.

ਸਿੱਖੀ ਦੀ ਸੁਤੰਤਰ ਹੋਂਦ ਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਚਿੰਤਾ?

ਜਸਵੰਤ ਸਿੰਘ ‘ਅਜੀਤ’

ਇੱਕ ਸਮਾਂ ਸੀ, ਜਦੋਂ ਪੰਜਾਬ ਵਿੱਚ ਆਰੀਆ ਸਮਾਜ ਨੇ ਆਪਣੇ ਪੈਰ ਫੈਲਾਣੇ ਸ਼ੁਰੂ ਕੀਤੇ ਤਾਂ ਸਭ ਤੋਂ ਪਹਿਲਾਂ ਉਸਦੇ ਮੁਖੀਆਂ ਨੇ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਨੀਤੀ ਨੂੰ ਅਮਲ ਵਿੱਚ ਲਿਆਉਣ ਦਾ ਫੈਸਲਾ ਕਰ ਲਿਆ। ਇਸਦਾ ਕਾਰਣ ਇਹ ਸੀ ਕਿ ਉਹ ਸਮਝਦੇ ਸਨ ਕਿ ਜਿਵੇਂ ਉਨ੍ਹਾਂ ਦਾ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ, ਉਸੇ ਤਰ੍ਹਾਂ ਸਿਖ ਧਰਮ ਵਿੱਚ ਵੀ ਮੂਰਤੀ ਪੂਜਾ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਇਸ ਕਰਕੇ ਸਿੱਖ ਬਹੁਤ ਜਲਦੀ ਹੀ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਨਾਲ ਜੁੜ ਜਾਣਗੇ। ਜੇ ਸਿੱਖ ਉਨ੍ਹਾਂ ਦੇ ਨਾਲ ਆ ਜਾਣ ਤਾਂ ਪੂਰੇ ਪੰਜਾਬ ਵਿੱਚ ਉਨ੍ਹਾਂ ਨੂੰ ਆਪਣੇ ਪੈਰ ਫੈਲਾਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਇਗੀ।
ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਪ੍ਰਚਾਰ ਦੇ ਘੇਰੇ ਵਿੱਚ ਲਿਆਂਦਾ ਤੇ ਉਨ੍ਹਾਂ ਦੇ ਸਾਹਮਣੇ ਸਿੱਖ ਇਤਿਹਾਸ ਨੂੰ ਇਸਤਰ੍ਹਾਂ ਤੋੜ-ਮਰੋੜ ਕੇ ਪੇਸ਼ ਕਰਨਾ ਸ਼ੁਰੂ ਕੀਤਾ, ਜਿਸ ਨਾਲ ਉਨ੍ਹਾਂ ਵਿੱਚ ਇਹ ਭਰਮ ਪੈਦਾ ਹੋ ਜਾਏ ਕਿ ਸਿੱਖ ਧਰਮ ਕੋਈ ਅੱਡਰਾ ਜਾਂ ਸੁਤੰਤਰ ਧਰਮ ਨਹੀਂ ਹੈ, ਸਗੋਂ ਵਿਸ਼ਾਲ ਹਿੰਦੂ ਧਰਮ ਦਾ ਹੀ ਇੱਕ ਹਿਸਾ ਹੈ ਅਤੇ ਸਿੱਖ, ਹਿੰਦੂਆਂ ਦਾ ਹੀ ਇੱਕ ਕੇਸਾਧਾਰੀ ਤੇ ਸ਼ਸਤ੍ਰਧਾਰੀ ਅੰਗ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਹਿੰਦੂਆਂ ਦੀ ਰਖਿਆ ਦੇ ਲਈ ਸ਼ਸਤ੍ਰਧਾਰੀ ਦੇ ਰੂਪ ਵਿੱਚ ਤਿਆਰ ਕੀਤਾ ਸੀ। ਮੁਸਲਮਾਣ ਤਾਂ ਸਿੱਖਾਂ ਦੇ ਕਟੜ ਦੁਸ਼ਮਣ ਹਨ। ਜਿਨ੍ਹਾਂ ਨੇ ਨਾ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਾਹਿਬਜ਼ਾਦਿਆਂ ਨੂੰ ਹੀ ਸ਼ਹੀਦ ਕੀਤਾ, ਸਗੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਿੱਚ ਵੀ ਕੋਈ ਕਸਰ ਨਹੀਂ ਸੀ ਛਡੀ। ਆਰੀਆ ਸਮਾਜੀਆਂ ਨੇ ਸਿੱਖ ਨੌਜਵਾਨਾਂ ਨੂੰ ਭਰਮਾਉਣ ਲਈ, ਉਨ੍ਹਾਂ ਨੂੰ ਇਥੋਂ ਤਕ ਅਹਿਸਾਸ ਕਰਾਉਣਾ ਸ਼ੁਰੂ ਕਰ ਦਿਤਾ ਕਿ ਹੁਣ ਜਦ ਕਿ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਹੈ, ਕੇਸਾਧਾਰੀ ਤੇ ਸ਼ਸਤ੍ਰਧਾਰੀ ਬਣੇ ਰਹਿਣਾ ਕੋਈ ਜ਼ਰੂਰੀ ਨਹੀਂ ਰਹਿ ਗਿਆ ਹੋਇਆ।
ਕੁੱਝ ਸਿੱਖ ਨੌਜਵਾਨ ਉਨ੍ਹਾਂ ਦੇ ਇਸ ਭਰਮਾਊ ਪ੍ਰਚਾਰ ਦੇ ਝਾਂਸੇ ਵਿਚ, ਆ ਗਏ। ਜਿਨ੍ਹਾਂ ਵਿਚੋਂ ਪੰਜ ਸਿੱਖ ਨੌਜਵਾਨ ਤਾਂ ਆਪਣੇ ਕੇਸ ਕਤਲ ਕਰਵਾਉਣ ਤਕ ਲਈ ਵੀ ਤਿਆਰ ਹੋ ਗਏ। ਆਰੀਆ ਸਮਾਜ ਦੇ ਮੁਖੀਆਂ ਨੇ ਇਸ ਨੂੰ ਆਪਣੀ ਭਾਰੀ ਜਿਤ ਵਜੋਂ ਸਵੀਕਾਰ ਕਰ ਕੇ, ਇਨ੍ਹਾਂ ਸਿੱਖ ਨੌਜਵਾਨਾਂ ਦੇ ਕੇਸ ਕਤਲ ਕਰਵਾਉਣ ਦੀ ਕਾਰਵਾਈ ਦਾ ਖੁਲ੍ਹਾ ਪ੍ਰਦਰਸ਼ਨ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਨੌਜਵਾਨਾਂ ਵਲੋਂ ਕੀਤੀ ਜਾਣ ਵਾਲੀ ਇਸ ‘ਦਲੇਰੀ’ ਤੋਂ ਉਤਸਾਹਿਤ ਹੋ ਕੇ ਹੋਰ ਕਈ ਸਿੱਖ ਨੌਜਵਾਨ ਉਨ੍ਹਾਂ ਦਾ ਅਨੁਸਰਣ ਕਰਨ ਲਈ ਅਗੇ ਆ ਜਾਣਗੇ, ਫਿਰ ਉਨ੍ਹਾਂ ਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਜਾਂ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪਰ ਇਨ੍ਹਾਂ ਪੰਜ ਸਿੱਖ ਨੌਜਵਾਨਾਂ ਵਲੋਂ ਅਪਣੇ ਕੇਸ ਕਤਲ ਕਰਵਾਉਣ ਦੇ ਕੀਤੇ ਗਏ ‘ਦਲੇਰੀ’ ਭਰੇ ਫੈਸਲੇ ਨੂੰ ਸਿੱਖ ਮੁਖੀਆਂ ਨੇ ਸਮੁਚੀ ਸਿੱਖ ਕੌਮ ਲਈ ਚੁਨੌਤੀ ਵਜੋਂ ਲਿਆ ਤੇ ਇਸ ਦਾ ਤਿਖਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ। ਨਤੀਜੇ ਵਜੋਂ ਆਰੀਆ ਸਮਾਜ ਦੇ ਆਗੂਆਂ ਵਲੋਂ ਕੀਤੀ ਜਾਣ ਵਾਲੀ ਇਸ ‘ਦਲੇਰੀ’ ਦਾ ਅਜਿਹਾ ਤਿਖਾ ਵਿਰੋਧ-ਆਤਮਕ ਪ੍ਰਤੀਕਰਮ ਹੋਇਆ, ਜਿਸਦੀ ਸ਼ਾਇਦ ਉਨ੍ਹਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ।
