.

ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ (ਪੰ: ੪੭੦)

ਗੁਰਮਤਿ ਅਨੁਸਾਰ ਮੁੱਕਤੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨਿ ਜੀਤ॥

ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ॥” (ਪੰ: ੨੫੮)

ਗੁਰਬਾਣੀ `ਚ ਮੁਕਤੀ ਦਾ ਸੰਕਲਪ-ਮੂਲ ਰੂਪ `ਚ ਜੀਵ, ਪ੍ਰਭੂ ਦਾ ਹੀ ਅੰਸ਼ ਹੈ। ਸਾਰੇ ਜੀਵਾਂ ਅੰਦਰ ਪ੍ਰਭੂ ਦਾ ਹੀ ਨੂਰ ਹੈ। ਇਸੇ ਤੋਂ ਗੁਰਬਾਣੀ `ਚ ਪ੍ਰਭੂ ਲਈ ਜਗਜੀਵਨ ਦਾਤਾ, ਪ੍ਰਾਣਪਤ ਆਦਿ ਸ਼ਬਦਾਵਲੀ ਵੀ ਵਰਤੀ ਗਈ ਹੈ। ਪ੍ਰਭੂ ਬਾਰੇ ਅਗਿਆਨਤਾ ਅਤੇ ਸੰਸਾਰਕ ਮੋਹ ਮਾਇਆ ਦੀ ਪੱਕੜ `ਚ ਜੀਵ, ਪ੍ਰਭੂ ਅੰਸ਼ ਹੁੰਦਾ ਹੋਇਆ ਵੀ, ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਅਥਵਾ ਹੋਂਦ ਮੰਨ ਬੈਠਦਾ ਹੈ। ਇਸੇ ਨੂੰ ਜੀਵ ਰਾਹੀਂ ਪ੍ਰਭੂ ਤੋਂ ਵਿੱਥ ਪੈਦਾ ਕਰ ਲੈਣਾ ਵੀ ਕਿਹਾ ਹੈ। ਇਸੇ ਤੋਂ ਹੀ ਸ਼ੁਰੂ ਹੁੰਦਾ ਹੈ “ਹਉਮੈ ਕਰਿ ਕਰਿ ਜੰਤ ਉਪਾਇਆ” (ਪੰ: ੪੬੬) ਅਨੁਸਾਰ ਜੀਵ ਦਾ ਜਨਮ ਮਰਨ ਦਾ ਚਕਰ। ਇਸ ਤਰ੍ਹਾਂ ਜਿਨੀਂ ਹਊਮੈ ਦੀਰਘ ਹੁੰਦੀ ਜਾਂਦੀ ਹੈ, ਪ੍ਰਭੂ ਤੋਂ ਜੀਵ ਦੀ ਵਿੱਥ (ਫ਼ਾਸਲਾ) ਵੀ ਉਨੀਂ ਹੀ ਵਧਦੀ ਜਾਂਦੀ ਹੈ। ਇਸੇ ਵਿੱਥ ਨੂੰ ਗੁਰਬਾਣੀ `ਚ ਜੀਵ ਦਾ ਆਪਾ, ਹਮ, ਮੈ, ਹਉਂ ਹਉਮੈ’ ਲਫ਼ਜ਼ ਨਾਲ ਪ੍ਰਗਟਾਇਆ ਹੈ। ਪ੍ਰਭੂ ਨਾਲੋਂ ਇਸ ਵਿੱਥ ਦਾ ਵਾਧਾ ਹੀ ਜੀਵ ਅੰਦਰ ਅਨਗਿਣਤ ਅਉਗੁਣਾਂ, ਵਿਕਾਰਾਂ ਦੀ ਪੱਕੜ ਬਣਦੀ ਜਾਂਦੀ ਹੈ। ਇਸੇ ਤੋਂ ਬਣਦੇ ਹਨ ਮਨ ਦੇ ਰੂਪ `ਚ, ਮਨੁੱਖ ਦੇ ਕਰਮ ਤੇ ਸੰਸਕਾਰ। ਇਸ ਤਰ੍ਹਾਂ ਜੀਵ ਦਾ ਪ੍ਰਭੂ ਨਾਲੋਂ ਲਗਾਤਾਰ ਨਿਖੜੇ ਰਹਿਨਾ ਤੇ ਭਿੰਨ ਭਿੰਨ ਜੂਨਾਂ `ਚ ਭਟਕਦੇ ਰਹਿਨਾ; ਇਸ ਦਾ ਅਸਲ ਕਾਰਨ ਜੀਵ ਦੀ ਪ੍ਰਭੂ ਨਾਲੋਂ ਵਿੱਥ ਹੀ ਹੁੰਦੀ ਹੈ।

ਪ੍ਰਭੂ ਬਖਸ਼ਿਸ਼ ਕਰਕੇ ਜੀਵ ਨੂੰ ਮਨੁੱਖਾ ਜੂਨ ਬਖਸ਼ ਦੇਵੇ ਤਾਂ ਇਹ ਇਕੋ ਇੱਕ ਜੂਨ ਹੈ ਜਦੋਂ ਜੀਵ ਵਾਪਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕਦਾ ਹੈ। ਉਹ ਵੀ ਤਾਂ ਜੇ ਅਕਾਲਪੁਰਖ ਆਪਣੀ ਮੇਹਰ ਕਰਕੇ ਜੀਵ ਅੰਦਰ ਵੱਸ ਰਹੇ ‘ਗੁਰੂ’ ਨਾਲ, ਜੀਵ ਦਾ ਮਿਲਾਪ ਕਰਵਾ ਦੇਵੇ, ਜਿਸ ਤੋਂ ਜੀਵ ਦੀ ਹਉਮੈ ਦਾ ਨਾਸ ਹੋ ਜਾਵੇ ਤੇ ਪ੍ਰਭੂ ਦਾ ਅੰਸ਼ (ਜੀਵ) ਵਾਪਸ ਪ੍ਰਭੂ `ਚ ਸਮਾ ਜਾਵੇ। ਗੁਰਬਾਣੀ `ਚ ਇਸੇ ਨੂੰ ਮੋਖੰਤਰ, ਜੀਵਨਮੁਕਤ ਵੀ ਕਿਹਾ ਹੈ ਭਾਵ ਜੀਵ ਦਾ ਵਖ੍ਰੇਵੇਂ, ਵਿਕਾਰਾਂ ਆਦਿ ਤੋਂ ਮੁਕਤ ਹੋ ਕੇ ਪ੍ਰਭੂ `ਚ ਅਭੇਦ ਹੋ ਜਾਣਾ। ਗੁਰਬਾਣੀ `ਚ ਮਨੁੱਖਾ ਜਨਮ ਦੀ ਇਸੇ ਸਫ਼ਲਤਾ ਲਈ ਲਫ਼ਜ਼, ਸਚਿਆਰਾ, ਰਾਮਦਾਸ, ਵਡਭਾਗੀ, ਗੁਰਮੁਖ, ਜੀਵਨ ਮੁੱਕਤ ਆਦਿ ਵਰਤੇ ਹਨ। ਦਰਅਸਲ ਪ੍ਰਭੂ ਵਲੋਂ ਮਨੁੱਖਾ ਜਨਮ, ਜੀਵਨ ਦੀ ਇਸੇ ਸਫ਼ਲਤਾ ਤੇ ਵਿਕਾਰਾਂ ਤੋਂ ਮੁਕਤੀ ਲਈ ਹੀ ਮਿਲਦਾ ਹੈ। ਬਾਕੀ ਜੂਨਾਂ `ਚ ਅਜਿਹਾ ਸੰਭਵ ਨਹੀਂ। ਜਦਕਿ ਅਸਫ਼ਲ ਜੀਵ, ਪ੍ਰਭੂ ਵਲੋਂ ਫ਼ਿਰ ਤੋ ਜੂਨਾਂ `ਚ ਵਾਪਸ ਧੱਕ ਦਿੱਤਾ ਜਾਂਦਾ ਹੈ, ਗੁਰਬਣੀ `ਚ ਉਸ ਨੂੰ ‘ਅਭਾਗਾ’ ਵੀ ਕਿਹਾ ਹੈ। ਇਸ ਲਈ “ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ” (ਪੰ: ੧੦੧੦)

ਮਰਨੋ ਬਾਅਦ ਮੁੱਕਤੀ ਨਹੀਂ-ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਰਮਤਿ ਅਨੁਸਾਰ ਮੁੱਕਤੀ ਦਾ ਅਰਥ ਉਹ ਨਹੀਂ ਜਿਹੜਾ ਬ੍ਰਾਹਮਣੀ ਪ੍ਰਭਾਵਾਂ ਅਧੀਨ ਹਜ਼ਾਰਾਂ ਸਾਲਾਂ ਤੋਂ ਲੋਕਾਈ ਦੇ ਮਨਾਂ `ਤੇ ਉਕਰਿਆ ਪਿਆ ਹੈ। ਮੁੱਕਤੀ ਉਹ ਨਹੀਂ, ਜਿਸ ਦੀ ਗੱਲ ਮਰਨੋ ਬਾਅਦ ਮਿਲਣ ਵਾਲੀ ਕਿਸੇ ਮੁਕਤੀ ਲਈ ਕੀਤੀ ਜਾਂਦੀ ਹੈ ਤੇ ਜਿਸ ਦੀ ਵਿਆਖਿਆ ਸੁਰਗ-ਨਰਕ, ਰੂਹਾਂ-ਬਦਰੂਹਾਂ, ਭੂਤ ਪ੍ਰੇਤ, ਜਮ ਰਾਜ, ਧਰਮ ਰਾਜ. ਇੰਦਰ ਲੋਕ, ਦੇਵ ਲੋਕ ਆਦਿ ਦੇ ਰੂਪ `ਚ ਗਰੁੜ ਪੁਰਾਨ ਜਾਂ ਵੈਦਿਕ ਮੱਤ `ਚ ਮਿਲਦੀ ਹੈ। ਗੁਰਮਤਿ ਨੇ ਅਜਿਹੇ ਕਿਸੇ ਵੀ ਸ਼ਿਵ ਲੋਕ, ਬਿਸ਼ਨ ਲੋਕ, ਬ੍ਰਹਮ ਪੁਰੀ, ਕਾਲ ਦੇਵਤਾ ਜਾਂ ਚਾਰ ਜੁਗਾਂ ਵਾਲੀ ਹੋਂਦੇ ਤੇ ਅਜਿਹੀ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕੀਤਾ। ਇਥੇ ਮਰਨ ਤੋਂ ਬਾਅਦ ਕਿਸੇ ਮੁੱਕਤੀ ਦੀ ਗੱਲ ਨਹੀਂ। ਇਥੇ ਤਾਂ ਬ੍ਰਾਹਮਣ ਮੱਤ ਰਾਹੀਂ ਪ੍ਰਚਲਤ ਮੁਕਤੀ ਅਤੇ ਉਸ ਨਾਲ ਸਬੰਧਤ ਦੇਵਲੋਕ ਆਦਿ ਬਾਰੇ ਤਾਂ ਇਥੋਂ ਤੀਕ ਫ਼ੁਰਮਾਨ ਹਨ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ” (ਪੰ: ੫੩੪) ਭਾਵ ਜਿਹੜੇ ਗੁਰਮੁਖ ਪਿਆਰੇ ਗੁਰੂ ਚਰਨਾਂ ਨਾਲ ਜੁੜ ਕੇ ਜੀਵਨਮੁਕਤ ਦੀ ਉਚਤੱਮ ਅਵਸਥਾ ਨੂੰ ਪਾ ਲੈਂਦੇ ਹਨ, ਅਜਿਹੇ ਜੀਊੜੇ ਉਸ ਬ੍ਰਾਹਮਣੀ ਭਰਮ `ਚੋਂ ਵੀ ਨਿਕਲ ਜਾਂਦੇ ਹਨ।

“ਸਭ ਮਹਿ ਰਹਿਆ ਸਮਾਇ” - ਪਾਤਸ਼ਾਹ ਨੇ ਜੋ ਮਨੁੱਖਾ ਜਨਮ ਬਖਸ਼ਿਆ ਹੈ, ਗੁਰਮਤਿ ਅਨੁਸਾਰ ਇਸ ਜਨਮ ਦਾ ਮਕਸਦ ਹੀ ‘ਜੀਵਨ ਮੁੱਕਤ’ ਹੋਣਾ ਹੈ। ਅਰੰਭਕ ਸਲੋਕ `ਚ ਵੀ ਪੰਜਵੇਂ ਪਾਤਸ਼ਾਹ ਇਹੀ ਬਖਸ਼ਿਸ਼ ਕਰ ਰਹੇ ਹਨ ਕਿ “ਐ ਇਨਸਾਨ! ਜੇਕਰ ਤੂੰ ਗੁਰੂ ਦੀ ਸਿਖਿਆ ਰਾਹੀਂ ਆਪਣੇ ਜੀਵਨ ਦੀ ਸੰਭਾਲ ਕਰੇਂਗਾ ਤਾਂ ਤੂੰ ਆਵਾਗਉਣ ਦੇ ਚੱਕਰ `ਚੋਂ ਨਿਕਲ ਜਾਵੇਂਗਾ। ਤੈਨੂੰ ਬਾਰ ਬਾਰ ਦੀਆਂ ਜੂਨਾਂ ਦੇ ਚਕਰ `ਚ ਨਹੀਂ ਪੈਣਾ ਪਵੇਗਾ”। ਚੇਤੇ ਰਹੇ! ਗੁਰਬਾਣੀ ਅਨੁਸਾਰ ਲਫ਼ਜ਼ ‘ਗੁਰੂ’ ਲਫ਼ਜ਼ ਕਿਸੇ ਸਰੀਰ ਲਈ ਨਹੀਂ। ‘ਗੁਰੂ’ ਰੱਬੀ ਗਿਆਨ ਹੈ ਜੋ ਅਕਾਲਪੁਰਖ ਦਾ ਹੀ ਨਿਜ ਗੁਣ ਹੈ। ਇਸ ਨੂੰ ਗੁਰਬਾਣੀ `ਚ ਸ਼ਬਦ, ਸ਼ਬਦ ਗੁਰੂ, ਗੁਰੂ ਕਾ ਸ਼ਬਦ ਤੇ ਸਤਿਗੁਰੂ ਆਦਿ ਵੀ ਕਿਹਾ ਹੈ। ‘ਸਤਿਗੁਰੂ’ ਦੇ ਅਰਥ ਹਨ, ਉਹ ਹਸਤੀ ਜੋ ‘ਸਦਾ ਥਿਰ’ ਹੈ, ਜਨਮ ਮਰਨ `ਚ ਨਹੀਂ ਆਉਂਦੀ। ਫ਼ੁਰਮਾਣ ਹੈ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯)। ਇਸ ਤੋਂ ਵੱਡੀ ਗੱਲ, “ਸਭ ਮਹਿ ਰਹਿਆ ਸਮਾਇ” ਅਨੁਸਾਰ ‘ਸਤਿਗੁਰੂ’ ਹਰੇਕ ਮਨੁੱਖ ਦੇ ਹਿਰਦੇ ਘਰ `ਚ ਵਸਦਾ ਹੈ। ਇਹ ਵੀ ਗੁਰਬਾਣੀ ਦਾ ਫ਼ੈਸਲਾ ਹੈ ਕਿ ਅਜਿਹੇ ‘ਸਤਿਗੁਰੂ’ ਨੂੰ ਜੀਵਨ ਵਿਚੋਂ ਕਰਤੇ ਦੀ ਬਖ਼ਸ਼ਿਸ਼ ਨਾਲ ਕੇਵਲ ‘ਸਤਿਸੰਗਤ’ ਰਾਹੀਂ ਹੀ ਪ੍ਰਗਟ ਕੀਤਾ ਜਾ ਸਕਦਾ ਹੈ, ਉਂਝ ਨਹੀਂ। ਉਪ੍ਰੰਤ ਗੁਰਬਾਣੀ ਅਨੁਸਾਰ ਹਰੇਕ ਇਕੱਠ ਦਾ ਨਾਮ ‘ਸਤਿਸੰਗਤ ਵੀ ਨਹੀਂ ਬਲਕਿ ਉਹ ਸੰਗਤ ਜਿਸ ਲਈ ਗੁਰਦੇਵ ਫ਼ੁਰਮਾਉਂਦੇ ਹਨ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਭਾਵ ਜਿਸ ਸੰਗਤ `ਚ ਕੇਵਲ ਅਕਾਲਪ੍ਰੁਖ ਦੀਆਂ ਬਾਤਾਂ ਹੀ ਹੁੰਦੀਆਂ ਹੋਣ।

