.

ਤੀਰਥ ਯਾਤਰਾ – ਕਿਹੜੀ ਤੇ ਕਿੱਦਾਂ?

ਰਾਮ ਸਿੰਘ, ਗ੍ਰੇਵਜ਼ੈਂਡ

ਹਰ ਧਰਮ ਵਿੱਚ ਅਪਣੇ ਅਪਣੇ ਧਰਮ ਦੇ ਮਿਥੇ ਪਵਿੱਤਰ ਅਸਥਾਨਾਂ ਦੀ ਯਾਤਰਾ ਧਰਮ ਨਾਲ ਸੰਬੰਧਤ ਲੋਕ ਕਰਦੇ ਆ ਰਹੇ ਹਨ। ਦੂਸਰੇ ਧਰਮਾਂ ਦੇ ਅਤੇ ਹੋਰ ਲੋਕ ਭੀ ਉਨ੍ਹਾਂ ਅਸਥਾਨਾਂ ਦੀ ਯਾਤਰਾ ਕਰਨ ਜਾਂਦੇ ਹਨ। ਪਰ ਦੋਹਾਂ ਤਰਾਂ ਦੇ ਲੋਕਾਂ ਦੀ ਯਾਤਰਾ ਦੇ ਮੰਤਵ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹ ਅੰਤਰ ਕੀ ਹੈ, ਭਾਵ ਕਿਨ੍ਹਾਂ ਕਿਨ੍ਹਾਂ ਭਾਵਨਾਵਾਂ ਨਾਲ ਇਹ ਯਾਤਰਾ ਕੀਤੀ ਜਾਂਦੀ ਹੈ ਅਤੇ ਕਿੱਥੇ ਤੱਕ ਇਹ ਯਾਤਰਾ ਉਨ੍ਹਾਂ ਭਾਵਨਾਵਾਂ ਤੇ ਠੀਕ ਉਤਰਦੀ ਹੈ ਇਸ ਲੇਖ ਦਾ ਉਦੇਸ਼ ਹੈ।
ਵਿਸਥਾਰ ਵਿੱਚ ਲਿਖਣ ਤੋਂ ਪਹਿਲਾਂ ਸੰਖੇਪ ਵਿੱਚ ਤੀਰਥ ਅਸਥਾਨਾਂ ਤੇ ਜਾਣ ਦੇ ਵੱਖ ਵੱਖ ਕਾਰਨਾਂ ਬਾਰੇ ਡਾਕਟਰ ਗੋਬਿੰਦ ਸਿੰਘ ਮਨਸੁਖਾਨੀ ਜੀ ਵਲੋਂ ਦਰਸਾਏ ਵਿਚਾਰ ਕਾਫੀ ਲਾਹੇਵੰਦ ਰਹਿਣਗੇ। “ਕਈ ਤਾਂ ਧਾਰਮਿਕ ਮਰਯਾਦਾ ਸਮਝਕੇ, ਪਰ ਕਈ ਦਿਖਾਵੇ ਲਈ, ਕਈ ਨਿਰੇ ਮੌਜ ਮੇਲੇ ਲਈ ਤੇ ਕਈ ਹੋਰ ਨਿੱਤ ਦੇ ਜੀਵਨ ਦੇ ਝੰਮੇਲਿਆਂ ਤੋਂ ਛੁਟਕਾਰਾ ਪਾਉਣ ਲਈ ਤੀਰਥ ਅਸਥਾਨਾਂ ਤੇ ਜਾਂਦੇ ਹਨ। ਕਈਆਂ ਨੂੰ ਇਹ ਤਸੱਲੀ ਹੁੰਦੀ ਹੈ ਕਿ ਪਵਿੱਤਰ ਅਸਥਾਨਾਂ ਤੇ ਜਾ ਕੇ ਉਨ੍ਹਾਂ ਦੇ ਪਾਪ ਧੋਤੇ ਜਾਣਗੇ।” (ਪੰ. 105 ‘ਗੁਰਸਿੱਖੀ ਕੀ ਹੈ?) ਇਨ੍ਹਾਂ ਕਾਰਨਾਂ ਅਨੁਸਾਰ ਵੱਧ ਤੋਂ ਵੱਧ ਅਪਣੇ ਧਰਮ ਨੂੰ ਮੰਨਣ ਵਾਲੇ ਅਤੇ ਹੋਰ ਦੇਸ਼ ਵਿਦੇਸ਼ ਤੋਂ ਸੈਲਾਨੀਆਂ ਦੇ ਰੂਪ ਵਿੱਚ ਇਨ੍ਹਾਂ ਅਸਥਾਨਾਂ ਦੀ ਹਾਜ਼ਰੀ ਭਰਦੇ ਹਨ। ਇਸ ਤੋਂ ਇਲਾਵਾ ਕਈ ਇਨ੍ਹਾਂ ਅਸਥਾਨਾ ਬਾਰੇ ਕੁੱਛ ਜਾਨਣ ਤੇ ਹੋ ਸਕੇ ਤਾਂ ਕੁੱਛ ਲਿਖਣ ਦੇ ਉਦੇਸ਼ ਨਾਲ ਇਨ੍ਹਾਂ ਦਾ ਚੰਗੀ ਤਰਾਂ ਅਧਿਐਨ ਕਰਨ ਆਉਂਦੇ ਹਨ। ਕੁਛ ਪਰ ਬਹੁਤ ਥੋੜੀ ਗਿਣਤੀ ਵਿੱਚ ਇਨ੍ਹਾਂ ਥਾਵਾਂ ਤੇ ਜੋ ਕੁਛ ਹੋ ਰਿਹਾ ਹੁੰਦਾ ਜਾ ਕੀਤਾ ਕਰਾਇਆ ਜਾ ਕਰ ਰਿਹਾ ਹੁੰਦਾ ਹੈ, ਕੀ ਉਹ ਠੀਕ ਤੇ ਲਾਭਦਾਇਕ ਆਦਿ ਹੈ ਜਾ ਨਹੀਂ, ਬਾਰੇ ਜਾਨਣ ਤੇ ਹੋ ਸਕੇ ਤਾਂ ਦਲੇਰੀ ਕਰਕੇ ਉਸ ਦੀ ਕਿਸੇ ਤਰਾਂ ਦੀ ਊਣਤਾਈ ਆਦਿ ਬਾਰੇ ਦੱਸਣ ਜਾ ਨਿਕਲਦੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਜੀ।
ਇਸ ਸੰਦਰਭ ਵਿੱਚ ਸਭ ਤੋਂ ਪਹਿਲਾਂ ਦੋ ਪੁਰਾਣੇ ਧਰਮਾਂ (ਹਿੰਦੂ ਧਰਮ ਤੇ ਮੁਸਲਮਾਨ ਧਰਮ) ਦੀ ਤੀਰਥ ਯਾਤਰਾ ਦੇ ਮੰਤਵ ਬਾਰੇ ਵਿਚਾਰ ਜ਼ਰੂਰੀ ਹ। ਹਿੰਦੂ ਜੀਵਨ ਤੇ ਧਰਮ ਸੰਸਕ੍ਰਿਤੀ ਵਿੱਚ ਤੀਰਥ ਅਸਥਾਨਾਂ ਨੂੰ ਖਾਸ ਅਧਿਆਤਮਿਕ ਮਹੱਤਤਾ ਦਿੱਤੀ ਜਾਂਦੀ ਹੈ। ਉਥੇ ਪਾਪਾਂ ਦੀ ਨਵਿਰਤੀ ਤੇ ਮੁਕਤੀ ਪ੍ਰਾਪਤ ਕਰਨ ਦੇ ਵਿਚਾਰ ਤੇ ਵਿਸ਼ਵਾਸ ਨਾਲ ਤੀਰਥ ਯਾਤਰਾ ਕਰਨਾ, ਤੀਰਥ ਇਸ਼ਨਾਨ ਕਰਨਾ ਤੇ ਯੱਗ ਤੇ ਦਾਨ ਪੁੰਨ ਕਰਨਾ ਅਦਿ ਜ਼ਰੂਰੀ ਅੰਗ ਸਮਝੇ ਜਾਂਦੇ ਹਨ। ਇਸ ਕਰਕੇ ਹਿੰਦੂ ਧਰਮ ਦੇ ਬਹੁਤ ਸਾਰੇ ਸਮਾਗਮ ਇਨ੍ਹਾਂ ਤੀਰਥਾਂ ਤੇ ਕੀਤੇ ਜਾਂਦੇ ਹਨ, ਜਿੱਥੇ ਕਿ ਹਾਜ਼ਰੀ ਭਰਨੀ ਹਰ ਹਿੰਦੂ ਅਪਣਾ ਧਰਮ-ਕਰਤੱਵ ਸਮਝਦਾ ਹੈ। ਪੁਰਾਣੇ ਸਮੇਂ ਇਨ੍ਹਾਂ ਤੀਰਥ ਅਸਥਾਨਾਂ ਦੇ ਖਾਸ ਸਮਾਗਮਾਂ ਤੇ ਵਿਚਾਰ ਵਟਾਂਦਰਾ ਤੇ ਵਾਦ ਵਿਵਾਦ ਭੀ ਆਮ ਹੋਇਆ ਕਰਦੇ ਸਨ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਪਣੀ ਪਹਿਲੀ ਉਦਾਸੀ ਦੌਰਾਨ ਹਿੰਦੂ ਤੀਰਥ ਅਸਥਾਨਾਂ ਦੇ ਖਾਸ ਸਮਾਗਮਾਂ ਤੇ ਗਏ ਜਿਵੇਂ ਕੁਰਕਸ਼ੇਤਰ, ਹਰਿਦੁਆਰ, ਬਨਾਰਸ, ਜਗਨ ਨਾਥ ਪੁਰੀ ਆਦਿ ਤੀਰਥ ਅਸਥਾਨ। ਇਨ੍ਹਾਂ ਬਾਰੇ ਲਿਖਣ ਤੋਂ ਪਹਿਲਾਂ ਮੁਸਲਮਾਨ ਧਰਮ ਦੀ ਤੀਰਥ ਯਾਤਰਾ ਜਾਨਣਾ ਬਹੁਤ ਜ਼ਰੂਰੀ ਹੈ।
ਮੁਸਲਮਾਨ ਧਰਮ ਅਨੁਸਾਰ ਮੱਕਾ ਸ਼ਰੀਫ ਐਸਾ ਤੀਰਥ ਅਸਥਾਨ ਹੈ ਜਿੱਥੇ ਜੋ ਭੀ ਹਾਜ਼ਰੀ ਭਰਦਾ ਹੈ, ਉਹ ਸੁਰੱਖਿਅਤ ਹੋ ਜਾਂਦਾ ਹੈ। ਇਸ ਕਰਕੇ ਹਰ ਮੁਸਲਮਾਨ ਅਪਣੇ ਜੀਵਨ ਕਾਲ ਵਿੱਚ ਘੱਟੋ ਘੱਟ ਇੱਕ ਵਾਰ ਮੱਕਾ ਸ਼ਰੀਫ ਦੀ ਜ਼ਿਆਰਤ ਕਰੇ, ਜਿਸ ਨੂੰ ਹੱਜ ਕਿਹਾ ਜਾਂਦਾ ਹੈ। ਇਹ ਮੁਸਲਮਾਨ ਜੰਤਰੀ ਅਨੁਸਾਰ ਬਾਰ੍ਹਵੇਂ ਮਹੀਨੇ ਦੀ 8 ਤੋਂ 13 ਤਰੀਕ ਦੇ ਦੌਰਾਨ ਕੀਤਾ ਜਾਂਦਾ ਹੈ। ਉਥੇ ਅਣਸੀਤੇ ਕਪੜੇ ਦੀਆਂ ਦੋ ਚਾਦਰਾਂ ਲਪੇਟ ਕੇ, ਨੰਗੇ ਸਿਰ ਜ਼ਰਾਬਾਂ ਕੱਟ ਕੇ ਭਾਵ ਗਿੱਟੇ ਨੰਗੇ ਰੱਖ ਕੇ ਜਾਂਦੇ ਹਨ। ਕਾਅਬਾ ਸ਼ਰੀਫ ਦੇ ਸੱਤ ਚੱਕਰ ਲਾਉਂਦੇ ਹਨ ਤਿੰਨ ਤੇਜ਼ ਚਾਲੇ ਤੇ ਚਾਰ ਹੌਲੀ ਹੌਲੀ। ਹਰ ਤੀਜੇ ਚੱਕਰ ਤੇ ਸੰਗੇ ਅਸਵਦ (ਕਾਲੇ ਰੰਗ ਦਾ ਪੱਥਰ) ਨੂੰ ਚੁੰਮਿਆ ਜਾਂਦਾ ਹੈ। ਸ਼ੈਤਾਨ ਨੂੰ ਬਾਹਰ ਕੱਢਣ ਲਈ ਤਿੰਨ ਵਾਰ ਥੰਮ੍ਹਾਂ ਤੇ ਸੱਤ ਪੱਥਰ ਸੁੱਟੇ ਜਾਂਦੇ ਹਨ। ਉਸ ਮਹੀਨੇ ਦੇ ਦਸਵੇਂ ਦਿਨ ਕਿਸੇ ਜਾਨਵਰ ਦੀ ਬਲੀ ਦਿੱਤੀ ਜਾਂਦੀ ਹੈ। ਹੱਜ ਚਾਰ ਦਿਨ ਲਈ ਹੁੰਦਾ ਹੈ ਤੇ ਤਿੰਨ ਦਿਨ ਅਰਾਮ ਲਈ ਹੁੰਦੇ ਹਨ। ਉਸ ਤੋਂ ਬਾਅਦ ਯਾਤਰੀ ਹਜ਼ਰਤ ਮੁਹੰਮਦ ਸਾਹਿਬ ਦੇ ਮਜ਼ਾਰ ਦੀ ਯਾਤਰਾ ਲਈ ਮਦੀਨੇ ਜਾਂਦੇ ਹਨ। ਹੱਜ ਕਰਨ ਵਾਲਿਆਂ ਨੂੰ ਹਾਜੀ ਕਿਹਾ ਜਾਂਦਾ ਹੈ। ਬਹੁਤ ਸਾਰੇ ਸ਼ਰਧਾਲੂ ਜ਼ਮਜ਼ਮ ਖੂਹ ਦੇ ਪਾਣੀ ਨੂੰ ਪਵਿੱਤਰ ਸਮਝ ਕੇ (ਕਿਉਂਕਿ ਹਜ਼ਰਤ ਮਹੁੰਮਦ ਸਾਹਿਬ ਨੇ ਉੱਥੇ ਥੁੱਕਿਆ ਸੀ) ਘਰ ਵਿੱਚ ਵਰਤਣ ਲਈ ਲਿਆਉਂਦੇ ਹਨ। ਮੱਕਾ ਮਦੀਨਾ ਦੀ ਯਾਤਰਾ ਤੋਂ ਇਲਾਵਾ ਕਈ ਪੀਰਾਂ ਫਕੀਰਾਂ ਦੇ ਮਕਬਰੇ ਹਨ ਜਿੱਥੇ ਕਿ ਸ਼ਰਧਾਲੂ ਬੜੀ ਸ਼ਰਧਾ ਨਾਲ ਸੀਸ ਝੁਕਾਉਣ ਤੇ ਕਈ ਤਰਾਂ ਦੀਆਂ ਮੁਰਾਦਾਂ ਦੀ ਪੂਰਤੀ ਲਈ ਜਾਂਦੇ ਹਨ, ਜਿਵੇਂ ਕਿ ਸਾਈਂ ਮੀਆਂ ਮੀਰ ਦਾ ਮਕਬਰਾ, ਅਜਮੇਰ ਸ਼ਰੀਫ ਅਦਿ।
ਇਨ੍ਹਾਂ ਦੋਹਾਂ ਮੱਤਾਂ ਦੇ ਧਾਰਮਿਕ ਕੇਂਦਰਾਂ ਤੇ ਗੁਰੂ ਨਾਨਕ ਸਾਹਿਬ ਗਏ। ਉਹ ਗਏ ਭੀ ਉਚੇਚੇ ਕਰਕੇ ਉਨ੍ਹਾਂ ਸਮਿਆਂ ਤੇ ਜਦ ਕਿ ਉਨ੍ਹਾਂ ਅਸਥਾਨਾਂ ਤੇ ਖਾਸ ਸਮਾਗਮ ਹੋ ਰਹੇ ਹੁੰਦੇ ਸਨ ਤਾ ਕਿ ਸੁਨੇਹਾ ਬਹੁਤ ਸਾਰੇ ਇਕੱਠ ਨੂੰ ਦਿੱਤਾ ਜਾ ਸਕੇ ਅਤੇ ਉਨ੍ਹਾਂ ਵਿਚੋਂ ਕੁੱਛ ਭਾਗਾਂ ਵਾਲੇ ਸੁਨੇਹੇ ਨੂੰ ਗ੍ਰਹਿਣ ਕਰਕੇ ਅਪਣਾ ਜੀਵਨ ਸੰਵਾਰ ਸਕਣ। ਉਨ੍ਹਾਂ ਕੇਂਦਰਾਂ ਤੇ ਜੋ ਧਰਮ ਕਰਮ ਹੁੰਦਾ ਸੀ, ਗੁਰੂ ਸਾਹਿਬ ਨੇ ਉਸ ਧਰਮ ਕਰਮ ਨੂੰ ਕਰਵਾਉਣ ਵਾਲਿਆਂ ਨੂੰ ਅਤੇ ਉਸ ਧਰਮ ਕਰਮ ਦੀ ਲੋਕਾਂ ਦੇ ਜੀਵਨ ਲਈ ਕੀ ਸਿੱਖਿਆ ਤੇ ਪ੍ਰਮਾਰਥਕ ਲਾਭ ਸੀ ਚੰਗੀ ਤਰਾਂ ਭਾਂਪਿਆ।
ਸੱਭ ਤੋਂ ਪਹਿਲਾਂ ਉਹ ਕੁਰਕਸ਼ੇਤਰ ਸੂਰਜ ਗ੍ਰਹਿਣ ਦੇ ਸਮੇਂ ਪਹੁੰਚੇ। ਇਸ ਮੌਕੇ ਤੇ ਉਥੇ ਮਾਸ ਚਾੜ੍ਹਣਾ ਤੇ ਖਾਣਾ ਮਨ੍ਹਾ ਸੀ। ਗੁਰੂ ਸਾਹਿਬ ਨੇ ਜਾਣਕੇ ਉਥੇ ਮਾਸ ਚਾੜ੍ਹ ਦਿੱਤਾ। ਗੁਰੂ ਸਾਹਿਬ ਦੀ ਇਹ ਖਾਸ ਦਲੇਰੀ ਸੀ ਜਿਸਨੂੰ ਦੇਖਣ ਲਈ ਜਿਥੇ ਆਮ ਲੋਕੀਂ ਆਏ ਉਥੇ ਪੰਡਤ ਬ੍ਰਾਹਮਣ ਖਾਸ ਕਰਕੇ ਆਏ। ਮਾਸ ਖਾਣ, ਨਾ ਖਾਣ ਬਾਰੇ ਵਾਦ ਵਿਵਾਦ ਭੀ ਹੋਇਆ। ਪਰ ਗੁਰੂ ਸਾਹਿਬ ਨੇ ਜੋ ਅਪਣਾ ਪੱਖ ਪੇਸ਼ ਕੀਤਾ ਉਹ ਤਾਂ ਇਹ ਸੀ ਕਿ ਉਂਜ ਤਾਂ ਮਾਸ ਖਾਣ ਤੋਂ ਨਫਰਤ ਕਰਨੀ ਪਰ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਪਸ਼ੂਆਂ ਦੀ ਬਲੀ ਦੇ ਕੇ ਯੱਗ ਕਰਨੇ ਤੇ ਉਂਜ ਮਾਸ ਦੀ ਬਦਬੂ ਤੋਂ ਨੱਕ ਪਕੜਨਾ ਪਰ ਰਾਤ ਨੂੰ ਸਾਬਤੇ ਮਨੁੱਖ ਨੂੰ ਖਾ ਜਾਣਾ ਜਾਂ ਮਨੁੱਖਾਂ ਦੇ ਮਾਲ ਅਸਬਾਬ ਨੂੰ ਲੁੱਟ ਲੈਣਾ, ਕੀ ਇਹ ਸੱਭ ਕੁਛ ਮਾਸ ਦੇ ਬਰਾਬਰ ਨਹੀਂ? “ਸੋ ਗੁਰੂ ਸਾਹਿਬ ਦਾ ਅਸਲੀ ਸੰਦੇਸ਼ ਮਾਸ ਖਾਣ ਜਾ ਨਾ ਖਾਣ ਦਾ ਝਗੜਾ ਨਹੀਂ ਸੀ। ਕੁਰਕਸ਼ੇਤਰ ਦਾ ਇਸ਼ਨਾਨ ਤਾਂ ਧਰਮ ਤੇ ਅਧਰਮ ਨੂੰ ਸਮਝ ਕੇ ਧਰਮ ਯੁੱਧ ਲਈ ਤਿਆਰ ਹੋਣ ਦਾ ਇਸ਼ਨਾਨ ਚਾਹੀਦਾ ਹੈ। ਭਾਵ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਪ੍ਰੇਮ ਭਗਤੀ ਤੇ ਧਰਮ ਕਰਮਾਂ ਰਾਹੀਂ ਧਰਮ ਤੇ ਅਧਰਮ ਯੁੱਧ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਕਿ ਰਾਜਸੀ ਗੁਲਾਮੀ ਦੇ ਦਬਾ ਕਾਰਣ ਅਪਣੀ ਜ਼ਮੀਰ ਹੀ ਵੇਚ ਕੇ ਐਸੇ ਫੋਕਟ ਧਰਮ ਕਰਮਾਂ ਵਿੱਚ ਹੀ ਲੋਕਾਂ ਨੂੰ ਨਾ ਉਲਝਾਈ ਰੱਖਿਆ ਜਾਵੇ॥”
ਹਰਿਦੁਆਰ ਹਰਿ ਕੀ ਪੳੜੀ ਦਾ ਇਸ਼ਨਾਨ ਮੁਕਤੀ ਤੇ ਪਿਤਰ ਕਲਿਆਣ ਦਾ ਸਾਧਨ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਉਥੇ ਵਿਸਾਖੀ ਦੇ ਪੁਰਬ ਦਿਵਸ ਤੇ ਪੁਜੇ। ਉੱਥੇ ਪੰਡਤ ਪ੍ਰਚੱਲਤ ਰਵਾਇਤ ਅਨੁਸਾਰ ਸੂਰਜ ਵਲ ਨੂੰ ਪਾਣੀ ਸੁੱਟ ਕੇ ਪਿਤਰ ਪੂਜਾ ਕਰ ਰਹੇ ਸਨ। ਇਹ ਵਹਿਮ ਭਰਿਆ ਕਰਮ ਦੇਖ ਕੇ ਜਦ ਗੁਰੂ ਜੀ ਨੇ ਉਸ ਤੋਂ ਉਲਟ ਪਾਣੀ ਸੁਟਣਾ ਸ਼ੁਰੂ ਕੀਤਾ, ਉਸ ਬਾਰੇ ਜੋ ਗਲ ਬਾਤ ਹੋਈ ਸਭ ਜਾਣਦੇ ਹਨ। ਇੱਥੇ ਗੁਰੂ ਸਾਹਿਬ ਦਾ ਪ੍ਰਮੁੱਖ ਸੁਨੇਹਾ ਇਹ ਸੀ ਕਿ ਜਿੱਥੇ “ਸੂਰਜ ਮੰਡਲ ਵਿੱਚ ਵਸਦੇ ਪਿਤਰਾਂ ਦੀ ਪੂਜਾ ਤੇ ਕਲਿਆਣ ਨਮਿਤ ਪਾਣੀ ਸੁਟਣਾ ਸਿਰਫ ਭਰਮ ਭੁਲਾਵਾ ਹੈ ਧਰਮ ਕਰਮ ਨਹੀਂ, ਧਰਮ ਕਰਤੱਵ ਤਾਂ ਜੀਵਾਂ ਲਈ ਖੇਤੀ ਨੂੰ ਹਰ ਤਰਾਂ ਹਰੀ ਭਰੀ ਰੱਖਣ ਵਿੱਚ ਹੈ। ਭਾਵ ਲੋੜ ਅੰਨ ਖੇਤੀ ਤੇ ਮਨ ਖੇਤੀ ਨੂੰ ਸੋਧਣ ਤੇ ਖੁਸ਼ਹਾਲ ਕਰਨ ਦੀ ਹੈ, ਨਹੀਂ ਤਾਂ ਸਰਬ ਕਰਤਵ ਭਾਉ ਭਗਤੀ ਤੋਂ ਬਿਨਾ ਨਿਰਾ ਭਰਮ ਤੇ ਪਖੰਡ ਅਤੇ ਭੇਖ ਭੁਲਾਵਾ ਹੀ ਹਨ।” “ਵਾਚੈ ਵਾਦੁ ਨ ਬੇਦੁ ਬੀਚਾਰੇ॥ ਆਪਿ ਡੁਬੈ ਕਿਉ ਪਿਤਰਾ ਤਾਰੈ॥” (ਪੰ. 663)
ਬਿੰਦਰਾਬਨ ਕ੍ਰਿਸ਼ਨ ਜੀ ਦੀਆਂ ਖੇਡਾਂ, ਰਾਸਾਂ ਤੇ ਨੱਚਣ ਕੁੱਦਣ ਦੀ ਧਰਤੀ ਹੈ। ਗੁਰੂ ਜੀ ਨੂੰ ਕ੍ਰਿਸ਼ਨ ਉਪਾਸ਼ਕ ਆਪਣੇ ਇਸ਼ਟ (ਕ੍ਰਿਸ਼ਨ ਮੂਰਤੀ) ਦੇ ਦੁਆਲੇ ਰਾਸ ਪਾਉਂਦੇ ਪਸੰਦ ਨਾ ਆਏ। ਉਨ੍ਹਾਂ ਨੇ ਉਨ੍ਹਾਂ ਨੂੰ “ਵਾਇਨ ਚੇਲੇ ਨਚਣਿ ਗੁਰ॥ … … … … …. . । ਰੋਟੀਆਂ ਕਾਰਣਿ ਪੂਰਹਿ ਤਾਲਿ॥ … … … … … … …। ਨਚਣ ਕੁਦਣੁ ਮਨ ਕਾ ਚਾੳੇੁ॥ ਨਾਨਕ ਜਿਨ ਮਨਿ ਭਉ ਤਿਨਾ ਮਨ ਭਾਉ॥” (ਪੰ. 465) ਰਾਹੀਂ ਦੱਸਿਆ ਕਿ ਤੁਹਾਡੀ ਰਾਸ ਭਾਉ ਭਗਤੀ ਤੋਂ ਹੀਣ, ਸਿਰਫ ਰੋਟੀਆਂ ਦੀ ਪੂਰਤੀ ਦਾ ਹੀ ਮੰਤਵ ਹੈ। ਅਪਣੇ ਸ਼ਰੀਰ ਨੂੰ ਤੰਦਰੁਸਤ ਤੇ ਮਨ ਨੂੰ ਖੁਸ਼ ਰੱਖਣ ਲਈ ਨੱਚੋ ਕੁੱਦੋ, ਜਿਸ ਇਸ਼ਾਰੇ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਸਰਤ ਕਰਨ ਲਈ ਆਖਰ ਮੱਲ ਅਖਾੜੇ ਦੀ ਨੀਂਹ ਰੱਖ ਦਿੱਤੀ।
ਬਨਾਰਸ ਜੋ ਬ੍ਰਾਹਮਣੀ ਸਭਿਅਤਾ ਦਾ ਕੇਂਦਰ ਸੀ ਉਥੇ ਭੀ ਗੁਰੂ ਸਾਹਿਬ ਨੇ ਬ੍ਰਹਮ ਪੂਜਾ ਦੀ ਥਾਂ ਅਵਤਾਰ ਪੂਜਾ ਤੇ ਪਾਖੰਡ ਪੂਜਾ ਦੇਖੀ ਜੋ ਮਾਨਵ ਪੂਜਾ ਤੋਂ ਖਾਲੀ ਦਿਸੀ। ਬ੍ਰਾਹਮਣ ਵਿਦਿਆ ਤੇ ਸਭਿਅਤਾ ਭਾਉ ਭਗਤੀ ਤੋਂ ਖਾਲੀ ਭੇਖ ਤੇ ਪਾਖੰਡ ਨਾਲ ਭਰਪੂਰ, ਵਰਨ ਵੰਡ ਵਿੱਚ ਗ੍ਰਸੀ, ਲੋਭ ਲਹਿਰ ਨਾਲ ਭਰੀ, ਕਪਟੀ ਤੇ ਹੰਕਾਰੀ ਹੋਈ ਨਜ਼ਰ ਆਈ। ਇਸਨੂੰ ਸੁਧਾਰਨ ਲਈ ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਭੀ ਯਤਨ ਕਰਦੇ ਰਹੇ। ਪਰ ਪਰਨਾਲਾ ਉੱਥੇ ਦਾ ਉੱਥੇ ਹੋਣ ਕਰਕੇ ਗੁਰੂ ਸਾਹਿਬ ਨੂੰ ਕਬੀਰ ਜੀ ਵਾਂਗ ਪੰਡਿਤ ਸੰਤ ਰੂਪ ਦੀ ਥਾਂ ‘ਬਨਾਰਸ ਕੇ ਠਗ’ ਹੀ ਲੱਗੇ ਜੋ ਮਨੁੱਖ ਨੂੰ ਮੂਰਖ ਸਮਝਦੇ ਹੀ ਨਹੀਂ ਸਨ, ਉਨ੍ਹਾਂ ਦੀ ਮੂਰਖਤਾ ਵਿੱਚ ‘ਲੋਭ ਲਹਿਰ ਅਧੀਨ’ ਉਨ੍ਹਾਂ ਦੀ ਮੂਰਖਤਾ ਵਿੱਚ ਵਾਧਾਂ ਕਰ ਰਹੇ ਸਨ।
ਗੁਰੂ ਸਾਹਿਬ ਜਗਨ ਨਾਥ ਪੁਰੀ, ਅਯੁਧਿਆ, ਗਯਾ ਆਦਿ ਤੀਰਥਾਂ ਤੇ ਭੀ ਗਏ। ਜਗਨ ਨਾਥ ਪੁਰੀ ਖਾਸ ਜ਼ਿਕਰ ਲੋੜਦੀ ਹੈ, ਜਿੱਥੇ ਗੁਰੂ ਸਾਹਿਬ ਸ਼ਾਮ ਵੇਲੇ ਗਏ। ਬ੍ਰਾਹਮਣ ਮੂਰਤੀ ਦੇ ਸਨਮੁਖ ਖੜੋ ਕੇ ਥਾਲ ਵਿੱਚ ਦੀਵੇ ਜਗਾਕੇ ਤੇ ਗਾ ਕੇ ਥਾਲ ਘੁਮਾ ਕੇ ਜੋ ਆਰਤੀ ਕਰ ਰਹੇ ਸਨ ਉਹ ਗੁਰੂ ਸਾਹਿਬ ਨੂੰ ਬਾਹਰਮੁਖੀ ਦਿਸੀ। ਸੋ ਗੁਰੂ ਸਾਹਿਬ ਨੇ “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ … … … … …. .॥” (ਪੰ. 663) ਰਾਹੀਂ ਪ੍ਰਮਾਤਮਾ ਦੀ ਆਪ ਮੁਹਾਰੀ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣ ਲਈ ਸੰਦੇਸ਼ ਦਿੱਤਾ।
ਮੁਕੱਦੀ ਗੱਲ ਗੁਰੂ ਸਾਹਿਬ ਨੂੰ ਜਿੱਥੇ ਸਮੁੱਚੇ ਹਿੰਦੂ ਤੀਰਥ ਕੇਂਦਰਾਂ ਤੇ ਭਾਉ ਭਗਤੀ ਤੋਂ ਹੀਣ, ਬੁੱਧ ਬਬੇਕ ਤੋਂ ਖਾਲੀ, ਭਰਮ ਭੁਲਾਵਾ ਤੇ ਭੇਖ ਪਾਖੰਡ ਦਿੱਸਿਆ ਜਿਸ ਕਰਕੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਅਗਿਆਨਤਾ, ਆਪਸੀ ਖਿਚੋਤਾਣ ਤੇ ਲੋਭ ਲਹਿਰ ਦਾ ਬੋਲ ਬਾਲਾ ਸੀ, ਉੱਥੇ ਮੱਕੇ ਦੀ ਫੇਰੀ ਸਮੇਂ ਰੱਬ ਜੀ ਨੂੰ ਭੀ ਮੱਕੇ ਦੀ ਚਾਰ ਦੀਵਾਰੀ ਵਿੱਚ ਬੰਦ ਕੀਤਾ ਦਿਸਿਆ, ਕਿਉਂਕਿ ਜ਼ਰੇ ਜ਼ਰੇ ਵਿੱਚ ਸਮਾਏ ਲਾਮਕਾਨ ਰੱਬ ਜੀ ਨੂੰ ਮੁਸਲਮਾਨ ‘ਕਾਅਬਾ ਨਿਵਾਸੀ’ ਸਮਝਦੇ ਸਨ। ਜਿਵੇਂ ਗੁਰੂ ਸਾਹਿਬ ਨੇ ਮੁਖੀ ਮੁਸਲਮਾਨਾ ਨੂੰ ‘ਜਿਧਰ ਖੁਦਾ ਦਾ ਘਰ ਨਹੀਂ ਉਧਰ ਮੇਰੇ ਪੈਰ ਕਰ ਦਿਉ’ ਕਹਿ ਕੇ ਸਰਬ ਵਿਆਪਕ ਪ੍ਰਮਾਤਮਾ ਦੀ ਅਸਲੀਅਤ ਬਾਰੇ ਸਮਝਾ ਦਿੱਤਾ ਸੀ, ਸੱਭ ਜਾਣਦੇ ਹਨ। ਕਿਸੇ ਮੱਤ ਦੇ ਲੋਕਾਂ ਦੇ ਚੰਗੇ ਮਾੜੇ ਦੇ ਸਵਾਲ ਦਾ ਉੱਤਰ ‘ਨੇਕ ਅਮਲਾਂ ਦਾ ਹੋਣਾ’ ਕਹਿ ਕੇ ਉਨ੍ਹਾਂ ਨੂੰ ਨਿਰਉੱਤਰ ਕਰ ਦਿੱਤਾ। ਇਹ ਸੀ ਉਨ੍ਹਾਂ ਦਾ ਸਭ ਨੂੰ ਠੀਕ ਰਾਹ ਤੇ ਪਾਉਣ ਦਾ ਅਦੁੱਤੀ ਢੰਗ! ਪਰ ਇੰਜ ਲਗਦਾ ਹੈ ਕਿ ਕੁਛ ਭਾਗਾਂ ਵਾਲਿਆਂ ਨੂੰ ਛੱਡ ਕੇ ਉਨ੍ਹਾਂ ਦੀ ਮਨੋ-ਵਿਗਿਆਨਿਕ ਤੇ ਵਗਿਆਨਿਕ ਲਾਜਵਾਬ ਸਿਖਿਆ ਦਾ ਅਸਰ ਬਹੁ ਗਿਣਤੀ ਨੇ ਨਹੀਂ ਕਬੂਲਿਆ। ਬ੍ਰਾਹਮਣ ਲੋਕ ਹਿੰਦੂ ਜੰਤਾ ਪਾਸੋਂ ਉਨ੍ਹਾਂ ਤੀਰਥ ਅਸਥਾਨਾਂ ਤੇ ਹੀ ਨਹੀਂ ਘਰਾਂ ਵਿੱਚ ਭੀ ਉਹ ਹੀ ਨਿਰਾਰਥਕ ਕਰਮ-ਕਾਂਡੀ ਰਸਮਾਂ ਕਰਵਾਈ ਜਾ ਰਹੇ ਹਨ, ਜਿਨ੍ਹਾਂ ਦੀ ਅਸਲੀਅਤ ਦਾ ਗੁਰੂ ਸਾਹਿਬ ਨੇ ਵਿਦਵਾਨ ਬ੍ਰਰਾਹਮਣ ਨੂੰ ਗਿਆਨ ਕਰਵਾਇਆ ਸੀ। ਮੁਸਲਮਾਨ ਕਾਜ਼ੀ ਮੁੱਲਾਂ ਭੀ ਅਪਣੇ ਪਿਛਲੇ ਬਣੇ ਖਿਆਲਾਂ ਅਨੁਸਾਰ ਹੀ ਕਰੀ ਕਰਾਈ ਜਾ ਰਹੇ ਹਨ।
ਜਿਨ੍ਹਾਂ ਭਾਗਾਂ ਵਾਲਿਆਂ ਨੇ ਗੁਰੂ ਸਾਹਿਬ ਦੀ ਗੱਲ ਸੁਣੀ ਤੇ ਮੰਨੀ ਉਹ ਸਿੱਖ ਬਣ ਗਏ ਅਤੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਸਭ ਤਰਾਂ ਦੇ ਕਰਮ ਕਾਂਡ ਤੇ ਵਿਅਰਥ ਰਸਮਾਂ ਦਾ ਤਿਆਗ ਕਰਕੇ ਇੱਕ ਰੱਬ ਜੀ ਦੇ ਪੁਜਾਰੀ ਬਣ ਕੇ ਉਸ ਦੀ ਕੀਰਤੀ ਕਰਨ ਲੱਗ ਪਏ। ਇਸ ਤਰਾਂ ਦੀ ਪੂਜਾ ਤੇ ਕੀਰਤੀ ਨੂੰ ਪੱਕੇ ਪੈਰਾਂ ਤੇ ਕਰਨ ਲਈ ਗੁਰੂ ਸਾਹਿਬ ਨੇ ਇਸ ਰੱਬੀ ਜੋਤ ਰਾਹੀਂ ਦਸ ਜਾਮੇ ਧਾਰਨ ਕੀਤੇ। ਪਰ ਯਾਦ ਰਹੇ ਕਿ ਇਹ ਜੋਤ ਸਿੱਧੀ ਪ੍ਰਮਾਤਮਾ ਦੀ ਅੰਸ਼ ਸੀ, ਇਸ ਨੂੰ ਕਿਸੇ ਪਹਾੜ ਆਦਿ ਤੇ ਕਈ ਯੁਗ ਕਠਨ ਤਪੱਸਿਆ ਨਹੀਂ ਕਰਨੀ ਪਈ ਸੀ। ਅਖਿਰ ਇਸ ਜੋਤ ਨੇ ਆਪਣੇ ਹੀ ਰੂਪ ਤੇ ਸਰੂਪ ਵਾਲਾ ਖਾਲਸਾ ਪੰਥ ਸਾਜ ਕੇ ਰੱਬੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਮਹਾਨ ਤੀਰਥ ਦੀ ਤਾਬਿਆ, ਹੋਰ ਕਿਸੇ ਗੁਰੂ, ਪੀਰ, ਸੰਤ, ਮਹੰਤ, ਡੇਰੇ ਆਦਿ ਦੀ ਅਗਵਾਈ ਤੋਂ ਬਿਨਾਂ, ਆਪਣੀ ਆਪ ਅਗਵਾਈ ਕਰਨ ਦੀ ਸ਼ਕਤੀ ਬਖਸ਼ ਦਿੱਤੀ। ਫਿਰ ਕੀ ਸੀ, ਖਾਲਸੇ ਪੰਥ ਨੇ ਸਰਬ ਸ਼ਕਤੀਮਾਨ ਇੱਕੋ ਇੱਕ ਤੀਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਤੀਰਥੁ ਸਬਦੁ ਵੀਚਾਰ ਅੰਤਰਿ ਗਿਆਨ ਹੈ॥” (ਪੰ. 687) ਅਮ੍ਰਿਤ ਨੀਰੁ ਗਿਆਨ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ॥ … … … … … … … … … …. .॥ ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖ ਤਾਸ ਗੁਰੁ ਹੋਇ॥ … … … … … … ….॥ (ਪੰ. 1328) ਤੋਂ ਮਿਲਦੀ ਸਿਖਿਆ ਤੇ ਅਮਲ ਕਰਕੇ ਗੁਰੂ ਸਾਹਿਬ ਦੀਆਂ ਇੱਥੇ ਤੱਕ ਖੁਸ਼ੀਆਂ ਪ੍ਰਾਪਤ ਕਰ ਲਈਆਂ ਕਿ ਹਲੇਮੀ ਰਾਜ ਕਾਇਮ ਕਰ ਲਿਆ। ਹੋਰ ਭੀ ਦੁਨੀਆ ਨੂੰ ਦੰਗ ਕਰਨ ਵਾਲੇ ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ ਨੂੰ ਇੱਥੇ ਵਰਨਣ ਕਰਨ ਦੀ ਲੋੜ ਨਹੀਂ। ਸੋ ਖਾਲਸੇ ਨੇ ਨਾਮ ਦੀ ਕਮਾਈ ਤੇ ਸ਼ਬਦ ਵੀਚਾਰ ਰਾਹੀਂ ਗੁਰਬਾਣੀ ਨੂੰ ਮੰਤਰ ਵਿਧੀ ਦੇ ਰੂਪ ਵਿੱਚ ਪੜ੍ਹਣ ਨਾਲ ਨਹੀਂ, ਇਸ ਤੋਂ ਮਿਲਦੀ ਸਿੱਖਿਆ ਵਿੱਚ ਇਸ਼ਨਾਨ ਕਰਦਿਆਂ ਸਰਬ ਪੱਖੀ ਜੀਵਨ ਭਾਵ ਭਗਤੀ ਤੇ ਸ਼ਕਤੀ ਦੇ ਸੁਮੇਲ ਵਾਲਾ ਜੀਵਨ ਚੜ੍ਹਦੀ ਕਲਾ ਵਿੱਚ ਜੀਉਣਾ ਸ਼ੁਰੂ ਕਰ ਦਿੱਤਾ। ਪਰ ਇਸ ਮਨਮੋਹਣੀ ਰਹਿਤ ਨੂੰ, ਜਿਵੇਂ ਕਹਿੰਦੇ ਹੁੰਦੇ ਹਨ ਕਿ ਕਿਸੇ ਚੰਦਰੇ ਦੀ ਨਜ਼ਰ ਹੀ ਲੱਗ ਗਈ, ਐਸਾ ਹੀ ਕੁਛ ਵਾਪਰਿਆ। ਐਸੇ ਅਦੁੱਤੀ ਜੀਵਨ ਢੰਗ ਨੂੰ ਜਿਵੇਂ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ।
ਉਹ ਕਿਵੇਂ? ਸਭ ਤੋਂ ਪਹਿਲਾਂ ਗੁਰਬਾਣੀ ਨੂੰ ਕਈ ਵਿਧੀਆਂ ਨਾਲ ਸਿਰਫ ਪੜ੍ਹਨਾਂ ਸ਼ੁਰੂ ਹੋ ਗਿਆ। ਜਿਸ ਬਾਣੀ ਨੂੰ ਗੁਰੂ ਦੀ ਸਿਖਿਆ ਅਨੁਸਾਰ “ਤੀਰਥ ਸ਼ਬਦ ਵੀਚਾਰ” ਰਾਹੀਂ ਇੱਕ ਮਹਾਨ ਤੀਰਥ ਕਰਕੇ ਧਿਆਨ ਨਾਲ ਸੁਣ ਕੇ ਉਸ ਤੇ ਵਿਚਾਰ ਕਰਕੇ ਉਸ ਤੋਂ ਮਿਲਦੀ ਸਿੱਖਿਆ ਅਨੁਸਾਰ ਜੀਵਨ ਜੀਉਣਾ ਸੀ, ਉਸ ਵਡਮੁੱਲੀ ਬਾਣੀ ਨੂੰ ਪੰਡਿਤਾਂ ਵਾਂਗ ਮੰਤਰ ਰੂਪ ਪੜ੍ਹਨ ਲਈ ਇੱਕ ਥਾਂ ਵੱਧ ਤੋਂ ਵੱਧ ਅਖੰਡ ਪਾਠਾਂ ਤੇ ਸੰਪਟ ਪਾਠਾਂ ਦੀਆਂ ਲੜੀਆਂ, ਉਹ ਭੀ ਮੂੰਹ ਤੇ ਠਾਠੇ ਬੰਨ੍ਹਕੇ ਤਾਕਿ ਕੋਈ ਸੁਣ ਨਾ ਲਵੇ, ਸ਼ੁਰੂ ਹੋ ਗਈਆਂ। ਦੂਸਰੇ ਘਰ ਬੈਠਿਆਂ ਬਾਣੀ ਦੇ ਇਸ ਮਹਾਨ ਤੀਰਥ ਵਿੱਚ ਇਸ਼ਨਾਨ ਹੀ ਨਹੀਂ, ਚੁੱਭੀਆਂ ਮਾਰ ਕੇ ਹਰ ਤਰਾਂ ਦੀਆਂ ਮੁਰਾਦਾਂ ਪ੍ਰਾਪਤ ਕਰਨ ਦੀ ਥਾਂ, ਜਿਸ ਬਿਪਰਨ ਦੀ ਰੀਤ ਤੋਂ ਗੁਰੂ ਸਾਹਿਬ ਨੇ ਹਟਾਇਆ ਸੀ, ਉਸ ਹੀ ਰੀਤ ਅਨੁਸਾਰ ਇਤਿਹਾਸਕ ਗੁਰੁਦੁਆਰਿਆਂ ਤੇ ਜਾਕੇ ਇਤਿਹਾਸਿਕ ਘਟਨਾਤਮਿਕ ਪ੍ਰੇਰਨਾਂ ਲੈਣ ਦੀ ਥਾਂ ਮਨਾਂ ਦੀਆਂ ਮੁਰਾਦਾਂ ਦੀ ਪੂਰਤੀ ਲਈ ਯਾਤਰਾਵਾਂ ਸ਼ੁਰੂ ਹੋ ਗਈਆਂ। ਜੋ ਇਸ ਵੇਲੇ ਜ਼ੋਰਾਂ ਤੇ ਹਨ, ਸਿੱਖ ਅਸਥਾਨਾਂ ਤੇ ਹੀ ਨਹੀਂ ਅਨਮਤੀ ਅਸਥਾਨਾਂ ਤੇ ਨਵੇਂ ਖੁੰਬਾਂ ਵਾਂਗ ਪੈਦਾ ਹੋਏ ਡੇਰਿਆਂ ਤੇ ਭੀ ਵਹੀਰਾਂ ਘੱਤ ਕੇ ਜਾ ਹੋ ਰਿਹਾ ਹੈ।
ਇਸ ਹੀ ਦੌੜ ਵਿੱਚ ਇੱਕ ਨਵਾਂ ਹੀ ਮਨੋ ਕਲਪਤ ਤੀਰਥ ਕ੍ਰੋੜਾਂ ਰੁਪਏ (ਜੋ ਧਰਮ ਪ੍ਰਚਾਰ ਤੇ ਖਰਚ ਹੋਣੇ ਚਾਹੀਦੇ ਸਨ) ਖਰਚ ਕੇ ਬਣਾ ਦਿੱਤਾ ਹੈ ਜਿੱਥੇ ਭੋਲੇ ਭਾਲੇ ਸ਼ਰਧਾਲੂ, ਗੁਰਬਾਣੀ ਦੀ ਸੋਝੀ ਨਾ ਹੋਣ ਕਰਕੇ, ਹਜ਼ਾਰਾਂ ਰੁਪਏ ਖਰਚ ਕੇ ਔਖੇ ਤੋਂ ਔਖੇ ਹੋ ਕੇ ਕੁੱਛ ਮੁਰਾਦਾਂ ਦੀ ਪੂਰਤੀ ਲਈ ਜਾਣ ਲੱਗ ਪਏ ਹਨ। ਕਿਸੇ ਕਵੀ ਦੀ ਲਿਖਤ “ਅਬ ਮੈ ਅਪਨੀ ਕਥਾ ਬਖਾਨੋ। … … … … … …. . । ਤਹ ਹਮ ਅਧਿਕ ਤਪਸਿਆ ਸਾਧੀ॥” ਦੇ ਅਧਾਰ ਤੇ ਮਨੋ ਕਲਪਤ ਹੇਮਕੁੰਟ ਦੀ ਸਥਾਨ ਦਸ਼ਮੇਸ਼ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ, “ਹਰਿ ਬਿਨ ਅਵਰ ਕ੍ਰਿਆ ਬਿਰਥੇ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਉਰੇ ਮੂਸੇ॥ (ਪੰ.) “ਅੰਨ ਨਾ ਖਾਇਆ॥ … … … … …. . ॥ ਕਿਉ ਜਾਗੈ ਗੁਰ ਬਿਨ ਸੂਤਾ॥” (ਪੰ. 467) “ਮਨ ਹਠਿ ਕਿਨੈ ਨ ਪਾਇੳ ਸਭ ਥਕੇ ਕਰਮ ਕਮਾਇ॥ ਮਨ ਹਠਿ ਭੇਖ ਕਰਿ ਭਰਮਦੇ ਦੁਖ ਪਾਇਆ ਦੂਜੈ ਭਾਇ॥” (ਪੰ. 593) ਦੇ ਵਿਰੁਧ, ਇੱਕ ਪੈਰ ਦੇ ਭਾਰ ਦੋਵੇਂ ਬਾਹਵਾਂ ਉੱਚੀਆਂ ਕਰਕੇ ਭੁੱਖ ਤਿਹ ਸਹਾਰਦਿਆਂ 19800 ਫੁੱਟ ਦੀ ਬਲੰਦੀ ਦੀ ਤੇ ਚਾਰ ਯੁਗ (ਕੋਈ 272 ਯੁਗ ਲਿਖਦਾ ਹੈ ਤੇ ਕਵੀ ਸੰਤੋਖ ਸਿੰਘ ਜੀ ਅਸੰਖਾਂ ਵਰ੍ਹੇ ਲਿਖਦੇ ਹਨ – ਤਾਂ ਹੀ ਕਿਹਾ ਜਾਂਦਾ ਹੈ ਕਿ ਝੂਠ ਦਾ ਸਿਰ ਪੈਰ ਨਹੀਂ ਹੁੰਦਾ) ਹਠ ਯੋਗ ਧਾਰ ਕੇ ਤਪੱਸਿਆਕਰਨ ਦਾ ਤਪ ਅਸਥਾਨ ਥਾਪ ਕੇ ਤੀਰਥ ਅਸਥਾਨ ਬਨਾਉਣਾ ਕਿਸੇ ਨਾਟਕ ਨਾਲੋਂ ਘੱਟ ਨਹੀਂ। ਪਰ ਸ਼ੋਕ ਹੋਰ ਗੱਲ ਦਾ ਕਿ ਦਸ਼ਮੇਸ਼ ਜੀ ਨੂੰ ਐਸਾ ਤਪੀਸਰ ਬਣਾ ਕੇ ਉਨ੍ਹਾਂ ਦਾ ਜਨਮ ਹੋਰ ਭੀ ਨਾਟਕੀ ਢੰਗ ਨਾਲ ਦਿਖਾਉਣ ਦਾ ਕਮਾਲ ਹੀ ਕਰ ਦਿੱਤਾ ਹੈ। ਉਹ ਕਿਵੇਂ?
