਲ ਹੁੰਦਾ ਹੈ, ਇਸ ਲਈ ਸਤਿਗੁਰੂ ਤੋਂ ਬਲਿਹਾਰ ਹੋਣ ਦੀ ਪ੍ਰੇਰਣਾ ਕੀਤੀ ਗਈ ਹੈ: ਗੁਰ ਜੀ ਕੇ ਦਰਸਨ ਕਉ ਬਲਿ ਜਾਉ॥ (ਪੰਨਾ 193)

ਗੁਰੂ ਦੇ ਦਰਸ਼ਨ ਦੀ ਮਹਿਮਾਂ ਦਾ ਸੰਖੇਪ ਵਿੱਚ ਵਰਣਨ ਕਰਨ ਉਪਰੰਤ ਗੁਰੂ ਦੇ ਦਰਸ਼ਨ ਦੇ ਜਿਸ ਰੂਪ ਬਾਰੇ ਇੰਜ ਆਖਿਆ ਹੈ, ਉਸ ਦੇ ਭਾਵ -ਅਰਥ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਗੁਰੂ ਦੇ ਚਰਨ, ਚਰਨ ਧੂੜ, ਗੁਰੂ ਦੀ ਸੇਵਾ ਅਤੇ ਗੁਰ ਮੂਰਤਿ ਆਦਿ ਸ਼ਬਦਾਂ ਬਾਰੇ ਅਸੀਂ ਆਮ ਤੌਰ `ਤੇ ਭੁਲੇਖੇ ਦਾ ਸ਼ਿਕਾਰ ਹੋ ਕੇ ਇਨ੍ਹਾਂ ਦਾ ਕੇਵਲ ਅੱਖਰੀਂ ਭਾਵ –ਅਰਥ ਹੀ ਲੈਂਦੇ ਹਾਂ, ਉਸੇ ਤਰ੍ਹਾਂ ਗੁਰੂ ਦੇ ਦਰਸ਼ਨਾਂ ਬਾਰੇ ਵੀ ਅਸੀਂ ਇਹੋ ਜੇਹੀ ਧਾਰਨਾ ਹੀ ਅਪਣਾਈ ਹੋਈ ਹੈ। ਇਸ ਧਾਰਨਾ ਕਾਰਨ ਹੀ ਗੁਰੂ ਦੇ ਦਰਸ਼ਨ ਦਾ ਭਾਵ ਆਮ ਤੌਰ `ਤੇ ਇਹੀ ਸਮਝਿਆ ਜਾਂਦਾ ਹੈ ਕਿ ਆਪਣੀਆਂ ਅੱਖਾਂ ਨਾਲ ਗੁਰੂ ਦੇ ਸਰੀਰਕ ਅਕਾਰ ਨੂੰ ਦੇਖਣਾ। ਇਸ ਵਿੱਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਗੁਰੂ ਦੇ ਦਰਸ਼ਨ ਕਰਨ ਦਾ ਇਹ ਇੱਕ ਪਹਿਲੂ ਹੈ। ਸਿੱਖ ਰਹਿਤ ਮਰਯਾਦਾ ਵਿੱਚ ਗੁਰੂ ਦੇ ਦਰਸ਼ਨਾਂ ਦੇ ਇਸ ਪੱਖ ਦਾ ਹੀ ਵਰਣਨ ਕਰਦਿਆਂ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ-ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ 'ਦਰਸ਼ਨ' ਹਨ।” ਇਸ ਦੇ ਨਾਲ ਹੀ ਸਿੱਖ ਰਹਿਤ ਮਰਯਾਦਾ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ, “ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮੱਤ ਹੈ। (ਸਿੱਖ ਰਹਿਤ ਮਰਯਾਦਾ)

