.

☬ ਦੁਨੀਆ ਹੁਸੀਆਰ ਬੇਦਾਰ …. ☬
ਬੂਬਨੇ ਸਾਧਾਂ ਦਾ ਸਿੱਖੀ ਤੇ ਹਮਲਾ

ਪ੍ਰੋ: ਸੁਖਵਿੰਦਰ ਸਿੰਘ ਦਦੇਹਰ

(ਭਾਗ ੨)

ਨੋਟ:-੧. ਦੇਹ ਪੂਜਾ ਮੂਰਤੀ ਪੂਜਾ, ੨. ਡੇਰਾਵਾਦ, ੩. ਪਖੰਡ ਵਹਿਮ ਭਰਮ, ੪. ਗੁਲਾਮੀ, ੫. ਗੁਰਬਾਣੀ ਦਾ ਨਿਰਾਦਰ, ੬. ਦਸਮ ਗ੍ਰੰਥ, ੭. ਇਤਿਹਾਸਿਕ ਮਿਲਾਵਟ, ੮. ਭਰੂਣ ਹੱਤਿਆ ਦੇ ਦੋਸ਼ੀ, ੯. ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, ੧੦. ਜਾਤਿ ਪਾਤਿ ਦੇ ਹਾਮੀ, ੧੧. ਮੜੀਆਂ ਦੀ ਪੂਜਾ ਵਧਾਈ, ੧੨. ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ।
੨. ਡੇਰਾਵਾਦ:-ਗੁਰੂ ਸਾਹਿਬ ਜੀ ਨੇ ਇੱਕ ਸਾਂਝਾ ਰਾਹ ਬਣਾਇਆ ਜਿਸ ਨੂੰ ਅਸੀਂ ਪੰਥ ਵੀ ਆਖਦੇ ਹਾਂ “ਇਕਾ ਬਾਣੀਂ ਇਕੁ ਗੁਰੁ ਇਕੋ ਸਬਦੁ ਵੀਚਾਰਿ॥” (ਪੰਨਾ ੬੪੬) ਅਤੇ ਹੋਰ ਵੇਖੀਏ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥ (ਪੰਨਾ ੯੫੧) ਗੁਰੂ ਸਾਹਿਬ ਜੀ ਦੀ ਸਾਂਝੀ ਏਕਤਾ ਵਾਲੀ ਵਿਚਾਰਧਾਰਾ ਮੰਨ ਕੇ ਚੱਲਣ ਦੇ ਥਾਂ ਉੱਲਟ ਡੇਰੇ ਸੰਪਰਦਾਵਾਂ ਚੱਲ ਪਈਆਂ। ਸਾਂਝੀ ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਸਾਰ ਰੁੱਕ ਗਿਆ ਤੇ ਆਪੋ ਆਪਣੇ ਡੇਰੇ ਸੰਪਰਦਾਵਾਂ ਵਧਾਉਣ ਫੈਲਾਉਣ ਲਈ ਜੋਰ ਲੱਗਣ ਲੱਗਾ। ਹੁਣ ਚੱਲੋ ਇਹ ਵੀ ਮੰਨ ਲੈਂਦੇ ਹਾਂ ਕਿ ਇਹ ਵੀ ਧਰਮ ਪ੍ਰਚਾਰ ਲਈ ਡੇਰੇ ਸੰਪਰਦਾਵਾਂ ਬਣਾਈਆਂ ਹਨ, ਤਾਂ ਫਿਰ ਪ੍ਰਚਾਰ ਕਿੱਥੇ ਹੋ ਰਿਹਾ ਹੈ ਸਮਾਜ ਵੱਲ ਇੱਕ ਵਾਰ ਇਮਾਨਦਾਰੀ ਨਾਲ ਨਜ਼ਰ ਤਾਂ ਮਾਰ ਕੇ ਵੇਖੀਏ। ਕਿਸੇ ਵੀ ਡੇਰੇਦਾਰ ਦੇ ਬਹੁਤੇ ਸ਼ਰਧਾਲੂਆਂ ਨੂੰ ੴਦੀ ਵੀ ਸਮਝ ਨਹੀਂ ਲੱਗੀ। ਪੰਜਾਬ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਪੱਖੋਂ ਚੰਗੀ ਤਰਾਂ ਉੱਜੜ ਗਿਆ ਹੈ, ਸਿੱਖੀ ਨਾ ਦੀ ਕੋਈ ਕਿਤੇ ਚੀਜ ਨਜ਼ਰ ਨਹੀ ਆਉਂਦੀ, ਕਿੱਥੇ ਹੋ ਰਿਹਾ ਪ੍ਰਚਾਰ, ਹਾਂ ਹਾਂ ਹਾਂ ਹਾਂ ਡੇਰਿਆਂ ਦੇ ਸ਼ਰਧਾਲੂ ਬਹੁਤ ਮਿਲ ਜਾਣਗੇ।
ਜਦੋਂ ਕੋਈ ਡੇਰਾ ਸੰਪਰਦਾ ਨਹੀਂ ਸੀ ਉਦੋਂ ਦੀ ਸਿੱਖੀ ਤੇ ਜਦੋਂ ਤੋਂ (ਨਵੇਂ ਸਿੱਖੀ ਦੇ ਬ੍ਰਾਹਮਣ ਨਿਰਮਲੇ ਉਦਾਸੀ ਮਹੰਤ) ਡੇਰੇ ਸੰਪਰਦਾਵਾਂ ਹੋਂਦ ਵਿੱਚ ਆਈਆਂ ਗੁਰਦਵਾਰੇ ਵੀ ਜਿਆਦਾ ਹੋ ਗਏ ਤੇ ਸਿੱਖੀ ਹੇਠਾਂ ਨੂੰ ਤੁੱਰ ਪਈ। ਵੱਖਰੇਵਾਂ, ਵੱਖਰੀ ਮਰਿਯਾਦਾ, ਪਾਟੋਧਾੜ ਸਭ ਆ ਗਿਆ। ਇਹ ਕਹਿੰਦੇ ਅਸੀਂ ਵੀ ਪੰਥਕ ਹਾਂ, ਅਸੀਂ ਆਪਣੇ ਆਪ ਨੂੰ ਗੁਰੂ ਦੇ ਬਰਾਬਰ ਨਹੀਂ ਮੰਨਦੇ, ਤਾਂ ਫਿਰ ਇਹ ਕੌਣ ਪੁੱਛੇ ਕਿ ਮਰਨ ਵੇਲੇ ਗੱਦੀ ਸੌਂਪਣੀ ਜਾਂ ਵੱਡੇ ਬਾਬਾ ਜੀ ਦੇ ਗੱਦੀ ਨਸ਼ੀਨ, ਉਤਰਾਧਿਕਾਰੀ, ਵਰੋਸਾਏ ਹੋਏ, ਆਦਿਕ ਸ਼ਬਦ ਵਰਤ ਕੇ ਇਹ ਸਾਬਤ ਨਹੀਂ ਕਰ ਰਹੇ ਕਿ ਇਹ ਗੱਦੀ ਵੱਖਰੀ ਚੱਲ ਰਹੀ ਹੈ। ਇੱਕ ਗੱਦੀ ਤਾਂ ਗੁਰੂ ਨਾਨਕ ਜੀ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਗਈ ਇਹਨਾਂ ਕੋਲ ਫਿਰ ਕਿਹੜੀ ਗੱਦੀ ਹੈ, ਕਿਸ ਦੀ ਹੈ, ਜੋ ਇਹ ਅਗਾਂਹ ਕਿਸੇ ਹੋਰ ਨੂੰ ਦੇ ਕੇ ਗੱਦੀ ਨਸ਼ੀਨ ਬਣਾਉਂਦੇ ਹਨ। ਜੇ ਇਹ ਪੰਥਕ ਹਨ ਤਾਂ ਇਹਨਾਂ ਡੇਰਿਆਂ ਤੇ ਪੰਥਕ ਮਰਿਯਾਦਾ ਕਿਉਂ ਨਹੀਂ। ਚੱਲੋ ਜਿਸ ਨੂੰ ਇਹ ਲੋਕ ਪੰਥਕ ਮਰਿਯਾਦਾ ਮੰਨਦੇ ਹਨ ਉਹੀ ਲਾਗੂ ਕਰ ਲੈਣ। ਪਰ ਸਾਰੇ ਡੇਰਿਆਂ ਦੀ ਮਰਿਯਾਦਾ ਕਿਤੇ ਵੀ ਇੱਕ ਸਾਰ ਨਹੀਂ, ਇਹਨਾਂ ਦਾ ਆਪਸੀ ਵੱਖਰੇਵਾਂ ਕਿਉਂ। ਸਾਰੇ ਬ੍ਰਹਮਗਿਆਨੀਆਂ ਬਾਰੇ ਕਿਹਾ ਜਾਂਦਾ ਉਹ ਪਹੁੰਚੇ ਹੋਏ ਸਨ ਸਚਖੰਡਵਾਸੀ ਸਾਰੇ ਹੀ ਹਨ, ਤੇ ਰਹਿੰਦੇ ਬਣ ਰਹੇ ਹਨ, ਜੇ ਸਾਰੇ ਹੀ ਇੱਕ ਰੱਬ ਨਾਲ ਇੱਕ ਮਿੱਕ ਸਨ/ਹਨ ਤਾਂ ਇੱਕ ਰੱਬ ਨਾਲ ਹੀ ਇਹਨਾਂ ਸਮਾਏ ਹੋਏ ਬਾਬਿਆਂ ਦੀ ਵੀ ਆਪਸੀ ਕੋਈ ਤੰਦ ਨਹੀਂ ਰਲਦੀ। ਇੱਕ ਰੱਬ ਨਾਲ ਜਦੋਂ ਤੰਦ ਰਲਦੀ ਵੇਖਣੀ ਹੈ ਤਾਂ ਵੇਖੋ ਗੁਰਬਾਣੀ ਵਿੱਚੋਂ, ਪੈਦਾ ਵੀ ਵੱਖ ਵੱਖ ਇਲਾਕਿਆਂ ਵਿੱਚ ਹੋਏ, ਵੱਖ ਵੱਖ ਸਮਿਆਂ ਵਿੱਚ ਹੋਏ, ਬਾਬਾ ਨਾਮਦੇਵ ਜੀ ਫਰੀਦ ਜੀ ਤੋਂ ਲੈ ਕੇ ਗੁਰੁ ਤੇਗ ਬਹਾਦੁਰ ਜੀ ਤੱਕ ਤਕਰੀਬਨ ੪੫੦ ਸਾਲਾਂ ਦਾ ਫਰਕ ਹੈ ਪਰ ਵਿਚਾਰਧਾਰਾ ਸਾਰਿਆਂ ਦੀ ਇਕੋ ਹੀ, ਇਹਨਾਂ ਨੂੰ ਮੰਨਿਆਂ ਜਾਵੇਗਾ ਕਿ ਇਹ ਇੱਕ ਰੱਬ ਨੂੰ ਮੰਨਣ ਵਾਲੇ ਸਨ। ਸਾਰੇ ਦੇ ਸਾਰੇ ਡੇਰੇਦਾਰ ਇੱਕ ਗੁਰੁ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਵੀ ਗਲ ਕਰਦੇ ਹਨ ਰੱਬ ਵੀ ਆਪਣੀ ਮੁਠੀ ਵਿੱਚ ਹੋਣ ਦਾ ਢੰਢੋਰਾ ਦਿੰਦੇ ਹਨ ਗੱਲ ਕਿਸੇ ਇੱਕ ਦੀ ਵੀ ਨਹੀਂ ਰਲਦੀ। ਸਗੋਂ ਸਿੱਖੀ ਸਿਧਾਂਤਾਂ, ਮੂਲ ਮੰਤਰ, ਨਿਤਨੇਮ, ਕਕਾਰ, ਲਿਬਾਸ, ਗੁਰੁ ਗ੍ਰੰਥ ਸਹਿਬ ਜੀ ਦੀ ਸੇਵਾ ਸੰਭਾਲ, ਸਮਾਜਿਕ ਰਹਿਤ ਬਹਿਤ ਤੇ ਹੋਰ ਗੱਲਾਂ ਤੇ ਵੀ ਵੰਡੇ ਹੋਏ ਹਨ। ਮੁੱਕਦੀ ਗੱਲ ਡੇਰੇਦਾਰੀ ਨੇ ਸਿੱਖ ਧਰਮ ਦੀ ਤਾਕਤ ਨੂੰ ਵੰਡ ਦਿਤਾ ਹੈ ਫਿਰ ਇਸ ਦੇ ਬਰਾਬਰ ਤੇ ਜਾਤਾਂ ਪਾਤਾਂ ਦੇ ਅਧਾਰਿਤ ਡੇਰੇ ਬਣਾ ਕੇ ਹੋਰ ਡੂੰਘੀ ਸੱਟ ਮਾਰੀ ਗਈ। ਜੇ ਇਹ ਸਾਧ ਸੰਤ ਡੇਰੇਦਾਰੀ ਪ੍ਰਥਾ ਨੂੰ ਤਿਆਗ ਦੇਣ ਤਾਂ ਕਿਸੇ ਹੋਰ ਅਨਮਤੀ ਨੂੰ ਪੰਜਾਬ ਵਿੱਚ ਡੇਰਾ ਚਲਾਉਣ ਦੀ ਹਿੰਮਤ ਹੀ ਨਾ ਪਵੇ। ਸਰਸੇ ਵਾਲੇ ਸਾਧ ਦਾ ਡੇਰਾ ਮਾੜਾ ਹੈ ਗਲਤ ਹੈ ਲੋਕਾਂ ਦਾ ਸ਼ੋਸ਼ਣ ਕਰਦਾ ਹੈ ਵੋਟਾਂ ਦਾ ਅੱਡਾ ਹੈ, ਤਾਂ ਪੰਜਾਬ ਦੇ ਬਾਕੀ ਡੇਰੇ ਠਾਠਾਂ ਕੀ ਹਨ ਸਰਸੇ ਵਾਲੇ ਸਾਧ ਵਾਲਾ ਸਾਰਾ ਕੁੱਝ ਇਹ ਨਹੀਂ ਕਰਦੇ। ਹਰੀਕੇ ਪੱਤਣ ਤੇ ਜੋ ਕੁੱਝ ਹੋਇਆ ਸੀ, ਲੁਧਿਆਣੇ ਯੂਨੀਵਰਸਿਟੀ ਦੇ ਸਾਹਮਣੇ ਠਾਠ ਵਿੱਚ ਕੀ ਹੋਇਆ ਸੀ, ਸਾਧ ਪੂਹਲਾ, ਸਾਧ ਪਹੇਵਾ, ਧਨਵੰਤਾ ਸਾਧ, ਜਗੇੜਾ ਸਾਧ, ਢੱਕੀ ਵਾਲਾ, ਜਗਰਾਵਾਂ ਦੇ ਲਾਗੇ ਦਾ ਇੱਕ ਸਾਧ ੧੦ ਸਾਲ ਦੀ ਕੈਦ ਕਿਉਂ ਕੱਟ ਰਿਹਾ, ਇੱਕੇ ਸਾਧ ਦੇ ਚੇਲੇ ਲੜ ਕੇ ਇੱਕ ਤੋਂ ਬਾਅਦ ਦੋ ਚਾਰ ਡੇਰੇ ਬਣਾਉਂਦੇ ਹਨ ਜੋ ਗਿਣਤੀ ਵਿੱਚ ਬਹੁਤ ਹਨ, ਗੋਲੀਉ ਗੋਲੀ, ਕਬਜੇ, ਅਦਾਲਤੀ ਕੇਸ ਹੋਰ ਬਹੁਤ ਕੁੱਝ ਹੈ ਜੋ ਸਾਹਮਣੇ ਆ ਗਿਆ ਹੈ ਕੁੱਝ ਸ਼ਰਮ ਕਾਰਨ ਸਾਹਮਣੇ ਨਹੀਂ ਆਇਆ ਇਹ ਕੀ ਹੈ ਗੁਰਸਿੱਖੀ ਜਾਂ ਗੁਰਸਿੱਖੀ ਦੇ ਨਾਂ ਤੇ…? ਵਿਰੋਧੀ ਦੀ ਦੁਕਾਨ ਮਾੜੀ ਹੈ ਬੰਦ ਕਰਨੀ ਹੈ ਤੇ ਉਹੋ ਜਿਹਾ ਹੀ ਸੌਦਾ ਰੱਖ ਕੇ ਅਸੀਂ ਵੇਚਣਾ ਕੀ ਇਹ ਗੁਰਸਿੱਖੀ ਦੀ ਚਾਲ ਹੈ। ਮਾੜਾ ਕੰਮ ਤਾਂ ਮਾੜਾ ਹੀ ਹੈ ਭਾਵੇਂ ਵਿਰੋਧੀ ਕਰੇ ਭਾਵੇਂ ਆਪ ਕਰੀਏ, ਸੋ ਤਿਆਗਣਾ ਹੀ ਯੋਗ ਹੈ। ਆਉ ਦੇਖੀਏ ਗੁਰਬਾਣੀ ਦਾ ਡੇਰੇਦਾਰਾਂ ਸੰਪਰਦਾਇਕਾਂ ਦੇ ਚੱਕਰ ਬੱਚਣ ਲਈ ਕੀ ਉਪਦੇਸ਼ ਹੈ:-
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ॥ ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ ੧॥ (ਪੰਨਾ ੧੨੮੬)