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”, ਉਸੇ ‘ਸ਼ਬਦ ਗੁਰੂ’ ਸਤਿਗੁਰੂ ਦਾ ਹੀ ਅੱਖਰ ਰੂਪ ਪ੍ਰਗਟਾਵਾ ਹਨ ਜਿਸ ਨੇ ਪ੍ਰਭੂ ਨਾਲੋਂ ਮਨੁੱਖ ਦੇ ਵਖ੍ਰੇਵੇਂ ਦਾ ਕਾਰਨ ‘ਹਉਮੈ’ ਦਾ ਨਾਸ ਕਰਕੇ ਮਨੁੱਖ ਨੂੰ ਜੀਊਂਦੇ ਜੀਅ ਕਰਤੇ ਦੇ ਰੰਗ `ਚ ਰੰਗ ਦੇਣਾ ਹੈ। “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ) ਠੀਕ ਉਸੇ ਤਰ੍ਹਾਂ, ਜਿਵੇਂ ਨਦੀਆਂ, ਨਾਲੇ ਸਮੁੰਦਰ `ਚ ਪੈ ਜਾਣ ਤੋਂ ਬਾਅਦ ਸਮੁੰਦਰ ਦਾ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ‘ਜੀਵਨ ਮੁਕਤ’ ਅਵਸਥਾ ਨੂੰ ਪ੍ਰਾਪਤ ਕਰਣ ਵਾਲੇ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ। ਫ਼ੁਰਮਾਨ ਹੈ “ਜੀਵਨ ਮੁਕਤਿ ਗੁਰ ਸਬਦੁ ਕਮਾਏ॥ ਹਰਿ ਸਿਉ ਸਦ ਹੀ ਰਹੈ ਸਮਾਏ॥ ਗੁਰ ਕਿਰਪਾ ਤੇ ਮਿਲੈ ਵਡਿਆਈ, ਹਉਮੈ ਰੋਗੁ ਨ ਤਾਹਾ ਹੇ” ੇ (ਪੰ: ੧੦੫੮)

“ਹਉਮੈ ਬੂਝੈ ਤਾ ਦਰੁ ਸੂਝੈ” -ਗੁਰਬਾਣੀ ਦਾ ਫ਼ੈਸਲਾ ਹੈ, ਜਦ ਤੀਕ ਇਨਸਾਨ “ਹਉਮੈ ਬੂਝੈ ਤਾ ਦਰੁ ਸੂਝੈ” (ਪੰ: ੪੬੬) ਅਨੁਸਾਰ ਆਪਣੀ ਹਉਮੈ ਨੂੰ ਨਹੀਂ ਪਛਾਣਦਾ ਤੇ ਇਸ ਤੋਂ ਛੁਟਕਾਰਾ ਨਹੀਂ ਪਾਉਂਦਾ ਤਦ ਤੀਕ ਆਪਣੇ ਅਸਲੇ ਪ੍ਰਭੂ `ਚ ਇੱਕ ਮਿਕ (ਜੀਵਨ ਮੁਕਤ) ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਇਸ ਹਉਮੈ ਦਾ ਹੀ ਨਤੀਜਾ ਹੈ “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ” (ਪੰ: ੪੬੬) ਭਾਵ ਪ੍ਰਭੂ ਤੋਂ ਵਿਛੜੇ ਰਹਿਣ ਤੇ ਬਾਰ ਬਾਰ ਜੂਨਾ `ਚ ਭਟਕਣ ਦਾ ਮੂਲ ਹੀ ਮਨੁੱਖ ਦੀ ਹਉਮੈ ਹੈ। ਤਾਂ ਫ਼ਿਰ ਇਸ ਹਊਮੈ ਤੋਂ ਛੁਟਕਾਰਾ ਪਾਉਣ ਦਾ ਢੰਗ ਕੀ ਹੈ? ਗੁਰਦੇਵ ਫ਼ੁਰਮਾਉਂਦੇ ਹਨ “ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ” (ਪੰ: ੪੬੬) ਤੇ ਨਤੀਜਾ “ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ” (ਪੰ: ੪੬੬) ਭਾਵ ਸ਼ਬਦ ਦੀ ਕਮਾਈ ਨਾਲ ਜੀਵਨ `ਚੋਂ ਹਉਮੈ ਵਾਲਾ ਰੋਗ ਮੁੱਕ ਜਾਂਦਾ ਹੈ। ਇਸ ਤਰ੍ਹਾਂ ਜਦੋਂ ਇਹ ਹਉਮੈ ਰੋਗ ਹੀ ਮੁੱਕ ਗਿਆ ਤਾਂ ਗੁਰਬਾਣੀ ਅਨੁਸਾਰ ਜੀਵਨ ਦੀ ਇਹੀ ਅਵਸਥਾ ਹੈ ਜਿਸ ਨੂੰ ‘ਜੀਵਨ ਮੁਕਤ’ ਜਾਂ ਮੁਕਤੀ ਕਿਹਾ ਹੈ। ਭਾਵ ਪ੍ਰਭੂ ਬਖ਼ਸ਼ਿਸ਼ ਨਾਲ ਮਨੁੱਖ ਜੇ ਪ੍ਰਭੂ ਦੀ ਰਜ਼ਾ `ਚ ਜੀਊਣਾ ਸਿਖ ਲਏ ਤਾਂ ਉਸ ਨੂੰ ਸਹਿਜੇ ਹੀ ਹਉਮੈ-ਵਿਕਾਰਾਂ-ਅਉਗੁਣਾ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਹੀ ਹੈ ਉਸ ਦਾ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਅਜਿਹਾ ਜੀਵਨ ਜਿਸ `ਚ “ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨੀੑ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ” (ਪੰ: ੪੬੭)

“ਤਿਸੁ ਬਿਨੁ ਘੜੀ ਨਹੀਂ ਜਗਿ ਜੀਵਾ” - ਗੁਰੂ ਨਾਨਕ ਪਾਤਸ਼ਾਹ ਮਨੁੱਖਾ ਜੂਨ ਦੇ “ਜੀਵਨ ਮੁਕਤ” ਵਾਲੇ ਮੂਲ ਮਕਸਦ ਨੂੰ ਇੱਕ ਹੋਰ ਨਿਵੇਕਲੇ ਪੱਖੋਂ ਵੀ ਪ੍ਰਗਟ ਕਰਦੇ ਹਨ। ਫ਼ੁਰਮਾ ਹੈ ਅਸਟਪਦੀ “ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ॥ ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ॥ ੧ ॥ ਪਿਰ ਭਾਵੈ ਪ੍ਰੇਮੁ ਸਖਾਈ॥ ਤਿਸੁ ਬਿਨੁ ਘੜੀ ਨਹੀਂ ਜਗਿ ਜੀਵਾ ਐਸੀ ਪਿਆਸ ਤਿਸਾਈ॥ ੧ ॥ ਰਹਾਉ॥ ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ॥ ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ॥ ੨ ॥ ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ॥ ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ॥ ੩ ॥ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ॥ ੪ ॥ ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦ ਪਠਾਈਂ॥ ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ॥ ੫ ॥ ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈਂ॥ ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ॥ ੬ ॥ ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ॥ ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ॥ ੭ ॥ ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈਂ॥ ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਿਪਤਿ ਬੁਝਾਈ॥ ੮  (ਪੰ: ੧੨੭੩) ਇਸ ਅਸ਼ਟਪਦੀ `ਚ ਗੁਰਦੇਵ:

“ਚਕਵੀ ਦੀ ਚਕੋਰ ਲਈ, ਕਮਲ ਦੇ ਫੁਲ `ਚ ਸੂਰਜ ਦੀ ਕਿਰਣ ਲਈ ਬਿਹਬਲਤਾ, ਚਾਤ੍ਰਿਕ ਦੀ ਸਵਾਂਤੀ ਬੂੰਦ ਲਈ ਤੜਪ, ਮਛਲੀ ਦੀ ਪਾਣੀ ਵਾਲੀ ਸਾਂਝ ਨੂੰ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਪਾਤਸ਼ਾਹ ਏਥੇ ਇਹ ਵੀ ਸਪਸ਼ਟ ਕਰ ਰਹੇ ਹਨ, ਭਾਵੇਂ ਕਿ ਇਹਨਾ ਜੀਵਾਂ ਨੇ ਇਹ ਜੂਨਾਂ ਆਪਣੀ ਮਰਜ਼ੀ ਨਾਲ ਨਹੀਂ ਪਾਈਆਂ। ਇਹ ਤਾਂ ਮਨੁੱਖਾ ਜਨਮ ਨੂੰ ਬਿਰਥਾ ਕਰਣ ਕਰ ਕੇ, “ਸੁਖ ਦੁਖ ਪੁਰਬਿ ਕਮਾਈ” ਅਨੁਸਾਰ ਇਹਨਾ ਨੂੰ ਅਕਾਲਪੁਰਖ ਵਲੋਂ ਹੀ ਪ੍ਰਾਪਤ ਹੋਈਆਂ ਹਨ। ਫ਼ਿਰ ਵੀ ਹਰੇਕ ਜੂਨੀ `ਚ ਜਿਸ ਨੂੰ ਜੋ ਸਾਂਝ ਪ੍ਰਭੂ ਨੇ ਦਿੱਤੀ ਹੈ, ਸਾਰਿਆਂ ਅੰਦਰ ਆਪਣੇ ਪਿਆਰ ਲਈ ਇਕੋ ਜਹੀ ਤੜਪ ਹੈ। ਅੰਤ ਉਸ ਤੜਪ ਦਾ ਦੂਸਰਾ ਛੋਰ ਵੀ ਪ੍ਰਾਪਤੀ ਹੈ, ਹਰੇਕ ਤੜਪ ਦੀ ਸੀਮਾ, ਪ੍ਰਾਪਤੀ ਬਿਨਾ ਨਹੀਂ। ਚਕਵੀ, ਚਕੋਰ ਲਈ; ਕਮਲ ਦਾ ਫੁਲ ਸੂਰਜ ਦੀ ਕਿਰਣ ਲਈ; ਚਾਤ੍ਰਿਕ, ਸਵਾਂਤੀ ਬੂੰਦ ਲਈ ਤੜਪਦੀ ਹੈ ਤੇ ਮਛਲੀ ਪਾਣੀ ਬਿਨਾ ਮਰ ਜਾਂਦੀ ਹੈ। ਇਹੀ ਨਹੀਂ, ਕਰਤੇ ਰਚਨਾ `ਚ ਸਾਰੀਆਂ ਜੂਨੀਆਂ ਇਸੇ ਤਰ੍ਹਾਂ ਪ੍ਰਭੂ ਦੀ ਰਜ਼ਾ `ਚ ਰਹਿ ਕੇ ਹੀ ਜੀਅ ਰਹੀਆਂ ਹਨ। ਇਸੇ ਕਾਰਨ ਜਿਸ ਨੂੰ ਜੋ ਜੂਨੀ ਮਿਲੀ ਹੈ, ਉਹ ਉਸੇ `ਚ ਆਪਣਾ ਜਨਮ ਖੁਸ਼ੀ ਤੇ ਟਿਕਾਅ `ਚ ਬਤੀਤ ਕਰਦੇ ਹਨ। ਲਖਾਂ ਕਰੋੜਾਂ ਜੂਨਾਂ ਵਿਚੋਂ ਕਿਸੇ ਨੂੰ ਵੀ ਆਪਣਾ ਜਨਮ ਬਿਤਾਉਣ `ਚ ਪ੍ਰੇਸ਼ਾਨੀ, ਭਟਕਣਾ, ਮਜਬੂਰੀ ਨਹੀਂ; ਤੇ ਨਾ ਹੀ ਪ੍ਰਭੂ ਨੂੰ ਕਿਸੇ ਪੱਖੋਂ ਉਲਾਮਾ, ਸਿਵਾਏ ਮਨੁੱਖ ਦੇ।

ਇਸ ਤਰ੍ਹਾਂ ਇੱਕ ਮਨੁੱਖ ਹੀ ਹੈ ਜੋ ਆਪਣੀ ਸਾਰੀ ਉਮਰ ਪ੍ਰੇਸ਼ਾਨੀ, ਭਟਕਣਾ, ਤ੍ਰਿਸ਼ਨਾ, ਚਿੰਤਾਵਾਂ ਤੇ ਪ੍ਰਭੂ ਨਾਲ ਉਲਾਹਣਿਆਂ `ਚ ਹੀ ਬਤੀਤ ਕਰਦਾ ਹੈ। ਮਨੁੱਖ ਸਾਰੀ ਉਮਰ ਹੀ ਅਸ਼ਾਂਤ ਰਹਿੰਦਾ ਹੈ ਤੇ ਕਿਤਨੇ ਆਤਮ ਹਤਿਆ ਤੀਕ ਕਰਕੇ ਮਰਦੇ ਹਨ, ਜਦਕਿ ਅਜਿਹਾ ਕਿਸੇ ਹੋਰ ਜੂਨੀ `ਚ ਨਹੀਂ। ਇਸ ਤੋਂ ਗੁਰਦੇਵ, ਮਨੁੱਖ ਨੂੰ ਸਮਝਾਉਂਦੇ ਹਨ, ਐ ਮਨੁੱਖ! “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਪ੍ਰਭੂ ਨੇ ਤੈਨੂੰ ਜੋ ਮਨੁੱਖ ਦਾ ਜਨਮ ਬਖ਼ਸ਼ਿਆ ਹੈ, ਇਸ `ਚ ਤੈਨੂੰ ਵੀ ਟਿਕਾਅ, ਸ਼ਾਂਤੀ ਉਦੋਂ ਹੀ ਮਿਲੇਗੀ, ਜਦੋਂ ਤੂੰ ਵੀ ਆਪਣੇ ਪ੍ਰਿਅਤਮ, ਅਕਾਲਪੁਰਖ ਲਈ, ਆਪਣੇ ਅੰਦਰ ਅਜਿਹਾ ਪਿਆਰ ਤੇ ਤੜਪ ਪੈਦਾ ਕਰੇਂਗਾ। ਇਹੀ ਰਸਤਾ ਹੈ, ਬਾਕੀ ਜੂਨਾਂ ਵਾਂਗ ਤੂੰ ਵੀ ਆਪਣੇ ਜੀਵਨ ਕਾਲ `ਚ ਹੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਅਨੁਸਾਰ ਆਪਣੇ ਪ੍ਰੀਤਮ ਨੂੰ ਪਾ ਲਵੇਂਗਾ, ਪਰ ਉਸ ਤੜਪ ਬਿਨਾ ਨਹੀਂ।

ਤਾਂ ਤੇ ਤੂੰ ਵੀ ਪ੍ਰਭੂ ਨਾਲ ਅਜਿਹਾ ਹੀ ਪਿਆਰ ਕਰ, ਆਪਣੇ ਜੀਵਨ ਅੰਦਰ ਪ੍ਰਭੂ ਲਈ ਅਜਿਹੀ ਬੇਹਬਲਤਾ ਤੇ ਵੈਰਾਗ ਪੈਦਾ ਕਰ; ਜਿਵੇਂ ਦੂਜੀਆਂ ਜੂਨੀਆਂ ਆਪਣੀ ਆਪਣੀ ਜੂਨੀ ਅਨੁਸਾਰ। ਦਰਅਸਲ ਇਹੀ ਹੈ ਤੇਰੇ ਮਨੁੱਖਾ ਜੂਨ (ਜਨਮ) ਦਾ ਮਕਸਦ ਤੇ ਜੀਊਣ ਦਾ ਅਸਲੀ ਢੰਗ ਵੀ। ਇਸ ਤਰ੍ਹਾਂ, ਜੇਕਰ ਤੂੰ ਵੀ ਦੂਜੀਆਂ ਜੂਨੀਆਂ ਵਾਂਗ, ਪ੍ਰਭੂ ਦੀ ਰਜ਼ਾ `ਚ ਜੀਊਣ ਵਾਲਾ ਆਪਣਾ ਸੁਭਾੳੇ ਬਣਾ ਲਵੇਂ ਤਾਂ ਤੇਰੇ ਜੀਵਨ `ਚ ਵੀ ਟਿਕਾਅ ਆ ਜਾਵੇਗਾ। ਤੇਰੇ ਜੀਵਨ `ਚੋਂ ਵੀ ਵਿਕਾਰ, ਅਉਗੁਣ, ਭਟਕਣਾ, ਤ੍ਰਿਸ਼ਨਾ, ਚਿੰਤਾਵਾਂ ਆਦਿ ਉਖਾੜ ਆਪਣੇ ਆਪ ਮੁੱਕ ਜਾਣਗੇ।