ਇਸ ਗੱਲ ਵਿੱਚ ਕਿਸੇ ਤਰ੍ਹਾਂ ਦਾ ਵੀ ਕਿੰਤੂ-ਪਰੰਤੂ ਨਹੀਂ ਹੈ ਕਿ ਗੁਰੂ ਦਰਸ਼ਨ ਦੇ ਇਸ ਪਹਿਲੂ ਦੀ ਆਪਣੀ ਮਹੱਤਾ ਹੈ। ਇਹ ਦਰਸ਼ਨ ਗੁਰੂ ਵਲ ਪੁੱਟਿਆ ਹੋਇਆ ਪਹਿਲਾਂ ਕਦਮ ਹੈ। ਜੇਕਰ ਕੋਈ ਪ੍ਰਾਣੀ ਇਸ ਨੂੰ ਗੁਰੂ ਦੇ ਮੁਕੰਮਲ ਦਰਸ਼ਨ ਸਮਝ ਕੇ ਅਗਲਾ ਕਦਮ ਪੁੱਟਣ ਤੋਂ ਸੰਕੋਚ ਕਰ ਲੈਂਦਾ ਹੈ ਤਾਂ ਨਿਰਸੰਦੇਹ ਉਹ ਗੁਰੂ ਦਰਸ਼ਨਾਂ ਤੋਂ ਵਾਝਾਂ ਹੀ ਰਹੇਗਾ। ਚੂੰਕਿ ਗੁਰੂ ਦੇ ਦਰਸ਼ਨ ਦੇ ਜਿਸ ਪਹਿਲੂ ਨਾਲ ਮਨੁੱਖ ਦੀ ਜਨਮ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਲਹਿੰਦੀ ਹੈ, ਇਸ ਦੇ ਮਨ ਦੀ ਭਟਕਣਾ ਆਦਿ ਮਿਟਦੀ ਹੈ, ਉਹ ਗੁਰੂ ਦਾ ਦਰਸ਼ਨ, ਗੁਰੂ ਉਪਦੇਸ਼ ਨੂੰ ਪੜ੍ਹਣਾ, ਸੁਣਨਾ ਅਤੇ ਹਿਰਦੇ ਵਿੱਚ ਧਾਰਨ ਕਰਨਾ ਹੈ। ਇਹ ਗੱਲ ਹੀ ਮਨੁੱਖ ਨੂੰ ਦ੍ਰਿੜ ਕਰਾਉਂਦਿਆਂ ਹਜ਼ੂਰ ਫ਼ਰਮਾਉਂਦੇ ਹਨ: ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (ਪੰਨਾ 669) ਅਰਥ: ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।

ਗੁਰੂ ਦੀ ਸ਼ਰਨ ਆਉਣ ਵਾਲੇ ਪ੍ਰਾਣੀ ਵਲੋਂ ਗੁਰੂ ਦੇ ਉਪਦੇਸ਼ ਨੂੰ ਪੜ੍ਹ ਸੁਣ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਇਹ ਸਿੱਖ ਵਲੋਂ ਗੁਰੂ ਦਰਸ਼ਨ ਲਈ ਪੁੱਟਿਆ ਹੋਇਆ ਅਗਲਾ ਕਦਮ ਅਥਵਾ ਗੁਰੂ ਦਰਸ਼ਨ ਦਾ ਰਹੱਸ ਹੈ। ਗੁਰੂ ਦੇ ਇਸ ਦਰਸ਼ਨ ਨਾਲ ਹੀ ਸਿੱਖ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ; ਗੁਰੂ ਦਾ ਇਹ ਦਰਸ਼ਨ ਕਰਕੇ ਹੀ ਇਨਸਾਨ ਮਨਮੁਖ ਤੋਂ ਗੁਰਮੁਖ ਬਣਦਾ ਹੈ। ਜਦ ਅਸੀਂ ਇਤਿਹਾਸ ਵਲ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਕੇਵਲ ਗੁਰੂ ਸਾਹਿਬ ਦੇ ਸਰੀਰ ਦੇ ਦਰਸ਼ਨ ਕੀਤੇ ਉਨ੍ਹਾਂ ਵਿਚੋਂ ਹੀ ਕਈਆਂ ਨੇ ਗੁਰੂ ਨਾਨਕ ਸਾਹਿਬ ਨੂੰ ਭੂਤਨਾ, ਕੁਰਾਹੀਆ ਆਦਿ ਆਖਣ ਤੋਂ ਵੀ ਸੰਕੋਚ ਨਹੀਂ ਕੀਤਾ, ਚੂੰਕਿ ਉਨ੍ਹਾਂ ਨੂੰ ਗੁਰੂ ਸਾਹਿਬ `ਚ ਕੋਈ ਕਿਸੇ ਤਰ੍ਹਾਂ ਦੀ ਵਿਸ਼ੇਸ਼ਤਾਈ ਨਜ਼ਰ ਨਹੀਂ ਆਈ। ਪਰ ਭਾਈ ਲਹਿਣਾ ਜੀ ਵਰਗਿਆਂ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝਿਆ, ਨੂੰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਪ੍ਰਤੱਖ ਰੂਪ ਨਜ਼ਰ ਆਏ। ਪ੍ਰਿਥੀ ਚੰਦ, ਧੀਰਮਲ ਗੁਰ ਸੰਤਾਨ ਸਨ; ਇਨ੍ਹਾਂ ਦੇ ਜੀਵਨ ਵਿੱਚ ਸਹਿਜ ਨਾ ਆਇਆ।

