.

ਸਿਧਾਂਤ ਅਤੇ ਕੌਮੀ ਤਾਕਤ ਨੂੰ ਲੱਗਦੀ ਢਾਹ

ਹਰਜਿੰਦਰ ਸਿੰਘ ‘ਸਭਰਾ’

ਗੁਰੂ ਸਾਹਿਬਾਨ ਜੀ ਨੇ ਜਦੋਂ ਗੁਰਮਤਿ ਦੀ ਸੱਚ ਵੀਚਾਰਧਾਰਾ ਨੂੰ ਦੁਨਿਆਵੀ ਮੰਚ ਤੇ ਜ਼ਾਹਰ ਕੀਤਾ ਸੀ ਤਾਂ ਮਨੁੱਖੀ ਜੀਵਨ ਢੰਗ ਵਿੱਚ ਇੱਕ ਵੱਡੀ ਉਥਲ ਪੁਥਲ ਵੀ ਸ਼ੁਰੂ ਹੋਈ। ਸੱਚ ਦੇ ਖੋਜੀਆਂ ਅਤੇ ਜਗਿਆਸੂਆਂ ਲਈ ਇਹ ਖ਼ੁਸ਼ੀ ਦਾ ਸੁਨੇਹਾ ਸੀ ਅਤੇ ਕੂੜ ਭਰੀ ਲਾਹਨਤ ਜ਼ਿੰਦਗੀ ਜਿਊਣ ਵਾਲਿਆਂ ਲਈ ਵੰਗਾਰ। ਕਿਉਂਕਿ ਗੁਰਮਤਿ ਦਾ ਸੱਚ ਕੂੜ ਦੇ ਨਿਖੁਟਣ ਅਤੇ ਸੱਚ ਦੇ ਕਾਇਮ ਰਹਿਣ ਦੀ ਸੱਦ ਦਿੰਦਾ ਮਨੁੱਖੀ ਸੋਚ ਨੂੰ ਝੰਜੋੜਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸਦੇ ਪ੍ਰਚਾਰ ਪ੍ਰਸਾਰ ਦੇ ਸਫਲ ਤਰੀਕੇ ਅਪਣਾ ਕੇ ਇਸ ਨੂੰ ਸਥਾਪਤ ਕਰਨ ਹਿਤ ਬੜਾ ਸੰਘਰਸ਼ਮਈ ਯਤਨ ਕੀਤਾ। ਇਸ ਦੀ ਕਾਇਮੀ ਅਤੇ ਸਮਾਜਕ ਰੂਪ ਵਿੱਚ ਸਥਾਪਤੀ ਲਈ ਹੀ ਗੁਰੂ ਸਾਹਿਬਾਨ ਜੀ ਨੇ ਸੰਗਤ, ਪੰਗਤ, ਲੰਗਰ, ਧਰਮਸ਼ਾਲ, ਪੋਥੀ ਸਾਹਿਬ, ਨਿਸ਼ਾਨ ਅਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਹੋਂਦ ਵਿੱਚ ਲਿਆਂਦਾ। ਗੁਰੂ ਸਾਹਿਬਾਨ ਦਾ ਮੁਖ ਮਕਸਦ ਇਹੀ ਸੀ ਕਿ ਇਸ ਸਿਧਾਂਤ ਨੂੰ ਕਿਵੇਂ ਨਾ ਕਿਵੇਂ ਮਨੁੱਖੀ ਜੀਵਨ ਵਿਹਾਰ ਦਾ ਅੰਗ ਬਣਾਇਆ ਜਾਵੇ ਕਿਉਂਕਿ ਕੇਵਲ ਗੱਲੀਂ ਬਾਤੀਂ ਜਾਂ ਆਖਣ ਸੁਨਣ ਦਾ ਭਾਵੇਂ ਆਪਣਾ ਪ੍ਰਭਾਵ ਹੈ ਪਰ ਥੋੜ ਚਿਰਾ ਹੈ ਤਾਂ ਜ਼ਰੂਰੀ ਸੀ ਕਿ ਮਨੁੱਖ ਦੀ ਜੀਵਨ ਰਹਿਣੀ ਨੂੰ ਇੱਕ ਨੇਮ ਵਿੱਚ ਬੰਨਿਆਂ ਜਾਂਦਾ ਜਿਸ ਤਹਿਤ ਵਿਚਰਦਿਆਂ ਹੋਇਆਂ ਸੌਖੇ ਹੀ ਅਤੇ ਸਮਾਜਕ ਸੰਗਤੀ ਰੂਪ ਵਿੱਚ ਮਨੁੱਖ ਉਨਾਂ ਸਿਧਾਤਾਂ ਦੀ ਪਾਲਣਾ ਕਰ ਸਕਦਾ। ਜਿਥੇ ਗੁਰੂ ਸਾਹਿਬਾਨ ਜੀ ਇਸ ਮਹਾਨ ਮਕਸਦ ਦੀ ਪੁਰਤੀ ਲਈ ਸੁਦ੍ਰਿੜ ਅਤੇ ਯਤਨਸ਼ੀਲ ਸਨ ਅਤੇ ਕੁਰਬਾਨੀਆਂ ਵੀ ਕਰ ਰਹੇ ਸਨ। ਉਥੇ ਸਮੇਂ ਦੀਆਂ ਕੂੜ ਤਾਕਤਾਂ ਸਰੀਰਕ ਅਤੇ ਜਾਨੀ ਮਾਲੀ ਨੁਕਸਾਨ ਪਹੁੰਚਾਣ ਲਈ ਵੀ ਤਤਪਰ ਹੋਈਆਂ ਪਈਆਂ ਸਨ ਤਾਂ ਕਿ ਇਸ ਇਨਕਲਾਬ ਨੂੰ ਕੁਚਲ ਕੇ ਇਸਦੀ ਹੋਂਦ ਨੂੰ ਖ਼ਤਮ ਕੀਤਾ ਜਾ ਸਕੇ। ਸ਼ਹੀਦੀਆਂ, ਜੰਗਾਂ ਅਤੇ ਘੱਲੂਘਾਰੇ ਇਸੇ ਮਨਸੂਬੇ ਦੀ ਪੂਰਤੀ ਵਿਚੋਂ ਹੀ ਨਿਕਲਿਆ ਨਤੀਜਾ ਹਨ। ਪਰ ਸਭ ਕੁੱਝ ਸਹਿੰਦਿਆਂ ਅਤੇ ਹਰ ਤਰ੍ਹਾਂ ਦੇ ਮਾਰੂ ਹਲਾਤਾਂ ਦਾ ਸਾਹਮਣਾ ਕਰਕੇ ਗੁਰਮਤਿ ਦਾਤੇ ਸਤਿਗੁਰੂ ਸਹਿਬਾਨਾਂ ਅਤੇ ਗੁਰਮਤਿ ਦੇ ਧਾਰਨੀ ਸਾਡੇ ਮਹਾਨ ਗੁਰਸਿਖ ਬਜ਼ੁਰਗਾਂ ਵਲੋਂ ਇਸ ਮਨਸੂਬੇ ਨੂੰ ਪੂਰਾ ਨਾ ਹੋਣ ਦਿੱਤਾ ਕਿ ਇਸ ਮਹਾਨ ਇਨਕਲਾਬ ਨੂੰ ਖ਼ਤਮ ਕੀਤਾ ਜਾ ਸਕੇ। ਜਿਥੇ ਇਸ ਵੀਚਾਰਧਾਰਾ ਅਤੇ ਇਸ ਦੀ ਸਥਾਪਤੀ ਦੇ ਸਾਧਨਾਂ ਦੇ ਖ਼ਾਤਮੇ ਦੇ ਇਹ ਬਾਹਰੀ ਯਤਨ ਹੋ ਰਹੇ ਸਨ ਉਥੇ ਸਿਧਾਂਤਕ ਤੌਰ ਤੇ ਇਸ ਨੂੰ ਢਾਹ ਲਾਉਣ ਲਈ ਅਤੇ ਇਸ ਵਿੱਚ ਗੰਧਲਾ ਪਨ ਪੈਦਾ ਕਰਨ ਲਈ ਵੀ ਕੂੜ ਅਨੁਯਾਈਂ ਪੱਬਾਂ ਭਾਰ ਹੋਏ ਪਏ ਸਨ ਸੋ ਉਨ੍ਹਾਂ ਆਪਣੇ ਤਰੀਕੇ ਨਾਲ ਇਸ ਨੂੰ ਖ਼ਤਮ ਕਰਨ ਦਾ ਪੈਂਤੜਾ ਅਪਣਾਇਆ।
ਰੂਹ ਤੋਂ ਬਿਨ੍ਹਾਂ ਮੁਰਦਾ ਸਰੀਰ ਵਾਂਗ ਸਿਧਾਂਤ ਅਤੇ ਵੀਚਾਰਧਾਰਾ ਤੋਂ ਹੀਣੀਆਂ ਕੌਮਾਂ ਅਤੇ ਸਮਾਜ ਵੀ ਅੰਦਰੋਂ ਖੋਖਲੇ ਹੀ ਹੁੰਦੇ ਹਨ ਕਿਉਂਕਿ ਉਹ ਸਮੇਂ ਦੀ ਗਰਦਸ਼ ਵਿੱਚ ਆਪਣੀ ਥਾਂ ਨਹੀਂ ਬਣਾ ਸਕਦੇ ਅਤੇ ਸਮੇਂ ਦੇ ਥਪੇੜੇ ਉਨ੍ਹਾਂ ਨੂੰ ਲਾਈਲੱਗ ਬਣਾ ਦਿੰਦੇ ਹਨ। ਆਖ਼ਰ ਮੈਦਾਨੇ ਜੰਗ ਵਿੱਚ ਜਿਸ ਯੋਧੇ ਦੇ ਪੈਰ ਨਾ ਜੰਮਣ ਉਸ ਦੀ ਜਿੱਤ ਦੂਰ ਤੇ ਹਾਰ ਯਕੀਨੀ ਹੁੰਦੀ ਹੈ। ਸਿਧਾਂਤਕ ਅਤੇ ਸਿਧਾਂਤਕ ਸਥਾਪਤੀ ਦੇ ਸਾਧਨਾਂ ਪ੍ਰਤੀ ਰੋਲ ਘਚੋਲਾ ਪਾਉਣ ਦਾ ਸ਼ੁਰੂ ਤੋਂ ਹੀ ਵਿਰੋਧੀਆਂ ਵਲੋਂ ਯਤਨ ਕੀਤਾ ਜਾ ਰਿਹਾ ਸੀ ਪਰ ਗੁਰੂ ਸਾਹਿਬਾਨ ਜੀ ਇਸ ਪੱਖੋਂ ਵੀ ਸੁਚੇਤ ਸਨ ਅਤੇ ਪੂਰੇ ਸਤਰਕ ਰਹਿ ਕੇ ਇਸਦਾ ਜਵਾਬ ਦੇ ਰਹੇ ਸਨ। ਉਦਾਹਰਣ ਵੱਤ ਬਾਬਾ ਪ੍ਰਿਥੀ ਚੰਦ ਰਾਹੀਂ ਵਿਰੋਧੀ ਲਾਬੀ ਨੇ ਗੁਰਮਤਿ ਪਾਂਧੀਆਂ ਨੂੰ ਵੰਡਣ ਦਾ ਜੋ ਛੜਯੰਤਰ ਰਚਿਆ ਅਤੇ ਜਿਸ ਪੱਧਰ ਤੇ ਇਹ ਕਾਰਵਾਈ ਕੀਤੀ ਗੁਰੂ ਅਰਜਨ ਸਾਹਿਬ ਜੀ ਦੀ ਦੂਰ ਅੰਦੇਸ਼ੀ ਹੀ ਇਸ ਬਿਖੜੇ ਸਮੇਂ ਇਸ ਲਹਿਰ ਲਈ ਜੀਵਨਦਾਤਾ ਬਣੀ। ਦਰਬਾਰ ਸਾਹਿਬ ਕੇਂਦਰ ਦੇ ਬਰਾਬਰ ਹੇਹਰ ਪਿੰਡ ਆਪਣਾ ਵੱਖਰਾ ਢਾਂਚਾ ਅਤੇ ਗੁਰਬਾਣੀ ਦੇ ਬਰਾਬਰ ਮਿਹਰਵਾਨ ਵਲੋਂ ਆਪਣੀ ਬਾਣੀ ਨਾਨਕ ਛਾਪ ਹੇਠ ਰਚਣੀ ਇਸ ਪਾਸੇ ਸੰਕੇਤ ਹਨ ਕਿ ਕਿਸ ਪੱਧਰ ਅਤੇ ਸੋਚ ਨਾਲ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਸੀ। ਚਾਰ ਭਗਤਾਂ ਦਾ ਆਪਣੀ ਕਚਘਰੜ ਰਚਨਾ ਪੋਥੀ ਵਿੱਚ ਦਰਜ਼ ਕਰਵਾਉਣ ਦੀ ਸਿਫਾਰਸ਼ ਕਰਨਾ ਅਤੇ ਗੁਰੂ ਘਰ ਦਾ ਵਿਰੋਧ ਥਾਂ ਪੁਰ ਥਾਂ ਕਰਨਾ ਸਿਧਾਂਤਕ ਰੋਲ ਘਚੋਲੇ ਦਾ ਪਰਦਾ ਫਾਸ਼ ਕਰਦੇ ਹਨ। ਜੋ ਕੁੱਝ ਗੁਰੂ ਸਾਹਿਬਾਨ ਵਲੋਂ ਪ੍ਰਚਾਰਿਆ ਜਾ ਰਿਹਾ ਸੀ ਉਸ ਨੂੰ ਆਪਣੇ ਅਰਥਾਂ ਵਿੱਚ ਦੱਸਣ ਲਈ ਦੂਜੇ ਮੱਤਾਂ ਦੇ ਪੁਜਾਰੀ ਖ਼ਾਸ ਕਰ ਬ੍ਰਾਹਮਣ ਪੂਰੇ ਯਤਨਸ਼ੀਲ ਸਨ।
ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਇਹ ਵੀਚਾਰ ਕਿਸ ਢੰਗ ਨਾਲ ਪ੍ਰਚਾਰਿਆ ਗਿਆ ਜਿਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਪੱਖ ਦਾ ਗੰਧਲਾ ਪਨ ਦੂਰ ਕਰਨ ਅਤੇ ਭਗਤ ਸਾਹਿਬਾਨਾਂ ਦੀ ਸਹੀ ਤਸਵੀਰ ਨੂੰ ਉਜਾਗਰ ਕਰੀ ਰੱਖਣ ਲਈ ਬਾਣੀ ਵਿੱਚ ਇਨ੍ਹਾਂ ਚੀਜ਼ਾਂ ਦੀ ਵਿਆਖਿਆ ਕਰਨੀ ਪਈ। ਬਾਬਾ ਰਾਮਰਾਏ ਜੀ ਨੂੰ ਸਰਕਾਰੀ ਸਰਪ੍ਰਸਤੀ ਵਿੱਚ ਰੱਖ ਕੇ ਜਾਂ ਅਗਵਾ ਕਰਕੇ ਸਰਕਾਰੀ ਪ੍ਰਾਪੇਗੰਡੇ ਅਧੀਨ ਗੁਰੂ ਗੋਸ਼ਿਤ ਕੀਤਾ ਗਿਆ ਅਤੇ ਇਹੀ ਹਾਲਾਤ ਬਾਬਾ ਧੀਰਮੱਲ ਰਾਹੀਂ ਪੈਦਾ ਕੀਤੇ ਗਏ ਤਾਂ ਕਿ ਵੀਚਾਰਧਾਰਾ ਦਾ ਪੱਲਾ ਛੁਡਵਾ ਕੇ ਸਿਖ ਪੰਥ ਨੂੰ ਦੇਹਧਾਰੀ ਅਤੇ ਪੁਜਾਰੀ ਦੀ ਹੋਂਦ ਪਿਛੇ ਲਾ ਦਿੱਤਾ ਜਾਵੇ। ਮਸੰਦ ਪ੍ਰਥਾ ਵਿੱਚ ਅਜਿਹੇ ਲੋਕਾਂ ਦੀ ਘੁਸਪੈਠ ਸਦਕਾ ਹੀ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੰਦ ਕਰ ਦਿੱਤਾ ਗਿਆ ਸੀ।
ਗੁਰੂ ਸਾਹਿਬਾਨ ਦੇ ਜੋਤੀ ਹੋਤ ਸਮਾਉਣ ਤੋਂ ਬਾਅਦ ਲੰਬਾ ਸਮਾਂ ਸਿਖ ਪੰਥ ਨੇ ਸਰਕਾਰੀ ਜ਼ੁਲਮਾਂ ਦਾ ਜਵਾਬ ਦਿੰਦਿਆਂ ਸੰਘਰਸ਼ ਵਿੱਚ ਬਿਤਾਇਆ। ਇਸ ਸਮੇਂ ਉਸ ਲਾਬੀ ਨੂੰ ਪੂਰਾ ਮੌਕਾ ਮਿਲਿਆ ਤਾਂ ਕਿ ਉਹ ਸਿਖ ਪੰਥ ਦੀਆਂ ਸੰਸਥਾਂਵਾਂ ਅਤੇ ਗੁਰਮਤਿ ਸਿਧਾਤਾਂ ਦਾ ਚਿਹਰਾ ਮੋਹਰਾ ਅਤੇ ਅਰਥ ਬਦਲ ਸਕੇ। ਗੁਰਮਤਿ ਅਤੇ ਗੁਰੂ ਸਾਹਿਬਾਨ ਵਲੋਂ ਚਲਾਈਆਂ ਸੰਸਥਾਵਾਂ ਦੀ ਕਾਰਜਵਿਧੀ ਨੂੰ ਬ੍ਰਾਹਮਣੀ ਰੰਗਤ ਦੇ ਕੇ ਪ੍ਰਚਾਰਆ ਅਤੇ ਚਲਾਇਆ ਗਿਆ। ਜਿਸ ਬਦੌਲਤ ਦਰਬਾਰ ਸਾਹਿਬ ਵਿੱਚ ਮੂਰਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਾਧਾਂ ਦੇ ਗਦੇਲੇ ਲੱਗ ਗਏ ਜਿਸਨੂੰ ਬਾਅਦ ਵਿੱਚ ਚੇਤੰਨ ਸਿੱਖਾਂ ਨੇ ਚੁਕਵਾਇਆ। ਪਰ ਇਸ ਮਾਰੂ ਜ਼ਹਿਰ ਦਾ ਅਸਰ ਸਿਖ ਪੰਥ ਦੀਆਂ ਨਾੜਾਂ ਵਿੱਚ ਅਜੇ ਵੀ ਵਸਿਆ ਹੋਇਆ ਹੈ ਅਤੇ ਆਏ ਦਿਨ ਆਪਣਾ ਅਸਰ ਦਿਖਾਉਂਦਾ ਹੈ। ਅਜੋਕਾ ਸਮਾਂ ਜੇਕਰ ਗਹੁ ਨਾਲ ਵੀਚਾਰਿਆ ਜਾਵੇ ਤਾਂ ਸਮਝ ਪੈ ਜਾਵੇਗੀ ਕਿ ਸਿਖ ਪੰਥ ਵਿੱਚ ਉਹੀ ਕੂੜ ਪ੍ਰਬੰਧ ਕਿਵੇਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਜਿਸਨੂੰ ਅਚੇਤ ਅਤੇ ਸੁਚੇਤ ਰੂਪ ਵਿੱਚ ਪੂਰੀ ਤਾਕਤ ਸਿਖਾਂ ਅਤੇ ਗ਼ੈਰ ਸਿਖਾਂ ਵਲੋਂ ਮਿਲ ਰਹੀ ਹੈ। ਗੁਰਦੁਆਰੇ ਦੇ ਬਰਾਬਰ ਡੇਰਾ, ਲੰਗਰ ਕਿਸਮਾਂ ਦੀ ਵੰਡ ਭੇਦਭਾਵ ਅਤੇ ਡੇਰੇ ਦੀ ਹੈਸੀਅਤ ਵਿੱਚ ਵੰਡਿਆ ਹੋਇਆ, ਕਈ ਡੇਰੇ ਤਾਂ ਨਿਸ਼ਾਨ ਨਾ ਝੁਲਾ ਕੇ ਸਿੱਧੀ ਅੱਡਰੀ ਹੋਂਦ ਦਾ ਐਲਾਨ ਕਰ ਚੁਕੇ ਹਨ। ਗੁਰਬਾਣੀ ਦੇ ਕੀਰਤਨ ਦੀ ਥਾਂ ਧਾਰਨਾਂ ਦਾ ਪ੍ਰਚੰਡ ਪ੍ਰਭਾਵ, ਸਾਧਾਂ ਸੰਤਾਂ ਅਤੇ ਡੇਰੇਦਾਰਾਂ ਦੀ ਸਰੀਰਕ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦਾ ਸੰਕੇਤ ਦਿੰਦੀ ਹੈ, ਗੁਰਪੁਰਬ ਅਤੇ ਕੌਮੀ ਦਿਹਾੜਿਆਂ ਦੀ ਥਾਵੇਂ ਸਾਧਾਂ ਦੀਆਂ ਬਰਸੀਆਂ ਅਤੇ ਜਨਮ ਦਿਨ ਮਨਾਉਣੇ, ਸਾਧਾਂ ਦੀਆਂ ਜੁਤੀਆਂ ਚੋਲ਼ੇ ਅਤੇ ਬਾਕੀ ਵਰਤੋਂ ਦਾ ਸਾਮਾਨ ਅਜਾਇਬ ਘਰ ਵਾਂਗ ਟਿਕਾਉਣਾ ਅਤੇ ਸੰਗਤਾਂ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਭਰਨੀ ਸਿਖ ਵਿਰਾਸਤ ਵਲੋਂ ਸੰਗਤਾਂ ਦੇ ਮਨ ਨੂੰ ਮੋੜਨ ਦਾ ਸੂਖ਼ਮ ਢੰਗ ਹੈ।