ਅਰਥ:- ਉਹ ਲੋਕ ਮੂਰਖ ਕਮਲੇ ਹਨ ਜੋ ਚੇਲਿਆਂ ਨੂੰ ਸੇਹਲੀ ਟੋਪੀ (ਅੱਜ ਦੇ ਯੁੱਗ ਵਿੱਚ ਗੱਦੀ ਨਸ਼ੀਨੀ ਦੀ ਪੱਗ) ਦੇਂਦੇ ਹਨ ਤੇ ਆਪਣੇਂ ਆਪ ਨੂੰ ਮਸ਼ਹੂਰ ਕਰਨ ਲਈ ਆਪਣੇਂ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ ਟੋਪੀ ਲੈਣ ਵਾਲੇ ਭੀ ਬਦੀਦ (ਵੱਡੇ ਬੇਸ਼ਰਮ) ਹਨ, ਜੋ ਨਿਰੀ ਸੇਹਲੀ ਟੋਪੀ ਨਾਲ ਆਪਣੇਂ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ, ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ ਚੂਹਾ ਆਪ ਹੀ ਖੁੱਡ ਵਿੱਚ ਵੜ ਨਹੀਂ ਸਕਦਾ ਤੇ ਉਤੋਂ ਲਕ ਨਾਲ ਛੱਜ ਬੰਨ੍ਹ ਲੈਂਦਾ ਹੈ। ਹੇ ਨਾਨਕ! ਇਹੋ ਜਿਹੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਆਤਮਿਕ ਮੌਤੇ (ਇਨਸਾਨੀਅਤ ਵਲੋਂ) ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਆਤਮਿਕ ਮੌਤੇ (ਇਨਸਾਨੀਅਤ ਵਲੋਂ) ਮਰ ਜਾਂਦੇ ਹਨ, ਪਰ ਪਰਮਾਤਮਾ ਦੀ ਰਜ਼ਾ ਸਮਝ ਇਸ ਤਰਾਂ ਨਹੀਂ ਆਉਂਦੀ ਭਾਵ, ਨਿਰੀਆਂ ਸੇਹਲੀ ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਣ ਲਈ ਕਾਫੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ। ਮੈਂ ਤਾਂ ਸਿਰਫ ‘ਨਾਮ’ ਹੀ ਹਾੜੀ ਦੀ ਫਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣਂੀ ਦੀ ਫਸਲ ਭਾਵ, ‘ਨਾਮ’ ਹੀ ਮੇਰੇ ਜੀਵਨ ਸਫਰ ਦੀ ਪੂੰਜੀ ਹੈ, ਇਹ ਮੈਂ ਇੱਕ ਐਸਾ ਪਟਾ ਲਿਖਾਇਆ ਹੈ ਜੋ ਖਸਮ ਪ੍ਰਭੂ ਦੀ ਹਜ਼ੂਰੀ ਵਿੱਚ ਜਾ ਅੱਪੜਦਾ ਹੈ।
ਨੋਟ:-ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣਂੀ ਦੀ ਫਸਲ ਸਮੇ ਜਾ ਕੇ ਕਾਰ ਭੇਟ ਲੈਂਦੇ ਹਨ। ਦੁਨੀਆ ਦੇ ਪੀਰਾਂ ਮੁਰਸ਼ਿਦਾਂ ਦੇ ਤਾਂ ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ; ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ ਪਰ ਪ੍ਰਭੂ ਦਾ ‘ਨਾਮ’ ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ।
ਗੁਰਦਵਾਰਿਆਂ ਦੀ ਜਗਾ ਡੇਰੇ ਠਾਠਾਂ ਬਹੁਤੇ ਪ੍ਰਫੁਲਿਤ ਹੋ ਗਏ। ਗੁਰਦਵਾਰਿਆਂ ਦੇ ਪ੍ਰਬੰਧ ਇੰਨੇ ਢਿੱਲੇ ਪੈ ਗਏ ਕਿ ਗੁਰਦਵਾਰੇ ਆਪਣੀ ਜ਼ਿੰਮੇਵਾਰੀ ਛੱਡਦੇ ਹੋਏ ਡੇਰੇਦਾਰੀ ਸੋਚ ਨਾਲ ਹੀ ਸਹਿਮਤ ਹੋ ਗਏ। ਡੇਰੇਦਾਰੀ ਸੋਚ ਸਹਿਜ ਸਹਿਜ ਇੰਨੀ ਭਾਰੂ ਹੋ ਗਈ ਕਿ ਥਾਂ ਥਾਂ ਇਹੋ ਹੀ ਧਰਮ ਜਾਪਣ ਲਗ ਪਈ। ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਲਗਾਤਾਰ ਕੇਵਲ ਪੂਜਾ ਕਰਨ ਤੱਕ ਹੀ ਸੀਮਤ ਕਰ ਦਿਤੀ। ਜੇ ਗੁਰਬਾਣੀ ਦੀ ਵੀਚਾਰ ਦੀ ਗੱਲ ਚੱਲੀ ਵੀ ਤਾਂ ਇਹਨਾਂ ਹੀ ਭਰਮ ਮਾਰੇ ਲੋਕਾਂ ਨੇ ਸਮਾਜ ਵਿੱਚ ਭਰਮ ਪਾ ਦਿਤਾ ਕਿ ਇਸ ਦੇ ਅਰਥ ਕੌਣ ਕਰ ਸਕਦਾ ਹੈ ਇਹ ਤਾਂ ਬਹੁਤ ਉੱਚੀ ਬਾਣੀ ਹੈ। ਹੁਣ ਇਹਨਾਂ ਨੂੰ ਕੋਈ ਪੁੱਛੇ ਗੁਰਬਾਣੀ ਸਾਡੇ ਲਈ ਹੀ ਤਾਂ ਉਚਾਰਨ ਹੋਈ ਹੈ ਸਾਡੀ ਬੋਲੀ ਵਿੱਚ ਹੋਈ ਹੈ। ਜੇ ਸਮਝ ਨਹੀਂ ਤਾਂ ਯਤਨ ਜਰੂਰ ਕਰਨਾ ਚਾਹੀਦਾ ਹੈ, ਪਰ ਕਿਉਂਕਿ ਜੇ ਬਾਣੀ ਸਮਾਜ ਨੂੰ ਸਮਝ ਆ ਗਈ ਤਾਂ ਫਿਰ ਕਿਸੇ ਨੇ ਇਹਨਾਂ ਦੇ ਜੰਜਾਲ ਵਿੱਚ ਫਸਣਾ ਨਹੀਂ, ਇਸ ਤੋਂ ਪਹਿਲਾਂ ਕਿ ਰੋਜੀ ਰੋਟੀ ਨੂੰ ਖਤਰਾ ਪੈਦਾ ਹੋਵੇ, ਸਿਆਣਪ ਇਸੇ ਵਿੱਚ ਹੈ ਕਿ ਪਹਿਲਾਂ ਹੀ ਰੌਲਾ ਪਾਈ ਜਾਉ ਕਿ ਇਹ ਸਮਝ ਹੀ ਨਹੀਂ ਆ ਸਕਦੀ। ਲੋਕਾਂ ਨੇ ਇਹ ਝੂਠ ਮੰਨ ਲਿਆ। ਬੋਲੋ ਜੈ ਸੰਤਾਂ ਦੀ…। ਆਉ ਗੁਰਸਿੱਖੋ ਪੰਥ ਦੇ ਵਾਰਿਸ ਹਾਂ ਪੰਥ ਦੇ ਬਣੀਏ ਡੇਰਿਆਂ ਦੇ ਸਿੱਖ ਨਾ ਬਣੀਏ।
(ਅੱਗੇ ਚਲਦਾ ਹੈ)




.