.

ੴ ਸਤਿਗੁਰ ਪ੍ਰਸਾਦਿ

ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ

ਗੁਰੂ ਪਿਆਰੀ ਸਾਧਸੰਗਤ ਜੀ ਅੱਜ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਇਹ ਗੱਲ੍ਹ ਵਿਚਾਰਨ ਜਾ ਰਹੇਂ ਹਾਂ ਕਿ, ਕੀ ਬਿਨਾ ਸਮਝੇ ਗੁਰਬਾਣੀ ਦਾ ਪਾਠ ਕਰੀਂ ਜਾਣਾ ਗੁਰਮਤ ਹੈ?

ਗੁਰਬਾਣੀ ਦਾ ਪਾਵਨ ਫੁਰਮਾਨ ਹੈ

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ॥

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ (੫੯੪)

ਗੁਰੂ ਸਾਹਿਬ ਸਾਨੂੰ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਇਸ ਸੰਸਾਰ ਵਿੱਚ ਸਾਰੇ ਜੀਵ ਗੁਰੂ ਦੇ ਦਰਸ਼ਨ ਕਰਦੇ ਹਨ। ਪਰ ਨਿਰਾ ਦਰਸ਼ਨ ਕੀਤਿਆਂ ਕਰਮਕਾਂਡਾ, ਪਾਖੰਡਾ, ਵਹਿਮਾ ਭਰਮਾ ਤੋਂ ਮੁਕਤੀ ਨਹੀ ਮਿਲਦੀ, ਜਦ ਤੱਕ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਨਹੀ ਕਰਦਾ ਤੇ ਉਸ ਉੱਤੇ ਨਹੀ ਚਲਦਾ। ਕਿਉਂਕਿ ਸ਼ਬਦ ਦੀ ਵਿਚਾਰ ਤੋਂ ਬਿਨਾ ਅਹੰਕਾਰ ਰੂਪੀ ਮਨ ਦੀ ਮੈਲ ਨਹੀ ਉਤਰਦੀ ਤੇ ਨਾਮ ਰੂਪੀ ਸ਼ੁਭ ਗੁਣਾ ਨਾਲ ਸਾਂਝ ਨਹੀ ਪੈਂਦੀ।

ਗੁਰਦੁਆਰੇ ਵਿੱਚ ਸੇਵਾ ਕਰਕੇ ਤਾਂ ਸਾਡੇ ਵਿੱਚ ਨਿਮਰਤਾ ਆਉਣੀ ਚਾਹੀਦੀ ਸੀ, ਪਰ ਉਲਟਾ ਅੱਜ ਅਸੀਂ ਇਸ ਗੱਲ੍ਹ ਦਾ ਹੀ ਅਹੰਕਾਰ ਕਰ ਰਹੇ ਹਾਂ ਕਿ ਸਾਨੂੰ ਸੇਵਾ ਕਰਦੇ ਵੀਹ ਜਾ ਤੀਹ ਸਾਲ ਹੋ ਗਏ ਨੇ। ਸਾਡੇ ਵਿੱਚ ਹਉਮੈ ਏਨੀ ਵੱਧ ਗਈ ਹੈ ਕਿ ਜੇ ਕੋਈ ਛੋਟੀ ਉਮਰ ਦਾ ਨੌਜਵਾਨ ਸਾਨੂੰ ਆ ਕੇ ਕਹੇ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਮਨਮਤ ਹੈ ਤਾਂ ਭਾਵੇਂ ਅਸੀਂ ਗਲਤ ਹੀ ਹੋਈਏ ਪਰ ਅਸੀਂ ਉਲਟਾ ਉਸਨੂੰ ਇਹ ਕਹਿ ਕੇ ਦਬਾ ਦਿੰਦੇ ਹਾਂ ਕਿ ਤੂੰ ਕੱਲ ਦਾ ਮੁੰਡਾ ਏਨੀ ਤੇਰੀ ਉਮਰ ਨਹੀ ਜਿਨਾ ਚਿਰ ਸਾਨੂੰ ਸੇਵਾ ਕਰਦੇ ਹੋ ਗਿਆ ਹੈ। ਤੇ ਉਸ ਗੁਰਦੁਆਰੇ ਤੇ ਕਾਬਜ਼ ਮਹੰਤ, ਬੁਰਸ਼ਾਗਰਦ ਪ੍ਰਬੰਧਕ ਤੇ ਆਪੁ ਬਣੇ ਪ੍ਰਧਾਨ ਉਪਰੋਂ ਇਕਠੇ ਹੋ ਕੇ ਉਸ ਨੌਜਵਾਨ ਨੂੰ ਕੁੱਟਣ ਤੱਕ ਵੀ ਪਹੁੰਚ ਜਾਂਦੇ ਹਨ। ਅੱਜ ਅਸੀਂ ਰੱਬੀ ਗੁਣਾ ਤੋਂ ਸਖਣੇ ਹੁੰਦੇ ਜਾ ਰਹੇ ਹਾਂ, ਹੰਕਾਰ ਸਾਡੇ ਵਿੱਚ ਵਧਦਾ ਹੀ ਜਾ ਰਿਹਾ ਹੈ ਤੇ ਅਸੀ ਬਿਨਾ ਗੁਣਾ ਤੋਂ ਹੀ ਹੰਕਾਰ ਕਰ ਰਹੇ ਹਾਂ। ਗੁਰੂ ਸਾਹਿਬ ਏਹੋ ਜਿਹੇ ਮਨੁੱਖਾ ਨੂੰ ਖੋਤੇ ਕਹਿ ਰਹੇ ਹਨ ਜਿਹੜੇ ਗੁਣਾ ਤੋਂ ਬਿਨਾ ਹੀ ਹੰਕਾਰ ਕਰਦੇ ਹਨ। ਗੁਰਬਾਣੀ ਦਾ ਪਾਵਨ ਫੁਰਮਾਨ ਹੈ

ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ (੧੨੪੬)

ਅਸੀਂ ਗੁਰਬਾਣੀ ਨੂੰ ਸਿਰਫ ਇੱਕ ਮੰਤਰ ਜਾਪ ਦੀ ਤਰਾਂ ਰਟੀਂ ਜਾ ਰਹੇ ਹਾਂ ਤੇ ਗੁਰਬਾਣੀ ਵਿਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜੇ ਕੋਈ ਵਿਦਵਾਨ ਕਥਾਵਾਚਕ ਸਾਨੂੰ ਗੁਰਬਾਣੀ ਵਿਚਾਰ ਕਰਨ ਲਈ ਕਹੇ, ਤਾਂ ਅਸੀਂ ਇਹ ਕਹਿ ਕੇ ਪਿੱਛਾ ਛੁਡਾ ਲੇਨੇ ਹਾਂ ਕਿ ਗੁਰਬਾਣੀ ਤਾਂ ਅਗਾਧ – ਬੋਧ ਹੈ ਇਸਨੂੰ ਤਾਂ ਕੋਈ ਸਮਝ ਹੀ ਨਹੀ ਸਕਦਾ। ਗੁਰਬਾਣੀ ਵਿਚਾਰ ਦੀ ਘਾਟ ਹੋਣ ਕਰਕੇ ਸਾਡੇ ਵਿੱਚੋ ਸ਼ੁਭ ਗੁਣ ਖਤਮ ਹੁੰਦੇ ਜਾ ਰਹੇ ਹਨ ਤੇ ਅਸੀਂ ਛੋਟੀ – ਛੋਟੀ ਗੱਲ ਤੇ ਖਿਝ ਜਾਂਦੇ ਹਾਂ, ਲੜਨ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਨੇ ਹਾਂ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਬਿਨਾ ਵਿਚਾਰੇ ਧਾਰਮਿਕ ਗ੍ਰੰਥਾ ਨੂੰ ਪੜਨ ਦਾ ਕੋਈ ਫਾਇਦਾ ਨਹੀ, ਕਿਉਂਕਿ ਵਿਚਾਰ ਤੋਂ ਬਿਨਾ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ, ਸਹਿਜ (ਆਤਮਕ ਅਡੋਲਤਾ) ਨਹੀ ਆ ਸਕਦਾ। ਗੁਰਬਾਣੀ ਦਾ ਪਾਵਨ ਫੁਰਮਾਨ ਹੈ

ਕਿਆ ਪੜੀਐ ਕਿਆ ਗੁਨੀਐ॥

ਕਿਆ ਬੇਦ ਪੁਰਾਨਾਂ ਸੁਨੀਐ॥

ਪੜੇ ਸੁਨੇ ਕਿਆ ਹੋਈ॥

ਜਉ ਸਹਜ ਨ ਮਿਲਿੳ ਸੋਈ॥ (੬੫੫)

ਆੳ ਅਸੀਂ ਸਾਰੇ ਹੁਣ ਤੋਂ ਹੀ ਇਕਠੇ ਹੋ ਕੇ ਆਪਣੇ ਪਰਵਾਰ ਨਾਲ, ਗੁਰਸਿੱਖ ਵੀਰਾਂ ਤੇ ਭੈਣਾ ਨਾਲ ਮਿਲ ਕੇ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਤੀਤ ਕਰੀਏ। ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (੧੧੮੫)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਹਰਮਨਪ੍ਰੀਤ ਸਿੰਘ

(0064) 277492976
.