ਗਿਆਨ ਰੂਪੀ ਦਰਆਓ ਵਿੱਚ ਚੁੱਭੀ ਲਾ ਕੇ ਹੀ ਪ੍ਰਾਣੀ ਆਪਣੀ ਮਨ, ਮਤ, ਬੁਧ ਦੀ ਸੁੰਦਰ ਘਾੜਤ ਘੜਨ ਵਿੱਚ ਕਾਮਯਾਬ ਹੁੰਦਾ ਹੈ। ਜੇਕਰ ਸਰੀਰ ਦੇ ਦਰਸ਼ਨ ਕਰਨ ਨਾਲ ਇਹ ਸਭ ਕੁੱਝ ਵਾਪਰਦਾ ਹੁੰਦਾ ਤਾਂ ਗੁਰੂ ਸਾਹਿਬਾਨ ਦਾ ਵਿਰੋਧ ਕਰਨ ਵਾਲਿਆਂ ਵਿੱਚ ਘੱਟੋ ਘੱਟ ਉਨ੍ਹਾਂ ਲੋਕਾਂ ਦੀ ਸ਼ਮੂਲੀਅਤ ਨਾ ਹੁੰਦੀ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੂੰ ਦੇਖਣ ਦਾ ਮੌਕਾ ਮਿਲਿਆ। ਗੁਰੂ ਨਾਨਕ ਸਾਹਿਬ ਤਥਾ ਬਾਕੀ ਗੁਰੂ ਸਾਹਿਬਾਨ ਤੋਂ ਪ੍ਰਭਾਵਿਤ ਹੋ ਕੇ ਜੇਕਰ ਕੋਈ ਪ੍ਰਾਣੀ ਉਨ੍ਹਾਂ ਦੇ ਚਰਨੀ ਲਗਿਆ ਸੀ ਤਾਂ ਉਹ ਗੁਰੂ ਸਾਹਿਬ ਦੇ ਅੰਮ੍ਰਿਤਮਈ ਬਚਨ, ਉਨ੍ਹਾਂ ਦੇ ਕੰਮ, ਮਨੁੱਖਤਾ ਦੀ ਕਲਿਆਣ ਲਈ ਉਨ੍ਹਾਂ ਦਾ ਜਜ਼ਬਾ ਆਦਿ ਦੇਖ ਕੇ, ਨਾ ਕਿ ਮਹਿਜ਼ ਉਨ੍ਹਾਂ ਦੇ ਸਰੀਰਕ ਦੀਦਾਰ ਕਰਕੇ। ਸੱਜਨ ਠੱਗ ਜੇਕਰ ਸਹੀ ਅਰਥਾਂ ਵਿੱਚ ਸੱਜਨ ਬਣਿਆ ਤਾਂ ਉਹ ਗੁਰੂ ਸਾਹਿਬ ਦੇ ਸਰੀਰ ਦੇ ਦਰਸ਼ਨ ਕਰਕੇ ਹੀ ਨਹੀਂ ਸੀ ਬਣਿਆ। ਇਤਿਹਾਸ ਵਿੱਚ ਤਾਂ ਇਸ ਗੱਲ ਦਾ ਹੀ ਜ਼ਿਕਰ ਕੀਤਾ ਮਿਲਦਾ ਹੈ ਕਿ ਜਦ ਉਸ ਨੇ ਗੁਰੂ ਸਾਹਿਬ ਦਾ ਨੂਰਾਨੀ ਚੇਹਰਾ, ਚਮਕਦਾ ਹੋਇਆ ਮੱਥਾ ਦੇਖਿਆ ਤਾਂ ਉਸ ਨੇ ਸੋਚਿਆ ਕਿ ਗੁਰੂ ਸਾਹਿਬ ਕੋਈ ਬਹੁਤ ਹੀ ਧਨੀ ਵਿਅਕਤੀ ਹਨ। (ਹਜ਼ੂਰ ਧਨੀ ਅਵੱਸ਼ ਸਨ ਪਰ ਨਾਮ ਧਨ ਨਾ ਕਿ ਦੁਨਿਆਵੀ ਸੰਪਤੀ ਦੇ) ਗੁਰੂ ਸਾਹਿਬ ਬਾਰੇ ਇਹ ਸੋਚ ਕੇ ਉਹ ਉਸ ਘੜੀ ਦੀ ਉਡੀਕ ਬੜੀ ਬੇਸਬਰੀ ਨਾਲ ਕਰਨ ਲੱਗ ਪਿਆ ਸੀ ਜਦ ਉਹ ਹਜ਼ੂਰ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦਾ ਮਾਲ ਅਸਬਾਬ ਸੰਭਾਲ ਸਕੇ। ਪਰ ਜਦ ਉਸ ਨੇ ਸਤਿਗੁਰੂ ਜੀ ਦੇ ਪਵਿੱਤਰ ਮੁਖ਼ਾਰਬਿੰਦ `ਚੋਂ ਸ਼ਬਦ ਸੁਣਿਆ ਤਾਂ ਉਹ ਹਮੇਸ਼ਾ ਲਈ ਠੱਗੀ ਛੱਡ ਕੇ ਗੁਰਦੇਵ ਦਾ ਮੁਰੀਦ ਬਣ ਗਿਆ। ਇਸ ਤਰ੍ਹਾਂ ਉਹ ਸਾਰਿਆਂ ਦਾ ਹੀ ਸਹੀ ਅਰਥਾਂ ਵਿੱਚ ਸੱਜਣ ਬਣ ਗਿਆ। ਭਾਈ ਗੁਰਦਾਸ ਜੀ ਜਦ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਵਿਚਾਰ –ਚਰਚਾ ਦਾ ਵਰਣਨ ਕਰਦਿਆਂ ਹੋਇਆਂ ਫਿਰ ਇਹ ਲਿਖਦੇ ਹਨ ਕਿ ਅੰਤ ਵਿੱਚ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੀ ਮਹੱਤਾ ਨੂੰ ਸਵੀਕਾਰ ਕਰਦਿਆਂ ਹੋਇਆਂ, ਉਨ੍ਹਾਂ ਅੱਗੇ ਆਪਣਾ ਸੀਸ ਝੁਕਾਇਆ। ਇਹ ਚਮਤਕਾਰ ਕਿਵੇਂ ਵਾਪਰਿਆ, ਇਸ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਲਿਖਦੇ ਹਨ: ਸਬਦਿ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ। (ਭਾਈ ਗੁਰਦਾਸ, ਵਾਰ 1, ਪਉੜੀ 31) ਅਰਥ: ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਅਤੇ ਆਪਣਾ ਪੰਥ ਨਿਰਾਲਾ ਕਰਕੇ ਦਿਖਾ ਦਿੱਤਾ।

ਇਸ ਸ਼ਬਦ ਅਥਵਾ ਗਿਆਨ ਨਾਲ ਹੀ ਸਤਿਗੁਰੂ ਜੀ ਨੇ ‘ਗੜ ਬਗਦਾਦ ਨਿਵਾਇਕੈ ਮਕਾ ਮਦੀਨਾ ਸਭੇ ਨਿਵਾਇਆ। ਸਿਧ ਚਉਰਾਸੀਹ ਮੰਡਲੀ ਖਟਿ ਦਰਸਨਿ ਪਾਖੰਡਿ ਜਿਣਾਇਆ। ਪਾਤਾਲਾ ਆਕਾਸ ਲਖ ਜੀਤੀ ਧਰਤੀ ਜਗਤ੍ਰ ਸਬਾਇਆ। …ਹਿੰਦੂ ਮੁਸਲਮਾਣਿ ਨਿਵਾਇਆ।। (ਭਾਈ ਗੁਰਦਾਸ, ਵਾਰ 1, ਪਉੜੀ 37) ਕਾਅਬੇ ਵਿਖੇ ਕਾਜ਼ੀਆਂ ਨਾਲ ਵਿਚਾਰ ਚਰਚਾ ਕਰਦਿਆਂ ਹੋਇਆਂ, ਉਨ੍ਹਾਂ ਨੂੰ ਘਾਇਲ ਕੀਤਾ ਸੀ ਕਿ ਖ਼ੁਦਾ ਦਾ ਘਰ ਕੇਵਲ ਕਾਅਬਾ ਹੀ ਨਹੀਂ; ਉਹ ਖ਼ੁਦਾ ਤਾਂ ਜ਼ੱਰੇ ਜ਼ੱਰੇ ਵਿੱਚ ਮੌਜੂਦ ਹੈ, ਸਾਰੀਆਂ ਹੀ ਦਿਸ਼ਾਵਾਂ ਉਸ ਦਾ ਟਿਕਾਣਾ ਹਨ।