ਜੁਗੋ ਜੁਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਕਰਮ-ਕਾਂਡੀ ਪੁੰਨ ਦਾਨ, ਤੀਰਥ ਯਾਤਰਾ, ਹੋਮ ਯੱਗ ਦਾ ਜ਼ੋਰਦਾਰ ਖੰਡਨ ਕਰਦੇ ਹਨ, ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਉਸ ਹੀ ਕਵੀ ਨੇ (ਦਸ਼ਮੇਸ਼ ਜੀ ਦੇ ਨਾਂ ਤੇ) ਪੁੱਤਰ ਪ੍ਰਾਪਤੀ ਕਰਨ ਲਈ ਕਰਦੇ ਦਿਖਾਇਆ ਹੈ। ਤਾਕਿ ਹੇਮ ਕੁੰਟ ਦੇ ਨਾਲ ਨਾਲ ਹਿੰਦੂ ਤੀਰਥਾਂ ਦੀ ਯਾਤਰਾ ਭੀ ਯੋਗ ਦਰਸਾਈ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਸਭ ਬਾਰੇ ਇਹ ਕਹਿੰਦੇ ਹਨ, “ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰਿ ਤਊ ਨਾ ਪੂਜੈ॥” (ਪੰ. 973) “ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ … … … … ….॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖ ਨਾਮੁ ਜਪੀਐ ਇੱਕ ਬਾਰ॥” (ਪੰ. 265) “ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਣ ਹਰਿ ਕੀ ਸੇਵ॥” (ਪੰ. 336) “ਤੀਰਥ ਨਾਵਣ ਜਾਉ ਤੀਰਥ ਨਾਮੁ ਹੈ॥ ਤੀਰਥ ਸਬਦੁ ਵੀਚਾਰ ਅੰਤਰਿ ਗਿਆਨ ਹੈ॥” (ਪੰ. 687) “ਅਠਸਠ ਤੀਰਥ ਜੇ ਨਾਵਿਹ ਉਤਰੈ ਨਾਹੀ ਮੈਲ॥” (ਪ. ੰ473) “ਨਾ ਤੂ ਆਵਿਹ ਵਸਿ ਤੀਰਥ ਨਾਈਐ॥ … … … ….॥ ਨਾ ਤੂ ਅਵਿਹ ਵਸਿ ਬਹੁਤਾ ਦਾਨੁ ਦੇ॥” (ਪੰ. 962)
ਬਿਲਕੁਲ ਇਸ ਸਪਸ਼ਟ ਸੇਧ ਦੇ ਉਲਟ ਉਹ ਕਵੀ ਦਸ਼ਮੇਸ਼ ਜੀ ਦੇ ਮੁਖੋਂ “ਮੁਰ ਪਿਤ ਪੂਰਬ ਕੀਅਸ ਪਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ। ॥ ਪਟਨਾ ਸ਼ਹਿਰ ਵਿਖੇ ਭਵ ਲਯੋ॥ (ਬਚਿਤਰ ਨਾਟਕ, ਸਪਤਮੋਂ ਧਿਆਇ) ਕਿਹਾ ਦਰਸਾਉਂਦਾ ਹੈ।
ਇਸ ਫੋਕੇ ਕਰਮ ਕਾਂਡ ਦਾ ਚੰਗੀ ਤਰਾਂ ਖੰਡਨ ਕਰਨ ਵਾਲੇ ਗੁਰੂ ਸਾਹਿਬ ਆਪ ਖੁਦ ਗੁਰਬਾਣੀ ਵਿਰੁਧ ਕਰਮ ਕਿਵੇਂ ਕਰ ਸਕਦੇ ਸਨ। ਗੁਰੂ ਤੇਗ ਬਹਾਦੁਰ ਸਾਹਿਬ ਦਾ ਤਾਂ ਗੁਰੂ ਨਾਨਕ, ਗੁਰੂ ਅਮਰਦਾਸ ਜੀ ਵਾਂਗ “ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥” (ਪੰ. 1116) ਅਨੁਸਾਰ ਲੋਕਾਂ ਦੇ ਉਧਾਰ ਲਈ ਤੀਰਥਾਂ ਤੇ ਜਾਣ ਦਾ ਅਸਲੀ ਪ੍ਰਯੋਜਨ ਸੀ।
ਅੰਤ ਵਿੱਚ ਇੱਕ ਖਾਸ ਨੁਕਤਾ ਧਿਆਨ ਲੋੜਦਾ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਕੋ ਹੀ ਰੱਬੀ ਜੋਤ ਨੇ ਸਚਿਆਰ/ਖਾਲਸਾ/ਸੰਤ ਸਿਪਾਹੀਪ੍ਰਗਟ ਕਰਨ ਲਈ ਕਦੇ ਚਾਰ ਉਦਾਸੀਆਂ ਕੀਤੀਆਂ, ਤੱਤੀਆਂ ਤਵੀਆਂ ਆਦਿ ਤੇ ਤਸੀਹੇ ਸਹੇ, ਜੰਗਾਂ ਜਿੱਤੀਆਂ, ਗੁੰਗਿਆਂ ਤੋਂ ਗੀਤਾ ਦੇ ਅਰਥ ਕਰਵਾਏ, ਚਾਂਦਨੀ ਚੌਂਕ ਵਿੱਚ ਸੀਸ ਕਟਾਇਆ, ਸਰਬੰਸ ਦਾਨ ਕੀਤਾ ਤੇ ਸਵਾ ਲੱਖ ਨਾਲ ਇੱਕ ਸੰਤ ਸਿਪਾਹੀ ਨੂੰ ਟੱਕਰ ਲੈਣ ਦੀ ਹਿੰਮਤ ਬਖਸ਼ੀ। ਜੇ ਕਿਸੇ ਤਰਾਂ ਦੀ ਤਪੱਸਿਆ ਨੂੰ ਗੁਰਮਤਿ ਵਿੱਚ ਥਾਂ ਦੇਣਾ ਹੀ ਹੈ ਤਾਂ ਫਿਰ ਇਹ ਤਪੱਸਿਆ ਪਤਾ ਕਿਸ ਨੂੰ ਕਰਨੀ ਚਾਹੀਦੀ ਸੀ? ਗੁਰੂ ਨਾਨਕ ਸਾਹਿਬ ਨੂੰ! ਕਿਉਂਕਿ ਆਪਾਂ ਦਸਾਂ ਗੁਰੂ ਸਾਹਿਬਾਨ ਨੂੰ ਇਕੋ ਜੋਤ ਸਮਝਦੇ ਹਾਂ ਤੇ ਉਹ ਜੋਤ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਸੀ। ਪਰ ਫਿਰ ਇਹ ਭੀ ਪਤਾ ਹੋਣਾ ਚਾਹੀਦਾ ਹੈ ਕਿ ਗੁਰਮਤਿ ਸਿਧਾਂਤ ਅਨੁਸਾਰ ਤਪੱਸਿਆ ਨੂੰ ਮੁਖ ਰੱਖਦਿਆਂ ਗੁਰੂ ਨਾਨਕ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਨਹੀਂ ਸੀ ਉਚਾਰੀ ਜਾਣੀ, ਵੇਦਾ ਸ਼ਾਸਤਰਾਂ ਦਾ ਹੀ ਬੋਲ ਬਾਲਾ ਹੋਣਾ ਸੀ, ਗੁਰਮਤਿ ਗਾਡੀ ਰਾਹ ਦੀ ਕਲਪਨਾ ਤੱਕ ਭੀ ਨਾ ਸੀ ਹੋਣੀ। “ਤੀਰਥ ਸਬਦੁ ਵੀਚਾਰ ਅੰਤਰਿ ਗਿਆਨ ਹੈ॥” ਦੀ ਥਾਂ ਭੀ ਬ੍ਰਾਹਮਣੀ ਸੋਚ ਵਾਲੀ ਤੀਰਥ ਯਾਤਰਾ ਨੂੰ ਕਿਸੇ ਭੀ ਵੰਗਾਰ ਨਾ ਸੀ ਪਾਉਣੀ।
.