.

ਬਾਬਾ ਨਾਨਕ ਜਗਤ ਤਾਰਕ ਨਾ ਕਿ ਮਦਾਰੀ

ਸਨ 2007 ਵਿੱਚ ਸ਼ਹੀਦ ਸ੍ਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਪਾਕਿਸਤਾਨ ਸਰਕਾਰ ਵਲੋਂ ਵੀ ਸਰਕਾਰੀ ਪੱਧਰ ਤੇ ਮਨਾਈ ਗਈ ਸੀ ਜਿਸਦਾ ਸਾਰਾ ਬੰਦੋਬਸਤ ਤੇ ਪ੍ਰੋਗਰਾਮ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੋਰ ਵਲੋਂ ਉਲੀਕਿਆ ਗਿਆ ਸੀ। ਫੋਰਮ ਵਲੋਂ ਇਸ ਦੇ ਸੰਬਧ ਵਿੱਚ ਸੇਮੀਨਾਰ ਤੇ ਮੁਸ਼ਾਇਰ੍ਹਾ ਕੀਤਾ ਗਿਆ ਸੀ। ਫੋਰਮ ਵਲੋਂ ਉਕਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਮੈਨੂੰ ਵੀ ਸੱਦਾ ਮਿਲਿਆ। ਸਿੱਖ ਕੋਮ ਦੀ ਚੜ੍ਹਦੀ ਕਲਾ ਲਈ ਤਤਪਰ ਜਥੇਬੰਦੀਆਂ ਵਾਂਗੂ ਮੇਰੀ ਵੀ ਕੋਸਿਸ਼ ਹੁੰਦੀ ਹੈ ਕਿ ਕਿਸੇ ਵੀ ਉਸ ਮੋਕੇ ਨੂੰ ਨਾਂ ਖੁੰਜਾਇਆ ਜਾਏ ਜਿੱਥੇ ਸਿੱਖ ਕੋਮ ਦੀ ਗਲ ਕੀਤੀ ਜਾ ਸਕਦੀ ਹੋਵੇ। ਤਕਰੀਬਨ ਹਰ ਫਿਲਮਕਾਰ ਜਾਂ ਕਹਾਣੀਕਾਰ ਵਲੋਂ ਭਗਤ ਸਿੰਘ ਨੂੰ ਘੋਨ ਮੋਨ ਹੀ ਸਾਬਤ ਕਰਨ ਦੀ ਕੋਸਿਸ਼ ਕੀਤੀ ਹੈ। ਖੈਰ ਸੇਮੀਨਾਰ ਵਿੱਚ ਸ਼ਾਮਲ ਹੋਣ ਦਾ ਮੇਰਾ ਮਕਸਦ ਸਿਰਫ ਏਨਾ ਕੁ ਸੀ ਕਿ ਮੈਂ ਦਸ ਸਕਾਂ ਸ੍ਰ ਭਗਤ ਸਿੰਘ ਨੇ ਆਪਣੇ ਅਖਰੀ ਸਮੇ ਭਾਈ ਰਣਧੀਰ ਸਿੰਘ ਜੀ ਦੇ ਸਮਝਾਣ ਨਾਲ ਪਤਤਿ ਹੋਣ ਦੀ ਜੋ ਗਲਤੀ ਕੀਤੀ ਸੀ ਲਈ ਮਾਫੀ ਮੰਗੀ ਤੇ ਸਿੱਖੀ ਨੂੰ ਮੁੜ ਤੋਂ ਧਾਰਣ ਕਰ ਲਿਆ ਸੀ ਅਤੇ ਮੈਂ ਉਸ ਵਿੱਚ ਕੁੱਝ ਹਦ ਤਕ ਕਾਮਯਾਬ ਵੀ ਰਿਹਾ। ਇਸ ਸੇਮੀਨਾਰ ਤੋਂ ਬਾਅਦ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੋਰ ਵਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਸਾਰੇ ਡੈਲੀਗੇਸ਼ਨ ਨੂੰ ਸ੍ਰ ਭਗਤ ਸਿੰਘ ਦੇ ਪਿੰਡ ਚੱਕ 105 ਲਾਇਲਪੁਰ ਵੀ ਲੈਕੇ ਗਏ। ਵਾਪਸੀ ਤੇ ਅਸੀਂ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਹੋ ਕੇ ਲਾਹੋਰ ਆਏ। ਨਨਕਾਣਾ ਸਾਹਿਬ ਪਹੁੰਚਦਿਆਂ ਨੂੰ ਸਾਨੂੰ ਰਾਤ ਦੇ ਕਰੀਬ 11 ਵੱਜ ਗਏ। ਭਾਂਵੇ ਸੁਖਆਸਣ ਹੋ ਚੁੱਕਾ ਸੀ ਫਿਰ ਸਾਰੇ ਓਥੇ ਹੀ ਮੱਥਾ ਟੇਕ ਕੇ ਬੈਠ ਗਏ ਤੇ ਓਥੇ ਦੇ ਇੱਕ ਗ੍ਰੰਥੀ/ਸੇਵਾਦਾਰ ਨੇ ਗੁਰੂ ਸਾਹਿਬ ਨਾਲ ਸਬੰਧਤ ਇਤਹਾਸ ਸਨਾਉਣਾ ਸ਼ੁਰੂ ਕੀਤਾ ਜਦੋਂ ਗਲ ਬਾਬਾ ਨਾਨਕ ਜੀ ਦੇ ਬਚਪਨ ਨਾਲ ਸਬੰਧਤ ਗੁਰਦਵਾਰਾ ਬਾਲ ਲੀਲਾ ਤੇ ਪਹੁੰਚੀ ਤੇ ਓਹ ਕਹਿਣ ਲੱਗਾ ਕਿ ਬਾਬਾ ਜੀ ਤੇ ਨਾਲ ਹੋਰ ਵੀ ਕਾਫੀ ਬੱਚੇ ਖੇਡਾਂ ਖੇਡਿਆ ਕਰਦੇ ਸਨ ਤੇ ਇਹਨਾਂ ਬੱਚਿਆ ਨੇ ਮਿੱਟੀ ਦੀਆਂ ਮਠਿਆਈਆਂ ਵਰਗੀਆਂ ਚੀਜਾਂ ਬਨਾੳਣੀਆਂ ਤੇ ਬਾਬਾ ਨਾਨਕ ਜੀ ਨੇ ਅੱਖਾਂ ਮ੍ਹੀਟ ਕੇ ਓਹਨਾ ਉਪਰ ਹਥ ਫੇਰਨਾ, ਬਸ ਵਧੀਆ ਵਧੀਆ ਮਠਿਆਈਆਂ ਬਣ ਜਾਣੀਆਂ ਲੋਕਾਂ ਨੇ ਕਿਹਣਾਂ ਕਿ ਏਨੀਆਂ ਵਧੀਆ ਮਠਿਆਈਆਂ ਤੇ ਅੱਜ ਤਕ ਅਸੀਂ ਖਾਧੀਆਂ ਹੀ ਨਹੀਂ। ਉਸ ਦੀ ਇਸ ਤਰ੍ਹਾਂ ਦੀ ਕਹਾਣੀ ਸੁਣਕੇ ਮਨ ਨੂੰ ਬੜੀ ਠੇਸ ਪਹੁਂਚੀ ਕਿਉਂਕਿ ਏਹ ਬਾਬੇ ਨਾਨਕ ਦੇ ਅਸੂਲਾਂ ਦੀ ਤੋਹੀਨ ਹੋ ਰਹੀ ਸੀ ਗੁਰਮਤਿ ਦੀਆਂ ਧੱਜੀਆਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਵਲੋਂ ਉਡਾਈਆਂ ਜਾ ਰੱਹੀਆਂ ਸਨ। ਜਿਸ ਥਾਂ ਤੋ ਬਾਬਾ ਨਾਨਕ ਜੀ ਨੇ ਪਖੰਡ, ਵਿਹਮ, ਭਰਮਾ, ਕਰਾਮਾਤਾਂ ਤੋਂ ਵਰਜਿਆ ਸੀ ਅੱਜ ਉਸੇ ਥਾਂ ਤੋਂ ਉਸੇ ਬਾਬਾ ਨਾਨਕ ਨੂੰ ਮਦਾਰੀ ਬਣਾ ਕੇ ਪੇਸ਼ ਕੀਤਾ ਜਾ ਰਿਹੈ। ਦਰਅਸਲ ਇਸ ਵਿੱਚ ਇਹਨਾ ਦਾ ਵੀ ਕੋਈ ਬਹੁਤਾ ਕਸੂਰ ਨਹੀ, ਭਾਰਤ ਤੋਂ ਜਿਹੜੇ ਗੋਲ ਪਗਾਂ ਵਾਲੇ ਚਿਮਟਾ ਬ੍ਰਗੇਡ ਬਾਬੇ ਜਾਂਦੇ ਹਨ ਤੇ ਓਹਨਾ ਪਾਸੋਂ ਜੋ ਇਹ ਸੁਣਦੇ ਹਨ ਅਗੇ ਓਹੀ ਸੁਣਾ ਦਿੰਦੇ ਹਨ, ਨਾ ਤੇ ਚਜ ਨਾਲ ਗੁਰਬਾਣੀ ਨੂੰ ਕੋਈ ਪੜ੍ਹਦਾ ਤੇ ਨਾ ਹੀ ਵੀਚਾਰਦਾ ਹੈ ਫਿਰ ਬਾਬੇ ਦਾ ਸੱਚ ਇਹਨਾ ਨੂੰ ਕਿਥੋਂ ਸਮਝ ਆਵੇ, ਖੈਰ ਮੈ ਭਾਈ ਸਾਹਬ ਨੂੰ ਟੋਕ ਕੇ ਕਿਹਾ ਕਿ ਮੈਂ ਕੁੱਝ ਕਿਹਣਾਂ ਹੈ, ਗੁਰਬਾਣੀ ਦਾ ਫੁਰਮਾਨ ਹੈ।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥
ਭਾਈ ਸਾਹਬ ਜੀ ਜੇ ਤੁਸੀ ਹੀ ਏਹੋ ਜੇਹੀਆਂ ਗੱਲਾ ਕਰੋਗੇ ਤੇ ਫਿਰ ਆਮ ਆਦਮੀ ਦਾ ਕੀ ਹੋਏਗਾ, ਮੈਂ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੋ ਭਾਈ ਸਾਹਬ ਨੇ ਕਿਹਾ ਹੈ ਉਸ ਨੂੰ ਆਪਣੇ ਨਾਲ ਨਾ ਲੈਕੇ ਜਾਇਓ ਕ੍ਰਿਪਾ ਕਰਕੇ ਏਥੇ ਹੀ ਛੱਡ ਦੇਣਾ ਕਿਉਂਕਿ ਮੇਰਾ ਗੁਰੁ ਨਾਨਕ ਕੋਈ ਮਦਾਰੀ ਨਹੀ ਸੀ ਜੋ ਕੌਲੀ ਹੇਠੋਂ ਚੀਜਾਂ ਗਾਇਬ ਕਰ ਦਿੰਦਾ ਹੈ ਬਦਲ ਦਿੰਦਾ ਹੈ ਜਾਂ ਪੈਦਾ ਕਰ ਦਿੰਦਾ ਹੈ। ਮਦਾਰੀ ਵੀ ਜੋ ਕੁੱਝ ਕਰਦਾ ਹੈ ਪੈਸੇ ਧੇਲੇ ਦੀ ਖਾਤਰ ਹੀ ਕਰਦਾ ਹੈ ਜੇ ਸਚਮੁਚ ਉਸ ਵਿੱਚ ਇਹ ਸਭ ਕੁੱਝ ਕਰਨ ਦੀ ਸ਼ਕਤੀ ਹੋਵੇ ਤੇ ਉਸ ਨੂੰ ਮੰਗਣ ਦੀ ਕੀ ਲੋੜ ਹੈ ੳਹ ਆਪਣੀ ਜਰੂਰਤ ਦੀਆਂ ਵਸਤੂਆਂ ਏਸੇ ਤਰ੍ਹਾਂ ਹੀ ਪੈਦਾ ਕਰ ਲਵੇਗਾ। ਵੱਡੇ ਵੱਡੇ ਜਾਦੂਗਰ ਜੋ ਹਾਥੀ, ਜ਼ਹਾਜ ਤੇ ਹੋਰ ਕਈ ਤਰ੍ਹਾਂ ਦੀਆਂ ਚੀਜਾਂ ਗਾਇਬ ਕਰਦੇ ਤੇ ਪੈਦਾ ਕਰਦੇ ਹਨ ਆਪਣਾ ਸ਼ੋਅ ਮਿਂਹਗੀਆਂ ਟਿਕਟਾਂ ਵੇਚ ਕੇ ਵਖਾਉਂਦੇ ਹਨ ਤੇ ਆਪਣੀਆਂ ਲੋੜਾਂ ਟਿਕਟਾਂ ਤੋਂ ਹੋਈ ਕਮਾਈ ਨਾਲ ਪੂਰੀਆਂ ਕਰਦੇ ਹਨ।