ਇਸ ਅਸ਼ਟਪਦੀ `ਚ ਮਨੁੱਖਾ ਜਨਮ ਦੀ ਸਫ਼ਲਤਾ ਨਾਲ ਸਬੰਧਤ ਪਾਤਸ਼ਾਹ ਨੇ ਜੋ ਪੰਕਤੀਆਂ ਬਖਸ਼ੀਆਂ ਹਨ, ਉਹ ਹਨ: “ਪਿਰ ਭਾਵੈ ਪ੍ਰੇਮੁ ਸਖਾਈ॥ ਤਿਸੁ ਬਿਨੁ ਘੜੀ ਨਹੀਂ ਜਗਿ ਜੀਵਾ ਐਸੀ ਪਿਆਸ ਤਿਸਾਈ॥ ੧ ॥ ਰਹਾਉ॥” ਅਤੇ “ਧਨ ਵਾਂਢੀ, ਪਿਰੁ ਦੇਸ ਨਿਵਾਸੀ, ਸਚੇ ਗੁਰ ਪਹਿ ਸਬਦ ਪਠਾਈਂ॥ ਗੁਣ ਸੰਗ੍ਰਹਿ, ਪ੍ਰਭੁ ਰਿਦੈ ਨਿਵਾਸੀ, ਭਗਤਿ ਰਤੀ ਹਰਖਾਈ॥ ੫ ॥ ਪ੍ਰਿਉ ਪ੍ਰਿਉ ਕਰੈ, ਸਭੈ ਹੈ ਜੇਤੀ, ਗੁਰ ਭਾਵੈ ਪ੍ਰਿਉ ਪਾਈਂ॥ ਪ੍ਰਿਉ ਨਾਲੇ, ਸਦ ਹੀ ਸਚਿ ਸੰਗੇ, ਨਦਰੀ ਮੇਲਿ ਮਿਲਾਈ॥ ੬ ॥ ਸਭ ਮਹਿ ਜੀਉ ਜੀਉ ਹੈ ਸੋਈ, ਘਟਿ ਘਟਿ ਰਹਿਆ ਸਮਾਈ॥ ਗੁਰ ਪਰਸਾਦਿ ਘਰ ਹੀ ਪਰਗਾਸਿਆ, ਸਹਜੇ ਸਹਜਿ ਸਮਾਈ॥ ੭ ॥ ਅਪਨਾ ਕਾਜੁ ਸਵਾਰਹੁ ਆਪੇ, ਸੁਖਦਾਤੇ ਗੋਸਾਂਈਂ॥ ਗੁਰ ਪਰਸਾਦਿ ਘਰ ਹੀ ਪਿਰੁ ਪਾਇਆ, ਤਉ ਨਾਨਕ ਤਿਪਤਿ ਬੁਝਾਈ॥ ੮ ॥”।

ਖੂਬੀ ਇਹ! ਜਦੋਂ ਕੋਈ ਸਾਧਾਰਣ ਮਨੁੱਖ ਹੀ ਨਹੀਂ, ਨਾਸਤਿਕ ਵੀ ਆਪਣੇ ਹਾਲਾਤ ਤੋਂ ਪ੍ਰੇਸ਼ਾਨ ਹੁੰਦਾ ਹੈ ਤਾਂ ਉਸ ਨੂੰ ਵੀ ਜੋ ਸ਼ਾਂਤੀ, ਟਿਕਾਅ ਨਦੀਆਂ ਸਮੁੰਦਰਾਂ ਕਿਨਾਰੇ, ਬਾਗਾਂ, ਪਹਾੜਾਂ ਆਦਿ ਕੁਦਰਤ ਦੀ ਗੋਦ `ਚ ਬੈਠ ਕੇ ਮਿਲਦਾ ਹੈ-ਉਹ ਸ਼ਾਂਤੀ ਤੇ ਟਿਕਾਅ ਉਸ ਨੂੰ ਆਪਣੀਆਂ ਹੀ ਮਨਮਤਾਂ, ਹੂੜਮੱਤਾਂ ਕਾਰਨ ਅਸ਼ਾਂਤ ਕੀਤੇ ਵਾਤਾਵਰਣ ਚੋਂ ਨਹੀਂ ਮਿਲ ਸਕਦਾ। ਹੋਰ ਤਾਂ ਹੋਰ, ਪ੍ਰਭੂ ਪਿਆਰੇ ਤਾਂ ਵੱਧ ਤੋਂ ਵੱਧ ਲੋਚਦੇ ਹੀ ਕੁਦਰਤੀ ਨਜ਼ਾਰਿਆਂ ਤੇ ਵਾਤਾਵਰਣ ਨੂੰ ਹਨ।

“ਜੀਵਨ ਮੁਕਤਿ ਸੋ ਆਖੀਐ” - ਗੁਰਬਾਣੀ ਦਾ ਫ਼ੈਸਲਾ ਹੈ, ਬੇਸ਼ਕ ਮਨੁੱਖਾ ਜਨਮ ਦਾ ਮਕਸਦ ਹੀ ‘ਜੀਵਨ ਮੁਕਤ’ ਹੋਣਾ ਹੈ। ਇਸ ਲਈ ਇਕੋ ਹੀ ਤਰੀਕਾ ਹੈ ‘ਹਉਂ’, ‘ਹਉਮੈ’ ਦਾ ਤਿਆਗ ਤੇ ਆਪਣੇ ਆਪ ਦਾ ਗੁਰੂ ਚਰਨਾਂ `ਚ ਸਮਰਪਣ। ਫ਼ੁਰਮਾਨ ਹੈ “ਜੋ ਜੋ ਜੂਨੀ ਆਇਓ, ਤਿਹ ਤਿਹ ਉਰਝਾਇਓ, ਮਾਣਸ ਜਨਮੁ ਸੰਜੋਗਿ ਪਾਇਆ॥ ਤਾਕੀ ਹੈ ਓਟ, ਸਾਧ ਰਾਖਹੁ ਦੇ ਕਰਿ ਹਾਥ, ਕਰਿ ਕਿਰਪਾ ਮੇਲਹੁ ਹਰਿ ਰਾਇਆ (ਪੰ: ੬੮੬)। ਗੁਰਦੇਵ ਫ਼ੁਰਮਾਉਂਦੇ ਹਨ, ਮਨੁੱਖਾ ਜਨਮ ਤਾਂ ਸੰਜੋਗ ਨਾਲ ਹੀ ਪ੍ਰਾਪਤ ਹੁੰਦਾ ਹੈ। ਫ਼ਿਰ ਵੀ ਇਸ ਦੀ ਅਮੁਲਤਾ ਦੀ ਪਛਾਣ ਨਾ ਕਰਕੇ, ਮਨੁੱਖ ਦੁਨੀਆਦਾਰੀ `ਚ ਉਲਝਿਆ ਜੀਵਨ ਮੁਕਾ ਦਿੰਦਾ ਹੈ। ਫ਼ੁਰਮਾਨ ਹੈ “ਬੇਦ ਬਾਣੀ ਜਗੁ ਵਰਤਦਾ, ਤ੍ਰੈ ਗੁਣ ਕਰੇ ਬੀਚਾਰੁ॥ ਬਿਨੁ ਨਾਵੈ ਜਮ ਡੰਡੁ ਸਹੈ, ਮਰਿ ਜਨਮੈ ਵਾਰੋ ਵਾਰ॥ ਸਤਿਗੁਰ ਭੇਟੇ ਮੁਕਤਿ ਹੋਇ, ਪਾਏ ਮੋਖ ਦੁਆਰੁ” (ਪੰ: ੧੨੭੬)। ਧਿਆਣ ਦੇਣ ਦੀ ਗੱਲ ਹੈ ਕਿ ਮਨੁੱਖਾ ਜੀਵਨ ਦੇ ਦੋ ਹੀ ਪੱਖ ਹਨ। ਜਾਂ ਤਾਂ “ਤ੍ਰੈ ਗੁਣ” ਭਾਵ ਮੋਹ ਮਾਇਆ ਦੀ ਪੱਕੜ `ਚ ਰਹਿ ਕੇ “ਜਨਮੈ ਵਾਰੋ ਵਾਰ” ਅਨੁਸਾਰ ਜਨਮ ਵਿਅਰਥ ਕਰ ਦੇਣਾ। ਅਜਿਹੀ ਹਾਲਤ `ਚ ਮੁੜ ਜੂਨਾਂ `ਚ ਭਟਕਣ ਦੇ ਇਲਾਵਾ, ਜੀਵ ਲਈ ਕੋਈ ਬਦਲ ਨਹੀਂ ਰਹਿ ਜਾਂਦਾ। ਦੂਜਾ ਰਾਹ ਹੈ, “ਸਤਿਗੁਰ ਭੇਟੇ ਮੁਕਤਿ ਹੋਇ, ਪਾਏ ਮੋਖ ਦੁਆਰੁ” ਸਤਿਗੁਰ ਦੀ ਸ਼ਰਣ `ਚ ਪੁੱਜ ਕੇ ਹਉਮੈ ਦਾ ਤਿਆਗ ਕਰਣਾ ਤੇ ਇਸ ਤਰ੍ਹਾਂ ‘ਜੀਵਨ ਮੁਕਤ’ ਅਵਸਥਾ ਨੂੰ ਹਾਸਿਲ ਕਰਣਾ। ਕਿਉਂਕਿ “ਜੀਵਨ ਮੁਕਤ” ਅਵਸਥਾ ਦੀ ਪ੍ਰਾਪਤੀ ਬਿਨਾ ਇਸ ਬਾਰ ਬਾਰ ਦੀਆਂ ਜੂਨਾਂ ਵਾਲੇ ਗੇੜ ਤੋਂ ਬਚਣ ਦਾ ਹੋਰ ਕੋਈ ਰਸਤਾ ਨਹੀਂ।