ਆਪਣੀਆਂ ਆਪਣੀਆਂ ਮਰਯਾਦਾਵਾਂ ਅਤੇ ਖੰਡੇ ਕੀ ਪਾਹੁਲ ਛਕਾਉਣ ਦੇ ਵੱਖਰੇ ਵੱਖਰੇ ਤਰੀਕੇ ਪੰਥਕ ਸ਼ਕਤੀ ਨੂੰ ਤੋੜਨ ਅਤੇ ਖੰਡਨ ਦੀ ਨਾਮੁਰਾਦ ਸੋਚ ਦਾ ਪ੍ਰਗਟਾਵਾ ਹਨ। ਅਜਿਹਾ ਲਿਟਰੇਚਰ ਜੋ ਸਿਖ ਸੱਭਿਆਚਾਰ, ਗੁਰਮਤਿ ਸਿਧਾਤਾਂ ਅਤੇ ਸਿਖ ਤਾਰੀਖ਼ ਨਾਲੋਂ ਮੂਲ਼ ਰੂਪ ਵਿੱਚ ਭਿੰਨ ਹੈ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਸਿਖ ਪਹਿਰਾਵਾ, ਸਿਖ ਸ਼ਬਦਾਵਲੀ ਇਹ ਚੀਜ਼ਾਂ ਇਨ੍ਹਾਂ ਲੋਕਾਂ ਵਲੋਂ ਗੁੰਮਰਾਹਕਰਨ ਲਈ ਵਰਤੀਆਂ ਜਾਂਦੀਆਂ ਹਨ ਮੂਲ਼ ਰੂਪ ਵਿੱਚ ਇਹ ਇਸ ਤੋਂ ਭਿੰਨ ਪ੍ਰਬੰਧ ਨੂੰ ਜਨਮ ਦੇ ਰਹੇ ਹਨ। ਤਕੀਏ, ਖ਼ਾਨਗਾਹਾਂ ਅਤੇ ਸਨਾਤਨੀ ਸਾਧਾਂ ਦੀ ਤਰਜ਼ ਤੇ ਪੰਜਾਬ ਦੇ ਹਰ ਪਿੰਡ ਵਿੱਚ ਡੇਰਾ ਹੈ ਜਿਥੇ ਬਹੁਤਾਤ ਵਿੱਚ ਸਿਖ ਧਰਮ ਦੀ ਅੰਦਰੂਨੀ ਅਤੇ ਬਹਿਰੂਨੀ ਸ਼ਕਤੀ ਨੂੰ ਖੰਡਿਤ ਕਰਨ ਲਈ ਇੱਕ ਮਾਹੌਲ ਤਿਆਰ ਕੀਤਾ ਜਾਂਦਾ ਹੈ। ਪਾਠਾਂ ਦੇ ਫਲ, ਜਪ ਤਪ ਸਮਾਗਮ, ਚੋਪਹਿਰੇ, ਮਾਲਾਵਾਂ ਦੀਆਂ ਕਿਸਮਾਂ, ਧਾਗੇ ਤਵੀਤ, ਗੁਰਮਤਿ ਨੂੰ ਕਰਾਮਾਤੀ ਅਤੇ ਪੌਰਾਣਕ ਵੀਚਾਰਧਾਰਾ ਮੁਤਾਬਕ ਪੇਸ਼ ਕਰਨਾ, ਸਿਖ ਸ਼ਬਦਾਵਲੀ ਦੇ ਅਰਥ ਬਦਲਣੇ ਅਤੇ ਸਨਾਤਨੀ ਵੀਚਾਰਧਾਰਾ ਨਾਲ ਮੇਲ਼ ਕੇ ਗੁਰਬਾਣੀ ਦੇ ਅਰਥ ਕਰਨੇ ਆਦਿ ਸਭ ਕੁੱਝ ਇਸ ਪ੍ਰਕ੍ਰਿਆ ਦਾ ਹਿੱਸਾ ਬਣਾਇਆ ਹਇਆ ਹੈ। ਕੌਮੀ ਤਾਕਤ ਨੂੰ ਖੇਰੂੰ ਖੇਰੂੰ ਕਰਨ ਹਿਤ ਵੱਡੀ ਪੱਧਰ ਤੇ ਇਸ ਲਾਬੀ ਨੂੰ ਸਿੱਧੇ ਅਸਿੱਧੇ ਢੰਗ ਨਾਲ ਉਹ ਤਾਕਤਾਂ ਸੁਖੈਨ ਹੀ ਵਰਤਦੀਆਂ ਹਨ ਜਿਨ੍ਹਾਂ ਦਾ ਮੁਖ ਮਕਸਦ ਗੁਰਮਤਿ ਅਤੇ ਸਿਖ ਕੌਮ ਦੀ ਹੋਂਦ ਨੂੰ ਖੋਰਾ ਲਾਉਣਾ ਹੈ। ਦੇਹਧਾਰੀ ਗੁਰੂਆਂ ਦੀ ਫੌਜ ਇਸ ਪਨੀਰੀ ਵਿਚੋਂ ਹੀ ਜਨਮ ਲੈਂਦੀ ਹੈ। ਸਿਧਾਂਤਕ ਖੋਰੇ ਦਾ ਅਤੇ ਪੰਥਕ ਸ਼ਕਤੀ ਦੇ ਖੰਡਨ ਦਾ ਇਹ ਚੀਜ਼ਾਂ ਪਰਤੱਖ ਸਬੂਤ ਹਨ। ਸਿੱਖੀ ਕੀ ਹੈ? ਇਸ ਪ੍ਰਤੀ ਸ਼ੱਕ ਅਤੇ ਦੁਬਿਧਾਵਾਂ ਦਾ ਮਾਇਆਵੀ ਜਾਲ ਬੁਣਿਆਂ ਜਾ ਰਿਹਾ ਹੈ। ਡੇਰੇਦਾਰ, ਦੇਹਧਾਰੀ ਗਰੂ, ਆਰ ਐੱਸ ਐੱਸ ਵਰਗੀਆਂ ਏਜੰਸੀਆਂ, ਇਸ ਜਾਲ ਨੂੰ ਬੁਣਦੀਆਂ ੳਤੇ ਪੀਡਾ ਕਰਦੀਆਂ ਹਨ। ਸਿਖਾਂ ਦੇ ਧਾਰਮਿਕ ਆਗੂ ਅਤੇ ਰਾਜਸੀ ਲੀਡਰ ਸੁਆਰਥਾਂ ਅਤੇ ਗ਼ਰਜ਼ਾਂ ਦੀ ਨੀਂਦ ਵਿੱਚ ਘੂਕ ਸੁੱਤੇ ਪਏ ਹਨ। ਨਸ਼ੇ, ਬਦਇਖ਼ਲਾਕੀ, ਸੱਭਿਆਚਾਰ ਦੇ ਨਾਂ ਤੇ ਅਨੈਂਤਿਕਤਾ, ਭਾਈਚਾਰਕ ਸਾਂਝਾਂ ਨੂੰ ਦੁਫੇੜ ਕਰਦੀਆਂ ਪੋਲੀਟੀਕਲ ਚਾਲਾਂ ਅੱਜ ਪੂਰੀ ਤਰ੍ਹਾਂ ਨਾਲ ਸਿਖ ਵਿਰੋਧੀ ਬੁਣੇ ਜਾਂਦੇ ਜਾਲ ਦੀਆਂ ਤੰਦ ਤਾਣੀਆਂ ਹਨ। ਗੁਰਮਤਿ ਵੀਚਾਰਧਾਰਾ ਜਿਸਨੂੰ ਗੁਰੂ ਸਾਹਿਬਾਨ ਨੇ ਪ੍ਰਚਾਰਨ ਹਿਤ ਅਤੇ ਸਥਾਪਤ ਕਰਨ ਹਿਤ ਜੋ ਨਿਯਮ ਤੇ ਪ੍ਰਬੰਧ ਸਿਖ ਪੰਥ ਨੂੰ ਸੌਂਪਿਆ ਸੀ ਉਸ ਨੂੰ ਤੋੜਨ ਲਈ ਹੀ ਇਹ ਸਾਰਾ ਕੁੱਝ ਵਾਪਰ ਰਿਹਾ ਹੈ। ਸਿਖ ਵੀਚਾਰਕਾਂ, ਪੰਥ ਦਰਦੀਆਂ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਹੈ।




.