ਬਾਬੇ ਨਾਨਕ ਜੀ ਦਾ ਸਿੱਖਾਂ ਵਾਸਤੇ ਪਿਹਲਾ ਉਪਦੇਸ਼ ਇਹ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਜਿਵੇਂ ਕਿ ਗੁਰਵਾਕ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ 1॥ (ਪੰਨਾ 1245)
ਅਗਰ ਬਾਬਾ ਨਾਨਕ ਜੀ ਸਚਮੁਚ ਹੀ ਅੱਖਾਂ ਮ੍ਹੀਟ ਕੇ ਤੇ ਹਥ ਫੇਰ ਕੇ ਵਸਤੂਆਂ ਬਣਾਉਂਦੇ ਹੁੰਦੇ ਤੇ ਉਨ੍ਹਾਂ ਦਾ ਉਪਦੇਸ਼ ਹੋਣਾ ਸੀ, ਹੱਥ ਫੇਰੋ ਜਿਨਸ ਪੈਦਾ ਕਰੋ, ਡਕਾਰ ਮਾਰੋ ਤੇ ਅਰਾਮ ਕਰੋ। ਅਕਾਲ ਪੁਰਖ ਨੇ ਸਭ ਵਾਸਤੇ ਕਿਰਤ ਬਣਾਈ ਹੈ, ਧਰਤੀ ਹੇਠ ਕੱਚਾ ਲੋਹਾ ਪੈਦਾ ਕੀਤਾ ਹੈ ਲੋਹਾਰ ਉਸ ਤੋਂ ਔਜ਼ਾਰ, ਮਸ਼ੀਨਾਂ, ਗੱਡੀਆਂ ਕਾਰਾਂ ਬਣਾਉਂਦਾ ਇਹ ਲੋਹਾਰ ਦੀ ਕਿਰਤ ਹੋ ਗਈ ਅਕਾਲ ਪੁਰਖ ਨੇ ਧਰਤੀ ਹੇਠ ਸੋਨਾਂ ਪੈਦਾ ਕੀਤਾ ਹੈ ਗਹਿਣੇ ਤੇ ਹੋਰ ਵਸਤੂਆਂ ਬਣਾਉਣ ਨਾਲ ਸੁਨਿਆਰੇ ਦੀ ਕਿਰਤ ਬਣ ਗਈ ਧਰਤੀ ਤੇ ਅਕਾਲ ਪੁਰਖ ਨੇ ਲੱਕੜ ਦੇ ਰੂਪ ਵਿੱਚ ਦਰੱਖਤ ਬਣਾਏ ਹਨ, ਦਰਵਾਜੇ ਖਿੜਕੀਆਂ ਬਣਾਉਣ ਨਾਲ ਤਰਖਾਣ ਦੀ ਕਿਰਤ ਬਣ ਗਈ ਕਿਸਾਨ ਧਰਤੀ ਵਿੱਚ ਬੀਜ਼ ਬੀਜ਼ਦਾ ਹੈ ਤੇ ਅੱਨ ਉਗਾਂਦਾ ਹੈ ਇਹ ਕਿਸਾਨ ਦੀ ਕਿਰਤ ਬਣ ਗਈ। ਕਹਾਵਤ ਹੈ “ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ” ਤੇ ਫਿਰ ਸਿੱਖਾਂ ਨੇ ਕੀ ਕਰਨਾ ਸੀ ਜਦੋਂ ਦਿਲ ਕੀਤਾ ਨਵੀਂ ਨਕੋਰ ਗੱਡੀ ਪੈਦਾ ਕਰਦੇ। ਟਰਕ, ਬਸ ਮਸ਼ੀਨਾ ਜਹਾਜ਼ ਯਾਨੀ ਕਿ ਜੋ ਦਿਲ ਕੀਤਾ ਬਸ ਅੱਖ ਦੇ ਫੋਰ ਨਾਲ ਤਿਆਰ ਨਾ ਕੋਈ ਵਿਗਆਨੀ ਹੋਣਾ ਸੀ ਨਾ ਕੋਈ ਮਿਸਤਰੀ ਤੇ ਸੰਸਾਰ ਕਦੋਂ ਦਾ ਮੁਕ ਗਿਆ ਹੁੰਦਾ। ਹੋ ਸਕਦਾ ਮੇਰੀ ਗਲ ਭਾਈ ਸਾਹਬ ਨੂੰ ਚੰਗੀ ਨਾ ਲੱਗੀ ਹੋਵੇ ਪਰ ਸੰਗਤ ਨੇ ਉਸ ਨੂੰ ਮਨਿਆਂ।
ਦਰਅਸਲ ਕਈ ਪ੍ਰਚਾਰਕ ਏਸੇ ਤਰ੍ਹਾਂ ਦੀਆਂ ਕਹਾਣੀਆਂ ਸਣਾਉਂਦੇ ਹਨ ਕਿ ਬਾਬਾ ਨਾਨਕ ਜੀ ਏਨੇ ਕਰਾਮਾਤੀ ਸਨ ਕਿ ਬਸ ਅਖਾਂ ਮ੍ਹੀਟ ਕੇ ਜਿਥੇ ਮਰਜੀ ਪਹੁਂਚ ਜਾਂਦੇ ਸਨ, ਭੈਣ ਨਾਨਕੀ ਨੇ ਫੁਲਕਾ ਪਕਾਇਆ ਤੇ ਵੀਰ ਨਾਨਕ ਨੂੰ ਯਾਦ ਕੀਤਾ ਬਾਬਾ ਜੀ ਝਟ-ਪਟ ਪਹੁਂਚ ਗਏ। ਕਾਰਣ ਸਿਰਫ ਏਨਾਂ ਹੈ ਕਿ ਹਿੰਦੂ ਦੇਵਤਾ ਹਨੂਮਾਨ ਉਡ ਕੇ ਜਾ ਸਕਦਾ ਹੈ ਸਾਡਾ ਬਾਬਾ ਕਿਸੇ ਤੋਂ ਘਟ ਕਿਵੇਂ ਹੋ ਸਕਦਾ ਹੈ। ਜਦਕਿ ਅਸੀਂ ਬਾਬੇ ਨਾਨਕ ਦੀ ਵਡਿਆਈ ਨਹੀਂ ਤੋਹੀਨ ਕਰ ਰਹੇ ਹੁੰਦੇ ਹਾਂ। ਅਗਰ ਸਚਮੁਚ ਏਦਾਂ ਹੀ ਹੁੰਦਾ ਤੇ ਕੀ ਲੋੜ ਸੀ ਬਾਬਾ ਜੀ ਨੂੰ ਹਜ਼ਾਰਾਂ ਮੀਲ ਪੈਦਲ ਯਾਤਰਾ ਕਰਨ ਦੀ ਬਸ ਸਵੇਰੇ ਘਰੋਂ ਪ੍ਰਸ਼ਾਦਾ ਛਕਦੇ ਅੱਖਾਂ ਮ੍ਹੀਟ ਕੇ ਮੱਕੇ ਪੁਹਂਚ ਜਾਂਦੇ ਤੇ ਰਾਤ ਦੀ ਰੋਟੀ ਫੇਰ ਘਰ ਛਕਦੇ ਨਾਲ ਘਰ ਦੇ ਅਰਾਮ ਵਰਗੀ ਰੀਸ ਥੋੜੀ ਹੋ ਸਕਦੀ ਹੈ, ਫਿਰ ਅਗਲੇ ਦਿਨ ਨਾਸ਼ਤਾ ਕਰਦੇ ਅਖਾਂ ਮ੍ਹੀਟ ਕੇ ਪਹੁਂਚ ਜਾਂਦੇ ਸ਼੍ਰੀ ਲੰਕਾ, ਫੇਰ ਤੇ ਅਮਰੀਕਾ ਕਨੇਡਾ ਦਾ ਦੌਰਾ ਵੀ ਹੋ ਜਾਣਾਂ ਸੀ ਬਸ ਏਸੇ ਤਰ੍ਹਾਂ ਨਾਲ ਚੱਲੀ ਜਾਂਣਾ ਸੀ, ਪਰ ਨਹੀ ਗੁਰੂ ਨਾਨਕ ਜੀ ਨੇ ਕੋਈ ਐਸਾ ਕੰਮ ਨਹੀ ਕੀਤਾ ਜਿਹੜਾ ਵਿਗਆਨਕ ਕਸੋਟੀ ਤੇ ਪੂਰਾ ਨਾ ਉਤਰਦਾ ਹੋਵੇ। ਹਰ ਸਿੱਖ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਵੀ ਬਾਬੇ ਨਾਨਕ ਨਾਲ ਪੁੱਠੀਆਂ ਸਿਧੀਆਂ ਕਹਾਣੀਆਂ ਜੋੜ ਕੇ ਸਣਾਏ ਉਸ ਨੂੰ ਉਸੇ ਵੇਲੇ ਰੋਕ ਦਿੱਤਾ ਜਾਵੇ ਜੋ ਸਾਡਾ ਸਭ ਦਾ ਫਰਜ਼ ਵੀ ਹੈ ਤੇ ਡੀਊਟੀ ਵੀ, ਭੁਲ ਚੁਕ ਲਈ ਖਿਮਾ, ਗੁਰ ਫਤਿਹ॥
ਗੁਰਦੇਵ ਸਿੰਘ ਬਟਾਲਵੀ
9417270965
.