“ਜੀਵਨ ਮੁਕਤਿ ਸੋ ਆਖੀਐ” - ਮਨੁੱਖਾ ਜਨਮ ਦੇ ਇਸੇ ਸੱਚ ਨੂੰ ਗੁਰਬਾਣੀ `ਚ ਇੱਕ ਨਹੀਂ ਅਨੇਕਾਂ ਵਾਰੀ ਬਿਆਣਿਆ ਹੈ ਜਦਕਿ ਸਾਰੇ ਦਾ ਤਤਸਾਰ ਇਕੋ ਹੀ ਮਿਲੇਗਾ। ਇਸ ਦੇ ਲਈ ਗੁਰਬਾਣੀ ਵਿਚੋਂ ਹੋਰ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਜਿਵੇਂ “ਜੀਵਨ ਮੁਕਤਿ ਸੋ ਆਖੀਐ, ਮਰਿ ਜੀਵੈ ਮਰੀਆ॥ ਜਨ ਨਾਨਕ ਸਤਿਗੁਰੁ ਮੇਲਿ ਹਰਿ, ਜਗੁ ਦੁਤਰੁ ਤਰੀਆ” (ਪੰ: ੪੪੯) ਇਸ ਤਰ੍ਹਾਂ “ਮਰਿ ਜੀਵੈ ਮਰੀਆ” ਤੋਂ ਭਾਵ ਹੈ ਆਪਣੇ ਆਪ ਨੂੰ ਮੋਹ-ਮਾਇਆ ਵਲੋਂ ਮਾਰ ਕੇ, ਜੀਵਨ ਨੂੰ ਸੰਸਾਰ ਦੀ ‘ਤ੍ਰੈ ਗੁਣੀ’ ਪੱਕੜ ਚੋਂ ਕਢਣਾ ਤੇ ਆਤਮਿਕ ਪੱਖੋਂ ਜਾਗ੍ਰਿਤ ਹੋਣਾ। ਗੁਰਦੇਵ ਗੱਲ ਨੂੰ ਅਧੂਰਾ ਨਹੀਂ ਛੱਡ ਰਹੇ, ਆਤਮਿਕ ਪੱਖੋਂ ਜਾਗ੍ਰਿਤ ਹੋਣ ਦਾ ਢੰਗ ਵੀ ਦਸ ਰਹੇ ਹਨ ਅਤੇ ਇਸ ਪ੍ਰਾਪਤੀ ਦਾ ਲਾਭ ਵੀ। ਢੰਗ ਹੈ, ਜੇਕਰ ਅਕਾਲਪੁਰਖ ਜੀਵ ਦਾ ਸਤਿਗੁਰੂ ਨਾਲ ਮਿਲਾਪ ਕਰਵਾ ਦੇਵੇ ਭਾਵ ਆਪਣੀ ਮੇਹਰ ਕਰਕੇ ਜੀਵ ਅੰਦਰੋਂ ਹਉਮੈ ਦਾ ਨਾਸ ਕਰ ਦੇਵੇ ਤਾਂ। ਇਸ ਦਾ ਨਤੀਜਾ ਹੋਵੇਗਾ “ਜਗੁ ਦੁਤਰੁ ਤਰੀਆ” ਜੀਉਂਦੇ ਜੀਅ, ਜੀਵਨ ਨੂੰ ਵਿਕਾਰਾਂ ਤੇ ਮੋਹ ਮਾਇਆ ਤੋਂ ਮੁਕਤ ਕਰ ਕੇ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕੇਗਾ। ਪੁਨਾ “ਜੀਵਨ ਮੁਕਤਿ, ਗੁਰ ਸਬਦੁ ਕਮਾਏ॥ ਹਰਿ ਸਿਉ ਸਦ ਹੀ ਰਹੈ ਸਮਾਏ॥ ਗੁਰ ਕਿਰਪਾ ਤੇ ਮਿਲੈ ਵਡਿਆਈ, ਹਉਮੈ ਰੋਗੁ ਨ ਤਾਹਾ ਹੇ(ਪੰ: ੧੦੫੮) ਸਪਸ਼ਟ ਹੈ, ਗੁਰੂ-ਗੁਰਬਾਣੀ ਦੀ ਸਿਖਿਆ `ਤੇ ਚਲੇ ਬਿਨਾ ‘ਜੀਵਨ ਮੁਕਤ’ ਅਵਸਥਾ ਦੀ ਪ੍ਰਾਪਤੀ ਸੰਭਵ ਨਹੀਂ। ਸਤਿਗੁਰੂ ਬਖਸ਼ਿਸ਼ ਕਰਕੇ ਜੀਵ ਅੰਦਰੋ ਹਉਮੈ ਰੋਗ ਦਾ ਨਾਸ ਕਰਦਾ ਹੈ ਜਿਸ ਤੋਂ ਜੀਵ ਨੂੰ ਜੀਵਨ ਦੀ ਉੱਚਤਮ ਅਵਸਥਾ, ਜੀਉਂਦੇ ਜੀਅ ਮੋਹ ਮਾਇਆ ਵਲੋਂ ਮੁਕਤੀ ਭਾਵ ‘ਜੀਵਨ ਮੁਕਤ’ ਵਾਲੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ।

ਮਨੁੱਖਾ ਜਨਮ ਦੇ ਦੋ ਵਿਰੋਧੀ ਪੱਖ- ਹਰੇਕ ਸੰਸਾਰਕ ਚਲਣ ਦੇ ਦੋ ਵਿਰੋਧੀ ਪੱਖ ਹੁੰਦੇ ਹਨ। ਜਿਵੇਂ ਦਿਨ ਦਾ ਰਾਤ, ਸੱਚ ਦਾ ਝੂਠ, ਕਾਲੇ ਦਾ ਸਫ਼ੈਦ, ਤਾਜ਼ੇ ਦਾ ਬਾਸੀ, ਮਿੱਠੇ ਦਾ ਕੜਵਾ, ਚਟਪਟੇ ਦਾ ਫਿੱਕਾ, ਠੰਡੇ ਦਾ ਗਰਮ, ਨਰਮ ਦਾ ਸਖ਼ਤ ਆਦਿ। ਇਸ ਤਰ੍ਹਾਂ ਜੇਕਰ ਅਸੀਂ ਗੁਰਬਾਣੀ ਅਨੁਸਾਰ ਮੁਕਤੀ ਜਾਂ ‘ਜੀਵਨ ਮੁਕਤ’ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਵੀ ਗੁਰਬਾਣੀ `ਚ ਦੂਜਾ ਪੱਖ ਹੈ ‘ਬਿਰਥਾ ਜਨਮ’ ਜਿਵੇਂ “ਭਾਈ ਰੇ ਭਗਤਿ ਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ” (ਪੰ: ੩੨) ਬ੍ਰਿਥਾ ਭਾਵ ਵਿਅਰਥ ਗਵਾਉਣਾ, ਜ਼ਾਇਆ ਕਰਣਾ। ਬਿਰਥਾ ਜਾਂ ਵਿਅਰਥ ਗਵਾਉਣਾ, ਆਪਣੇ ਆਪ `ਚ ਸਪਸ਼ਟ ਕਰਦਾ ਹੈ, ਉਹ ਵਿਸ਼ਾ ਜਿਸ ਦਾ ਲਾਭ ਲੈਣਾ ਸੀ, ਪਰ ਲਾਭ ਲਿਆ ਨਹੀਂ। ਫ਼ੁਰਮਾਨ ਹੈ, “ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” (ਪੰ: ੧੨) ਹੋਰ “ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ” (ਪੰ: ੮੮) ਜਾਂ “ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ” (ਪੰ: ੨੧੯) ਇਤਿਆਦਕ ਅਨੇਕਾਂ ਪ੍ਰਮਾਣ।