ਆਰੀਆ ਸਮਾਜ ਦੇ ਮੁਖੀਆਂ ਵਲੋਂ ਕੀਤੀ ਜਾਣ ਵਾਲੀ ਇਸ ‘ਦਲੇਰੀ’ ਭਰੀ ਕਾਰਵਾਈ ਦੇ ਨਾਲ ਸਿੱਖਾਂ ਵਿੱਚ ਇਹ ਸੰਦੇਸ਼ ਚਲਾ ਗਿਆ ਕਿ ਅਜ ਆਰੀਆ ਸਮਾਜੀਆਂ ਦੇ ਭਰਮਾਊ ਪਰਚਾਰ ਦਾ ਸ਼ਿਕਾਰ ਹੋ ਕੇ ਪੰਜ ਸਿੱਖ ਨੌਜਵਾਨ ਖੁਲ੍ਹੇ ਆਮ ਕੇਸ ਕਤਲ ਕਰਵਾਣ ਦੀ ਦਲੇਰੀ ਵਿਖਾਣ ਲਈ ਤਿਆਰ ਹੋ ਗਏ ਹਨ, ਕਲ ਨੂੰ ਉਨ੍ਹਾਂ ਦੇ ਭਰਮਾਊ ਪ੍ਰਚਾਰ ਦਾ ਸ਼ਿਕਾਰ ਹੋ ਕੇ ਹੋਰ ਕਈ ਸਿੱਖ ਨੌਜਵਾਨ ਆਪਣੇ ਕੇਸ ਕਤਲ ਕਰਵਾਉਣ ਲਈ ਅਗੇ ਆ ਸਕਦੇ ਹਨ, ਜਿਸ ਨਾਲ ਸਿੱਖੀ-ਸਰੂਪ ਦੇ ਖਤਮ ਹੋਣ ਵਲ ਵਧਣ ਦੇ ਨਾਲ, ਸਿੱਖ ਧਰਮ ਦੀ ਸੁਤੰਤਰ ਹੋਂਦ ਪੁਰ ਖਤਰਾ ਮੰਡਰਾਉਣ ਲਗੇਗਾ। ਫਲਸਰੂਪ ਸਿੱਖ ਮੁਖੀਆਂ ਨੇ ਆਰੀਆ ਸਮਾਜ ਦੇ ਮੁਖੀਆਂ ਦੀ ਇਸ ਕਾਰਵਾਈ ਨੂੰ ਸਿੱਖੀ ਪੁਰ ਹਮਲੇ ਅਤੇ ਆਪਣੇ ਲਈ ਚੁਨੌਤੀ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਤੇ ਇਸਦੇ ਵਿਰੁਧ ‘ਹਮ ਹਿੰਦੂ ਨਹੀਂ’ ਦਾ ਬਗ਼ਾਵਤੀ ਝੰਡਾ ਬੁਲੰਦ ਕਰ ਕੇ ਅਜਿਹਾ ਤਿਖਾ ਵਿਰੋਧ ਅਰੰਭਿਆ, ਕਿ ਉਸਦੇ ਫਲਸਰੂਪ ਸਿੱਖਾਂ ਵਿੱਚ ਇਹ ਭਾਵਨਾ ਦ੍ਰਿੜ ਹੋ ਗਈ ਕਿ ਜੇ ਉਨ੍ਹਾਂ ਨੇ ਸਿੱਖ ਧਰਮ ਦੀ ਸੁਤੰਤਰ ਹੋਂਦ ਤੇ ਆਪਣੀ ਅਡਰੀ ਪਛਾਣ ਕਾਇਮ ਰਖਣੀ ਹੈ, ਤਾਂ ਉਨ੍ਹਾਂ ਨੂੰ ਆਪਣੀ ਤੇ ਸਿੱਖ ਧਰਮ ਦੀ ਹੋਂਦ, ਹਿੰਦੂ ਧਰਮ ਤੋਂ ਅਲਗ ਹੋਣ ਦਾ ਐਲਾਨ ਕਰਨਾ ਹੀ ਹੋਵੇਗਾ। ਇਸ ਉਦੇਸ਼ ਲਈ ਪ੍ਰਭਾਵਸ਼ਾਲੀ ਸਾਹਿਤ ਵੀ ਰਚਿਆ ਗਿਆ ਤੇ ਸਿੱਖਾਂ ਵਿੱਚ ਉਸਦਾ ਜ਼ੋਰਦਾਰ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ ਗਿਆ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਵਿੱਚ ਇੱਕ ਅਜਿਹੀ ਲਹਿਰ ਅਰੰਭ ਹੋ ਗਈ, ਜਿਸਨੇ ਉਨ੍ਹਾਂ ਦੇ ਦਿਲ ਵਿੱਚ ਆਪਣੇ ਸਿੱਖ ਹੋਣ ਤੇ ਮਾਣ ਕਰਨ ਦੀ ਭਾਵਨਾ ਪੈਦਾ ਕਰ ਦਿਤੀ।