ਭਾਈ ਗੁਰਦਾਸ ਜੀ ਜਦ ਗੁਰੂ ਨਾਨਕ ਸਾਹਿਬ ਬਾਰੇ ਇਹ ਲਿਖਦੇ ਹਨ: ‘ਕਲਿ ਤਾਰਨ ਗੁਰੂ ਨਾਨਕ ਆਇਆ’ ਤਾਂ ਨਾਲ ਹੀ ਇਸ ਗੱਲ ਦਾ ਵਿਸ਼ੇਸ਼ ਤੌਰ `ਤੇ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਜੀ ਨੇ ਕਲਿ ਨੂੰ ਕਿਵੇਂ ਤਾਰਿਆ ਹੈ? ਉੱਤਰ ਵਿੱਚ ਭਾਈ ਸਾਹਿਬ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਗਿਲਾਨੀ (ਘਿਰਣਾ) ਵਾਲੇ ਭਾਵ ਤੋਂ ਉਪਰ ਉਠਾ ਕੇ, ਪ੍ਰਭੂ ਦੀ ਪ੍ਰੇਮਾ ਭਗਤੀ ਦ੍ਰਿੜ ਕਰਵਾ, ਬਹੁ ਪੂਜਾ ਤੋਂ ਵਰਜ ਕੇ ਇੱਕ ਅਕਾਲ ਪੁਰਖ ਦੇ ਲੜ ਲਾ ਕੇ ਵਾਹਿਗੁਰੂ ਦੀ ਏਕਤਾ ਦਰਸਾ, ਮਨੁੱਖਤਾ ਵਿੱਚ ਭਰਾਤ੍ਰੀ-ਭਾਵ ਕਾਇਮ ਕਰਕੇ ਨਿੰਮ੍ਰਤਾ ਆਦਿ ਧਰਮ ਤੇ ਤੱਤ ਸਮਝਾ ਕੇ, ਹਜ਼ੂਰ ਨੇ ਜੀਵਾਂ ਦਾ ਉਧਾਰ ਕੀਤਾ। ਇਹੀ ਸੀ ਸਤਿਨਾਮ ਰੂਪੀ ਮੰਤ੍ਰ ਜਿਸ ਦੁਆਰਾ ਗੁਰਦੇਵ ਨੇ ਮਨੁੱਖਤਾ ਦੀ ਕਲਿਆਣ ਕੀਤੀ ਅਥਵਾ ਇਨਸਾਨੀਅਤ ਨੂੰ ਮੁਕਤੀ ਦਾ ਹਮੇਸ਼ਾਂ ਲਈ ਰਹੱਸ ਸਮਝਾਇਆ: ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜਿ ਮੰਤ੍ਰੁ ਸੁਣਾਇਆ। (ਵਾਰ 1, ਪਉੜੀ 23)

ਚੂੰਕਿ ਗੁਰੂ ਦੇ ਦਰਸ਼ਨ ਨਾਲ ਹੀ ਸਿੱਖ ਦੇ ਜੀਵਨ ਵਿੱਚ ਪਰਿਵਰਤਨ ਆਉਂਦਾ ਹੈ, ਇਸ ਲਈ ਮਹਾਰਾਜ ਗੁਰੂ ਦੇ ਦਰਸ਼ਨ ਬਾਰੇ ਜੋ ਆਮ ਧਾਰਨਾ ਪ੍ਰਚਲਤ ਹੈ, ਉਸ ਦਾ ਖੰਡਨ ਕਰਦਿਆਂ ਹੋਇਆਂ ਸਪਸ਼ਟ ਕਰਦੇ ਹਨ ਕਿ ਜਿਸ ਸਰੀਰ ਦੁਆਰਾ ਇਹ ਸੱਚ ਦਾ ਪਰਕਾਸ਼ ਹੋਇਆ ਹੈ, ਉਸ ਦਾ ਦਰਸ਼ਨ ਕਰਨ ਨਾਲ ਕਦੇ ਵੀ ਕਿਸੇ ਨੂੰ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲੀ; ਮੁਕਤੀ ਕੇਵਲ ਉਨ੍ਹਾਂ ਨੂੰ ਹੀ ਮਿਲੀ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਭਾਵ ਉਪਦੇਸ਼ ਨੂੰ ਸੁਣ ਕੇ, ਹਿਰਦੇ ਵਿੱਚ ਵਸਾ ਕੇ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥ 1॥ (ਪੰਨਾ 594) ਅਰਥ: ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ।

ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ।

ਇਸ ਭਾਵ ਨੂੰ ਹੋਰ ਸਪਸ਼ਟ ਕਰਦਿਆਂ ਹੋਇਆਂ ਕਹਿੰਦੇ ਹਨ: ਗੁਰ ਕੈ ਸਬਦਿ ਬਨਾਵਹੁ ਇਹੁ ਮਨੁ॥ ਗੁਰ ਕਾ ਦਰਸਨੁ ਸੰਚਹੁ ਹਰਿ ਧਨੁ॥ (ਪੰਨਾ 377) ਅਰਥ: ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ। (ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।

ਗੁਰੂ ਦੇ ਸ਼ਬਦ ਦੇ ਵੀਚਾਰ ਰੂਪੀ ਦਰਸ਼ਨ ਕਰਨ ਵਾਲਿਆਂ ਤੋਂ ਹੀ ਕੁਰਬਾਨ ਹੁੰਦਿਆਂ ਮਹਾਰਾਜ ਫ਼ਰਮਾਉਂਦੇ ਹਨ: ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ॥ 1॥ ਰਹਾਉ॥ (ਪੰਨਾ 127) ਅਰਥ: ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ {ਗੁਰਬਾਣੀ} ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿੱਚ ਵਸਾਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ। 1. ਰਹਾਉ।

ਭਾਈ ਗੁਰਦਾਸ ਜੀ ਗੁਰੂ ਦੇ ਇਸ ਸਰੂਪ ਬਾਰੇ ਹੀ ਚਰਚਾ ਕਰਦਿਆਂ ਕਹਿੰਦੇ ਹਨ: ਸਤਿਗੁਰੁ ਸਤਿ ਸਰੂਪ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ। (ਵਾਰ 6, ਪਉੜੀ 19) ਅਰਥ: ਸਤਿਗੁਰੂ ਸਤਿ ਸਰੂਪ ਹੈ, ਧਿਆਨ ਦਾ ਮੁੱਢ ਹੈ ਇਸ ਮੂਰਤ ਨੂੰ ਗੁਰੂ ਆਗਿਆ ਵਿੱਚ ਵਿਚਰਨ ਵਾਲਾ ਗੁਰਸਿੱਖ ਜਾਣਦਾ ਹੈ।

ਜੇਕਰ ਸਿੱਖ ਅਜਿਹਾ ਦਰਸ਼ਨ ਕਰਨੋਂ ਅਸਮਰਥ ਰਿਹਾ ਤਾਂ ਉਸ ਬਾਰੇ ਇਉਂ ਆਖਿਆ ਗਿਆ ਹੈ: ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ॥ (ਪੰਨਾ 591) ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ।

ਗੁਰੂ ਦੇ ਅਜਿਹੇ ਦਰਸ਼ਨ ਨਾ ਕਰਨ ਵਾਲਿਆਂ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਹਾ ਹੈ: ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ॥ (ਪੰਨਾ 493)

ਸੋ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਦਰਸ਼ਨ ਤੋਂ ਭਾਵ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਤੋਂ ਹੀ ਨਹੀਂ ਹੈ ਬਲਕਿ ਇਸ ਦਾ ਭਾਵ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹ ਸੁਣ ਕੇ ਇਸ ਵਿੱਚ ਦਰਸਾਈ ਜੀਵਨ –ਜਾਚ ਨੂੰ ਅਪਣਾਉਣ ਤੋਂ ਹੈ। ਗੁਰੂ ਦੀ ਅਸਲ ਮੂਰਤਿ ਗੁਰੂ ਸ਼ਬਦ ਹੀ ਹੈ:- ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥ (ਭਾਈ ਗੁਰਦਾਸ ਜੀ, ਵਾਰ 24 ਪਉੜੀ 25) ਇਸ ਦਰਸ਼ਨ ਨਾਲ ਹੀ ਸਾਡੀ ਜਨਮਾਂ ਜਨਮਾਂਤਰਾਂ ਦੀ ਵਿਕਾਰਾਂ ਦੀ ਮੈਲ ਲਾਹ ਕੇ ਜੀਵਨ ਮੁਕਤ ਹੋ ਸਕੀਦਾ ਹੈ।

ਜਸਬੀਰ ਸਿੰਘ ਵੈਨਕੂਵਰ




.