“ਜਿ ਵਿਚਹੁ ਆਪੁ ਗਵਾਇ” -ਗੁਰਬਾਣੀ `ਚ ਬੇਅੰਤ ਵਾਰੀ ਸਪਸ਼ਟ ਕੀਤਾ ਹੈ ਕਿ ‘ਜੀਵਨ ਮੁਕਤ’ ਜੀਵਨ ਦੀ ਉਹ ਅਵਸਥਾ ਹੈ, ਜਿੱਥੇ ਮਨੁੱਖ ਜਿਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤੇ ਮਰਨੋਬਾਅਦ ਜਨਮ-ਮਰਨ `ਚ ਨਹੀਂ ਆਉਂਦਾ। ਜੀਵਨ ਦੀ ਇਸੇ ਅਵਸਥਾ ਨੂੰ ਬਾਣੀ `ਚ ‘ਸਫ਼ਲ ਜੀਵਨ’, ‘ਸਚਿਆਰਾ’, ‘ਗੁਰਮੁਖ’, ‘ਵਡਭਾਗੀ’ ਆਦਿ ਵੀ ਕਿਹਾ ਹੈ? ਗੁਰਬਾਣੀ `ਚ ਅਜਿਹੇ ਸਬੂਤ ਮੌਜੂਦ ਹਨ ਕਿ ਇਸ ਉੱਤਮ ਅਵਸਥਾ `ਚ ਪੁੱਜ ਚੁੱਕੇ ਮਨੁੱਖ ਨੂੰ, ਆਪਣੇ ਜੀਵਨ ਦੀ ਸਫ਼ਲਤਾ ਦਾ ‘ਜੀਉਂਦੇ ਜੀਅ’ ਅਹਿਸਾਸ ਵੀ ਹੋ ਜਾਂਦਾ ਹੈ। ਅਜਿਹੀ ਅਵਸਥਾ ਜਦੌਂ ਸਫ਼ਲ ਜੀਵਨ, ਵਡਭਾਗੀ ਮਨੁੱਖ ਆਪ ਹੀ ਯਕੀਨ ਨਾਲ ਕਹਿ ਉਠਦਾ ਹੈ “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ, ਨਿਹਚਲ ਰਾਜੁ ਕਮਾਉ” (ਪੰ: ੬੭੮) ਅਨੁਸਾਰ ਹੁਣ ਮੈ ਉਸ ਉੱਤਮ ਪਦ ਨੂੰ ਪਾ ਲਿਆ ਹੈ, ਜਿਸ ਦੇ ਲਈ ਅਕਾਲਪੁਰਖ ਨੇ ਮੈਨੂੰ ਇਹ ਜਨਮ ਬਖਸ਼ਿਆ ਸੀ। ਮਿਸਾਲ ਵਜੋਂ ਧੰਨਾ ਜੀ ਕਹਿੰਦੇ ਹਨ “ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭) ਇਸੇ ਤਰ੍ਹਾਂ ਕਬੀਰ ਸਾਹਿਬ ਵੀ “ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ” (ਪੰ: ੯੬੯) ਜਾਂ “ਬਹੁਰਿ ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ” (ਪੰ: ੧੧੦੩) ਆਦਿ। ਤਾਂ ਤੇ “ਇਹ ਸੰਸਾਰ ਤੇ ਤਬ ਹੀ ਛੂਟਉ, ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ, ਤਿਹ ਤਜਿ ਦਰਸਨੁ ਪਾਵਉ” (ਪੰ: ੬੯੩)।

ਬਿਰਥਾ ਜਨਮ ਦਾ ਅਗਲਾ ਪੜਾਅ- ਜਿਵੇਂ ਸ਼ਫ਼ਲ ਜੀਵਨ ਲਈ, ਸਰੀਰ ਤਿਆਗਣ ਬਾਅਦ ਅਗਲਾ ਪੜਾਅ ਹੈ ਕਿ ਮਨੁੱਖ ਪ੍ਰਭੂ `ਚ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ `ਚ ਨਹੀਂ ਆਉਂਦੇ। ਉਸੇ ਤਰ੍ਹਾਂ ਗੁਰਬਾਣੀ `ਚ ਸਪਸ਼ਟ ਵਰਨਣ ਹੈ ਕਿ ਜਿਹੜੇ ਜਨਮ ਬਿਰਥਾ ਗੁਆ ਜਾਂਦੇ ਹਨ। ਇਸ ਅਮੁਲੇ ਜਨਮ ਨੂੰ ਬੇਮਕਸਦ ਹੀ ਖਤਮ ਕਰ ਦੇਂਦੇ ਹਨ ਤਾਂ ਸਰੀਰ ਤਿਆਗਣ ਬਾਅਦ ਉਹਨਾਂ ਦਾ ਅਗਲਾ ਪੜਾਅ ਹੁੰਦਾ ਹੈ “ਭਾਗਹੀਨ ਸਤਿਗੁਰੁ ਨਹੀਂ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” (ਪੰ: ੯੫) ਇਸ ਤਰ੍ਹਾਂ ਗੁਰਬਾਣੀ ਦਾ ਫ਼ੈਸਲਾ ਹੈ, ਬਿਰਥਾ ਜਨਮ ਗੁਆਉਣ ਵਾਲੇ ਫ਼ਿਰ ਤੋਂ ਜੂਨਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ ਅਤੇ ਭਿੰਨ ਭਿੰਨ ਗਰਭ ਭੋਗਦੇ ਹਨ।

ਅਗਲਾ ਸੁਆਲ ਹੈ ਜਿਵੇਂ ਗੁਰਬਾਣੀ `ਚ ‘ਜੀਵਨ ਮੁਕਤ’ ਦੀ ਸਪਸ਼ਟ ਵਿਆਖਿਆ ਹੈ, ਇਸੇ ਤਰ੍ਹਾਂ ਜਨਮ ਬਿਰਥਾ ਜਾਣ ਦੇ ਕੀ ਕਾਰਨ ਤੇ ਲਛਣ ਦਸੇ ਹਨ? ਫ਼ੁਰਮਾਨ ਹੈ, “ਪੰਡਿਤੁ ਪੜਿ ਪੜਿ ਉਚਾ ਕੂਕਦਾ, ਮਾਇਆ ਮੋਹਿ ਪਿਆਰੁ॥ ਅੰਤਰਿ ਬ੍ਰਹਮੁ ਨ ਚੀਨਈ, ਮਨਿ ਮੂਰਖੁ ਗਾਵਾਰੁ॥ ਦੂਜੈ ਭਾਇ ਜਗਤੁ ਪਰਬੋਧਦਾ, ਨਾ ਬੂਝੈ ਬੀਚਾਰੁ॥ ਬਿਰਥਾ ਜਨਮੁ ਗਵਾਇਆ, ਮਰਿ ਜੰਮੈ ਵਾਰੋ ਵਾਰ” (ਪੰ: ੮੬) ਹੋਰ “ਸਬਦੁ ਨ ਜਾਣਹਿ ਸੇ ਅੰਨੇ ਬੋਲੇ, ਸੇ ਕਿਤੁ ਆਏ ਸੰਸਾਰਾ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ, ਜੰਮਹਿ ਵਾਰੋ ਵਾਰਾ” (ਪੰ: ੬੦੧) ਜਾਂ “ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ” (ਪੰ: ੨੨੮) ਇਸੇ ਤਰ੍ਹਾਂ “ਤ੍ਰੈ ਗੁਣ ਮਾਇਆ ਭਰਮਿ ਭੁਲਾਇਆ, ਹਉਮੈ ਬੰਧਨ ਕਮਾਏ॥ ਜੰਮਣੁ ਮਰਣੁ ਸਿਰ ਊਪਰਿ ਊਭਉ, ਗਰਭ ਜੋਨਿ ਦੁਖੁ ਪਾਏ” (ਪੰ: ੬੦੪)। ਇਸੇ ਤਰ੍ਹਾਂ ਹੋਰ “ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ” (ਪੰ: ੧੨੪੩)

ਜੀਵਨ ਮੁਕਤਿ (ਸਫ਼ਲ ਜੀਵਨ) ਦਾ ਆਧਾਰ ਤੇ ਪਹਿਚਾਣ-ਕੇਵਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ: {ੳ} “ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ” (ਪੰ: ੧੨੫੯) {ਅ} “ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ” (ਪੰ: ੧੦੧੦) {ੲ} “ਸੇ ਮੁਕਤੁ ਸੇ ਮੁਕਤੁ ਭਏ ਜਿਨੑ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ” (ਪੰ: ੩੫੮) {ਸ} “ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ॥ ਮੇਰੇ ਠਾਕੁਰੁ ਕੇ ਜਨ ਅਲਿਪਤ ਹੈ ਮੁਕਤੇ, ਜਿਉ ਮੁਰਗਾਈ ਪੰਕੁ ਨ ਭੀਜੈ” ੈ (ਪੰ: ੧੩੨੪) {ਹ} “ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ ੧੪ ॥ ਹਰਖੁ ਸੋਗੁ ਜਾ ਕੈ ਨਹੀਂ ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ ੧੫ ॥” (ਪੰ: ੧੪੨੭) {ਕ} “ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ” (ਪੰ: ੧੪੨੭) {ਖ} “ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ॥ ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ” (ਪੰ: ੧੦੦੯) {ਗ} “ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ” (ਪੰ: ੧੩੨੪) {ਘ} “ਸਾਚੈ ਨਾਮਿ ਸੁਖੁ ਹੋਈ, ਮਰੈ ਨ ਕੋਈ, ਗਰਭਿ ਨ ਜੂਨੀ ਵਾਸਾ॥ ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ” (ਪੰ: ੭੬੯) “ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ॥ ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ” (ਪੰ: ੧੨੭੬)