ਪ੍ਰੰਤੂ ਅਜ ਕੀ ਹੋ ਰਿਹਾ ਹੈ? ਪੰਜਾਬ ਵਿੱਚ ਲਗਭਗ ਅੱਸੀ ਪ੍ਰਤੀਸ਼ਤ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਗਏ ਹੋਏ ਦਸੇ ਜਾ ਰਹੇ ਹਨ। ਪ੍ਰੰਤੂ ਇਸਦੇ ਵਿਰੁਧ ਅਜਿਹਾ ਕੋਈ ਪ੍ਰਤੀਕਰਮ ਹੋਇਆ ਵੇਖਣ-ਸੁਣਨ ਨੂੰ ਨਹੀਂ ਮਿਲ ਰਿਹਾ, ਜਿਹੋ ਜਿਹਾ ਪੰਜ ਸਿੱਖ ਨੌਜਵਾਨਾਂ ਦੇ ਸਾਰਵਜਨਿਕ ਰੂਪ ਵਿੱਚ ਕੇਸ ਕਤਲ ਕਰਵਾਉਣ ਦੇ ਕੀਤੇ ਗਏ ਐਲਾਨ ਦੇ ਫਲਸਰੂਪ ਹੋਇਆ ਸੀ। ਕੁੱਝ ਸਿੱਖ ਮੁਖੀਆਂ ਵਲੋਂ ਜ਼ਰੂਰ ਸਮੇਂ-ਸਮੇਂ ਇਸ ਸਥਿਤੀ ਪੁਰ ਚਿੰਤਾ ਪ੍ਰਗਟ ਕੀਤੀ ਜਾਂਦੀ ਸੁਣਨ ਨੂੰ ਮਿਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਕਰੋੜਾਂ ਰੁਪਏ ਸਿੱਖੀ ਨੂੰ ਬਚਾਣ ਲਈ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਾਲਾਤ ਇਸ ਗਲ ਦੇ ਗੁਆਹ ਹਨ, ਕਿ ਸਿੱਖ ਮੁਖੀਆਂ ਵਲੋਂ ਪ੍ਰਗਟ ਕੀਤੀ ਜਾ ਰਹੀ ਚਿੰਤਾ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਵਲੋਂ ਕਰੋੜਾਂ ਰੁਪਏ ਖਰਚ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ, ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਆਗਣ ਵਲ ਜੋ ਰੁਝਾਨ ਬਣਿਆ ਚਲਿਆ ਆ ਰਿਹਾ ਹੈ, ਉਸਨੂੰ ਠਲ੍ਹ ਨਹੀ ਪੈ ਰਹੀ ਤੇ ਉਹ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਇਸ ਦੇ ਕਈ ਕਾਰਣ ਦਸੇ ਜਾ ਰਹੇ ਹਨ, ਪ੍ਰੰਤੂ ਸਭ ਤੋਂ ਗੰਭੀਰ ਤੇ ਮੁਖ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਜਦ ਤੋਂ ਪੰਜਾਬ ਦੇ ਸੱਤਾ-ਸੰਘਰਸ਼ ਵਿੱਚ ਕਾਂਗ੍ਰਸ ਦੀ ਚੁਨੌਤੀ ਦਾ ਸਾਹਮਣਾ ਕਰਨ ਲਈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਕਰਕੇ, ਇਹ ਪ੍ਰਭਾਵ ਦੇਣਾ ਅਰੰਭਿਆ ਹੈ ਕਿ ਉਹ ਭਾਜਪਾ ਦੇ ਸਾਥ ਬਿਨਾਂ ਪੰਜਾਬ ਦੀ ਸੱਤਾ ਪੁਰ ਨਾ ਤਾਂ ਕਾਬਜ਼ ਹੋ ਸਕਦੇ ਹਨ ਤੇ ਨਾ ਹੀ ਕਾਬਜ਼ ਬਣੇ ਰਹਿ ਸਕਦੇ ਹਨ, ਤਦ ਤੋਂ ਹੀ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ, ਆਰ ਐਸ ਐਸ ਆਦਿ ਦੇ ਮੁਖੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਪਣੇ ਪੁਰ ਨਿਰਭਰਤਾ ਦੀ ਕਮਜ਼ੋਰੀ ਦਾ ਲਾਭ ਉਠਾਣ ਲਈ, ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿਖਾਂ ਦੀ ਅਡਰੀ ਪਛਾਣ ਤੇ ਪ੍ਰਸ਼ਨ ਚਿੰਨ੍ਹ ਲਾਉਣੇ ਸ਼ੁਰੂ ਕਰ ਦਿਤੇ ਗਏ।
ਇਸ ਵਾਰ ਸਿੱਖੀ ਤੇ ਹਮਲਾ ਕਰਦਿਆਂ ਆਰ ਐਸ ਐਸ ਦੇ ਆਗੂਆਂ ਨੇ ਬੀਤੇ ਸਮੇਂ ਵਿੱਚ ਆਰੀਆ ਸਮਾਜ ਦੇ ਆਗੂਆਂ ਵਲੋਂ ਕੀਤੀ ਗਈ ਗ਼ਲਤੀ ਨੂੰ ਨਹੀਂ ਦੁਹਰਾਇਆ। ਉਨ੍ਹਾਂ ਨੇ ਬਾਹਰੋਂ ਹਮਲਾ ਕਰਨ ਦੀ ਬਜਾਏ, ਸਿੱਖੀ ਨੂੰ ਅੰਦਰੋਂ ਖੋਖਲਾ ਕਰਨ ਦੀ ਰਣਨੀਤੀ ਅਪਨਾਈ ਤੇ ਕੁੱਝ ਭੇਖੀ ਸਿਖਾਂ ਨੂੰ ਅਗੇ ਲਾ ਕੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਸੰਸਥਾ ਦਾ ਗਠਨ ਕਰ, ਸਿੱਖਾਂ ਵਿੱਚ ਘੁਸਪੈਠ ਕਰ ਲਈ ਅਤੇ ਉਸ ਦੇ ਸਹਾਰੇ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦਾ ਰੂਪ ਬਦਲਣਾ ਅਤੇ ਉਸਦੇ ਸਰਬ-ਸਾਂਝੀਵਾਲਤਾ ਦੇ ਆਦਰਸ਼ ਨੂੰ ਖਤਮ ਕਰਨਾ ਸ਼ੁਰੂ ਕਰ ਦਿਤਾ। ਇਸ ਉਦੇਸ਼ ਲਈ ਉਸ ਵਲੋਂ, ਸਿੱਖ ਇਤਿਹਾਸ ਦੇ ਨਾਂ ਤੇ ਅਜਿਹਾ ਸਾਹਿਤ ਪ੍ਰਕਾਸ਼ਤ ਕਰਵਾ ਕੇ ਸਿੱਖਾਂ ਵਿੱਚ ਪ੍ਰਚਾਰਤ ਤੇ ਪ੍ਰਸਾਰਤ ਕਰਨਾ ਸ਼ੁਰੂ ਕਰ ਦਿਤਾ ਗਿਆ, ਜਿਸ ਵਿੱਚ ਇਹ ਸਾਬਤ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਸਿੱਖਾਂ ਅਤੇ ਮੁਸਲਮਾਣਾਂ ਵਿੱਚ ਸਦੀਵੀ ਦੁਸ਼ਮਣੀ ਚਲੀ ਆ ਰਹੀ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਚਲੀ ਆ ਰਹੀ ਇਹ ਦੁਸ਼ਮਣੀ ਅਜ ਵੀ ਕਾਇਮ ਹੈ। ਇਸਦੇ ਲਈ ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਸਿੱਖਾਂ, ਵਿਸ਼ੇਸ ਕਰਕੇ ਸਿੱਖ ਨੌਜਵਾਨਾਂ ਨੂੰ ਇਸ ਗਲ ਦਾ ਭੁਲੇਖਾ ਪੈਦਾ ਹੋ ਜਾਏ ਕਿ ਇਹ ਸ਼ਹਾਦਤਾਂ ਮੁਸਲਮਾਣਾਂ ਦੀ ਸਿੱਖਾਂ ਦੇ ਨਾਲ ਦੁਸ਼ਮਣੀ ਦੇ ਫਲਸਰੂਪ ਹੀ ਹੋਈਆਂ ਹਨ।
ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀਆਂ ਮੁਗ਼ਲਾਂ ਦੇ ਨਾਲ ਹੋਈਆਂ ਲੜਾਈਆਂ ਨੂੰ ਵੀ ਸਿੱਖ-ਮੁਸਲਮਾਣ ਦੁਸ਼ਮਣੀ ਦੇ ਰੂਪ ਵਿੱਚ ਹੀ ਪੇਸ਼ ਕੀਤਾ ਜਾ ਰਿਹਾ ਹੈ। ਅਜਿਹਾ ਕਰਦਿਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਉਨ੍ਹਾਂ ਮੁਸਲਮਾਣਾਂ ਦੀ ਭੂਮਿਕਾ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿਤਾ ਗਿਆ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਨੂੰ ਕਾਇਮ ਰਖਦਿਆਂ ਮੁਗ਼ਲ ਹਾਕਮਾਂ ਦੇ ਜ਼ੁਲਮ ਦੇ ਵਿਰੁਧ ਗੁਰੂ ਸਾਹਿਬਾਨ ਦਾ ਸਾਥ ਦਿਤਾ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਦੇ ਵੀ ਸਿੱਖ ਇਤਿਹਾਸ ਵਿੱਚ ਕਈ ਅਜਿਹੇ ਮੁਸਲਮਾਣਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਸਿੱਖਾਂ ਵਲੋਂ ਜ਼ੁਲਮ ਦੇ ਵਿਰੁਧ ਕੀਤੇ ਜਾਂਦੇ ਰਹੇ ਸੰਘਰਸ਼ ਵਿੱਚ ਨਾ ਕੇਵਲ ਉਨ੍ਹਾਂ ਦਾ ਸਾਥ ਦਿਤਾ, ਸਗੋਂ ਉਨ੍ਹਾਂ ਦੇ ਮੁਗ਼ਲਾਂ ਵਿਰੁਧ ਕੀਤੇ ਗਏ ਸੰਘਰਸ਼ ਦੀ ਪ੍ਰਸ਼ੰਸਾ ਵੀ ਕੀਤੀ ਹੈ।
ਸ਼੍ਰੌਮਣੀ ਕਮੇਟੀ ਦੀਆਂ ਸਟੇਜਾਂ ਪੁਰ ਵੀ ਭਾਜਪਾ ਨੇਤਾ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੇ ਅਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਤੇ ਸਿੱਖਾਂ ਦੀ ਅਡਰੀ ਪਛਾਣ ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੇ ਚਲੇ ਆ ਰਹੇ ਹਨ, ਪਰ ਸਟੇਜ ਤੇ ੳਨ੍ਹਾਂ ਦੇ ਨਾਲ ਹੀ ਬੈਠੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਉਨ੍ਹਾਂ ਦਾ ਵਿਰੋਧ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨੂੰ ਟੋਕਣ ਦੀ ਜੁਰੱਅਤ ਤਕ ਵੀ ਨਹੀਂ ਵਿਖਾ ਪਾ ਰਹੇ। ਇਸ ਹਾਲਤ ਵਿੱਚ ਨਤੀਜਾ ਤਾਂ ਉਹੀ ਹੋਵੇਗਾ, ਜੋ ਸਾਹਮਣੇ ਆ ਰਿਹਾ ਹੈ।
…ਅਤੇ ਅੰਤ ਵਿਚ: ਇੱਕ ਸਜਣ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਉਸਦੀਆਂ ਨਜ਼ਰਾਂ ਵਿਚੋਂ, ਰਾਸ਼ਟਰੀ ਸਿੱਖ ਸੰਗਤ ਦੇ ਇੱਕ ਮੁਖੀ ਮਦਨਜੀਤ ਸਿੰਘ ਵਲੋਂ ਲਿਖਿਆ ਇੱਕ ਮਜ਼ਮੂਨ ਗੁਜ਼ਰਿਆ ਹੈ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਸ ਅਸਥਾਨ ਪੁਰ ਹਰਿਮੰਦਿਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਦਾ ਨਿਰਮਾਣ ਅਰੰਭ ਕਰਵਾਇਆ ਸੀ, ਉਸ ਅਸਥਾਨ ਤੇ ਪਹਿਲਾਂ ਹਿੰਦੂਆਂ ਦਾ ਮੰਦਿਰ ਹੁੰਦਾ ਸੀ। ਪਹਿਲੀ ਗਲ ਤਾਂ ਇਹ ਕਿ ਸ੍ਰੀ ਹਰਿਮੰਦਿਰ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਰਾਮਦਾਸ ਜੀ ਨੇ ਨਹੀਂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਦੂਜਾ, ਕੀ ਇਸ ਲਿਖਤ ਤੋਂ ਇਹ ਸ਼ੰਕਾ ਨਹੀਂ ਪੈਦਾ ਹੁੰਦੀ ਕਿ ਇਹ ਲਿਖਤ ਕਿਸੇ ਸੋਚੀ-ਸਮਝੀ ਸਾਜ਼ਸ਼ ਅਧੀਨ ਹੀ ਲਿਖੀ ਤੇ ਲਿਖਵਾਈ ਗਈ ਹੈ, ਜਿਸਦਾ ਉਦੇਸ਼ ਕਿਸੇ ਵੀ ਸਮੇਂ ਇਸ ਲਿਖਤ ਨੂੰ ਆਧਾਰ ਬਣਾ ਕੇ, ਉਸੇ ਤਰ੍ਹਾਂ ਸ੍ਰੀ ਹਰਿਮੰਦਿਰ ਸਾਹਿਬ ਦੀ ਹੋਂਦ ਨੂੰ ਚੁਨੌਤੀ ਦੇਣਾ ਹੋ ਸਕਦਾ ਹੈ, ਜਿਵੇਂ ਕਿ ਬਾਬਰੀ ਮਸਜਿਦ ਦੀ ਹੋਂਦ ਨੂੰ ਚੁਨੌਤੀ ਦਿਤੀ ਜਾ ਰਹੀ ਹੈ।

(Mobile : 098 68 91 77 31)
Address : 64-C, U&V/B, Shalimar Bagh, DELHI-11 00 88 (INDIA)
.