ਬਿਰਥਾ ਜਨਮ (ਅਸਫ਼ਲ ਜੀਵਨ) ਕਾਰਨ ਤੇ ਨਤੀਜੇ-ਕੇਵਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ: {ੳ} “ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥ ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ” (ਪੰ: ੭੦੫) {ਅ} “ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ” (ਪੰ: ੧੨੪੩) {ੲ} “ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ” (ਪੰ: ੪੪੧) {ਸ} “ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ” (ਪੰ: ੨੨੮) “ਏਤੁ ਮੋਹਿ ਫਿਰਿ ਜੂਨੀ ਪਾਹਿ॥ ਮੋਹੇ ਲਾਗਾ ਜਮ ਪੁਰਿ ਜਾਹਿ” (ਪੰ: ੩੫੫) {ਹ} “ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ” (ਪੰ: ੪੩੪) {ਖ} ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ॥ ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ॥ ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ॥ ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ (ਪੰ: ੫੧੨) {ਗ} ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ (ਪੰ: ੫੨੫) {ਘ} ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥ ਨਾਨਕ ਵਿਣੁ ਨਾਵੈ ਨਕੀਂ ਵਢੀਂ ਫਿਰਹਿ ਸੋਭਾ ਮੂਲਿ ਨ ਪਾਹਿ (੫੯੦)

ਸਤਿਗੁਰ ਮਿਲਿਐ ਹਉਮੈ ਗਈ - ਹੁਣ ਇਸੇ ਲੜੀ `ਚ ਕੁੱਝ ਅਜਿਹੇ ਗੁਰਬਾਣੀ ਪ੍ਰਮਾਣ ਹਨ ਜੋ ਮਨੁੱਖਾ ਜਨਮ ਦੇ ਮੁਕਤੀ ਭਾਵ ਸਫ਼ਲ ਅਤੇ ਅਸਫ਼ਲ ਦੋਨਾਂ ਪੱਖਾਂ ਨੂੰ ਨਾਲੋ ਨਾਲ

ਸਪਸ਼ਟ ਕਰ ਰਹੇ ਹਨ (ੳ) ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ॥ ੩ ਨਾਨਕ ਨਦਰਿ ਕਰੇ ਸੋ ਬੂਝੈ, ਸੋ ਜਨੁ ਨਾਮੁ ਧਿਆਏ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ (ਪੰ: ੭੩੨) (ਅ) ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ॥ ਬਿਨ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ॥ ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ (ਪੰ: ੩੧੩) (ੲ) ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ॥ ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ॥ ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ॥ ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ (ਪੰ: ੫੯੧) (ਸ) ਸਲੋਕੁ॥ ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ॥  ॥ ਮਃ ੩॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾੑ ਹੋਇ ਸੁ ਜਾਇ॥ ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥ ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ (ਪੰ: ੫੦੯)

“ਤੇ ਵਿਰਲੇ ਸੰਸਾਰਿ” - ਸ਼ੱਕ ਨਹੀਂ, ਕਿ ਗੁਰਬਾਣੀ ਸਾਰੇ ਸੰਸਾਰ ਲਈ ਜੀਵਨ ਜਾਚ ਤੇ ਸਾਰੇ ਸੰਸਾਰ ਦਾ ਇਕੋ ਇੱਕ ਗੁਰੂ ਹੈ। ਗੁਰਬਾਣੀ ਸੰਸਾਰ ਭਰ ਦੇ ਲੋਕਾਂ ਲਈ `ਚਾਨਣ ਮੁਨਾਰਾ’ ਹੈ ਫ਼ਿਰ ਵੀ ਇਸ ਦਾ ਲਾਭ ਉਹੀ ਲਵੇਗਾ ਜੋ ਗੁਰਬਾਣੀ ਦੇ ਚਾਨਣ ਦਾ ਆਪਣੇ ਅਗਿਆਨਤਾ ਭਰੇ ਜੀਵਨ `ਚ ਉਜਾਲਾ ਕਰੇਗਾ। ਫ਼ਿਰ ਇਹ ਵੀ ਗੁਰਬਾਣੀ ਦਾ ਫ਼ੈਸਲਾ ਹੈ “ਸਤਿਗੁਰੁ ਸੇਵਨਿ ਆਪਣਾ, ਤੇ ਵਿਰਲੇ ਸੰਸਾਰਿ॥ ਹਉਮੈ ਮਮਤਾ ਮਾਰਿ ਕੈ, ਹਰਿ ਰਾਖਿਆ ਉਰ ਧਾਰਿ” (ਪੰ: ੨੬) ਭਾਵ ਮਨੁੱਖਾ ਜਨਮ ਲੈ ਕੇ ਇਸ ਭਵ ਸਾਗਰ ਤੋਂ ਪਾਰ ਹੋਣ ਵਾਲੇ ਵਿਰਲੇ ਹੀ ਹੁੰਦੇ ਜਦਕਿ ਆਪਣਾ ਜਨਮ ਬਿਰਥਾ ਕਰਕੇ ਮੁੜ ਜੂਨਾਂ ਦੇ ਧੱਕੇ ਖਾਨ ਵਾਲੇ ਤੇ ਬਾਰ ਬਾਰ ਗਰਭ ਦੀ ਅੱਗ `ਚ ਸੜਣ ਵਾਲੇ “ਕੂੜੁ ਮਿਠਾ, ਕੂੜੁ ਮਾਖਿਉ, ਕੂੜੁ ਡੋਬੇ ਪੂਰੁ” (ਪੰ: ੪੬੮) ਅਨੁਸਾਰ ਪੂਰਾਂ ਦੇ ਪੂਰ ਹੁੰਦੇ ਹਨ।

“ਜੀਵਨ ਮੁਕਤ”, ਬਿਰਥਾ ਜਨਮ ਅਤੇ ਬ੍ਰਾਹਮਣੀ ਕਰਮ ਕਾਂਡ- ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਮਤਿ ਅਨੁਸਾਰ ਮੁਕਤੀ ਅਥਵਾ ‘ਜੀਵਨ ਮੁਕਤ’ ਦਾ ਸਬੰਧ ਜੀਊਂਦੇ ਜੀਅ, ਇਸੇ ਸਰੀਰ ਨਾਲ ਹੈ। ਇਸੇ ਤਰ੍ਹਾਂ ਅਸਫ਼ਲ ਜਾਂ “ਬਿਰਥਾ ਜਨਮੁ ਗਵਾਇਆ” ਦਾ ਅਰਥ ਵੀ “ਜੰਮਹਿ ਵਾਰੋ ਵਾਰਾ” ਅਥਵਾ “ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” ਹੀ ਹੈ। ਇਸ ਤਰ੍ਹਾਂ ਸਪਸ਼ਟ ਹੋਇਆ ਕਿ ਗੁਰਮਤਿ ਅਨੁਸਾਰ ਸਰੀਰ ਬਿਨਸਨ ਤੋਂ ਬਾਅਦ ਇਥੇ ਕਿਸੇ ਵੀ ਬ੍ਰਾਹਮਣੀ ਵਿਸ਼ਵਾਸਾਂ ਅਧੀਨ ਮੁਕਤੀ, ਨਰਕ ਸੁਰਗ ਜਾਂ ਸੰਪੂਰਣ ਗਰੁੜ ਪੁਰਾਣ ਦਾ ਲੇਸ਼ ਮਾਤ੍ਰ ਵੀ ਦਖ਼ਲ ਨਹੀਂ। ਬਲਕਿ ਗੁਰਮਤਿ ਉਹਨਾਂ ਦੀ ਹੋਂਦ `ਚ ਵੀ ਵਿਸ਼ਵਾਸ ਨਹੀਂ ਰਖਦੀ। #175s09.02s09#

ਇਹ ਪੇਪਰ ਮਿਤੀ 13.9.09 ਦਿਨ ਐਤਵਾਰ ਗੁਰਦੁਆਰਾ ਅਰੁਣ ਵਿਹਾਰ ਸੈਕਟਰ ੩੬ ਨੋਇਡਾ (ਯੂ: ਪੀ) ਵਿਖੇ ਸੈਮੀਨਾਰ ਲਈ ਲਿਖਿਆ ਤੇ ਖੁਦ ਲੇਖਕ ਰਾਹੀਂ ਪੜਿਆ ਵੀ ਗਿਆ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ।

Including this Self Learning Gurmat Lesson No 175

ਗੁਰਮਤਿ ਅਨੁਸਾਰ ਮੁੱਕਤੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases @ 400/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26487315 Cell

web site- www.gurbaniguru.org
.